Sunday, 1 March 2015

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਮਾਰਚ 2015)

ਪਾਕਿਸਤਾਨੀ ਕਹਾਣੀ

(ਲਹਿੰਦੇ ਪੰਜਾਬ ਦੀ ਉਘੀ ਅਗਾਂਹਵਧੂ ਲੇਖਿਕਾ ਅਫ਼ਜ਼ਲ ਤੌਸੀਫ਼ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਉਨ੍ਹਾਂ ਆਪਣੀ ਲੇਖਨੀ ਰਾਹੀਂ ਹੀ ਨਹੀਂ ਬਲਕਿ ਇਕ ਰਾਜਨੀਤਕ ਕਾਰਕੁਨ ਵਜੋਂ ਵੀ ਪਾਕਿਸਤਾਨ ਵਿਚ ਸਮੇਂ-ਸਮੇਂ ਰਾਜ ਕਰਦੇ ਤਾਨਾਸ਼ਾਹਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਕੈਦ ਵੀ ਕੱਟੀ। ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ, ਉਨ੍ਹਾਂ ਦੀ ਇਹ ਕਹਾਣੀ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ-ਸੰਪਾਦਕੀ ਮੰਡਲ)

ਕਾਬਲ ਕੰਧਾਰ ਦੇ ਅਸਮਾਨ ਉੱਤੇ ਏਸ ਮੌਸਮ ਅੰਨ੍ਹੇਰਾ ਹੋ ਜਾਂਦਾ ਏ। ਸੂਰਜ ਕਿਤੇ ਉਪਰ ਈ ਬਰਫ਼ ਦੇ ਬੱਦਲਾਂ ਦਾ ਬਿਸਤਰਾ ਵਿਛਾ ਕੇ ਸੌਂ ਰਹਿੰਦਾ। ਪਰ ਐਤਕੀਂ ਨਵੰਬਰ ਦੇ ਮਹੀਨੇ ਦੀ ਬਰਫ਼ਬਾਰੀ ਤੋਂ ਪਹਿਲਾਂ ਤਾਂ ਬੰਬਾਰੀ ਹੋ ਗਈ। ਐਟਮੀ ਤਾਕਤ ਦੇ ਬੰਬ ਪਹਾੜਾਂ 'ਤੇ ਫਟੇ। ਬਸਤੀਆਂ ਆਬਾਦੀਆਂ ਨੂੰ ਫਾੜ ਕੇ ਫਟੇ ਤਾਂ ਖ਼ਤਰਨਾਕ ਅੱਗ ਦੀ ਰੌਸ਼ਨੀ ਅਸਮਾਨੀ ਚੜ੍ਹ ਗਈ। ਫੇਰ ਅਗਲੀ ਸਵੇਰ ਨੂੰ ਸੂਰਜ ਵੀ ਨਿਕਲ ਗਿਆ। ਕਿਉਂ ਜੁ ਬੰਬਾਂ ਦੀ ਅੱਗ ਦੇ ਲਾਲ ਲਾਂਬੂ ਨਾਲ ਉਹਦਾ ਬਿਸਤਰਾ ਸੜ ਗਿਆ ਸੀ। ਏਸੇ ਲੋਅ ਵਿਚ ਤੁਸੀਂ ਮੈਨੂੰ ਵੇਖ ਲਿਆ, ਹਾਂ ਮੈਂ ਜੋ ਇਕ ਤਾਲਿਬਾਨ ਹਾਂ। ਅੱਜ ਕੌਣ ਏ ਜੋ ਤਾਲਿਬਾਨ ਨੂੰ ਵੇਖਣਾ ਨਹੀਂ ਚਾਹੁੰਦਾ? ਕਿਹੜਾ ਅਖ਼ਬਾਰ ਏ ਜੀਹਦੇ ਪਹਿਲੇ ਸਫ਼ੇ 'ਤੇ ਮੇਰੀ ਤਸਵੀਰ ਨਹੀਂ ਛਪਦੀ? ਪਰ ਤਸਵੀਰ ਵਿਚ ਤੇ ਅਸਲ ਵਿਚ ਫ਼ਰਕ ਹੁੰਦਾ ਏ। ਹੁਣ ਦੱਸੋ ਤੁਹਾਨੂੰ ਕਿਹੜਾ ਕਿੰਜ ਦਾ ਲੱਗਾ? ਕਾਲੀ ਪਗੜੀ, ਗੋਰਾ ਰੰਗ, ਭੂਰੀ ਭੂਰੀ ਦਾਹੜੀ, ਖ਼ਾਕੀ ਕੱਪੜੇ ਮੇਰੇ ਆਪਣੇ ਲਹੂ ਦੇ ਰੰਗ ਨਾਲ ਰੰਗੇ ਹੋਏ। ਇਹ ਮੇਰੀ ਬੰਦੂਕ ਜੋ ਮੇਰੇ ਕੋਲ ਈ ਪਈ, ਚੰਗਾ ਏ ਟੁੱਟ ਭੱਜ ਗਈ। ਨਹੀਂ ਤਾਂ ਕੋਈ ਹੋਰ ਲੈ ਜਾਂਦਾ, ਮੇਰੀ ਹੀਰ ਨੂੰ ਸੀਨੇ ਨਾਲ ਲਾਈ ਫਿਰਦਾ ਤਾਂ ਮੈਂ ਕਿਵੇਂ ਵੇਖਦਾ? ਕਿਵੇਂ ਜਰਦਾ? 
ਕੀ ਆਖਿਆ! ਮੁਰਦੇ ਵੇਖ ਨਹੀਂ ਸਕਦੇ। ਪਰ ਮੈਂ ਕੋਈ ਆਮ ਮੁਰਦਾ ਨਹੀਂ। ਤੁਸੀਂ ਵੇਖ ਸਕਦੇ ਓ ਮੇਰੀਆਂ ਅੱਖਾਂ ਅਜੇ ਵੀ ਖੁੱਲ੍ਹੀਆਂ ਨੇ। ਤੁਸੀਂ ਵੇਖ ਸਕਦੇ ਓ ਮੇਰੀਆਂ ਅੱਖਾਂ ਦਾ ਰੰਗ ਨਸਵਾਰੀ ਏ। ਏਹੋ ਰੰਗ ਤਾਂਬੇ ਦੇ ਪਹਾੜਾਂ ਦਾ ਵੀ ਹੁੰਦਾ ਏ। ਏਹੋ ਰੰਗ ਮੇਰੇ ਲਗੜ ਦਾਦੇ ਦੀਆਂ ਅੱਖਾਂ ਵਿਚ ਦਿੱਸਦਾ ਸੀ। ਇਹੋ ਰੰਗ ਲੈ ਕੇ ਉਹ ਘਰੋਂ ਨੱਸ ਗਿਆ ਸੀ। ਭੁੱਖ! ਆਹੋ ਭੁੱਖ ਦੇ ਅੱਗੇ ਅੱਗੇ ਨੱਸਦਾ ਉਹ ਖ਼ੈਬਰ ਲੰਘ ਗਿਆ। ਅੱਗੋਂ ਉਹਨੂੰ ਫਰੰਟੀਅਰ ਮੇਲ ਮਿਲ ਗਈ। ਬਸ ਉਸ ਦੇ ਇਕ ਡੱਬੇ ਵਿਚ ਲੁਕ ਕੇ ਉਹ ਬੰਬਈ ਚਲਾ ਗਿਆ। ਉੱਥੇ ਉਹਦਾ ਨਾਂ ਕਾਬਲੀਵਾਲਾ ਪੈ ਗਿਆ। ਪਿਸਤੇ ਬਾਦਾਮ ਵੇਚਦਾ ਫਿਰਦਾ ਫਿਲਮ ਵਾਲਿਆਂ ਨੂੰ ਚੰਗਾ ਲੱਗਾ। ਉਹਨਾਂ ਉਹਦੀ ਕਹਾਣੀ ਬਣਾ ਕੇ ਫਿਲਮ ਬਣਾ ਦਿੱਤੀ। ਉਹ ਫਿਲਮ ਬਥੇਰੀ ਚੱਲੀ। ਬਥੇਰੀ ਵਿਕੀ। ਲੋਕਾਂ ਨੂੰ ਸੱਚੀ ਵੀ ਲੱਗੀ।
ਫਿਲਮ ਤਾਂ ਉਹ ਮੇਰੀ ਵੀ ਬਣਾ ਕੇ ਲੈ ਗਏ ਨੇ। ਬੀ ਬੀ ਸੀ ਵਾਲੇ, ਸੀ ਐਨ ਐਨ ਵਾਲੇ। ਪਰ ਬਸ ਏਨੀ ਕੁ ਕਿ ਮੈਂ ਏਥੇ ਲਹੂ ਲੁਹਾਣ ਪਿਆ ਹੋਇਆ ਵਾਂ। ਸ਼ੁਕਰ ਏ ਆਪਣੀ ਧਰਤੀ ਉੱਤੇ। ਪਰ ਮੈਨੂੰ ਡਰ ਏ ਅੱਗੋਂ ਉਹ ਮੇਰੀ ਝੂਠੀ ਕਹਾਣੀ ਦੀ ਫਿਲਮ ਵੀ ਬਣਾ ਲੈਣਗੇ। ਫੇਰ ਅੱਗੋਂ ਜਦੋਂ ਕਦੇ ਵੇਲੇ ਸਿਰ ਸੂਰਜ ਨਿਕਲਿਆ, ਕਿਸੇ ਨਾ ਕਿਸੇ ਨੂੰ ਮੇਰੀ ਸੱਚੀ ਕਹਾਣੀ ਦੀ ਤਲਾਸ਼ ਹੋਵੇਗੀ। ਪਰ ਝੂਠ ਦੇ ਸਮੁੰਦਰ ਵਿਚ ਸੱਚ ਦੀ ਬੂੰਦ ਕੌਣ ਲੱਭ ਸਕਿਆ? ਲਿਖਣ ਵਾਲੇ ਲਿਖ ਦੇਣਗੇ ਮੈਂ ਇਕ ਜ਼ਾਲਮ ਮਜ਼੍ਹਬੀ, ਜਨੂੰਨੀ, ਔਰਤਾਂ ਨੂੰ ਬੁਰਕੇ ਪਵਾਣ ਵਾਲਾ, ਆਸ਼ਿਕਾਂ ਨੂੰ ਸੰਗਸਾਰ ਕਰਨ ਵਾਲਾ, ਹੋਰ ਬਥੇਰਾ ਕੁਝ। ਪਰ ਇਹ ਸਭ ਕੁਝ ਮੇਰੀ ਕਹਾਣੀ ਨਹੀਂ ਬਣ ਸਕਦਾ।
ਤੁਸੀਂ ਚਾਹੁੰਦੇ ਓ ਤਾਂ ਮੈਂ ਆਪਣੀ ਅਸਲ ਕਹਾਣੀ ਦਾ ਖੁਲਾਸਾ ਕਰ ਸਕਦਾ ਵਾਂ। ਮੇਰੀ ਕਹਾਣੀ ਤਾਂ ਸੌ ਪੀੜ੍ਹੀ ਪਿੱਛੋਂ ਤੁਰੀ ਆਉਂਦੀ ਏ। ਇੱਕੋ ਰਾਹ, ਇੱਕੋ ਜਿਹੀ, ਇਕੋ ਟੋਰ ਟੁਰਦੀ। ਪਰ ਜਦੋਂ ਮੇਰਾ ਲਗੜ ਦਾਦਾ ਬੰਬਈ ਦਾ ਕਾਬਲੀਵਾਲਾ ਬਣਨ ਲਈ ਦੇਸ਼ ਛੱਡ ਗਿਆ, ਆਪਣੇ ਬਾਲ ਬੱਚੇ ਪਿੱਛੇ ਛੱਡ ਗਿਆ ਤਾਂ ਕਹਾਣੀ ਦੀ ਪਟੜੀ ਰਤਾ ਕੁ ਬਦਲ ਗਈ। ਬੰਬਈ ਦੇ ਤੋਹਫ਼ੇ, ਕੱਪੜੇ ਲੈ ਕੇ ਆਵਣ ਵਾਲੀ ਗੱਡੀ ਬਸ ਥੋੜ੍ਹੇ ਦਿਨ ਚੱਲੀ। ਉਸ ਥੀਂ ਪਿੱਛੇ ਮੇਰਾ ਲਗੜ ਦਾਦਾ ਪੈਸੇ ਖਰਚ ਕਰਕੇ ਦੂਜੀ ਵਹੁਟੀ ਵਿਆਹ ਕੇ ਲੈ ਗਿਆ ਤਾਂ ਮੇਰੇ ਦਾਦੇ ਦਾ ਟੱਬਰ ਬੁਰੇ ਹਾਲੀਂ ਹੋ ਗਿਆ। ਉਹ ਸੁੱਕੇ ਪਹਾੜ, ਉਹੋ ਚਾਰ ਛੇ ਬਕਰੀਆਂ ਤੇ ਸਰਦਾਰ ਦੀ ਬੇਗਾਰ। ਉਹ ਛੇਤੀ ਮਰ ਵੀ ਗਿਆ। ਪਹਾੜਾਂ ਦੇ ਲੋਕੀਂ ਲੂਣ ਰੋਟੀ ਖਾ ਕੇ ਚਸ਼ਮੇ ਦਾ ਪਾਣੀ ਪੀਂਦੇ ਨੌ ਬਰ ਨੌ ਰਹਿੰਦੇ ਨੇ। ਪਰ ਜੇ ਕੋਈ ਰੋਗ ਲੱਗ ਜਾਵੇ ਤਾਂ ਬੱਕਰੀ ਵਾਂਗ ਛੇਤੀ ਨਿਬੜ ਜਾਂਦੇ ਨੇ। ਕਿਉਂ ਜੋ ਨਵੀਆਂ ਬਿਮਾਰੀਆਂ ਦਾ ਇਲਾਜ ਹਕੀਮ ਕੋਲ ਨਾ ਮੁੱਲਾਂ ਕੋਲ। ਕਾਬਲ ਦੇ ਡਾਕਟਰ ਕੋਲ ਜਾਣਾ ਇਕ ਝੁੱਗੀਵਾਸ ਅਫ਼ਗਾਨੀ ਵਾਸਤੇ ਖ਼ਾਬ ਖ਼ਿਆਲ ਵਾਲੀ ਗੱਲ ਏ। 
ਹਾਂ ਜੀ! ਮੈਂ ਕਹਿ ਰਿਹਾ ਸਾਂ ਮੇਰਾ ਦਾਦਾ ਭਰੀ ਜਵਾਨੀ ਵਿਚ ਈ ਮਰ ਗਿਆ। ਆਪਣੇ ਪਿੱਛੇ ਪੰਜ ਛੇ ਨਿਆਣੇ ਛੱਡ ਗਿਆ। ਏਸ ਤੋਂ ਬਾਅਦ ਇੱਦਤ ਤੇ ਬਾਜਾਂ ਦੀ ਮਾਂ ਵੀ ਪਰਾਈ ਹੋ ਗਈ ਕਿਉਂ ਜੋ ਕਬਾਇਲੀ ਦਸਤੂਰ ਮੂਜਬ ਬੇਵਾ ਜਵਾਨ ਹੋਵੇ ਤਾਂ ਮੁੜ ਬਾਪ ਭਾਈ ਦੀ ਮਲਕੀਅਤ ਹੋ ਜਾਂਦੀ ਏ। ਮੁੜ ਕੇ ਵੇਚ ਦਿੱਤੀ ਜਾਂਦੀ ਏ। ਏਸ ਤਰ੍ਹਾਂ ਹੋ ਜਾਣ ਪਿੱਛੋਂ ਉਹ ਅਗਲੇ ਮਰਦ ਦੇ ਬੱਚੇ ਜੰਮਦੀ ਏ। ਉਸੇ ਲਈ ਲਕੜੀਆਂ ਚੁਗਦੀ, ਪਾਣੀ ਭਰਦੀ ਏ। ਆਪਣੇ ਪਿਛਲੇ ਬਾਲਾਂ ਲਈ ਕੁਝ ਵੀ ਨਹੀਂ ਕਰ ਸਕਦੀ। ਤੁਸੀਂ ਸੋਚ ਰਹੇ ਓ ਮੇਰੇ ਦਾਦੇ ਦੇ ਬੱਚਿਆਂ ਦਾ ਕੀ ਬਣਿਆ?
ਮੈਂ ਦਸਨਾ ਵਾਂ। ਉਹਨਾਂ ਵਿਚੋਂ ਮੇਰਾ ਬਾਪ ਸਭ ਤੋਂ ਵੱਡਾ, ਦਸਾਂ ਕੁ ਸਾਲਾਂ ਦਾ ਸੀ। ਉਸੇ ਨੂੰ ਵਿਰਸਾ ਮਿਲਿਆ.... ਚਾਰ ਭੈਣ ਭਰਾ। ਦਸ ਭੇਡਾਂ ਦੁੰਬੇ। ਕੱਚਾ ਕੋਠਾ ਤੇ ਬਾਦਾਮ ਦੇ ਭਰੇ ਦਰਖ਼ਤ ਜੋ ਸਾਡੀ ਪੜਦਾਦੀ ਨੇ ਬੀਜੇ ਸੀ, ਪਰ ਭੇਡ ਦੇ ਬੱਚਿਆਂ ਵਾਂਗ ਫਲਦੀ ਫ਼ਸਲ ਦਾ ਅੱਧ ਈ ਸਰਦਾਰ ਨੂੰ ਜਾਂਦਾ ਸੀ। ਫੇਰ ਵੀ ਚੰਗਾ ਰਿਹਾ। ਮੇਰੇ ਬਾਪ ਨੇ ਆਪਣੇ ਬਾਪ ਦੇ ਬੱਚੇ ਪਾਲ ਦਿੱਤੇ। ਜਵਾਨ ਹੋ ਕੇ ਭੈਣ ਦੇ ਵੱਟੇ ਉਹਨੂੰ ਵਹੁਟੀ ਮਿਲ ਗਈ। ਚੰਗੀ ਕਿਸਮਤ, ਨਹੀਂ ਤਾਂ ਵਲੋਰਵੀ ਰਕਮ ਜਮ੍ਹਾਂ ਕਰਦਾ ਬੁੱਢਾ ਹੋ ਜਾਂਦਾ। ਜਿਵੇਂ ਹੋਰ ਗ਼ਰੀਬ ਅਫ਼ਗਾਨ ਹੋ ਜਾਂਦੇ ਨੇ। ਏਥੇ ਤੋੜੀ ਤਾਂ ਸਭ ਕੁਝ ਉਸੇ ਤਰ੍ਹਾਂ ਹੋਇਆ, ਜਿਸ ਤਰ੍ਹਾਂ ਸਦੀਆਂ ਤੋਂ ਹੋ ਰਿਹਾ ਸੀ। ਉਹ ਸ਼ਾਇਰ ਏ ਨਾ ਮਹਿਰਾਬ ਗੁਲ, ਉਹਨੇ ਜਿਸ ਤਰ੍ਹਾਂ ਕਿਹਾ ਸੀ;
ਰੋਮੀ ਬਦਲੇ ਸ਼ਾਮੀਂ ਬਦਲੇ ਬਦਲਾ ਹਿੰਦੋਸਤਾਨ।
ਤੂੰ ਭੀ ਐ ਫਰਜ਼ੰਦ ਕਹਿਸਤਾਂ ਆਪਣੀ ਖੁਦੀ ਪਹਿਚਾਨ।
ਆਪਣੀ ਖੁਦੀ ਪਹਿਚਾਨ ਉਹ ਗਾਫ਼ਲ ਅਫਗਾਨ।
ਅਫ਼ਗਾਨਿਸਤਾਨ ਦੇ ਸ਼ਹਿਰਾਂ ਤੋਂ ਇਕ ਸ਼ੋਰ ਉੱਠਿਆ। ਖ਼ੌਰੇ ਉਹ ਖੁਦੀ ਪਛਾਨਣ ਦੀ ਗੱਲ ਸੀ ਜਾਂ ਇਨਕਲਾਬ ਦਾ ਰੌਲਾ ਰੱਪਾ। ਬੜੀ ਛੇਤੀ ਉਹ ਗੱਲ ਗੁੱਠਾਂ ਗਰਾਵਾਂ ਤੋੜੀ ਵੀ ਅੱਪੜ ਗਈ। ਇਨਕਲਾਬ ਸ਼ੋਰ ਦੀ ਗੱਲ ਲੋਕਾਂ ਸੁਣੀ ਪਰ ਅਜੇ ਸਮਝੀ ਨਹੀਂ ਸੀ। ਸਵੇਰੇ ਸਾਰੇ ਮਰਦਾਂ ਨੂੰ 'ਕੱਠਾ ਕਰਕੇ ਉਹਨਾਂ ਦੋਹਾਂ ਨੇ ਆਪਣਾ ਗ਼ਮ ਤੇ ਗੁੱਸਾ ਜ਼ਾਹਰ ਕੀਤਾ। ''ਖੁਦ ਕਾਬਲ ਮੇਂ ਵੋਹ ਆ ਗਏ ਹੈਂ ਜੋ ਲੋਗੋਂ ਸੇ ਮਜ਼੍ਹਬ ਛੀਨ ਲੇਤੇ ਹੈਂ। ਦੌਲਤ ਛੀਨ ਲੇਤੇ ਹੈਂ, ਔਰਤੋਂ ਕੇ ਬੁਰਕੇ ਉਤਰਵਾ ਕਰ ਨੰਗੇ ਮੂੰਹ ਫਿਰਾਤੇ ਹੈਂ। ਮੁੱਲਾਂ ਕੋ ਮਸਜਿਦ ਸੇ, ਬਾਪ ਕੋ ਵਲੋਰ ਸੇ ਔਰ ਸਰਦਾਰ ਕੋ ਸਰਦਾਰੀ ਸੇ ਮਰਹੂਮ ਕਰ ਦੇਤੇ ਹੈਂ।'' ਏਸ ਤਰ੍ਹਾਂ ਦੀ ਗੱਲ ਸੁਣ ਕੇ ਸਾਰੇ ਈ ਜੋਸ਼ ਵਿਚ ਆ ਗਏ। ਸਗੋਂ ਮਾਰਨ ਮਰਨ ਦੀ ਗੱਲ ਸ਼ੁਰੂ ਹੋ ਗਈ। ਪਰ ਅਗਲੇ ਦਿਨ ਕੁਝ ਲੋਕੀ ਨਾਲ ਦੇ ਪਿੰਡਾਂ ਤੋਂ ਆਏ। ਬੜੇ ਖੁਸ਼ ਸੀ ਉਹ। ਉਹਨਾਂ ਬੜੀਆਂ ਚੰਗੀਆਂ ਗੱਲਾਂ ਕੀਤੀਆਂ। ਸਾਨੂੰ ਦੱਸਿਆ ਕਿ ਨਵੇਂ ਸਿਸਟਮ ਵਿਚ ਸਾਰਿਆਂ ਦਾ ਫਾਇਦਾ ਏ ਬਸ ਇਕ ਸਰਦਾਰ ਦਾ ਨੁਕਸਾਨ ਏ। ਉਹਦੀ ਗੱਲ ਈ ਨਾ ਸੁਣੋ। ਹੁਣ ਅਸਾਂ ਆਪਣੀਆਂ ਭੇਡਾਂ ਤੇ ਬਦਾਮਾਂ, ਅਖਰੋਟਾਂ ਦੇ ਆਪੇ ਮਾਲਕ ਹੋਵਾਂਗੇ। ਕੁੜੀ ਦਾ ਵਲੋਰ ਨਹੀਂ ਮਿਲੇਗਾ ਤਾਂ ਬਹੁਤ ਲਿਆਵਣ ਲਈ ਵੀ ਰਕਮ ਖਰਚ ਨਹੀਂ ਹੋਣੀ। ਇਕੋ ਗੱਲ ਏ ਨਾ, ਸੂਦ ਖ਼ੋਰ ਵੀ ਸਿੱਧਾ ਹੋ ਜਾਣਾ ਏ। ਸਾਡੀ ਝੁੱਗੀ ਥੱਲੇ ਦੀ ਜ਼ਮੀਨ ਸਾਡੀ, ਪਹਾੜ ਦੀ ਬੂਟੀ ਚਸ਼ਮੇ ਦਾ ਪਾਣੀ ਸਭ ਮੁਫ਼ਤ। ਫੇਰ ਉਹਨਾਂ ਇਕ ਗੀਤ ਸੁਣਾਇਆ :
ਸਦੀਆਂ ਤੋਂ ਪਰ ਕੱਟੇ ਪੰਛੀ ਆਜ਼ਾਦ ਹੋ ਗਏ
ਉਹਨਾਂ ਪਿੰਜਰੇ ਭੰਨ ਸੁੱਟੇ
ਨੱਸ ਗਿਆ ਨੱਸ ਗਿਆ
ਜੇਲ੍ਹ ਬਨਾਵਣ ਵਾਲਾ
ਨਸ ਗਿਆ ਜੇਲ੍ਹ ਨੂੰ ਜਿੰਦਰੇ ਲਾਵਣ ਵਾਲਾ
ਧਰਤੀ ਆਜ਼ਾਦ ਜੰਗਲ ਆਜ਼ਾਦ।
ਆਜ਼ਾਦ ਹੋਏ ਪਹਾੜ ਸਾਡੇ 
ਧੀਆਂ ਪੁੱਤਰ ਆਜ਼ਾਦ।
ਫੇਰ ਜਦੋਂ ਰੇਡੀਓ 'ਤੇ ਗੀਤ ਗੂੰਜਿਆ :
ਐ ਮੇਰੇ 'ਚੋਂ ਗਰ ਦਿਲਬਰ 
ਤੂੰ ਆਜ਼ਾਦ ਮੈਂ ਆਜ਼ਾਦ 
ਪਾਟੇ ਲੀੜੇ, ਨੰਗੇ ਪੈਰ
ਖ਼ਾਨ ਸਾਹਬਾਂ ਦੇ ਨੌਕਰ
ਆਜ਼ਾਦ ਹੋਏ ਆਜ਼ਾਦ ਹੋਏ
ਆਜ਼ਾਦ ਹੋਏ ਸਭ ਕੰਮੀ ਕਾਮੇ ਕਰਗਰ
ਹੋਈ ਮਿਹਨਤ ਵੀ ਆਜ਼ਾਦ।
ਅਸੀਂ ਸਾਰੇ ਗੀਤ ਸੁਣ ਕੇ ਇਨਕਲਾਬ ਜ਼ਿੰਦਾਬਾਦ ਕਰਕੇ ਧਮਾਲਾਂ ਪਾਵਣ ਲੱਗ ਪਏ। ਕਿਉਂ ਜੁ ਅਸੀਂ ਸਾਰੇ ਸਦੀਆਂ ਦੇ ਬੰਦੀ, ਕਦੇ ਗੀਤ ਸੁਣਨ ਜਾਂ ਖ਼ਾਬ ਵੇਖਣ ਲਈ ਵੀ ਆਜ਼ਾਦ ਨਹੀਂ ਸਾਂ ਰਹੇ। ਪਰ ਸਾਡੇ ਮੁਕੱਦਰ! ਉਹ ਇਨਕਲਾਬ ਆਪੇ ਅੰਦਰੋਂ ਟੁੱਟਣ ਲੱਗ ਪਿਆ। ਪਹਿਲੀ ਖ਼ਾਨਾਜੰਗੀ ਇਨਕਲਾਬੀਆਂ ਦੇ ਅੰਦਰੋਂ ਉਭਰੀ। ਉਹ ਸਰਦਾਰਾਂ ਦਾ ਪਿੱਛਾ ਕਰਨ ਦੀ ਥਾਂ ਇਕ ਦੂਜੇ ਨੂੰ ਮਾਰਨ ਲੱਗ ਪਏ। ਖੇਤ ਬੀਜਣ ਤੋਂ ਪਹਿਲਾਂ ਈ ਉਜਾੜਨ ਲੱਗ ਪਏ।
ਮੇਰੀ ਗੱਲ ਖਿਲਰਦੀ ਜਾ ਰਹੀ ਏ ਪਰ ਕੀ ਕਰਾਂ ਏਸ ਖਲਾਰ ਤੋਂ ਅੱਡ ਹੋ ਕੇ ਮੇਰੀ ਕਹਾਣੀ ਸਮਝੀ ਨਹੀਂ ਜਾ ਸਕਦੀ। ਤੇਰੇ ਵਰਗੇ ਦਾ ਕੀ ਏ? ਬੜਾ ਅਸਾਨ ਮੁਖਸਰ ਜਿਹਾ ਅਫ਼ਸਾਨਾ ਲਿਖ ਮਾਰੇਂਗਾ। ਇਹੋ ਨਾ ਤਾਲਿਬਾਨ, ਇਕ ਪੈਦਾਇਸ਼ੀ ਖ਼ਤਰਨਾਕ ਦਹਿਸ਼ਤਗਰਦ ਹੁੰਦਾ ਏ। ਪੈਂਟਾਗਨ ਨੂੰ ਉਡਾ ਸਕਦਾ ਏ, ਵਰਲਡ ਟਰੇਡ ਸੈਂਟਰ ਆਫ਼ ਅਮਰੀਕਾ ਨਾਲ ਟਕਰਾ ਸਕਦਾ ਏ ਤੇ ਵਰਲਡ ਪਾਵਰ ਸੋਵੀਅਤ ਯੂਨੀਅਨ ਨੂੰ ਵੀ ਭੰਨ ਤ੍ਰੋੜ ਕੇ ਪਰ੍ਹਾਂ ਸੁੱਟ ਸਕਦਾ ਏ। ਪਰ ਏਸ ਤਰ੍ਹਾਂ ਦਾ ਅਫ਼ਸਾਨਾ ਤੇਰੇ ਕਲਮ ਦੀ ਖਜਾਲਤ ਤੋਂ ਅੱਗੇ ਕੁਝ ਵੀ ਨਹੀਂ। ਕੱਲ੍ਹ ਦੀ ਗੱਲ ਨੂੰ ਛੱਡ ਦੇ, ਅੱਜ ਵੇਖ, ਇਹ ਮੇਰੀ ਲਾਸ਼ ਹੈ ਨਾ, ਲਹੂ ਮਿੱਟੀ ਵਿਚ ਰੁਲਿਆ ਹੋਇਆ ਜਿਹਾ। ਇਹਨੂੰ ਦਫਨਾਵਣ ਲਈ ਮੇਰੇ ਕਬੀਲੇ ਦਾ ਕੋਈ ਜੀ ਏਥੇ ਨਹੀਂ। ਉਹ ਸਾਰੇ ਮਰ ਚੁੱਕੇ ਨੇ ਜਾਂ ਨੱਸ ਗਏ ਹੋਏ ਨੇ, ਖੌਰੇ ਕਿਥੇ ਕਿਥੇ ਗਾਰਾਂ ਵਿਚ ਜਾਂ ਮਹਾਜਰੀਨ ਦੇ ਕੈਂਪਾਂ ਕਾਫ਼ਲਿਆਂ ਦੇ ਹਜ਼ੂਮ ਅੰਦਰ। ਮੇਰਾ ਨਾਂ ਲੈਣ ਤੋਂ ਡਰਦੇ। ਮੈਨੂੰ ਪਤਾ ਨਹੀਂ ਮੇਰਾ ਬਾਪ ਭਰਾ ਕਿਥੇ ਨੇ? ਐਨਾ ਜ਼ਰੂਰ ਪਤਾ ਏ ਮੇਰੀ ਵਹੁਟੀ ਮੇਰੇ ਬੱਚੇ ਕਾਬਲ ਵਿਚ ਕਲਸਟਰਡ ਬੰਬਾਂ... ਖੈਰ ਛੱਡੋ ਏਸ ਗੱਲ ਨੂੰ। ਕਹਾਣੀ ਬਹੁਤੀ ਲੰਮੀ ਹੋ ਜਾਊ।
ਤੂੰ ਚੱਲ ਮੇਰੇ ਨਾਲ, ਮੈਂ ਆਪਣੀ ਕਹਾਣੀ ਨੂੰ ਮੁੜ ਉੱਥੇ ਲੈ ਕੇ ਚੱਲਦਾ ਵਾਂ ਜਿੱਥੇ ਉਹ ਜਨਮੀ ਸੀ। ਹਾਂ ਮੈ ਦੱਸ ਰਿਹਾ ਸੀ ਮੇਰਾ ਬਾਬਾ ਜੋ ਆਪਣੇ ਬਚਪਨ ਵਿਚ ਜਬਰਦਸਤੀ ਕਈ ਨਿੱਕੇ ਨਿੱਕੇ ਬਾਲਾਂ ਦਾ ਪਾਲਣਹਾਰ ਬਣਾ ਦਿੱਤਾ ਗਿਆ। ਪਰ ਮੇਰੀ ਮਾਂ ਨੇ ਨਿਰੇ ਮੁੰਡੇ ਈ ਜੰਮੇ। ਕੁੜੀ ਜੋ ਵਿਕ ਸਕਦੀ ਸੀ ਇਕ ਵੀ ਨਾ ਹੋਈ। ਪਠਾਨ ਕਬਾਇਲੀ ਸਮਾਜ ਦੇ ਥਲੜੇ ਤਬਕੇ ਵਿਚ ਇਕ ਹੋਰ ਬੇਨਸੀਬੀ। ਉਧਰ ਭੇਡਾਂ ਨੂੰ ਬੀਮਾਰੀ ਆਈ ਤਾਂ ਅੱਧੀਆਂ ਕੁ ਮਰ ਗਈਆਂ। ਕੁਦਰਤ ਖ਼ੌਰੇ ਕਿਉਂ ਇਕੋ ਵਾਰੀ ਨਾ-ਮਿਹਰਬਾਨ ਹੋ ਗਈ। ਬਾਰਸ਼ ਬਰਫ਼ ਘਟ ਗਈ। ਪਹਾੜੀ ਬੂਟੀ ਜੋ ਭੇਡਾਂ ਦੀ ਖੁਰਾਕ ਬਣਦੀ ਏ, ਭਰ ਕੇ ਨਾ ਉੱਗ ਸਕੀ। ਸਰਦਾਰ ਦਾ ਹਿੱਸਾ ਘਟਿਆ ਤਾਂ ਗੁੱਸਾ ਵੱਧ ਗਿਆ। ਹੁਣ ਕੀ ਏ? ਭੁੱਖ ਨੰਗ, ਸਰਦੀ, ਚਾਰ ਮੁੰਡੇ, ਬਾਲ ਮਜ਼ਦੂਰੀ ਕੋਈ ਨਾ। ਲੜਕੀ ਤਮੜੀ ਨਾ ਭੇਡ ਬੱਕਰੀ। ਗੁੱਠਾਂ ਗਰਾਵਾਂ ਵਿਚ ਏਸੇ ਤਰ੍ਹਾਂ ਸੀ। ਸ਼ਹਿਰਾਂ ਅੰਦਰ ਜੰਗ ਈ ਜੰਗ। ਕੌਣ ਕੀਹਦੇ ਨਾਲ ਭਿੜ ਰਿਹਾ ਸੀ। ਅਫ਼ਗਾਨਿਸਤਾਨ ਵਿਚ ਖ਼ਾਨਾਜੰਗੀ ਇੰਟਰਨੈਸ਼ਨਲ ਤਾਕਤਾਂ ਦਾ ਯੁੱਧ ਬਣ ਗਈ। ਅਮਰੀਕਾ, ਪਾਕਿਸਤਾਨ ਤੇ ਅਫ਼ਗਾਨ ਧੜੇ ਸਾਰੇ ਈ... ਇਸਲਾਮ ਵਾਲੇ, ਸ਼ਮਾਲ ਵਾਲੇ, ਜਨੂਬ ਵਾਲੇ ਆਪਣਾ ਆਪਣਾ ਅਸਲਾ ਆਪਣੀ ਆਪਣੀ ਸਿਆਸਤ ਲੈ ਕੇ ਭਿੜ ਗਏ। ਏਸ ਜੰਗ ਤੇ ਖ਼ਾਨਾਜੰਗੀ ਵਿਚ ਸਭ ਤੋਂ ਕਾਰ ਹਥਿਆਰ ਮੁੱਲਾਂ ਨੇ ਤਿਆਰ ਕੀਤਾ। ਅਫ਼ਗਾਨ ਤੇ ਪਾਕਿਸਤਾਨ ਦੇ ਮੁੱਲਾ ਬਹੁਤੇ ਬੜੇ ਸਿਆਸਤਬਾਜ਼ ਤੇ ਨਹੀਂ, ਪਰ ਇਨ੍ਹਾਂ ਕੋਲ ਕੱਚਾ ਮਾਲ ਬੜਾ ਏ। ਮਜ਼੍ਹਬ ਦੇ ਮਸਾਲੇ ਵਿਚ ਕਬਾਇਲੀ ਅਸਲੀਅਤ, ਫਿਰਕਾਬੰਦੀ ਤੇ ਜਹਾਦ ਦਾ ਲੋਹਾ ਕੁੱਟ ਕੇ ਕੱਚੀ ਉਮਰਾਂ ਦੇ ਗ਼ਰੀਬ ਮੁੰਡਿਆਂ ਨੂੰ ਖਵਾ ਦੇਵੋ, ਤਾਲਿਬਾਨ ਵਰਗਾ ਅਸਲਾ ਬਣ ਜਾਏਗਾ। ਖਾਨਾਜੰਗੀ ਦੇ ਦਿਨਾਂ ਵਿਚ ਏਸ ਅਸਲੇ ਦੀ ਲੋੜ ਵੱਧ ਗਈ। ਅਮਰੀਕਾ ਆਪੇ ਵੱਡਾ ਖਰੀਦਦਾਰ ਸੀ। ਮੈਂ ਕੀ, ਹਿੱਸੇਦਾਰੀ ਤੁਹਾਨੂੰ ਬੜਾ ਕੁਝ ਦੱਸ ਸਕਦੀ ਏ। ਪਰ ਤੁਸੀਂ ਤਾਂ ਕਾਰੋਬਾਰੀ ਕਹਾਣੀ ਲਿਖਦੇ ਓ ਬੜੀ ਮੁਖਸਰ, ਜੋ ਵੀ ਪੈਰਾਂ ਵਿਚ ਪਿਆ ਲੱਭ ਜਾਵੇ ਜਾਂ ਮੇਡ ਈਜੀ ਵਰਗਾ ਕੁਝ, ਕਿਤਾਬ ਲੱਭਣ ਦੀ ਕੀ ਲੋੜ ਏ?
ਏਸੇ ਤਰ੍ਹਾਂ ਕਰਕੇ ਉਹਨਾਂ ਸਾਨੂੰ ਕੁਰਾਨ ਪੜ੍ਹਾਇਆ। ਤਵੀਜ਼ ਘੋਲ ਕੇ ਪਿਆ ਦਿੱਤੇ। ਉਹੋ ਤਵੀਜ਼ ਜੋ ਮੁੱਲਾਂ ਨੇ ਲਿਖੇ। ਸਾਡੀ ਪੜ੍ਹਾਈ ਦੀਨ ਦੁਨੀਆ ਬਾਰੇ ਜਾਣਕਾਰੀ ਲਈ ਨਹੀਂ ਸਗੋਂ ਬੇਖ਼ਬਰੀ ਲਈ ਸੀ। ਦੋ ਚਾਰ ਲਫ਼ਜ਼ ਅੰਗਰੇਜ਼ੀ ਦੇ ਮੈਂ ਉਦੋਂ ਸਿੱਖ ਗਿਆ ਸਾਂ ਜਦੋਂ ਹੁਕਮਰਾਨ ਕਲਾਸ ਦਾ ਸਿਪਾਹੀ ਬਣ ਗਿਆ। ਗੱਲ ਚੱਲੀ ਸੀ ਖ਼ਾਨਾਜੰਗੀ ਦੇ ਜ਼ਮਾਨੇ, ਸਿਪਾਹੀ ਮੇਡ ਈਜ਼ੀ ਬਣਾਵਣ ਦੀ। ਗਰੀਬੀ ਦੀ ਕੁੱਖ ਤੋਂ ਜੰਮੇ ਕੱਚੀ ਉਮਰ ਦੇ ਮੁੰਡੇ ਬੇਹਿਸਾਬ। ਦੀਨੀ ਮਦਰੱਸੇ ਕਾਰਖਾਨੇ ਬਣ ਗਏ। ਸ਼ਹਿਰ ਗਰਾਂ ਹਰ ਥਾਂ ਸਰਦਾਰ ਆਪ ਭਰਤੀ ਭੇਜ ਰਿਹਾ ਸੀ, ਆਪਣੀ ਨਿਗਰਾਨੀ ਵਿਚ ਤੇ ਬੜੀ ਮਿਹਰ ਨਾਲ ਭੁੱਖੀ ਝੁੱਗੀ ਦੇ ਜਾਏ ਨੂੰ ਵਜ਼ੀਫੇ ਦੇ ਕੇ ਪੜ੍ਹਾ ਰਿਹਾ ਸੀ। ਸਾਡੇ ਆਪੇ ਬੜੇ ਖੁਸ਼, ਸ਼ੁਕਰਗੁਜ਼ਾਰੀ ਨਾਲ ਹੋਰ ਵੀ ਲਿਫ ਗਏ। ਨੰਗੇ ਪੈਰਾਂ ਨੂੰ ਬੂਟ ਮਿਲ ਗਏ। ਭੁੱਖੇ ਢਿੱਡਾਂ ਨੂੰ ਰੋਟੀ ਪਰੇਡ ਕਰਨ ਦੀ ਕਮਾਈ, ਆਖ਼ਰਤ ਦੀਨੀਆ, ਦਰਜੇ ਜਹਾਦ, ਸ਼ਹਾਦਤ। ਗਾਫ਼ਲ ਅਫ਼ਗਾਨ ਨੂੰ ਹੋਰ ਕੀ ਚਾਹੀਦਾ?
ਆਪਣੀ ਖੁਦੀ ਪਹਿਚਾਣ ਓ ਗਾਫ਼ਲ ਅਫ਼ਗਾਨ!
ਸਾਡੀ ਪੜ੍ਹਾਈ ਵਿਚ ਖ਼ੁਦੀ ਵਾਲੀ ਸਾਰੀ ਗੱਲ ਮੁੱਲਾਂ ਮਜ਼੍ਹਬ ਨਾਲ ਜੋੜ ਦਿੱਤੀ ਗਈ ਸੀ। ਪਹਿਲਾਂ ਤਾਂ ਗੱਲ ਸਮਝ ਵਿਚ ਨਾ ਆਈ। ਪਰ ਜਦੋਂ ਆਈ ਤਾਂ ਇਕ ਨਸ਼ਾ ਚੜ੍ਹ ਗਿਆ। ਦੋ ਜਹਾਨ ਦੀ ਜੰਨਤ ਫ਼ਲ ਮੇਵੇ ਹੂਰਾਂ ਦੁੱਧ ਸ਼ਹਿਦ ਦੀਆਂ ਨਹਿਰਾਂ। ਮਰ ਗਏ ਤਾਂ ਸ਼ਹੀਦ, ਬਚ ਗਏ ਤਾਂ ਗ਼ਾਜ਼ੀ। ਤਾਲਿਬਾਨ ਨੂੰ ਹਕੂਮਤ ਮਿਲ ਗਈ। ਫੇਰ ਵੀ ਖੌਫ਼ ਬੜਾ ਸੀ। ਮੇਰਾ ਹਾਕਮ ਮੁੱਲਾਂ, ਫੌਜੀ ਤਾਕਤ ਕਮਾਂਡਰਾਂ ਕੋਲ, ਫੇਰ ਵੀ ਮੇਰੇ ਵਰਗਿਆਂ ਕੋਲ ਬਥੇਰਾ ਸੀ... ਬੰਦੂਕ ਵਰਦੀ, ਤਨਖਾਹ, ਤਰੱਕੀ... ਵੇਲੇ ਦੇ ਨਾਲ ਨਾਲ ਦੁਸ਼ਮਣ ਸੱਜਣ ਬਦਲ ਜਾਂਦੇ ਰਹੇ। ਦਸ ਬਾਰਾਂ ਸਾਲ ਪਿੱਛੇ ਨਕਸ਼ਾ ਈ ਹੋਰ ਸੀ। ਦਸ ਬਾਰਾਂ ਸਾਲ ਦੀ ਉਮਰੇ ਮੈਂ ਇਕ ਚੰਗਾ ਨਿਸ਼ਾਨੇਬਾਜ਼ ਤੇ ਪਹਾੜੀ ਜੰਗ ਦਾ ਮਾਹਿਰ ਹੋ ਚੁੱਕਾ ਸੀ। ਰੂਸ ਵਰਗੇ ਸੁਪਰ ਪਾਵਰ ਲਸ਼ਕਰ ਨਾਲ ਭਿੜਨ ਵਾਸਤੇ ਟਰੇਨਿੰਗ ਬੜੀ ਸਖ਼ਤ ਕੀਤੀ ਹੋ ਗਈ, ਤਨਖਾਹ ਵੱਧ ਗਈ। ਅਮਰੀਕਾ ਤੇ ਹੈ ਈ ਸੀ, ਯੂਰਪ ਤੇ ਅਮੀਰ ਮੁਲਕ ਵੀ ਬੜੀ ਅਮਦਾਦ ਪਹੁੰਚਾ ਰਹੇ ਸੀ। ਵੱਡਾ ਤੇ ਪੱਕਾ ਇਤਹਾਦੀ ਇਹੋ ਪਾਕਿਸਤਾਨ ਜਿਹਨੇ ਅੱਜ ਮਰਵਾਇਆ ਏ। ਏਸੇ ਨੇ ਪੂਰੀ ਯਕਜਹਤੀ ਪੂਰੇ ਵੀਹ ਸਾਲ ਰੱਖੀ। ਪਰ ਉਹ ਹਰ ਹਾਲ ਅਮਰੀਕਾ ਨਾਲ ਸੀ।
ਉਹ ਦਿਨ ਜਦੋਂ ਰੂਸੀ ਫੌਜਾਂ ਕਾਬਲ ਅੱਪੜੀਆਂ। ਅਫ਼ਗਾਨਿਸਤਾਨ ਅਮਰੀਕਾ ਦੀ ਅੱਖ ਦਾ ਤਾਰਾ ਸੀ। ਪਰ ਅਫਗਾਨ ਅਵਾਮ ਜੋ ਸਾਰੀ ਦੁਨੀਆਂ ਵਿਚ ਖਿੱਲਰ ਗਏ ਹੋਏ ਸੀ ਕੁੱਝ ਹੋਰ ਵੀ ਉੱਜੜ ਗਏ। ਅੱਧਾ ਮੁਲਕ ਤਾਂ ਪਾਕਿਸਤਾਨ ਜਾ ਬੈਠਾ ਜਿੱਥੇ ਬੱਚੇ ਬੱਚੇ ਨੂੰ ਵਜੀਫ਼ਾ ਰੋਜ਼ ਦੀ ਰੋਜ਼ ਮਿਲਦਾ ਸੀ। ਸਾਡੇ ਸਰਦਾਰਾਂ ਨੇ ਤਾਂ ਉੱਥੇ ਆਪਣੇ ਮਹਿਲ ਮਾੜੀ ਬਣਾ ਲਏ। ਪੁੱਤਰ ਅਮਰੀਕਾ ਭੇਜ ਦਿੱਤੇ। ਜਹਾਦੀ ਭਾਈਚਾਰਾ ਬਹੁਤ ਵੱਧ ਫੁੱਲ ਗਿਆ। ਮੇਰੇ ਨਾਲ ਜਿਨ੍ਹਾਂ ਜਹਾਦ ਕੀਤਾ ਉਹਨਾਂ ਵਿਚ ਕਈ ਅਰਬੀ, ਕਈ ਸੁਡਾਨੀ ਵੀ ਹੈ ਸਨ। ਪਰ ਬਹੁਤੇ ਪਾਕਿਸਤਾਨੀ। ਮੇਰੇ ਖ਼ਾਸ ਮਿੱਤਰ ਮੀਆਂ ਦਾਦ ਤੇ ਉਮਰਾਨ ਨਿਆਜ਼ੀ ਮੀਆਂ ਦਾਦ ਤੋਂ ਆਏ ਹੋਏ ਸੀ। ਏਸੇ ਤਰ੍ਹਾਂ ਫਰੀਦ ਤੇ ਸ਼ਫੀ ਮੁਹੰਮਦ ਬਹਾਵਲਪੁਰ ਦੇ ਮਦਰੱਸੇ ਤੋਂ ਆਏ। ਉਹ ਵੀ ਗਰੀਬੀ ਦੇ ਪਸਮੰਦਗੀ ਦੇ ਮਾਰੇ ਮਾਪਿਆਂ ਦੇ ਪੁੱਤਰ, ਮਦਰੱਸੇ ਨੇ ਸਾਨੂੰ ਸਹਾਰਾ ਦਿੱਤਾ। ਜਹਾਦੀ ਰੂਹ ਜਗਾਈ। ਕੀ ਦੁਨੀਆਂ ਸੀ ਸਾਡੇ ਖ਼ਾਬਾਂ ਦੀ, ਸਾਡੇ ਅਮਲਾਂ ਦੀ।
ਕੀ ਦੱਸਾਂ ਉਹ ਦਿਨ ਜਦੋਂ ਅਸਾਂ ਕਾਬਲ 'ਤੇ ਚੜ੍ਹਾਈ ਕੀਤੀ। ਇਕ ਤੋਂ ਬਾਅਦ ਇਕ ਇਲਾਕਾ ਸਾਡੇ ਟੈਂਕਾਂ ਥੱਲੇ ਆ ਗਿਆ। ਪਰ ਕਈ ਪਿਆਰੇ ਸਾਥੀ ਫਰੀਦ, ਸਜਾਵਲ ਅਹਿਸਨ ਵਰਗੇ ਦੋਸਤ ਸ਼ਹੀਦ ਹੋਏ। ਅੱਜ ਸੋਚਦਾ ਹਾਂ, ਉਹ ਬੜੇ ਮੁਕੱਦਰਾਂ ਵਾਲੇ ਸੀ। ਬੜੇ ਮਾਣ ਸਨਮਾਨ ਨਾਲ ਦਫਨਾਏ ਗਏ। ਘਰ ਵਾਲਿਆਂ ਨੂੰ ਪੈਸਾ ਵੀ ਮਿਲਿਆ। ਫੇਰ ਕਾਬਲ ਦੀ ਫਤਿਹ ਮਗਰੋਂ ਮਾਲ ਗਨੀਮਤ ਵੀ। ਅਸਮਾਨ ਤੇ ਬੜੀ ਗੜਗੜਾਹਟ ਹੋ ਰਹੀ ਏ। ਤੁਸੀਂ ਘਬਰਾਓ ਨਹੀਂ। ਏਥੇ ਆਖ਼ਰੀ ਬੰਬਾਰੀ ਹੋ ਚੁੱਕੀ ਏ। ਹੁਣ ਉਹ ਕੰਧਾਰ ਵੱਲ ਜਾ ਰਹੇ ਨੇ। ਗੱਲ ਹੋ ਰਹੀ ਸੀ ਕਾਬਲ ਦੀ, ਦਸ ਸਾਲ ਪਹਿਲਾਂ ਸ਼ਾਹਿਦ ਤਾਲਿਬਾਨ ਹਕੂਮਤ ਨੂੰ ਤਸਲੀਮ ਵੀ ਕਰ ਲਿਆ। ਪਾਕਿਸਤਾਨ ਨੇ ਸਭ ਤੋਂ ਪਹਿਲਾਂ ਮਾਨਤਾ ਦਿੱਤੀ। ਤਾਲਿਬਾਨ ਹੁਕਮਰਾਨ। ਸੋਚੋ ਉਸ ਵੇਲੇ ਮੇਰੀ ਉਮਰ ਓਨੀ ਵੀ ਨਹੀਂ ਸੀ ਜਿੰਨੀ ਮਹੁੰਮਦ ਬਿਨ ਕਾਸਮ ਦੇ ਸਿੰਧ ਫਤਿਹ ਕਰਨ ਵੇਲੇ ਸੀ। ਮੈਂ ਤਾਂ ਕਮਾਂਡਰ ਵੀ ਨਹੀਂ ਸਾਂ। ਫੇਰ ਵੀ ਫਤਿਹ ਲਸ਼ਕਰ ਦੀ ਸ਼ਾਨ। ਪੁਰਾਣੇ ਕਮਿਊਨਿਸਟ ਹੁਕਮਰਾਨ ਦੀਆਂ ਲਾਸ਼ਾਂ ਵੀ ਏਸੇ ਤਰ੍ਹਾਂ ਨੰਗੀਆਂ ਖਲੀਆਂ ਪਾਮਾਲ ਕੀਤੀਆਂ ਪਈਆਂ ਰਹੀਆਂ। ਕੋਲੋਂ ਲੰਘਣ ਵਾਲੇ ਟਿਚਕਰਾਂ ਕਰਦੇ ਰਹੇ। ਥੁੱਕਦੇ ਵੀ ਰਹੇ। ਪਰ ਕਸਮ ਨਾਲ ਮੈਨੂੰ ਕਿਸੇ ਲਾਸ਼ ਨੂੰ ਠੇਡਾ ਮਾਰਨਾ ਕਦੇ ਵੀ ਚੰਗਾ ਨਹੀਂ ਲੱਗਾ। ਕੋਈ ਕੋਈ ਚਿਹਰਾ ਤਾਂ ਏਸ ਤਰ੍ਹਾਂ ਦਾ ਵੀ ਲੱਗਾ ਜਿਵੇਂ ਉਹ ਕਿਸੇ ਆਪਣੇ ਦਾ ਹੋਵੇ। ਸੱਚ ਪੁੱਛੋ ਤਾਂ ਉਹ ਮੇਰੇ ਵਰਗੇ, ਮੇਰੇ ਨਾਲ ਦੇ ਈ ਸੀਗੇ। ਅਫਗਾਨ, ਭੂਰੀ ਦਾੜ੍ਹੀ, ਕਾਲੀ ਪਗੜੀ, ਨਸਵਾਰੀ ਅੱਖਾਂ। ਉਹਨਾਂ ਦੀਆਂ ਜੇਬਾਂ ਫਰੋਲਣ ਵਾਲੇ ਮੈਨੂੰ ਬੁਰੇ ਲੱਗੇ। ਪਰ ਮੈਂ ਆਪ ਵੀ ਇਕ ਜੇਬ ਫਰੋਲੀ। ਅੰਦਰੋਂ ਜੋ ਨਿਕਲਿਆ ਉਹੋ ਅੱਜ ਮੇਰੀ ਜੇਬ ਵਿਚੋਂ ਨਿਕਲ ਸਕਦਾ ਏ। ਇਕ ਬਟੂਆ, ਕੁੱਝ ਪੈਸੇ, ਨਸਵਾਰ ਦੀ ਡੱਬੀ। ਕਿਸੇ ਦੀ ਤਸਵੀਰ, ਕਿਸੇ ਦਾ ਪਤਾ, ਪਤਾ ਪੜ੍ਹ ਕੇ ਤਾਂ ਇੰਜ ਲੱਗਾ ਸੀ ਜਿਵੇਂ ਮੈਂ ਕਿਸੇ ਜ਼ਿੰਦਾ ਆਦਮੀ ਨਾਲ ਇਹ ਸਲੂਕ ਕਰ ਰਿਹਾਂ। ਹੁਣੇ ਉੱਠ ਖਲੋਏਗਾ। ਮੈਨੂੰ ਪਛਾਣ ਲਵੇਗਾ। ''ਉਹ ਯਾਰ ਜੀ ਕੀ ਕਰ ਰਹੇ ਓ? ਅਸੀਂ ਦੋਵੇਂ ਕੋਈ ਗ਼ੈਰ ਤਾਂ ਨਹੀਂ। ਇਕ ਨਸਲ, ਇਕੋ ਮਜ਼੍ਹਬ, ਇਕ ਮਾਂ ਬੋਲੀ, ਇਕੋ ਦੇਸ਼ ਦੇ ਲੋਕ। ਆਹੋ ਅਸੀਂ ਲੋਕ ਹਾਂ ਆਮ ਆਦਮੀ, ਕਾਬਲ ਦਾ ਤਖ਼ਤ ਤੇਰਾ ਨਾ ਮੇਰਾ। ਕਾਹਦੇ ਲਈ ਜ਼ਾਲਮ ਮਜ਼ਲੂਮ ਬਣੇ ਓ, ਕਾਹਨੂੰ? ਦੱਸ ਮੈਨੂੰ ਤੂੰ ਕਾਹਦਾ ਫਾਤਿਹ ਮੈਂ ਕਾਹਦਾ ਮਫਤੂਹ? ਕਿਹਨੇ ਕੀ ਜਿੱਤਿਆ ਕੀ ਹਾਰਿਆ? ਚੁੱਕ ਮੇਰੀ ਲਾਸ਼ ਦਫ਼ਨਾ ਦੇ ਕਿਤੇ ਆਪਣੀ ਚਾਦਰ ਵਿਚ ਲਵ੍ਹੇਟ ਕੇ ਮੇਰਾ ਪਰਦਾ ਢੱਕ ਦੇ। ਫਾਤਿਹਾ ਪੜ੍ਹ ਦੇ ਇਕ ਭਾਈ ਦੇ ਅਹਿਤਰਾਮ ਨਾਲ, ਇਕ ਇਨਸਾਨ ਦੇ ਫਰਜ਼ ਨਾਲ...।''
ਇਕ ਪਲ ਵਾਸਤੇ ਲੱਗਾ ਮੈਂ ਇਹ ਸਭ ਕੁੱਝ ਕਰਨਾ ਚਾਹੁੰਦਾ ਵਾਂ। ਜਦੋਂ ਆਸੇ ਪਾਸੇ ਦਾ ਹਾਲ ਮਾਹੌਲ ਵੇਖਿਆ ਤਾਂ ਲੱਗਾ ਮੈਂ ਚੰਗਾ ਕੰਮ ਕਰਨ ਵਾਸਤੇ ਬਿਲਕੁਲ ਆਜ਼ਾਦ ਨਹੀਂ। ਇਕ ਖ਼ਬਰ ਦਾ ਹੱਲਾ ਹੋ ਰਿਹਾ ਸੀ। ਧੱਕੇ ਖਾਂਦਾ ਮੈਂ ਕਿਤੇ ਦਾ ਕਿਤੇ ਨਿਕਲ ਗਿਆ। ਸੱਚੀ ਗੱਲ ਏ ਮੈਂ ਤਾਲਿਬਾਨ ਸਿਸਟਮ ਦਾ ਇਕ ਸਿਪਾਹੀ ਸਾਂ। ਅੱਗੋਂ ਹਕੂਮਤ ਬਣੀ। ਮੁੱਲਾਂ ਮਾਤਹਿਤ ਮੁੱਲਾਂ, ਅਮੀਰ ਮੋਮਨ, ਅਮੀਰ ਆਲਾ, ਅਮੀਰਲ ਮੋਮੀਨ, ਸਰਦਾਰ ਕਮਾਂਡਰ, ਉਸੇ ਤਰ੍ਹਾਂ ਜਿਵੇਂ ਹੁੰਦਾ ਆਇਆ। ਕਹਿਣ ਨੂੰ ਇਕ, ਪਰ ਇਕ ਕਿਥੇ? ਦਰਜੇ ਅਹੁਦੇ ਐਸ਼, ਸ਼ਰੀਹਤ ਆ ਗਈ ਲੋਕਾਂ ਵਾਸਤੇ ਬਰਾਬਰੀ ਆਈ ਨਾ ਮਸਾਵਤ ਲਿਆਈ। ਲੋਕੀ ਉਸੇ ਤਰ੍ਹਾਂ ਖਬਾਰ ਖਸਤਾ, ਸਰਦਾਰ ਉਸੇ ਤਰ੍ਹਾਂ ਐਸ਼ ਕੋਸ਼। ਦੌਲਤ ਦੇ ਜ਼ਰੀਏ ਉਹੋ, ਪੋਸਤ ਤੇ ਖੇਤ, ਸੰਗਮਰਮਰ ਦੀਆਂ ਖਾਣਾਂ... ਉਹ ਸਬਜ਼ ਸੁਨਹਿਰੀ ਨਸਵਾਰੀ ਸ਼ੇਡ ਵਾਲੀ ਸੰਗਮਰਮਰ ਮੇਰੇ ਅਫ਼ਗਾਨ ਪਹਾੜਾਂ ਦਾ ਖਜ਼ਾਨਾ, ਦੌਲਤ। ਉਂਝ ਦੌਲਤ ਤਾਂ ਕਾਬਲ ਦੇ ਅੰਗੂਰ ਸਰਦੇ। ਕੰਧਾਰੀ ਅਨਾਰ ਬਦਾਮ ਵੀ ਬਥੇਰੀ ਲਿਆਉਂਦੇ ਸੀ। ਮੇਰੀ ਤਮੰਨਾ ਆਪਣੇ ਬਾਪ ਲਈ ਇਕ ਬਾਗ਼ ਹਾਸਲ ਕਰਨ ਦੀ ਪੂਰੀ ਨਾ ਹੋ ਸਕੀ। ਕਿਉਂ ਜੋ ਤਾਲਿਬਾਨ ਹੋ ਕੇ ਵੀ ਮੈਂ ਆਮ ਤੇ ਸਾਦਾ ਬੰਦਾ ਈ ਰਿਹਾ। ਮੇਰੀ ਅਰਜ਼ੀ ਕਦੇ ਮੰਜ਼ੂਰ ਨਾ ਹੋ ਸਕੀ। ਪਰ ਇਕ ਗੱਲ ਬੜੀ ਸ਼ਾਨਦਾਰ ਹੋ ਗਈ। ਮੇਰੀ ਸ਼ਾਦੀ ਗੁਲ ਜਾਨ ਨਾਲ ਮੁਫ਼ਤ ਵਿਚ ਹੋ ਗਈ। ਗੁਲ ਜਾਨ ਬੜੀ ਸੋਹਣੀ, ਯਤੀਮ ਕੁੜੀ ਸੀ। ਜੇ ਮੈਂ ਤਾਲਿਬਾਨ ਨਾ ਹੁੰਦਾ ਤਾਂ ਐਡੀ ਪਿਆਰੀ ਕੁੜੀ ਵਾਸਤੇ ਬੜਾ ਪੈਸਾ ਦੇਣਾ ਪੈਂਦਾ। ਜਮ੍ਹਾਂ ਕਰਦੇ ਕਰਦੇ ਬੁੱਢਾ ਹੋ ਜਾਂਦਾ ਆਪਣੇ ਬਾਪ ਵਾਂਗ। 
ਤੁਸੀਂ ਅਫ਼ਸੋਸ ਕਰ ਰਹੇ ਓ? ਕਿਹਦੇ ਉੱਤੇ? ਉਹ ਜਿਹਨੂੰ ਮੈਂ ਮਾਰਿਆ ਸੀ ਜਾਂ ਮੇਰੇ ਉੱਤੇ, ਜਿਹਨੂੰ ਕਿਸੇ ਹੋਰ ਨੇ ਮਾਰ ਦਿੱਤਾ? ਨਹੀਂ ਯਾਰਾ ਜੀ, ਤੁਸੀਂ ਅਫਸੋਸ ਕਰਨਾ ਏ ਤਾਂ ਗੁਲ ਜਾਨ ਵਾਸਤੇ ਕਰੋ, ਉਹਦੇ ਫੁੱਲ ਗੁਲਾਬ ਬੱਚਿਆਂ ਵਾਸਤੇ ਜੋ ਉਧਰ ਕਾਬਲ ਵਿਚ ਸੜ ਕੇ ਸਵਾਹ ਹੋ ਗਏ। ਅਖ਼ੀਰ ਵੇਲੇ ਅਸੀਂ 'ਕੱਠੇ ਨਹੀਂ ਸਾਂ। ਮੈਂ ਤਾਂ ਏਧਰ ਮੋਰਚੇ ਵਿਚ ਸਾਂ। ਖ਼ਬਰ ਮਿਲੀ ਸਾਰਾ ਰਿਹਾਇਸ਼ੀ ਇਲਾਕਾ ਉੱਡ ਗਿਆ। ਪੰਦਰਾਂ ਹਜ਼ਾਰ ਪੌਂਡ ਦੇ ਅੱਠ ਸੱਤ ਬੰਬ ਇਕੋ ਵਾਰੀ ਫਟੇ। ਕਿਉਂ ਜੋ ਉਹ ਇਲਾਕਾ ਤਾਲਿਬਾਨ ਦਾ ਰਿਹਾਇਸ਼ੀ ਇਲਾਕਾ ਸੀ, ਖ਼ਾਸ ਨਿਸ਼ਾਨਾ ਬਣਾਇਆ ਗਿਆ। ਨਿਸ਼ਾਨਦੇਹੀ ਆਪਣਿਆਂ ਨੇ ਕੀਤੀ। ਪਰ ਮਰਨ ਵਾਲੇ ਬੱਚੇ ਔਰਤਾਂ ਬੁੱਢੇ ਠੇਰੇ। ਕਿਉਂ ਜੋ ਮਰਦ ਸਾਰੇ ਈ ਬਾਹਰ ਸੀ। ਪਾਗ਼ਲ ਲੋਕੀਂ ਕੀ ਸਮਝੇ ਬੱਚੇ ਮਾਰਨ ਨਾਲ ਤਾਲਿਬਾਨ ਮਰ ਜਾਣਗੇ... ਅੱਜ ਮੈਨੂੰ ਇਕ ਅਫ਼ਸੋਸ ਏ। ਨਹੀਂ ਤੁਸੀਂ ਗ਼ਲਤ ਸਮਝੇ ਓ। ਮੇਰਾ ਪਛਤਾਵਾ ਮੇਰੇ ਤਾਲਿਬਾਨ ਹੋਣ ਵਾਸਤੇ ਨਹੀਂ । ਮਰਨ ਵਾਸਤੇ ਵੀ ਨਹੀਂ। ਕਾਸ਼ ਉਸ ਰਾਤ ਮੈਂ ਵੀ ਉਹਨਾਂ ਦੇ ਨਾਲ ਹੁੰਦਾ। ਮੇਰੀ ਗੁਲ ਜਾਨ, ਮੇਰਾ ਨੋਮੀ, ਮੇਰੀ ਆਲੀਆ, ਮੇਰਾ ਬਾਬਾ ਅਸੀਂ 'ਕੱਠੇ ਈ ਹੁੰਦੇ। ਮੈਨੂੰ ਇਕ ਜ਼ਖਮ ਲੱਗਦਾ। ਅੱਜ ਦੋ ਦਿਨ ਬਾਅਦ ਦੂਜੇ ਜ਼ਖਮ ਮੋਇਆ ਨਾਲ ਮੇਰਾ ਜੁੱਸਾ ਰੋਇਆ। ਦਿਲ ਤਾਂ ਖ਼ਬਰ ਸੁਣ ਕੇ ਮਰ ਗਿਆ ਸੀ। ਆਖ਼ਰ ਮੈਂ ਵੀ ਇਨਸਾਨ ਹਾਂ। 
ਪਰ ਮੈਂ ਕਿਹਨੂੰ ਸੁਣਾ ਰਿਹਾਂ? ਤੁਸੀਂ ਸਾਰੇ ਤਾਲਿਬਾਨ ਨੂੂੰ ਆਦਮੀ ਮੰਨਦੇ ਓ ਨਾ? ਇਨਸਾਨ ਈ ਸਮਝਦੇ ਓ। ਪਰ ਹੋਰ ਕਿਹਨੂੰ? ਅਜਬ ਦੁਨੀਆ ਏ ਯਾਰਾ ਜੀ। ਰੋਬੋਟ ਦੁਨੀਆ। ਸਾਮਰਾਜ ਨੇ ਦੁਨੀਆ ਨੂੰ ਰੋਬੋਟ ਬਣਾ ਛੱਡਿਆ, ਸਾਮਰਾਜ ਮੀਡੀਆ ਤੁਹਾਨੂੰ ਖ਼ਿਆਲ ਦੇਂਦਾ। ਜ਼ਬਾਨ ਦੇਂਦਾ, ਨਫ਼ਰਤ ਮੁਹੱਬਤ, ਸਿਆਸਤ ਪਾਲਿਸੀ, ਅਜਬ ਜਿਹਾ ਸਾਡਾ ਰਿਸ਼ਤਾ। ਕੱਲ੍ਹ ਸਾਮਰਾਜ ਨੇ ਹੁਕਮ ਦਿੱਤਾ, ਤਾਲਿਬਾਨ ਨੂੰ ਮੁਜਾਹਿਦ ਆਖੋ। ਮਮਤਾ ਦੇਵੋ, ਤੁਸੀਂ ਦਿੱਤੀ। ਅੱਜ ਸਾਮਰਾਜ ਨੇ ਆਰਡਰ ਕੀਤਾ। ਨਫ਼ਰਤ ਕਰੋ। ਫਨਾਹ ਕਰ ਦਿਓ, ਟੈਰੇਰਿਸਟ ਆਖੋ, ਤੁਸੀਂ ਕਰ ਦਿੱਤਾ। ਚਲੋ ਇਕ ਨਵੀਂ ਦੁਨੀਆ ਏ। ਪਰ ਤੁਸੀਂ ਤਾਂ ਪੁਰਾਣੇ ਲਿਖਾਰੀ ਓ। ਕਮਿਊਨਿਸਟ ਪਰੋਗਰੈਸਿਵ, ਐਂਟੀ ਸਾਮਰਾਜ। ਆਹੋ ਮੈਂ ਚੰਗੀ ਤਰ੍ਹਾਂ ਜਾਣਦਾ ਵਾਂ। ਨਵਾਂ ਨਵਾਂ ਤਾਲਿਬਾਨ ਬਣ ਕੇ ਮੈਂ ਤੁਹਾਡੇ ਸ਼ਹਿਰ ਟ੍ਰੇਨਿੰਗ ਵਾਸਤੇ ਗਿਆ ਸੀ। ਉਦੋਂ ਮੈਂ ਅਖ਼ਬਾਰ ਵਿਚ ਤੁਹਾਡੇ ਕਾਲਮ ਪੜ੍ਹਦਾ ਰਿਹਾ। ਤੁਸੀਂ ਅਮਰੀਕੀ ਸਾਮਰਾਜ ਦੇ ਖ਼ਿਲਾਫ ਲਿਖਦੇ ਸੀ। ਕਿਉਂ ਜੋ ਤੁਸੀਂ ਸੋਵੀਅਤ ਰੂਸ ਦੇ ਤਰਫ਼ਦਾਰ ਸੀਗੇ। ਏਧਰ ਅਮਰੀਕਾ ਸਾਡਾ ਤਰਫ਼ਦਾਰ ਮਦਦਗਾਰ। ਤੁਹਾਡੀ ਹਕੂਮਤ ਤਾਂ ਸਦਾ ਈ ਅਮਰੀਕਾ ਦੀ ਰਖੇਲ ਰਹੀ ਹੈ। ਪਰ ਤੁਹਾਡੇ ਤਜਰਬੇ ਬੜੇ ਕਾਰਗਰ। ਤੁਹਾਡੇ ਲਫਜ਼ ਬੜੇ ਕਾਰਗਰ... ਇਕ ਵਾਰੀ ਤਾਂ ਮੈਂ ਤੁਹਾਡਾ ਮੁਰੀਦ ਹੁੰਦੇ ਹੁੰਦੇ ਬਚ ਗਿਆ। ਪਤਾ ਲੱਗਾ ਤੁਸੀਂ ਇਸਲਾਮ ਦੇ ਖਿਲਾਫ਼ ਓ। ਹੁਣ ਤਾਂ ਅਮਰੀਕਾ ਵੀ ਤੁਹਾਡੇ ਵਾਂਗ। ਚਲੋ ਛੱਡੋ ਬਹਿਸ ਕਾਹਨੂੰ ਕਰਨੀ। ਕਹਾਣੀ ਦੇ ਮਤਲਬ ਦੀ ਗੱਲ ਤਾਂ ਐਨੀ ਕੁ ਏ ਪਈ ਉਹ ਦੋਹਾਂ ਧਿਰਾਂ ਦਾ ਸੱਚ ਸਾਹਮਣੇ ਲਿਆਵੇ। ਮੇਰਾ ਸੱਚ ਤਾਂ ਬੜਾ ਸਾਦਾ ਏ ਪਰ ਤੁਹਾਡੀ ਗੱਲ ਬੜੀ ਗੁੰਝਲਦਾਰ ਜਨਾਬ। ਅਸੀਂ ਤਾਲਿਬਾਨ ਤਾਂ ਮੁੱਢ ਤੋਂ ਇਸਤੇਮਾਲ ਕੀਤਾ ਜਾਣ ਵਾਲਾ ਕੱਚਾ ਮਟੀਰੀਅਲ ਸੀਗਾ। ਤੁਸੀਂ ਕਿਵੇਂ ਸਮਝ ਲਿਆ ਇਕ ਗਰੀਬ ਗਡਰੀਏ ਦਾ ਭੁੱਖੇ ਢਿੱਡ ਨੰਗੇ ਪੈਰੀਂ ਫਿਰਦਾ ਬਾਲ ਸਾਮਰਾਜ ਦਾ ਸਾਥੀ ਹੋ ਗਿਆ। ਅੱਗੋਂ ਵੱਡੇ ਸਾਮਰਾਜ ਲਈ ਵੱਡਾ ਚੈਲਿੰਜ ਵੀ। ਤੁਸੀਂ ਦਾਨਿਸ਼ਵਰ ਕਹਾਣੀਕਾਰ ਕਿਸੇ ਨੂੰ ਜਾਣੇ ਪਛਾਣੇ ਬਗ਼ੈਰ ਈ ਤਬਸਰੇ ਕਰਦੇ ਓ, ਆਪਣੀ ਥਾਂ ਦੀ ਵੀ ਬਦਲ ਲੈਂਦੇ ਓ। ਕਿਵੇਂ? ਤੁਸੀਂ ਪੁੱਛਿਆ...।
ਅੱਜ ਈ ਦੇਖ ਲਓ ਯਾਰਾ ਜੀ, ਤੁਸੀਂ ਕਿਥੇ ਖਲੋ ਕੇ ਮੇਰੇ ਵਤਨ ਉੱਤੇ ਬੰਬਾਰੀ ਕਰਵਾਈ ਏ? ਅੱਜ ਤੁਸੀਂ ਅੰਦਰ ਬਾਹਰ ਉਹਨਾਂ ਦੇ ਨਾਲ ਓ ਕੱਲ੍ਹ ਜਿਨ੍ਹਾਂ ਦੇ ਖਿਲਾਫ਼ ਸੀਗੇ। ਉਹ ਦੋਵੇਂ ਤੁਹਾਡੇ ਪੁਰਾਣੇ ਦੁਸ਼ਮਣ ਜਦੋਂ ਸਾਡੇ ਖਿਲਾਫ਼ ਸਿਰ ਜੋੜ ਕੇ ਬੈਠੇ ਨੇ ਫੁੱਲਾਂ ਦੀ ਟੋਕਰੀ ਵਾਂਗ ਤੁਹਾਨੂੰ ਵਿਚਕਾਰ ਰੱਖ ਲੈਂਦੇ ਹਨ। ਬੁਰਾ ਮਨਾਵਣ ਵਾਲੀ ਗੱਲ ਨਹੀਂ ਏ ਯਾਰਾ ਜੀ, ਤੁਸੀਂ ਆਪ ਮਹੱਜਬੀ ਅਮਰੀਕਾ ਦੇ ਯਾਰ ਓ ਤੇ ਵਹਿਸ਼ੀ ਜੰਗਲ ਅਫ਼ਗਾਨ ਦੁਨੀਆ ਨੂੰ ਬਰਬਾਦ ਹੁੰਦਿਆਂ ਵੇਖ ਕੇ ਖੁਸ਼ ਵੀ ਹੋ। ਅੱਗੋਂ ਏਸ ਇਲਾਕੇ ਵਿਚ ਬਾਰੂਦ ਸਾਫ਼ ਕਰਕੇ ਅਮਰੀਕੀ ਕਲਚਰ ਦੇ ਖੇਤ ਬੀਜ ਦੇਣਾ। ਏਸ ਕੰਮ ਵਿਚੋਂ ਹਿੱਸਾ ਜ਼ਰੂਰ ਲੈਣਾ। ਤੁਹਾਡੀ ਮਿਹਰ ਹੋਵੇ ਜੋ ਮੇਰੇ ਵਰਗਿਆਂ ਨੂੰ ਸਮਝਾ ਸਕੋ। ਅਮਰੀਕੀ ਤਹਿਜ਼ੀਬ ਦੀ ਪਰਿਭਾਸ਼ਾ ਵਿਚ ਨਾਗਾਸਾਕੀ, ਹੀਰੋਸ਼ੀਮਾ, ਵੀਅਤਨਾਮ, ਕਵਾਂਡਾ, ਈਰਾਕ ਤੇ ਅਫਗਾਨਿਸਤਾਨ ਵਰਗੇ ਨਾਂ ਕੀ ਮਹਿਣੇ ਰੱਖਦੇ ਨੇ?
ਤਾਲਿਬਾਨ ਨੂੰ ਤੁਸੀਂ ਜ਼ਾਲਮ, ਜਾਹਲ ਜਨੂੰਨੀ ਆਖਦੇ ਓ। ਉਹਨਾਂ ਦੀ ਤਹਿਜ਼ੀਬ ਵਿਚ ਬੁਰਕਾ ਏ, ਦਾੜ੍ਹੀ ਏ, ਮੁੱਲਾਂ ਏ। ਕੀ ਖ਼ਿਆਲ ਏ ਤੁਹਾਡੇ ਆਪਣੇ ਦੇਸ਼ ਵਿਚ ਏਸ ਤਰ੍ਹਾਂ ਦਾ ਕੁੱਝ ਵੀ ਨਹੀਂ? ਜੇ ਕੱਲ੍ਹ ਨੂੰ ਏਸੇ ਬਹਾਨੇ ਕੋਈ ਬੰਬਾਰੀ ਕਰਨ ਆ ਜਾਵੇ। ਫੇਰ ਗੱਲ, ਪੈਂਟਾਗਨ ਵਾਲੀ ਗੱਲ... ਅੱਜ ਮੈਂ ਆਪਣਾ ਦਫਾਹ ਨਹੀਂ ਕਰ ਸਕਿਆ। ਹਮਲਾ ਕਿਸ ਤਰ੍ਹਾਂ ਕਰ ਸਕਦਾ ਸਾਂ। ਇਕ ਗੱਲ ਕਰੋ ਨਾ, ਮੈਨੂੰ ਬੈਕਵਰਡ ਵੀ ਕਹਿੰਦੇ ਓ, ਐਡਾ ਅਡਵਾਂਸ ਵੀ ਸਮਝਦੇ ਓ। ਪੈਂਟਾਗਨ ਲਈ ਸਾਰੀ ਦੁਨੀਆ ਤੜਫ ਗਈ। ਅੱਜ ਜਦੋਂ ਅਫਗਾਨਿਸਤਾਨ ਦੇ ਸਾਰੇ ਸ਼ਹਿਰ ਉਡਾ ਦਿੱਤੇ ਗਏ ਨੇ। ਦੁਨੀਆ ਗੂੰਗੀ ਵੀ ਏ ਸੁਖੀ ਵੀ ਏ। ਕੀ ਚਾਲ ਚੱਲੀ ਏ ਅਸਮਾਨਾਂ ਮੇਰੇ ਪਹਾੜਾਂ ਦੇ ਗਾਰਾਂ ਵਰਗੀ ਨਾ... ਸੋ ਯਾਰਾ ਜੀ। 
ਤੁਸੀਂ ਅਫ਼ਗਾਨ ਹਿਸਟਰੀ ਤੋਂ ਨਾਵਾਕਫ਼ ਓ। ਫੇਰ ਵੀ ਬੜੇ ਬੜੇ ਸਵਾਲ, ਬਡੇ ਬੜੇ ਇਤਰਾਜ਼ ਖੜ੍ਹੇ ਕੀਤੇ ਨੇ। ਪਰ ਤੁਸੀਂ ਵੀ ਕੀ ਕਰੋ ਯਾਰਾ ਜੀ! ਮਹਿਤਾਜ ਓ, ਵੈਸਟਰਨ ਮੀਡੀਆ, ਯਹੂਦੀ ਕੰਟਰੋਲ ਨੂੰ ਤੁਹਾਡਾ ਪੁਰਾਣਾ ਕਲਮ, ਮੇਰੀ ਪੁਰਾਣੀ ਬੰਦੂਕ, ਇੰਜ ਮੇਰੇ ਕੋਲ ਸਵਾਲ ਵੀ ਬਥੇਰੇ ਨੇ, ਜਵਾਬ ਵੀ ਘੱਟ ਨਹੀਂ। ਪਰ ਮੇਰੇ ਕੋਲ ਮੀਡੀਆ ਮਸ਼ੀਨ, ਮੀਡੀਆ ਦੀ ਜ਼ਬਾਨ ਵੀ ਨਹੀਂ। ਮੈਂ ਕਦੀ ਵੀ ਦੁਨੀਆ ਨਾਲ ਗੱਲ ਨਹੀਂ ਕਰ ਸਕਿਆ। ਪਤਾ ਮੈਨੂੰ ਸਾਰੀ ਗੱਲ ਦਾ ਹੈਗਾ। ਪਤਾ ਤਾਂ ਤੁਹਾਨੂੰ ਵੀ ਹੈਗਾ ਸਾਮਰਾਜ ਦਾ ਰਗੜਾ ਖਾ ਕੇ ਅੱਜ ਸਿੱਧੇ ਹੋ ਗਏ ਓ। ਇਕ ਪਲ ਵਾਸਤੇ ਪਿੱਛੇ  ਮੁੜ ਕੇ ਵੇਖੋ, ਫ਼ਿਕਰ ਨਾ ਕਰੋ ਤੁਸੀਂ ਪੱਥਰ ਦੇ ਨਹੀਂ ਹੋਣ ਲੱਗੇ। ਵੇਲੇ ਦੇ ਪੁਲ ਪਾਰ ਵੇਖ ਸਾਰੇ ਮਸ਼ਰਕ ਵਿਚ ਤੁਹਾਨੂੰ ਤਾਲਿਬਾਨ ਦਿਸ ਪੈਣਗੇ। ਜੀ ਯਾਰਾ ਜੀ! ਚੀਨ, ਕੋਰੀਆ, ਕੰਬੋਡੀਆ, ਵੀਅਤਨਾਮ, ਫਲਸਤੀਨ, ਸੁਡਾਨ, ਈਰਾਨ, ਇਰਾਕ, ਸ਼੍ਰੀ ਲੰਕਾ, ਪੰਜਾਬ, ਚਿੱਲੀ, ਅਫਰੀਕਾ। ਜੀ ਯਾਰਾ ਜੀ! ਤਾਲਿਬਾਨ ਈ ਤਾਲਿਬਾਨ।
ਅੱਜ ਵੀ ਆਪਣੇ ਦਿਲ 'ਤੇ ਹੱਥ ਰੱਖੋ, ਤੁਸੀਂ ਅੱਜ ਵੀ ਅੰਦਰੋਂ ਕਿਤੇ ਤਾਲਿਬਾਨ ਹੈਗੇ ਓ। ਨਜ਼ਰੀਆ ਆਪਣਾ ਨਜ਼ਰੀਆ, ਸਾਮਰਾਜ ਕੋਲੋਂ ਨਫ਼ਰਤ ਦਾ ਜਜ਼ਬਾ, ਆਪਣੀ ਆਜ਼ਾਦੀ ਦੀ ਸਿੱਕ ਜਿੱਥੇ ਵੀ ਜਾਗੀ ਉੱਥੇ ਈ ਇਕ ਤਾਲਿਬਾਨ ਜੰਮ ਪਿਆ। ਏਸੇ ਤਰ੍ਹਾਂ ਲੈਨਿਨ ਜੰਮਿਆ ਸੀ। ਏਸੇ ਤਰ੍ਹਾਂ ਭਗਤ ਸਿੰਘ, ਹੋ ਚੀ ਮਿੰਨ੍ਹ ਤੇ ਮੋਅਜੇ ਤੁੰਗ ਦਾ ਜਨਮ ਇਕ ਗਾਰ ਵਿਚ ਈ ਤੇ ਹੋਇਆ ਸੀ। ਉਹਦੀ ਗੱਲ ਤੁਹਾਨੂੰ ਕਿੱਡੀ ਪਸੰਦ ਆਈ ਸੀ, ਜਦੋਂ ਉਹਨੇ ਕਿਹਾ, ਸਾਮਰਾਜ ਸਿਰਫ਼ ਕਮਜ਼ੋਰਾਂ ਦਾ ਸ਼ੇਰ ਏ, ਤੇ ਉਹ ਦਿਹਾੜਾ ਜਦੋਂ ਪੈਂਟਾਗਾਨ ਦਾ ਬੁਰਜ ਡਿੱਗਾ, ਅੰਦਰੋਂ ਅੰਦਰ ਤੁਸੀਂ ਓਸਾਮਾ ਨੂੰ ਸਲਾਮ ਕੀਤਾ। ਅੱਜ ਵੀ ਜਦੋਂ ਕੋਲਨ ਪਾਵਲ ਆਪਣਾ ਬਘਿਆੜ ਵਰਗਾ ਬੂਥਾ ਖੋਲ੍ਹਦਾ ਏ ਤੁਸੀਂ ਤਾਲਿਬਾਨ ਨੂੰ ਜ਼ਿੰਦਾਬਾਦ ਨਹੀਂ ਕਰਦੇ? ਸੱਚ ਦੱਸੋ?
ਖ਼ੈਰ ਅੱਜ ਤਾਂ ਤਾਲਿਬਾਨ ਦਾ ਹਿਸਾਬ ਕਿਤਾਬ ਹੋ ਚੁੱਕਾ (ਤੁਹਾਡੇ ਬਹਾਨੇ) ਪਰ ਰੋਜੇ ਹਿਸਾਬ ਅਜੇ ਰਹਿੰਦਾ ਏ। ਹਾਂ ਯਾਰਾ ਜੀ! ਮੇਰਾ ਮੁਰਦਾ ਜਿਸਮ ਸਾਹਮਣੇ ਪਿਆ ਏ। ਚੱਟਾਨ ਦੇ ਉੱਤੇ ਸਿਆਲ ਦੇ ਸੂਰਜ ਦੀ ਆਖ਼ਰੀ ਲੋਏ ਤੁਸੀਂ ਮੈਨੂੰ ਵੇਖ ਲਿਆ ਏ। ਤੁਹਾਡੇ ਅਖ਼ਬਾਰ ਨੇ ਤਸਵੀਰ ਵੀ ਛਾਪ ਦਿੱਤੀ ਏ। ਚੰਗਾ ਏ ਥੋੜ੍ਹੇ ਦਿਨਾਂ ਵਿਚ ਮੈਨੂੰ ਬਰਫ਼ ਦਾ ਕਫ਼ਨ ਮਿਲ ਜਾਣਾ ਏ ਚਿੱਟਾ ਸਫ਼ੇਦ, ਫੇਰ ਮੈਂ ਆਪਣੇ ਮਹੀਬ ਦਿਲਬਰ ਪਹਾੜਾਂ ਦਾ ਪਿਉਂਦ ਬਣ ਜਾਵਾਂਗਾ। ਇਕ ਦਿਨ, ਆਹੋ ਇਕ ਦਿਨ, ਤੁਸੀਂ ਸਮਝ ਗਏ ਯਾਰਾ ਜੀ! ਆਖਰ ਪੁਰਾਣੇ ਦਾਨਸ਼ਵਰ ਓ ਨਾ, ਮੈਂ ਤਵਾਰੀਖ ਵਿਚ ਲਿਖਿਆ ਜਾਣਾ ਏ।  ''ਇਹ ਇਕ ਤਾਲਿਬਾਨ ਹੈ। ਕਾਲੀ ਪਗੜੀ, ਭੂਰੀ ਅੱਖ, ਹੱਥ ਵਿਚ ਪੁਰਾਣੀ ਬੰਦੂਕ, ਏਸੇ ਨੇ ਅਜਿਹਾ ਨਿਸ਼ਾਨਾ ਬੰਨ੍ਹਿਆ, ਕਾਲੀ ਗਾਰ ਦੇ ਅੰਦਰੋਂ ਕਿ ਦੁਨੀਆ ਦੀ ਚਮਕੀਲੀ ਸੁਪਰ ਸਰਮਾਇਆ ਤਾਕਤ ਦੀ ਸੁਪਰ ਟੈਕਨਾਲੋਜੀ ਦੇ ਸੁਪਰ ਟਾਵਰ ਦਾ ਗ਼ਰੂਰ ਨਾਲ ਭਾਰਾ ਸਿਰ ਧਰਤੀ ਉੱਤੇ ਮੂਧੇ ਮੂੰਹ ਆਣ ਡਿੱਗਾ। ਗ਼ਰੂਰ ਨੇ ਖਾਕ ਨੂੰ ਸਿਜਦਾ ਕੀਤਾ।'' ਆਖ਼ਰੀ ਗੱਲ, ਤੁਸੀਂ ਇਕ ਕੰਮ ਤਾਂ ਕਰੋ... ਦੁਨੀਆ ਦੇ ਉਹਨਾਂ ਲੋਕਾਂ ਦੀ ਅਸਲ ਤਾਦਾਦ ਲੱਭੋ, ਜੋ 11 ਸਤੰਬਰ 2001 ਈਸਵੀ ਨੂੰ ਬਹੁਤ ਹੈਰਾਨ ਤੇ ਬਹੁਤ ਖੁਸ਼ ਹੋ ਗਏ ਸਨ। ਛੇ ਅਰਬ ਦੀ ਇਨਸਾਨ ਆਬਾਦੀ ਵਿਚੋਂ ਘੱਟੋ ਘੱਟ ਚਾਰ ਅਰਬ ਲੋਕੀ ਖੁਸ਼ ਹੋਏ ਹੋਣਗੇ। ਦੁਨੀਆ ਦੀ ਮੁਹੀਬ ਤਾਰੀਖ਼ ਦਾ ਇਕ ਦਿਨ ਜ਼ਰੂਰ ਮੇਰੇ ਨਾ ਵੀ ਲਿਖਿਆ ਜਾਣਾ ਏ। ਕਿਉਂ ਜੁ ਮੈਂ ਈ ਪੈਂਟਾਗਨ ਭੰਨਿਆ। ਆਪਣੀ ਪੁਰਾਣੀ ਬੰਦੂਕ ਨਾਲ ਆਹੋ ਮੈਂ! ਮੈਂ ਅਮਰੀਕਾ 'ਤੇ ਹਮਲਾ ਕੀਤਾ, ਆਹੋ ਮੈ! ਮੈਂ!!

No comments:

Post a Comment