Sunday 1 March 2015

ਪ੍ਰਦੂਸ਼ਤ ਪਾਣੀ ਦੀ ਗੰਭੀਰ ਸਮੱਸਿਆ

ਰਘਬੀਰ ਸਿੰਘ 

ਪਾਣੀ, ਕੁਦਰਤੀ ਬਨਸਪਤੀ, ਪਸ਼ੂ-ਪੰਛੀ ਅਤੇ ਮਨੁੱਖੀ ਜੀਵਨ ਦਾ ਮੂਲ ਅਧਾਰ ਹੈ ਅਤੇ ਉਸਦੀ ਜੀਵਨ ਰੇਖਾ ਹੈ। ਪਰ ਮਨੁੱਖੀ ਜੀਵਨ ਦੇ ਵਿਕਾਸ ਦੇ ਸਰਮਾਏਦਾਰੀ ਦੌਰ ਵਿਚ ਇਸਦੀ ਸਵੱਛਤਾ ਅਤੇ ਲੋੜੀਂਦੀ ਮਿਕਦਾਰ ਲਗਾਤਾਰ ਘਟਦੀ ਜਾ ਰਹੀ ਹੈ। ਪਾਣੀ ਦੇ ਸੋਮਿਆਂ, ਜਲਗਾਹਾਂ ਅਤੇ ਵਰਖਾ ਦੇ ਪਾਣੀ ਦੀ ਸੰਭਾਲ ਦੀ ਘਾਟ ਕਰਕੇ ਮਨੁੱਖੀ ਲੋੜਾਂ ਅਨੁਸਾਰ ਪਾਣੀ ਦੀ ਮਾਤਰਾ ਉਪਲੱਬਧ ਨਹੀਂ ਹੋ ਰਹੀ। ਹਰ ਖੇਤਰ ਵਿਚ ਪਾਣੀ ਦੀ ਘਾਟ ਪੂਰੀ ਤਰ੍ਹਾਂ ਰੜਕਣ ਲੱਗ ਪਈ ਹੈ ਅਤੇ ਅਨੇਕਾਂ ਪ੍ਰਕਾਰ ਦੇ ਵਿਵਾਦਾਂ ਅਤੇ ਝਗੜਿਆਂ ਨੂੰ ਜਨਮ ਦੇ ਰਹੀ ਹੈ। ਪਰ ਜੋ ਪਾਣੀ ਪ੍ਰਾਪਤ ਹੈ ਉਸਦੀ ਸਵੱਛਤਾ ਨੂੰ ਸਰਮਾਏਦਾਰੀ ਢਾਂਚੇ ਦਾ ਬੇਲਗਾਮ ਅਤੇ ਇਕ ਪਾਸੜ ਵਿਕਾਸ ਬੁਰੀ ਤਰ੍ਹਾਂ ਤਬਾਹ ਕਰ ਰਿਹਾ ਹੈ। ਇਹ ਵਿਕਾਸ ਸਾਡਾ, ਵਿਸ਼ੇਸ਼ ਕਰਕੇ ਵਿਕਾਸਸ਼ੀਲ ਅਤੇ ਅੱਤ ਗਰੀਬ ਦੇਸ਼ਾਂ ਵਿਚ ਵਾਤਾਵਰਨ ਨਾਲ ਬਹੁਤ ਹੀ ਸੌੜੇ ਅਤੇ ਲਾਲਚੀ ਢੰਗ ਨਾਲ ਛੇੜ ਛਾੜ ਕਰਦਾ ਹੈ ਜਿਸ ਨਾਲ ਕੁਦਰਤੀ ਆਫਤਾਂ ਵੀ ਆਉਂਦੀਆਂ ਹਨ ਅਤੇ ਮਨੁੱਖੀ ਜੀਵਨ ਦੇ ਮੂਲ ਆਧਾਰਾਂ, ਪਾਣੀ ਅਤੇ ਹਵਾ ਦੇ ਬੁਰੀ ਤਰ੍ਹਾਂ ਪ੍ਰਦੂਸ਼ਤ ਹੋ ਜਾਣ ਕਰਕੇ ਲੋਕਾਂ ਦੇ ਜੀਵਨ ਲਈ ਗੰਭੀਰ ਖਤਰੇ ਪੈਦਾ ਹੁੰਦੇ ਹਨ। 
ਭਾਵੇਂ ਪਾਣੀ ਦੀ ਘਟ ਮਿਕਦਾਰ ਅਤੇ ਮਿਲਦੀ ਮਿਕਦਾਰ ਦਾ ਬੁਰੀ ਤਰ੍ਹਾਂ ਪ੍ਰਦੂਸ਼ਤ ਹੋਣਾ ਇਕੋ ਹੀ ਸਮੱਸਿਆ ਦੇ ਦੋ ਪਹਿਲੂ ਹਨ ਅਤੇ ਇਹਨਾਂ ਦੇ ਹੱਲ, ਦੋਵਾਂ ਬਾਰੇ ਹੀ ਯੋਜਨਾਬੱਧ ਲਗਾਤਾਰ ਉਪਰਾਲੇ ਕਰਨੇ ਜ਼ਰੂਰੀ ਹਨ। ਇਹਨਾਂ ਵਿਚੋਂ ਕਿਸੇ ਇਕ ਵਿਚ ਆਇਆ ਵਿਗਾੜ ਦੂਜੇ 'ਤੇ ਬੁਰਾ ਪ੍ਰਭਾਵ ਪਾਉਂਦਾ ਹੈ ਅਤੇ ਦੂਜੇ ਵਿਚ ਆਇਆ ਸੁਧਾਰ ਪਹਿਲੇ ਅੰਦਰ ਹਾਂ ਪੱਖੀ ਸੁਧਾਰ ਲੈ ਆਉਂਦਾ ਹੈ। ਪਰ ਇਥੇ ਅਸੀਂ ਸਿਰਫ ਪ੍ਰਦੂਸ਼ਤ ਪਾਣੀ ਦੀ ਸਮੱਸਿਆ ਬਾਰੇ ਹੀ ਵਿਚਾਰ ਕਰਾਂਗੇ। ਸਾਡੀ ਸਮਝਦਾਰੀ ਹੈ ਕਿ ਭਾਰਤ ਵਿਚ ਪ੍ਰਦੂਸ਼ਤ ਪਾਣੀ ਦੀ ਸਮੱਸਿਆ ਭਾਰਤ ਦੇ ਸਰਮਾਏਦਾਰੀ ਵਿਕਾਸ ਦੇ ਲੁਟੇਰੇ ਪੜਾਅ ਦੀੇ ਦੇਣ ਹੈ। ਇਹ ਪੜਾਅ ਆਪਣੇ ਅੱਤ ਦੇ ਲਾਲਚੀ ਸੁਭਾਅ ਕਰਕੇ ਪਾਣੀ ਵਰਗੇ ਅੱਤ ਦੇ ਕੀਮਤੀ ਵਸੀਲਿਆਂ ਦੀ ਅੰਨ੍ਹੀ ਵਰਤੋਂ ਕਰਦਾ ਹੈ ਅਤੇ ਵਰਤੇ ਹੋਏ ਪਾਣੀ, ਜੋ ਉਦਯੋਗਾਂ ਦੇ ਜ਼ਹਿਰੀਲੇ ਤੱਤਾਂ ਕਰਕੇ ਬੁਰੀ ਤਰ੍ਹਾਂ ਪ੍ਰਦੂਸ਼ਤ ਹੋ ਜਾਂਦਾ ਹੈ, ਬੇਰੋਕ ਟੋਕ ਸਾਡੇ ਨਦੀ ਨਾਲਿਆਂ, ਜਲ ਨਿਕਾਸੀ ਡਰੇਨਾਂ, ਜਲਗਾਹਾਂ ਅਤੇ ਕਈ ਵਾਰ ਡੂੰਘੇ ਬੋਰ ਕਰਕੇ ਅਪਣੇ ਉਦਯੋਗਾਂ ਅੰਦਰ ਹੀ ਸਿੱਧਾ ਧਰਤੀ ਵਿਚ ਸੁੱਟ ਦਿੰਦਾ ਹੈ। ਇਹ ਪ੍ਰਬੰਧ ਆਪਣੀ ਉਦਯੋਗਕ ਰਹਿੰਦ ਖੂੰਹਦ ਸਮੇਤ ਮੈਡੀਕਲ ਰਹਿੰਦ ਖੂੰਹਦ ਨੂੰ ਪਾਣੀ ਦੇ ਸੋਮਿਆਂ ਵਿਚ ਹੀ ਜਲਪ੍ਰਵਾਹ ਕਰ ਦਿੰਦਾ ਹੈ। ਇਸ ਨਾਲ ਸਾਡੇ ਨਦੀ ਨਾਲਿਆਂ ਦਾ ਸਿਰਫ ਉਪਰਲਾ ਪਾਣੀ ਹੀ ਜ਼ਹਿਰੀਲਾ ਨਹੀਂ ਬਣਦਾ ਬਲਕਿ ਸਹਿਜੇ ਸਹਿਜੇ ਧਰਤੀ ਹੇਠਲਾ ਪਾਣੀ ਵੀ ਬਹੁਤ ਖਤਰਨਾਕ ਹੋ ਜਾਂਦਾ ਹੈ। ਇਹ ਪਾਣੀ ਸਿਰਫ ਮਨੁੱਖੀ ਵਰਤੋਂ ਲਈ ਹੀ ਅਯੋਗ ਨਹੀਂ ਹੁੰਦਾ ਸਗੋਂ ਮਨੁੱਖ ਦੀਆਂ ਖੁਰਾਕੀ ਵਸਤਾਂ ਅਨਾਜ, ਫਲ, ਸਬਜੀਆਂ ਵੀ ਜ਼ਹਿਰੀ ਬਣਾ ਦਿੰਦਾ ਹੈ ਅਤੇ ਅਨੇਕਾਂ ਰੁੱਖਾਂ ਅਤੇ ਕੁਦਰਤੀ ਬਨਸਪਤੀ ਨੂੰ ਵੀ ਖਤਮ ਕਰ ਦਿੰਦਾ ਹੈ। ਪੰਜਾਬ ਵਿਚ ਟਾਹਲੀ ਅਤੇ ਕਿੱਕਰ ਵਰਗੇ ਅਣਮੁੱਲੇ ਰੁੱਖ ਇਸ ਪ੍ਰਦੂਸ਼ਤ ਪਾਣੀ ਦੀ ਭੇਟ ਚੜ੍ਹ ਚੁੱਕੇ ਹਨ। ਸਾਡੇ ਦਰਿਆ, ਵਿਸ਼ੇਸ਼ ਕਰਕੇ ਪੰਜਾਬ ਵਿਚ ਸਤਲੁਜ, ਘੱਗਰ ਅਤੇ ਪਵਿੱਤਰ ਮੰਨੇ ਜਾਣ ਵਾਲੀ ਗੰਗਾ ਅਤੇ ਯਮੁਨਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਹੋ ਚੁੱਕੇ ਹਨ। ਲੁਧਿਆਣੇ ਦਾ ਬੁੱਢਾ ਨਾਲਾ ਅਤੇ ਜਲੰਧਰ ਕਪੂਰਥਲੇ ਦੀ ਕਾਲੀ ਵੇਈਂ ਦਾ ਪਾਣੀ ਲੋਕਾਂ ਦੀ ਜ਼ਿੰਦਗੀ ਅਤੇ ਆਲੇ ਦੁਆਲੇ ਦੇ ਸਮੁੱਚੇ ਵਾਤਾਵਰਨ ਦੀ ਤਬਾਹੀ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸ ਪਾਣੀ ਨਾਲ ਲੋਕ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ  ਅਤੇ ਸਾਡੀ ਖੁਰਾਕ ਸਮੱਗਰੀ ਵੀ ਜ਼ਹਿਰੀਲੀ ਬਣਦੀ ਜਾ ਰਹੀ ਹੈ। 
ਜਲ ਪ੍ਰਦੂਸ਼ਣ ਦੇ ਕਾਰਨ
ਖਤਰਨਾਕ ਹੱਦ ਤੱਕ ਪਾਣੀ ਦੇ ਪ੍ਰਦੂਸ਼ਤ ਹੋ ਜਾਣ ਦੇ ਬੁਨਿਆਦੀ ਕਾਰਨਾਂ ਬਾਰੇ ਕੇਂਦਰ, ਸੂਬਾ ਸਰਕਾਰਾਂ ਅਤੇ ਉਹਨਾਂ ਦੀਆਂ ਨੀਤੀਆਂ ਦੇ ਸਮਰਥਕ ਆਰਥਕ ਮਾਹਰ ਅਤੇ ਵਿਗਿਆਨੀ ਇਸ ਬਾਰੇ ਕਈ ਤਰ੍ਹਾਂ ਦੇ ਭਰਮ ਪੈਦਾ ਕਰ ਰਹੇ ਹਨ। ਉਹ ਇਸਦੇ ਮੁੱਖ ਸ੍ਰੋਤ ਉਦਯੋਗਾਂ 'ਤੇ ਪੂਰੀ ਇਮਾਨਦਾਰੀ ਨਾਲ ਉਂਗਲ ਧਰਨ ਦੀ ਥਾਂ ਇਸਨੂੰ ਕਿਸਾਨਾਂ ਵਲੋਂ ਖੇਤੀ ਲਈ ਵਰਤੀਆਂ ਜਾਂਦੀਆਂ ਕੀਟਨਾਸ਼ਕ ਦੁਆਈਆਂ ਨੂੰ ਮੁੱਖ ਦੋਸ਼ੀ ਦੱਸਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ। ਇਹ ਠੀਕ ਹੈ ਕਿ ਬੇਲੋੜੀਆਂ ਕੀਟ ਨਾਸ਼ਕ ਦੁਆਈਆਂ ਦਾ ਵੀ ਇਸ 'ਤੇ ਦੁਰਪ੍ਰਭਾਵ ਪੈਂਦਾ ਹੈ ਅਤੇ ਇਸਨੂੰ ਵੀ ਰੋਕਿਆ ਜਾਣਾ ਚਾਹੀਦਾ ਹੈ। ਪਰ ਇਸਦਾ ਇਸ ਸਮੱਸਿਆ ਵਿਚ ਹਿੱਸਾ ਬਹੁਤ ਥੋੜ੍ਹਾ ਹੈ। ਮਾਲਵੇ ਦੀ ਧਰਤੀ ਹੇਠਲੇ ਪਾਣੀ ਵਿਚ ਮਿਲਿਆ ਯੂਰੇਨੀਅਮ ਵਰਗਾ ਜ਼ਹਿਰੀਲਾ ਤੱਤ ਦੁਆਈਆਂ ਕਰਕੇ ਨਹੀਂ ਹੈ। ਇਹ ਉਦਯੋਗਾਂ ਦੇ ਪ੍ਰਦੂਸ਼ਤ ਪਾਣੀ ਅਤੇ ਜ਼ਹਿਰੀਲੀ ਰਹਿੰਦ ਖੂੰਹਦ ਦੇ ਖੁੱਲੇ ਆਮ ਸੁੱਟੇ ਜਾਣ ਕਰਕੇ ਹੈ। ਦਰਿਆ ਸਤਲੁੱਜ ਵਿਚ ਪੈਂਦੇ ਬੁੱਢੇ ਨਾਲੇ ਰਾਹੀਂ ਸਤਲੁੱਜ ਦਰਿਆ ਵਿਚ ਸੁੱਟਿਆ ਜਾਂਦਾ ਉਦਯੋਗਾਂ ਦਾ ਜ਼ਹਿਰੀਲਾ ਅਤੇ ਪ੍ਰਦੂਸ਼ਤ ਪਾਣੀ ਸਿਰਫ ਪੰਜਾਬ ਦੇ ਮਾਲਵੇ ਖਿੱਤੇ ਵਿਚ ਹੀ ਕੈਂਸਰ ਅਤੇ ਪੀਲੀਏ ਵਰਗੀਆਂ ਜਾਨਲੇਵਾ ਬਿਮਾਰੀਆਂ ਨੂੰ ਹੀ ਜਨਮ ਨਹੀਂ ਦੇ ਰਿਹਾ ਬਲਕਿ ਇੰਦਰਾ ਗਾਂਧੀ ਨਹਿਰ ਰਾਹੀਂ ਰਾਜਸਥਾਨ ਨੂੰ ਮਿਲਣ ਵਾਲੇ ਪਾਣੀ ਨੂੰ ਪੀਣ ਨਾਲ ਉਥੋਂ ਦੇ ਲੋਕਾਂ ਅੰਦਰ ਵੀ ਅਨੇਕਾਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਰਾਜਸਥਾਨ ਸਰਕਾਰ ਇਸ ਬਾਰੇ ਲਗਾਤਾਰ ਪੰਜਾਬ ਸਰਕਾਰ ਪਾਸ ਇਤਰਾਜ ਉਠਾ ਰਹੀ ਹੈ। ਇਸ ਵਾਰ 19 ਫਰਵਰੀ 2015 ਨੂੰ ਸੂਰਤਗੜ੍ਹ ਵਿਚ ਕਰਿਸ਼ੀ ਕਰਮਨ ਅਵਾਰਡ ਦੇਣ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੀ ਸ਼ਾਮਲ ਸਨ, ਇਸ ਮੌਕੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਬੜੀਆਂ ਹੀ ਕੋੜੀਆਂ-ਫਿਕੀਆਂ ਪਰ ਸੱਚੀਆਂ ਗੱਲਾਂ ਸੁਣਾਈਆਂ। ਬੀਬੀ ਵਸੁੰਧਰਾ ਨੇ ਕਿਹਾ ਕਿ ਮੇਰੇ ਪ੍ਰਾਂਤ ਦੇ 40 ਹਜ਼ਾਰ ਪਿੰਡਾਂ ਵਿਚੋਂ 50% ਪਿੰਡ ਸੋਕੇ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਨਹਿਰਾਂ ਵਿਚ ਗੰਦੇ ਤੱਤ ਤਰਦੇ ਫਿਰਦੇ, ਅੱਜ ਤੁਹਾਡੇ ਰਾਜ ਵਲੋਂ ਆ ਰਹੇ ਹਨ। ਉਸਨੇ ਖੁੱਲ੍ਹੇ ਆਮ ਕਿਹਾ ਕਿ ਉਸਨੇ ਇਸ ਗੰਭੀਰ ਸਮੱਸਿਆ ਬਾਰੇ ਬਾਦਲ ਸਾਹਿਬ ਨਾਲ ਕਈ ਵਾਰ ਗੱਲ ਕੀਤੀ ਹੈ ਪਰ ਪੰਜਾਬ ਦੇ ਉਦਯੋਗਾਂ ਵਲੋਂ ਨਹਿਰਾਂ ਵਿਚ ਜ਼ਹਿਰੀਲੇ ਤੱਤ ਸੁੱਟੇ ਜਾਣ 'ਤੇ ਕੋਈ ਰੋਕ ਨਹੀਂ ਲੱਗ ਸਕੀ। 
ਪੰਜਾਬ ਵਿਚ ਕਾਲੀ ਵੇਈਂ ਦੀ ਹਾਲਤ, ਜਿਸ ਵਿਚ ਮੁੱਖ ਤੌਰ 'ਤੇ ਜਲੰਧਰ ਦੇ ਚਮੜਾ ਉਦਯੋਗਾਂ ਦਾ ਗੰਦਾ ਪਾਣੀ ਪੈਂਦਾ ਹੈ, ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਆਮ ਲੋਕਾਂ ਦੇ ਯਤਨਾਂ ਦੇ ਬਾਵਜੂਦ ਵੀ ਨਹੀਂ ਸੁਧਰ ਸਕੀ। ਬਰਨਾਲਾ ਦਾ ਟਰਾਈਡੈਂਟ ਘਰਾਣਾ, ਕਿਸਾਨ ਸੰਘਰਸ਼ ਦੇ ਦਬਾਅ ਹੇਠਾਂ ਹੋਏ ਲਿਖਤੀ ਫੈਸਲੇ ਦੇ ਬਾਵਜੂਦ ਵੀ ਸਾਰਾ ਗੰਦਾ ਪਾਣੀ ਆਪਣੇ ਨਾਲ ਲੱਗਦੀ ਡਰੇਨ ਵਿਚ ਸੁੱਟ ਰਿਹਾ ਹੈ। ਹਮੀਰਾ ਦੀ ਸ਼ਰਾਬ ਫੈਕਟਰੀ ਨੇ ਆਲੇ ਦੁਆਲੇ ਦੇ ਅਨੇਕਾਂ ਪਿੰਡਾਂ ਦੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ ਅਤੇ ਉਹ ਮਨੁੱਖੀ ਵਰਤੋਂ ਦੇ ਯੋਗ ਨਹੀਂ ਰਿਹਾ। ਭਾਰਤ ਦੀਆਂ ਅੱਤ ਪਵਿੱਤਰ ਮੰਨੀਆਂ ਜਾਣ ਵਾਲੀਆਂ ਨਦੀਆਂ ਦੇ ਕੰਢੇ ਵਸਦੇ ਸ਼ਹਿਰਾਂ ਵਿਚ ਲੱਗੇ ਉਦਯੋਗਾਂ ਦੇ ਪ੍ਰਦੂਸ਼ਤ ਪਾਣੀ ਨਾਲ ਇਹ ਜੀਵਨ ਦਾਨ ਦੇਣ ਵਾਲੀਆਂ ਨਦੀਆਂ ਗੰਦਗੀ ਦੇ ਦਰਿਆਵਾਂ ਦਾ ਰੂਪ ਧਾਰ ਗਈਆਂ ਹਨ ਅਤੇ ਇਹਨਾਂ ਦਾ ਪਾਣੀ ਮਨੁੱਖੀ ਜੀਵਨ ਲਈ ਘਾਤਕ ਬਣ ਗਿਆ ਹੈ। ਹੁਣ ਇਹ ਪਾਣੀ ਮਨੁੱਖੀ ਜੀਵਨ ਦਾਨ ਦੇਣ ਦੀ ਥਾਂ ਮੌਤ ਵੰਡ ਰਿਹਾ ਹੈ।
ਸ਼ਹਿਰਾਂ ਵਿਚ ਸੀਵਰੇਜ ਪ੍ਰਬੰਧ ਬੁਰੀ ਤਰ੍ਹਾਂ ਲੜਖੜਾ ਗਿਆ ਹੈ ਅਤੇ ਗੰਦਾ ਪਾਣੀ ਗਲੀਆਂ ਸਮੇਤ ਸੜਕਾਂ 'ਤੇ ਹਰਲ-ਹਰਲ ਕਰਦਾ ਫਿਰਦਾ ਹੈ। ਕਈ ਵਾਰ ਇਹ ਪਾਣੀ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਨਾਲ ਮਿਲ ਜਾਂਦਾ ਹੈ ਤੇ ਪੀਲੀਏ ਅਤੇ ਕੈਂਸਰ ਵਰਗੇ ਰੋਗਾਂ ਨੂੰ ਜਨਮ ਦਿੰਦਾ ਹੈ। ਸ਼ਹਿਰਾਂ ਦੇ ਸੀਵਰੇਜ਼ ਦਾ ਇਹ ਪ੍ਰਦੂਸ਼ਤ ਪਾਣੀ ਡਰੇਨਾਂ ਵਿਚ ਸੁੱਟ ਦਿੱਤਾ ਜਾਂਦਾ ਹੈ। ਜਿਥੋਂ ਉਹ ਨਦੀ ਨਾਲਿਆਂ ਵਿਚ ਜਾ ਮਿਲਦਾ ਹੈ। ਪਿੰਡਾਂ ਵਿਚ ਛੱਪੜਾਂ ਆਦਿ ਦੇ ਪੂਰੇ ਜਾਣ ਕਰਕੇ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ। ਇਥੇ ਪਾਣੀ ਗਲੀਆਂ, ਨਾਲੀਆਂ ਵਿਚ ਖੜ੍ਹਾ ਰਹਿਣ ਕਰਕੇ ਹੇਠਾਂ ਰਿਸਦਾ ਰਹਿੰਦਾ ਹੈ ਜਿਸ ਨਾਲ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਰਹਿੰਦਾ। ਬਰਸਾਤੀ ਮੌਸਮ ਵਿਚ ਅਨੇਕਾਂ ਪਿੰਡਾਂ ਵਿਚ ਪੀਲੀਆ, ਹੈਜਾ ਅਤੇ ਡੇਂਗੂ ਵਰਗੀਆਂ ਘਾਤਕ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਸ ਤਰ੍ਹਾਂ ਉਦਯੋਗਾਂ, ਸੀਵਰੇਜ਼ ਅਤੇ ਪਿੰਡਾਂ ਦੀਆਂ ਨਾਲੀਆਂ ਦਾ ਗੰਦਾ ਪਾਣੀ ਧਰਤੀ ਹੇਠਲੇ ਪਾਣੀ ਅਤੇ ਦਰਿਆਵਾਂ ਦੇ ਪਾਣੀਆਂ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਤ ਕਰਦਾ ਹੈ। ਇਹ ਪ੍ਰਦੂਸ਼ਤ ਪਾਣੀ ਮਨੁੱਖ, ਖੇਤੀ ਉਪਜਾਂ ਅਤੇ ਪਸ਼ੂ ਪੰਛੀਆਂ ਵਿਸ਼ੇਸ਼ ਕਰਕੇ ਜਲਜੀਵਾਂ ਲਈ ਭਾਰੀ ਤਬਾਹੀ ਦਾ ਕਾਰਨ ਬਣਦਾ ਹੈ।  
ਲੋਕਾਂ ਦੁਆਰਾ ਚੁਣੀ ਗਈ ਹਰ ਸਰਕਾਰ ਦੀ ਪਹਿਲੀ ਤੇ  ਮੁੱਢਲੀ ਜ਼ਿੰਮੇਵਾਰੀ ਲੋਕਾਂ ਨੂੰ ਸਿਹਤ, ਵਿਦਿਆ ਅਤੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਨ ਦੀ ਹੈ। ਜਿਹੜੀ ਸਰਕਾਰ ਇਹ ਕੰਮ ਨਹੀਂ ਕਰਦੀ। ਉਸਨੂੰ ਗੱਦੀ 'ਤੇ ਰਹਿਣ ਦਾ ਕੋਈ ਹੱਕ ਨਹੀਂ। ਅਜਿਹੀ ਸਰਕਾਰ ਵਿਰੁੱਧ ਜਨਤਾ ਨੂੰ ਆਪਣੀ ਲਾਮਬੰਦੀ ਰਾਹੀਂ ਗੱਦੀ ਤੋਂ ਉਤਾਰਨ ਲਈ ਸੰਘਰਸ਼ ਕਰਨ ਦਾ ਸਿਰਫ ਜਮਹੂਰੀ ਹੱਕ ਹੀ ਨਹੀਂ ਸਗੋਂ ਉਸਦਾ ਇਖਲਾਕੀ ਅਤੇ ਮਨੁੱਖੀ ਫਰਜ਼ ਬਣਦਾ ਹੈ। ਪਰ 1991 ਤੋਂ ਕੇਂਦਰ ਅਤੇ ਸੂਬਾਈ ਸਰਕਾਰਾਂ ਨੇ ਇਹਨਾਂ ਬੁਨਿਆਦੀ ਫਰਜਾਂ ਦੀ ਪੂਤੀ ਕਰਨ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਇਹਨਾਂ ਸਮਾਜਕ ਕੰਮਾਂ ਲਈ ਫੰਡ ਲਗਾਤਾਰ ਘਟਾਏ ਜਾ ਰਹੇ ਹਨ ਅਤੇ ਜਿਹੜੇ ਫੰਡ ਮਿਲਦੇ ਹਨ ਉਹ ਭਰਿਸ਼ਟਾਚਾਰ ਦੀ ਬਲੀ ਚੜ੍ਹ ਜਾਂਦੇ ਹਨ। ਮਹਾਨ ਗੰਗਾ ਨਦੀ ਨੂੰ ਮਾਂ ਦਾ ਦਰਜਾ ਤਾਂ ਗੱਲੀਂਬਾਤੀਂ ਦਿੱਤਾ ਜਾਂਦਾ ਹੈ, ਪਰ ਇਸਦੇ ਪਾਣੀ ਨੂੰ ਪਲੀਤ ਕਰਨ ਵਾਲੀ ਸਮੱਸਿਆ 'ਤੇ ਕੋਈ ਕੰਟਰੋਲ ਨਹੀਂ ਹੋ ਰਿਹਾ। ਹਜ਼ਾਰਾਂ ਕਰੋੜ ਰੁਪਏ ਖਰਚ ਕੇ ਵੀ ਗੱਲ ਉਥੇ ਦੀ ਉਥੇ ਖੜ੍ਹੀ ਹੈ। ਗੰਗਾ ਮਾਂ ਮੈਲੀ ਦੀ ਮੈਲੀ ਹੀ ਰਹਿੰਦੀ ਹੈ। 
ਸਮੱਸਿਆਵਾਂ ਦਾ ਹੱਲ ਹੈ
ਸਰਕਾਰ ਆਪਣੀ ਬਦਨੀਅਤੀ ਨੂੰ ਛੁਪਾਉਣ ਲਈ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨੀਤੀਗਤ ਦੂਰਰਸ ਨੀਤੀਆਂ ਨਹੀਂ ਅਪਣਾ ਰਹੀ। ਉਹ ਵਰਖਾ ਦੇ ਪਾਣੀ ਦੀ ਸੰਭਾਲ ਲਈ ਜਲਗਾਹਾਂ ਦੇ ਵਿਕਾਸ, ਪਹਾੜੀ ਖੇਤਰਾਂ ਵਿਚ ਚੈਕ ਡੈਮਾਂ ਅਤੇ ਪਹਾੜੀ ਇਲਾਕਿਆਂ ਵਿਚ ਤਲਾਬਾਂ ਦੀ ਉਸਾਰੀ ਕਰਨ ਵੱਲ ਧਿਆਨ ਨਹੀਂ ਦੇ ਰਹੀ। ਵਰਖਾ ਦੇ ਪਾਣੀ ਦੀ ਸੰਭਾਲ ਨਾਲ ਪਾਣੀ ਦੀ ਮਾਤਰਾ ਵਧੇਗੀ ਅਤੇ ਅਸੀਂ ਆਪਣੀ ਖੇਤੀ ਲਈ ਲੋੜੀਂਦਾ ਪਾਣੀ ਵਰਤਕੇ ਵੀ ਨਦੀਆਂ ਵਿਚ ਕਾਫੀ ਮਾਤਰਾ ਵਿਚ ਸਾਫ ਪਾਣੀ ਲਗਾਤਾਰ ਵਹਿੰਦਾ ਰੱਖਣ ਦੇ ਸਮਰਥ ਹੋ ਜਾਵਾਂਗੇ। ਪ੍ਰਦੂਸ਼ਤ ਪਾਣੀ ਦੇ ਸਭ ਤੋਂ ਵੱਡੇ ਸਰੋਤ, ਉਦਯੋਗਕ ਰਹਿੰਦ ਖੂੰਹਦ ਅਤੇ ਪਾਣੀ ਉਪਰ ਸਫਾਈ ਯੰਤਰ (Treatment) ਲਾਉਣ ਦੀ ਕਾਨੂੰਨੀ ਵਿਵਸਥਾ ਬਣਾਈ ਜਾਵੇ ਅਤੇ ਇਸਤੇ ਸਖਤੀ ਨਾਲ ਅਮਲ ਕੀਤਾ ਜਾਵੇ। ਇਸ ਮੰਤਵ ਲਈ ਛੋਟੇ ਉਦਯੋਗਾਂ ਲਈ ਸਾਂਝੇ ਪਲਾਂਟ ਲਾਏ ਜਾਣ ਅਤੇ ਸਰਕਾਰ ਇਹਨਾਂ ਦੀ ਮਾਲੀ ਮਦਦ ਕਰੇ। ਇਸੇ ਤਰ੍ਹਾਂ ਸ਼ਹਿਰਾਂ ਅਤੇ ਪਿੰਡਾਂ ਵਿਚਲੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਮਿਊਂਸਪਲ ਕਮੇਟੀਆਂ ਵਲੋਂ ਟਰੀਟਮੈਂਟ ਪਲਾਂਟ ਲਾਏ ਜਾਣ। ਜੇ ਪ੍ਰਦੂਸ਼ਤ ਪਾਣੀ ਸਾਫ ਕਰ ਲਿਆ ਜਾਵੇ ਤਾਂ ਇਸਦੀ ਵਰਤੋਂ ਮੁੜ ਖੇਤੀ ਅਤੇ ਭਵਨ ਉਸਾਰੀ ਆਦਿ ਲਈ ਕੀਤੀ ਜਾ ਸਕਦੀ ਹੈ। ਇਸ ਨਾਲ ਇਹਨਾਂ ਕੰਮਾਂ ਲਈ ਧਰਤੀ ਹੇਠਲਾ ਪਾਣੀ ਕੱਢਣ ਤੋਂ ਬਚਿਆ ਜਾ ਸਕਦਾ ਹੈ। ਸ਼ਹਿਰ ਦੇ ਕੂੜਾ ਕਰਕਟ, ਵਿਸ਼ੇਸ਼ ਕਰਕੇ ਮੈਡੀਕਲ ਰਹਿੰਦ ਖੂੰਹਦ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਇਸਦੀ ਵਰਤੋਂ ਬਾਇਓਗੈਸ ਪਲਾਂਟਾਂ ਅਤੇ ਛੋਟੀ ਪੱਧਰ 'ਤੇ ਬਿਜਲੀ ਉਤਪਾਦਨ ਲਈ ਵੀ ਕੀਤੀ ਜਾ ਸਕਦੀ ਹੈ। ਲੋਕਾਂ ਅੰਦਰ ਵਿਗਿਆਨਕ ਸਮਝਦਾਰੀ ਪੈਦਾ ਕਰਕੇ, ਉਹਨਾਂ ਨੂੰ ਧਾਰਮਿਕ ਸ਼ਰਧਾ ਦੇ ਰੂਪ ਵਿਚ ਦਰਿਆਵਾਂ ਵਿਚ ਅਜਿਹੀਆਂ ਵਸਤਾਂ, ਜੋ ਜਲ ਨੂੰ ਪ੍ਰਦੂਸ਼ਤ ਕਰਦੀਆਂ ਹਨ, ਨਾ ਸੁੱਟਣ ਬਾਰੇ ਜਾਗਰਤੀ ਪੈਦਾ ਕੀਤੀ ਜਾਣੀ ਵੀ ਜ਼ਰੂਰੀ ਹੈ। 
ਅੰਤ ਵਿਚ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਪ੍ਰਦੂਸ਼ਤ ਪਾਣੀ ਦੀ ਸਮੱਸਿਆ ਵਾਕਿਆ ਹੀ ਬਹੁਤ ਭਿਅੰਕਰ ਰੂਪ ਧਾਰਨ ਕਰ ਗਈ ਹੈ। ਇਹ ਲੋਕਾਂ ਦੇ ਜੀਵਨ 'ਤੇ ਮਾਰੂ ਹਮਲੇ ਕਰ ਰਹੀ ਹੈ। ਇਹ ਸਮੱਸਿਆ ਹਰ ਹਾਲਤ ਵਿਚ ਹੱਲ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਹੱਲ ਕੀਤੀ ਵੀ ਜਾ ਸਕਦੀ ਹੈ। ਪਰ ਇਸ ਲਈ ਕੇਂਦਰ ਅਤੇ ਸੂਬਾ ਸਰਕਾਰ ਦੇ ਨੁਮਾਇੰਦਿਆਂ ਅੰਦਰ ਮਜ਼ਬੂਤ ਰਾਜਨੀਤਕ ਇੱਛਾ ਸ਼ਕਤੀ ਦਾ ਹੋਣਾ ਜ਼ਰੂਰੀ ਹੈ। ਸ਼ਕਤੀਸ਼ਾਲੀ ਰਾਜਨੀਤਕ ਇੱਛਾ ਸ਼ਕਤੀ ਹੀ ਉਦਯੋਗਕ, ਪ੍ਰਦੂਸ਼ਨ 'ਤੇ ਉਂਗਲ ਧਰ ਸਕਦੀ ਹੈ ਅਤੇ ਕਾਰਖਾਨੇਦਾਰਾਂ ਨੂੰ ਪ੍ਰਦੂਸ਼ਤ ਪਾਣੀ ਦੀ ਸਫਾਈ ਅਤੇ ਬਾਕੀ ਰਹਿੰਦ ਖੂੰਹਦ ਦਾ ਸੁਰੱਖਿਅਤ ਨਿਬੇੜਾ ਕਰਨ ਲਈ ਮਜ਼ਬੂਰ ਕਰ ਸਕਦੀ ਹੈ। ਜੇ ਉਦਯੋਗਾਂ ਅਤੇ ਸੀਵਰੇਜ਼ ਦਾ ਗੰਦਾ ਪਾਣੀ ਦਰਿਆਵਾਂ ਵਿਚ ਨਾ ਪਵੇ ਤਾਂ ਹਾਲਾਤ ਬਹੁਤ ਛੇਤੀ ਬਦਲ ਸਕਦੇ ਹਨ। ਸਾਡੇ ਦਰਿਆ ਮੁੜ ਸਾਫ ਪਾਣੀ ਵਾਲੇ ਹੋ ਸਕਦੇ ਹਨ। ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਦੇਣ ਲਈ ਪਾਣੀ ਸਪਲਾਈ ਕਰਨ ਵਾਲੀਆਂ ਨਹਿਰਾਂ ਵਿਚ ਪ੍ਰਦੂਸ਼ਤ ਪਾਣੀ ਬਿਲਕੁਲ ਨਾ ਜਾਣ ਦਿੱਤਾ ਜਾਵੇ। ਸ਼ਹਿਰਾਂ ਅਤੇ ਧਰਤੀ ਹੇਠਲੇ ਖਰਾਬ ਪਾਣੀ ਵਾਲੇ ਪਿੰਡਾਂ ਦੇ ਜਲ ਭੰਡਾਰਾਂ ਵਿਚੋਂ ਸਾਫ ਪਾਣੀ ਸਪਲਾਈ ਕਰਨ ਲਈ ਸ਼ਕਤੀਸ਼ਾਲੀ ਯੰਤਰਾਂ ਅਤੇ ਪ੍ਰਬੰਧ ਦੀ ਵਰਤੋਂ ਕੀਤੀ ਜਾਵੇ। ਇਸਤੋਂ ਬਿਨਾਂ ਲੋਕਾਂ ਅੰਦਰ ਜਾਗਰਤੀ ਪੈਦਾ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਪਾਣੀ ਦੀ ਸੰਭਾਲ ਕਰਨ ਅਤੇ ਸਾਫ ਸਫਾਈ ਰੱਖਣ ਲਈ ਜਾਗਰਤ ਕੀਤਾ ਜਾਵੇ। 
ਪਰ ਨਵਉਦਾਰਵਾਦੀ ਨੀਤੀਆਂ ਦੀਆਂ ਝੰਡਾ ਬਰਦਾਰ ਬਣ ਚੁੱਕੀਆਂ ਸਰਕਾਰਾਂ ਨੂੰ ਇਸ ਵੱਡੇ ਕੰਮ ਲਈ ਮਜ਼ਬੂਰ ਕਰਨ ਲਈ ਸ਼ਕਤੀਸ਼ਾਲੀ ਜਨਤਕ ਲਹਿਰ ਉਸਾਰਨ ਤੋਂ ਬਿਨਾਂ ਦੂਜਾ ਕੋਈ ਰਸਤਾ ਨਹੀਂ।  

No comments:

Post a Comment