ਮੋਹਨ ਸਿੰਘ ਧਮਾਣਾ
ਖਣਿਜ ਪਦਾਰਥ-ਰੇਤ, ਬੱਜਰੀ, ਗੱਟਕਾ ਆਦਿ ਨੂੰ ਧਰਤੀ ਵਿਚੋਂ ਪੁੱਟਕੇ ਵਰਤਣ ਜਾਂ ਵੇਚਣ ਦੇ ਕੰਮ ਨੂੰ ਮਾਇਨਿੰਗ ਕਹਿੰਦੇ ਹਨ। ਇਨ੍ਹਾਂ ਖਣਿਜ ਪਦਾਰਥਾਂ ਦੀ ਮਾਇਨਿੰਗ ਕਰਨ ਦੇ ਵਿਧਾਨਕ ਤੌਰ 'ਤੇ ਕੁਝ ਨਿਯਮ ਬਣਾਏ ਗਏ ਹਨ ਤਾਂ ਕਿ ਮਾਇਨਿੰਗ ਕਰਨ ਨਾਲ ਵਾਤਾਵਰਣ 'ਤੇ ਪ੍ਰਭਾਵ ਨਾ ਪਵੇ। ਦਰਿਆਵਾਂ ਜਾਂ ਖੱਡਾਂ ਦੇ ਵਹਿਣ ਆਪਣਾ ਰਸਤਾ ਬਦਲਕੇ ਅਬਾਦੀਆਂ, ਜਾਂ ਉਪਜਾਊ ਜ਼ਮੀਨ ਦਾ ਨੁਕਸਾਨ ਨਾ ਕਰਨ ਅਤੇ ਰਸਤੇ ਵਗੈਰਾ ਖਰਾਬ ਨਾ ਹੋਣ। ਖਪਤਕਾਰਾਂ ਨੂੰ ਇਹ ਮਾਇਨਿੰਗ ਕੀਤੇ ਪਦਾਰਥ ਠੀਕ ਰੇਟ ਤੇ ਮਿਲਣ। ਇਨ੍ਹਾਂ ਨਿਯਮਾਂ ਤਹਿਤ ਹੀ ਤਹਿ ਹੁੰਦਾ ਹੈ ਕਿ ਕਿਹੜੀ ਜਗ੍ਹਾ ਮਾਇੰਨਿੰਗ ਕਰਨ ਦੇ ਯੋਗ ਹੈ। ਨਿਯਮਾਂ ਮੁਤਾਬਿਕ ਅਜਿਹੀ ਜਗ੍ਹਾ 'ਤੇ ਹੀ ਮਾਇਨਿੰਗ ਕਰਨ ਦੀ ਇਜਾਜ਼ਤ ਹੁੰਦੀ ਹੈ ਜਿਥੇ ਆਬਾਦੀ, ਉਪਜਾਊ ਜ਼ਮੀਨ ਅਤੇ ਦਰਿਆਵਾਂ ਉਤੇ ਬਣਾਏ ਪੁਲਾਂ ਅਤੇ ਸੜਕਾਂ ਦਾ ਨੁਕਸਾਨ ਨਾ ਹੋਏ। ਇਸ ਤਰ੍ਹਾਂ ਦੀ ਜਗ੍ਹਾ ਨਿਸ਼ਾਨਦੇਹੀ ਕਰਕੇ ਖੁਲੀ ਬੋਲੀ ਕਰਨ ਦਾ ਨਿਯਮ ਬਣਾਇਆ ਗਿਆ ਹੈ।
ਮਾਇੰਨਿੰਗ ਮਾਫੀਆ ਸਰਕਾਰੀ ਸਰਪ੍ਰਸਤੀ ਹੇਠ ਕਿਸੇ ਆਪਣੇ ਇਕ ਵਿਅਕਤੀ ਜਾਂ ਗਰੁੱਪ ਦੇ ਨਾਂਅ ਇਹ ਬੋਲੀ ਕਰਵਾ ਕੇ ਨਿਸ਼ਚਤ ਜਗ੍ਹਾ ਤੇ ਨਿਯਮਾਂ ਦੀ ਪ੍ਰਵਾਹ ਨਾ ਕਰਦਾ ਹੋਇਆ ਅੰਨ੍ਹੇਵਾਹ ਮਾਇੰਨਿੰਗ ਤਾਂ ਕਰਦਾ ਹੀ ਹੈ ਨਾਲ ਲੱਗਦੀ ਮਾਲਕਾਂ ਦੀ ਜ਼ਮੀਨ ਠੇਕੇ 'ਤੇ ਲੈ ਕੇ ਉਸ ਵਿਚ ਵੀ ਸ਼ਰੇਆਮ ਇਹ ਧੰਦਾ ਕਰਦਾ ਹੈ। ਜਦੋਂ ਕਿ ਉਸਦੀ ਕੋਈ ਖੁਦਾਈ ਲਈ ਨਿਲਾਮੀ ਨਹੀਂ ਹੋਈ ਹੁੰਦੀ। ਰਾਜ ਕਰਦੀਆਂ ਪਾਰਟੀਆਂ ਦੇ ਆਗੂਆਂ ਅਤੇ ਮੰਤਰੀਆਂ ਦੀ ਸਰਪ੍ਰਸਤੀ ਹੇਠ ਗੁੰਡਾ ਗੈਂਗ ਬਣੇ ਹੋਏ ਹਨ ਜਿਹੜੇ ਆਪ ਤਾਂ ਨਜਾਇਜ਼ ਮਾਇੰਨਿੰਗ ਦਰਦੇ ਹੀ ਹਨ। ਇਸ ਧੰਦੇ ਵਿਚ ਜੁੜੇ ਹੋਰ ਲੋਕਾਂ ਤੋਂ ਨਾਕੇ ਲਾ ਕੇ ਗੁੰਡਾ ਟੈਕਸ ਜਬਰੀ ਵਸੂਲਦੇ ਹਨ ਅਤੇ ਆਪਣੀ ਛੱਤਰ ਛਾਇਆ ਹੇਠ ਨਜਾਇਜ਼ ਮਾਇੰਨਿੰਗ ਕਰਨ ਦੀ ਖੁਲ੍ਹ ਦਿੰਦੇ ਹਨ। ਇਹ ਗੁੰਡਾ ਟੈਕਸ ਦੀ ਵਸੂਲੀ ਰੂਪਨਗਰ ਜਿਲ੍ਹੇ ਵਿਚ ਹੀ ਲਗਭਗ ਇਕ ਦਿਨ ਵਿਚ 50 ਲੱਖ ਦੇ ਕਰੀਬ ਹੁੰਦੀ ਹੈ। ਇਸ ਬੇਨਿਯਮੀ ਮਾਇੰਨਿੰਗ ਅਤੇ ਗੁੰਡਾ ਗੈਂਗਾਂ ਦੇ ਖਿਲਾਫ ਸਰਕਾਰ ਅਤੇ ਪ੍ਰਸ਼ਾਸਨ ਕੁਝ ਵੀ ਕਾਨੂੰਨੀ ਕਾਰਵਾਈ ਨਹੀਂ ਕਰ ਰਿਹਾ।
ਮਾਇਨਿੰਗ ਦਾ ਕਾਰੋਬਾਰ ਕਰਨ ਵਾਲਿਆਂ ਨੇ ਰੇਤਾ-ਬੱਜਰੀ, ਗਟਕੇ ਨੂੰ ਅੱਡ ਅੱਡ ਕਰਨ ਲਈ ਮਾਇੰਨਿੰਗ ਵਾਲੀਆਂ ਜਗ੍ਹਾ 'ਤੇ ਹੀ ਬਹੁਤ ਵੱਡੀ ਤਦਾਦ ਵਿਚ ਸਕਰੀਨਿੰਗ ਪਲਾਂਟ ਤੇ ਕਰੈਸ਼ਰ ਲਗਵਾ ਰੱਖੇ ਹਨ ਜਿੰਨ੍ਹਾ ਵਿਚੋਂ ਨਿਕਲਦੇ ਮਿੱਟੀ-ਘੱਟੇ ਅਤੇ ਆਵਾਜ਼ ਪ੍ਰਦੂਸ਼ਨ ਨੇ ਨਜ਼ਦੀਕ ਰਹਿੰਦੇ ਲੋਕਾਂ ਦਾ ਜਿਉਣਾ ਮੁਸ਼ਕਲ ਕੀਤਾ ਹੋਇਆ ਹੈ। ਲਗਾਤਾਰ ਮਿੱਟੀ ਘੱਟੇ ਵਿਚ ਰਹਿਣ ਕਾਰਨ ਕਾਫੀ ਲੋਕ ਅਸਥਮਾ (ਦਮਾ) ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ ਮਾਇੰਨਿੰਗ ਵਾਲੀਆਂ ਥਾਵਾਂ ਦੇ ਨਜ਼ਦੀਕ ਰਹਿੰਦੇ ਲੋਕਾਂ ਦੇ ਰੋਜ਼ਾਨਾ ਵਰਤੋਂ ਦੇ ਰਸਤਿਆਂ 'ਤੇ ਮਾਲ ਢੋਣ ਵਾਲੇ ਭਾਰੀ ਵਾਹਨਾਂ ਦੇ ਚਲਣ ਨਾਲ ਲੋਕਾਂ ਦਾ ਸੜਕਾਂ 'ਤੇ ਚਲਣਾ ਔਖਾ ਹੋ ਗਿਆ ਹੈ। ਘੱਟ ਸਮਰੱਥਾ ਵਾਲੀਆਂ ਇਨ੍ਹਾਂ ਸੜਕਾਂ ਦਾ ਭਾਰੀ ਵਾਹਨਾਂ ਨੇ ਚੂਰਾ ਕਰ ਕੇ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਹੈ। ਨਿਯਮ ਮੁਤਾਬਿਕ ਧਰਤੀ ਦੇ ਲੇਵਲ ਤੋਂ 10 ਫੁੱਟ ਤੱਕ ਹੀ ਮਾਇਨਿੰਗ ਕੀਤੀ ਜਾ ਸਕਦੀ ਹੈ। ਪ੍ਰੰਤੂ ਇਨ੍ਹਾਂ ਵਾਤਾਵਰਣ ਅਤੇ ਮਨੁਖਤਾ ਦੇ ਦੋਖੀਆਂ ਨੇ 50-50 ਫੁਟ ਤੱਕ ਖੁਦਾਈ ਕਰਕੇ ਦਰਿਆਵਾਂ ਅਤੇ ਖੱਡਾਂ ਵਿਚ ਖੱਡੇ ਪਾ ਦਿੱਤੇ ਹਨ। ਜਿੰਨ੍ਹਾ ਵਿਚ ਬਰਸਾਤਾਂ ਨੂੰ ਪਾਣੀ ਭਰ ਜਾਣ ਕਾਰਨ ਕਾਫੀ ਗਿਣਤੀ ਵਿਚ ਗੈਰ ਕੁਦਰਤੀ ਮੌਤਾਂ ਹੋ ਚੁੱਕੀਆਂ ਹਨ।
ਇਸ ਬੇਨਿਯਮੀ ਮਾਇਨਿੰਗ ਕਾਰਨ ਪਾਣੀ ਦਾ ਲੇਵਲ ਹੇਠਾਂ ਜਾ ਰਿਹਾ ਹੈ, ਦਰੱਖਤ ਸੁਕਣੇ ਸ਼ੁਰੂ ਹੋ ਗਏ ਹਨ। ਧਰਤੀ ਬੈਠਣ ਲੱਗ ਪਈ ਹੈ। ਕਾਫੀ ਪੈਸਾ ਖਰਚ ਕੇ ਬਣਾਏ ਦਰਿਆਵਾਂ ਉਤੇ ਪੁਲਾਂ ਦੇ ਢਹਿਣ ਦਾ ਖਤਰਾ ਬਣਿਆ ਹੋਇਆ ਹੈ। ਦਰਿਆਵਾਂ ਦੇ ਬਹਾਅ ਬਦਲ ਜਾਣ ਕਾਰਨ ਅਬਾਦੀਆਂ ਅਤੇ ਉਪਜਾਊ ਜ਼ਮੀਨ ਨੂੰ ਲਗਾਤਾਰ ਖਤਰਾ ਪੈਦਾ ਹੋ ਗਿਆ ਹੈ। ਇਹ ਨਜਾਇਜ਼ ਧੰਦਾ ਕਰਨ ਵਾਲਾ ਮਾਫੀਆ ਜਿਥੇ ਵਾਤਾਵਰਨ ਨੂੰ ਖਰਾਬ ਕਰਕੇ ਮਨੁਖਤਾ ਦੇ ਜਾਨ ਤੇ ਮਾਲ ਨੂੰ ਖਤਰੇ ਵਿਚ ਪਾ ਕੇ ਆਪ ਮਾਲੋ ਮਾਲ ਹੋ ਰਿਹਾ ਹੈ ਉਥੇ ਖਪਤਕਾਰਾਂ ਨੂੰ ਵੀ ਇਹ ਧਰਤੀ ਵਿਚੋਂ ਨਿਕਲੀਆਂ ਕੁਦਰਤੀ ਵਸਤਾਂ ਕਈ ਗੁਣਾਂ ਮਹਿੰਗੀਆਂ ਮਿਲ ਰਹੀਆਂ ਹਨ। ਉਸਾਰੀ ਵਿਚ ਲੱਗੇ ਕਾਮਿਆਂ ਨੂੰ ਵੇਹਲੇ ਬੈਠਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਇਹ ਅੰਧਾ ਧੁੰਦ ਮਾਇਨਿੰਗ ਦਾ ਧੰਦਾ, ਰੇਤਾ ਦਾ, ਲਗਭਗ ਸਾਰੇ ਪ੍ਰਾਂਤ ਦੀਆਂ ਖੱਡਾਂ ਅਤੇ ਦਰਿਆਵਾਂ ਦੇ ਕੰਢਿਆਂ ਤੇ ਬਜਰੀ ਅਤੇ ਗਟਕਾ ਨਿਕਾਲਣ ਦਾ ਕੰਮ ਖਾਸ ਕਰਕੇ ਕੰਢੀ ਖੇਤਰ ਵਿਚ ਸ਼ਿਵਾਲਕ ਦੀਆਂ ਪਹਾੜੀਆਂ ਵਿਚੋਂ ਨਿਕਲਦੀਆਂ ਖੱਡਾਂ ਵਿਚ ਅਤੇ ਦਰਿਆਵਾਂ ਦੇ ਕਿਨਾਰਿਆਂ 'ਤੇ ਹੋ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਚਲ ਰਹੇ ਨਜਾਇਜ਼ ਧੰਦੇ ਨਾਲ ਵਾਤਾਵਰਣ ਅਤੇ ਲੋਕਾਂ ਦੇ ਜਾਨ ਅਤੇ ਮਾਲ ਦੇ ਹੋ ਰਹੇ ਨੁਕਸਾਨ ਕਾਰਨ ਪ੍ਰਭਾਵਤ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਜਿਸ ਦਾ ਪ੍ਰਗਟਾਵਾ ਬੱਝਵੇਂ ਰੂਪ ਵਿਚ ਸਮੁੱਚੇ ਪ੍ਰਾਂਤ ਅੰਦਰ ਤਾਂ ਅਜੇ ਸੰਘਰਸ਼ ਦੇ ਰੂਪ ਵਿਚ ਨਜ਼ਰੀ ਨਹੀਂ ਆ ਰਿਹਾ। ਪਰ ਵੱਖ ਵੱਖ ਖੇਤਰਾਂ ਵਿਚ ਪੀੜਤ ਲੋਕਾਂ ਨੇ ਇਸ ਨੂੰ ਰੋਕਣ ਲਈ ਸਮੇਂ ਸਮੇਂ 'ਤੇ ਸੰਘਰਸ਼ ਕੀਤੇ ਹਨ। ਉਦਾਹਰਣ ਵਲੋਂ ਆਨੰਦਪੁਰ ਸਾਹਿਬ ਤਹਿਸੀਲ ਵਿਚ ਕਾਨਪੁਰ ਖੂਹੀ ਏਰੀਏ ਵਿਚ ਲਗਾਤਾਰ ਧਰਨੇ ਮੁਜ਼ਾਹਰੇ ਅਤੇ ਸੜਕਾਂ ਜਾਮ ਕਰਕੇ ਪ੍ਰਸ਼ਾਸਨ ਨੂੰ ਮਜ਼ਬੂਰ ਕੀਤਾ, ਜਿਸ ਦੇ ਸਿੱਟੇ ਵਜੋਂ ਕੁਝ ਕਾਰੋਬਾਰੀਆਂ ਦੇ ਖਿਲਾਫ ਪਰਚੇ ਦਰਜ ਹੋਏ। ਦਿਨ ਸਮੇਂ ਸੜਕਾਂ 'ਤੇ ਟਿੱਪਰ ਟਰਾਲੀਆਂ ਨਹੀਂ ਚਲ ਰਹੀਆਂ ਅਤੇ ਮਿੱਟੀ ਘੱਟੇ ਤੋਂ ਬਚਾਅ ਲਈ ਪਾਣੀ ਦਾ ਛਿੜਕਾਅ ਰਸਤਿਆਂ ਵਿਚ ਲਗਾਤਾਰ ਕੀਤਾ ਜਾਵੇਗਾ ਆਦਿ। ਇਸ ਤਰ੍ਹਾਂ ਪਿਛਲੇ ਸਮੇਂ ਵਿਚ ਜਲੰਧਰ ਜ਼ਿਲ੍ਹੇ ਵਿਚ ਨਕੋਦਰ, ਫਿਲੌਰ ਨਜ਼ਦੀਕ ਦਰਿਆ ਦੇ ਕੰਢਿਆਂ ਤੇ ਹੋ ਰਹੀ ਨਜਾਇਜ਼ ਮਾਇਨਿੰਗ ਦੇ ਖਿਲਾਫ ਲੋਕਾਂ ਨੇ ਸੰਘਰਸ਼ ਕਰਕੇ ਉਸ ਨੂੰ ਬੰਦ ਕਰਵਾਇਆ ਹੈ। ਪਿਛਲੇ ਸਾਲ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿਚ ਵੀ ਬਾਰਡਰ ਦੇ ਏਰੀਆ ਵਿਚ ਨਜਾਇਜ਼ ਮਾਇਨਿੰਗ ਵਿਰੁੱਧ ਸਫਲ ਸੰਘਰਸ਼ ਕੀਤਾ ਜਾ ਚੁੱਕਾ ਹੈ।
ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲੋਕਾਂ ਦੇ ਜੀਵਨ ਅਤੇ ਵਾਤਾਵਰਨ ਨਾਲ ਖਿਲਵਾੜ ਕਰ ਰਹੇ ਇਸ ਮਾਫੀਏ ਦੇ ਖਿਲਾਫ ਸਖਤ ਕਾਰਵਾਈ ਕਰਕੇ ਇਸ ਨੂੰ ਬੰਦ ਕਰਵਾਏ ਪ੍ਰੰਤੂ ਇਸਦੇ ਉਲਟ ਇਸ ਦੇ ਖਿਲਾਫ ਆਵਾਜ਼ ਉਠਾ ਰਹੇ ਲੋਕਾਂ 'ਤੇ ਝੁਠੇ ਕੇਸ ਬਣਾ ਕੇ ਉਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਦੀ ਮਿਸਾਲ ਆਨੰਦਪੁਰ ਸਾਹਿਬ ਤਹਿਸੀਲ ਦੇ ਨੂਰਪੁਰ ਬੇਦੀ ਦੇ ਖੇਤਰ ਦੇ ਲੋਕਾਂ ਵਲੋਂ ਇਲਾਕਾ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਟੁਟੀਆਂ ਸੜਕਾਂ ਅਤੇ ਨਜਾਇਜ਼ ਮਾਈਨਿੰਗ ਦੇ ਖਿਲਾਫ 15 ਦਸੰਬਰ 2014 ਤੋਂ ਸੂਰੂ ਕੀਤਾ ਸੰਘਰਸ਼ ਹੈ। ਜਿਸ ਵਿੱਚ ਖੇਤਰ ਦੇ ਕਿਸਾਨਾਂ, ਮਜਦੂਰਾਂ ਅਤੇ ਮੁਲਾਜਮਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਜਬੂਰ ਕਰਕੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ। ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ਼ ਹੋਈ ਮੀਟਿੰਗ ਤੋਂ ਬਾਅਦ ਸੜਕਾਂ ਦੀ ਮੁਰੰਮਤ ਤਾਂ ਕਰਨੀ ਸ਼ੁਰੂ ਕਰ ਦਿਤੀ ਗਈ ਪਰ ਬਦਲਾ ਲਊ ਭਾਵਨਾ ਨਾਲ਼ 50 ਦੇ ਕਰੀਬ ਸੰਘਰਸ਼ਕਾਰੀਆਂ 'ਤੇ ਝੂਠੇ ਪਰਚੇ ਦਰਜ ਕਰ ਦਿੱਤੇ ਗਏ ਅਤੇ ਇੱਕ ਮੁਲਾਜਮ ਆਗੂ ਨੂੰ ਬਿਨਾਂ ਕਾਰਨ ਮੁਅੱਤਲ ਕਰ ਦਿਤਾ ਗਿਆ।
ਇਹ ਮੁਲਾਜਮ ਆਗੂ, ਉਹ ਅਧਿਆਪਕ ਹੈ ਜਿਸ ਦੇ ਖਿਡਾਏ ਹੋਏ ਵਿਦਿਆਰਥੀ ਜਿਲ੍ਹਾ, ਸੂਬਾ ਅਤੇ ਨੈਸ਼ਨਲ ਪੱਧਰ ਤੇ ਜਿੱਤਾਂ ਪ੍ਰਾਪਤ ਕਰ ਚੁੱਕੇ ਹਨ। ਇਸ ਅਧਿਆਪਕ ਨੂੰ ਸ਼ਖਤ ਮਿਹਨਤ ਅਤੇ ਅਪਣੀ ਡਿਉਟੀ ਪ੍ਰਤੀ ਪੂਰੀ ਜਿੰਮੇਵਾਰੀ ਨਾਲ ਨਿਭਾਉਣ ਕਰਕੇ ਇਨ੍ਹਾਂ ਸ਼ਾਨਾਮਤੀ ਪ੍ਰਾਪਤੀਆਂ ਕਾਰਨ ਸਰਕਾਰ ਵਲੋਂ 15 ਅਗਸਤ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਸ ਨੂੰ ਮੁਅੱਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਉਹ ਉਪਰੋਕਤ ਸੰਘਰਸ਼ਸ਼ੀਲ ਲੋਕਾਂ ਨਾਲ ਮਿਲ ਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਅਵਾਜ ਉਠਾ ਰਿਹਾ ਹੈ। ਅਧਿਆਪਕ ਦੀ ਇਸ ਗੈਰ ਵਾਜਵ ਹੋਈ ਮੁਅੱਤਲੀ ਦੇ ਖਿਲਾਫ ਖੇਤਰ ਦੇ ਹਰ ਵਰਗ ਦੇ ਲੋਕਾਂ ਵਿੱਚ ਸਖਤ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਕਰ ਰਹੇ ਲੋਕਾਂ ਦਾ ਘੇਰਾ ਆਏ ਦਿਨ ਵਿਸ਼ਾਲ ਹੋ ਰਿਹਾ ਹੈ। ਸੰਘਰਸ਼ ਕਰ ਰਹੇ ਲੋਕਾਂ ਤੇ ਸੰਗਠਨਾਂ ਨੇ ਅਹਿਦ ਕੀਤਾ ਹੈ ਕਿ ਜਦੋਂ ਤੱਕ ਲੋਕਾਂ ਦੀਆਂ ਇਨ੍ਹਾਂ ਭੱਖਵੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ, ਮੁਲਾਜ਼ਮ ਆਗੂ ਦੀ ਬਹਾਲੀ ਅਤੇ ਝੂਠੇ ਕੇਸ ਵਾਪਿਸ ਨਹੀਂ ਲਏ ਜਾਂਦੇ ਤਾਂ ਤੱਕ ਸੰਘਰਸ਼ ਨੂੰ ਹੋਰ ਤੇਜ ਤੇ ਵਿਸ਼ਾਲ ਕਰਕੇ, ਜਾਰੀ ਰੱਖਿਆ ਜਾਵੇਗਾ।
ਅੱਜ ਸਮੇਂ ਦੀ ਲੋੜ ਹੈ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਦੀ ਸਰਪ੍ਰਸਤੀ ਹੇਠ ਜੋ ਮਾਫੀਆ ਚੱਲ ਰਿਹਾ ਹੈ ਇਸ ਨੂੰ ਠੱਲ੍ਹ ਪਾਉਣ ਲਈ ਨਜਾਇਜ਼ ਮਾਈਨਿੰਗ ਅਤੇ ਹੋਰ ਮਸਲਿਆਂ ਨੂੰ ਲੈ ਇਨ੍ਹਾਂ ਦੇ ਹੱਲ ਲਈ ਸੂਬਾ ਪੱਧਰ ਤੇ ਇਕ ਬੱਝਵਾਂ ਤੇ ਸਿਰੜੀ ਸੰਘਰਸ਼ ਚਲਾ ਕੇ ਸਰਕਾਰ ਨੂੰ ਮਜਬੂਰ ਕਰੀਏ ਕਿ ਸਰਕਾਰ ਇਨ੍ਹਾਂ ਲੁਟੇਰਿਆਂ ਨੂੰ ਨੱਥ ਪਾਏ। ਕੁਦਰਤ ਅਤੇ ਮਨੁਖੀ ਜਾਨਾਂ ਨਾਲ ਹੋ ਰਿਹਾ ਖਿਲਵਾੜ ਬੰਦ ਹੋਏ। ਇਹ ਕੰਮ ਲੋਕਾਂ ਦੇ ਵਿਸ਼ਾਲ ਇਕੱਠ ਅਤੇ ਸਿਰੜੀ ਸੰਘਰਸ਼ਾਂ ਨਾਲ ਹੀ ਸੰਭਵ ਹੋ ਸਕਦਾ ਹੈ।
ਪ੍ਰਧਾਨ, ਜਮਹੂਰੀ ਕੰਢੀ ਸੰਘਰਸ਼ ਕਮੇਟੀ ਪੰਜਾਬ
No comments:
Post a Comment