Tuesday 8 November 2016

ਅਕਤੂਬਰ ਇਨਕਲਾਬ ਦੀ ਅਜੋਕੀ ਪ੍ਰਸੰਗਕਤਾ

ਮੰਗਤ ਰਾਮ ਪਾਸਲਾ 
ਅੱਜ ਤੱਕ ਦੇ ਮਨੁੱਖੀ ਇਤਿਹਾਸ ਵਿਚ 7 ਨਵੰਬਰ 1917 ਦਾ ਦਿਨ ਇਕ ਅਤਿਅੰਤ ਮਹੱਤਵਪੂਰਨ ਦਿਵਸ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਦਿਨ ਧਰਤੀ ਉਪਰ ਪਹਿਲੀ ਵਾਰ ਰੂਸ ਦੇ ਮਜ਼ਦੂਰਾਂ-ਕਿਸਾਨਾਂ ਤੇ ਹੋਰ ਮਿਹਨਤਸ਼ ਲੋਕਾਂ ਨੇ ਕਾਮਰੇਡ ਵੀ.ਆਈ.ਲੈਨਿਨ ਦੀ ਅਗਵਾਈ ਵਿਚ ਇਨਕਲਾਬੀ ਕਮਿਊਨਿਸਟ ਪਾਰਟੀ-ਰਸ਼ੀਅਨ ਸੋਸ਼ਲ ਡੈਮੋਕ੍ਰੇਟਿਕ ਲੇਬਰ ਪਾਰਟੀ (ਬੋਲਸ਼ਵਿਕ) ਦੇ ਝੰਡੇ ਹੇਠ ਰੂਸ ਦੀ ਧਰਤੀ 'ਤੇ ਪਹਿਲਾਂ ਫਰਵਰੀ 1917 ਵਿਚ ਸਰਮਾਏਦਾਰੀ ਨਾਲ  ਸਾਂਝਾ ਮੋਰਚਾ ਬਣਾ ਕੇ ਰਾਜਾਸ਼ਾਹੀ ਦੇ ਵਿਰੁੱਧ ਯੁੱਧ ਕਰਦਿਆਂ ਜਮਹੂਰੀ ਇਨਕਲਾਬ ਸਫਲ ਕੀਤਾ ਅਤੇ ਉਸੇ ਵਰ੍ਹੇ ਨਵੰਬਰ 1917 ਨੂੰ ਨਵੇਂ ਦਾਅ ਪੇਚ ਲਗਾ ਕੇ ਸਰਮਾਏਦਾਰੀ ਦਾ ਤਖਤ ਪਲਟ ਕੇ ਸਮਾਜਵਾਦੀ ਇਨਕਲਾਬ ਨੂੰ ਨੇਪਰੇ ਚਾੜ੍ਹਿਆ। ਇਸ ਮਹਾਨ ਘਟਨਾ ਨੂੰ ਅਕਤੂਬਰ ਇਨਕਲਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿੱਥੇ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਨਾਲ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਖਾਤਮਾ ਕਰਕੇ ਸਾਰੇ ਸਮਾਜ ਲਈ ਸਮੂਹਕ ਇਕਸਾਰ ਵਿਕਾਸ ਕਰਨ ਦੇ ਵਿਸ਼ਾਲ ਦਰਵਾਜ਼ੇ ਖੋਲ੍ਹ ਦਿੱਤੇ ਗਏ। ਇਸ ਨਵ ਜਨਮੇ ਕਿਰਤੀਆਂ ਦੇ ਰਾਜ ਨੂੰ ਬਾਹਰੀ ਤੇ ਅੰਦਰੂਨੀ ਦੁਸ਼ਮਣਾਂ ਨੇ ਬਹੁਤ ਹੀ ਸਾਜਸ਼ੀ ਢੰਗਾਂ ਨਾਲ ਖਤਮ ਕਰਨ ਦਾ ਹਰ ਯਤਨ ਕੀਤਾ। ਪ੍ਰੰਤੂ ਜਿਉਂ ਜਿਉਂ ਇਸ ਧਰਤੀ ਉਪਰ ਵਸੀ ਕਿਰਤੀ ਲੋਕਾਂ ਦੀ ਇਸ ਸਵਰਗ ਰੂਪੀ ਵਿਵਸਥਾ ਵਿਰੁੱਧ ਨਵੀਆਂ ਤੋਂ ਨਵੀਆਂ ਸਕੀਮਾਂ ਘੜੀਆਂ ਗਈਆਂ, ਤਿਵੇਂ ਤਿਵੇਂ ਕਾਮਰੇਡ ਲੈਨਿਨ ਤੇ ਕਾਮਰੇਡ ਸਟਾਲਿਨ ਵਰਗੇ ਮਹਾਨ ਕਮਿਊਨਿਸਟ ਆਗੂਆਂ ਦੀ ਅਗਵਾਈ ਹੇਠ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਨੇ ਦੁਸ਼ਮਣਾਂ ਦੀਆਂ ਸਾਰੀਆਂ ਚਾਲਾਂ ਨੂੰ ਅਸਫਲ ਬਣਾ ਕੇ ਉਨਤੀ ਦੀਆਂ ਨਵੀਆਂ ਮੰਜ਼ਿਲਾਂ ਤੈਅ ਕੀਤੀਆਂ।
ਇਸ ਸਮਾਜਵਾਦੀ ਸੋਵੀਅਤ ਰੂਸ ਦੀ ਵਧੀ ਹੋਈ ਸਰਵਪੱਖੀ ਸ਼ਕਤੀ ਤੇ ਕਮਿਊਨਿਸਟ ਪਾਰਟੀ ਦੀ ਯੋਗ ਅਗਵਾਈ ਨੇ ਸੰਸਾਰ ਭਰ ਵਿਚ ਕੌਮੀ ਮੁਕਤੀ ਲਹਿਰਾਂ ਨੂੰ ਨਵਾਂ ਬਲ ਬਖਸ਼ਿਆ ਤੇ ਦੁਨੀਆਂ ਭਰ ਦੇ ਕਿਰਤੀਆਂ ਅੰਦਰ ਮੁਕਤੀ ਦਾ ਰਸਤਾ ਅਖਤਿਆਰ ਕਰਨ ਲਈ ਇਕ ਨਵੀਂ ਰੂਹ ਫੂਕੀ। ਸੋਵੀਅਤ ਯੂਨੀਅਨ ਦੀ ਫੌਜੀ ਸ਼ਕਤੀ ਤੇ ਲੋਕਾਂ ਦੀਆਂ ਸ਼ਾਨਾਮੱਤੀਆਂ ਕੁਰਬਾਨੀਆਂ ਸਦਕਾ ਦੂਸਰੀ ਸੰਸਾਰ ਜੰਗ ਵਿਚ ਹਿਟਲਰਸ਼ਾਹੀ (ਫਾਸਿਜ਼ਮ) ਦੀ ਕਰਾਰੀ ਹਾਰ ਹੋਈ ਤੇ ਸੰਸਾਰ ਪੱਧਰ ਉਪਰ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਇਕ ਸਮਾਜਵਾਦੀ ਕੈਂਪ ਦਾ ਉਦੈ ਹੋਇਆ। ਬਾਅਦ ਵਿਚ ਚੀਨੀ ਇਨਕਲਾਬ ਸਮੇਤ ਵੀਅਤਨਾਮ, ਕਿਊਬਾ, ਕੋਰੀਆ ਆਦਿ ਦੇਸ਼ਾਂ ਵਿਚ ਹੋਏ ਸਮਾਜਵਾਦੀ ਇਨਕਲਾਬਾਂ ਵਿਚ ਸੋਵੀਅਤ ਯੂਨੀਅਨ ਦੀ ਫੌਜੀ ਤੇ ਹੋਰ ਸਹਾਇਤਾ ਨੇ ਵੱਡਾ ਹਿੱਸਾ ਪਾਇਆ। ਸੰਸਾਰ ਭਰ ਦੇ ਪੂੰਜੀਵਾਦੀ ਪ੍ਰਬੰਧ ਦੇ ਮੁਕਾਬਲੇ ਵਿਚ ਇਕ ਐਸੇ ਸਮਾਜਵਾਦੀ ਕੈਂਪ ਦੀ ਸਥਾਪਨਾ ਹੋਈ, ਜੋ ਲੋਕਾਂ ਦੀਆਂ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਨਾਲ ਨਾਲ ਸਾਮਰਾਜੀ ਧੌਂਸ ਦਾ ਅਸਰਦਾਰ ਢੰਗ ਨਾਲ ਮੁਕਾਬਲਾ ਕਰਨ ਵਾਲਾ ਇਕ ਕਾਰਗਰ ਦੇਸ਼ ਸਮੂਹ ਹੋ ਨਿਬੜਿਆ। ਸੋਵੀਅਤ ਯੂਨੀਅਨ ਤੇ ਹੋਰ ਸਮਾਜਵਾਦੀ ਦੇਸ਼ਾਂ ਵਿਚ ਸਮੁੱਚੀ ਵਸੋਂ ਨੂੰ ਦਿੱਤੀਆਂ ਜਾਣ ਵਾਲੀਆਂ ਆਰਥਿਕ ਤੇ ਸਮਾਜਿਕ ਸਹੂਲਤਾਂ ਅਤੇ ਲੋਕਾਂ ਵਿਚ ਸਮਾਜਵਾਦੀ ਪ੍ਰਬੰਧ ਪ੍ਰਤੀ ਵਿਸ਼ਵਾਸ ਤੇ ਉਤਸ਼ਾਹ ਕਾਰਨ ਪੂੰਜੀਵਾਦੀ ਦੇਸ਼ਾਂ ਦੇ ਹਾਕਮਾਂ ਨੂੰ ਵੀ ਆਪਣੇ ਲੋਕਾਂ ਨੂੰ ਕੁਝ ਆਰਥਿਕ ਰਿਆਇਤਾਂ ਦੇਣ ਲਈ ਮਜ਼ਬੂਰ ਹੋਣਾ ਪਿਆ ਤਾਂ ਕਿ ਸਮਾਜਵਾਦ ਪ੍ਰਤੀ ਸੰਸਾਰ ਭਰ ਦੇ ਲੋਕਾਂ ਦੀ ਵਧ ਰਹੀ ਖਿੱਚ ਨੂੰ ਰੋਕਿਆ ਜਾ ਸਕੇ। ਇਸ ਯੁਗਪਲਟਾਊ ਤਬਦੀਲੀ ਦੇ ਪ੍ਰਭਾਵ ਹੇਠ ਕੌਮੀ ਮੁਕਤੀ ਸੰਗਰਾਮ ਵੀ ਜਿੱਤ ਗਏ। ਲਗਭਗ 70 ਸਾਲ ਇਸ ਸਮਾਜਵਾਦੀ ਸੋਵੀਅਤ ਯੂਨੀਅਨ ਤੇ ਦੂਸਰੇ ਸਮਾਜਵਾਦੀ ਦੇਸ਼ਾਂ ਦੇ ਕਿਰਤੀ ਲੋਕਾਂ ਨੇ ਇਕ ਅਰਥ ਭਰਪੂਰ ਤੇ ਗੁਰਬਤਾਂ ਤੋਂ ਸੁਰਖਰੂ ਇਨਸਾਨੀ ਜ਼ਿੰਦਗੀ ਬਸਰ ਕੀਤੀ ਤੇ ਹਰ ਖੇਤਰ ਵਿਚਲੀ ਸਰਮਾਏਦਾਰੀ ਪ੍ਰਬੰਧ ਨੂੰ ਪਛਾੜਿਆ। ਇਸ ਲਈ ਅਕਤੂਬਰ 1917 ਦੀ ਰੂਸ ਵਿਚਲੀ ਸਮਾਜਵਾਦੀ ਇਨਕਲਾਬ ਦੀ ਘਟਨਾ ਦੇ 100 ਸਾਲ ਬਾਅਦ ਅਸੀਂ ਜਿੱਥੇ ਰੂਸ ਦੇ ਬਹਾਦਰ ਲੋਕਾਂ, ਕਾਮਰੇਡ ਲੈਨਿਨ ਦੀ ਅਗਵਾਈ ਹੇਠਲੀ ਰੂਸ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਤੇ ਇਨਕਲਾਬ ਲਈ ਜਾਨਾਂ ਵਾਰਨ ਵਾਲੇ ਸੂਰਮਿਆਂ ਨੂੰ ਯਾਦ ਕਰਦੇ ਹਾਂ, ਉਥੇ ਕਾਮਰੇਡ ਲੈਨਿਨ ਵਰਗੇ ਮਹਾਨ ਕਮਿਊਨਿਸਟ ਆਗੂ ਦੀ ਯੋਗਤਾ ਤੇ ਸਿਦਕ ਦਿਲੀ ਨੂੰ ਵੀ ਸਲਾਮ ਕਰਦੇ ਹਾਂ, ਜਿਸਨੇ ਮਾਰਕਸਵਾਦ ਦੀ ਵਿਗਿਆਨਕ ਵਿਚਾਰਧਾਰਾ ਨੂੰ ਸਮਝ ਕੇ ਉਸਨੂੰ ਰੂਸ ਦੀਆਂ ਠੋਸ ਹਾਲਤਾਂ ਉਪਰ ਲਾਗੂ ਕਰਕੇ ਦਰੁਸਤ ਪੈਂਤੜਿਆਂ ਰਾਹੀਂ ਅਕਤੂਬਰ ਇਨਕਲਾਬ ਨੂੰ ਸਿਰੇ ਚਾੜ੍ਹਿਆ। ਇਸ ਮਹਾਨ ਦੇਣ ਤੋਂ ਬਾਅਦ ਮਾਰਕਸਵਾਦੀ ਵਿਚਾਰਧਾਰਾ ਨਾਲ ਲੈਨਿਨਵਾਦੀ ਵਿਚਾਰਧਾਰਾ ਵੀ ਜੁੜ ਗਈ, ਜੋ ਦੁਨੀਆਂ ਭਰ ਦੇ ਕਿਰਤੀਆਂ ਦਾ ਸਮਾਜਿਕ ਪਰਿਵਰਤਨ ਲਈ ਮਾਰਗ ਦਰਸ਼ਨ ਕਰ ਰਹੀ ਹੈ। ਇਸ ਸੁਮੇਲ ਨੂੰ ਉਨ੍ਹਾਂ ਕੁਲੱਕੜਾਂ ਤੇ ਸਥੂਲ ਵਸਤੂ ਸਮਝਣ ਵਾਲੇ ਨਾਮਨਿਹਾਦ ਮਾਰਕਸਵਾਦੀਆਂ ਨੂੰ ਵੀ ਮੱਤ ਦਿੱਤੀ ਕਿ ਮਾਰਕਸਵਾਦ-ਲੈਨਿਨਵਾਦ ਦੀ ਵਿਚਾਰਧਾਰਾ ਤੋਂ ਸੇਧ ਲੈਂਦੇ ਹੋਏ, ਹਰ ਉਸ ਦੇਸ਼ ਦੀਆਂ ਠੋਸ ਪ੍ਰਸਥਿਤੀਆਂ, ਇਤਿਹਾਸ, ਸਭਿਆਚਾਰ, ਸਮਾਜਿਕ ਵਿਵਸਥਾ ਤੇ ਅੰਦਰੂਨੀ ਤੇ ਬਾਹਰੀ ਹਾਲਤਾਂ ਨੂੰ ਵੀ ਧਿਆਨ ਵਿਚ ਰੱਖਣਾ ਹੋਵੇਗਾ, ਜਿੱਥੇ ਕਿਰਤੀ ਲੋਕ ਸਮਾਜਿਕ ਪਰਿਵਰਤਨ ਲਈ ਸੰਘਰਸ਼ਸ਼ੀਲ ਹਨ। ਮਾਰਕਸਵਾਦ ਲੈਨਿਨਵਾਦ ਕੋਈ ਨਿਰਜਿੰਦ ਜਾਂ ਸਥੂਲ ਪੂਜਣਯੋਗ ਚੀਜ਼ ਨਹੀਂ, ਬਲਕਿ ਇਕ ਜੀਵੰਤ ਤੇ ਉਨਤੀ ਕਰ ਰਿਹਾ ਵਿਗਿਆਨ ਹੈ ਜੋ ਸੰਸਾਰ ਨੂੰ ਸਮਝਣ ਤੇ ਬਦਲਣ ਲਈ ਇਕ ਵਿਗਿਆਨਕ ਵਿਧੀ ਹੈ, ਜਿਸਨੂੰ ਹਰ ਦੇਸ਼ ਤੇ ਖਿੱਤੇ ਦੀਆਂ ਠੋਸ ਹਾਲਤਾਂ ਉਪਰ ਲਾਗੂ ਕਰਕੇ ਹੀ ਲੁੱਟ ਰਹਿਤ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ।
ਜਿੰਨੀ ਖੁਸ਼ੀ ਅਕਤੂਬਰ ਇਨਕਲਾਬ ਦੀ ਕਾਮਯਾਬੀ ਸਮੇਂ ਸੰਸਾਰ ਭਰ ਦੇ ਕਿਰਤੀਆਂ ਨੂੰ ਹੋਈ ਸੀ, ਉਸਤੋਂ ਕਈ ਗੁਣਾਂ ਜ਼ਿਆਦਾ ਨਿਰਾਸ਼ਾ 70 ਸਾਲਾਂ ਬਾਅਦ ਇਸ ਮਜ਼ਦੂਰ ਜਮਾਤ ਦੇ ਕਿਲੇ ਦੇ ਢਹਿ ਢੇਰੀ ਹੋਣ ਉਪਰੰਤ ਹੋਈ ਅਤੇ ਅੱਜ ਵੀ ਹੈ। ਦੁਸ਼ਮਣ ਜਮਾਤਾਂ ਨੇ ਇਸ 'ਤੇ ਬਾਘੀਆਂ ਪਾਈਆਂ ਤੇ ਮਜ਼ਦੂਰ ਜਮਾਤ ਦੀ ਮੁਕਤੀ ਦੇ ਫਲਸਫੇ ਮਾਰਕਸਵਾਦ ਲੈਨਿਨਵਾਦ ਦੀ ਸਾਰਥਿਕਤਾ ਨੂੰ ਗੈਰ ਪ੍ਰਸੰਗਿਕ ਆਖ ਕੇ ਭੰਡਿਆ। ਪੂੰਜੀਵਾਦ ਨੂੰ ਸਮਾਜ ਦੇ ਵਿਕਾਸ ਦੀ ਅੰਤਿਮ ਮੰਜ਼ਿਲ ਦੱਸ ਕੇ ਸਰਮਾਏਦਾਰੀ ਦੇ ਪਰਿਪਾਲਕਾਂ ਨੇ ਕਦੀ ਵਿਕਸਿਤ ਪੂੰਜੀਵਾਦੀ ਤੇ ਇਸੇ ਵਿਵਸਥਾ ਵਾਲੇ ਪੱਛੜੇ ਦੇਸ਼ਾਂ ਦੇ ਕਰੋੜਾਂ ਲੋਕਾਂ ਦੀ ਭੁਖਮਰੀ, ਗਰੀਬੀ, ਬੇਕਾਰੀ ਤੇ ਮੰਦਹਾਲੀ ਦਾ ਜ਼ਿਕਰ ਨਹੀਂ ਕੀਤਾ, ਬਲਕਿ ਸਮਾਜਵਾਦੀ ਪ੍ਰਬੰਧ ਨੂੰ ਦਰਪੇਸ਼ ਮੁਸਕਲਾਂ ਤੇ ਘਾਟਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਦੇ ਸੰਕਲਪ ਨੂੰ ਹੀ ਗੈਰ ਪ੍ਰਸੰਗਿਕ ਤੇ ਖਿਆਲੀ ਕਰਾਰ ਦੇ ਦਿੱਤਾ। ਦੁਨੀਆਂ ਦੀਆਂ ਕਈ ਕਮਿਊਨਿਸਟ ਪਾਰਟੀਆਂ ਤੇ ਕਚਘਰੜ ਮਾਰਕਸਵਾਦੀ ਬੁੱਧੀਜੀਵੀਆਂ ਨੇ ਮਾਰਕਸਵਾਦੀ-ਲੈਨਿਨਵਾਦੀ ਫਲਸਫੇ ਵਿਚ ਹੋਰ ਘਚੋਲਾ ਪਾਉਣ ਦਾ ਯਤਨ ਕੀਤਾ ਤੇ ਕਈਆਂ ਨੇ ਤਾਂ ਆਪਣੇ ਆਪ ਨੂੰ ਇਸ ਵਿਗਿਆਨਕ ਫਲਸਫੇ ਤੋਂ ਹੀ ਅਲੱਗ ਕਰ ਲਿਆ। ਪ੍ਰੰਤੂ ਇਨ੍ਹਾਂ ਸਭ ਹਮਲਿਆਂ ਦੇ ਬਾਵਜੂਦ ਦੁਨੀਆਂ ਦਾ ਕੋਈ ਵੀ ਸਮਾਜਿਕ ਵਿਗਿਆਨੀ ਜਾਂ ਅਰਥ ਸ਼ਾਸਤਰੀ ਅਜੇ ਤੱਕ ਮਾਰਕਸਵਾਦ-ਲੈਨਿਨਵਾਦ ਤੋਂ ਚੰਗੇਰਾ ਤੇ ਸਹੀ ਵਿਗਿਆਨਕ ਫਲਸਫਾ ਪੇਸ਼ ਨਹੀਂ ਕਰ ਸਕਿਆ ਹੈ। ਤੇ ਨਾ ਹੀ ਸਰਮਾਏਦਾਰੀ ਪ੍ਰਬੰਧ ਦੇ ਨਿਕਲਣ ਵਾਲੇ ਮਾਰੂ ਸਿੱਟਿਆਂ ਉਪਰ ਹੀ ਪਰਦਾ ਪਾ ਸਕਿਆ ਹੈ। ਇਸ ਤੱਥ ਨੂੰ ਜਾਣਦਿਆਂ ਹੋਇਆਂ ਵੀ ਸਾਨੂੰ ਸਭ ਨੂੰ, ਜੋ ਸਮਾਜਿਕ ਪਰਿਵਰਤਨ ਲਈ ਸਮਰਪਿਤ ਹਾਂ, ਸੋਵੀਅਤ ਯੂਨੀਅਨ ਤੇ ਦੂਸਰੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਸਮਾਜਵਾਦੀ ਢਾਂਚੇ ਦੇ ਢਹਿ ਢੇਰੀ ਹੋ ਜਾਣ ਤੇ ਮੁੜ ਸਰਮਾਏਦਾਰੀ ਪ੍ਰਬੰਧ ਦੀ ਕਾਇਮੀ ਹੋਣ ਦੇ ਕਾਰਨਾਂ ਨੂੰ ਗੰਭੀਰਤਾ ਤੇ ਡੂੰਘਾਈ ਨਾਲ ਵਿਚਾਰਨਾ ਹੋਵੇਗਾ। ਇਹ ਇਸ ਲਈ ਵੀ ਜ਼ਰੂਰੀ ਹੈ ਕਿ ਜਦੋਂ ਵਿਗਿਆਨਕ ਤੇ ਇਤਿਹਾਸਕ ਤੌਰ 'ਤੇ ਪੂੰਜੀਵਾਦ ਦਾ ਖਾਤਮਾ ਅਟਲ ਹੈ ਅਤੇ ਇਸਨੂੰ ਤਬਦੀਲ ਕਰਕੇ ਲੁੱਟ ਰਹਿਤ ਸਮਾਜਿਕ ਵਿਵਸਥਾ ਦੀ ਕਾਇਮੀ ਵੀ ਸਮੁੱਚੀ ਮਨੁੱਖਤਾ ਲਈ ਜ਼ਰੂਰੀ ਹੈ ਤੇ ਫਿਰ ਭਵਿੱਖ ਵਿਚ ਸਾਨੂੰ ਸਮਾਜਵਾਦੀ ਪ੍ਰਬੰਧ ਦੀ ਸਿਰਜਣਾ ਤੇ ਵਿਕਾਸ ਸਮੇਂ ਪਿਛਲੇਰੀਆਂ ਕੀਤੀਆਂ ਗਲਤੀਆਂ ਤੇ ਅਸਫਲਤਾਵਾਂ ਉਪਰ ਉਂਗਲ ਧਰਨ ਦੀ ਜ਼ਰੂਰਤ ਹੈ ਤਾਂ ਕਿ ਭਵਿੱਖ ਵਿਚ ਅਜਿਹੀਆਂ ਗਲਤੀਆਂ ਦੇ ਮੁੜ ਵਾਪਰਨ ਤੋਂ ਬਚਿਆ ਜਾ ਸਕੇ।
ਉਂਝ ਤਾਂ ਸਾਰੀ ਦੁਨੀਆਂ ਦੇ ਮਾਰਕਸਵਾਦੀ ਚਿੰਤਕ ਤੇ ਕਮਿਊਨਿਸਟ ਪਾਰਟੀਆਂ ਸਮਾਜਵਾਦ ਨੂੰ ਲੱਗੀ ਇਸ ਪਛਾੜ ਦੇ ਕਾਰਨਾਂ ਦੀ ਖੋਜ ਵਿਚ ਜੁਟੀਆਂ ਹੋਈਆਂ ਹਨ ਤੇ ਕਈ ਦਰੁਸਤ ਸਿੱਟਿਆਂ ਉਪਰ ਵੀ ਪੁੱਜ ਰਹੀਆਂ ਹਨ। ਅਸੀਂ ਇਥੇ ਕੁਝ ਕੁ ਕਾਰਨਾਂ ਦਾ ਉਲੇਖ ਕਰ ਰਹੇ ਹਾਂ, ਜਿਨ੍ਹਾਂ ਕਾਰਨ ਮਜ਼ਦੂਰ ਜਮਾਤ ਵਲੋਂ ਧਰਤੀ ਉਪਰ ਸਿਰਜਿਆ ਇਕ ਲੁੱਟ ਖਸੁੱਟ ਰਹਿਤ ਸਮਾਜ ਢਹਿ ਢੇਰੀ ਹੋ ਗਿਆ ਹੈ।
1. ਪੂੰਜੀਵਾਦ ਤੋਂ ਸਮਾਜਵਾਦੀ ਢਾਂਚੇ ਵਿਚ ਤਬਦੀਲੀ ਨਾਲ ਬਹੁਤ ਸਾਰੀਆਂ ਹੋਰ ਸਬੰਧਤ ਤਬਦੀਲੀਆਂ ਕਰਨ ਦੀ ਜ਼ਰੂਰਤ ਹੁੰਦੀ ਹੈ, ਜਿਸਨੂੰ ਸੋਵੀਅਤ ਦੀ ਕਮਿਊਨਿਸਟ ਪਾਰਟੀ ਨੇ ਸਮੇਂ ਸਿਰ ਨਹੀਂ ਕੀਤਾ। ਬਿਨਾਂ ਸ਼ੱਕ ਦੁਸ਼ਮਣ ਦੇਸ਼ਾਂ ਦੇ ਚੌਂਹ ਤਰਫਾ ਘੇਰੇ ਤੇ ਫਾਸ਼ੀਵਾਦ ਵਿਰੁੱਧ ਜੰਗ ਵਾਸਤੇ ਇਕ ਡਾਢੀ ਸਖਤ ਅਨੁਸਾਸ਼ਨਬੱਧ ਤੇ ਹੰਗਾਮੀ ਫੈਸਲੇ ਲੈਣ ਲਈ ਸ਼ਕਤੀਆਂ ਦੇ ਕੇਂਦਰੀਕਰਨ ਵਾਲੀ ਵਿਵਸਥਾ ਜ਼ਰੂਰੀ ਬਣ ਜਾਂਦੀ ਹੈ, ਜਿਸ ਵਿਚ ਫਾਇਦਿਆਂ ਦੇ ਨਾਲ ਨਾਲ ਗਲਤੀਆਂ ਹੋਣ ਦੀਆਂ ਸੰਭਾਵਨਾਵਾਂ ਵੀ ਵੱਧ ਜਾਂਦੀਆਂ ਹਨ। ਪ੍ਰੰਤੂ ਅਜਿਹਾ ਫਾਸ਼ੀਵਾਦ ਵਿਰੁੱਧ ਜੰਗ ਜਿੱਤਣ ਲਈ ਜ਼ਰੂਰੀ ਸੀ। ਫਾਸ਼ੀਵਾਦ ਦੀ ਹਾਰ ਤੋਂ ਬਾਅਦ ਵੀ ਸੋਵੀਅਤ ਕਮਿਊਨਿਸਟ ਪਾਰਟੀ ਦੀ ਸਮੁੱਚੀ ਜਥੇਬੰਦਕ ਬਣਤਰ ਵਿਚ ਜਮਹੂਰੀਅਤ ਦੀ ਘਾਟ ਤੇ ਲੋਕਾਂ ਦੀ ਰਾਜਨੀਤਕ, ਆਰਥਿਕ ਤੇ ਸਮਾਜਿਕ ਕੰਮਾਂ ਵਿਚ ਲੋੜੀਂਦੀ ਭਾਗੀਦਾਰੀ ਨਹੀਂ ਸਥਾਪਤ ਕੀਤੀ ਗਈ। ਸਿੱਟੇ ਵਜੋਂ ਲੋਕਾਂ ਦੀ ਸੇਵਾ ਲਈ ਸਮਰਪਤ ਆਰਥਿਕ ਤੇ ਰਾਜਨੀਤਕ ਢਾਂਚੇ ਵਿਚ ਵੀ ਜਨ ਸਧਾਰਣ ਦਾ ਪੂਰਨ ਭਰੋਸਾ ਪੈਦਾ ਨਹੀਂ ਕੀਤਾ ਜਾ ਸਕਿਆ। ਅਜਿਹੇ ਸਮਿਆਂ ਉਪਰ ਆਗੂਆਂ ਦਾ ਗੈਰ ਜਮਹੂਰੀ ਤੇ ਅਫਸਰਸ਼ਾਹੀ ਰਵੱਈਆ, ਵਿਸ਼ੇਸ਼ ਸਹੂਲਤਾਂ ਮਾਨਣ ਦੀ ਆਦਤ ਤੇ ਆਲੇ ਦੁਆਲੇ ਖੁਦਗਰਜ਼ ਚਾਪਲੂਸਾਂ ਦਾ ਜਮਘੱਟ ਲੱਗਣਾ ਗੈਰ ਕਮਿਊਨਿਸਟ ਅਮਲਾਂ ਨੂੰ ਜਨਮ ਦੇਣ ਲੱਗ ਪਿਆ। ਇਸ ਤਰ੍ਹਾਂ ਪਾਰਟੀ ਤੇ ਆਮ ਲੋਕਾਂ ਵਿਚਕਾਰ ਰਿਸ਼ਤਿਆਂ ਦੀ ਗਰਮਾਹਟ ਤੇ ਨੇੜਤਾ ਵੱਧਣ ਦੇ ਵਿਪਰੀਤ ਦੂਰੀਆਂ ਵਧਦੀਆਂ ਗਈਆਂ। ਲੋਕਾਂ ਦੇ ਦਿਲਾਂ ਅੰਦਰ ਹੌਲੀ ਹੌਲੀ ਆਪਣੇ ਹੀ ਢਾਂਚੇ ਪ੍ਰਤੀ ਮੋਹ ਘਟਦਾ ਗਿਆ, ਜਿਸਨੂੰ ਕਮਿਊਨਿਸਟ ਦੋਖੀਆਂ ਨੇ ਬੜੀ ਚਲਾਕੀ ਨਾਲ ਇਸਤੇਮਾਲ ਕੀਤਾ।
2. ਮਾਰਕਸਵਾਦ-ਲੈਨਿਨਵਾਦ ਦੇ ਬੁਨਿਆਦੀ ਸਿਧਾਂਤਾਂ ਤੋਂ ਰੂਸ ਦੀ ਕਮਿਊਨਿਸਟ ਪਾਰਟੀ ਹੌਲੀ ਹੌਲੀ ਥਿੜਕਦੀ ਗਈ, ਜਦਕਿ ਜ਼ਰੂਰਤ ਇਨ੍ਹਾਂ ਨੂੰ ਯਥਾਰਥ ਨਾਲ ਜੋੜ ਕੇ ਸਖਤ ਅਮਲਾਂ ਦੀ ਸੀ। ਸੋਧਵਾਦੀ ਖੁਰਸ਼ਚੋਵ , ਜੋ ਪਾਰਟੀ ਦਾ ਜਨਰਲ ਸਕੱਤਰ ਸੀ, ਨੇ ਇਕ ਬਹੁਤ ਹੀ ਬੇਹੂਦਾ ਤੇ ਗੈਰ ਮਾਰਕਸੀ ਸਿਧਾਂਤ ਪੇਸ਼ ਕਰ ਦਿੱਤਾ, ਜੋ ''ਪੁਰਅਮਨ-ਸਹਿਹੋਂਦ, ਪੁਰਅਮਨ ਮੁਕਾਬਲਾ ਤੇ ਪੁਰਅਮਨ ਤਬਦੀਲੀ'' ਦੀ ਤਰਿਕੜੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਜਮਾਤੀ ਸੰਘਰਸ਼ ਤੇਜ਼ ਕਰਨ ਦੀ ਥਾਂ ਮਜ਼ਦੂਰ ਜਮਾਤ ਤੇ ਇਸ ਦੁਆਰਾ ਸਥਾਪਤ ਢਾਂਚੇ ਸਮਾਜਵਾਦ ਨੂੰ ਪੂੰਜੀਵਾਦ ਨਾਲ ਪੁਰਅਮਨ ਸਹਿਹੋਂਦ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਤਾਂ ਕਿ ਪੈਦਾਵਾਰ ਦੇ ਖੇਤਰ ਵਿਚ ਪੁਰਅਮਨ ਮੁਕਾਬਲੇ ਰਾਹੀਂ ਸਮਾਜਵਾਦੀ ਪ੍ਰਬੰਧ ਪੂੰਜੀਵਾਦੀ ਢਾਂਚੇ ਨੂੰ ਪਛਾੜ ਸਕੇ। ਇੱਥੇ ਪੂੰਜੀਵਾਦੀ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਅੱਖੋਂ ਓਹਲੇ ਕਰਕੇ ਦੁਸ਼ਮਣ ਜਮਾਤਾਂ ਦੀ ਤਾਕਤ ਨੂੰ ਘਟਾ ਕੇ ਦੇਖਣ ਦਾ ਗੁਨਾਹ ਵੀ ਕੀਤਾ ਗਿਆ ਅਤੇ ਪੂੰਜੀਵਾਦੀ ਪ੍ਰਬੰਧ ਪ੍ਰਤੀ ਘਿਰਣਾ ਦਾ ਤਿੱਖਾਪਨ ਵੀ ਘਟਾ ਦਿੱਤਾ ਗਿਆ। ਇਸ ਢੰਗ ਨਾਲ ਭਾਵ ਪੁਰਅਮਨ ਤਰੀਕੇ ਨਾਲ ਹੀ ਪੂੰਜੀਪਤੀ ਸੱਤਾ ਤਿਆਗ ਕੇ ਮਜ਼ਦੂਰ ਜਮਾਤ ਨੂੰ ਸੌਂਪ ਦੇਣਗੇ, ਦਾ ਗੈਰ ਵਿਗਿਆਨਕ ਤੇ ਸਿਰੇ ਦਾ ਸੋਧਵਾਦੀ ਸਿਧਾਂਤ ਪੇਸ਼ ਕਰਕੇ ਸਮਾਜਵਾਦੀ ਪ੍ਰਬੰਧ ਦੀਆਂ ਮੂਲ ਸਥਾਪਨਾਵਾਂ ਹੀ ਹਿਲਾ ਦਿੱਤੀਆਂ ਗਈਆਂ ਅਤੇ ਇਸ ਦੀ ਕਾਇਮੀ, ਸੰਘਰਸ਼ ਦੀ ਲੋੜ ਦੀ ਭਾਵਨਾ ਵੀ ਮੱਠੀ ਕਰ ਦਿੱਤੀ ਗਈ। ਕਮਿਊਨਿਸਟ ਲਹਿਰ ਨੂੰ ਇਸ ਭਟਕਾਅ ਦੀ ਵੱਡੀ ਕੀਮਤ ਅਦਾ ਕਰਨੀ ਪਈ।  ਇਹ ਪੂਰੀ ਤਰ੍ਹਾਂ ਮਾਰਕਸਵਾਦ-ਲੈਨਿਨਵਾਦ ਦਾ ਨਿਖੇਧ ਸੀ, ਪ੍ਰੰਤੂ ਰੂਸ ਦੀ ਕਮਿਊਨਿਸਟ ਪਾਰਟੀ ਵਲੋਂ ਇਸਨੂੰ ''ਸਰਵ ਸੰਮਤੀ'' ਨਾਲ  ਪ੍ਰਵਾਨ ਕਰ ਲਿਆ ਗਿਆ। ਇਸਦੇ ਦੁਰਗਾਮੀ ਭੈੜੇ ਸਿੱਟੇ ਤਾਂ ਨਿਕਲਣੇ ਹੀ ਸਨ। ਸੰਸਾਰ ਪੱਧਰੀ ਵੱਖ ਵੱਖ ਜਮਾਤਾਂ ਤੇ ਆਰਥਿਕ ਢਾਂਚਿਆਂ ਵਿਚਲੀਆਂ ਅੰਤਰ ਵਿਰੋਧਤਾਈਆਂ ਨੂੰ ਠੀਕ ਢੰਗ ਨਾਲ ਨਹੀਂ ਸਮਝਿਆ ਗਿਆ। ਸਮਾਜਵਾਦੀ ਪ੍ਰਬੰਧ ਅੰਦਰ ਨਵੇਂ ਪੈਦਾਵਾਰੀ ਸਬੰਧਾਂ ਨੂੰ ਸਥਾਪਤ ਕਰਨ ਲਈ ਵੀ ਲੋੜੀਂਦੀ ਤਬਦੀਲੀ ਨਹੀਂ ਕੀਤੀ ਗਈ, ਜਿਸ ਕਾਰਨ ਵੱਡੇ ਮਨੁੱਖੀ ਸਰੋਤਾਂ ਦੀਆਂ ਪਹਿਲਕਦਮੀਆਂ ਦਾ ਇਸਤੇਮਾਲ ਕਰਕੇ ਪੂੰਜੀਵਾਦੀ ਪ੍ਰਬੰਧ ਤੋਂ ਪੈਦਾਵਾਰ ਦੇ ਸਬੰਧ ਵਿਚ ਕਈ ਪੱਖਾਂ ਤੋਂ ਚੰਗੇਰੇ ਸਿੱਟੇ ਕੱਢਣ ਵਿਚ ਅਸਫਲਤਾ ਹੋਈ। ਸਮਾਜਵਾਦੀ ਪ੍ਰਬੰਧ, ''ਜਿੱਥੇ ਹਰ ਇਕ ਨੂੰ ਕੰਮ ਮੁਤਾਬਕ ਉਜਰਤ ਤੇ ਕੰਮ ਕਰਨਾ ਸਾਰਿਆਂ ਵਾਸਤੇ ਜ਼ਰੂਰੀ ਹੈ'' ਦੇ ਸਿਧਾਂਤ ਤੋਂ ਅੱਗੇ ਵਧਦਿਆਂ ਮਨੁੱਖ ਨੂੰ ''ਕੰਮ ਯੋਗਤਾ ਮੁਤਾਬਕ ਤੇ ਉਜਰਤ ਲੋੜਾਂ ਮੁਤਾਬਕ'' ਤੇ ''ਕੰਮ ਮਨੁੱਖ ਦੀ ਲੋੜ ਹੈ'' ਦੇ ਸਿਧਾਂਤ ਨਾਲ ਲੈਸ ''ਨਵੇਂ ਮਨੁੱਖ ਦੀ ਉਤਪਤੀ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸੇ ਕਰਕੇ ਭਰਿਸ਼ਟਾਚਾਰ, ਕੁਣਬਾਪਰਵਰੀ, ਕੰਮਚੋਰੀ, ਗੈਰ ਜ਼ਿੰਮੇਦਾਰਾਨਾ ਵਿਵਹਾਰ ਆਦਿ ਵਰਗੀਆਂ ਬਿਮਾਰੀਆਂ ਲੋਕਾਂ ਦੇ ਇਕ ਚੌਖੇ ਹਿੱਸੇ ਵਿਚ ਫੈਲ ਗਈਆਂ।
3. ਰੂਸੀ ਕਮਿਊਨਿਸਟ ਪਾਰਟੀ ਵਲੋਂ ਆਪਣੀ ਰਾਜਨੀਤਕ ਸਮਝ ਨੂੰ ਦੂਸਰੇ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਉਪਰ ਵੀ ਠੋਸਿਆ ਜਾਂਦਾ ਰਿਹਾ ਹੈ। ਬਰਾਬਰਤਾ ਦੇ ਆਧਾਰ 'ਤੇ ਭਰਾਤਰੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਥਾਂ ਰੂਸ ਦੀ ਕਮਿਊਨਿਸਟ ਪਾਰਟੀ ਵਲੋਂ ਸੰਬੰਧਤ ਦੇਸ਼ਾਂ ਦੀਆਂ ਹਾਕਮ ਜਮਾਤਾਂ ਨਾਲ ਸਬੰਧ ਬਣਾਉਣ ਲਈ ਪ੍ਰੋਲੇਤਾਰੀ ਕੌਮਾਂਤਰੀਵਾਦ ਦਾ ਪੱਲਾ ਛੱਡ ਕੇ ਉਥੋਂ ਦੀਆਂ ਕਮਿਊਨਿਸਟ ਪਾਰਟੀਆਂ 'ਤੇ ਰੂਸੀ ਹਿਤਾਂ ਦੇ ਅਨੁਕੂਲ ਢਾਲਣ ਲਈ ਦਬਾਅ ਪਾਇਆ ਗਿਆ ਤੇ ਉਸੇ ਅਨੁਸਾਰ ਹਾਕਮ ਧਿਰਾਂ ਨਾਲ ਸਬੰਧ ਕਾਇਮ ਕਰਨ ਲਈ ਮਜ਼ਬੂਰ ਕੀਤਾ ਗਿਆ। ਇਸ ਵਤੀਰੇ ਨੇ ਅੰਤਰਰਾਸ਼ਟਰੀ ਕਮਿਊਨਿਸਟ ਲਹਿਰ ਨੂੰ ਭਾਰੀ ਨੁਕਸਾਨ ਪਹੁੰਚਾਇਆ। ਭਾਰਤ ਅੰਦਰ ਸ਼੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਨਾਲ ਦੋਸਤਾਨਾ ਸਬੰਧ ਬਣਾਉਣ ਖਾਤਰ 1975 ਵਿਚ ਭਾਰਤੀ ਸਰਕਾਰ ਵਲੋਂ ਦੇਸ਼ ਅੰਦਰ ਅੰਦਰੂਨੀ ਐਮਰਜੈਂਸੀ ਵਰਗੇ ਚੁੱਕੇ ਗਏ ਅੱਤ ਦੇ ਤਾਨਾਸ਼ਾਹੀ ਕਦਮ ਦੀ ਸੀ.ਪੀ.ਆਈ. ਨੂੰ ਹਮਾਇਤ ਕਰਨ ਲਈ ਦਬਾਅ ਪਾਇਆ ਗਿਆ, (ਭਾਵੇਂ ਇਸ ਵਿਚ ਸੀ.ਪੀ.ਆਈ. ਆਗੂਆਂ ਦੀ ਆਪਣੀ ਨਾਕਸ ਪਹੁੰਚ ਵੀ ਜ਼ਿੰਮੇਵਾਰ ਸੀ)  ਜਿਸ ਨਾਲ ਦੇਸ਼ ਅੰਦਰ ਸੀ.ਪੀ.ਆਈ. ਦੀ ਸਖਤ ਨੁਕਤਾਚੀਨੀ ਹੋਣ ਦੇ ਨਾਲ ਨਾਲ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਵੀ ਖਿੱਲੀ ਉਡੀ। ਇਸੇ ਤਰ੍ਹਾਂ ਦੀਆਂ ਅਨੇਕਾਂ ਉਦਾਹਰਣਾਂ ਹੋਰ ਵੀ ਦਿੱਤੀਆਂ ਜਾ ਸਕਦੀਆਂ ਹਨ, ਜਿੱਥੇ ਰੂਸ ਦੀ ਕਮਿਊਨਿਸਟ ਪਾਰਟੀ ਨੇ ਭਰਾਤਰੀ ਕਮਿਊਨਿਸਟ ਪਾਰਟੀਆਂ ਨੂੰ ਸਬੰਧਤ ਦੇਸ਼ਾਂ ਦੇ ਹਾਕਮਾਂ ਦੀਆਂ ਪਿਛਲੱਗੂ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ। ਮਿੱਤਰ ਕਮਿਊਨਿਸਟ ਪਾਰਟੀਆਂ ਨੂੰ ਸੋਵੀਅਤ ਯੂਨੀਅਨ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਆਰਥਿਕ ਫਾਇਦੇ ਪਹੁੰਚਾਏ ਗਏ, ਜਿਨ੍ਹਾਂ ਦੇ ਨਤੀਜੇ ਪੂਰੀ ਤਰ੍ਹਾਂ ਤਬਾਹਕੁੰਨ ਨਿਕਲੇ। ਜਿਹੜੇ ਵੀ ਵਿਦਿਆਰਥੀ ਸੀ.ਪੀ.ਆਈ. ਦੀ ਸਿਫਾਰਿਸ਼ ਨਾਲ ਸੋਵੀਅਤ ਯੂਨੀਅਨ ਵਿਚ ਵਿਦਿਆ ਹਾਸਲ ਕਰਨ ਲਈ ਭੇਜੇ ਗਏ, ਉਨ੍ਹਾਂ 'ਚੋਂ ਭਾਰੀ ਬਹੁਗਿਣਤੀ ਭਾਵੇਂ ਹੋਰ ਤਾਂ ਕੁਝ ਵੀ ਬਣ ਗਏ ਹੋਣ, ਕਮਿਊਨਿਸਟ ਬਿਲਕੁਲ ਨਹੀਂ ਬਣੇ। ਉਹ ਇਨਕਲਾਬੀ ਸਿਧਾਂਤ ਸਿੱਖ ਕੇ ਵਾਪਸ ਭਾਰਤ ਪੁੱਜਕੇ ਇਨਕਲਾਬ ਲਈ ਕੰਮ ਕਰਨ ਦੀ ਥਾਂ ਆਮ ਤੌਰ 'ਤੇ ਸੋਵੀਅਤ ਵਿਰੋਧੀ ਹੀ ਬਣੇ ਜਾਂ ਗੈਰ ਰਾਜਨੀਤਕ ਬਣ ਕੇ ਹੋਰ ਕਾਰੋਬਾਰਾਂ ਵਿਚ ਉਲਝ ਕੇ ਪੂੰਜੀਵਾਦੀ ਪ੍ਰਬੰਧ ਦਾ ਪੱਕਾ ਹਿੱਸਾ ਬਣ ਗਏ।
4. ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਵਿਚ ਸਿਧਾਂਤਕ ਤੇ ਰਾਜਨੀਤਕ ਰੂਪ ਵਿਚ ਇਰਾਦੇ ਦੀ ਏਕਤਾ ਨਹੀਂ ਸੀ ਰਹੀ। ਇਸੇ ਕਰਕੇ ਨਾ ਪਾਰਟੀ ਵਿਚ ਕਮਿਊਨਿਸਟ ਯਕਯਹਿਤੀ ਤੇ ਸਮਾਜਵਾਦੀ ਇਨਕਲਾਬ ਦੀ ਰਾਖੀ ਲਈ ਮਰ ਮਿੱਟਣ ਦੀ ਭਾਵਨਾ ਹੀ ਰਹੀ ਅਤੇ ਨਾ ਹੀ ਰੂਸੀ ਲੋਕਾਂ ਨਾਲ ਪਾਰਟੀ ਦਾ ਮੱਛੀ ਤੇ ਪਾਣੀ ਵਾਲਾ ਸੰਬੰਧ ਹੀ ਕਾਇਮ ਰਹਿ ਸਕਿਆ। ਹਰ ਫੈਸਲਾ ਬਨਾਵਟੀ 'ਸਰਵਸੰਮਤੀ' ਨਾਲ ਹੁੰਦਾ ਰਿਹਾ ਤੇ ਸੋਵੀਅਤ ਯੂਨੀਅਨ ਦੇ ਢਹਿ ਢੇਰੀ ਹੋਣ ਸਮੇਂ ਇਹ 'ਸਰਵਸੰਮਤੀ' ਹੋਰ ਵੀ ਸ਼ਰਮਨਾਕ ਰੂਪ ਵਿਚ ਸਾਹਮਣੇ ਆਈ, ਜਦੋਂ ਕਰੈਮਲਿਨ ਤੋਂ ਕਮਿਊਨਿਸਟ ਪਾਰਟੀ ਦਾ ਲਾਲ ਝੰਡਾ ਉਤਾਰ ਕੇ ਜਾਰਸ਼ਾਹੀ ਦਾ ਝੰਡਾ ਮੁੜ ਝੁਲਾ ਦਿੱਤਾ ਗਿਆ। ਕਿਸੇ ਵੀ ਦੁਨੀਆਂ ਜਾਂ ਰੂਸ ਦੀ ਘਟਨਾ ਬਾਰੇ ਜਨਤਕ ਲਾਮਬੰਦੀ ਰਾਹੀਂ ਜਨਤਕ ਚੇਤਨਾ ਪੈਦਾ ਕਰਨ ਦੀ ਥਾਂ ਸਾਰਾ ਕੰਮ ਸੋਵੀਅਤ ਸਰਕਾਰ ਤੇ ਕਮਿਊਨਿਸਟ ਪਾਰਟੀ ਵਲੋਂ ਅਫਸਰਸ਼ਾਹ ਢੰਗਾਂ ਨਾਲ ਕੀਤਾ ਜਾਂਦਾ ਰਿਹਾ ਹੈ। ਲੋਕਾਂ ਦੀ ਸ਼ਮੂਲੀਅਤ ਤੇ ਰਾਜਨੀਤਕ ਚੇਤਨਾ ਵਧਾਏ ਬਿਨਾ ਕੋਈ ਕੰਮ ਵੀ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ। ਕਮਿਊਨਿਸਟ ਪਾਰਟੀ ਵਿਚ ਵੀ ਸਾਂਝੀ ਲੀਡਰਸ਼ਿਪ ਪੈਦਾ ਕਰਨ ਦੀ ਥਾਂ ਸਾਰੀ ਤਾਕਤ ਚੰਦ ਕੁ ਹੱਥਾਂ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਹੱਥਾਂ ਵਿਚ ਦੇ ਦਿੱਤੀ ਗਈ, ਜੋ ਬਿਲਕੁਲ ਹੀ ਗੈਰ ਮਾਰਕਸੀ-ਲੈਨਿਨੀ ਵਰਤਾਰਾ ਹੈ।
6. ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਇਹ ਗੱਲ ਵੀ ਵਿਸਰ ਗਈ ਕਿ ਅਜੇ ਦੁਨੀਆਂ ਵਿਚ ਇਕ ਮਜ਼ਬੂਤ ਪੂੰਜੀਵਾਦੀ ਪ੍ਰਬੰਧ ਕਾਇਮ ਹੈ, ਜੋ ਕਈ ਪੱਖਾਂ ਤੋਂ ਸਮਾਜਵਾਦ ਨਾਲੋਂ ਵਧੇਰੇ ਤਾਕਤਵਰ ਤੇ ਉਨਤ ਹੈ। ਪੂੰਜੀਵਾਦੀ ਦੇਸ਼ ਕਦੀ ਸਮਾਜਵਾਦੀ ਵਿਵਸਥਾ ਨੂੰ ਮਜ਼ਬੂਤ ਹੁੰਦਿਆਂ ਨਹੀਂ ਦੇਖ ਸਕਦੇ ਤੇ ਇਸਨੂੰ ਕਮਜ਼ੋਰ ਕਰਨ ਲਈ ਹਰ ਚਾਲ ਚਲਦੇ ਰਹੇ। ਇਹ ਨਿਸ਼ਾਨਾ ਪ੍ਰਾਪਤ ਕਰਨ ਲਈ ਸਾਮਰਾਜੀ ਦੇਸ਼ਾਂ ਨੇ ਥੋੜ ਸਮੇਂ ਤੇ ਲੰਬੇ ਸਮੇਂ ਦੀਆਂ ਯੋਜਨਾਵਾਂ ਬਣਾਈਆਂ ਸਨ; ਜੋ ਆਖਰਕਾਰ ਅਕਤੂਬਰ ਇਨਕਲਾਬ ਦੇ 70 ਸਾਲਾਂ ਬਾਅਦ ਸਿਰੇ ਚੜ੍ਹ ਹੀ ਗਈਆਂ ਅਤੇ ਸੋਵੀਅਤ ਯੂਨੀਅਨ ਅੰਦਰਲਾ ਸਮਾਜਵਾਦੀ ਪ੍ਰਬੰਧ ਤਾਸ਼ ਦੇ ਪੱਤਿਆਂ ਵਾਂਗਰ ਢਹਿ ਢੇਰੀ ਹੋ ਗਿਆ। ਫਾਸ਼ੀਵਾਦ ਦਾ ਟਾਕਰਾ ਕਰਦਿਆਂ ਬੇਮਿਸਾਲ ਤਿਆਗ ਕਰਨ ਵਾਲੇ ਲੱਖਾਂ ਰੂਸੀ ਯੋਧਿਆਂ ਦੇ ਦੇਸ਼ ਵਿਚ ਇਕ ਵੀ ਐਸਾ 'ਰੂਸੀ ਕਮਿਊਨਿਸਟ' ਸਾਹਮਣੇ ਆ ਕੇ ਉਸ ਵੇਲੇ ਲੜਦਾ ਮਰਦਾ ਨਹੀਂ ਦਿਸਿਆ, ਜਦੋਂ ਮਜ਼ਦੂਰ ਜਮਾਤ ਦਾ ਲਾਲ ਝੰਡਾ ਉਤਾਰ ਕੇ ਜਾਰਸ਼ਾਹੀ ਦਾ ਪਰਚਮ ਲਹਿਰਾਇਆ ਜਾ ਰਿਹਾ ਸੀ ਅਤੇ ਲੋਕਾਂ ਦੀ ਬੰਦਖਲਾਸੀ ਕਰਨ ਵਾਲੇ ਆਗੂਆਂ ਦੀਆਂ ਯਾਦਗਾਰਾਂ ਦੀ ਬੇਅਦਬੀ ਕੀਤੀ ਜਾ ਰਹੀ ਸੀ।
ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਉਪਰੋਕਤ ਦੱਸੀਆਂ ਸਾਰੀਆਂ ਹੀ ਉਣਤਾਈਆਂ ਤੇ ਭਟਕਾਵਾਂ ਤੋਂ ਕਮਿਊਨਿਸਟ ਵਿਚਾਰਧਾਰਾ ਦੇ ਨਜ਼ਰੀਏ ਤੋਂ ਕਾਰਲ ਮਾਰਕਸ, ਐਂਲਗਜ ਤੇ ਕਾਮਰੇਡ ਲੈਨਿਨ ਤੇ ਹੋਰ ਸੰਸਾਰ ਭਰ ਦੇ ਉਘੇ ਕਮਿਊਨਿਸਟ ਵਿਚਾਰਵਾਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਖਬਰਦਾਰ ਕੀਤਾ ਹੈ, ਇਸ ਲਈ ਸੋਵੀਅਤ ਯੂਨੀਅਨ ਤੇ ਪੂਰਬੀ ਯੂਰਪੀ ਦੇਸ਼ਾਂ ਵਿਚ ਸਮਾਜਵਾਦ ਨੂੰ ਲੱਗੀਆਂ ਪਛਾੜਾਂ ਨਾਲ ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਗੈਰ ਪ੍ਰਸੰਗਕ ਨਹੀਂ ਹੋਈ, ਬਲਕਿ ਇਸ ਦੀਆਂ ਧਾਰਨਾਵਾਂ ਅਜੋਕੀਆਂ ਹਾਲਤਾਂ ਦੇ ਸਨਮੁੱਖ ਜਦੋਂ ਸੰਸਾਰ ਪੂੰਜੀਵਾਦ ਅੱਜ ਤੱਕ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ਵਿਚ ਫਸਿਆ ਹੋਇਆ ਹੈ,  ਹੋਰ ਵੀ ਮਜ਼ਬੂਤ ਤੇ ਸਹੀ ਸਿੱਧ ਹੋ ਰਹੀਆਂ ਹਨ। ਸਮਾਜਿਕ ਪਰਿਵਰਤਨ ਵਿਚ ਲੱਗੀਆਂ ਸਾਰੀਆਂ ਹੀ ਇਨਕਲਾਬੀ ਧਿਰਾਂ ਨੂੰ ਅੱਜ ਅਕਤੂਬਰ ਇਨਕਲਾਬ ਦੇ ਦਿਨ 'ਤੇ ਜਿੱਥੇ ਇਸ ਮਿੱਥ ਦੇ ਟੁੱਟਣ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਮੀਰੀ ਤੇ ਗਰੀਬੀ ਦਾ ਪੂੰਜੀਵਾਦੀ ਰਾਜ ਪ੍ਰਬੰਧ ਅਧੀਨ ਪਾੜਾ ਕਦੀ ਨਹੀਂ ਮੇਟਿਆ ਜਾ ਸਕਦਾ, ਉਥੇ ਸੋਵੀਅਤ ਯੂਨੀਅਨ ਵਿਚ ਸਮਾਜਵਾਦ ਦੀ ਉਸਾਰੀ ਸਮੇਂ ਕੀਤੀਆਂ ਬੱਜਰ ਗਲਤੀਆਂ ਤੋਂ ਸਬਕ ਸਿੱਖ ਕੇ ਭਵਿੱਖ ਵਿਚ ਉਨ੍ਹਾਂ ਤੋਂ ਹਰ ਹਾਲਤ ਵਿਚ ਬਚਿਆ ਜਾਣਾ ਚਾਹੀਦਾ ਹੈ। ਇਨਕਲਾਬ ਕਰਨ ਵਾਸਤੇ ਜਿੰਨੀ ਕੁਰਬਾਨੀ ਦੀ ਲੋੜ ਹੈ, ਉਸਤੋਂ ਦਸ ਗੁਣਾਂ ਜ਼ਿਆਦਾ ਦੁਸ਼ਮਣ ਜਮਾਤਾਂ ਵਲੋਂ ਇਸ ਢਾਂਚੇ ਉਪਰ ਕੀਤੇ ਜਾਣ ਵਾਲੇ ਹਮਲਿਆਂ ਨੂੰ ਰੋਕਣ ਲਈ ਲੋੜੀਂਦੀ ਹੈ। ਇਹ ਤੱਥ ਹਰ ਸਮੇਂ ਸਾਡੇ ਜ਼ਿਹਨ ਵਿਚ ਰਹਿਣਾ ਚਾਹੀਦਾ ਹੈ।

No comments:

Post a Comment