Monday 7 November 2016

ਤਿੰਨ ਤਲਾਕ ਮੁੱਦਾ ਅਤੇ ਮੋਦੀ ਸਰਕਾਰ ਦੀ ਮਨਸ਼ਾ

ਮਹੀਪਾਲ 
ਇਸਲਾਮ ਧਰਮ ਦੇ ਮੰਨਣ ਵਾਲੇ ਬਹੁਗਿਣਤੀ ਦੇਸ਼ਾਂ ਅਤੇ ਵਸੋਂ ਵਿਚ ਕਿਸੇ ਮਰਦ ਵਲੋਂ ਕਿਸੇ ਵੀ ਕਾਰਨ ਜਾਂ ਕਈ ਵਾਰ ਬਿਨਾਂ ਕਾਰਨ ਹੀ ਕੇਵਲ ਤਿੰਨ ਵਾਰ ਤਲਾਕ, ਤਲਾਕ, ਤਲਾਕ ਕਹਿ ਕੇ ਆਪਣੀ ਬੇਕਸੂਰ ਵਿਆਹੁਤਾ ਪਤਨੀ ਨੂੰ ਛੱਡ ਦੇਣ ਦੀ ਮਨੁੱਖਤਾ ਵਿਰੋਧੀ, ਕੁਦਰਤ ਵਿਰੋਧੀ ਜਾਲਮਾਨਾ ਰਵਾਇਤ ਇਕ ਵਾਰ ਫੇਰ ਚਰਚਾ ਵਿਚ ਹੈ। ਅਸੀਂ ਇਸ ਰਾਇ ਦੇ ਹਾਂ ਕਿ ਨਾ ਕੇਵਲ ਇਸਲਾਮ ਧਰਮ ਵਿਚਲੀ ਇਹ ਕੁਪ੍ਰਥਾ ਬਲਕਿ ਕਿਸੇ ਵੀ ਧਰਮ ਦਰਮਿਆਨ ਅਜਿਹੀ ਕੋਈ ਵੀ ਜਾਲਿਮਾਨਾ ਰਵਾਇਤ ਹਰ ਹੀਲੇ ਬੰਦ ਹੋਣੀ ਚਾਹੀਦੀ ਹੈ। ਪਰ ਅਸੀਂ ਨਾਲ ਹੀ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਇਸ ਕਿਸਮ ਦਾ ਵਰਤਾਰਾ ਕੇਵਲ ਇਸਲਾਮ ਤੱਕ ਹੀ ਸੀਮਤ ਨਹੀਂ ਹੈ। ਔਰਤਾਂ ਨਾਲ ਪੈਰ ਪੈਰ 'ਤੇ ਹੋ ਰਹੇ ਵਿਤਕਰੇ ਅਤੇ ਜ਼ੁਲਮ ਹਰੇਕ ਧਰਮ ਨੂੰ ਮੰਨਣ ਵਾਲੇ ਅਬਾਦੀ ਸਮੂਹਾਂ 'ਚ ਬਦਕਿਸਮਤੀ ਨਾਲ ਨਾ ਕੇਵਲ ਕਾਇਮ ਹਨ ਬਲਕਿ ਪਿਛਾਖੜੀ ਤਾਕਤਾਂ ਦੇ ਵਕਤੀ ਤੌਰ 'ਤੇ ਜ਼ੋਰ ਫੜਨ ਨਾਲ ਸਗੋਂ ਹੋਰ ਤੇਜ਼ ਹੋ ਰਹੇ ਹਨ। ਸੋ ਅੱਜ ਅਗਾਂਹਵਧੂ 'ਤੇ ਲੋਕ ਪੱਖੀ ਬਦਲਾਅ ਦੀਆਂ ਮੁਦੱਈ ਸਾਰੀਆਂ ਧਿਰਾਂ ਨੂੰ ਇਸੇ ਸੇਧ 'ਚ ਵਧੇਰੇ ਗਤੀਸ਼ੀਲ ਹੋਣ, ਸੰਗਰਾਮੀ ਸਰਗਰਮੀ ਕਰਨ ਦੀ ਲੋੜ ਹੈ। ਪਰ ਅਜਿਹੇ ਵੇਲੇ ਤਿੰਨ ਤਲਾਕ ਦੀ ਕੁਲਹਿਣੀ ਪ੍ਰਥਾ ਦੇ ਖਾਤਮੇਂ ਦੀ ਗੱਲ ਦੇਸ਼ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਲੋਂ ਛੇੜੀ ਗਈ ਹੈ। ਇਸ ਘ੍ਰਿਣਾ ਯੋਗ ਪ੍ਰਥਾ ਦੇ ਖਾਤਮੇਂ ਦੇ ਸਾਡੇ ਪੱਕੇ ਹਾਮੀ ਹੋਣ ਦੇ ਬਾਵਜੂਦ ਵੀ ਸਰਕਾਰ ਦਾ ਪਿਛਲਾ ਰਿਕਾਰਡ ਅਤੇ ਨੀਅਤ ਇਸ ਪ੍ਰਤੀ ਕਈ ਸ਼ੰਕੇ ਖੜ੍ਹੇ ਕਰਦੇ ਹਨ।
ਕਿਸੇ ਵੀ ਸੰਤੁਲਿਤ ਸੋਚ ਵਾਲੇ ਸੰਵੇਦਨਸ਼ੀਲ ਮਨੁੱਖ ਦਾ ਔਰਤਾਂ 'ਤੇ ਹੁੰਦੇ ਹਰ ਕਿਸਮ ਦੇ ਜ਼ੁਲਮਾਂ ਅਤੇ ਵਿਤਕਰਿਆਂ ਦਾ ਵਿਰੋਧੀ ਹੋਣਾ ਲਾਜ਼ਮੀ ਹੈ। ਇਨ੍ਹਾਂ ਜ਼ੁਲਮਾਂ, ਵਿਤਕਰਿਆਂ ਦੇ ਅਮਾਨਵੀ ਤੇ ਗੈਰ ਕੁਦਰਤੀ ਵਰਤਾਰਿਆਂ ਦਾ ਹਰ ਖੇਤਰ ਦਾ ਹਕੀਕੀ ਵਿਰੋਧੀ ਸੰਗਰਾਮੀਆ ਸਾਡੀ ਇਸ ਦਲੀਲ ਨਾਲ ਸਹਿਮਤ ਹੋਵੇਗਾ ਕਿ ਔਰਤਾਂ ਪ੍ਰਤੀ ਬਣੀਆਂ ਪੱਖਪਾਤੀ ਧਾਰਣਾਵਾਂ ਅਤੇ ਇਨ੍ਹਾਂ ਧਾਰਣਾਵਾਂ ਨੂੰ ਸਦੀਆਂ ਤੋਂ ਵੱਖੋ ਵੱਖ ਧਰਮਾਂ ਦੀ ਆੜ ਵਿਚ ਪ੍ਰਫੁਲਿਤ ਕੀਤਾ ਜਾਂਦਾ ਰਿਹਾ ਹੈ ਅਤੇ ਇਹ ਅਸੱਭਿਅਕ ਕਰਤੂਤ ਅੱਜ ਵੀ ਬਾਦਸਤੂਰ ਜਾਰੀ ਹੈ। ਇਸ ਪੱਖੋਂ ਹਰੇਕ ਧਰਮ ਦੇ ਅਖੌਤੀ ਆਗੂਆਂ ਦੀ ਸੋਚਣੀ ਤੇ ਅਮਲ ਇਕੋ ਜਿਹੇ ਭਾਵ ਘੋਰ ਔਰਤ ਵਿਰੋਧੀ ਹਨ। ਆਉ ਇਸ ਮਾਨਵਤਾ ਵਿਰੋਧੀ ਸੋਚ ਤੇ ਵਰਤਾਰੇ ਨੂੂੰ ਅਮਲ ਦੀ ਕਸਵੱਟੀ 'ਤੇ ਪਰਖਣ ਦਾ ਯਤਨ ਕਰੀਏ।  ਹਿੰਦੂ ਧਰਮ ਦੇ ਆਪੂੰ ਬਣੇ ਠੇਕੇਦਾਰ ਆਰ.ਐਸ.ਐਸ. ਅਤੇ ਉਸ ਦੇ ਬਗਲ ਬੱਚੇ ਅਤੇ ਉਨ੍ਹਾਂ ਦੇ ਮੁਕਾਬਲੇ ਦੁਰਵਚਨ ਬੋਲਦੇ ਸਵੈ ਸਾਜੇ ਮੁਸਲਮਾਨਾਂ ਦੇ ਰਹਿਬਰ ਕਹਾਉਣ ਵਾਲੇ ਕੱਟੜਪੰਥੀ ਸੰਗਠਨ ਇਕ ਦੂਜੇ ਨੂੰ ਹਰ ਰੋਜ ਪਾਣੀ ਪੀ ਪੀ ਕੋਸਦੇ ਹਨ। ਇਹ ਘ੍ਰਿਣਤ ਸੰਗਠਨ ਅਤੇ ਇਨ੍ਹਾਂ ਦੇ ਆਗੂ ਆਪੋ ਆਪਣੇ ਧਰਮਾਂ ਦੀ ਆਮ ਲੋਕਾਈ ਖਾਸ ਕਰ ਗਰੀਬ ਜਨਸਮੂਹਾਂ ਦੀਆਂ ਸਾਰੀਆਂ ਮੁਸ਼ਕਿਲਾਂ ਲਈ ਇਕ ਦੂਜੇ ਦੇ ਐਲਾਨੇ  ਵਿਰੋਧੀ ਧਰਮਾਂ ਨੂੰ ਹੀ ਕਸੂਰਵਾਰ ਠਹਿਰਾਉਂਦੇ ਹਨ। ਇਸ ਪਿੱਛੇ ਉਨ੍ਹਾਂ ਦਾ ਇਕ ਖਾਸ ਮਕਸਦ ਹੈ। ਗਰੀਬ ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਚੇਤੰਨ ਹੋ ਕੇ ਜਥੇਬੰਦ ਹੁੰਦਿਆਂ ਸੰਗਰਾਮਾਂ ਦੇ ਰਸਤੇ ਪੈ ਕੇ ਜਮਾਤੀ ਲੁੱਟ ਦੇ ਸਦੀਵੀ ਖਾਤਮੇ ਦੇ ਰਸਤੇ ਤੋਂ ਕੁਰਾਹੇ ਪਾਉਣ ਲਈ ਹੀ ਉਕਤ ਸਾਰਾ ਕਾਰ ਵਿਹਾਰ ਅਮਲ 'ਚ ਲਿਆਂਦਾ ਜਾਂਦਾ ਹੈ। ਹਾਕਮ ਜਮਾਤਾਂ ਅਤੇ ਉਨ੍ਹਾਂ ਦੇ ਹੱਥ ਠੋਕੇ ਮੁਲਾਣੇ, ਪੰਡਿਆਂ ਦੀ ਸਮੁੱਚੀ ਕਾਰਜ ਪ੍ਰਣਾਲੀ ਨੂੰ ਇਸੇ ਨਜ਼ਰੀਏ ਤੋਂ ਹੀ ਠੀਕ ਢੰਗ ਨਾਲ ਘੋਖਿਆ ਪਰਖਿਆ 'ਤੇ ਡੱਕਿਆ ਜਾ ਸਕਦਾ ਹੈ। ਆਉ ਵਿਸ਼ੇ ਵੱਲ ਪਰਤੀਏ। ਭਾਵੇਂ ਉਪਰ ਦੱਸੇ ਗਏ ਹਿੰਦੂ, ਮੁਸਲਮਾਨਾਂ ਦੇ ਅਖੌਤੀ ਅਲੰਬਰਦਾਰ ਇਕ ਦੂਜੇ ਦੇ ਵਿਰੁੱਧ ਕਿੰਨਾ ਵੀ ਜ਼ਹਿਰ ਉਗਲਣ ਪਰ ਜਦੋਂ ਵੀ ਔਰਤਾਂ ਦੀ ਆਜ਼ਾਦੀ ਦੀ ਗੱਲ ਅਜੇ ਤੁਰਦੀ ਹੀ ਹੈ ਤਾਂ ਸੰਘ ਪਰਿਵਾਰ ਅਤੇ ਇਸਲਾਮ ਦੇ ਠੇਕੇਦਾਰ ਮੁਸਲਿਮ ਕੱਟੜਪੰਥੀ ਸੰਗਠਨ ਝੱਟ ਇਕੋ ਜਿਹੀ ਹੀ ਬੋਲੀ ਬੋਲਦੇ ਹਨ। ਜਿੱਥੇ ਸੰਘੀ ਟੋਲਾ ਔਰਤਾਂ ਨੂੰ ਘਰਾਂ 'ਚ ਚੁੱਲੇ ਚੌਂਕੇ ਤੱਕ ਸੀਮਤ ਰਹਿ ਕੇ ਪਰਿਵਾਰ ਦੀ ਸੇਵਾ ਸੰਭਾਲ ਦੀਆਂ ਮੱਤਾਂ ਦਿੰਦਾ ਹੈ ਉਥੇ ਮੋਲਾਣਾ ਕੁਨਬਾ ਔਰਤਾਂ ਨੂੰ ਬੁਰਕੇ 'ਚ ਕੈਦ ਰੱਖ ਕੇ ਹਰ ਕਿਸਮ ਦੇ ਹੱਕਾਂ ਤੋਂ ਵਾਂਝੇ ਰੱਖਣ ਦਾ ਹਾਮੀ ਹੈ।
ਅਸਲ ਗੱਲ ਇਹ ਹੈ ਕਿ ਆਰ.ਐਸ.ਐਸ. ਦੇ ਪਿਛਾਖੜੀ ਵਿਚਾਰਾਂ (ਭਾਜਪਾ ਦੇ ਸ਼ਬਦਾਂ 'ਚ ਮਾਰਗ ਦਰਸ਼ਨ) ਤੋਂ ਸੇਧ ਲੈ ਕੇ ਸਰਕਾਰੀ ਤੰਤਰ ਚਲਾਉਣ ਵਾਲੀ ਭਾਜਪਾ ਤੋਂ ਔਰਤਾਂ ਪ੍ਰਤੀ ਕੋਈ ਅਗਾਂਹਵਧੂ ਪੈਂਤੜਾ ਲੈਣ ਦੀ ਆਸ ਕਰਨੀ ਹੀ ਫਿਜ਼ੂਲ ਹੈ। ਭਾਜਪਾ ਲਈ ਪ੍ਰੇਰਣਾ ਸਰੋਤ (ਅਸਲ 'ਚ ਅੰਗਰੇਜ ਸਾਮਰਾਜ ਦੇ ਪਿੱਠੂ) ਵੀਰ ਸਾਵਰਕਰ ਦੇ ਸ਼ਬਦਾਂ 'ਚ-''ਮਨੂੰਸਿਮ੍ਰਤੀ ਇਕ ਅਜਿਹਾ ਧਾਰਮਕ ਗ੍ਰੰਥ ਹੈ ਜਿਹੜਾ ਹਿੰਦੂ ਰਾਸ਼ਟਰ ਲਈ ਵੇਦਾਂ ਤੋਂ ਬਾਅਦ ਸਭ ਤੋਂ ਵੱਧ ਪੂਜਣਯੋਗ ਹੈ, ਜੋ ਪ੍ਰਾਚੀਨ ਕਾਲ ਤੋਂ ਸਾਡੇ ਸੱਭਿਆਚਾਰ, ਰੀਤੀ ਰਿਵਾਜ਼ ਵਿਚਾਰ ਆਚਰਣ ਦਾ ਆਧਾਰ ਬਣ ਗਿਆ ਹੈ। ਜਿਸਨੇ ਸਦੀਆਂ ਤੋਂ ਸਾਡੇ ਰਾਸ਼ਟਰ ਦੇ ਅਧਿਆਤਮਕ ਅਤੇ ਦੈਵੀ ਜੀਵਨ ਨੂੰ ਸੂਤਰਬੱਧ ਕੀਤਾ ਹੈ। ਅੱਜ ਮੰਨੂੰਸ੍ਰਿਮਤੀ ਹੀ ਹਿੰਦੂ ਜੀਵਨ ਵਿਧੀ ਹੈ। ਕਰੋੜਾਂ ਹਿੰਦੂ ਆਪਣੇ ਜੀਵਨ ਅਤੇ ਵਿਹਾਰ ਵਿਚ ਜਿਨਾਂ ਨਿਯਮਾਂ 'ਤੇ ਚਲਦੇ ਹਨ ਉਹ ਮੰਨੂਸ੍ਰਿਮਤੀ ਚੋਂ ਹੀ ਹਨ।''
ਆਰ.ਐਸ.ਐਸ. ਜਿਸ ਮੰਨੂੰਸਿਮ੍ਰਤੀ ਦੇ ਅਧਾਰ 'ਤੇ ਭਾਰਤ ਦੇ ਲੋਕਾਂ ਦੀ ਜੀਵਨ ਜਾਚ ਢਾਲਣਾ ਚਾਹੁੰਦੀ ਹੈ ਉਹ ਗ੍ਰੰਥ ਸ਼ੂਦਰਾਂ ਅਤੇ ਇਸਤਰੀਆਂ ਨੂੰ ਢੋਲ 'ਤੇ ਪਸ਼ੂ ਤੁੱਲ ਰੱਖਦਾ ਹੈ। ਭਾਵ ਜਿਵੇਂ ਢੋਲ 'ਤੇ ਪਸ਼ੂ ਕੁੱਟੇ ਤੋਂ ਠੀਕ ਸਿੱਟੇ ਕੱਢਦੇ ਹਨ ਉਵੇਂ ਹੀ ਸ਼ੂਦਰ ਅਤੇ ਇਸਤਰੀ ਵੀ ''ਸੂਤ'' ਕਰਕੇ ਰੱਖਣੇ ਚਾਹੀਦੇ ਹਨ। ਜੋ ਗ੍ਰੰਥ ਹਰ ਹਾਲਤ ਵਿਚ ਔਰਤਾਂ ਨੂੰ ਮਰਦਾਂ 'ਤੇ ਨਿਰਭਰ, ਮਰਦਾਂ ਦੇ ਕਾਬੂ ਵਿਚ ਹੀ ਰਹਿਣਯੋਗ, ਸੋਚਣੋਂ ਸਮਝਣੋਂ ਅਸਮਰਥ, ਭੋਗ ਵਿਲਾਸ ਦੀ ਲਾਲਸਾ 'ਚ ਗ੍ਰਸੀਆਂ ਹੋਈਆਂ, ਉਮਰ ਦਾ ਲਿਹਾਜ ਰੱਖੇ ਬਗੈਰ ਕਾਮੁਕ, ਪਰਾਏ ਆਦਮੀਆਂ 'ਤੇ ਡੋਰੇ ਪਾਉਣ ਵਾਲੀਆਂ ਚੰਚਲ, ਨਿਰਮੋਹੀਆਂ, ਧੋਖੇਬਾਜ਼ ਆਦਿ ਵਿਸ਼ੇਸ਼ਣਾਂ ਨਾਲ ਨਿਵਾਜਦਾ ਹੋਵੇ ਉਸ ਗ੍ਰੰਥ ਨੂੰ ਆਪਣੀ ਆਦਰਸ਼ ਜੀਵਨ ਵਿਧੀ ਮੰਨਣ ਵਾਲੇ ਸੰਘੀ ਜਾਹਲ ਔਰਤਾਂ ਦੇ ਹਮਦਰਦ ਹੋਣਗੇ? ਕਦੇ ਸੋਚਿਆ ਵੀ ਨਹੀਂ ਜਾ ਸਕਦਾ। ਮਨੁੱਖਤਾ ਦਾ ਅੱਜ ਤੱਕ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਤੇ ਵੀ ਕੋਈ ਵੀ ਪਿਛਾਂਹ ਖਿੱਚੂ ਕੱਟੜ ਧਾਰਮਿਕ ਸੰਗਠਨ ਕਿਸੇ ਵੀ ਕਿਸਮ ਦੇ ਬਰਾਬਰ ਅਧਿਕਾਰਾਂ ਦੇ ਪੱਖ 'ਚ ਨਹੀਂ ਬਲਕਿ ਉਲਟ ਖੜੋਣ ਦਾ ਰਿਕਾਰਡਧਾਰੀ ਹੈ। ਆਜ਼ਾਦੀ ਸੰਗਰਾਮ ਦੌਰਾਨ ਅੰਗਰੇਜ਼ ਸਾਮਰਾਜ ਦੀ ਸਾਜ਼ਿਸ ਅਧੀਨ ਹੋਏ ਦੰਗੇ, 1947 ਦੀ ਦੇਸ਼ ਵੰਡ ਅਤੇ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਹੋਏ ਅਨੇਕਾਂ ਫਿਰਕੂ ਦੰਗਿਆਂ (ਜਿਨ੍ਹਾਂ ਦਾ ਮੁੱਖ ਸਾਜਿਸ਼ ਕਰਤਾ ਆਰ.ਐਸ.ਐਸ. ਹੀ ਰਿਹਾ ਹੈ) ਵਿਚ ਸਭ ਤੋਂ ਬੁਰੀ ਮਾਰ ਔਰਤਾਂ ਨੂੰ ਹੀ ਝੱਲਣੀ ਪਈ ਹੈ। ਇਥੋਂ ਤੱਕ ਕਿ ਗੁਜਰਾਤ ਦੰਗਿਆਂ (2001) ਵਿਚ ਗਰਭਵਤੀ ਔਰਤਾਂ ਨੂੰ ਮਾਰਨ ਵੱਲ ਵਿਸ਼ੇਸ਼ ''ਤਵੱਜੋ'' ਦਿੱਤੀ ਗਈ ਸੰਘੀ ਕਾਤਲਾਂ ਵਲੋਂ। ਅੱਜ ਉਹ ਨਿਰਦਈ ਸੰਘੀ ਥਾਪੜੇ ਵਾਲੀ ਭਾਜਪਾ ਸਰਕਾਰ ਜੇ ਮੁਸਲਮਾਨ ਔਰਤਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰੇ ਤਾਂ ਗੱਲ ਸੰਘੋਂ ਹੇਠਾਂ ਨਹੀਂ ਉਤਰਦੀ। ਦੂਜਾ ਵੱਡਾ ਨੁਕਤਾ ਇਹ ਹੈ ਕਿ ਔਰਤਾਂ ਨਾਲ ਇਹ ਤਲਾਕ ਵਾਲਾ ਦੁਖਦਾਈ ਵਰਤਾਰਾ ਕੇਵਲ ਇਸਲਾਮ ਤੱਕ ਹੀ ਸੀਮਤ ਨਹੀਂ। ਜੇ ਸਮੁੱਚੀ ਵਸੋਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਜਾਲਮਾਨਾਂ ਵਰਤਾਰਾ ਹਰ ਧਰਮ ਦੇ ਲੋਕਾਂ 'ਚ ਮੌਜੂਦ ਹੈ। ਪਰ ਆਪਣੇ ਫਿਰਕੂ ਏਜੰਡੇ ਅਨੁਸਾਰ ਇਸ ਨੁਕਤੇ ਤੋਂ ਸੰਘੀ ਘੁਣਤਰਾਂ ਅਨੁਸਾਰ ਕਾਰਜਸ਼ੀਲ ਮੋਦੀ ਸਰਕਾਰ ਅਤੇ ਭਾਜਪਾ ਕੇਵਲ ਮੁਸਲਿਮਾਂ ਵਿਚਲੀ ਤਿੰਨ ਤਲਾਕ ਵਾਲੀ ਕੁਪ੍ਰਥਾ ਹੀ ਦੇਖਦੀ ਹੈ। ਬਾਕੀ ਧਾਰਮਿਕ ਸਮੂਹਾਂ ਵਿਚ ਵੀ ਵੱਖੋ ਵੱਖ ਢੰਗਾਂ ਨਾਲ ਮੌਜੂਦ ਇਹੋ ਜਿਹੀਆਂ ਬੀਮਾਰੀਆਂ ਉਹ ਜਾਣਬੁੱਝ ਕੇ ਨਜ਼ਰਅੰਦਾਜ਼ ਕਰਦੇ ਹਨ।
ਹਜ਼ਾਰਾਂ ਸਾਲਾਂ ਤੋਂ ਭਾਰਤੀ ਬਹੁਗਿਣਤੀ ਵਸੋਂ ਦੇ ਅਨੇਕਾਂ ਉਪ ਸਮੂਹਾਂ ਵਿਚ ਕੁੱਖ 'ਚ ਕਤਲ, ਬਾਲ ਵਿਆਹ, ਦਾਜ ਲਈ ਕਤਲ, ਬਾਲੜੀਆਂ ਨੂੰ ਪੜ੍ਹਾਈ ਦੇ ਮੌਕੇ ਮੁਹੱਈਆ ਕਰਾਉਣ ਵੇਲੇ ਪੱਖਪਾਤ, ਵਿਧਵਾ ਵਿਆਹ 'ਤੇ ਰੋਕ, ਜਿਣਸੀ ਸ਼ੋਸ਼ਣ ਅਤੇ ਉਹ ਵੀ ਇੰਨਾਂ ਘਿਣੋਣਾ ਕਿ ਬਾਲੜੀਆਂ ਤੱਕ ਨੂੰ ਵੀ ਸ਼ਿਕਾਰ ਬਣਾਉਣਾ, ਰੋਜ਼ਗਾਰ ਦੇ ਮੌਕਿਆਂ 'ਚ ਅੜਿਕੇ ਡਾਹੁਣਾ, ਸਵੈਨਿਰਭਰਤਾ ਤੋਂ ਵਾਂਝੇ ਰੱਖਣਾ, ਘਰੇਲੂ ਹਿੰਸਾ, ਯੋਗਤਾ ਦੇ ਬਾਵਜੂਦ ਚੁਣੇ ਹੋਏ ਅਦਾਰਿਆਂ 'ਚ ਪ੍ਰਤੀਨਿੱਧਤਾ ਦੇਣ 'ਚ ਅਡਿੱਕੇ ਜਾਇਦਾਦ 'ਚੋਂ ਹਿੱਸਾ ਨਾ ਕੇਵਲ ਕਾਇਮ ਹਨ ਬਲਕਿ ਪਿਛਾਖੜੀ ਸੋਚਣੀ 'ਤੇ ਚਲਦਿਆਂ ਭਾਜਪਾ ਸਰਕਾਰ ਉਲਟਾ ਅਜਿਹੀਆਂ ਕੁਰੀਤੀਆਂ ਦੇ ਵਧਣ ਫੁੱਲਣ ਲਈ ਹੋਰ ਅਨੁਕੂਲ ਮੌਕੇ ਪੈਦਾ ਕਰ ਰਹੀ ਹੈ। ਔਰਤਾਂ ਨੂੰ ਰੋਜ਼ਗਾਰ, ਬਰਾਬਰ ਕੰਮ ਲਈ ਬਰਾਬਰ ਉਜਰਤਾਂ, ਬਿਹਤਰ ਕੰਮ ਹਾਲਤਾਂ ਅਤੇ ਕੰਮ ਥਾਵਾਂ 'ਤੇ ਸਨਮਾਨਜਨਕ ਵਿਵਹਾਰ ਆਦਿ ਦੇ ਮੌਕੇ ਔਰਤਾਂ ਨੂੰ ਧਰਮ ਜਾਤ ਦੇ ਫਰਕ ਤੋਂ ਉਪਰ ਉਠ ਕੇ ਉਪਲੱਬਧ ਕਰਾਉਣ ਦੀ ਤਾਂ ਮੋਦੀ ਸਰਕਾਰ ਨੇ ਕਦੀ ਗੱਲ ਹੀ ਨਹੀਂ ਕੀਤੀ ਜੋ ਕਿ ਔਰਤਾਂ ਨੂੰ ਅਸਲ 'ਚ ਬਰਾਬਰਤਾ ਵੱਲ ਲੈ ਜਾਣ ਦੇ ਰਾਹ ਤੋਰਨ ਦੀ ਸ਼ੁਰੂਆਤ ਕਰ ਸਕਦੇ ਹਨ।
ਸਾਡੇ ਇਸੇ ਦੇਸ਼ ਵਿਚ ਬਨਾਰਸ ਅਤੇ ਹੋਰਨਾਂ ਥਾਵਾਂ 'ਤੇ ਵਿਧਵਾਵਾਂ ਦੇ ਰਹਿਣ ਲਈ ਵੱਖਰੇ ਆਸ਼ਰਮ ਬਣੇ ਹੋਏ ਹਨ। ਸੰਘ ਦੀ ਧਾਰਮਕ ਰੰਗਤ ਦੇ ਚੋਲੇ 'ਚ ਬਿਰਾਜਮਾਨ ਫਿਰਕੂ ਗੁੰਡਿਆਂ ਨੇ ਬਨਾਰਸ ਦੀਆਂ ਵਿਧਵਾਵਾਂ ਦੇ ਤਰਾਸਦੀ ਪੂਰਨ ਜੀਵਨ 'ਤੇ ਫਿਲਮ ਤੱਕ ਬਨਾਉਣ ਦੀ ਇਜਾਜ਼ਤ ਨਹੀਂ ਦਿੱਤੀ। ਜੇ ਇਹ ਫਿਲਮ ਭਾਰਤ  ਤੋਂ ਬਾਹਰ ਬਣ ਵੀ ਜਾਂਦੀ ਤਾਂ ਸੰਘੀ ਖਰੂਦੀਆਂ ਨੇ ਇਸ ਦਾ ਪ੍ਰਦਰਸ਼ਨ ਨਹੀਂ ਸੀ ਹੋਣ ਦੇਣਾ। ''ਢੋਲ, ਗੰਵਾਰ, ਸ਼ੂਦਰ, ਪਸ਼ੂ, ਨਾਰੀ'' ਦੇ ਵਾਕ ਨੂੰ ਸਦਾ ਲਈ ਮੇਟਣ ਦਾ ਕੋਈ ਯਤਨ ਤਾਂ ਦੂਰ ਇਸ ਵਿਰੁੱਧ ਕੋਈ ਬਿਆਨ ਵੀ ਸੰਘੀ ਯਮਦੂਤ ਸੁਣਨ ਪੜ੍ਹਣ ਨੂੰ ਤਿਆਰ ਨਹੀਂ। ਕੁੱਲ ਮਿਲਾ ਕੇ ਅਸੀਂ ਕਹਿਣਾ ਇਹ ਚਾਹੁੰਦੇ ਹਾਂ ਕਿ ਜਿਹੜੇ ਸੰਗਠਨ ਪਸ਼ੂਆਂ ਅਤੇ ਪਛਾਣ ਚਿੰਨ੍ਹਾਂ ਦੇ ਨਾਂਅ 'ਤੇ ਨਰ ਬਲੀ ਲੈਂਦੇ ਹੋਣ, ਖੁਰਾਕੀ ਵਸਤਾਂ ਦੀ ਚੋਣ ਦੇ ਸਵਾਲ 'ਤੇ ਫਿਰਕੂ ਦੰਗੇ ਕਰਵਾਉਣ, ਖੁਰਾਕੀ ਵਸਤਾਂ ਦੇ ਸੇਵਨ ਬਾਰੇ ਝੂਠੇ ਪ੍ਰਚਾਰ ਰਾਹੀਂ ਭੀੜਾਂ ਭੜਕਾ ਕੇ ਮਨੁੱਖਾਂ ਨੂੰ ਕੋਹ ਦੇਣ, ਮਾਸੂਮ ਬੱਚਿਆਂ ਨੂੰ ਵੈਗਨਾਂ (ਇਕ ਕਿਸਮ ਦੀ ਜੀਪ) 'ਚ ਬੰਦ ਕਰਕੇ ਜਿਉਂਦੇ ਸਾੜ ਦੇਣ, ਹਜ਼ਾਰਾਂ ਬੇਗੁਨਾਹਾਂ ਖਾਸ ਕਰ ਔਰਤਾਂ ਤੇ ਬੱਚਿਆਂ ਦਾ ਕਤਲੇਆਮ ਕਰਾਉਣ ਵਾਲੇ ਦੰਗਿਆਂ ਦੇ ਸਾਜਿਸ਼ਕਰਤਾ ਹੋਣ, ਜਾਤੀ ਵਿਤਕਰਾ ਕਾਇਮ ਰੱਖਣ ਵਾਲੀ ਮੰਨੁਸਿਮਰਤੀ ਅਤੇ ਹੋਰ ਸਭਨਾਂ ਵੇਲਾ ਵਿਹਾ ਚੁੱਕੀਆਂ ਕਦਰਾਂ ਕੀਮਤਾਂ ਦੇ ਕੱਟੜ ਹਿਮਾਇਤੀ ਹੋਣ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਪੂਰੀ ਤਰ੍ਹਾਂ ਵਿਰੋਧੀ ਹੋਣ ਉਹ ਔਰਤਾਂ ਪ੍ਰਤੀ ਸੰਵੇਦਨਸ਼ੀਲ ਹੋਣ ਦਾ ਦਾਅਵਾ ਕਰਨ ਤਾਂ ਇਸ ਤੋਂ ਵੱਡਾ ਤਰਾਸਦੀਪੂਰਨ ਮਜਾਕ ਕੋਈ ਹੋਰ ਹੋ ਹੀ ਨਹੀਂ ਸਕਦਾ। ਫਿਰ ਸਰਕਾਰ ਨੇ ਇਹ ਤਿੰਨ ਤਲਾਕ ਵਾਲੀ ਤਾਣ ਕਿਉਂ ਛੇੜੀ ਹੈ? ਆਓ ਇਸ ਬਾਰੇ ਨਿਰਣਾ ਕਰੀਏ!
ਇਸ ਸਰਕਾਰ ਨੇ ਕਹਿਣੀ ਤੇ ਕਰਨੀ ਦੇ ਫਰਕ ਦੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਲੋਕਾਂ ਦੇ ਬੁਨਿਆਦੀ ਮਸਲਿਆਂ ਦਾ ਹੱਲ ਤਾਂ ਕੀ ਹੋਣਾ ਸੀ ਉਲਟਾ ਇਸ ਪੱਖੋਂ ਹਾਲਾਤ ਹੋਰ ਨਿੱਘਰੇ ਹਨ। ਹਰ ਮੁਹਾਜ 'ਤੇ ਸਰਕਾਰ ਦੀ ਖਿੱਲੀ ਉਡ ਰਹੀ ਹੈ। ਆਰਥਕ, ਰੱਖਿਆ, ਨੀਤੀ ਨਿਰਧਾਰਨ ਗੱਲ ਕੀ ਹਰ ਖੇਤਰ ਵਿਚ ਸਾਮਰਾਜੀ ਦਖਲ ਅੰਦਾਜ਼ੀ ਅਤੇ ਪੁਗਤ ਸ਼ਿਖਰਾਂ ਛੂਹ ਰਹੀ ਹੈ। ਸਿੱਟੇ ਵਜੋਂ ਲੋਕਾਂ 'ਚ ਉਪਜੀ ਅਤੇ ਰੋਜ ਤਿੱਖੀ ਹੋ ਰਹੀ ਬੇਚੈਨੀ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਸਰਕਾਰ ਅਤੇ ਇਸਦੇ ਸਾਮਰਾਜੀ ਜੋਟੀਦਾਰਾਂ ਲਈ ਫੌਰੀ ਲੋੜ ਬਣ ਚੁਕਿਆ ਹੈ। ਉਕਤ ਨਾਪਾਕ ਮਕਸਦ ਲਈ ਪਿਛਲੇ ਦਿਨੀਂ ਜੰਗ ਵਰਗੇ ਹਾਲਾਤ ਬਣਾ ਦਿੱਤੇ ਗਏ ਸਨ। ਸਰਕਾਰ ਅਤੇ ਇਸ ਦੇ ਫਿਰਕੂ ਪ੍ਰਭੂਆਂ ਵਲੋਂ ਉਠਾਇਆ ਗਿਆ ਤਿੰਨ ਤਲਾਕ ਅਤੇ ਇਕਸਾਰ ਸਿਵਲ ਕੋਡ ਦਾ ਮੁੱਦਾ ਵੀ ਇਸੇ ਸਾਜਿਸ਼ੀ ਕਵਾਇਦ ਦਾ ਹੀ ਵਿਸਥਾਰ ਹੈ। ਇਸ ਮਾਮਲੇ 'ਚ ਨਾ ਮੋਦੀ ਸਰਕਾਰ ਦੀ ਨੀਅਤ ਅਤੇ ਨੀਤੀ ਦੋਨੋਂ ਹੀ ਘਾਤਕ ਅਤੇ ਉਲਟ ਪ੍ਰਭਾਵੀ ਹੀ ਸਾਬਤ ਹੋਣੇ ਹਨ।
ਇਸ ਪਹੁੰਚ ਦੇ ਚਲਦਿਆਂ ਉਕਤ ਤਿੰਨ ਤਲਾਕ ਦੀ ਅਸੱਭਿਅਕ ਪ੍ਰਥਾ ਦਾ ਖਾਤਮਾ ਤਾਂ ਕੀ ਹੋਣਾ ਹੈ ਸਗੋਂ ਇਸ ਪਹੁੰਚ 'ਚੋਂ ਜਨਮੀ ਕਸ਼ੀਦਗੀ ਇਸ ਦੇ ਅਸਲ ਹੱਲ ਦੇ ਰਾਹ 'ਚ ਰੋੜਾ ਹੀ ਬਣੇਗੀ। ਔਰਤਾਂ ਦੀ ਸਮੱਸਿਆ ਨੂੰ ਜੇ ਜਮਹੂਰੀ ਚੌਖਟੇ ਦੀ ਥਾਂ ਫਿਰਕੂ ਦ੍ਰਿਸ਼ਟੀਕੋਣ ਤੋਂ ਦੇਖਿਆ-ਪੇਸ਼ ਕੀਤਾ ਜਾਵੇਗਾ ਤਾਂ ਲਾਜ਼ਮੀ ਫਿਰਕੂ ਕਤਾਰਬੰਦੀ ਹੀ ਤਿੱਖੀ ਹੋਵੇਗੀ। ਪਰ ਮੋਦੀ ਐਂਡ ਕੰਪਨੀ ਅਤੇ ਇਸ ਦੇ ਕੁਰਾਹੇ ਪਾਊ ਮਾਰਗਦਰਸ਼ਕਾਂ ਦੀਆਂ ਗਿਣਤੀਆਂ ਮਿਣਤੀਆਂ ਸਾਫ ਹਨ। ਉਹ ਇਸ ਨਾਲ ਫਿਰਕੂ ਕਤਾਬੰਦੀ ਕਰਕੇ ਇਸਦਾ ਲਾਹਾ (ਵੋਟ ਫਸਲ) ਫੌਰੀ ਤੌਰ 'ਤੇ ਉਤਰ ਪ੍ਰਦੇਸ਼ ਦੀਆਂ ਆਉਂਦੀਆਂ ਚੋਣਾਂ 'ਚ ਲੈਣਾ ਚਾਹੁੰਦੇ ਹਨ। ਲੰਮੇ ਨੀਤੀਗਤ ਪੈਂਤੜੇ ਤੋਂ ਉਹ ਇਸ ਫਿਰਕੂ ਨਫਰਤ 'ਤੇ ਅਧਾਰਤ ਗੋਲਬੰਦੀ ਰਾਹੀਂ ਕੱਟੜ ਹਿੰਦੂ ਰਾਸ਼ਟਰ ਦੀ ਸਥਾਪਨਾ ਵੱਲ ਵੱਧਣਾ ਚਾਹੁੰਦੇ ਹਨ। ਇੰਜ ਉਹ ਲੁੱਟ ਦਾ ਰਾਜ ਸਦੀਵੀਂ ਕਾਇਮ ਰੱਖਣ ਦੇ ਆਪਣੇ ਸਾਮਰਾਜੀ ਆਕਾਵਾਂ ਵਲੋਂ ਦਿੱਤੇ ਕਾਜ਼ ਦੀ ਪੂਰਤੀ ਲਈ ਪੂਰੀ ਵਫ਼ਾਦਾਰੀ ਨਾਲ ਲੱਗੇ ਹੋਏ ਹਨ।
ਭਾਜਪਾ ਨੇ ਸੱਚੀਂ ਜੇ ਤਿੰਨ ਤਲਾਕ ਦੀ ਪ੍ਰਥਾ ਬੰਦ ਕਰਨੀ ਹੁੰਦੀ ਤਾਂ ਮੁਸਲਿਮ ਪਰਸਨਲ ਲਾਅ, ਜੋ ਤਿੰਨ ਤਲਾਕ ਵਿਵਸਥਾ ਦਾ ਜਨਮਦਾਤਾ ਹੈ, ਨੂੰ ਬਦਲਣ ਦੀ ਗੱਲ ਕਰਦੀ ਨਾ ਕਿ ਇਕਸਾਰ ਸਿਵਲ ਕੋਡ ਲਾਗੂ ਕਰਨ ਦੀ। ਇਕ ਸਾਰ ਸਿਵਲ ਕੋਡ ਕੇਵਲ ਮੁਸਲਮਾਨਾਂ ਨੂੰ ਹੀ ਨਹੀਂ ਬਲਕਿ ਅੱਜ ਦੀ ਘੜੀ ਸਾਰੀਆਂ ਘੱਟ ਗਿਣਤੀਆਂ ਨੂੰ ਨਾਮੰਜ਼ੂਰ ਹੈ।  ਅਸਲ ਵਿਚ ਭਾਜਪਾ ਜੇ ਸੱਚਮੁੱਚ ਕੇਵਲ ਤਿੰਨ ਤਲਾਕ ਖਤਮ ਕਰਨ ਪ੍ਰਤੀ ਗੰਭੀਰ ਹੁੰਦੀ ਤਾਂ ਇਸ ਨਾਲ ਉਸਨੂੰ ਉਦਾਰ, ਅਗਾਂਹਵਧੂ ਸੋਚ ਦੇ ਮੁਸਲਮਾਨਾਂ ਦਾ ਵੀ ਸਮਰਥਨ ਮਿਲਣਾ ਸੀ। ਪਰ ਇਉਂ ਕਰਨ ਦਾ ਸਭ ਤੋਂ ਵੱਡਾ ਖਤਰਾ (ਭਾਜਪਾ ਲਈ) ਇਹ ਹੋਣਾ ਸੀ ਕਿ ਦੋਹਾਂ ਫਿਰਕਿਆਂ ਦਰਮਿਆਨ ਕਿਸੇ ਇਕ ਮੁੱਦੇ 'ਤੇ ਘੱਟ ਵੱਧ ਸਹਿਮਤੀ 'ਤੇ ਸਦਭਾਵਨਾ ਪੈਦਾ ਹੋ ਜਾਂਦੀ। ਪਰ ਇਹ ਸਦਭਾਵਨਾ ਹੀ ਤਾਂ ਭਾਜਪਾ ਅਤੇ ਇਸ ਦੇ ਸਾਜਿਸ਼ੀ ਮਾਰਗਦਰਸ਼ਕਾਂ ਦੀਆਂ ਅੱਖਾਂ 'ਚ ਚੁੱਭਦੀ ਹੈ। ਇਸ ਲਈ ਸਮੁੱਚੇ ਲੋਕਾਂ ਨੂੰ ਇਕੋ ਤਵੀਤ 'ਚ ਬੰਨ੍ਹਣ ਵਾਲਾ ਸ਼ੋਸ਼ਾ ਛੱਡ ਦਿੱਤਾ। ਅਸਲ 'ਚ ਇਕਸਾਰ ਸਿਵਲ ਕੋਡ, ਧਾਰਾ 370 ਦਾ ਖਾਤਮਾ ਆਦਿ ਮੁੱਦਿਆਂ ਦੇ ਪ੍ਰਚਾਰ ਨਾਲ ਲੰਮੇ ਸਮੇਂ ਤੋਂ ਕਾਇਮ ਫਿਰਕੂ ਤੁਫਰਕੇ ਨੂੰ ਹਵਾ ਮਿਲਦੀ ਹੈ ਜਿਸ ਨਾਲ ਫਿਰਕੂ ਧਰੁਵੀਕਰਨ ਵਧੇਗਾ ਅਤੇ ਅੱਗੋਂ ਪਿਛਾਖੜੀਆਂ ਦੇ ਏਜੰਡੇ ਨੂੰ ਅੱਗੇ ਵਧਾਉਣ 'ਚ ਸਹਾਈ ਹੋਵੇਗਾ। ਇਸੇ ਲਈ ਅਸੀਂ ਸ਼ੁਰੂ 'ਚ ਹਕੂਮਤ ਦੀ ਨੀਤ ਅਤੇ ਨੀਤੀ ਬਾਰੇ ਸਵਾਲ ਖੜਾ ਕੀਤਾ ਸੀ। ਬਹਰਹਾਲ ਅਸੀਂ ਫਿਰ ਇਹ ਕਹਿਣਾ ਚਾਹੁੰਦੇ ਹਾਂ ਕਿ ਤਿੰਨ ਤਲਾਕ ਵਾਲੀ ਜਾਲਮ ਪ੍ਰਥਾ ਹੀ ਨਹੀਂ ਬਲਕਿ ਇਕ ਤੋਂ ਵੱਧ ਪਤਨੀਆਂ ਰੱਖਣ ਦੀ ਕੁਪ੍ਰਥਾ ਵੀ ਹਰ ਹਾਲਤ ਬੰਦ ਹੋਣੀ ਚਾਹੀਦੀ ਹੈ ਪਰ ਜਮਹੂਰੀ, ਨਿਆਂਈ, ਧਰਮ ਨਿਰਪੱਖ, ਬਰਾਬਰਤਾ ਦੀ ਭਾਵਨਾ ਤੇ ਅਮਲਾਂ ਨਾਲ।
ਅਸੀਂ ਇਹ ਗੱਲ ਵਿਸ਼ੇਸ਼ ਤੌਰ 'ਤੇ ਜ਼ੋਰ ਦੇ ਕੇ ਕਹਿਣਾ ਚਾਹੁੰਦੇ ਹਾਂ ਕਿ ਜਮਹੂਰੀ ਧਰਮ ਨਿਰਪੱਖ ਸੰਗਰਾਮੀ ਲਹਿਰ ਵਲੋਂ ਸੁਝਾਏ ਸਭਨਾ ਮਿਹਨਤਕਸ਼ਾਂ ਦੇ ਸਾਂਝੇ ਸੰਘਰਸ਼ਾਂ ਤੋਂ ਬਿਨਾਂ ਔਰਤਾਂ (ਹਰ ਧਰਮ ਦੀਆਂ) ਨਾਲ ਹੁੰਦੇ ਅਨਿਆਂ ਦਾ ਕੋਈ ਹੱਲ ਨਹੀਂ! ਲੈਨਿਨ ਮਹਾਨ ਦੇ ਕਥਨ ਅਨੁਸਾਰ ''ਕੇਵਲ ਸਮਾਜਵਾਦੀ ਸਮਾਜ ਦੀ ਕਾਇਮੀ ਹੀ ਸਭਨਾਂ ਦੱਬੇ ਕੁਚਲੇ ਵਰਗਾਂ ਦੇ ਹੱਕਾਂ ਦੀ ਮੁਕੰਮਲ ਰਾਖੀ ਦੀ ਗਰੰਟੀ ਹੋ ਸਕਦੀ ਹੈ ਅਤੇ ਇਸ ਪ੍ਰਬੰਧ ਦੀ ਕਾਇਮੀ ਦਾ ਸਭ ਤੋਂ ਵੱਡਾ ਲਾਭ ਔਰਤਾਂ ਅਤੇ ਬੱਚਿਆਂ ਨੂੰ ਮਿਲਣਾ ਹੈ।''

No comments:

Post a Comment