Monday 7 November 2016

ਦਲਿਤਾਂ 'ਤੇ ਹੋ ਰਹੇ ਅਤਿਆਚਾਰ ਕਾਰਨ ਅਤੇ ਹੱਲ

ਗੁਰਨਾਮ ਸਿੰਘ ਦਾਊਦ 
ਗਰੀਬੀ, ਭੁਖਮਰੀ, ਬੇਇਨਸਾਫੀ, ਛੂਆ ਛਾਤ ਅਤੇ ਹੋਰ ਕਈ ਤਰ੍ਹਾਂ ਦੇ ਅਤਿਆਚਾਰਾਂ ਤੋਂ ਪੀੜਤ ਬੇਜ਼ਮੀਨੇ ਮਜ਼ਦੂਰ ਅਤੇ ਦਲਿਤ ਲੋਕ ਸਦੀਆਂ ਤੋਂ ਇਹ ਸੰਤਾਪ ਹੰਢਾ ਰਹੇ ਹਨ। ਇਹ ਅਣਮਨੁੱਖੀ ਵਰਤਾਰਾ ਨਾ ਤਾਂ ਕਿਸੇ ਗੈਬੀ ਸ਼ਕਤੀ ਜਾਂ ਕਿਸੇ ਕੁਦਰਤ ਦੀ ਦੇਣ ਹੈ ਸਗੋਂ ਇਹ ਸਮਾਜ ਵਿਚ ਆਰਥਿਕ ਤੌਰ 'ਤੇ ਹਾਵੀ ਅਤੇ ਲੰਮੇ ਸਮੇਂ ਤੋਂ ਰਾਜ ਭਾਗ ਤੇ ਕਾਬਜ ਜਮਾਤ ਨੇ ਹੀ ਪੈਦਾ ਕੀਤਾ ਹੈ।
ਉਂਝ ਤਾਂ ਇਹ ਵਰਤਾਰਾ ਸਦੀਆਂ ਤੋਂ ਚਲ ਰਿਹਾ ਹੈ, ਜਦੋਂ ਤੋਂ ਸਾਡੇ ਦੇਸ਼ ਵਿਚ ਮਨੂੰ ਦੀ ਕੰਮਾਂ 'ਤੇ ਆਧਾਰਤ ਕੀਤੀ ਗਈ ਸਮਾਜ ਦੀ ਵੰਡ ਜਿਸ ਵਿਚ ਇਹਨਾਂ ਅਖੌਤੀ ਚੌਥੇ ਪੋੜੇ ਵਾਲੇ ਕਿਸਮਤ ਮਾਰੇ ਲੋਕਾਂ ਕੋਲੋਂ ਗਿਆਨ ਪ੍ਰਾਪਤੀ, ਨੌਕਰੀ ਕਰਨ, ਜਮੀਨ ਦੀ ਮਾਲਕੀ ਦੇ ਅਧਿਕਾਰ ਖੋਹ ਲਏ ਸਨ, ਉਦੋਂ ਤੋਂ ਅੱਜ ਤੱਕ ਇਹ ਲੋਕ ਇਸ ਘੋਰ ਸੰਤਾਪ ਨੂੰ ਹੰਢਾ ਰਹੇ ਹਨ। ਇਕ ਰਿਪੋਰਟ ਅਨੁਸਾਰ ਸਾਲ 2000 ਵਿਚ (ਇਕ ਸਾਲ ਵਿਚ) ਦਲਿਤਾਂ ਤੇ ਆਦਿਵਾਸੀਆਂ ਉਤੇ ਇਹਨਾਂ ਅਤਿਆਚਾਰਾਂ ਦੀਆਂ 30315 ਘਟਨਾਵਾਂ ਵਾਪਰੀਆਂ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਮੁਤਾਬਕ 2014 ਵਿਚ ਦਲਿਤਾਂ ਵਿਰੁੱਧ 47064 ਘਟਨਾਵਾਂ ਵਾਪਰੀਆਂ ਹਨ। ਇਹਨਾਂ ਵਿਚ ਲਗਾਤਾਰ ਵਾਧਾ ਹੁੰਦਾ ਹੀ ਆ ਰਿਹਾ ਹੈ ਪਰ ਦੇਸ਼ ਵਿਚ ਨਰਿੰਦਰ ਮੋਦੀ ਦੇ ਰਾਜ ਸੱਤਾ ਤੇ ਪੁੱਜਣ ਤੋਂ ਪਿੱਛੋਂ ਅਤੇ ਪੰਜਾਬ ਵਿਚ ਅਕਾਲੀ ਭਾਜਪਾ ਦੇ ਰਾਜ ਭਾਗ ਦੌਰਾਨ ਇਹਨਾਂ ਦੁਖਦਾਈ ਘਟਨਾਵਾਂ ਵਿਚ ਹੋਰ ਵੀ ਤੇਜੀ ਨਾਲ ਤਿੱਖਾ ਵਾਧਾ ਹੋਇਆ ਹੈ ਅਤੇ ਹੁਣ ਤਾਂ ਰੋਜ ਹੀ ਅਖਬਾਰਾਂ ਵਿਚ ਇਸ ਸਬੰਧੀ ਕਈ-ਕਈ ਖਬਰਾਂ ਪੜ੍ਹੀਆਂ ਜਾ ਸਕਦੀਆਂ ਹਨ। ਪੰਜਾਬ ਵਿਚ ਭਗਤੀ ਕਾਲ ਦੌਰਾਨ ਅਤੇ ਗੁਰੂਆਂ ਦੇ ਸਮੇਂ ਵਿਚ ਅਜਿਹੀਆਂ ਘਟਨਾਵਾਂ ਬਾਰੇ ਭਗਤਾਂ, ਪੀਰਾਂ-ਫਕੀਰਾਂ ਤੇ ਗੁਰੂਆਂ ਨੇ ਅਵਾਜ ਬੁਲੰਦ ਕੀਤੀ। ਸਿੱਖ ਧਰਮ ਵਿਚ ਤਾਂ ਜਾਤਪਾਤ, ਛੂਆਛਾਤ, ਰੰਗ ਤੇ ਨਸਲੀ ਭੇਦ ਭਾਵ ਦੀ ਪੂਰਨ ਮਨਾਹੀ ਹੈ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਮਾਨਸ ਦੀ ਜਾਤ ਸਭ ਏਕ ਹੀ ਪਹਿਚਾਣਬੋ ਕਹਿ ਕਿ ਜਾਤਾਂ ਪਾਤਾਂ ਦੇ ਵਿਤਕਰੇ ਖਤਮ ਕਰਨ ਦਾ ਸਖਤ ਸੁਨੇਹਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਪੰਜਾਬ ਵਿਚ ਬਾਕੀ ਦੇਸ਼ ਵਾਂਗ ਹੀ ਇਹਨਾਂ ਵਿਤਕਰਿਆਂ ਤੇ ਜਾਤੀਪਾਤੀ ਨਫਰਤ ਦਾ ਪੂਰਾ ਬੋਲ-ਬਾਲਾ ਹੈ। ਇੱਥੋਂ ਤੱਕ ਕਿ ਸਿੱਖ ਧਰਮ ਦਾ ਮੰਨਣ ਦਾ ਦਾਅਵਾ ਕਰਨ ਵਾਲੇ ਅਤੇ ਇਸ ਦੇ ਵੱਡੇ ਪੈਰੋਕਾਰ ਅਖਵਾਉਣ ਵਾਲੇ ਵੀ ਇਸ ਤੋਂ ਬਰੀ ਨਹੀਂ ਹਨ। ਰਾਜ ਕਰਦੀ ਅਕਾਲੀ ਪਾਰਟੀ ਤਾਂ ਇਸ ਵਰਤਾਰੇ ਦੀ ਪੂਰੀ ਤਰ੍ਹਾਂ ਪੈਰੋਕਾਰ ਹੈ।
ਪੰਜਾਬ ਵਿਚ ਹੀ ਪਿਛਲੇ ਸਮੇਂ ਵਿਚ ਵਾਪਰੀਆਂ ਕਈ ਘਟਨਾਵਾਂ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਸੰਵੇਦਨਸ਼ੀਲ ਮਨੁੱਖ ਦਾ ਹਿਰਦਾ ਕੰਬ ਉਠਦਾ ਹੈ। 10 ਅਕਤੂਬਰ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਵਿਚ ਵਾਪਰੀ ਘਟਨਾ ਨੂੰ ਹੀ ਲਉ। ਪਿੰਡ ਦੇ 20 ਸਾਲਾਂ ਦੇ ਦਲਿਤ ਨੌਜਵਾਨ ਸੁਖਚੈਨ ਸਿੰਘ ਨੂੰ ਸਰਕਾਰੀ ਸਰਪ੍ਰਸਤੀ ਵਾਲੇ ਸ਼ਰਾਬ ਮਾਫੀਆ ਨੇ ਰਸਤੇ ਵਿਚ ਘੇਰ ਕੇ ਬਹੁਤ ਹੀ ਬੇਰਹਿਮੀ ਨਾਲ ਮਾਰ ਦਿੱਤਾ, ਉਸ ਦੇ ਸਰੀਰ ਦੇ ਟੁਕੜੇ ਟੁਕੜੇ ਕਰ ਦਿੱਤੇ ਅਤੇ ਉਸ ਦੀ ਇਕ ਲੱਤ ਵੱਢ ਕੇ ਕਾਤਲ ਆਪਣੇ ਨਾਲ ਹੀ ਲੈ ਗਏ। ਇੰਨੀ ਵੱਡੀ ਘਟਨਾ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਵਾਪਰ ਹੀ ਨਹੀਂ ਸਕਦੀ ਅਤੇ ਇਸ ਦੀ ਉਂਗਲ ਲਗਾਤਾਰ ਹਾਕਮਾਂ ਵੱਲ ਉਠਦੀ ਨਜ਼ਰ ਆ ਰਹੀ ਹੈ। ਇਹ ਵੀ ਚਰਚਾ ਹੈ ਕਿ ਇਸ ਕਤਲ ਦੇ ਅਸਲ ਸਰਗਣੇ ਪੁਲਸ ਵਲੋਂ ਪਰਚੇ ਵਿਚ ਸ਼ਾਮਲ ਹੀ ਨਹੀਂ ਕੀਤੇ ਗਏ ਜਾਂ ਸਾਰਿਆਂ ਦੀ ਗ਼ਿਫਤਾਰੀ ਨਹੀਂ ਹੋਈ।
ਇਸ ਤੋਂ ਪਹਿਲਾਂ ਪਿਛਲੇ ਸਾਲ 11 ਦਸੰਬਰ 2015 ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿਚ ਵੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ ਜਦੋਂ ਸ਼ਿਵ ਲਾਲ ਡੋਡਾ ਨਾਂਅ ਦੇ ਵੱਡੇ ਸ਼ਰਾਬ ਵਪਾਰੀ ਦੇ ਭਤੀਜੇ ਅਤੇ ਉਸ ਦੇ ਗੁਰਗਿਆਂ ਨੇ ਭੀਮ ਟਾਂਕ ਨਾਂਅ ਦੇ ਦਲਿਤ ਨੌਜਵਾਨ ਨੂੰ ਆਪਣੇ ਕਿਲਾ ਨੁਮਾ ਮਹਿਲ 'ਚ 'ਤੇ ਬੁਲਾ ਕੇ ਉਸਦੇ ਹੱਥ ਪੈਰ ਵੱਢ ਦਿੱਤੇ ਸਨ ਤੇ ਉਸ ਦੀ ਮੌਤ ਹੋ ਗਈ ਸੀ। ਉਸ ਦੇ ਨਾਲ ਆਇਆ ਉਸ ਦਾ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਇਹਨਾਂ ਕਾਤਲਾਂ ਤੇ ਉਹਨਾਂ ਦੇ ਸਰਪ੍ਰਸਤਾਂ ਦੇ ਪੰਜਾਬ ਦੇ ਮੌਜੂਦਾ ਹਾਕਮਾਂ ਨਾਲ ਬਹੁਤ ਹੀ ਨੇੜੇ ਦੇ ਸਬੰਧ ਹਨ। ਇਹਨਾਂ ਘਟਨਾਵਾਂ ਦੀ ਬਹੁਤ ਹੀ ਲੰਮੀ ਲੜੀ ਹੈ ਜਿੰਨ੍ਹਾ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਪੰਜਾਬ ਵਿਚ ਹੀ ਅਜੇ ਤੱਕ ਕਈ ਥਾਵਾਂ 'ਤੇ ਪੀਣ ਵਾਲੇ ਪਾਣੀ ਦੇ ਸੋਮੇ, ਮੜ੍ਹੀਆਂ ਤੇ ਕਬਰਸਤਾਨ ਵੀ ਅਜੇ ਤੱਕ ਨੀਵੀਆਂ ਕਹੀਆਂ ਜਾਣ ਵਾਲੀਆਂ ਜਾਤੀਆਂ ਦੇ ਵੱਖਰੇ-ਵੱਖਰੇ ਹਨ ਅਤੇ ਪੂਜਾ ਦੇ ਸਥਾਨ ਵੀ ਵੱਖੋ-ਵੱਖ ਹਨ। ਕਈ ਗੁਰਦੁਆਰਿਆਂ ਤੇ ਹੋਰ ਪੂਜਾ ਦੇ ਅਸਥਾਨਾਂ ਤੇ ਦਲਿਤਾਂ ਦੇ ਜਾਣ ਦੀ ਮਨਾਹੀ ਹੈ।
ਜੇਕਰ ਦੇਸ਼ ਦੀ ਤਸਵੀਰ ਵੱਲ ਧਿਆਨ ਮਾਰਿਆ ਜਾਵੇ ਤਾਂ ਬਹੁਤ ਹੀ ਘਿਨਾਉਣੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਹਨ। ਪਿਛਲੇ ਸਮੇਂ ਵਿਚ ਮੱਧ ਪ੍ਰਦੇਸ਼ ਵਿਚ ਇਕ ਦਲਿਤ ਨੌਜਵਾਨ 'ਤੇ ਆਪਣੇ ਵਿਆਹ ਸਮੇਂ ਘੋੜੀ 'ਤੇ ਚੜ੍ਹਨ ਤੋਂ ਰੋਕਣ ਲਈ ਅਖੌਤੀ ਉਚ ਜਾਤੀ ਦੇ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਉਸਦੀ ਘੋੜੀ ਨੂੰ ਉਸ ਤੋਂ ਖੋਹ ਕੇ ਭਜਾ ਦਿੱਤਾ ਗਿਆ। ਪ੍ਰਸ਼ਾਸਨ ਦੇ ਦਖਲ ਦੇਣ ਤੇ ਹੀ ਦੁਬਾਰਾ ਘੋੜੀ ਤੇ ਚੜ੍ਹ ਕੇ ਉਹ ਦਲਿਤ ਨੌਜਵਾਨ ਬਰਾਤ ਲੈ ਕੇ ਤੁਰਿਆ ਪਰ ਫੇਰ ਵੀ ਪਥਰਾਅ ਤੋਂ ਬਚਣ ਲਈ ਉਸ ਨੂੰ ਸਿਰ ਉਤੇ ਹੈਲਮਟ ਪਹਿਣ ਕੇ ਜਾਣਾ ਪਿਆ। ਇਸ ਘਟਨਾ ਵਿਚ ਇਕ ਤਹਿਸੀਲਦਾਰ ਦੇ ਵੀ ਜਖ਼ਮੀ ਹੋਣ ਦੀਆਂ ਖਬਰਾਂ ਅਖਬਾਰਾਂ ਵਿਚ ਛਪੀਆਂ। ਮੱਧ ਪ੍ਰਦੇਸ਼ ਵਿਚ ਹੀ 25 ਸਤੰਬਰ 2016 ਨੂੰ ਇਕ ਦਲਿਤ ਔਰਤ ਦੀ ਸ਼ਵਯਾਤਰਾ ਨੂੰ ਆਮ ਰਸਤੇ ਤੋਂ ਲਿਜਾਣ ਦੀ ਮਨਾਹੀ ਕਰ ਦਿੱਤੀ ਗਈ ਇਹ ਘਟਨਾ ਖੰਡਵਾ ਜ਼ਿਲ੍ਹੇ ਦੀ ਹੈ।
ਇਸੇ ਤਰ੍ਹਾਂ ਯੂ.ਪੀ. ਵਿਚ ਜ਼ਿਲ੍ਹਾ ਬਾਂਦਾ ਵਿਚ ਇਕ ਅਖੌਤੀ  ਉਚ ਜਾਤੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਰਾਮ ਬਾਬੂ ਨਾਮ ਦੇ ਇਕ ਦਲਿਤ ਨੂੰ ਇਸ ਕਰਕੇ ਘਰੋਂ ਚੁਕਵਾ ਕੇ ਕੁਟਿਆ ਤੇ ਨੰਗਾ ਕਰਕੇ ਗਲ ਵਿਚ ਜੁੱਤੀਆਂ ਦਾ ਹਾਰ ਪਾ ਕੇ ਘੁਮਾਇਆ ਕਿਉਂਕਿ ਉਸ ਨੇ ਉਸ ਦੇ ਪੈਰੀਂ ਹੱਥ ਨਹੀਂ ਲਾਇਆ ਸੀ। ਉਤਰਾਖੰਡ ਵਿਚ ਸੋਹਨ ਰਾਮ ਨਾਮਕ ਦਲਿਤ ਨੂੰ ਇਸ ਕਰਕੇ ਮਾਰ ਦਿੱਤਾ ਗਿਆ ਕਿ ਉਸ ਨੇ ਆਟਾ ਚੱਕੀ ਤੇ ਪਈ ਅਖੌਤੀ ਉਚ ਜਾਤੀ ਦੇ ਅਧਿਆਪਕ ਲਲਿਤ ਦੀ ਆਟੇ ਦੀ ਬੋਰੀ ਨੂੰ ਹੱਥ ਲਾ ਦਿੱਤਾ ਸੀ। ਇਸ ਤਰ੍ਹਾਂ ਦੀਆਂ ਬਹੁਤ ਹੀ ਘਟਨਾਵਾਂ ਪੂਰੇ ਦੇਸ਼ ਵਿਚ ਵਾਪਰਦੀਆਂ ਰਹਿੰਦੀਆਂ ਹਨ, ਜਿੰਨ੍ਹਾਂ ਨੂੰ ਮਜ਼ਬੂਰੀ ਵਸ ਸਹਿਣ ਕਰ ਲਿਆ ਜਾਂਦਾ ਹੈ ਅਤੇ ਉਹ ਲੋਕਾਂ ਦੇ ਸਾਹਮਣੇ ਹੀ ਨਹੀਂ ਆਉਂਦੀਆਂ।
ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਤਾਂ ਇਹਨਾਂ ਘਟਨਾਵਾਂ ਨੇ ਹੋਰ ਜ਼ੋਰ ਫੜ ਲਿਆ ਹੈ। ਜਿਸ ਦੀ ਤਾਜਾ ਮਿਸਾਲ 11 ਜੁਲਾਈ 2016 ਨੂੰ ਉਸ ਸਮੇਂ ਸਾਹਮਣੇ ਆਈ ਜਦੋਂ ਪ੍ਰਧਾਨ ਮੰਤਰੀ ਦੇ ਆਪਣੇ ਸੂਬੇ ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਊਨਾਂ ਪਿੰਡ ਵਿਚ ਦਲਿਤਾਂ ਨੂੰ  ਮਰੀ ਹੋਈ ਗਾਂ ਦੀ ਖੱਲ ਲਾਹੁਦਿਆਂ ਫੜ ਕੇ ਗੱਡੀ ਪਿੱਛੇ ਬੰਨ ਕੇ ਘੜੀਸਿਆ ਗਿਆ ਅਤੇ ਉਨ੍ਹਾਂ ਦੇ ਹੱਥ ਬੰਨ੍ਹ ਕੇ ਉਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਨੰਗਾ ਕਰਕੇ ਕੁੱਟਿਆ ਗਿਆ। ਚਾਕੂ ਨਾਲ ਵੀ ਉਹਨਾਂ ਉਤੇ ਵਾਰ ਕੀਤੇ ਗਏ। ਗੁਜਰਾਤ ਸਰਕਾਰ ਵਲੋਂ ਦੋਸ਼ੀਆਂ ਖਿਲਾਫ ਕੋਈ ਠੋਸ ਕਾਰਵਾਈ ਨਾ ਕਰਨ 'ਤੇ ਇਕ ਨੌਜਵਾਨ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਸ ਤੋਂ ਬਾਅਦ ਇਕ ਹੋਰ ਖਬਰ ਵੀ ਆਈ ਜਿਸ ਵਿਚ ਸਾਹਮਣੇ ਆਇਆ ਕਿ ਦਲਿਤਾਂ ਨੂੰ ਇਸ ਕਰਕੇ ਵੀ ਕੁਟਿਆ ਗਿਆ ਕਿ ਉਹਨਾਂ ਨੇ ਮਰੇ ਹੋਏ ਪਸ਼ੂਆਂ ਦੀ ਖੱਲ ਲਾਹੁਣ ਤੋਂ ਅਤੇ ਮਰੇ ਪਸ਼ੂ ਚੁੱਕਣ ਤੋਂ ਇਨਕਾਰ ਕੀਤਾ ਹੈ।
ਉਸ ਤੋਂ ਪਹਿਲਾਂ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਨੇ ਇਸ ਕਰਕੇ ਆਤਮ ਹੱਤਿਆ ਕਰ ਲਈ ਕਿ ਉਸ ਦੀ ਨੀਵੀਂ ਜਾਤ ਕਰਕੇ ਉਸਦੀ ਸਕਾਲਰਸ਼ਿਪ (ਵਜੀਫ਼ਾ) ਬੰਦ ਕਰ ਦਿੱਤੀ ਅਤੇ ਬਾਅਦ ਵਿਚ ਉਸ ਨੂੰ ਯੂਨੀਵਰਸਿਟੀ ਵਿਚੋਂ ਹੀ ਕੱਢ ਦਿੱਤਾ ਗਿਆ। ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨਈਆ ਕੁਮਾਰ ਨੇ ਇਸ ਖਿਲਾਫ ਆਵਾਜ਼ ਉਠਾਈ ਤਾਂ ਉਸ ਨਾਲ ਬੁਰੀ ਤਰ੍ਹਾਂ ਦੁਰਵਿਵਹਾਰ ਕੀਤਾ ਗਿਆ ਅਤੇ ਪੁਲਸ ਕੋਲੋਂ ਝੂਠੇ ਹੀ ਦੋਸ਼ ਧ੍ਰੋਹ ਦੇ ਕੇਸ ਉਸ ਖਿਲਾਫ ਦਰਜ ਕਰਵਾ ਕੇ ਗ੍ਰਿਫਤਾਰ ਕਰ ਲਿਆ ਗਿਆ। ਇਹ ਦੇਸ਼ ਅੰਦਰ ਗਰੀਬਾਂ ਤੇ ਦਲਿਤਾਂ ਨਾਲ ਵਾਪਰਦੀਆਂ ਦੁਰਵਿਵਹਾਰ ਤੇ ਅਤਿਆਚਾਰਾਂ ਦੀਆਂ ਇਹ ਕੁਝ ਕੁ ਹੀ ਉਦਾਹਰਣਾਂ ਹਨ ਉਂਝ ਇਸ ਤੋਂ ਵੀ ਕਰੂਰ ਕਿਸਮ ਦੀਆਂ ਅਣਗਿਣਤ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੀ ਭਾਫ਼ ਵੀ ਬਾਹਰ ਨਹੀਂ ਨਿਕਲਦੀ।
ਆਓ ਹੁਣ ਇਸ ਦੇ ਕਾਰਨ ਲੱਭਣ ਦਾ ਵੀ ਯਤਨ ਕਰੀਏ। ਸਾਡੇ ਦੇਸ਼ ਵਿਚ ਵੀ ਬਾਕੀ ਦੁਨੀਆਂ ਵਾਂਗੂੰ ਜਮਾਤੀ ਵੰਡ ਹੈ ਮੁਢਲੇ ਪੜਾਅ ਦੇ ਸਮਾਜ ਤੋਂ ਬਾਅਦ ਇਹ ਜਮਾਤੀ ਵੰਡ ਸ਼ੁਰੂ ਹੋਈ ਅਤੇ ਗੁਲਾਮਦਾਰੀ ਯੁਗ ਵਿਚ ਗੁਲਾਮਾਂ ਤੇ ਗੁਲਾਮ ਮਾਲਕਾਂ ਦਾ ਆਪਸੀ ਵਿਰੋਧ ਰਿਹਾ। ਟੱਕਰਾਂ ਵੀ ਹੋਈਆਂ ਤੇ ਅੰਤ ਗੁਲਾਮਦਾਰੀ ਯੁਗ ਦੇ ਪਲਟੇ ਤੋਂ ਬਾਅਦ ਜਗੀਰਦਾਰੀ ਯੁਗ ਵਿਚ ਜਗੀਰਦਾਰਾਂ ਤੇ ਮੁਜਾਰਿਆਂ ਦਾ ਵਿਰੋਧ ਸਾਹਮਣੇ ਆ ਗਿਆ ਤੇ ਜਮਾਤੀ ਜੰਗ ਜਾਰੀ ਰਹੀ। ਹੁਣ ਦੇ ਪੂੰਜੀਵਾਦੀ ਯੁਗ ਵਿਚ ਪੂੰਜੀਪਤੀਆਂ ਤੇ ਜਗੀਰਦਾਰਾਂ ਦੇ ਗਠਜੋੜ ਦਾ ਮਜ਼ਦੂਰ ਜਮਾਤ ਨਾਲ ਵਿਰੋਧ ਜਾਰੀ ਹੈ। ਰਾਜ ਭਾਗ ਉਪਰ ਕਾਬਜ ਪੂੰਜੀਪਤੀਆਂ ਤੇ ਜਗੀਰਦਾਰਾਂ ਦੀ ਜਮਾਤ ਪੂੰਜੀਵਾਦ ਦੀ ਉਮਰ ਲੰਮੀ ਕਰਨ ਲਈ ਹਰ ਹਰਬਾ ਵਰਤਦੀ ਹੈ, ਅਤੇ ਆਪਣੀ ਵਿਰੋਧੀ ਮਜ਼ਦੂਰ ਜਮਾਤ ਨੂੰ ਦਬਾਅ ਕੇ ਰੱਖਣ ਦਾ ਲਗਾਤਾਰ ਯਤਨ ਕਰਦੀ ਹੈ। ਮਜ਼ਦੂਰ ਜਮਾਤ ਦੀ ਲੁੱਟ ਨੂੰ ਕਾਇਮ ਰੱਖਣ ਲਈ ਰਾਜ ਸੱਤਾ ਦੀ ਵਰਤੋਂ ਕਰਦੀ ਹੈ। ਇਸ ਦੇ ਨਾਲ ਹੀ ਧਰਮਾਂ ਦੇ ਨਾਂਅ ਤੇ ਲੋਕਾਂ ਵਿਚ ਵੰਡੀਆਂ ਪਾ ਕੇ ਮਜ਼ਦੂਰ ਜਮਾਤ ਦੀ ਏਕਤਾ ਨੂੰ ਕਮਜ਼ੋਰ ਕਰਨ ਦਾ ਵੀ ਕੋਈ ਮੌਕਾ ਨਹੀਂ ਗਵਾਉਂਦੀ ਤੇ ਨਵੇਂ ਤੋਂ ਨਵੇਂ ਢੰਗ ਲੱਭ ਕੇ ਧਰਮਾਂ ਦੇ ਨਾਂਅ 'ਤੇ ਲੋਕਾਂ ਵਿਚ ਫੁੱਟ ਪਾਉਂਦੀ ਰਹਿੰਦੀ ਹੈ।
ਪਰ ਮੰਦੇ ਭਾਗਾਂ ਨੂੰ ਸਾਡੇ ਦੇਸ਼ ਵਿਚ ਬਾਕੀ ਸੰਸਾਰ ਤੋਂ ਵੱਖਰਾ ਵਰਣ ਵਿਵਸਥਾ 'ਤੇ ਅਧਾਰਤ ਜਾਤਾਂ-ਪਾਤਾਂ ਤੇ ਛੂਆ ਛਾਤ ਦਾ ਵਰਤਾਰਾ ਹੈ। ਜਿਸ ਨੂੰ ਵਰਤ ਕੇ ਹਾਕਮ ਧਿਰਾਂ ਕਿਰਤੀ ਜਮਾਤ ਵਿਚ ਫੁੱਟ ਪਾਉਂਦੀਆਂ ਹਨ ਤੇ ਮਜ਼ਦੂਰ ਜਮਾਤ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਦੇ ਹਥਿਆਰ ਵਜੋਂ ਵਰਤਦੀਆਂ ਹਨ। ਕਹਿਣ ਨੂੂੰ ਭਾਵੇਂ ਜਾਤਪਾਤ ਖਤਮ ਕਰਨ ਦਾ ਪ੍ਰਚਾਰ ਵੀ ਕੀਤਾ ਜਾਂਦਾ ਹੈ ਤੇ ਇਸ ਦੇ ਖਿਲਾਫ ਕਾਨੂੰਨ ਵੀ ਬਣਾਏ ਜਾਂਦੇ ਹਨ ਪਰ ਜਾਤੀਪਾਤੀ ਵਿਤਕਰਿਆਂ ਖਿਲਾਫ ਕੋਈ ਠੋਸ ਕਦਮ ਅੱਜ ਤੱਕ ਨਹੀਂ ਚੁਕਿਆ ਗਿਆ ਅਤੇ ਬਣਾਏ ਗਏ ਮਾੜੇ ਮੋਟੇ ਕਾਨੂੰਨ ਵੀ ਅਸਰਦਾਰ ਢੰਗ ਨਾਲ ਲਾਗੂ ਨਹੀਂ ਕੀਤੇ ਜਾਂਦੇ। ਇਹ ਵਰਤਾਰਾ ਵੀ ਸਦੀਆਂ ਤੋਂ ਚਲਦਾ ਆ ਰਿਹਾ ਹੈ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਲਗਾਤਾਰ ਜਾਰੀ ਹੈ। ਆਰ.ਐਸ.ਐਸ. ਹਿੰਦੂ ਧਰਮ ਦੇ ਕੱਟੜਵਾਦੀ ਰੂਪ ਦੀ ਅਨੁਆਈ ਹੈ ਅਤੇ ਉਹ ਮੰਨੂੰ ਵਲੋਂ ਚਲਾਈ ਗਈ ਵਰਣ ਵਿਵਸਥਾ ਵਿਚ ਵਿਸ਼ਵਾਸ਼ ਰੱਖਦੀ ਹੈ। ਇਸ ਲਈ ਉਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲ ਰਹੀ ਭਾਜਪਾ ਸਰਕਾਰ ਇਸ ਪਾੜੇ ਨੂੰ ਹੋਰ ਵਧਾਉਣ ਦੇ ਯਤਨ ਕਰ ਰਹੀ ਹੈ। ਹਿੰਦੂ ਰਾਸ਼ਟਰ ਕਾਇਮ ਕਰਨ ਦੇ ਨਾਹਰੇ ਹੇਠ ਦਲਿਤਾਂ, ਘੱਟ ਗਿਣਤੀਆਂ ਆਦਿਵਾਸੀਆਂ ਤੇ ਔਰਤਾਂ ਖਿਲਾਫ ਘੋਰ ਜ਼ੁਰਮ ਕੀਤੇ ਜਾ ਰਹੇ ਹਨ। ਪੁਰਾਣੇ ਸਮੇਂ ਦੇ ਮਿਥਹਾਸ ਦੀਆਂ ਕਹਾਣੀਆਂ ਨੂੰ ਨਵੇਂ ਸਿਰੇ ਤੋਂ ਇਤਿਹਾਸ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਸਕੂਲਾਂ ਵਿਚ ਪੜ੍ਹਾਈ ਹੀ ਕੱਟੜ ਹਿੰਦੂ ਪ੍ਰੰਪਰਾਵਾਂ ਦੇ ਮੁਤਾਬਕ ਲਾਗੂ ਕਰਨ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸੇ ਨੀਤੀ ਤਹਿਤ ਹੀ ਮਨੂੰਵਾਦੀ ਪਿਛਾਖੜੀ ਤੰਤਰ ਨੂੰ ਫੇਰ ਉਜਾਗਰ ਕਰਕੇ ਦਲਿਤਾਂ ਦੇ ਖਿਲਾਫ ਨਫਰਤ ਫੈਲਾਈ ਜਾ ਰਹੀ ਹੈ, ਜਿਸ ਦੇ ਸਿੱਟੇ ਵਜੋਂ ਦਲਿਤਾਂ ਖਿਲਾਫ ਦੁਰਵਿਵਹਾਰ ਤੇ ਅੱਤਿਆਚਾਰਾਂ ਦੀਆਂ ਘਟਨਾਵਾਂ ਵਿਚ ਤਿੱਖਾ ਵਾਧਾ ਹੋ ਰਿਹਾ ਹੈ। ਇਸ ਸਭ ਕੁੱਝ ਤੋਂ ਛੁਟਕਾਰਾ ਪਾਉਣ ਦਾ ਇਲਾਜ ਵੀ ਹਿੰਦੂ ਰਾਸ਼ਟਰ ਹੀ ਦੱਸ ਕੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਜਿੱਥੇ ਰਾਜ ਭਾਗ ਉਪਰ ਕਾਬਜ ਧਿਰਾਂ ਇਸ ਫੁੱਟ ਪਾਊ ਵਰਤਾਰੇ ਨੂੰ ਕਾਇਮ ਰੱਖਣਾ ਚਾਹੁੰਦੀਆਂ ਹਨ ਉਥੇ ਸਮਾਜ ਵਿਚ ਕੰਮ ਕਰਦੀਆਂ ਕੁਝ ਜਾਤ ਅਧਾਰਤ ਜਥੇਬੰਦੀਆਂ ਤੇ ਪਾਰਟੀਆਂ ਜਾਤਾਂ ਦੇ ਨਾਂਅ 'ਤੇ ਦਲਿਤਾਂ ਤੇ ਪੀੜਤਾਂ ਨੂੰ ਇਕੱਠੇ ਕਰਕੇ ਇਸ ਪਾੜੇ ਨੂੰ ਕਾਇਮ ਰੱਖਣ ਵਿਚ ਹੀ ਮਦਦਗਾਰ ਸਾਬਤ ਹੋ ਰਹੀਆਂ ਹਨ ਅਤੇ ਰਾਜ ਭਾਗ ਦਾ ਅਨੰਦ ਵੀ ਮਾਣ ਰਹੀਆਂ ਹਨ ਪਰ ਦਲਿਤਾਂ ਨੂੰ ਕੋਈ ਵੀ ਠੋਸ ਲਾਭ ਨਹੀਂ ਮਿਲਿਆ ਤੇ ਨਾ ਹੀ ਜਾਤੀਪਾਤੀ ਵਿਤਕਰਿਆਂ ਵਿਚ ਕੋਈ ਕਮੀ ਆਈ ਹੈ।
ਇਥੇ ਅਸੀਂ ਇਕ ਗੱਲ ਹੋਰ ਕਹਿਣੀ ਵੀ ਜ਼ਰੂਰੀ ਸਮਝਦੇ ਹਾਂ ਕਿ ਸਮਾਜ ਵਿਚ ਅਗਾਂਹਵਧੂ ਵਿਚਾਰਾਂ ਅਧੀਨ ਕੰਮ ਕਰਦੀਆਂ ਕਿਸਾਨਾਂ, ਸਨਅਤੀ ਮਜ਼ਦੂਰਾਂ, ਦਿਹਾਤੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਆਰਥਕ ਮੁਦਿਆਂ ਉਤੇ ਤਾਂ ਭਾਵੇਂ ਅਸਰਦਾਰ ਢੰਗ ਨਾਲ ਲੜਾਈ ਲੜਦੀਆਂ ਤੇ ਪ੍ਰਾਪਤੀਆਂ ਵੀ ਕਰਦੀਆਂ ਹਨ। ਪਰ ਛੂਆਛਾਤ ਦੇ ਖਿਲਾਫ ਉਨ੍ਹਾਂ ਨੇ ਵੀ ਬਹੁਤੀਆਂ ਤਿੱਖੀਆਂ ਲੜਾਈਆਂ ਨਹੀਂ ਲੜੀਆਂ ਅਤੇ ਵੱਖ ਵੱਖ ਨਾਵਾਂ ਹੇਠ ਕੰਮ ਕਰਦੀਆਂ ਮਜ਼ਦੂਰ ਜਮਾਤ ਦੀਆਂ ਪਾਰਟੀਆਂ (ਖੱਬੀਆਂ ਪਾਰਟੀਆਂ) ਨੇ ਵੀ ਪਿਛਲੇ ਲੰਘੇ ਸਮੇਂ ਵਿਚ ਇਸ ਭਿਆਨਕ ਤੇ ਖਤਰਨਾਕ ਬੀਮਾਰੀ ਖਿਲਾਫ ਬਣਦਾ ਰੋਲ ਅਦਾ ਨਹੀਂ ਕੀਤਾ।
ਇਸ ਸਾਰੇ ਕੁੱਝ ਦੇ ਹੁੰਦਿਆਂ ਹੋਇਆਂ ਹੁਣ ਸਾਰਥਿਕ ਪਹਿਲੂ ਵੀ ਸਾਡੇ ਸਾਹਮਣੇ ਹੈ। ਉਹ ਇਹ ਹੈ ਕਿ ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਨੇ ਹੁਣ ਕਰਵਟ ਲੈਣੀ ਸ਼ੁਰੂ ਕੀਤੀ ਹੈ। ਪਹਿਲਾਂ ਦੇ ਮੁਕਾਬਲੇ  ਹੁਣ ਇਹ ਲੋਕ ਸੁਚੇਤ ਹੋਏ ਹਨ ਅਤੇ ਜਥੇਬੰਦ ਹੋ ਰਹੇ ਹਨ। ਜਿੱਥੇ ਦਲਿਤਾਂ ਦੇ ਇਕ ਹਿੱਸੇ ਨੇ ਆਪਣੀਆਂ ਪਾਰਟੀਆਂ ਨੂੰ ਪਛਾਣ ਕੇ ਉਹਨਾਂ ਦੇ ਨੇੜੇ ਆਉਣਾ ਸ਼ੁਰੂ ਕੀਤਾ ਹੈ, ਉਥੇ ਖੱਬੀਆਂ ਪਾਰਟੀਆਂ ਤੇ ਇਨਕਲਾਬੀ ਜਥੇਬੰਦੀਆਂ ਵੀ ਹੁਣ ਦਲਿਤ ਸਵਾਲ ਦੇ ਹਾਂ-ਪੱਖੀ ਮੰਥਨ ਕਰ ਰਹੀਆਂ ਹਨ। ਦਲਿਤਾਂ ਨੇ ਜਾਗਰੂਕ ਹੋ ਕੇ ਦਲਿਤ ਸਮੱਸਿਆਵਾਂ ਤੇ ਅਤਿਆਚਾਰਾਂ ਖਿਲਾਫ ਜਥੇਬੰਦਕ ਹੋ ਕੇ ਅਵਾਜ ਉਠਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਤਿੱਖੇ ਘੋਲਾਂ ਵੱਲ ਵੀ ਕਦਮ ਪੁੱਟੇ ਜਾ ਰਹੇ ਹਨ।
ਅੰਤ ਵਿਚ ਅਸੀਂ ਦਲਿਤਾਂ ਨੂੰ ਸੁਚੇਤ ਹੋ ਕੇ ਜਥੇਬੰਦ ਹੋਣ, ਅਤੇ ਆਪਣੇ ਦੋਸਤਾਂ ਤੇ ਦੁਸ਼ਮਣਾਂ ਦੀ ਪਛਾਣ ਕਰਨ ਦੀ ਜ਼ੋਰਦਾਰ ਅਪੀਲ ਕਰਦੇ ਹੋਏ ਮਜ਼ਦੂਰ ਆਗੂਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਉਹ ਸਖਤ ਮਿਹਨਤ ਕਰਕੇ ਮਜ਼ਦੂਰ ਬਸਤੀਆਂ ਤੇ ਵਿਹੜਿਆਂ ਵਿਚ ਜਾ ਕੇ ਮਜ਼ਦੂਰਾਂ, ਗਰੀਬਾਂ ਤੇ ਦਲਿਤਾਂ ਨੂੰ ਜਾਗਰੂਕ ਕਰਨ ਅਤੇ ਸੰਘਰਸ਼ ਦੇ ਰਾਹ 'ਤੇ ਪਾ ਕੇ ਜਾਤਪਾਤ ਤੇ ਛੁਆਛਾਤ ਨੂੰ ਖਤਮ ਕਰਨ, ਸਮਾਜ ਵਿਚ ਬਰਾਬਰ ਦਾ ਦਰਜਾ ਪ੍ਰਾਪਤ ਕਰਨ ਲਈ ਦਿਨ ਰਾਤ ਇਕ ਕਰ ਦੇਣ। ਸੰਘਰਸ਼ ਹੀ ਸਾਰਿਆ ਦੁਖਾਂ ਦਾ ਦਾਰੂ ਹੈ।

No comments:

Post a Comment