Monday 7 November 2016

ਜੰਗ ਦੀ ਥਾਂ ਲੋਕ ਮਸਲਿਆਂ ਵੱਲ ਧਿਆਨ ਦੇਣ ਭਾਰਤ-ਪਾਕਿ

ਮੱਖਣ ਕੁਹਾੜ 
ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਕਾਇਮ ਹੈ। ਦੋਹਾਂ ਦੇਸ਼ਾਂ ਦੇ ਲੋਕਾਂ ਵਿਚ ਸਹਿਮ ਛਾਇਆ ਹੋਇਆ ਹੈ। ਟੀ.ਵੀ. ਚੈਨਲਾਂ (ਬਿਜਲਈ ਮੀਡੀਆ) ਨੇ ਜੰਗ ਦਾ ਮਾਹੌਲ ਬਣਾ ਦਿਤਾ ਹੈ। 18 ਸਤੰਬਰ, 2016 ਨੂੰ ਪਾਕਿਸਤਾਨ ਵਲੋਂ ਆਏ ਚਾਰ ਅਤਿਵਾਦੀਆਂ ਵਲੋਂ ਉੜੀ ਵਿਖੇ ਸਥਿਤ ਮਿਲਟਰੀ ਕੈਂਪ ਉਤੇ ਕੀਤੇ ਹਮਲੇ ਵਿਚ 18 ਭਾਰਤੀ ਫ਼ੌਜੀ ਸ਼ਹੀਦ ਹੋਣ ਤੋਂ ਬਾਅਦ ਬਦਲੇ ਵਜੋਂ ਭਾਰਤ ਦੀ ਫ਼ੌਜ ਨੇ ਸਰਜੀਕਲ ਸਟਰਾਈਕ ਕਰ ਕੇ ਭਾਰਤ-ਪਾਕਿ ਸਰਹੱਦ ਨਾਲ ਪਾਕਿਸਤਾਨ ਵਾਲੇ ਪਾਸੇ ਅਤਿਵਾਦ ਦੀ ਸਿਖਲਾਈ ਲੈ ਰਹੇ ਕੈਂਪਾਂ ਉੱਪਰ ਗੁਪਤ ਕਾਰਵਾਈ ਕਰਦਿਆਂ 6-7 ਕੈਂਪਾਂ ਉਤੇ ਹਮਲਾ ਕਰ ਕੇ 40 ਦੇ ਕਰੀਬ ਅਤਿਵਾਦੀ ਮਾਰਨ ਦੇ ਦਾਅਵੇ ਕੀਤੇ ਹਨ। ਖ਼ਤਰਾ ਹੈ ਕਿ ਹੁਣ ਪਾਕਿਸਤਾਨ ਵੀ ਬਦਲੇ ਦੀ ਕਾਰਵਾਈ ਕਰੇਗਾ। ਉਂਝ ਪਾਕਿਸਤਾਨ ਨੇ ਕਹਿ ਦਿਤਾ ਹੈ ਕਿ ਕੁੱਝ ਹੋਇਆ ਹੀ ਨਹੀਂ। ਭਾਰਤ ਦੀ ਮੋਦੀ ਸਰਕਾਰ ਇਸ ਨੂੰ ਅਪਣੀ ਬਹੁਤ ਵੱਡੀ ਜਿੱਤ ਵਜੋਂ ਪੇਸ਼ ਕਰ ਰਹੀ ਹੈ ਅਤੇ ਵੱਡੇ ਪੱਧਰ 'ਤੇ ਸਵੈ ਪ੍ਰਸ਼ੰਸਾਪੂਰਨ ਪ੍ਰਚਾਰ ਕਰ ਰਹੀ ਹੈ। ਬੀ.ਜੇ.ਪੀ. ਕਾਰਕੁਨਾਂ ਵਲੋਂ ਥਾਂ-ਥਾਂ ਲੱਡੂ ਵੰਡੇ ਜਾ ਰਹੇ ਹਨ, ਪਟਾਕੇ ਚਲਾਏ ਜਾ ਰਹੇ ਹਨ, ਪੋਸਟਰ ਲਾਏ ਜਾ ਰਹੇ ਹਨ। ਭਾਵੇਂ ਸਰਜੀਕਲ ਸਟਰਾਈਕ ਦੇ ਐਕਸ਼ਨ ਪਹਿਲਾਂ ਵੀ ਹੋਏ ਹਨ ਪਰ ਇਸ ਕਿਸਮ ਦਾ ਰਾਜਸੀ ਲਾਭਾਂ ਲਈ ਇੰਨੇ ਵੱਡੇ ਪੱਧਰ ਉਤੇ ਪ੍ਰਚਾਰ ਪਹਿਲੀ ਵਾਰ ਦੇਖਣ 'ਚ ਆਇਆ ਹੈ। ਭਾਰਤ ਵਾਲੇ ਪਾਸਿਉਂ ਪਾਕਿਸਤਾਨ ਉਪਰ ਕੋਈ ਹਮਲਾ ਨਹੀਂ ਸੀ ਕੀਤਾ ਗਿਆ ਪਰ ਹੁਣ ਇਸ ਤਰ੍ਹਾਂ ਦਾ ਮਾਹੌਲ ਕਿਉਂ ਬਣ ਗਿਆ ਹੈ? ਕੁੱਝ ਟੀ.ਵੀ. ਚੈਨਲ ਤਾਂ ਪਾਕਿਸਤਾਨ ਨੂੰ ਚੂਹੇ ਦੀ ਖੁੱਡ 'ਚ ਵੜ ਗਿਆ ਹੈ ਕਹਿ ਕੇ ਚਿੜਾ ਰਹੇ ਹਨ। ਖ਼ੁਦ ਵਿਦੇਸ਼ ਮੰਤਰੀ ਮਨੋਹਰ ਪਰੀਕਰ ਜੀ ਕਹਿ ਰਹੇ ਹਨ ਕਿ 'ਪਾਕਿਸਤਾਨ ਦੀ ਹਾਲਤ ਆਪਰੇਸ਼ਨ ਤੋਂ ਬਾਅਦ ਮਰੀਜ਼ ਦੇ ਬੇਹੋਸ਼ ਹੋ ਜਾਣ ਵਰਗੀ ਹੈ।' ਕਈ ਚੈਨਲਾਂ ਨੇ ਪਾਕਿਸਤਾਨ ਤੋਂ ਆਏ ਕਲਾਕਾਰਾਂ ਨੂੰ ਜਬਰੀ ਵਾਪਸ ਭੇਜਣ ਦੀ ਪ੍ਰੋੜਤਾ ਕੀਤੀ ਹੈ ਅਤੇ, ਉਨ੍ਹਾਂ ਉਪਰ ਭਾਰਤ ਵਿਰੋਧੀ ਹੋਣ ਦੇ ਬਿਨਾਂ ਵਜ੍ਹਾ ਹੀ ਇਲਜ਼ਾਮ ਲਾਏ ਜਾ ਰਹੇ ਹਨ। ਸਲਮਾਨ ਖ਼ਾਨ ਵਰਗਾ ਕਲਾਕਾਰ ਜੇ ਕਲਾਕਾਰਾਂ ਦੇ ਹੱਕ 'ਚ ਬੋਲਿਆ ਤਾਂ ਉਸ ਉਪਰ ਵੀ ਦੇਸ਼ ਧ੍ਰੋਹੀ ਹੋਣ ਦੇ ਫ਼ਤਵੇ ਜਾਰੀ ਕੀਤੇ ਜਾ ਰਹੇ ਹਨ। ਇਕ ਪਾਸੇ 'ਆਪਰੇਸ਼ਨ' 'ਤੇ ਸ਼ੰਕੇ ਖੜੇ ਹੋ ਰਹੇ ਹਨ। ਦੂਜੇ ਪਾਸੇ ਪਾਕਿਸਤਾਨ ਨੂੰ ਅੱਗੋਂ ਕਾਰਵਾਈ ਕਰਨ, ਯੁੱਧ ਕਰਨ ਲਈ ਲਲਕਾਰਿਆ ਜਾ ਰਿਹਾ ਹੈ। ਸੋਚਣਾ ਬਣਦਾ ਹੈ ਕਿ ਕੀ ਜੇ ਹਿੰਦ-ਪਾਕਿ ਜੰਗ ਛਿੜਦੀ ਹੈ ਤਾਂ ਦੋਹਾਂ ਦੇਸ਼ਾਂ ਦੇ ਮਸਲੇ ਹੱਲ ਹੋ ਜਾਣਗੇ?
ਜੰਗ ਲੋਕਾਂ ਦਾ ਕੋਈ ਮਸਲਾ ਹੱਲ ਨਹੀਂ ਕਰਦੀ। ਜੰਗ ਦੀ ਭੱਠੀ 'ਚ ਝੁਲਸੇ ਲੋਕ ਪੀੜ੍ਹੀ ਦਰ ਪੀੜ੍ਹੀ ਦੁੱਖ-ਪੀੜ ਦੇ ਸ਼ਿਕਾਰ ਰਹਿੰਦੇ ਹਨ। ਜੰਗਾਂ ਵਿਚ ਉਹ ਲੋਕ ਮਰਦੇ ਹਨ ਜਿਨ੍ਹਾਂ ਦਾ ਜੰਗ ਨਾਲ ਕੋਈ ਸਬੰਧ ਨਹੀਂ ਹੁੰਦਾ। ਜੰਗ ਦੇ ਮੈਦਾਨ ਵਿਚ ਚਾਹੇ ਕੋਈ ਫ਼ੌਜੀ ਮਰਦਾ ਹੈ ਚਾਹੇ ਆਮ ਨਾਗਰਿਕ ਉਸ ਦੀ ਮੌਤ ਨਾਲ ਪ੍ਰਵਾਰ ਨੂੰ ਜੋ ਦੁੱਖ ਪੁਜਦਾ ਹੈ ਉਸ ਦਾ ਅੰਦਾਜ਼ਾ ਦੂਸਰੇ ਲੋਕਾਂ ਲਈ ਲਾਉਣਾ ਔਖਾ ਹੈ। ਜੰਗ ਹਾਕਮ ਲਾਉਂਦੇ ਹਨ ਤੇ ਮਰਦੇ ਆਮ ਲੋਕ ਹਨ। ਅੱਗ ਹਾਕਮ ਲਾਉਂਦੇ ਹਨ ਲੋਕ ਝੁਲਸਦੇ ਹਨ। ਫ਼ੌਜੀ ਵੀ ਲੋਕਾਂ ਦੇ ਹੀ ਜਾਏ ਹੁੰਦੇ ਹਨ ਭਾਵੇਂ ਕਿ ਉਹ ਆਪੋ-ਆਪਣੇ ਦੇਸ਼ ਦੇ ਸ਼ਹੀਦ ਅਖਵਾਉਂਦੇ ਹਨ। ਲੋਕ ਹਮੇਸ਼ਾ ਅਮਨ ਲੋਚਦੇ ਹਨ। ਪਰ ਹਕੂਮਤਾਂ ਜੰਗ ਛੇੜਦੀਆਂ ਹਨ।
ਅਤੀਤ ਵਾਂਗ ਹੁਣ ਜੰਗਾਂ ਕੇਵਲ ਦੂਜੇ ਦੇਸ਼ ਦੇ ਇਲਾਕੇ ਮੱਲਣ ਦੇ ਮਕਸਦ ਨਾਲ ਨਹੀਂ ਹੁੰਦੀਆਂ, ਤੇਲ ਤੇ ਹੋਰ ਕੁਦਰਤੀ ਖ਼ਜ਼ਾਨੇ ਲੁੱਟਣ ਲਈ ਹੁੰਦੀਆਂ ਹਨ। ਹੁਣ ਸੰਸਾਰ ਗੁੱਟਾਂ ਵਿਚ ਵੰਡਿਆ ਹੋਇਆ ਹੈ। ਇਕ ਦੇਸ਼ ਦੀ ਮਦਦ ਲਈ ਦੂਜੇ ਵੱਡੇ ਸਾਮਰਾਜੀ ਮੁਲਕ ਅਪਣੇ ਕਾਰੋਬਾਰੀ ਹਿੱਤ ਲਈ ਆ ਜਾਂਦੇ ਹਨ ਤੇ ਸੰਸਾਰ ਜੰਗ ਦਾ ਖ਼ਤਰਾ ਬਣ ਜਾਂਦਾ ਹੈ। ਸੰਸਾਰ ਵਿਚ ਆਇਆ ਹੋਇਆ ਆਰਥਕ ਸੰਕਟ ਅਮੀਰ ਸਾਮਰਾਜੀ ਮੁਲਕਾਂ ਨੂੰ ਜੰਗ ਕਰ ਰਹੇ ਮੁਲਕਾਂ 'ਚੋਂ ਇਕ ਦੀ ਮਦਦ ਕਰ ਕੇ ਅਪਣਾ ਉੱਲੂ ਸਿੱਧਾ ਕਰਨ ਲਈ ਮਦਦਗਾਰ ਸਾਬਤ ਹੁੰਦਾ ਹੈ। ਇਸ ਤਰ੍ਹਾਂ ਦੋ ਮੁਲਕਾਂ ਦੀ ਜੰਗ ਹੁਣ ਸਿਰਫ਼ ਦੋ ਮੁਲਕਾਂ ਤਕ ਸੀਮਤ ਨਹੀਂ ਰਹਿੰਦੀ। ਪਹਿਲੀਆਂ ਦੋਹਾਂ ਸੰਸਾਰ ਜੰਗਾਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਸਾਡੇ ਇਸ ਤੱਥ ਦੀ ਪੁਸ਼ਟੀ ਕਰਦੀ ਹੈ।
ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਸੰਸਾਰ ਵਿਚ ਸਮਾਜਵਾਦੀ ਪਲੜਾ ਕਮਜ਼ੋਰ ਪੈ ਗਿਆ ਹੈ ਤੇ ਸੰਸਾਰ ਹੁਣ ਇਕ ਧਰੁਵੀ ਬਣ ਗਿਆ ਹੈ। ਇਸ ਦੀ ਨੁਮਾਇੰਦਗੀ ਅਮਰੀਕਾ ਕਰਦਾ ਹੈ। ਹੋਰ ਸਾਮਰਾਜੀ ਮੁਲਕ ਉਸ ਦੇ ਨਾਲ ਖਲੋਂਦੇ ਹਨ। ਜਿਸ ਦੇਸ਼ ਨੂੰ ਚਾਹੁਣ ਉਸ ਦਾ ਮਲੀਆਮੇਟ ਕਰ ਕੇ ਪੁਨਰਉਸਾਰੀ ਦੇ ਨਾਂ ਹੇਠ ਉਸ ਨੂੰ ਆਰਥਕ ਤੇ ਜੰਗੀ ਤਬਾਹੀ ਨਾਲ ਤੋੜ ਕੇ ਅਪਣੀ ਪੱਕੀ ਮੰਡੀ ਬਣਾ ਲੈਂਦੇ ਹਨ। ਇਰਾਕ, ਅਫ਼ਗਾਨਿਸਤਾਨ ਦੀਆਂ ਤਾਜ਼ਾ ਉਦਾਹਰਨਾਂ ਸਾਡੇ ਸਾਹਮਣੇ ਹਨ। ਸੰਸਾਰ 'ਚ ਇਸ ਵੇਲੇ ਤੀਸਰੀ ਸੰਸਾਰ ਜੰਗ ਦੇ ਆਸਾਰ ਬਣ ਰਹੇ ਹਨ। ਲੜ ਰਹੇ ਦੇਸ਼ ਜੰਗੀ ਸਾਮਾਨ ਖ਼ਰੀਦਣ ਲਈ ਉਸ ਮਦਦਗਾਰ ਮੁਲਕ ਦੀ ਮੰਡੀ ਬਣਦੇ ਹਨ ਅਤੇ ਉਥੇ ਇੱਕ-ਦੂਜੇ ਦੀ ਸਿੱਧੀ ਮਦਦ ਵੀ ਕਰਦੇ ਹਨ। ਸੰਸਾਰ ਦੇ ਕਿਸੇ ਵੀ ਖਿੱਤੇ ਦੇ ਦੋ ਦੇਸ਼ਾਂ ਵਿਚ ਲੱਗੀ ਜੰਗ ਕਿਸੇ ਨਾ ਕਿਸੇ ਤਰ੍ਹਾਂ ਸੰਸਾਰ ਦੇ ਸਾਰੇ ਦੇਸ਼ਾਂ ਨੂੰ ਪ੍ਰਭਾਵਤ ਕਰਦੀ ਹੈ। ਪੈਟਰੋਲ, ਡੀਜ਼ਲ ਆਦਿ ਇਕਦਮ ਮਹਿੰਗਾ ਹੋ ਜਾਂਦਾ ਹੈ। ਬਰਾਮਦਾਂ ਵੀ ਅਸਰਅੰਦਾਜ਼ ਹੁੰਦੀਆਂ ਹਨ ਤੇ ਦਰਾਮਦਾਂ ਵੀ। ਤਸਕਰਾਂ, ਚੋਰਾਂ, ਠੱਗਾਂ, ਕਾਲਾਬਾਜਾਰੀਆਂ, ਹਥਿਆਰ ਕਾਰੋਬਾਰੀਆਂ ਦੀ ਚਾਂਦੀ ਹੋ ਜਾਂਦੀ ਹੈ।
ਸਰਜੀਕਲ ਸਟਰਾਈਕ ਤੋਂ ਬਾਅਦ ਇਉਂ ਜਾਪਦਾ ਹੈ ਕਿ ਸੱਟ ਖਾਧੇ ਸੱਪ ਵਾਂਗ ਵਿਸ ਘੋਲਦਾ ਪਾਕਿਸਤਾਨ ਬਦਲਾ ਲੈਣ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਭਾਵੇਂ ਦੋਹੀਂ ਪਾਸੀਂ ਦਸ ਕਿਲੋਮੀਟਰ ਵਿਚ ਕੋਈ ਫ਼ੌਜ ਨਹੀਂ, ਕੋਈ ਫ਼ੌਜੀ ਸਰਗਰਮੀ ਨਹੀਂ ਕੋਈ ਪਰ ਫਿਰ ਵੀ 'ਹਮਲੇ ਦੇ ਮਨੋ ਕਲਪਿਤ ਖ਼ਤਰੇ' ਕਾਰਨ ਭਾਰਤੀ ਪੰਜਾਬ ਦੇ 10 ਕਿਲੋਮੀਟਰ ਖੇਤਰ ਤਕ ਪਿੰਡਾਂ 'ਚੋਂ ਲੋਕ ਉਠਾਅ ਦਿਤੇ ਗਏ। ਉਂਜ ਅਜਿਹਾ ਰਾਜਸਥਾਨ ਜਾਂ ਗੁਜਰਾਤ 'ਚ ਨਹੀਂ ਕੀਤਾ ਗਿਆ।
ਜੋ ਲੋਕ ਪਿੰਡ ਛੱਡ ਕੇ ਕੈਂਪਾਂ 'ਚ ਪੁੱਜੇ ਹਨ ਉਨ੍ਹਾਂ ਦੀ ਹਾਲਤ ਪੁੱਛਿਆਂ ਹੀ ਜਾਣੀਏ। ਕੈਂਪਾਂ ਵਿਚ ਕਿੰਨੀ ਵੀ ਸਹੂਲਤ ਦਾ ਦਾਅਵਾ ਕਿਉਂ ਨਾ ਕੀਤਾ ਜਾਵੇ। ਘਰ ਵਰਗੀ ਹਾਲਤ ਤਾਂ ਕਿਤੇ ਵੀ ਸੰਭਵ ਨਹੀਂ ਹੁੰਦੀ। ਜੋ ਪੰਜਾਬ ਦੇ ਅਤਿਵਾਦ ਦੇ ਦੌਰ 'ਚ ਘਰ ਛੱਡ ਕੇ ਹੋਰ ਕਿਧਰੇ ਚਲੇ ਜਾਣ ਲਈ ਮਜਬੂਰ ਹੋਏ ਸਨ ਉਨ੍ਹਾਂ ਨੂੰ ਪਤਾ ਹੈ ਪਿੰਡ ਛੱਡਣ ਦੇ ਅਰਥ ਕੀ ਹੁੰਦੇ ਹਨ। ਸਰਹੱਦੀ ਖੇਤਰ ਦੇ ਲੋਕ ਤਾਂ ਪਹਿਲਾਂ ਹੀ ਅਤਿ ਦੀ ਗ਼ਰੀਬੀ ਵਿਚ ਜੀਵਨ ਬਸਰ ਕਰਦੇ ਆ ਰਹੇ ਹਨ ਉਪਰੋਂ ਨਵੀਂ ਬਿਪਤਾ ਆਣ ਪਈ ਹੈ।
ਜਦ ਤੋਂ ਦੇਸ਼ ਆਜ਼ਾਦ ਹੋਇਆ ਹੈ ਤੇ ਭਾਰਤ ਦੀ ਵੰਡ ਦੇ ਸਿੱਟੇ ਵਜੋਂ, ਪਾਕਿਸਤਾਨ ਬਣਿਆ ਹੈ, ਦੇਸ਼ ਵਾਸੀਆਂ, ਖ਼ਾਸ ਕਰ ਕੇ ਪੰਜਾਬੀਆਂ ਨੂੰ ਬਹੁਤ ਕਸ਼ਟ ਝੱਲਣੇ ਪਏ ਹਨ। ਲੱਖਾਂ ਲੋਕਾਂ ਦੀ ਕੁਰਬਾਨੀ ਸ਼ਾਇਦ ਕਿਸੇ ਵੱਡੀ ਜੰਗ ਨੇ ਵੀ ਨਾ ਲਈ ਹੋਵੇ ਜਿਵੇਂ ਪੰਜਾਬ ਦੀ ਵੰਡ ਵੇਲੇ ਪੰਜਾਬ ਵਿਚ ਵਾਪਰੀ। ਵੰਡ ਵੇਲੇ ਦੀ ਜੰਗ ਦੀ ਅੱਗ ਭਾਂਬੜ ਬਣ ਕੇ ਘਰ-ਘਰ, ਪਿੰਡ-ਪਿੰਡ, ਬੰਦੇ-ਬੰਦੇ ਤਕ ਪੁੱਜ ਗਈ ਸੀ। ਔਰਤਾਂ ਨਾਲ ਕੀ-ਕੀ ਬੀਤੀ ਸੁਣ ਕੇ ਲੂੰ-ਕੰਡੇ ਖੜੇ ਹੁੰਦੇ ਹਨ। ਐਨਾ ਕਹਿਰ। ਐਨੀ ਦਰਿੰਦਗੀ। ਪਰ ਭਾਰਤ ਵਾਸੀਆਂ ਨੂੰ 1948 'ਚ ਫੇਰ ਕਸ਼ਮੀਰ ਮਸਲੇ 'ਚ ਜੰਗ ਦਾ ਸਾਹਮਣਾ ਕਰਨਾ ਪਿਆ। ਪੰਜਾਬ 'ਚ ਇਸ ਦਾ ਵੀ ਸੇਕ ਪੁੱਜਾ। ਵੰਡ ਤੋਂ ਬਾਅਦ 1965 ਦੀ ਤੀਜੀ ਜੰਗ ਦਾ ਪੰਜਾਬੀਆਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਜੰਗ ਦੇ ਜ਼ਖ਼ਮ ਵੀ ਝੱਲੇ। ਪੰਜਾਬ ਜੰਗ ਦਾ ਅਖਾੜਾ ਇਕ ਵਾਰ ਫੇਰ 1971 'ਚ ਬਣਿਆ। ਪੰਜਾਬੀਆਂ ਨੂੰ ਬਾਕੀ ਭਾਰਤ ਵਾਸੀਆਂ ਤੋਂ ਵਧ ਕੇ ਇਹ ਸਾਰੀ ਅੱਗ ਨੰਗੇ ਪਿੰਡੇ ਝੱਲਣੀ ਪਈ। ਕਾਰਗਿਲ ਦੀ 1999 ਦੀ ਜੰਗ ਦਾ ਸੇਕ ਵੀ ਲੋਕਾਂ ਨੇ ਝੱਲਿਆ।
ਪਰ ਸੋਚਣ ਵਾਲੀ ਗੱਲ ਇਹ ਹੈ ਕਿ ਦੇਸ਼ ਦੀ ਵੰਡ ਨਾਲ ਅਤੇ 1947, 1948, 1965, 1971, 1999 ਦੀਆਂ ਭਾਰਤ-ਪਾਕਿ ਜੰਗਾਂ ਨਾਲ ਕੀ ਮਸਲਾ ਹੱਲ ਹੋਇਆ ਹੈ? ਹਾਂ ਇਨ੍ਹਾਂ ਜੰਗਾਂ ਦਾ ਲਾਹਾ ਲੈ ਕੇ ਹਾਕਮਾਂ ਨੇ ਆਪਣੇ ਸਿਰ ਜਿੱਤ ਦਾ ਸਿਹਰਾ ਸਿਰ ਬੰਨ੍ਹ ਕੇ ਚੋਣਾਂ ਵੱਡੇ ਫ਼ਰਕ ਨਾਲ ਜਿੱਤੀਆਂ। ਸਾਮਰਾਜੀ ਮੁਲਕਾਂ ਨੇ ਹਥਿਆਰ ਵੇਚ ਕੇ ਭਾਰੀ ਮੁਨਾਫ਼ੇ ਤੇ ਦੌਲਤ ਹੜੱਪੀ। ਪਰੰਤੂ ਲੋਕਾਂ ਦੇ ਮਸਲੇ ਜਿਉਂ ਦੇ ਤਿਉਂ ਹਨ। ਗ਼ਰੀਬੀ ਪਹਿਲਾਂ ਨਾਲੋਂ ਹੋਰ ਵਧੀ ਹੈ। ਭਾਰਤ ਵਾਲੇ ਪਾਸੇ ਵੀ ਪਾਕਿਸਤਾਨ ਵਾਲੇ ਪਾਸੇ ਵੀ। ਦੋਵੇਂ ਪਾਸੇ ਅਮੀਰ ਹੋਰ ਅਮੀਰ ਹੋਇਆ ਹੈ। ਬੇਰੁਜ਼ਗਾਰੀ ਦੋਵੇਂ ਪਾਸੇ ਵਧੀ ਹੈ। ਮਹਿੰਗਾਈ ਵਧੀ ਹੈ। ਵਿਅਕਤੀਗਤ ਸੁਰੱਖਿਆ ਘਟੀ ਹੈ। ਵੱਡੇ ਲੋਕਾਂ ਦੀਆਂ ਮਨਮਾਨੀਆਂ ਤੇ ਜਬਰ ਜ਼ਿਆਦਤੀਆਂ ਵਧੀਆਂ ਹਨ। ਦੋਹਾਂ ਮੁਲਕਾਂ ਵਿਚ ਅਨਪੜ੍ਹਤਾ, ਅੰਧ ਵਿਸ਼ਵਾਸ, ਜਿਉਂ ਦਾ ਤਿਉਂ ਹੈ। ਲੋਕਾਂ ਦੇ ਕੁੱਲੀ-ਗੁੱਲੀ-ਜੁੱਲੀ ਦੇ ਬੁਨਿਆਦੀ ਮਸਲੇ ਦੋਹੀਂ ਪਾਸੀਂ ਹੱਲ ਨਹੀਂ ਹੋਏ। ਲੋਕ ਵਿਰੋਧੀ ਰਾਜ ਸੱਤਾ ਦੋਵੇਂ ਪਾਸੇ ਭਾਰੂ ਹੈ ਅਤੇ ਔਰਤਾਂ ਦੀ ਜ਼ਿੰਦਗੀ ਗ਼ੁਲਾਮਾਂ ਵਰਗੀ ਹੈ। ਦੋਹਾਂ ਦੇਸ਼ਾਂ ਦੇ ਹਾਕਮ ਆਪਣੀਆਂ ਇਸ ਪਖੋਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਲੋਕਾਂ ਨੂੰ ਜੰਗ ਦੀ ਭੱਠੀ ਵਿਚ ਝੋਕਦੇ ਆਏ ਹਨ।
ਅਤਿਵਾਦ ਵੀ ਇੱਕ ਤਰ੍ਹਾਂ ਨਾਲ ਗੁਰਬਤ 'ਚੋਂ ਆਪਣੇ ਰੰਗਰੂਟ ਲੈਂਦਾ ਹੈ। ਗੁਰਬਤ ਮਾਰੇ ਲੋਕ ਅਪਣੀ ਮੰਦੀ ਹਾਲਤ ਨੂੰ ਸੁਧਾਰਨ ਲਈ ਕੋਈ ਵੀ ਚਾਰਾ ਨਾ ਚਲਦਾ ਵੇਖ ਕੇ ਵਰਗਲਾਏ ਜਾਂਦੇ ਹਨ। ਬੰਦੂਕ ਵੱਲ ਖਿੱਚੇ ਜਾਂਦੇ ਹਨ। ਅਤਿਵਾਦੀ ਸਰਗਨਿਆਂ ਦੇ ਝੂਠੇ ਸੁਪਨਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਧਾਰਮਕ ਕੱਟੜਤਾ ਇਸ ਵਿਚ ਬਲਦੀ 'ਤੇ ਤੇਲ ਦਾ ਕੰਮ ਕਰਦੀ ਹੈ।
ਦੇਸ਼ ਅੰਦਰ ਪਨਪਦੀਆਂ ਹਰ ਕਿਸਮ ਦੀਆਂ ਵੱਖਵਾਦੀ ਲਹਿਰਾਂ ਅਤੇ ਅਰਾਜਕ ਵਰਤਾਰਿਆਂ ਕਾਰਨ ਬੇਰੁਜ਼ਗਾਰੀ, ਗ਼ਰੀਬੀ ਪੈਰ-ਪੈਰ 'ਤੇ ਧੱਕਾ ਅਤੇ ਲੋਕਾਂ ਦੇ ਬੁਨਿਆਦੀ ਮਸਲਿਆਂ ਦਾ ਹੱਲ ਨਾ ਹੋਣਾ ਹੀ ਹੈ। ਉਪਰੋਕਤ ਸਾਰੇ ਮਸਲੇ ਸਰਮਾਏਦਾਰੀ ਪ੍ਰਬੰਧ ਦੇ ਲਾਜ਼ਮੀ ਲੱਛਣ ਹਨ। ਦੋਹਾਂ ਹੀ ਮੁਲਕਾਂ ਵਿਚ ਸਰਮਾਏਦਾਰੀ-ਜਾਗੀਰਦਾਰੀ ਪ੍ਰਬੰਧ ਹੈ। ਇਸ ਗੱਲ ਦਾ ਕੀ ਜਵਾਬ ਹੈ ਕਿ ਪਾਕਿਸਤਾਨ ਦੇ ਆਗੂਆਂ ਨੇ ਜੋ ਧਰਮ ਆਧਾਰਤ ਮੁਲਕ ਬਣਾਇਆ ਸੀ ਉਸ ਨਾਲ ਪਾਕਿਸਤਾਨੀ ਲੋਕਾਂ ਦੇ ਮਸਲੇ ਹੱਲ ਕਿਉਂ ਨਹੀਂ ਹੋਏ?
ਦੋਹੀਂ ਪਾਸੀਂ ਦੁਖੀ ਲੋਕਾਂ ਦੀ ਹੱਕਾਂ ਲਈ ਚਲ ਰਹੀ ਜਮਹੂਰੀ ਜੱਦੋ-ਜਹਿਦ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਅਤੇ ਸਾਮਰਾਜੀ ਹਾਕਮਾਂ ਦੇ ਹਿਤ ਪੂਰਨ ਲਈ ਯੁੱਧ ਦਾ ਸਹਾਰਾ ਲੈਣਾ ਪੈਂਦਾ ਹੈ। ਜੰਗਾਂ ਲੱਗੀਆਂ ਰਹਿਣ ਤਾਂ ਸਾਮਰਾਜੀ ਮੁਲਕਾਂ ਦਾ ਅਸਲਾ ਖੂਬ ਵਿਕਦਾ ਹੈ। ਗ਼ਰੀਬ ਲੋਕਾਂ, ਮਜ਼ਦੂਰਾਂ, ਕਿਸਾਨਾਂ ਦਾ ਯੁੱਧ ਉਹੋ ਹੀ ਹੁੰਦਾ ਹੈ ਜਦ ਉਹ ਅਮੀਰ ਹਾਕਮ ਸ਼੍ਰੇਣੀ ਤੋਂ ਸੱਤਾ ਖੋਹ ਕੇ ਅਪਣੇ ਹੱਥ ਲੈਣ ਲਈ ਯੁੱਧ ਲੜ ਰਹੇ ਹੋਣ। ਸਿਰਫ਼ ਉਸ ਨਾਲ ਹੀ ਸਮੂਹ ਲੋਕਾਂ ਦੇ ਮਸਲੇ ਹੱਲ ਹੁੰਦੇ ਹਨ।
ਇਹ ਵੀ ਚਿੱਟੇ ਦਿਨ ਵਰਗਾ ਸੱਚ ਹੈ ਕਿ ਲੋਕ ਜੰਗ ਨਹੀਂ ਚਾਹੁੰਦੇ। ਲੋਕ ਆਪਸ ਵਿਚ ਪਿਆਰ ਮੁਹੱਬਤ ਨਾਲ ਰਹਿਣਾ ਚਾਹੁੰਦੇ ਹਨ। ਲੋਕ ਤਾਂ ਅਮਨ ਚਾਹੁੰਦੇ ਹਨ। ਲੋਕ ਤਾਂ ਖ਼ੁਸ਼ੀ ਭਰਿਆ ਤੇ ਖ਼ੁਸ਼ਹਾਲ ਜੀਵਨ ਜਿਊਣਾ ਲੋਚਦੇ ਹਨ। ਇਹ ਤਾਂਘ ਹਿੰਦ-ਪਾਕਿ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਹੈ। ਫਿਰ ਜੰਗ ਕੌਣ ਚਾਹੁੰਦਾ ਹੈ? ਇਹ ਸੋਚਣਾ ਬਣਦਾ ਹੈ!
ਹਿੰਦ-ਪਾਕਿ ਦੋਵੇਂ ਦੇਸ਼ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ ਹਨ। ਪਾਕਿਸਤਾਨ ਵਿਚ ਜਮਹੂਰੀ ਪ੍ਰਕਿਰਿਆ ਨਿਰੰਤਰ ਮਾਰ ਹੇਠ ਹੈ ਤੇ ਅਸਲ ਸੱਤਾ ਫ਼ੌਜ ਦੇ ਪੰਜੇ ਵਿਚ ਹੈ। ਪਰ ਪਾਕਿਸਤਾਨ ਪ੍ਰਮਾਣੂ ਬੰਬ ਅਤੇ ਹੋਰ ਪ੍ਰਮਾਣੂ ਹਥਿਆਰ ਬਣਾਉਣ-ਖ਼੍ਰੀਦਣ ਵਿਚ ਪਿੱਛੇ ਨਹੀਂ ਹੈ। ਉਹ ਅਮਰੀਕਾ, ਚੀਨ, ਫ਼ਰਾਂਸ ਆਦਿ ਤੋਂ ਅਤਿ ਆਧੁਨਿਕ ਲੜਾਕੂ ਹਵਾਈ ਜਹਾਜ਼, ਟੈਂਕ ਤੇ ਹੋਰ ਲੜਾਕੂ ਸਾਜੋ-ਸਾਮਾਨ ਖ਼ਰੀਦਦਾ ਹੈ। ਉਹ ਧਾਰਮਕ ਪੁੱਠ ਚੜ੍ਹੇ ਅਤਿਵਾਦੀਆਂ ਨੂੰ ਨੱਥਣ ਦੀ ਥਾਂ ਉਨ੍ਹਾਂ ਦੀਆਂ ਸੇਵਾਵਾਂ ਲੈ ਰਿਹਾ ਹੈ। ਉਹ ਇਨ੍ਹਾਂ ਦੀ ਮਦਦ ਨਾਲ ਕਸ਼ਮੀਰ ਹਥਿਆਉਣਾ ਚਾਹੁੰਦਾ ਹੈ। ਹਕੀਕਤ ਵਿਚ ਉਹ ਕਸ਼ਮੀਰ ਦਾ ਮੁੱਦਾ ਭਖਦਾ ਰੱਖਣ ਦਾ ਚਾਹਵਾਨ ਹੈ। ਇਸ ਨਾਲ ਲੋਕਾਂ ਦੇ ਹੱਕਾਂ ਨੂੰ ਦਬਾਉਣ ਦਾ ਬਹਾਨਾ ਮਿਲਦਾ ਹੈ। ਜੰਗ ਪਾਕਿਸਤਾਨ ਤੇ ਭਾਰਤ ਦੋਹਾਂ ਦੇਸ਼ਾਂ ਦੇ ਹਾਕਮਾਂ ਨੂੰ ਹੀ ਬਹੁਤ ਰਾਸ ਆਉਂਦੀ ਹੈ।
ਜੇ ਭਾਰਤ-ਪਾਕਿ ਜੰਗ ਲਗਦੀ ਹੈ ਤਾਂ ਪ੍ਰਮਾਣੂ ਬੰਬਾਂ ਅਤੇ ਹਥਿਆਰਾਂ ਨਾਲ ਜਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ ਉਸ ਦਾ ਅੰਦਾਜ਼ਾ ਹੀਰੋਸ਼ੀਮਾ, ਨਾਗਾਸਾਕੀ ਦੇ 1945 'ਚ ਚੱਲੇ ਬੰਬਾਂ ਨਾਲ ਹੋਈ ਤਬਾਹੀ ਤੋਂ ਲਾਉਣਾ ਚਾਹੀਦਾ ਹੈ। ਜਦਕਿ ਹੁਣ ਤਾਂ ਉਸ ਨਾਲੋਂ ਕਿਤੇ ਵਧੇਰੇ ਸ਼ਕਤੀਸ਼ਾਲੀ ਕੰਪਿਊਟਰੀ ਮਿਜ਼ਾਈਲਾਂ ਤੇ ਹੋਰ ਸ਼ਕਤੀਸ਼ਾਲੀ ਪ੍ਰਮਾਣੂ ਹਥਿਆਰ ਬਣ ਚੁੱਕੇ ਹਨ। ਇਸ ਲਈ ਜੰਗ ਨੂੰ ਹਰ ਹਾਲ ਰੋਕਣਾ ਚਾਹੀਦਾ ਹੈ। ਲੋਕ ਭਾਵੇਂ ਭਾਰਤ ਦੇ ਮਰਨ ਜਾਂ ਪਾਕਿਸਤਾਨ ਦੇ। ਮਰਨਗੇ ਤਾਂ ਇਨਸਾਨ ਹੀ। ਇਸ ਲਈ ਭਾਰਤ ਨੂੰ ਕਸ਼ਮੀਰ ਵਿਚ ਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਅਤਿਵਾਦੀ ਪਸਾਰ ਹੋਣ ਤੋਂ ਰੋਕਣ ਲਈ ਲੋਕਾਂ ਦੇ ਬੁਨਿਆਦੀ ਮਸਲਿਆਂ ਵੱਲ ਧਿਆਨ ਦੇਣਾ ਹੋਵੇਗਾ, ਨਾ ਕਿ ਕਾਰਪੋਰੇਟ ਸੈਕਟਰ ਨੂੰ ਹੋਰ ਅਮੀਰ ਕਰਨ ਵੱਲ। ਕਸ਼ਮੀਰ ਦੇ ਲੋਕ ਅਤਿਅੰਤ ਗੁਰਬਤ ਝੱਲ ਰਹੇ ਹਨ ਅਤੇ ਉਹ ਅਤਿਵਾਦੀ ਸਰਗਰਮੀਆਂ ਤੋਂ ਨਿਜਾਤ ਹਾਸਲ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਕੋਈ ਰਾਹ ਤਾਂ ਮਿਲੇ। ਹੁਣੇ ਕਸ਼ਮੀਰ ਵਿਚ ਐਸ.ਪੀ.ਓ. ਦੀ ਭਰਤੀ ਜੋ ਨਿਗੂਣੀ ਜਿਹੀ ਤਨਖ਼ਾਹ 'ਤੇ ਹੋ ਰਹੀ ਹੈ, ਲਈ ਹਜ਼ਾਰਾਂ ਕਸ਼ਮੀਰੀ ਨੌਜਵਾਨ ਅਤਿਵਾਦੀਆਂ ਦੀਆਂ ਧਮਕੀਆਂ ਨੂੰ ਦਰਕਿਨਾਰ ਕਰ ਕੇ ਭਰਤੀ ਹੋਣ ਲਈ ਪੁੱਜੇ ਹਨ। ਇਸ ਦੇ ਕੀ ਅਰਥ ਹਨ। ਜੇ ਲੋਕਾਂ ਦੇ ਮਸਲੇ 70 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਹੱਲ ਨਾ ਹੋਏ ਤਾਂ ਅੱਕੇ ਹੋਏ ਲੋਕ ਕੀ ਕਰਨ? ਲਾਜ਼ਮੀ ਦੋਹਾਂ ਦੇਸ਼ਾਂ ਨੂੰ ਅਪਣੀਆਂ ਤਰਜੀਹਾਂ ਬਦਲਣੀਆਂ ਹੋਣਗੀਆਂ। ਇਸ ਉਦੇਸ਼ ਦੀ ਪੂਰਤੀ, ਲੋਕਾਂ ਵਲੋਂ ਹਾਕਮਾਂ ਨੂੰ ਮਜ਼ਬੂਰ ਕਰਨ ਵਾਲੀ ਵਿਸ਼ਾਲ ਲਹਿਰ ਉਸਾਰ ਕੇ ਹੀ ਹੋ ਸਕਦੀ ਹੈ। ਜਿਨ੍ਹਾਂ ਮੁੱਦਿਆਂ ਤੋਂ ਕੰਨੀ ਕਤਰਾਉਣ ਲਈ ਹਾਕਮ ਜੰਗਾਂ ਛੇੜਦੇ ਹਨ ਉਨ੍ਹਾਂ ਬੁਨਿਆਦੀ ਮੁੱਦਿਆਂ ਜਿਵੇਂ ਰੁਜ਼ਗਾਰ ਸਿੱਖਿਆ, ਸਿਹਤ ਸਹੂਲਤਾਂ, ਆਵਾਸ, ਪੀਣ ਵਾਲਾ ਸਵੱਛ ਪਾਣੀ ਆਦਿ ਦੀ ਪ੍ਰਾਪਤੀ ਲਈ ਲੋਕ ਜੰਗ ਹੀ ਭਰਾ ਮਾਰੂ ਜੰਗ ਨੂੰ ਰੋਕ ਸਕਦੀ ਹੈ। ਗ਼ਰੀਬੀ ਵਿਰੁੱਧ ਜੰਗ ਹੀ ਅਸਲ ਜੰਗ ਹੈ, ਵਰਨਾ ਤਬਾਹੀ ਹੈ। 

No comments:

Post a Comment