Wednesday 3 August 2016

ਕੱਟੜਪੰਥੀ ਹਿੰਦੂਵਾਦ ਦਾ ਘਿਨੌਣਾ ਰੂਪ ਹੈ, ਗੁਜਰਾਤ ਦਾ ਊਨਾ ਕਾਂਡ

ਸੰਪਾਦਕੀ ਟਿੱਪਣੀ
 
ਊਨਾ, ਜ਼ਿਲ੍ਹਾ ਸੂਰਤ, ਗੁਜਰਾਤ ਵਿਖੇ ਮਰੇ ਪਸ਼ੂ (ਗਉ) ਦਾ ਚੰਮ ਲਾਹੁਣ ਵਾਲੇ ਅਨੁਸੂਚਿਤ ਜਾਤੀ ਨਾਲ ਸਬੰਧਤ ਨੌਜਵਾਨਾਂ ਨੂੰ ਸਰ੍ਹੇ ਬਾਜ਼ਾਰ ਅਰਧ ਨਗਨ ਕਰਕੇ ਅਣਮਨੁੱਖੀ ਢੰਗ ਨਾਲ ਕੁੱਟੇ ਜਾਣ ਦੀ ਅਤੀ ਨਿੰਦਣਯੋਗ ਘਟਨਾ ਨਾਲ ਸਭਨਾਂ ਮਾਨਵੀ ਸੋਚਣੀ ਵਾਲਿਆਂ ਦੇ ਮਨਾਂ ਤੇ ਡੂੰਘੀ ਸੱਟ ਲੱਗੀ ਹੈ। ਜਦੋਂ ਤੋਂ ਸੋਸ਼ਲ ਮੀਡੀਆ 'ਤੇ ਇਸ ਵਹਿਸ਼ੀ ਕਰਤੂਤ ਦੀ ਵੀਡੀਓ ਵਾਇਰਲ ਹੋਈ ਹੈ ਅਤੇ ਸਾਰੀਆਂ ਕੌਮੀ ਤੇ ਸੂਬਾਈ ਅਖਬਾਰਾਂ ਸਮੇਤ ਲਗਭਗ ਸਾਰੇ ਬਿਜਲਈ ਮੀਡੀਆ ਨੇ ਇਸ ਖਬਰ ਨੂੰ ਪ੍ਰਸਾਰਿਤ ਕੀਤਾ ਹੈ, ਉਦੋਂ ਤੋਂ  ਲੋਕ ਪੱਖੀ, ਜਮਹੂਰੀ ਅਤੇ ਅਮਨ-ਸ਼ਾਂਤੀ ਨਾਲ ਜੀਵਨ ਬਸਰ ਕਰਨ ਦੇ ਇਛੁੱਕ ਸ਼ਹਿਰੀਆਂ ਵਲੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਕੀਤੀ ਜਾਣੀ ਬਣਦੀ ਵੀ ਹੈ। ਇਹ ਕਰਤੂਤ ਕਰਨ ਵਾਲੇ ਅਮਾਨਵੀ ਕੱਟੜਵਾਦੀ ਹਿੰਦੂ ਸੰਗਠਨਾਂ ਦੇ ਆਗੂ ਅਤੇ ਕਾਰਕੁੰਨ ਹਨ। ਅਜਿਹੇ ''ਰਾਕਸ਼ਾਂ'' ਦੀਆਂ ਗੋਧਰਾ ਦੰਗਿਆਂ (2002) ਵੇਲੇ ਦੀਆਂ ਤ੍ਰਿਸ਼ੂਲਾਂ ਵਾਲੀਆਂ ਘ੍ਰਿਣਾਯੋਗ ਤਸਵੀਰਾਂ ਅੱਜ ਵੀ ਸੰਤੁਲਿਤ ਸੋਚ ਵਾਲਿਆਂ ਦੇ ਮਨਾਂ 'ਚ ਅਣਹੋਣੀਆਂ ਵਾਪਰਨ ਦੇ ਖਦਸ਼ੇ ਖੜ੍ਹੇ ਕਰੀ ਰੱਖਦੀਆਂ ਹਨ। ਇਨ੍ਹਾਂ ਦਹਿਸ਼ਤ ਦੇ ਸੌਦਾਗਰਾਂ ਨੂੰ ਗੁਜਰਾਤ ਦੀ ਭਾਜਪਾ ਸਰਕਾਰ ਦਾ ਨੰਗਾ ਚਿੱਟਾ ਥਾਪੜਾ ਪ੍ਰਾਪਤ ਹੈ। ਉਤੋਂ ''ਕੋਹੜ 'ਚ ਖਾਜ'' ਵਾਂਗ ਦਿੱਲੀ ਦੇ ਤਖਤ 'ਤੇ ''ਗੋਧਰਾ ਦੇ ਖਲਨਾਇਕਾਂ'' ਦਾ ਕਬਜਾ ਹੋ ਗਿਆ। ਜਦੋਂ ਦੀ ਇਹ ਕੁਲਹਿਣੀ ਸਰਕਾਰ, ਦੇਸ਼ ਦੇ ਲੋਕਾਂ ਦੇ ਮੰਦੇ ਭਾਗਾਂ ਨੂੰ, ਕਾਇਮ ਹੋਈ ਹੈ ਉਦੋਂ ਤੋਂ ਹੀ ਲਗਾਤਾਰ ਘਟਗਿਣਤੀਆਂ, ਔਰਤਾਂ, ਦਲਿਤਾਂ, ਆਦਿਵਾਸੀਆਂ ਤਰਕਵਾਦੀ ਕਾਰਕੁੰਨਾਂ, ਲੋਕ ਪੱਖੀ ਕਲਾਕਾਰਾਂ, ਲੇਖਕਾਂ, ਜਮਹੂਰੀ-ਸੰਘਰਸ਼ੀ ਲਹਿਰ ਦੇ ਆਗੂਆਂ, ਵਿਦਿਅਕ ਅਦਾਰਿਆਂ ਤੇ ਵਿਦਿਆਰਥੀ ਆਗੂਆਂ 'ਤੇ ਖੁੱਲ੍ਹੇਆਮ ਹਮਲੇ ਹੋ ਰਹੇ ਹਨ ਅਤੇ ਅਨੇਕਾਂ ਕੀਮਤੀ ਜਾਨਾਂ ਦੀ ਬਲੀ ਲਈ ਜਾ ਚੁੱਕੀ ਹੈ। ਭਾਜਪਾ ਦੀ ਕੇਂਦਰੀ ਅਤੇ ਸੂਬਿਆਂ ਵਿਚਲੀਆਂ ਸਰਕਾਰਾਂ ਦੀ ਇਸ ਮਨੁੱਖ ਮਾਰੂ ਵਰਤਾਰੇ ਨੂੰ ਅੰਜਾਮ ਦੇਣ ਵਾਲੇ ਕੋਝੀ ਮਾਨਸਿਕਤਾ ਦੇ ਅਨਸਰਾਂ ਨੂੰ ਹਰ ਪੱਖੋਂ ਸਰਪ੍ਰਸਤੀ 'ਤੇ ਥਾਪੜਾ ਹਾਸਲ ਹੈ। ਹੱਥਲੇ ਘਟਣਾਕ੍ਰਮ ਵਿਚ ਪੁਲਸ ਤੇ ਪ੍ਰਸ਼ਾਸ਼ਨਿਕ ਮਸ਼ੀਨਰੀ ਨੇ ਇਸ ਲਈ ਜਿੰਮੇਵਾਰ ਦੋਸ਼ੀਆਂ ਨੂੰ ਹੱਥ ਤਾਂ ਕੀ ਪਾਉਣਾ ਸੀ, ਬਲਕਿ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਦੇ ਤਿੱਖੇ ਸਮੂਹਿਕ ਪ੍ਰਤੀਕਰਮ ਤੋਂ ਬਾਅਦ ਹੀ ਇਸ ਦਾ ਮੁੱਢਲਾ ਨੋਟਿਸ ਲਿਆ ਗਿਆ ਹੈ।
ਸਭ ਤੋਂ ਸੰਜੀਦਾ ਮੁੱਦਾ ਇਹ ਹੈ ਕਿ ਆਰ.ਐਸ.ਐਸ. ਆਪਣੀ ਕਾਇਮੀ ਤੋਂ ਲੈ ਕੇ ਅੱਜ ਤੱਕ ਕੱਟੜ ਹਿੰਦੂ ਰਾਜ ਦੀ ਪੁਨਰਸਥਾਪਨਾ ਦੇ ਉਦੇਸ਼ ਨੂੰ ਲੈ ਕੇ ਆਪਣੀਆਂ ਅਤੇ ਆਪਣੇ ਜੇਬੀ ਸੰਗਠਨਾਂ ਦੀਆਂ ਸਰਗਰਮੀਆਂ ਵਿਉਂਤਦਾ ਤੇ ਨਿਰਦੇਸ਼ਤ ਕਰਦਾ ਰਿਹਾ ਹੈ। ਹੁਣੇ ਜਿਹੇ ਸੰਘ ਮੁਖੀ ਨੇ ਐਲਾਨ ਕੀਤਾ ਹੈ ਕਿ ਉਕਤ ਉਦੇਸ਼ ਅਸੀਂ ਸੰਘ ਦੇ ਸੌ ਸਾਲਾ ਸਥਾਪਨਾ ਦਿਵਸ (1925-2025) ਤੱਕ ਹਰ ਹਾਲਤ ਵਿਚ ਪੂਰਾ ਕਰਨਾ ਹੈ। ਕੇਂਦਰੀ ਰਾਜਗੱਦੀ 'ਤੇ ਭਾਜਪਾ ਦੇ ਕਾਬਜ ਹੋਣ ਨੂੰ ਸੰਘ ਆਪਣੇ ਉਪਰੋਕਤ ਉਦੇਸ਼ ਦੀ ਪੂਰਤੀ ਲਈ ਰੱਜ ਕੇ ਇਸਤੇਮਾਲ ਕਰ ਰਿਹਾ ਹੈ। ਕੱਟੜ ਹਿੰਦੂ ਰਾਸ਼ਟਰ ਦੇ ਹੁੰਦਿਆਂ ਜਿੱਥੇ ਦੂਜੇ ਘੱਟ ਗਿਣਤੀ ਧਰਮ ਨੂੰ ਮੰਨਣ ਵਾਲੇ ਲੋਕਾਂ ਲਈ ਕੋਈ ਥਾਂ ਨਹੀਂ, ਪ੍ਰਗਤੀਵਾਦੀ ਤੇ ਵਿਗਿਆਨਕ ਵਿਚਾਰਾਂ 'ਤੇ ਪਾਬੰਦੀ ਹੋਵੇਗੀ। ਉਥੇ ਇਸਦਾ ਮੁੱਖ ਲੱਛਣ ਜਾਤੀਵਾਦੀ ਵਿਵਸਥਾ ਨੂੰ ਹਰ ਹੀਲੇ ਕਾਇਮ ਰੱਖਣਾ ਤੇ ਪ੍ਰਫੁਲਿਤ ਕਰਨਾ ਹੈ ਅਤੇ ਇਸ ਘਿਨੌਣੀ ਵਿਵਸਥਾ ਦਾ ਮੂਲ ਆਧਾਰ ਹੈ, ਮਨੂੰਸਮ੍ਰਿਤੀ। ਜਿਵੇਂ ਸੰਸਾਰ 'ਚ ਗੁਲਾਮਦਾਰੀ, ਪਿਛੋਂ ਜਾ ਕੇ ਦੁਨੀਆਂ ਦੇ ਇਕ ਹਿੱਸੇ 'ਚ ਨਸਲਵਾਦ, ਉਵੇਂ ਹੀ ਦਲਿਤਾਂ ਤੇ ਦੂਜੀਆਂ ਪੱਛੜੀਆਂ ਜਾਤੀਆਂ ਲਈ ਇਸ ਖਿੱਤੇ ਵਿਚ ਮਨੂੰਵਾਦੀ ਜਾਤ ਪ੍ਰਬੰਧ ਅਤੀ ਘਾਤਕ ਹੈ। ਜਿਸ ਦੀ ਭੱਦੀ ਮਿਸਾਲ ਊਨਾ (ਗੁਜਰਾਤ) ਵਿਖੇ ਵਾਪਰੀ ਘਟਨਾ ਤੋਂ ਸਹਿਜੇ ਹੀ ਸਮਝੀ ਜਾ ਸਕਦੀ ਹੈ।
ਇਹ ਅਤੀ ਤਸੱਲੀ ਅਤੇ ਭਵਿੱਖ ਲਈ ਚੰਗੇ ਸੰਕੇਤਾਂ ਵਾਲੀ ਗੱਲ ਹੈ ਕਿ ਊਨਾ ਦੀ ਘਟਨਾ ਦੀ ਦੇਸ਼ ਭਰ ਵਿਚ ਨਿੰਦਾ ਹੋਈ ਹੈ, ਵਿਰੋਧ ਪ੍ਰਦਰਸ਼ਨ ਹੋਏ ਹਨ ਅਤੇ ਗੁਜਰਾਤ ਵਿਚ ਸਿਰੇ ਦਾ ਪ੍ਰਤੀਕਰਮ ਹੋਇਆ ਹੈ। ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਵਲੋਂ ਇਸ ਵਿਆਪਕ ਪ੍ਰਤੀਰੋਧ ਕਾਰਨ ਭਾਜਪਾ ਪਿਛਲੀਖੁਰੀ (ਬੈਕ ਫੁੱਟ ਜਾਂ ਰੱਖਿਆਤਮਕ ਪੈਂਤੜੇ) ਚਲੀ ਗਈ ਹੈ। ਸੰਸਦ ਦੇ ਦੋਹਾਂ ਸਦਨਾਂ ਵਿਚ ਸਰਕਾਰ ਦੀ ਖੂਬ ਛਿੱਲ ਲੁਹਾਈ ਹੋਈ ਹੈ। ਅਸੀਂ ਕਿਸੇ ਵੀ ਕਿਸਮ ਦੀ ਹਿੰਸਾ ਨੂੰ ਨਾਵਾਜ਼ਬ ਠਹਿਰਾਉਂਦੇ ਹੋਏ ਊਨਾ ਘਟਨਾਕ੍ਰਮ ਖਿਲਾਫ ਸਦੀਆਂ ਤੋਂ ਲਤਾੜੇ ਲੋਕਾਂ ਦੇ ਸੰਗਰਾਮ ਅਤੇ ਅਗਾਂਹਵਧੂ ਧਿਰਾਂ ਵਲੋਂ ਇਸ ਸੰਗਰਾਮ ਨੂੰ ਸਮਰਥਨ ਦੇਣ ਦੀ ਭਰਪੂਰ ਸ਼ਲਾਘਾ ਕਰਦੇ ਹਾਂ।
ਪਰ ਇਹ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ ਕਿ ਸੱਭ ਕੁਝ ਠੀਕ ਹੋ ਗਿਆ ਹੈ। ਭਾਰਤੀ ਉਪਮਹਾਂਦੀਪ ਦੇ ਦੇਸ਼ਾਂ ਖਾਸਕਰ ਭਾਰਤ ਵਿਚ ਡੂੰਘੀਆਂ ਜੜ੍ਹਾਂ ਜਮਾਈ ਬੈਠੇ ਮਨੁੱਖ ਵਿਰੋਧੀ ਜਾਤੀਪਾਤੀ ਵਿਤਕਰੇ ਖਿਲਾਫ ਜੇਤੂ ਸੰਗਰਾਮ ਲੜਨ ਦੇ ਪੱਖੋਂ ਅਜੇ ਤਾਂ ''ਸੇਰ 'ਚੋਂ ਪੂਣੀ ਵੀ ਨਹੀਂ ਕੱਤੀ ਗਈ।''                 
- ਮ.ਪ.

No comments:

Post a Comment