Thursday 4 August 2016

ਗੈਰ-ਕਾਨੂੰਨੀ, ਗੈਰ-ਲੋਕਰਾਜੀ ਤੇ ਗੈਰ-ਇਖਲਾਕੀ ਸੰਗਤ ਦਰਸ਼ਨ

ਡਾ. ਹਜ਼ਾਰਾ ਸਿੰਘ ਚੀਮਾ  
ਆਪਣੇ ਵੱਲੋਂ ਕੀਤੇ ਜਾ ਰਹੇ ਕਥਿਤ ਸੰਗਤ ਦਰਸ਼ਨਾਂ ਬਾਰੇ, ਸ੍ਰ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਸਰ ਹੁੱਬਕੇ ਕਿਹਾ ਜਾਂਦਾ ਹੈ ਕਿ ਰਾਜ ਦੇ ਮੁੱਖ ਮੰਤਰੀ ਵਜੋਂ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ''ਸੰਗਤ ਦਰਸ਼ਨ'' ਦੀ 'ਸੁੰਢ ਦੀ ਗੰਢੀ' ਉਹਨਾਂ ਦੇ ਦਿਮਾਗ ਦੀ ਹੀ ਕਾਢ ਹੈ। ਨਾਲ ਹੀ ਉਹ ਇਹ ਦਾਅਵਾ ਵੀ ਕਰਦੇ ਰਹਿੰਦੇ ਹਨ ਕਿ ਸਮੁੱਚੇ ਭਾਰਤ ਵਿਚਲੇ ਮੁੱਖ ਮੰਤਰੀਆਂ ਵਿਚੋਂ ਉਹ ਇਕੱਲੇ ਹੀ ਹਨ, ਜੋ ਸੰਗਤ ਦਰਸ਼ਨਾਂ ਦੀ ਸਕੀਮ ਨੂੰ ਸਫਤਲਤਾ ਪੂਰਵਕ ਸਿਰੇ ਚਾੜ੍ਹ ਸਕਦੇ ਜਾਂ ਚਾੜ੍ਹ ਰਹੇ ਹਨ। ਉਹਨਾਂ ਅਨੁਸਾਰ ਦੂਸਰੀਆਂ ਪਾਰਟੀਆਂ ਦੇ ਆਗੂ ਸਹੀ ਮਾਅਨਿਆਂ ਵਿੱਚ ਸੰਗਤ ਦਰਸ਼ਨ ਦੇ ਨਾਮ ਉਪਰ ਸਿਰਫ ਡਰਾਮਾ ਹੀ ਕਰ ਰਹੇ ਹਨ। ਉਹਨਾਂ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਸੰਗਤ ਦਰਸ਼ਨ ਪ੍ਰੋਗਰਾਮ ਠੁੱਸ ਹੋਕੇ ਰਹਿ ਗਿਆ ਹੈ ਅਤੇ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਜਾ ਰਹੀ ਮੁਹਿੰਮ ''ਕੌਫ਼ੀ ਵਿੱਦ ਕੈਪਟਨ'' ਜਾਂ ''ਕੈਪਟਨ ਹਲਕੇ ਵਿੱਚ'' ਉਹਨਾਂ (ਬਾਦਲ) ਦੇ ਸੰਗਤ ਦਰਸ਼ਨਾਂ ਦੀ ਨਕਲ ਹੀ ਹੈ।
ਮੁੱਖ ਮੰਤਰੀ ਸ੍ਰ. ਬਾਦਲ ਦੇ ਮਨ ਵਿੱਚ ਕਿਤੇ ਨਾ ਕਿਤੇ ਇਹ ਗੱਲ ਘਰ ਕਰ ਗਈ ਲੱਗਦੀ ਹੈ ਕਿ ਉਹ ਮਹਾਰਾਜਾ ਰਣਜੀਤ ਸਿੰਘ ਦਾ ਮਾਡਰਨ ਰੂਪ ਹਨ। ਇਸ ਲਈ ਮਹਾਰਾਜਾ ਰਣਜੀਤ ਸਿੰਘ ਬਣਨ ਦਾ ਭਰਮ ਪਾਲਦੇ ਹੋਏ, ਉਹ ਅਕਸਰ ਕਹਿੰਦੇ ਰਹਿੰਦੇ ਹਨ ਕਿ ਪੰਜਾਬ ਵਿੱਚ ਮਹਾਰਾਜਾ ਰਣਜੀਤ ਵਰਗਾ ਰਾਜ ਕਾਇਮ ਕੀਤਾ ਜਾ ਰਿਹਾ ਹੈ/ਕੀਤਾ ਜਾਵੇਗਾ। ਕਥਿੱਤ ਸੰਗਤ ਦਰਸ਼ਨ ਦਰਮਿਆਨ ਗ੍ਰਾਂਟਾਂ ਵੰਡਣ ਸਮੇਂ ਕੁਰਸੀ ਉਪਰ ਬੈਠੇ ਉਹ ਆਪਣੇ ਆਪ ਨੂੰ ਸਿੰਘਾਸਨ ਉਪਰ ਬੈਠਾ ਮਹਾਰਾਜਾ ਅਤੇ ਸਾਹਮਣੇ ਵੱਖ-ਵੱਖ ਕੰਮਾਂ ਲਈ ਹੱਥਾਂ ਵਿੱਚ ਅਰਜੀਆਂ ਫੜੀ, ਉਸਦੀ ਆਪਣੀ ਹੀ ਪਾਰਟੀ (ਕਿਉਂਕਿ ਕਿਸੇ ਵਿਰੋਧੀ ਨੂੰ ਤਾਂ ਉਥੇ ਫਟਕਣ ਵੀ ਨਹੀਂ ਦਿੱਤਾ ਜਾਂਦਾ) ਦੇ ਜਥੇਦਾਰਾਂ, ਪੰਚਾਂ, ਸਰਪੰਚਾਂ, ਹਲਕਾ ਇੰਚਾਰਜਾਂ ਨੂੰ ਉਹ ਦੀਨ-ਹੀਣ ਰਿਆਇਆ/ਪਰਜਾ ਸਮਝਣ ਦਾ ਭਰਮ ਪਾਲ ਰਹੇ ਹੁੰਦੇ ਹਨ।
ਵੈਸੇ ਜੇ ਸੰਗਤ ਦਰਸ਼ਨ ਦੇ ਸ਼ਬਦੀ ਅਰਥਾਂ ਵੱਲ ਜਾਈਏ ਤਾਂ ਇਸਦਾ ਮਤਲਬ ਸੰਗਤ ਭਾਵ ਆਮ ਲੋਕਾਂ ਦੇ ਦਰਸ਼ਨ ਕਰਨਾ ਹੀ ਨਿਕਲਦਾ ਹੈ। ਪਰ ਬਾਦਲ ਦੇ ਸੰਗਤ ਦਰਸ਼ਨਾਂ ਵਿੱਚ ਬਾਦਲ ਸਾਹਿਬ ਆਪਣੀ ਹੀ ਪਾਰਟੀ ਦੇ, ਹਾਂ-ਵਿਚ-ਹਾਂ ਮਿਲਾਉਣ ਵਾਲੇ, ਕੁੱਝ ਚੋਣਵੇਂ ਚੌਧਰੀਆਂ (ਸੰਗਤ) ਨੂੰ ਆਪ ਦਰਸ਼ਨ ਦਿੰਦੇ ਹਨ, ਆਮ ਲੋਕਾਂ ਦੇ ਦਰਸ਼ਨ ਕਰਦੇ ਨਹੀਂ। ਚੋਣਾਂ ਸਿਰ ਉਪਰ ਆਈਆਂ ਦੇਖਕੇ ਤੇ ਪਾਰਟੀ ਦੀ ਲੋਕਾਂ ਵਿੱਚ ਡਿੱਗ ਰਹੀ ਸਾਖ ਨੂੰ ਠੁੰਮਣਾ ਦੇਣ ਲਈ ਅਤੇ ਚੋਣਾਂ ਵਿੱਚ ਮੂੰਹ ਦਿਖਾਉਣ ਜੋਗੇ ਹੋਣ ਲਈ ਹਾਕਮ ਪਾਰਟੀ ਦੇ ਸਥਾਨਕ ਆਗੂ ਮੁੱਖ-ਮੰਤਰੀ ਸਾਹਮਣੇ ਪਿੰਡ ਦੀਆਂ ਗਲੀਆਂ-ਨਾਲੀਆਂ ਪੱਕੀਆਂ ਕਰਨ, ਸਕੂਲਾਂ ਨੂੰ ਅਪਗਰੇਡ ਕਰਨ, ਸਿਵਲ ਡਿਸਪੈਂਸਰੀਆਂ ਖੋਲ੍ਹਣ, ਪਸ਼ੂ ਹਸਪਤਾਲ ਬਣਾਉਣ ਆਦਿ ਵਰਗੀਆਂ ਮੁੱਢਲੀਆਂ ਸਹੂਲਤਾਂ ਦੀ ਮੰਗ ਕਰਦੀਆਂ ਅਰਜੀਆਂ ਪੇਸ਼ ਕਰਦੇ ਹਨ। ਸਿਆਸੀ ਗਿਣਤੀਆਂ-ਮਿਣਤੀਆਂ ਕਰਕੇ ਪਹਿਲਾਂ ਹੀ ਤਹਿ ਕੀਤੀ ਰਕਮ ਬਾਦਲ ਸਾਹਿਬ ਵੱਲੋਂ, ਚੈੱਕ ਦੇ ਰੂਪ ਵਿੱਚ, ਇੰਝ ਪੇਸ਼ ਕੀਤੀ ਜਾਂਦੀ ਹੈ ਜਿਵੇਂ ਕਿ ਉਹਨਾਂ ਵੱਲੋਂ ਇਹ ਆਪਣੀ ਜੇਬ ਵਿੱਚੋਂ ਦਿੱਤੀ ਜਾ ਰਹੀ ਹੋਵੇ।
ਬਾਦਲ ਸਾਹਿਬ ਵੱਲੋਂ ਸੰਗਤ ਦਰਸ਼ਨਾਂ ਦੇ ਰੂਪ ਵਿੱਚ ਦਰਬਾਰ ਲਗਾਕੇ ਸਰਕਾਰੀ ਖਜ਼ਾਨੇ, ਜਿਸਨੂੰ ਲੋਕਾਂ ਦੀਆਂ ਜੇਬਾਂ ਵਿੱਚੋਂ ਵੱਖ-ਵੱਖ ਟੈਕਸਾਂ ਦੇ ਰੂਪ ਵਿੱਚ ਪੈਸਾ ਇਕੱਠਾ ਕਰਕੇ ਭਰਿਆ ਗਿਆ ਹੁੰਦਾ ਹੈ, ਨੂੰ ਇੰਜ ਸ਼ਰ੍ਹੇਆਮ ਲੁਟਾਉਣਾ ਕਿਸੇ ਵੀ ਤਰ੍ਹਾਂ ਤਰਕਸੰਗਤ ਅਤੇ ਲੋਕਰਾਜੀ ਨਹੀਂ ਕਿਹਾ ਜਾ ਸਕਦਾ। ਕਿਉਂਕਿ ਆਜ਼ਾਦੀ ਤੋਂ 70 ਸਾਲ ਬਾਅਦ ਵੀ ਲੋਕਾਂ ਦੀਆਂ ਖਾਸ ਕਰਕੇ ਪਿੰਡਾਂ ਵਿੱਚ ਰਹਿਣ ਵਾਲਿਆਂ ਦੀਆਂ ਮੁੱਢਲੀਆਂ ਲੋੜਾਂਂਗਲੀਆਂ ਨਾਲੀਆਂ ਪੱਕੀਆਂ ਕਰਨੀਆਂ, ਸਾਧਨਹੀਣ ਲੋਕਾਂ ਲਈ ਸਾਂਝੇ ਪਖਾਨੇ ਬਣਾਉਣੇ, ਸਕੂਲ, ਹਸਪਤਾਲ, ਪਸ਼ੂ ਡਿਸਪੈਂਸਰੀਆਂ ਆਦਿ ਬਣਵਾਉਣੇ ਅਤੇ ਉਹਨਾਂ 'ਚ ਲੋੜੀਂਦੇ ਸਟਾਫ ਦੀ ਪੂਰਤੀ ਕਰਨ ਦਾ ਕੰਮ ਅਜੇ ਪੂਰਾ ਨਹੀਂ ਹੋਇਆ। ਇਸ ਲਈ ਪੰਜਾਬ ਦੇ ਹਰ ਪਿੰਡ ਕਸਬੇ, ਸ਼ਹਿਰ ਆਦਿ ਦੀਆਂ ਲੋੜਾਂ ਤੇ ਮੰਗਾਂ ਤਕਰੀਬਨ ਇੱਕੋ ਜਿਹੀਆਂ ਹਨ। ਪਰ ਸੰਗਤ ਦਰਸ਼ਨ ਦੇ ਨਾਂਅ 'ਤੇ ਆਪਣੇ ਹੀ ਹਿਮਾਇਤੀ ਕੁਝ ਚੌਣਵੇਂ ਚੌਧਰੀਆਂ ਦੀ ਫੋਕੀ ਟੌਹਰ ਬਣਾਉਣ ਲਈ, ਉਹਨਾਂ ਰਾਹੀਂ ਪਿੰਡਾਂ ਦੀਆਂ ਸੰਸਥਾਵਾਂ ਨੂੰ ਵਿਤਕਰੇਬਾਜੀ ਨਾਲ ਗਰਾਂਟਾਂ ਦੇਣਾ ਕਿਥੋਂ ਦਾ ਵਿਧਾਨ ਹੈ? ਚਾਹੀਦਾ ਤਾਂ ਇਹ ਹੈ ਕਿ ਵਿਕਾਸ ਕੰਮਾਂ ਵਾਸਤੇ ਪਿੰਡਾਂ ਵਿੱਚ ਹੋਣ ਵਾਲੇ ਕੰਮਾਂ ਦਾ ਵੇਰਵਾ ਅਰਜ਼ੀਆਂ ਦੇ ਰੂਪ ਵਿੱਚ ਚੁਣੀਆਂ ਹੋਈਆਂ ਪੰਚਾਇਤਾਂ ਰਾਹੀਂ, ਮੰਗਵਾਇਆ ਜਾਵੇ। ਉਪਰੰਤ ਪੰਚਾਇਤ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਰਾਹੀਂ ਵੱਖ-ਵੱਖ ਪਿੰਡਾਂ ਦੀਆਂ ਲੋੜਾਂ/ਕੰਮਾਂ ਦਾ ਸਰਵੇਖਣ ਕਰਵਾਇਆ ਜਾਵੇ। ਇਸ ਤੋਂ ਬਾਅਦ ਹੋਣ ਵਾਲੇ ਸਮੁੱਚੇ ਕੰਮਾਂ ਦੇ ਖਰਚੇ ਦਾ ਅਨੁਮਾਨ ਲਗਾਉਣ ਉਪਰੰਤ ਕੰਮਾਂ ਦੀ ਇੱਕ ਪਹਿਲ-ਸੂਚੀ ਤਿਆਰ ਕੀਤੀ ਜਾਵੇ। ਇਸ ਤੋਂ ਬਾਅਦ ਸੰਬੰਧਤ ਸਾਲ/ਸਾਲਾਂ ਵਿੱਚ ਉਪਲਬਧ ਬੱਜਟ ਅਨੁਸਾਰ ਕੰਮ ਨੇਪੜੇ ਚਾੜ੍ਹੇ ਜਾਣ। ਕੀਤੇ ਜਾ ਰਹੇ ਕੰਮਾਂ ਦਾ ਪਬਲਿਕ ਆਡਿਟ ਵੀ ਹੋਵੇ। ਇਸ ਲਈ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ, ਉਸ ਉਪਰ ਖਰਚ ਹੋਣ ਵਾਲੀ ਨਿਰਧਾਰਤ ਰਕਮ, ਕੰਮ ਨੇਪਰੇ ਚਾੜ੍ਹਨ ਦਾ ਨਿਰਧਾਰਤ ਸਮਾਂ, ਠੇਕੇਦਾਰ ਦਾ ਨਾਮ, ਸ਼ਿਕਾਇਤ ਆਦਿ ਕਰਨ ਲਈ ਸੰਬੰਧਤ ਉਚ-ਅਧਿਕਾਰੀਆਂ ਦੇ ਸੰਪਰਕ ਨੰਬਰ ਆਦਿ ਦਰਸਾਉਂਦੇ ਸਾਈਨ ਬੋਰਡ ਲਗਾਉਣੇ ਚਾਹੀਦੇ ਹਨ। ਪਰ ਬਾਦਲ ਸਾਹਿਬ ਦੇ ਮੌਜ਼ੂਦਾ ਸੰਗਤ ਦਰਸ਼ਨਾਂ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਇਹਨਾਂ ਸੰਗਤ ਦਰਸ਼ਨਾਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਨਾ ਵਿਸਥਾਰਤ ਵੇਰਵਾ, ਨਾ ਹੋਣ ਵਾਲੇ ਖਰਚੇ ਦਾ ਕੋਈ ਪੂਰਵ- ਅਨੁਮਾਨ ਅਤੇ ਨਾ ਹੀ ਕੋਈ ਪੁੱਛ-ਪੜਤਾਲ। ਸਿਰਫ ਮਾਡਰਨ ''ਮਹਾਰਾਜਾ ਰਣਜੀਤ ਸਿੰਘ'' ਵੱਲੋਂ ਗਰਾਂਟਾਂ ਦੇ ਗੱਫੇ। ਜਿਵੇਂ ਪਿਉ ਦਾ ਖਜ਼ਾਨਾ ਹੋਵੇ। ਇੰਜ ਮਿਲੇ ਪੈਸਿਆਂ ਦੀ ਵਰਤੋਂ ਵੀ ਫਿਰ ਇਸੇ ਤਰ੍ਹਾਂ ਹੀ ਹੋਣੀ ਹੁੰਦੀ ਹੈ ਅਤੇ ਬਿਨਾਂ ਸ਼ੱਕ ਹੋ ਰਹੀ ਹੈ।
ਸੋ ਉਪਰੋਕਤ ਢੰਗ ਨਾਲ ਸੰਗਤ ਦਰਸ਼ਨਾਂ ਵਿੱਚ ਵੰਡੀਆਂ ਜਾ ਰਹੀਆਂ ਗਰਾਂਟਾਂ ਸਿਰਫ ਆਪਣੀ ਪਾਰਟੀ ਦੇ ਚੌਧਰੀਆਂ ਨੂੰ ਦਿੱਤੀ ਗਈ ਸਿਰਫ ਤੇ ਸਿਰਫ ਸਿਆਸੀ ਰਿਸ਼ਵਤ ਹੀ ਕਹੀ ਜਾ ਸਕਦੀ ਹੈ। ਕੁਝ ਸਿਆਣੇ ਲੋਕ ਤਾਂ ਇਹ ਵੀ ਸ਼ੱਕ ਕਰਦੇ ਹਨ ਕਿ ਸਰਪੰਚਾਂ ਨੂੰ ਚੋਣਾਂ ਵਾਲੇ ਸਾਲ ਵਿੱਚ ਵਰਤਾਏ ਗਏ ਗੱਫੇ, ਚੋਣਾ ਸਮੇਂ ਵੋਟਾਂ ਖਰੀਦਣ ਲਈ ਵੀ ਵਰਤੇ ਜਾ ਸਕਦੇ ਹਨ ਜਾਂ ਵਰਤੇ ਜਾਂਦੇ ਹਨ। ਜਿੱਥੋਂ ਤੱਕ ਬਾਦਲ ਸਾਹਿਬ ਵਲੋਂ ਕੀਤੇ ਜਾ ਰਹੇ ਇਸ ਦਾਅਵੇ ਦਾ ਸੰਬੰਧ ਹੈ ਕਿ ਸੰਗਤ ਦਰਸ਼ਨ ਉਹਨਾਂ ਦੇ ਦਿਮਾਗ ਦੀ ਹੀ ਕਾਢ ਹੈ, ਇਹ ਗੱਲ ਵੀ ਦਰੁਸਤ ਨਹੀਂ। ਕਿਉਂਕਿ ਦੱਖਣੀ ਭਾਰਤ ਦੇ ਕਈ ਸੂਬਿਆਂ ਦੇ ਮੁੱਖ ਮੰਤਰੀ ਪਹਿਲਾਂ ਵੀ ਇਹ ਤਜ਼ਰਬਾ ਕਰ ਚੁੱਕੇ ਹਨ ਪਰ ਆਮ ਲੋਕਾਂ ਦੀਆਂ ਅਸਲ ਸਮਸਿਆਵਾਂ ਹੱਲ ਕਰਨ ਤੋਂ ਅਸਮਰਥ ਰਹਿਣ ਕਾਰਨ ਉਹ ਇਸ ਫਜੂਲ ਕਿਸਮ ਦੇ ਅਭਿਆਸ ਤੋਂ ਕਿਨਾਰਾ ਕਰ ਗਏ। ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਮਰਹੂਮ ਸ੍ਰ. ਬੇਅੰਤ ਸਿੰਘ ਵੀ ਚੰਡੀਗੜ੍ਹ ਵਿਖੇ ਖੁੱਲਾ ਦਰਬਾਰ ਲਗਾਉਂਦੇ ਰਹੇ ਹਨ। ਆਪਣੀ ਰਿਹਾਇਸ਼ 'ਤੇ ਖੁੱਲੇ ਵਿਹੜੇ ਵਿੱਚ ਕਤਾਰਾਂ ਵਿੱਚ ਲੱਗੀਆਂ ਕੁਰਸੀਆਂ ਉਪਰ ਲੋਕ ਆਪੋ-ਆਪਣੀਆਂ ਫਰਿਆਦਾਂ ਲੈ ਕੇ ਬੈਠੇ ਹੁੰਦੇ ਸਨ। ਸ੍ਰ. ਬੇਅੰਤ ਸਿੰਘ ਨਾਸ਼ਤੇ ਤੋਂ ਵਿਹਲੇ ਹੋਕੇ ਉਡੀਕ ਕਰ ਰਹੇ ਫਰਿਆਦੀਆਂ ਪਾਸੋਂ ਇਕੱਲੇ-ਇਕੱਲੇ ਕੋਲ ਜਾਕੇ ਉਹਨਾਂ ਦੀਆਂ ਸਮੱਸਿਆਵਾਂ  ਸੁਣਦੇ ਸਨ ਅਤੇ ਇਸਦੇ ਹੱਲ ਲਈ ਸੰਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੰਦੇ ਸਨ। ਪਰ ਉਹ ਇਹ ਅਭਿਆਸ ਬਾਦਲ ਵਾਂਗ ਸਿਰਫ ਚੋਣਾਂ ਵਾਲੇ ਸਾਲ ਵਿੱਚ ਹੀ ਨਹੀਂ ਸਨ ਕਰਦੇ।
ਇਸ ਸਮੇਂ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ, ਉਹਨਾਂ ਦੇ ਪੜ੍ਹੇ ਲਿਖੇ ਬੱਚਿਆਂ ਵਾਸਤੇ ਰੁਜ਼ਗਾਰ ਮਹੁੱਈਆ ਕਰਨ ਜਾਂ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦੀ ਹੈ। ਪਰ ਬਾਦਲ ਸਾਹਿਬ ਅਜਿਹਾ ਕਰਨ ਦੀ ਥਾਂ ਉਹਨਾਂ ਨੂੰ ਪਿੰਡਾਂ 'ਚ ਜਿੰਮ੍ਹ ਖੋਲਣ ਅਤੇ ਖੇਡ ਕਿੱਟਾਂ ਵਾਸਤੇ ਗਰਾਂਟ ਦੇਣ ਦੀ ਗੱਲ ਕਰਦੇ ਹਨ। ਨੀਝ ਨਾਲ ਦੇਖਿਆਂ ਇਹ ਇਉਂ ਲੱਗਦਾ ਹੈ ਜਿਵੇਂ ਕਿਸੇ ਹਫ਼ਤਿਆਂ ਦੇ ਭੁੱਖੇ ਨੂੰ ਟੱਪਣ ਲਈ ਰੱਸੀ ਦੇ ਕੇ ਅੱਗੋਂ ਸਗੋਂ ਅਹਿਸਾਨ ਵੀ ਜਤਾਇਆ ਜਾਵੇ।
ਬਾਦਲ ਸਾਹਿਬ ਵੱਲੋਂ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਸੰਗਤ ਦਰਸ਼ਨ ਸਮੇਂ ਉਹਨਾਂ ਦਾ ਆਮ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਹੋਣ ਕਾਰਨ, ਉਹਨਾਂ ਦੀਆਂ ਸਮੱਸਿਆਵਾਂ ਸੁਣਨ, ਸਮਝਣ ਅਤੇ ਹੱਲ ਕਰਨ 'ਚ ਮਦਦ ਮਿਲਦੀ ਹੈ। ਪਰ ਬਾਦਲ ਸਾਹਿਬ ਨੂੰ ਪੁੱਛਿਆ ਜਾ ਸਕਦਾ ਹੈ ਕਿ ਪਿੰਡਾਂ ਵਿੱਚ ਗਲੀਆਂ, ਨਾਲੀਆਂ ਪੱਕੀਆਂ ਕਰਨ, ਸਕੂਲਾਂ, ਹਸਪਤਾਲਾਂ ਦੀ ਹਾਲਤ ਸੁਧਾਰਨ ਅਤੇ ਉਹਨਾਂ 'ਚ ਪੂਰਾ ਸਟਾਫ ਦੇਣ ਆਦਿ ਮੰਗਾਂ ਕੀ ਹਰ ਪਿੰਡ ਦੀਆਂ ਵੱਖਰੀਆਂ-ਵੱਖਰੀਆਂ ਹਨ, ਜਿੰਨ੍ਹਾ ਨੂੰ ਸਮਝਣ ਲਈ ਸੂਬੇ ਦੇ ਮੁੱਖ ਮੰਤਰੀ ਨੂੰ ਆਪਣੀ ਸਕਿਊਰਿਟੀ  ਸਮੇਤ ਉਚ ਅਧਿਕਾਰੀਆਂ ਦਾ ਪੂਰਾ ਲਾਮ ਲਸ਼ਕਰ ਲੈ ਕੇ ਹਰ ਪਿੰਡ ਪਹੁੰਚਣਾ ਜਰੂਰੀ ਹੈ? ਇਸ ਦੇ ਜੁਆਬ ਵਿੱਚ ਸਧਾਰਨ ਤੋਂ ਸਧਾਰਨ ਬੰਦਾ ਵੀ ਇਹੋ ਕਹੇਗਾ ਕਿ ਜਿਸ ਕੰਮ ਲਈ ਸੂਬਾਈ ਪੱਧਰ ਉਤੇ ਕਿਸੇ ਠੋਸ ਸਾਂਝੀ ਨੀਤੀ ਬਣਾਉਣ ਦੀ ਲੋੜ ਹੋਵੇ, ਉਹਨਾਂ ਵਾਸਤੇ ਸੰਗਤ ਦਰਸ਼ਨ ਦੇ ਰੂਪ ਵਿੱਚ ਪਿੰਡੋ-ਪਿੰਡੀ ਭੱਜੇ ਫਿਰਨਾਂ ਅਤੇ ਇਸ ਅਭਿਆਸ ਉਪਰ ਸੁਰੱਖਿਆ ਅਤੇ ਪੈਟਰੋਲ ਆਦਿ ਉਪਰ ਹੋਣ ਵਾਲੇ ਖਰਚੇ ਨਾਲ ਸਰਕਾਰੀ ਖਜ਼ਾਨੇ ਉਪਰ ਕਰੋੜਾਂ ਰੁਪਏ ਦਾ ਬੋਝ ਪਾਉਣਾ ਕਿਸੇ ਤਰਾਂ ਵੀ ਜਾਇਜ਼ ਅਤੇ ਦੂਰ ਅੰਦੇਸ਼ੀ ਨਹੀਂ। ਇਸ ਤਰ੍ਹਾਂ ਕਰਨ ਨਾਲ ਸਰਕਾਰੀ ਖਜ਼ਾਨੇ ਉਪਰ ਬੇਲੋੜਾ ਬੋਝ ਤਾਂ ਪੈਂਦਾ ਹੀ ਹੈ। ਇਸ ਤੋਂ ਇਲਾਵਾ ਸਮੂਹ ਜਿਲ੍ਹਾ ਅਧਿਕਾਰੀਆਂ ਵੱਲੋਂ ਆਪਣੇ ਦਫ਼ਤਰ ਛੱਡ ਕੇ ਸੰਗਤ ਦਰਸ਼ਨ ਵਿੱਚ ਹਾਜ਼ਰੀ ਭਰਨ ਕਰਕੇ ਉਹਨਾਂ ਦੇ ਆਪਣੇ ਦਫ਼ਤਰਾਂ ਵਿੱਚ ਉਹਨਾਂ ਦੀ ਗੈਰ ਹਾਜ਼ਰੀ ਕਾਰਨ ਕੰਮਕਾਰਾਂ ਲਈ ਆਏ ਲੋਕਾਂ ਨੂੰ ਖੱਜਲ ਖੁਆਰ ਵੀ ਹੋਣਾ ਪੈਂਦਾ ਹੈ। ਜਿਵੇਂ ਸਿਵਲ ਸਰਜਨ, ਵੈਟਰਨਰੀ (ਪਸ਼ੂਧਨ ਸੰਭਾਲ) ਅਫ਼ਸਰ ਲਈ ਪਸ਼ੂ ਹਸਪਤਾਲ, ਖੇਤੀ ਵਿਕਾਸ ਅਫ਼ਸਰ, ਬਲਾਕ ਵਿਕਾਸ ਅਫ਼ਸਰ, ਸੀ.ਡੀ.ਪੀ.ੳ, ਸਿੱਖਿਆ ਅਧਿਕਾਰੀ, ਪਟਵਾਰੀ ਆਦਿ ਦੇ ਕੰਮ ਕਰਨ ਦੀ ਅਸਲੀ ਥਾਂ ਉਹਨਾਂ ਦੇ ਦਫਤਰ ਹਨ ਨਾ ਕਿ ਸੰਗਤ ਦਰਸ਼ਨ ਵਾਲੀ ਜਗ੍ਹਾ। ਆਪਣੇ ਦਫ਼ਤਰ ਬੈਠਕੇ ਨਿੱਤਾਪ੍ਰਤੀ ਦਾ ਕੰਮ ਕਰਨ ਦੀ ਥਾਂ ਸੰਗਤ ਦਰਸ਼ਨਾਂ 'ਚ ਹਾਜ਼ਰੀ ਭਰਨ ਲਈ ਮਜ਼ਬੂਰ ਹੋਣਾ, ਉਹਨਾਂ ਦੇ ਦਫਤਰੀ ਕੰਮ 'ਚ ਵਿਘਨ ਪਾਉਣ ਅਤੇ ਕੰਮਕਾਰਾਂ ਲਈ ਆਏ ਲੋਕਾਂ ਦੀ ਖੱਜਲ-ਖੁਆਰੀ ਦਾ ਸਬੱਬ ਤਾਂ ਬਣਦਾ ਹੀ ਹੈ, ਇਸ ਦੇ ਨਾਲ ਹੀ ਹਾਕਮ ਪਾਰਟੀ ਦੇ ਸਥਾਨਕ ਚੌਧਰੀਆਂ ਵੱਲੋਂ, ਸੰਗਤ ਦਰਸ਼ਨਾਂ ਵਿੱਚ ਅਧਿਕਾਰੀਆਂ ਦੀ ਜ਼ਾਇਜ਼ ਨਾਜਾਇਜ਼ ਸ਼ਿਕਾਇਤ ਕਰਕੇ, ਮੁੱਖ ਮੰਤਰੀ ਪਾਸੋਂ ਝਿੜਕਾਂ ਪੁਆਕੇ ਆਪਣੀ ਫੋਕੀ ਭੱਲ ਬਣਾਉਣ ਅਤੇ ਅਧਿਕਾਰੀਆਂ ਦਾ ਮਨੋਬਲ ਡੇਗਣ ਦਾ ਵੀ ਇਹ ਇਕ ਕਾਰਨ ਬਣਦਾ ਹੈ ਅਤੇ ਅਧਿਕਾਰੀਆਂ ਨੂੰ ਸਿਆਸੀ ਚੌਧਰੀਆਂ ਦੀਆਂ ਜ਼ਾਇਜ਼ ਨਾਜ਼ਾਇਜ ਮੰਗਾਂ ਮੰਨਣ ਦੇ ਰਾਹ ਵੀ ਤੋਰਦਾ ਹੈ। ਸਰਕਾਰੀ ਤੰਤਰ ਦੇ ਸਿਆਸੀਕਰਨ ਹੋਣ ਦੀ ਇੱਕ ਭੱਦੀ ਵੰਨਗੀ ਇਹ ਵੀ ਹੈ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੱਬਿਆਂ ਨੂੰ ਢੁੱਕ ਚੁੱਕੇ ਹਨ। ਉਹਨਾਂ ਨੇ ਪੰਜ ਵਾਰ ਮੁੱਖ ਮੰਤਰੀ ਬਣਕੇ ਪੰਜਾਬ ਦੇ ''ਲੋਕਾਂ ਦੀ ਸੇਵਾ'' ਕਰਕੇ ਰਾਜਸੱਤਾ ਦਾ ਆਨੰਦ ਵੀ ਮਾਣ ਲਿਆ ਹੈ। ਇਸ ਉਮਰ ਵਿੱਚ ਆਕੇ ਬੰਦੇ ਦੀਆਂ ਤਮਾਮ ਖਾਹਿਸ਼ਾਂ, ਸਮੇਤ ਰਾਜਸੀ ਖ਼ਾਹਿਸ਼ਾਂ, ਵੀ ਪੂਰੀਆਂ ਹੋ ਚੁੱਕੀਆਂ ਹੁੰਦੀਆਂ ਹਨ ਜਾਂ ਪੂਰੀਆਂ ਹੋਈਆਂ  ਸਮਝੀਆਂ ਜਾਂਦੀਆਂ ਹਨ। ਉਸਤੋਂ ਤਵੱਕੋਂ ਕੀਤੀ ਜਾਂਦੀ ਹੈ ਕਿ ਉਹ ਹੁਣ ਆਪਣੇ ਸਭ ਰੁਝੇਵਿਆਂ ਨੂੰ ਸਮੇਟਕੇ ਆਪਣਾ ਅੱਗਾ ਭਾਵ ਪ੍ਰਲੋਕ (ਜਿਸ ਵਿਚ ਲੇਖਕ ਦਾ ਵਿਸ਼ਵਾਸ ਨਹੀਂ) ਸੰਵਾਰਨ ਲਈ ਸਿਮਰਨ ਦਾ ਪੱਲਾ ਫੜੇ। ਕਿਉਂਕਿ ਲੇਖਕ ਨੇ ਵੀ ਆਖ਼ਰ ਉਮਰ ਦੇ ਇਸ ਪੜਾਅ ਤੇ ਪੁੱਜਣਾ ਹੈ, ਇਸ ਲਈ ਉਹ ਇਹ ਗੁਸਤਾਖੀ ਤਾਂ ਨਹੀਂ ਕਰ ਸਕਦਾ ਕਿ ਉਹ ਬਾਦਲ ਸਾਹਿਬ ਨੂੰ ਇਹ ਮਸ਼ਵਰਾ ਦੇਵੇ। ਪਰ ਲੇਖਕ ਬਾਦਲ ਸਾਹਿਬ ਨੂੰ ਇਹ ਜਰੂਰ ਕਹਿਣਾ ਚਾਹੁੰਦਾ ਹੈ ਕਿ ਉਹ ਆਪਣੇ ਰਾਜਭਾਗ ਦੇ ਰਹਿੰਦੇ ਸਮੇਂ ਵਿੱਚ ਗੈਰ-ਕਾਨੂੰਨੀ, ਗੈਰ-ਵਿਧਾਨਕ, ਗੈਰ-ਇਖਲਾਕੀ ਅਤੇ ਗੈਰ ਲੋਕਰਾਜੀ ਸੰਗਤ ਦਰਸ਼ਨ ਮੁਹਿੰਮ ਜਿਸ ਲਈ ਉਹ ਦੋ ਬੰਦਿਆ ਦੇ ਮੌਢਿਆਂ ਦਾ ਸਹਾਰਾ ਲੈਕੇ ਚਲਦੇ ਹਨ, ਨੂੰ ਸੰਤੋਖਕੇ, ਹੁਣ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਪੱਕਾ ਡੇਰਾ ਲਾਉਣ ਅਤੇ ਆਪਣੇ ਮੰਤਰੀਆਂ ਅਤੇ ਅਧਿਕਾਰੀਆਂ ਦੀ ਉਹਨਾਂ ਦੇ ਸਬੰਧਤ ਦਫਤਰਾਂ 'ਚ ਹਾਜਰੀ ਯਕੀਨੀ ਬਣਾਉਣ ਤਾਂ ਜੋ ਰੋਜੀ ਰੋਟੀ ਲਈ ਸੰਘਰਸ਼ ਕਰ ਰਿਹਾ ਸਮਾਜ ਦਾ ਹਰ ਵਰਗ ਆਪਣੇ ਬਣਦੇ ਹੱਕ ਪ੍ਰਾਪਤ ਕਰ ਸਕੇ, ਚਾਹੇ ਉਹ ਆਪਣੀਆਂ ਜਿਨਸਾਂ ਦਾ ਲਾਹੇਵੰਦ ਭਾਅ ਮੰਗ ਰਿਹਾ ਕਿਸਾਨ ਹੋਵੇ ਜਾਂ ਘੱਟੋ ਘੱਟ ਜਿਉਣ ਜੋਗੀ ਤਨਖਾਹ ਜਾਂ ਮਿਹਨਤਾਨਾ ਮੰਗ ਰਿਹਾ ਸਨਅਤੀ ਮਜ਼ਦੂਰ ਤੇ ਖੇਤੀਕਾਮਾ, ਚਾਹੇ ਹੱਥਾਂ 'ਚ ਡਿਗਰੀਆਂ ਫੜੀ ਰੋਜ਼ਗਾਰ ਮੰਗ ਰਿਹਾ ਬੇਰੁਜ਼ਗਾਰ ਨੌਜਵਾਨ ਹੋਵੇ, ਠੇਕੇ ਤੇ ਕੰਮ  ਰਿਹਾ ਜਾਂ ਨਿਗੁਣੀ ਤਨਖਾਹ 'ਤੇ ਕੰਮ ਕਰ ਰਿਹਾ ਸਰਕਾਰੀ ਕਰਮਚਾਰੀ, ਚਾਹੇ ਮਾਮੂਲੀ ਮਾਨ ਭੱਤੇ ਉਪਰ ਕੰਮ ਕਰ ਰਹੀਆਂ ਕੁੱਕ ਬੀਬੀਆਂ, ਆਸ਼ਾ ਵਰਕਰਾਂ ਹੋਣ ਜਾਂ ਤਨਖਾਹ ਕਮਿਸ਼ਨ ਦੀ ਰਿਪੋਰਟ ਉਡੀਕ ਰਹੇ ਸਰਕਾਰੀ ਮੁਲਾਜ਼ਮ। ਉਹ ਵੱਖ-ਵੱਖ ਥਾਵਾਂ 'ਤੇ ਸੰਗਤ ਦਰਸ਼ਨਾਂ ਦੇ ਨੇੜੇ ਪੁਲਿਸ, ਅਤੇ ਕਦੇ-ਕਦੇ ਸਥਾਨਕ ਜਥੇਦਾਰਾਂ ਦੀਆਂ ਡਾਗਾਂ ਖਾਣ ਦੀ ਥਾਂ ਆਪਣੇ ਦੁੱਖ ਮੁੱਖ ਮੰਤਰੀ ਨੂੰ ਦੱਸ ਸਕਣ ਅਤੇ ਅੱਗੋਂ ਮੁੱਖ ਮੰਤਰੀ ਉਹਨਾਂ ਮੰਗਾਂ ਨੂੰ ਸੰਬੰਧਤ ਉਚ ਅਧਿਕਾਰੀਆਂ ਦੀ ਹਾਜ਼ਰੀ 'ਚ ਵਿਚਾਰਕੇ ਫੈਸਲੇ ਕਰਕੇ ਆਪਣੀ ਰਾਜਸੀ ਪ੍ਰੌਢਤਾ ਸਾਬਤ ਕਰਨ। ਸਿਰਫ ਅਜਿਹਾ ਕਰਕੇ ਹੀ ਉਹ ਆਪਣੀਆਂ ਪਿਛਲੀਆਂ ਗਲਤੀਆਂ ਸੁਧਾਰ ਸਕਦੇ ਹਨ। ਨਹੀਂ ਤਾਂ ਸਮਾਂ ਬਹੁਤ ਸੀਮਤ ਹੈ। ਮਹਿੰਗਾਈ, ਭੁੱਖਮਰੀ, ਬੇਰੁਜਗਾਰੀ, ਨਸ਼ਾਖੋਰੀ ਆਦਿ ਵਰਗੀਆਂ ਅਲਾਮਤਾਂ ਫੈਲਾਉਣ ਵਾਲੀਆਂ ਸਰਕਾਰੀ ਨੀਤੀਆਂ ਤੋਂ ਪੰਜਾਬ ਦੇ ਲੋਕ ਬਹੁਤ ਤੰਗ ਆ ਚੁੱਕੇ ਹਨ। ਅੱਕੇ, ਥੱਕੇ ਅਤੇ ਤੰਗ ਆ  ਚੁੱਕੇ ਲੋਕ ਜੇ ਚਾਹੁਣ ਤਾਂ ਕਦੇ ਵੀ ਹੇਠਲੀ ਉਤੇ ਲਿਆ ਸਕਦੇ ਹਨ।

No comments:

Post a Comment