Friday 10 June 2016

ਕਮਿਊਨਿਸਟ ਏਕਤਾ ਕਿਵੇਂ ਸੰਭਵ ਹੋ ਸਕਦੀ ਹੈ?

ਮੰਗਤ ਰਾਮ ਪਾਸਲਾ 
ਜਿਸ ਦਿਨ ਤੋਂ ਫਿਰਕੂ ਭਾਜਪਾ  ਦੀ ਅਗਵਾਈ ਹੇਠਲੀ ਮੌਜੂਦਾ ਕੇਂਦਰੀ ਸਰਕਾਰ ਹੋਂਦ ਵਿਚ ਆਈ ਹੈ, ਉਸੇ ਦਿਨ ਤੋਂ ਦੇਸ਼ ਦੇ ਅਗਾਂਹਵਧੂ ਤੇ ਖੱਬੇ ਪੱਖੀ ਲੋਕ ਡਾਢੇ ਚਿੰਤਤ ਹਨ। ਜਦੋਂ ਦੇਸ਼ ਗਰੀਬੀ, ਬੇਕਾਰੀ ਅਤੇ ਭੁਖਮਰੀ ਦੀ ਚੱਕੀ ਵਿਚ ਪਿਸ ਰਿਹਾ ਹੋਵੇ, ਉਦੋਂ ਸਾਮਰਾਜ ਦੀਆਂ ਨਿਰਦੇਸ਼ਤ ਆਰਥਿਕ ਨੀਤੀਆਂ ਅਤੇ ਸਾਮਰਾਜੀਆਂ ਦੀ ਰਖੇਲ ਤਿਕੜੀ (ਸੰਸਾਰ ਬੈਂਕ, ਅੰਤਰਰਾਸ਼ਟਰੀ ਮੁਦਰਾਕੋਸ਼ ਅਤੇ ਸੰਸਾਰ ਵਪਾਰ ਸੰਸਥਾ) ਦੇ ਇਸ਼ਾਰਿਆਂ ਉਪਰ ਕੰਮ ਕਰਨ ਵਾਲੇ ਫਿਰਕੂ ਫਾਸ਼ੀ ਸੰਗਠਨ ਦਾ ਸੱਤਾ 'ਤੇ ਆਉਣਾ ਸੱਚੀ ਮੁੱਚੀ ਹੀ ਢਾਡੀ ਫਿਕਰਮੰਦੀ ਦਾ ਵਿਸ਼ਾ ਹੈ। ਦੇਸ਼ ਦਾ ਧਰਮ ਨਿਰਪੱਖ ਤੇ ਲੋਕਰਾਜੀ ਤਾਣਾਬਾਣਾ ਲਗਾਤਾਰ ਹਾਕਮਾਂ ਦੀ ਮਾਰ ਥੱਲੇ ਹੈ। ਅਤੇ, ਆਰਥਿਕ ਪੱਖ ਤੋਂ ਸਵੈ ਨਿਰਭਰਤਾ ਦਾ ਸਿਧਾਂਤ ਪੂਰੀ ਤਰ੍ਹਾਂ ਤਿਆਗ ਦਿੱਤਾ ਗਿਆ ਹੈ। ਇਹ ਵੀ ਇਕ ਤਲਖ ਹਕੀਕਤ ਹੈ ਕਿ ਭਾਜਪਾ ਤੇ ਕਾਂਗਰਸ ਸਮੇਤ ਸਾਰੀਆਂ ਹੀ, ਕੌਮੀ ਤੇ ਇਲਾਕਾਈ, ਸਰਮਾਏਦਾਰ-ਜਗੀਰਦਾਰ ਪੱਖੀ ਰਾਜਨੀਤਕ ਪਾਰਟੀਆਂ ਲੋਕ ਦੋਖੀ ਨਵ ਉਦਾਰਵਾਦੀ ਆਰਥਿਕ ਨੀਤੀਆਂ ਦੇ ਪੱਖ ਤੋਂ ਪੂਰੀ ਤਰ੍ਹਾਂ ਇਕਸੁਰ ਹਨ। ਦੇਸ਼ ਵਿਚ ਫਿਰਕੂ ਵੰਡ ਦਾ ਵਧਣਾ ਤੇ ਸੰਕੀਰਨ ਸੋਚ ਦਾ ਖੁੱਲ੍ਹਾ ਪ੍ਰਚਾਰ ਹੋਣਾ ਦੇਸ਼ ਦੇ ਕਿਰਤੀ ਲੋਕਾਂ ਲਈ ਖਤਰੇ ਦੀ ਘੰਟੀ ਹੈ।
ਇਸ ਚਿੰਤਾਜਨਕ ਅਵਸਥਾ ਵਿਚੋਂ ਉਪਜਦੀ ਹੈ ਕਮਿਊਨਿਸਟ ਧਿਰਾਂ ਦੀ ਏਕਤਾ ਅਤੇ ਉਹਨਾਂ ਦੀ ਸਮੇਂ ਦੇ ਹਾਣੀ ਬਣਨ ਦੀ ਸਮਰਥਾ ਦੀ ਲੋੜ ਜਿਹੜੀ ਦੇਸ਼ ਨੂੰ ਇਸ ਨਿਘਰਦੀ ਹਾਲਤ ਵਿਚੋਂ ਕੱਢਣ ਦਾ ਰਾਹ ਲੱਭ ਸਕੇ। ਭਾਵੇਂ ਅੱਜ ਕਮਿਊਨਿਸਟ ਦੇਸ਼ ਪੱਧਰ ਉਪਰ ਤਾਂ ਇਕ ਤਕੜੀ ਤੇ ਫੈਸਲਾਕੁੰਨ ਸ਼ਕਤੀ ਨਹੀਂ ਹਨ, ਪ੍ਰੰਤੂ ਜੇਕਰ ਕਮਿਊਨਿਸਟ ਇਕ ਤਾਕਤਵਰ ਰਾਜਸੀ ਸ਼ਕਤੀ ਵਜੋਂ ਉਭਰਦੇ ਹਨ, ਤਦ ਦੇਸ਼ ਦੀਆਂ ਹੋਰ ਬਹੁਤ ਸਾਰੀਆਂ ਰਾਜਸੀ ਧਿਰਾਂ ਤੇ ਅਗਾਂਹਵਧੂ ਸਮਾਜਿਕ ਤੇ ਸਭਿਆਚਾਰਕ ਸੰਗਠਨ ਕਮਿਊਨਿਸਟ ਲਹਿਰ ਨਾਲ ਸਾਂਝਾਂ ਪਾ ਕੇ ਦੇਸ਼ ਦਾ ਸਮੁੱਚਾ ਮਹੌਲ ਬਦਲਣ ਦੀ ਸਮਰੱਥਾ ਰੱਖਦੇ ਹਨ। ਇਕ ਬੱਝਵੀਂ ਤੇ ਬਾਅਸੂਲ ਕਮਿਊਨਿਸਟ ਲਹਿਰ ਆਪਣਾ ਜਨਤਕ ਆਧਾਰ ਵੀ ਵਧਾ ਸਕਦੀ ਹੈ ਅਤੇ ਦੇਸ਼ ਦੇ ਰਾਜਨੀਤਕ ਮਾਮਲਿਆਂ ਵਿਚ ਅਗਾਂਹਵਧੂ ਨਜ਼ਰੀਏ ਤੋਂ ਆਪਣਾ ਪ੍ਰਭਾਵ ਤੇ ਦਖਲ ਅੰਦਾਜ਼ੀ ਵਧਾ ਕੇ ਆਰਥਿਕ ਨੀਤੀਆਂ ਨੂੰ ਵੀ ਹਾਂ ਪੱਖੀ ਮੋੜਾ ਦੇ ਸਕਦੀ ਹੈ।
ਅਗਾਂਹਵਧੂ ਲੋਕਾਂ ਵਿਚ ਕਮਿਊਨਿਸਟਾਂ ਦੀ ਏਕਤਾ ਪ੍ਰਤੀ ਦਿਖਾਈ ਜਾ ਰਹੀ ਅਜੇਹੀ ਉਤਸੁਕਤਾ ਤੇ ਦਿਲਚਸਪੀ ਕੋਈ ਇਕ ਦਿਨ ਵਿਚ ਪੈਦਾ ਨਹੀਂ ਹੋਈ। ਇਸ ਪਿੱਛੇ ਲਗਾਤਾਰ 9 ਦਹਾਕਿਆਂ ਦਾ ਦੇਸ਼ ਤੇ ਕਿਰਤੀ ਲੋਕਾਂ ਦੇ ਹਿੱਤਾਂ ਲਈ ਲੜਨ ਦਾ ਸ਼ਾਨਦਾਰ ਇਤਿਹਾਸ ਹੈ। ਸਾਮਰਾਜ ਵਲੋਂ ਦੇਸ਼ ਦੇ ਆਜ਼ਾਦੀ ਅੰਦੋਲਨ ਸਮੇਂ ਜਿੰਨੇ ਵੀ 'ਸਾਜਿਸ਼ੀ' ਕੇਸ ਬਣਾਏ ਗਏ, ਲਗਭਗ ਸਭਨਾਂ ਵਿਚ ਕਮਿਊਨਿਸਟ ਸ਼ਾਮਿਲ ਸਨ। ਆਜ਼ਾਦੀ ਅੰਦੋਲਨ ਦੀਆਂ ਵੱਖ-ਵੱਖ ਲਹਿਰਾਂ ਨਾਲ ਸਬੰਧਤ ਜਿਹੜੇ ਯੋਧੇ ਫਾਂਸੀਆਂ ਅਤੇ ਕਾਲੇ ਪਾਣੀਆਂ ਦੀਆਂ ਜੇਲ੍ਹਾਂ ਦੇ ਅਣਮਨੁੱਖੀ ਤਸੀਹਿਆਂ ਤੋਂ ਬਚ ਗਏ, ਉਨ੍ਹਾਂ ਵਿਚੋਂ ਬਹੁਤਿਆਂ ਸਿਰਲੱਥਾਂ ਨੇ ਲਾਲ ਝੰਡਾ ਫੜਕੇ ਕਮਿਊਨਿਸਟ ਲਹਿਰ ਦੀ ਅਗਵਾਈ ਕੀਤੀ ਹੈ। ਆਜ਼ਾਦੀ ਤੋਂ ਬਾਅਦ ਦੇ ਸਾਲਾਂ ਵਿਚ, ਜਦੋਂ ਬਹੁਤ ਸਾਰੇ  ਦੇਸ਼ ਭਗਤਾਂ ਨੇ ਸਰਕਾਰ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਤੇ ਕਈ ਕਿਸਮ ਦੀਆਂ ਸਹੂਲਤਾਂ ਲੈ ਲਈਆਂ, ਸੱਚੇ ਸੁੱਚੇ ਦੇਸ਼ ਭਗਤ ਕਮਿਊਨਿਸਟਾਂ ਨੇ ਇਸ ਸਭ ਨੂੰ ਠੁਕਰਾ ਕੇ ਕਿਰਤੀ ਲੋਕਾਂ ਦੀ ਬੰਦ ਖਲਾਸੀ ਦਾ ਮੁੜੈਲੀ ਲਾਲ ਝੰਡਾ ਚੁੱਕਕੇ ਆਪਣੀ ਜੰਗ ਜਾਰੀ ਰੱਖੀ। ਉਂਝ ਵੀ ਕਮਿਊਨਿਸਟ ਸਮੂਹ ਕਿਰਤੀ ਲੋਕਾਂ ਦੇ ਮਿੱਤਰ, ਸੱਚੇ ਸੁੱਚੇ ਮਨੁੱਖ ਤੇ ਸਾਦਗੀ ਦੇ ਅਲੰਬਰਦਾਰ ਹੋਣ ਕਾਰਨ, ਜਦੋਂ ਕੋਈ ਗੁਰਸਿੱਖ ਅਗਾਂਹਵਧੂ ਲੋਕਾਂ ਨਾਲ ਵਿਚਾਰ ਵਟਾਂਦਰੇ ਵਿਚ ਇਹ ਆਖਦਾ ਹੈ ਕਿ ''ਤੁਸੀਂ' ਹੀ ਕਮਿਊਨਿਸਟ ਨਹੀਂ ਹੋ , ਸਾਡੇ ਮਹਾਨ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਤਾਂ ਤੁਸਾਂ ਤੋਂ ਵੀ ਪਹਿਲਾਂ ਅਸਲੀ ਕਮਿਊਨਿਸਟ ਸਨ, ਜੋ ਸਾਂਝੀਵਾਲਤਾ ਦੇ ਅਲੰਬਰਦਾਰ ਸਨ'' ਤਦ ਸੱਚਮੁੱਚ ਹੀ ਸਤਿਕਾਰ, ਸਵੈਮਾਨ ਤੇ ਜਜ਼ਬਾਤੀ ਤੌਰ 'ਤੇ ਸਿਰ ਉਚਾ ਹੋ ਜਾਂਦਾ ਹੈ।
ਦੇਸ਼ ਪੱਧਰ ਦੀਆਂ ਤਿੰਨ ਕਮਿਊਨਿਸਟ ਪਾਰਟੀਆਂ ਗਿਣੀਆਂ ਜਾ ਸਕਦੀਆਂ ਹਨ; ਸੀ.ਪੀ.ਆਈ.(ਐਮ), ਸੀ.ਪੀ.ਆਈ. ਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ। ਇਸਤੋਂ ਬਿਨਾਂ ਨਕਸਲਬਾੜੀ ਵਿਚਾਰਧਾਰਾ ਨਾਲ ਸੰਬੰਧਤ ਦੇਸ਼ ਵਿਚ ਹੋਰ ਵੀ ਅਨੇਕਾਂ ਕਮਿਊਨਿਸਟ ਪਾਰਟੀਆਂ ਤੇ ਗਰੁੱਪ ਮੌਜੂਦ ਹਨ। ਅਲੱਗ ਅਲੱਗ ਕਾਰਨਾਂ ਕਰਕੇ ਰਵਾਇਤੀ ਤੇ ਨਕਸਲੀ ਵਿਚਾਰਧਾਰਾ ਵਾਲੀਆਂ ਕਮਿਊਨਿਸਟ ਪਾਰਟੀਆਂ ਨਾਲੋਂ ਅਲੱਗ ਹੋ ਕੇ ਵੱਖ-ਵੱਖ ਪ੍ਰਾਂਤਾਂ ਵਿਚ ਅਨੇਕਾਂ ਹੋਰ  ਕਈ ਕਮਿਊਨਿਸਟ ਸੰਗਠਨ ਵੀ ਸਰਗਰਮ ਹਨ ਤੇ ਲੋਕ ਲਹਿਰ ਉਸਾਰਨ ਲਈ ਆਪਣਾ ਯੋਗਦਾਨ ਪਾ ਰਹੇ ਹਨ। ਕਈ ਕਮਿਊਨਿਸਟ ਆਗੂ ਰਾਜਸੀ ਧਾਰਾ ਤੋਂ ਅਲੱਗ ਹੋ ਕੇ ਹੋਰ ਕਈ ਮੁੱਦਿਆਂ ਜਿਵੇਂ ਵਾਤਾਵਰਣ, ਔਰਤਾਂ, ਆਦਿਵਾਸੀਆਂ, ਬੱਚਿਆਂ ਦੇ ਅਧਿਕਾਰਾਂ, ਵੱਧ ਰਹੇ ਪ੍ਰਮਾਣੂ ਹਥਿਆਰਾਂ ਦੀ ਦੌੜ ਤੇ ਮਨੁੱਖਤਾ ਲਈ ਖਤਰਨਾਕ ਪ੍ਰਮਾਣੂ ਬਿਜਲੀ ਆਦਿ ਵਰਗੇ ਸਵਾਲਾਂ ਉਪਰ ਜਨਤਕ ਲਹਿਰਾਂ ਖੜੀਆਂ ਕਰਕੇ ਆਪੋ ਆਪਣੇ ਢੰਗਾਂ ਨਾਲ ਸਮਾਜਿਕ ਤਬਦੀਲੀ ਦੇ ਨਿਸ਼ਾਨੇ ਨੂੰ ਲੈ ਕੇ ਤੁਰੇ ਹੋਏ ਹਨ। ਕਮਿਊਨਿਸਟ ਲਹਿਰ ਵਿਚ ਸਿਰਫ ਕਮਿਊਨਿਸਟ ਪਾਰਟੀ (ਮਾਓਵਾਦੀ) ਹੀ ਹੈ, ਜੋ ਹਾਕਮਾਂ ਵਿਰੁੱਧ ਸਿੱਧਾ ਹਥਿਆਰਬੰਦ ਘੋਲ ਕਰਦੀ ਹੋਈ ਇਨਕਲਾਬ ਕਰਨ ਦੇ ਰਾਹ ਤੁਰੀ ਹੋਈ ਹੈ। ਬਾਕੀ ਸਾਰੀਆਂ ਹੀ ਕਮਿਊਨਿਸਟ ਪਾਰਟੀਆਂ ਅਤੇ ਕਮਿਊਨਿਸਟ ਗਰੁੱਪ ਦੇਸ਼ ਦੇ ਜਮਹੂਰੀ ਢਾਂਚੇ ਵਿਚ ਜਨਤਕ ਸਰਗਰਮੀਆਂ ਕਰ ਰਹੇ ਹਨ। ਬਹੁਤੇ ਕਮਿਊਨਿਸਟ ਗਰੁੱਪ ਚੋਣਾਂ ਵਿਚ ਭਾਗ ਲੈਂਦੇ ਹਨ ਅਤੇ ਪਾਰਲੀਮਾਨੀ ਤੇ ਗੈਰ ਪਾਰਲੀਮਾਨੀ ਦੋਨਾਂ ਤਰ੍ਹਾਂ ਦੇ ਸੰਘਰਸ਼ਾਂ ਰਾਹੀਂ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਕਰਨ ਦੇ ਯਤਨ ਕਰ ਰਹੇ ਹਨ। ਇਕ ਖਾਸ ਗੱਲ ਇਹ ਹੈ ਕਿ ਦੇਸ਼ ਦੇ ਸਾਰੇ ਹੀ ਕਮਿਊਨਿਸਟ ਕਾਰਲ ਮਾਰਕਸ, ਫਰੈਡਿਕ ਐਂਗਲਜ਼, ਵੀ.ਆਈ. ਲੈਨਿਨ ਦੀ ਵਿਚਾਰਧਾਰਾ ਨੂੰ ਸਮਰਪਤ ਹਨ ਤੇ ਕਈ ਧੜੇ ਇਸਦੇ ਨਾਲ ਮਾਓ ਜ਼ੇ ਤੁੰਗ ਦੀ ਵਿਚਾਰਧਾਰਾ ਤੋਂ ਵੀ ਆਪਣੀਆਂ ਰਾਜਨੀਤਕ ਸੇਧਾਂ ਮਿਥਣ ਲਈ ਇਕ ਕਾਰਗਰ ਹਥਿਆਰ ਵਜੋਂ ਸੇਧ ਲੈਂਦੇ ਹਨ। ਸ਼ੁਰੂਆਤੀ ਦੌਰ ਵਿਚ ਭਾਵੇਂ ਜ਼ਿਆਦਾਤਰ ਕਮਿਊਨਿਸਟਾਂ ਨੇ ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਤੋਂ ਸੇਧ ਲੈਂਦੇ ਹੋਏ ਇਸਨੂੰ ਭਾਰਤ ਅੰਦਰ ਮਕਾਨਕੀ ਢੰਗ ਨਾਲ ਲਾਗੂ ਕਰਨ ਦਾ ਯਤਨ ਕੀਤਾ ਅਤੇ ਵਿਦੇਸ਼ੀ ਕਮਿਊਨਿਸਟ ਤਹਿਰੀਕਾਂ ਤੇ ਤਜ਼ਰਬਿਆਂ ਨੂੰ ਵਧੇਰੇ ਤਰਜ਼ੀਹ ਦਿੱਤੀ ਗਈ। ਅਜਿਹਾ ਕਰਦਿਆਂ ਆਪਣੇ ਦੇਸ਼ ਦੀਆਂ ਭੂਗੋਲਿਕ, ਰਾਜਨੀਤਕ, ਆਰਥਿਕ ਤੇ ਸਮਾਜਿਕ ਹਕੀਕਤਾਂ ਨੂੰ ਕਾਫੀ ਹੱਦ ਤੱਕ ਅਣਡਿੱਠ ਵੀ ਕੀਤਾ ਗਿਆ। ਪ੍ਰੰਤੂ ਕਮਿਊਨਿਸਟਾਂ ਵਲੋਂ ਮਾਰਕਸਵਾਦ-ਲੈਨਿਨਵਾਦ ਨੂੰ ਇਕ ਵਿਗਿਆਨ ਦੇ ਰੂਪ ਵਿਚ ਅਗਵਾਈ ਦੇਣ ਵਾਲਾ ਸਭ ਤੋਂ ਵੱਧ ਸ਼ਕਤੀਸ਼ਾਲੀ ਹਥਿਆਰ ਸਮਝਣਾ ਪੂਰੀ ਤਰ੍ਹਾ ਵਾਜਿਬ ਹੈ ਤੇ ਸੰਸਾਰ ਦੇ ਜਿਸ ਹਿੱਸੇ ਵਿਚੋਂ ਸਮਾਜਵਾਦੀ ਲਹਿਰ ਵਿਕਸਤ ਕਰਨ ਲਈ ਜੋ ਕੁਝ ਵੀ ਸਾਰਥਕ ਪ੍ਰਾਪਤ ਹੁੰਦਾ ਹੈ, ਪ੍ਰਾਪਤ ਕਰਨਾ ਵੀ ਗਲਤ ਨਹੀਂ ਹੈ। ਐਪਰ ਆਪਣੇ ਦੇਸ਼ ਤੇ ਖਿੱਤੇ ਵਿਚਲੇ ਇਤਿਹਾਸ ਨੂੰ ਡੂੰਘਾਈ ਨਾਲ ਜਾਨਣ ਤੇ ਇਥੋਂ ਦੀਆਂ ਸਮਾਜਿਕ, ਆਰਥਿਕ, ਸਭਿਆਚਾਰਕ ਤੇ ਧਾਰਮਿਕ ਰਹੁ ਰੀਤਾਂ ਨੂੰ ਡੂੰਘਾਈ ਨਾਲ ਸਮਝਣ ਵਿਚ ਕੁਤਾਹੀ ਵਰਤਣੀ ਜਾਂ ਇਨ੍ਹਾਂ ਨੂੰ ਕੇਵਲ ਸਰਸਰੀ ਨਿਗਾਹ ਨਾਲ ਦੇਖਣਾ ਬਹੁਤ ਹੀ ਨੁਕਸਾਨਦੇਹ ਤੇ ਘਾਟੇ ਵਾਲਾ ਸੌਦਾ ਸਿੱਧ ਹੋ ਸਕਦਾ ਹੈ। ਹੁਣ ਕੁਝ ਤਸੱਲੀ ਵਾਲੀ ਗੱਲ ਜ਼ਰੂਰ ਹੈ ਕਿ ਇਸ ਘਾਟ ਉਪਰ ਕਾਬੂ ਪਾਉਣ ਲਈ ਲਗਭਗ ਸਾਰੇ ਕਮਿਊਨਿਸਟ ਹੀ ਗੰਭੀਰ ਜਾਪਦੇ ਹਨ ਤੇ ਇਸ ਦਿਸ਼ਾ ਵਿਚ ਕੁਝ ਅਮਲੀ ਕਦਮ ਵੀ ਪੁੱਟ ਰਹੇ ਹਨ। ਸਮਾਜਿਕ ਨਾਬਰਾਬਰੀ, ਜਾਤਪਾਤ, ਮਨੂੰਵਾਦੀ ਵਿਵਸਥਾ ਦੁਨੀਆਂ ਦੇ ਹੋਰ ਕਿਸੇ ਵੀ ਦੇਸ਼ ਵਿਚ ਸਾਡੇ ਵਾਲੇ ਰੂਪ ਵਿਚ ਪ੍ਰਚਲਤ ਨਹੀਂ ਹੈ। ਇਸ ਲਈ ਇਸ ਤਰ੍ਹਾਂ ਦੇ ਜਾਤੀਪਾਤੀ ਤੇ ਹੋਰ ਸਮਾਜਿਕ ਮਸਲਿਆਂ ਨੂੰ ਸਮੁੱਚੇ ਜਮਾਤੀ ਸੰਘਰਸ਼ ਦੇ ਕਲਾਵੇ ਵਿਚ ਲੈਣਾ ਅਤੇ ਆਰਥਿਕ, ਰਾਜਨੀਤਕ ਤੇ ਵਿਚਾਰਧਾਰਕ ਘੋਲਾਂ ਦੇ ਨਾਲ-ਨਾਲ ਜਾਤੀ ਨਪੀੜਨ ਵਰਗੇ ਸਮਾਜਿਕ ਮੁੱਦਿਆਂ ਉਪਰ ਖਾੜਕੂ ਸੰਘਰਸ਼ ਕਰਨ ਤੋਂ ਬਿਨਾਂ ਹਕੀਕੀ ਇਨਕਲਾਬੀ ਲਹਿਰ ਕਦਾਚਿੱਤ ਨਹੀਂ ਉਸਾਰੀ ਜਾ ਸਕਦੀ। ਅਜਿਹੀਆਂ ਕੁਰੀਤੀਆਂ ਤੋਂ ਬਿਨਾਂ ਹੋਰ ਅਨੇਕਾਂ ਤਰ੍ਹਾਂ ਦੇ ਜਬਰ ਵਿਰੁੱਧ ਲੜਾਈ ਲੜਨ ਵਾਲੇ ਸੂਰਮਿਆਂ ਦੀ ਵੀ ਸਾਡੇ ਇਤਿਹਾਸ ਵਿਚ ਕੋਈ ਕਮੀ ਨਹੀਂ ਹੈ।
ਕਾਰਲ ਮਾਰਕਸ ਤੇ ਲੈਨਿਨ, ਜਿਨ੍ਹਾਂ ਨੇ ਪੂੰਜੀਵਾਦੀ ਦੇਸ਼ਾਂ ਦੀਆਂ ਆਰਥਿਕ ਪ੍ਰਸਥਿਤੀਆਂ ਵਿਚ ਪੂੰਜੀਵਾਦੀ ਉਤਪਾਦਨ ਦੀ ਵਿਧੀ ਨੂੰ ਸਮਝਿਆ ਤੇ ਇਸ ਵਿਰੁੱਧ ਜੂਝਣ ਵਾਲੀਆਂ ਜਮਾਤੀ ਸ਼ਕਤੀਆਂ ਦੀ ਨਿਸ਼ਾਨਦੇਹੀ ਕਰਕੇ ਜਮਾਤੀ ਘੋਲ ਵਿੱਢਣ ਲਈ ਵਿਧੀਆਂ ਦੱਸੀਆਂ, ਉਹਨਾਂ ਨੂੰ ਭਾਰਤ ਦੀਆਂ ਠੋਸ ਹਾਲਤਾਂ, ਖਾਸਕਰ ਜਾਤੀਪਾਤੀ ਵਿਵਸਥਾ ਦੀ ਕਰੂਰਤਾ ਦਾ ਓਨਾ ਡੂੰਘਾ ਗਿਆਨ ਨਹੀਂ ਸੀ। ਪ੍ਰੰਤੂ ਕਾਰਲ ਮਾਰਕਸ ਵਰਗੇ ਮਹਾਨ ਦਾਰਸ਼ਨਿਕ ਤੇ ਇਨਕਲਾਬੀ ਨੇ ਯੂਰਪ ਵਿਚ ਬੈਠੇ ਹੋਇਆਂ ਵੀ ਭਾਰਤ ਦੀ ਪੈਦਾਵਾਰ ਨੂੰ ਏਸ਼ੀਆਈ ਪੈਦਾਵਾਰ ਦੀ ਵਿਧੀ (ਏਸ਼ੀਐਟਿਕ ਮੋਡ ਆਫ ਪ੍ਰੋਡਕਸ਼ਨ) ਦਾ ਨਾਂਅ ਦੇ ਕੇ ਇਥੋਂ ਦੀਆਂ ਠੋਸ ਹਾਲਤਾਂ ਨੂੰ ਸਮਝਣ ਦੀ ਲੋੜ ਵੱਲ ਅਰਥ ਭਰਪੂਰ ਇਸ਼ਾਰਾ ਕਰ ਦਿੱਤਾ ਸੀ।
ਕਮਿਊਨਿਸਟਾਂ ਵਿਚਲੇ ਵੱਖਰੇਵਿਆਂ ਦੇ ਵੱਖ-ਵੱਖ ਕਾਰਨ ਹਨ। ਹਾਕਮ ਰਾਜਨੀਤਕ ਧਿਰਾਂ ਦਾ ਜਮਾਤੀ ਖਾਸਾ ਮਿੱਥਣ, ਪੈਦਾਵਾਰ ਦੇ ਸੱਤਰ ਦਾ ਮੁਲਾਂਕਣ, ਮਿੱਤਰਾਂ ਤੇ ਦੁਸ਼ਮਣ ਜਮਾਤਾਂ ਦੀ ਪਹਿਚਾਣ, ਸਮਾਜਵਾਦ ਦੀ ਸਥਾਪਤੀ ਲਈ ਯੁਧਨੀਤਕ ਨਿਸ਼ਾਨੇ ਨੂੰ ਸਾਹਮਣੇ ਰੱਖਦੇ ਹੋਏ ਨਿਤਾ ਪ੍ਰਤੀ ਦੇ ਅਪਣਾਏ ਜਾਣ ਵਾਲੇ ਸੰਘਰਸ਼ਾਂ ਦੇ ਦਾਅਪੇਚਾਂ ਦੀ ਰੂਪ ਰੇਖਾ, ਇਨਕਲਾਬ ਦਾ ਮੌਜੂਦਾ ਪੱਧਰ ਤੇ ਉਸ ਅਨੁਸਾਰ ਜਮਾਤੀ ਕਤਾਰਬੰਦੀ ਇਤਿਆਦਿ ਅਨੇਕਾਂ ਮੁੱਦੇ ਹਨ, ਜਿਨ੍ਹਾਂ ਮੁੱਦੇ ਵੱਖ-ਵੱਖ ਸਮਿਆਂ 'ਤੇ ਕਮਿਊਨਿਸਟ ਲਹਿਰ ਅਲੱਗ-ਅਲੱਗ ਭਾਗਾਂ ਵਿਚ ਵੰਡੀ ਗਈ। ਇਨ੍ਹਾਂ ਕਾਰਨਾਂ ਵਿਚ ਇਕ ਵੱਡਾ ਜਥੇਬੰਦਕ ਨੁਕਸ, 'ਅੰਦਰੂਨੀ-ਪਾਰਟੀ-ਜਮਹੂਰੀਅਤ' ਦੀ ਵੱਡੀ ਘਾਟ ਵੀ ਹੈ। ਨਿਰਸੰਦੇਹ ਇਸ ਨਾਲ ਸਮੁੱਚੀ ਕਮਿਊਨਿਸਟ ਲਹਿਰ ਦਾ ਜਨਤਕ ਅਸਰ ਦੇ ਪੱਖ ਤੋਂ ਭਾਰੀ ਨੁਕਸਾਨ ਹੋਇਆ, ਭਾਵੇਂਕਿ ਸਾਰੇ ਹੀ ਧੜੇ ਪਾਰਟੀ ਫੁੱਟ ਲਈ ਦੂਸਰੇ ਧੜੇ ਨੂੰ ਹੀ ਜ਼ਿੰਮੇਦਾਰ ਦੱਸਦੇ ਹੋਏ ਆਪਣੇ ਆਪ ਨੂੰ ਪਾਕ-ਪਵਿੱਤਰ ਤੇ ਠੀਕ ਹੋਣ ਦੇ ਦਾਅਵੇ ਕਰਦੇ ਹਨ। ਕਈ ਕਮਿਊਨਿਸਟ ਗਰੁੱਪਾਂ ਦੇ ਇਸ ਤਰਕ ਵਿਚ, ਇਕ ਹੱਦ ਤੱਕ, ਸੱਚਾਈ ਵੀ ਹੈ। ਬਹੁਤ ਸਾਰੇ ਵੱਖਰੇਵਿਆਂ ਵਾਲੇ ਮੁੱਦਿਆਂ ਦਾ ਹੱਲ ਸਮੇਂ ਨੇ ਆਪ ਕਰ ਦਿੱਤਾ ਹੈ, ਜਿੱਥੇ ਵੱਖ ਹੋਣ ਵਾਲਾ ਧੜਾ ਖੁਦ ਆਪ ਪਹਿਲਾਂ ਵਾਲੀ ਰਾਜਨੀਤਕ ਪੁਜੀਸ਼ਨ 'ਤੇ ਮੁੜ  ਆਣ ਪੁੱਜਾ ਹੈ। ਇਸੇ ਤਰ੍ਹਾਂ, 'ਤੁਰੰਤ ਹਥਿਆਰਬੰਦ ਘੋਲ ਰਾਹੀਂ ਇਨਕਲਾਬ ਕਰਨ 'ਤੇ ਹਥਿਆਰਬੰਦ ਘੋਲ ਤੋਂ ਬਿਨਾਂ ਹੋਰ ਹਰ ਤਰ੍ਹਾਂ ਦੇ ਘੋਲਾਂ ਨੂੰ  ਸੋਧਵਾਦੀ ਤੇ 'ਬੇਲੋੜੇ' ਆਖਣਾ ਵੀ ਹੁਣ ਆਪਣੀ ਸਾਰਥਕਤਾ ਗੁਆ ਬੈਠਾ ਹੈ। ਬਹੁਤ ਸਾਰੇ ਮਤਭੇਦਾਂ ਦਾ ਅਸਰ ਅਜੋਕੀ ਲਹਿਰ ਦੇ ਵਾਧੇ ਵਿਚ ਰੁਕਾਵਟ ਨਹੀਂ ਬਣਨਾ ਚਾਹੀਦਾ। ਕਿਉਂਕਿ ਉਨ੍ਹਾਂ ਮਤਭੇਦਾਂ ਦਾ ਨਿਪਟਾਰਾ ਇਨਕਲਾਬ ਦੀਆਂ ਬਰੂਹਾਂ 'ਤੇ ਖੜ੍ਹੀਆਂ ਇਨਕਲਾਬੀ ਧਿਰਾਂ ਨੇ ਉਸ ਸਮੇਂ ਖੁਦ ਆਪ ਕਰਨਾ ਹੈ। ਭਾਵੇਂ ਕਿ ਸਿਧਾਂਤਕ ਰੂਪ ਵਿਚ ਸਭ ਕੁਝ ਸਪੱਸ਼ਟ ਜ਼ਰੂਰ ਹੋਣਾ ਚਾਹੀਦਾ ਹੈ।
ਹੁਣ ਸਾਡੇ ਸਾਹਮਣੇ ਸਵਾਲਾਂ ਦਾ ਸਵਾਲ ਇਹ ਹੈ ਕਿ ਜਦੋਂ ਸੰਸਾਰ ਪੱਧਰ ਉਪਰ ਪੂੰਜੀਵਾਦੀ ਪ੍ਰਬੰਧ ਵਿਚ ਆਏ ਸੰਕਟ ਦੇ ਬਾਵਜੂਦ ਅਮਰੀਕਨ ਸਾਮਰਾਜ ਅਜੇ ਵੀ ਸਾਰੇ ਸੰਸਾਰ ਉਪਰ ਧੌਂਸ ਜਮਾ ਰਿਹਾ ਹੈ ਤੇ ਭਾਰਤ ਚੌਤਰਫੇ ਆਰਥਿਕ ਮੰਦਵਾੜੇ ਦਾ ਸ਼ਿਕਾਰ ਹੋ ਕੇ ਇਕ ਸਾਮਰਾਜ ਪੱਖੀ ਫਾਸ਼ੀਵਾਦੀ ਫਿਰਕੂ ਸਰਕਾਰ ਦੀ ਚੁੰਗਲ ਵਿਚ ਫਸਿਆ ਹੋਇਆ ਹੈ, ਉਦੋਂ ਇਸ ਗੱਲ ਦੀ ਸਖਤ ਲੋੜ ਹੈ ਕਿ ਦੇਸ਼ ਅੰਦਰ ਇਕ ਸ਼ਕਤੀਸ਼ਾਲੀ ਕਮਿਊਨਿਸਟ ਲਹਿਰ ਹੋਵੇ, ਜੋ ਕਰੋੜਾਂ ਕਿਰਤੀਆਂ, ਕਿਰਸਾਨਾਂ, ਦਰਮਿਆਨੇ ਤਬਕਿਆਂ ਦੇ ਲੋਕਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ਦੇ ਵੱਡੇ ਅੰਦੋਲਨ ਵਿੱਢਣ ਤੇ ਇਸਦੀ ਅਗਵਾਈ ਕਰਨ ਦੇ ਸਮਰੱਥ ਹੋਵੇ। ਇਸਦੀ ਸੰਭਾਵਨਾ ਵੀ ਮੌਜੂਦ ਹੈ, ਕਿਉਂਕਿ ਬਾਹਰਮੁਖੀ ਅਵਸਥਾਵਾਂ ਇਸਦੀ ਮੰਗ ਕਰਦੀਆਂ ਹਨ।  ਇਸ ਮੌਕੇ ਇਹ ਆਖਣਾ ਕਿ ਸਾਰੀਆਂ ਕਮਿਊਨਿਸਟ ਪਾਰਟੀਆਂ ਤੇ ਕਮਿਊਨਿਸਟ ਗਰੁੱਪ ਆਪੋ ਆਪਣੀ ਹੋਂਦ ਖਤਮ ਕਰਕੇ ਇਕ ਪਾਰਟੀ ਸਥਾਪਤ ਕਰ ਲੈਣ, ਅਸੰਭਵ ਤੇ ਅਮਲ ਯੋਗ ਨਹੀਂ ਹੈ। ਕਮਿਊਨਿਸਟ ਪਾਰਟੀਆਂ ਦਾ ਏਕਾ ਸਰਮਾਏਦਾਰ ਜਗੀਰਦਾਰ ਜਮਾਤਾਂ ਦੀਆਂ ਪਾਰਟੀਆਂ ਵਰਗਾ ਨਹੀਂ ਹੁੰਦਾ, ਜਿੱਥੇ ਸਿਰਫ ਅਹੁਦੇ ਵੰਡਣਾ ਹੀ ਮੁੱਖ ਕਾਰਜ ਹੁੰਦਾ ਹੈ। ਅਜਿਹੀਆਂ ਪਾਰਟੀਆਂ ਖੇਂਰੂੰ ਖੇਂਰੂੰ ਵੀ ਪਲਾਂ ਵਿਚ ਹੋ ਜਾਂਦੀਆਂ ਹਨ। ਖਾਸ ਗੱਲ ਇਹ ਹੈ ਕਿ ਬਿਨ੍ਹਾਂ ਸਿਧਾਂਤਕ ਏਕਤਾ ਤੋਂ ਨਾ ਕੋਈ ਕਮਿਊਨਿਸਟ ਪਾਰਟੀ ਕਾਇਮ ਰਹਿ ਸਕਦੀ ਹੈ ਤੇ ਨਾ ਹੀ ਇਸਦਾ ਕੋਈ ਦੇਸ਼ ਦੇ ਲੋਕਾਂ ਨੂੰ ਲਾਭ ਹੈ। ਫਿਰ ਵੀ ਜੇਕਰ ਕੁੱਝ ਕਮਿਊਨਿਸਟ ਦਲ ਜਾਂ ਗਰੁੱਪ ਮਿਲ ਕੇ ਇਕ ਪਾਰਟੀ ਬਣਾ ਸਕਦੇ ਹੋਣ ਤਾਂ ਇਹ ਕੋਈ ਬੁਰੀ ਗੱਲ ਨਹੀੇਂ।
ਏਸ ਵੇਲੇ ਸੰਭਵ ਤੇ ਅਮਲ ਕਰਨ ਯੋਗ ਗੱਲ ਇਹ ਹੈ ਕਿ ਦੇਸ਼ ਪੱਧਰ ਦੀਆਂ ਕਮਿਊਨਿਸਟ ਪਾਰਟੀਆਂ ਅਤੇ ਕਮਿਊਨਿਸਟ ਧੜੇ, ਸਾਰੇ ਕਮਿਊਨਿਸਟ ਗਰੁੱਪਾਂ ਤੇ ਦਲਾਂ ਦੀ ਇਕ ਨੁਮਾਇੰਦਾ ਮੀਟਿੰਗ ਸੱਦਣ ਅਤੇ ਇਹ ਮੀਟਿੰਗ ਚੰਦ ਕੁ ਘੰਟਿਆਂ ਜਾਂ ਇਕ ਦੋ ਦਿਨਾਂ ਦੀ ਨਹੀਂ, ਬਲਕਿ ਇਸ ਕੰਮ ਲਈ ਵਧੇਰੇ ਸਮਾਂ ਵੀ ਜੁਟਾਇਆ ਜਾਣਾ ਚਾਹੀਦਾ ਹੈ। ਖੁੱਲ੍ਹ ਕੇ ਆਪਸੀ ਵਿਚਾਰ ਵਟਾਂਦਰਾ ਹੋਵੇ ਤੇ ਯਤਨ ਹੋਵੇ ਕਿ ਆਪਾ ਪੜ੍ਹਚੋਲ, ਜੋ ਕਮਿਊਨਿਸਟਾਂ ਦਾ ਇਕ ਪਰਵਾਨਤ ਤੇ ਕਾਰਗਰ ਤਰੀਕਾ ਹੈ, ਕਰਨ ਦਾ ਉਪਰਾਲਾ ਵੀ ਹੋਣਾ ਚਾਹੀਦਾ ਹੈ। ਆਪਸੀ ਮਤਭੇਦਾਂ ਤੇ ਸਹਿਮਤੀ ਵਾਲੇ ਮੁਦਿਆਂ ਦੀ ਨਿਸ਼ਾਨਦੇਹੀ ਕੀਤੀ  ਜਾਵੇ ਤੇ ਇਕ ਸਰਵਸੰਮਤ ਘੱਟੋ-ਘੱਟ ਪ੍ਰੋਗਰਾਮ ਉਲੀਕਿਆ ਜਾਵੇ। ਇਸ ਪ੍ਰੋਗਰਾਮ ਉਪਰ ਅਮਲ ਕਰਾਉਣ ਲਈ ਇਕ ਛੋਟੀ ਕਮੇਟੀ ਬਣਾਈ ਜਾ ਸਕਦੀ ਹੈ। ਭਾਵੇਂ ਹਰ ਮੁੱਦੇ ਬਾਰੇ ਸਹਿਮਤੀ ਨਾ ਵੀ ਹੋਵੇ ਪ੍ਰੰਤੂ ਲਹਿਰ ਦੇ ਭਲੇ ਲਈ ਤੇ ਮੁੜ ਵਿਖਰਾਅ ਤੋਂ ਬਚਣ ਲਈ ਇਕ ਪ੍ਰਵਾਨਤ ਰਹਿਤ ਨਾਮਾ ਵੀ ਵਿਕਸਤ ਕੀਤਾ ਜਾ ਸਕਦਾ ਹੈ। ਦੇਸ਼ ਦੀ ਹਾਕਮ ਧਿਰ ਤੇ ਉਸਦੀਆਂ ਸਮੁੱਚੀਆਂ ਆਰਥਿਕ ਨੀਤੀਆਂ ਦਾ ਡਟਵਾਂ ਤੇ ਬਿਨਾਂ ਰੱਖ ਰਖਾਅ ਦੇ ਵਿਰੋਧ, ਹਾਕਮ ਧਿਰਾਂ ਦੀਆਂ ਪਾਰਟੀਆਂ ਨਾਲ ਕੋਈ ਸਿੱਧਾ ਜਾਂ ਅਸਿੱਧਾ ਸਾਂਝਾ ਮੋਰਚਾ ਜਾਂ ਲੈਣ ਦੇਣ ਦੀ ਮਨਾਹੀ ਤੇ ਆਪਸੀ ਮਤਭੇਦਾਂ ਨੂੰ ਜਗ ਜਾਹਰ ਕਰਨ ਦੀ ਥਾਂ ਨੀਅਤ ਕੀਤੀ ਗਈ ਕਮੇਟੀ ਜਾਂ ਕਿਸੇ ਹੋਰ ਜਥੇਬੰਦਕ ਢੰਗ ਨਾਲ ਨਜਿੱਠਣ ਦਾ ਫਾਰਮੂਲਾ ਇਤਿਆਦਿ ਕੁਝ ਸਾਂਝੇ ਨੁਕਤੇ ਤੈਅ ਕੀਤੇ ਜਾ ਸਕਦੇ ਹਨ। ਸਾਰਾ ਜ਼ੋਰ ਕਮਿਊਨਿਸਟ ਤੇ ਜਮਹੂਰੀ ਲਹਿਰ ਨੂੰ ਵਧਾਉਣ ਉਪਰ ਲਾਇਆ ਜਾਵੇ ਤੇ ਐਵੇਂ ਹਲਕੀ ਕਿਸਮ ਦੀਆਂ ਘੁਣਤਰਬਾਜ਼ੀਆਂ ਜਾਂ ਮੁਕਾਬਲੇਬਾਜ਼ੀਆਂ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ। ਅੰਦਰੂਨੀ ਪਾਰਟੀ ਜਮਹੂਰੀਅਤ ਦੀ ਹਰ ਹੀਲੇ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਪਾਰਟੀਆਂ ਦੇ ਨਾਲ-ਨਾਲ ਇਨ੍ਹਾਂ ਤੋਂ ਸੇਧ ਲੈ ਰਹੀਆਂ ਜਾਂ ਹਮਖਿਆਲ ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ ਬਣਾਉਣਾ ਵੀ ਆਸਾਨ ਹੋਵੇਗਾ। ਇਸ ਦਿਸ਼ਾ ਵਿਚ ਏਥੇ, ਪੰਜਾਬ ਅੰਦਰ ਪਹਿਲਾਂ ਵੀ ਕਾਫੀ ਪਹਿਲਕਦਮੀਆਂ ਲਈਆਂ ਜਾ ਚੁੱਕੀਆਂ ਹਨ।
ਇਸ ਗੱਲ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਹਾਕਮ ਜਮਾਤਾਂ ਤੇ ਉਨ੍ਹਾਂ ਦੇ ਏਜੰਟਾਂ ਵਲੋਂ ਇਸ ਤਰ੍ਹਾਂ ਦਾ ਕਮਿਊਨਿਸਟ ਏਕਾ ਉਸਾਰਨਾ ਸਹਿਨ ਨਹੀਂ ਹੋਵੇਗਾ। ਉਨ੍ਹਾਂ ਲਈ  ਇਹ ਖਤਰੇ ਦੀ ਘੰਟੀ ਹੈ। ਉਹ ਇਸਨੂੰ ਤੋੜਨ ਲਈ ਹਰ ਯਤਨ ਕਰਨਗੇ। ਕਈ ਕਮਿਊਨਿਸਟ ਨੇਤਾਵਾਂ ਦੀ ਸੋਚਣੀ ਵਿਚ ਵੀ ਕਈ ਵਾਰ ਅੰਤਰਮੁਖਤਾ ਤੇ ਨਿੱਜੀ ਹੰਕਾਰ ਭਾਰੂ ਹੋ ਜਾਂਦਾ ਹੈ। ਇਨ੍ਹਾਂ ਬੁਰਿਆਈਆਂ ਤੋਂ ਵੀ ਬਚਿਆ ਜਾਣਾ ਚਾਹੀਦਾ ਹੈ।
ਲੋਕਾਂ ਅੰਦਰ ਕਮਿਊਨਿਸਟਾਂ ਪ੍ਰਤੀ ਸਦਭਾਵਨਾ ਇਨ੍ਹਾਂ ਦੇ ਕਿਰਤੀ ਲੋਕਾਂ ਲਈ ਲੜੇ ਗਏ ਸੰਘਰਸ਼ਾਂ ਤੇ ਆਪਣੇ  ਉਪਰ ਜਰੇ ਸਰਕਾਰੀ ਜਬਰ ਦੀ ਉਪਜ ਹੈ। ਸਾਰੀਆਂ ਘਾਟਾਂ ਦੇ ਬਾਵਜੂਦ ਕਿਰਤੀ ਲੋਕਾਂ ਦੇ ਹੱਕਾਂ ਲਈ ਕਿਸੇ ਵੀ ਹੋਰ ਰਾਜਸੀ ਪਾਰਟੀ ਨੇ ਏਨੀ ਇਮਾਨਦਾਰੀ ਤੇ ਪ੍ਰਤੀਬੱਧਤਾ ਨਾਲ ਮਿਹਨਤਕਸ਼ ਲੋਕਾਂ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ। ਧਰਮ ਨਿਰਪੱਖਤਾ ਪ੍ਰਤੀ ਕਮਿਊਨਿਸਟਾਂ ਦੀ ਪ੍ਰਤੀਬੱਧਤਾ ਤੇ ਹਰ ਰੰਗ ਦੀਆਂ ਫਿਰਕੂ ਸ਼ਕਤੀਆਂ ਵਿਰੁੱਧ ਲਹੂ ਵੀਟਵੇਂ ਸੰਘਰਸ਼ਾਂ ਬਾਰੇ ਕੋਈ ਵੀ ਆਦਮੀ ਸ਼ੰਕਾ ਨਹੀਂ ਕਰ ਸਕਦਾ। ਸਾਦਗੀ, ਇਮਾਨਦਾਰੀ, ਨਿਮਰਤਾ ਐਸੇ ਗੁਣ ਹਨ ਜੋ ਕਮਿਊਨਿਸਟਾਂ ਨੂੰ ਆਪਣੇ ਪਿਛਲੇ ਇਤਿਹਾਸ, ਮਹਾਂਪੁਰਖਾਂ ਤੇ ਮਾਰਕਸਵਾਦ-ਲੈਨਿਨਵਾਦ ਦੇ ਵਿਗਿਆਨਕ ਸਿਧਾਂਤ ਤੋਂ ਪ੍ਰਾਪਤ ਹੋਏ ਹਨ। ਜਿੱਥੇ-ਜਿੱਥੇ ਵੀ ਕਮਿਊਨਿਸਟ ਸੱਤਾ ਵਿਚ ਰਹੇ ਹਨ, ਉਥੇ ਕੋਈ ਵੀ ਉਨ੍ਹਾਂ ਉਪਰ ਭਰਿਸ਼ਟਾਚਾਰ ਦਾ ਕੋਈ ਇਲਜ਼ਾਮ ਨਹੀਂ ਲਗਾ ਸਕਦਾ। ਇਕ ਗੱਲ ਜ਼ਰੂਰ ਹੈ ਕਿ ਸਰਮਾਏਦਾਰੀ-ਲੋਕਰਾਜੀ ਪ੍ਰਣਾਲੀ ਦੇ ਲੰਮੇ ਦੌਰ ਵਿਚ ਸਮਾਜ ਵਿਚ ਪਸਰੀਆਂ ਕਈ ਕਮਜ਼ੋਰੀਆਂ ਦੂਸਰੇ ਲੋਕਾਂ ਵਾਂਗ ਕਈ ਕਮਿਊਨਿਸਟਾਂ ਵਿਚ ਵੀ ਦੇਖਣ ਨੂੰ ਮਿਲਦੀਆਂ ਹਨ। ਪ੍ਰੰਤੂ ਇਸ ਨੂੰ ਆਮ ਵਰਤਾਰਾ ਨਹੀਂ ਆਖਿਆ ਜਾ ਸਕਦਾ ਹੈ, ਸਿਰਫ ਅਪਵਾਦ ਹੀ ਕਿਹਾ ਜਾਣਾ ਚਾਹੀਦਾ ਹੈ।
ਜਦੋਂ ਉਪਰੋਕਤ ਦਿਸ਼ਾ ਵਿਚ ਦੇਸ਼ ਭਰ ਦੇ ਕਮਿਊਨਿਸਟਾਂ ਨੇ ਬਾਹਾਂ ਵਿਚ ਬਾਹਾਂ ਪਾ ਕੇ ਚੱਲਣਾ ਸ਼ੁਰੂ ਕੀਤਾ, ਤਦ ਲਹਿਰ ਵੀ ਵਧੇਗੀ ਤੇ ਲੋਕਾਂ ਦੀ ਉਪਰਾਮਤਾ ਨੂੰ ਵੀ ਠੱਲ੍ਹ ਪਏਗੀ। ਇਹ ਦਿਸ਼ਾ ਅੰਤਮ ਰੂਪ ਵਿਚ ਕਮਿਊਨਿਸਟਾਂ ਨੂੰ ਇਕ ਪਾਰਟੀ ਵਿਚ ਸਮੋਣ ਦਾ ਕਾਰਜ ਕਰੇਗੀ। ਜੋ  ਵਿਅਕਤੀ ਕਮਿਊਨਿਸਟਾਂ ਭਾਵ ਸਮਾਜਵਾਦ ਦਾ ਸਮੁੱਚਾ ਨਜ਼ਰੀਆ ਹੀ ਗੁਆ ਚੁੱਕੇ ਹਨ, ਉਹਨਾਂ ਦੇ ਲਹਿਰ ਤੋਂ ਵੱਖ ਰਹਿਣ ਨਾਲ ਕਿਸੇ ਨੁਕਸਾਨ ਨਾਲੋਂ ਲਾਭ ਕਿਤੇ ਵਧੇਰੇ ਹੋਵੇਗਾ।

No comments:

Post a Comment