Friday, 10 June 2016

ਸੋਧਵਾਦੀ ਸਿਆਸਤ ਦਾ ਮੰਤਕੀ ਸਿੱਟਾ ਬੰਗਾਲ ਚੋਣਾਂ ਦੇ ਨਮੋਸ਼ੀਜਨਕ ਚੋਣ ਨਤੀਜੇ

ਮੰਗਤ ਰਾਮ ਪਾਸਲਾ 
19 ਮਈ ਦਾ ਦਿਨ ਭਾਰਤ ਦੇ ਕਮਿਊਨਿਸਟਾਂ ਲਈ ਡਾਢੀ ਫਿਕਰਮੰਦੀ ਤੇ ਡੂੰਘੇ ਆਤਮ-ਵਿਸ਼ਲੇਸ਼ਣ ਦਾ ਦਿਨ ਹੈ। ਜਿੱਥੇ ਕੇਰਲਾ ਅਸੈਂਬਲੀ ਦੀਆਂ ਚੋਣਾਂ ਵਿਚ ਖੱਬੇ ਜਮਹੂਰੀ ਫਰੰਟ ਨੇ ਕਾਂਗਰਸੀ 'ਗਠਬੰਧਨ' ਦੇ ਵਿਰੁੱਧ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ (ਜਿਸ ਲਈ ਕੇਰਲਾ ਦੇ ਲੋਕ ਵਧਾਈ ਦੇ ਪਾਤਰ ਹਨ), ਉਥੇ ਪੱਛਮੀ ਬੰਗਾਲ ਵਿਚ ਸੀ.ਪੀ.ਆਈ. (ਐਮ) ਦੀ ਅਗਵਾਈ ਵਾਲੇ ਖੱਬੇ ਫਰੰਟ ਨੂੰ, ਕਾਂਗਰਸ ਪਾਰਟੀ ਨਾਲ ਬੇਅਸੂਲਾ ਗਠਜੋੜ ਕਰਨ ਦੇ ਬਾਵਜੂਦ, ਨਮੋਸ਼ੀਜਨਕ ਹਾਰ ਦਾ ਮੂੰਹ ਦੇਖਣਾ ਪਿਆ ਹੈ। ਸੀ.ਪੀ.ਆਈ.(ਐਮ) ਦੇ ਆਗੂਆਂ ਦੀ ਇਸ ਘੋਰ ਰਾਜਨੀਤਕ ਮੌਕਾਪ੍ਰਸਤੀ ਨੇ,  ਵਿਰੋਧੀਆਂ ਵਲੋਂ ਸਮੁੱਚੀ ਕਮਿਊਨਿਸਟ ਲਹਿਰ ਦੇ ਮੱਥੇ ਮੜ੍ਹੇ ਜਾ ਰਹੇ, 'ਬੇਅਸੂਲੇਪਨ ਦੀ ਸਿਆਸਤ' ਦੇ ਇਲਜ਼ਾਮਾਂ ਨੂੰ ਹੋਰ ਤਾਕਤ ਬਖਸ਼ੀ ਹੈ।
ਪੱਛਮੀ ਬੰਗਾਲ ਵਿਚ ਹੋਏ ਕਮਿਊਨਿਸਟ-ਕਾਂਗਰਸ ਦੇ ਅੱਤ ਮੌਕਾਪ੍ਰਸਤ ਸਿਆਸੀ ਗਠਜੋੜ ਨੇ ਇਕ ਵਾਰ ਫੇਰ ਸਿੱਧ ਕਰ ਦਿੱਤਾ ਹੈ ਕਿ 1964 ਵਿਚ ਕਾਮਰੇਡ ਪੀ. ਸੁੰਦਰਈਆ, ਕਾਮਰੇਡ ਈ.ਐਮ. ਐਸ. ਨੰਬੂਦਰੀਪਾਦ, ਕਾਮਰੇਡ ਏ.ਕੇ. ਗੁਪਾਲਨ ਵਰਗੇ ਮਹਾਨ ਕਮਿਊਨਿਸਟ ਆਗੂਆਂ ਦੀ ਅਗਵਾਈ ਹੇਠ ਸੰਗਠਤ ਕੀਤੀ ਗਈ ਸੀ.ਪੀ.ਆਈ.(ਐਮ), ਪਿਛਲੇ  ਲਗਭਗ ਦੋ ਦਹਾਕਿਆਂ ਤੋਂ ਜਿਸ ਪਾਰਲੀਮਾਨੀ ਮੌਕਾਪ੍ਰਸਤੀ ਦੀ ਪਟੜੀ ਚੜ੍ਹੀ ਹੋਈ ਹੈ, ਉਸਨੇ ਉਹ ਸਾਰੇ ਵਿਚਾਰਧਾਰਕ, ਰਾਜਨੀਤਕ ਤੇ ਜਥੇਬੰਦਕ ਅਸੂਲ ਤਿਆਗ ਦਿੱਤੇ ਹਨ, ਜਿਨ੍ਹਾਂ ਨੂੰ ਲੈ ਕੇ ਇਸ ਪਾਰਟੀ ਦਾ ਜਨਮ ਹੋਇਆ ਸੀ। ਬੁਨਿਆਦੀ ਅਸੂਲਾਂ ਨੂੰ ਤਿਆਗਣ ਤੋਂ ਬਾਅਦ ਕਿਸੇ ਵੀ ਸੰਗਠਨ ਦਾ ਹਾਲ ਹਮੇਸ਼ਾ 'ਤਾਲੋਂ ਖੁੱਥੀ ਡੂੰਮਣੀ, ਗਾਵੇ ਤਾਲ ਬੇਤਾਲ' ਵਾਲਾ ਹੀ ਹੁੰਦਾ ਹੈ। ਰਵਾਇਤੀ ਕਮਿਊਨਿਸਟ ਪਾਰਟੀਆਂ ਵਲੋਂ ਜਿਹੜਾ ਆਤਮਘਾਤੀ ਸਮਝੌਤਾ ਪੱਛਮੀ ਬੰਗਾਲ ਵਿਚ ਵੱਡੇ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀ ਪਾਰਟੀ-ਕਾਂਗਰਸ ਨਾਲ ਕੀਤਾ ਗਿਆ ਅਤੇ ਉਹਨਾਂ ਨੂੰ ਜਿਸ ਤਰ੍ਹਾਂ ਦੀ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ, ਉਸਤੋਂ ਸਾਰੇ ਸੱਚੇ-ਸੁੱਚੇ ਕਮਿਊਨਿਸਟ ਦੁਖੀ ਹਨ। ਜਦਕਿ ਦੂਸਰੇ ਪਾਸੇ ਪੂੰਜੀਪਤੀ ਵਰਗਾਂ ਦੀਆਂ ਸਾਰੀਆਂ ਪਾਰਟੀਆਂ ਤੇ ਫਿਰਕੂ ਭਾਜਪਾ ਇਸ ਹਾਰ 'ਤੇ ਖੁਸ਼ੀ ਵਿਚ ਕੱਛਾਂ ਵਜਾ ਰਹੀਆਂ ਹਨ।
ਪਿਛਲੀ ਸਦੀ ਦੇ ਅੰਤਲੇ ਦਹਾਕੇ ਤੋਂ ਹੀ ਸੀ.ਪੀ.ਆਈ.(ਐਮ) ਦੀ ਲੀਡਰਸ਼ਿਪ ਦੇ ਇਕ ਹਿੱਸੇ ਨੇ ਪਾਰਟੀ ਨੂੰ ਜਮਾਤੀ ਸੰਘਰਸ਼ ਦੇ ਇਨਕਲਾਬੀ  ਰਾਹ ਤੋਂ ਭਟਕਾ ਕੇ ਹਾਕਮ ਜਮਾਤਾਂ ਦੀਆਂ ਪਾਰਟੀਆਂ, ਖਾਸਕਰ ਕਾਂਗਰਸ ਪਾਰਟੀ, ਨਾਲ ਨੱਥੀ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਸਨ। ਨਰਸਿਮਹਾ ਰਾਓ ਦੀਆਂ ਲੋਕਮਾਰੂ ਆਰਥਿਕ ਨੀਤੀਆਂ ਵਿਰੁੱਧ ਜਨਤਕ ਲਾਮਬੰਦੀ ਦਾ ਵਿਖਾਵਾ ਕਰਨ ਦੇ ਬਾਵਜੂਦ ਜਦੋਂ ਸੰਕਟ ਸਮੇਂ ਉਸਨੂੰ ਬਚਾਉਣ ਬਾਰੇ ਪਾਰਟੀ ਦੀ ਸਭ ਤੋਂ ਉਪਰਲੀ ਕਮੇਟੀ (ਕੇਂਦਰੀ ਕਮੇਟੀ) ਵਿਚ ਭੇਦ ਖੋਲ੍ਹਿਆ ਗਿਆ, ਤਦ ਸਭ ਦੇ ਮੂੰਹ ਅੱਡੇ ਦੇ ਅੱਡੇ ਰਹਿ ਗਏ। ਬਾਅਦ ਦੇ ਸਮੇਂ ਵਿਚ ਕੇਂਦਰੀ ਸੱਤਾ ਦੇ ਗਲਿਆਰਿਆਂ ਵਿਚ ਜਿਵੇਂ ਕਮਿਊਨਿਸਟ ਨੇਤਾ ਪੂਰਨ ਰੂਪ ਵਿਚ ਲੋਕ ਵਿਰੋਧੀ ਧਿਰਾਂ ਨਾਲ ਵੱਖ-ਵੱਖ ਬਹਾਨਿਆਂ ਹੇਠ ਗਲਵੱਕੜੀਆਂ ਪਾਉਣ ਲੱਗ ਪਏ, ਉਹ ਸ਼ਰਮਨਾਕ ਵੀ ਸੀ ਤੇ ਗੈਰ ਕਮਿਊਨਿਸਟ ਕਿਰਦਾਰ ਵੀ। ਕਾਂਗਰਸ ਦੀ ਸਹਾਇਤਾ ਨਾਲ ਜਿਵੇਂ ਪਾਰਟੀ ਦੇ ਇਕ ਹਿੱਸੇ ਵਲੋਂ ਜੋਤੀ ਬਾਸੂ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਸਾਰੇ ਕਮਿਊਨਿਸਟ ਸਿਧਾਂਤ ਤਿਆਗ ਕੇ ਸਰਮਾਏਦਾਰੀ ਦੇ ਹੱਥ ਠੋਕੇ ਤੇ ਪਿਛਲੱਗੂ ਹੋਣ ਦਾ ਸਬੂਤ ਦਿੱਤਾ ਗਿਆ, ਉਹ ਲੀਡਰਸ਼ਿਪ ਦੀ ਸ਼ਰਮਨਾਕ ਥਿੜਕਣ ਦਾ ਠੋਸ ਸੰਕੇਤ ਹੀ ਸੀ। ਭਾਵੇਂ ਸਮੁੱਚੀ ਪਾਰਟੀ ਦੇ ਬਹੁਮਤ ਵਲੋਂ ਇਸ ਸਾਜਿਸ਼ ਨੂੰ ਅਸਫਲ ਬਣਾ ਦਿੱਤਾ ਗਿਆ, ਪ੍ਰੰਤੂ ਨਾ ਤਾਂ ਪਾਰਟੀ ਅੰਦਰ ਇਸ ਰਾਜਨੀਤਕ ਤੇ ਵਿਚਾਰਧਾਰਕ ਨਿਘਾਰ ਦਾ ਕੋਈ ਸਵੈ ਮੰਥਨ (ਵਿਸ਼ਲੇਸ਼ਣ) ਹੀ ਕੀਤਾ ਗਿਆ ਤੇ ਨਾ ਹੀ ਇਸ ਲਈ ਜਿੰਮੇਵਾਰ ਲੀਡਰਸ਼ਿਪ ਨੂੰ ਇਸ ਰਾਜਸੀ ਭਟਕਾਅ ਦੀ ਸਜ਼ਾ ਦੇ ਕੇ ਅਹੁਦਿਆਂ ਤੋਂ ਵੱਖ ਕੀਤਾ ਗਿਆ। ਉਲਟਾ ਇਸ ਅੱਤ ਦੇ ਪਾਰਲੀਮਾਨੀ ਮੌਕਾਪ੍ਰਸਤੀ ਦੇ ਕੁਰਾਹੇ ਨੂੰ ਜਿੰਮੇਵਾਰ ਲੀਡਰਸ਼ਿਪ ਵਲੋਂ ਲੋਕਾਂ ਅੰਦਰ ਸਲਾਹਿਆ ਗਿਆ ਤੇ ਇਸਦਾ ਵਿਰੋਧ ਕਰਨ ਵਾਲਿਆਂ ਨੂੰ ''ਇਤਿਹਾਸਕ ਗਲਤੀ'' (Historic Blunder) ਲਈ ਜ਼ਿੰਮੇਵਾਰ ਕਹਿਕੇ ਨਿੰਦਿਆ ਗਿਆ। ਇਸ ਤਰ੍ਹਾਂ, ਜਮਾਤੀ ਭਿਆਲੀ ਦੀ ਪਟੜੀ 'ਤੇ ਚੜ੍ਹੀ ਸੀ.ਪੀ.ਆਈ.(ਐਮ), ਲਗਾਤਾਰ ਮੌਕਾਪ੍ਰਸਤ ਰਾਜਨੀਤੀ ਦੇ ਕੁਰਾਹੇ ਤੁਰਦਿਆਂ-ਤੁਰਦਿਆਂ, ਲੋਕਾਂ ਵਿਚੋਂ ਨਿਰੰਤਰ ਕੱਟਦੀ ਗਈ ਤੇ ਆਪਣੀ ਭਰੋਸੇਯੋਗਤਾ ਉਪਰ ਪ੍ਰਸ਼ਨਚਿੰਨ੍ਹ ਲਗਾਉਂਦੀ ਗਈ।
ਜਦੋਂ ਕੋਈ ਕਮਿਊਨਿਸਟ ਪਾਰਟੀ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤਾਂ ਤੋਂ ਅਗਵਾਈ ਲੈਣ ਦਾ ਦਮ ਭਰਦਿਆਂ ਪਾਰਟੀ ਫੋਰਮਾਂ ਵਿਚ ਤਾਂ ਸਮਝੌਤਾ ਰਹਿਤ ਜਮਾਤੀ ਘੋਲ ਜਾਰੀ ਰੱਖਣ ਦੇ ਲਿਖਤੀ ਮਤੇ ਪਾਸ ਕਰਦੀ ਹੋਵੇ ਪ੍ਰੰਤੂ ਅਮਲਾਂ ਵਿਚ ਇਸਦੇ ਵਿਪਰੀਤ ਕੰਮ ਕਰਦੀ ਹੋਵੇ, ਤਦ ਕੀ ਵਿਚਾਰਾਂ ਦੀ ਪਰਪੱਕਤਾ ਤੇ ਭਰੋਸੇ ਨਾਲ ਲੈਸ ਹੋ ਕੇ ਇਨਕਲਾਬੀ ਕਾਰਜਾਂ ਲਈ ਜਾਨਾਂ ਵਾਰਨ ਵਾਲੇ ਕਾਰਕੁੰਨਾਂ ਵਿਚ ਜਾਨ ਤੋੜ ਕੇ ਕੰਮ ਕਰਨ ਦੀ ਹਿੰਮਤ ਰਹਿ ਸਕਦੀ ਹੈ? ਇਸਨੂੰ ਮਹਾਨ ਲੈਨਿਨ ਨੇ ਤਰਲੋਸਤਰਾਵਾਦ (ਤਰਲੋਸਤਰਾ ਸਵੀਡਨ ਦਾ ਇਕ ਦੋਗਲਾ ਕਮਿਊਨਿਸਟ ਸੀ) ਕਿਹਾ ਹੈ ਜੋ ਲਿਖਤਾਂ ਵਿਚ ਤਾਂ ਮਾਰਕਸਵਾਦੀ ਜਾਪਦਾ ਸੀ, ਪ੍ਰੰਤੂ ਅਮਲਾਂ ਵਿਚ ਇਸਦੇ ਉਲਟ ਕੰਮ ਕਰਦਾ ਸੀ। ਅਜਿਹੀ ਦੋਗਲੀ ਨੀਤੀ ਧਾਰਨ ਕਰਨ ਨਾਲ ਆਮ ਲੋਕਾਂ ਵਿਚ ਕਮਿਊਨਿਸਟਾਂ ਦੀ ਈਮਾਨਦਾਰੀ ਤੇ ਪ੍ਰਤੀਬੱਧਤਾ ਪ੍ਰਤੀ ਅਨੇਕਾਂ ਕਿਸਮ ਦੇ ਸ਼ੰਕੇ ਖੜੇ ਹੋ ਜਾਂਦੇ ਹਨ ਅਤੇ ਕਮਿਊਨਿਸਟ ਲਹਿਰ ਉਪਰ ਭਰੋਸਾ ਖਤਮ ਹੋ ਜਾਣ ਕਾਰਨ ਉਹ  ਹੌਲੀ ਹੌਲੀ ਇਸਤੋਂ ਅਲੱਗ ਹੋਣ ਲੱਗਦੇ ਹਨ। ਕਿਸੇ ਸਮੇਂ ਜਨਤਕ ਸੰਘਰਸ਼ਾਂ ਦੇ ਬਲਬੂਤੇ ਬਣੇ ਜਨ ਆਧਾਰ ਸਦਕਾ ਲੋਕਾਂ ਦੀ ਹਮਾਇਤ ਨਾਲ ਪੱਛਮੀ ਬੰਗਾਲ, ਕੇਰਲਾ ਤੇ ਤਰੀਪੁਰਾ ਵਿਚ ਚੋਣਾਂ ਰਾਹੀਂ ਖੱਬੇ ਪੱਖੀ ਸਰਕਾਰਾਂ ਦੇ ਹੋਂਦ ਵਿਚ ਆਉਣ ਨਾਲ ਇਹ ਆਸ ਕੀਤੀ ਜਾਂਦੀ ਸੀ ਕਿ ਇਨ੍ਹਾਂ ਸਰਕਾਰਾਂ ਦੀਆਂ ਲੋਕ ਪੱਖੀ ਨੀਤੀਆਂ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ ਕਮਿਊਨਿਸਟ ਲਹਿਰ ਦੇ ਪਸਾਰੇ ਲਈ ਲਾਜ਼ਮੀ ਵਰਦਾਨ ਸਿੱਧ ਹੋਣਗੀਆਂ। ਜਦੋਂ ਕਾਂਗਰਸ ਪਾਰਟੀ 8 ਸੂਬਿਆਂ ਦੀਆਂ ਅਸੈਂਬਲੀ ਚੋਣਾਂ ਹਾਰ ਗਈ ਸੀ ਤਦ ਪਾਰਟੀ ਨੇ ਆਪਣੇ ''ਨਵੇਂ ਹਾਲਾਤ ਤੇ ਸਾਡੇ ਕੰਮ'' ਦੇ ਮਤੇ ਵਿਚ ਕਿਹਾ ਸੀ ਕਿ ਖੱਬੇ ਮੋਰਚੇ ਦੀਆਂ ਸਰਕਾਰਾਂ ਆਪਣੀਆਂ ਲੋਕ ਪੱਖੀ ਨੀਤੀਆਂ ਰਾਹੀਂ ਦੇਸ਼ ਪੱਧਰ ਉਪਰ ਜਮਾਤੀ ਘੋਲ ਤੇਜ਼ ਕਰਨ ਦਾ ਹਥਿਆਰ ਬਣਨਗੀਆਂ। ਇਸੇ ਕਰਕੇ ਪੱਛਮੀ ਬੰਗਾਲ, ਕੇਰਲਾ ਤੇ ਤਰੀਪੁਰਾ ਦੀਆਂ ਖੱਬੇ ਮੋਰਚੇ ਦੀਆਂ ਸਰਕਾਰਾਂ ਨੂੰ ਲੋਕ ਰਾਜ ਦੀਆਂ 'ਮੋਹਰਲੀਆਂ ਚੌਂਕੀਆਂ'' ਆਖਿਆ ਗਿਆ ਸੀ।
ਪ੍ਰੰਤੂ ਪੱਛਮੀ ਬੰਗਾਲ ਦੀ ਖੱਬੇ ਮੋਰਚੇ ਦੀ ਸਰਕਾਰ ਨੇ ਆਪਣੇ ਅਖੀਰਲੇ ਦਸਾਂ ਸਾਲਾਂ ਦੇ ਕਾਰਜਕਾਲ ਦੌਰਾਨ ਨਵ ਉਦਾਰਵਾਦੀ ਨੀਤੀਆਂ ਅਪਣਾ ਕੇ ਵਿਦੇਸ਼ੀ ਬਹੁ ਕੌਮੀ ਕਾਰਪੋਰੇਸ਼ਨਾਂ ਨੂੰ ਪੱਛਮੀ ਬੰਗਾਲ ਵਿਚ ਪੂੰਜੀ ਨਿਵੇਸ਼ ਕਰਨ ਦਾ ਖੁੱਲ੍ਹਾ ਸੱਦਾ ਦੇਣਾ  ਸ਼ੁਰੂ ਕਰ ਦਿੱਤਾ। ਇਸ ਨੀਤੀ ਨੂੰ ਅੱਗੇ ਵਧਾਉਂਦਿਆਂ ਨੰਦੀਗਰਾਮ ਅਤੇ ਸਿੰਗੂਰ ਦੀਆਂ ਦਰਦਨਾਕ ਘਟਨਾਵਾਂ ਵਾਪਰੀਆਂ, ਜਿੱਥੇ ਆਪਣੀ ਜ਼ਮੀਨ ਦੀ ਰਾਖੀ ਕਰਦੇ ਕਿਸਾਨਾਂ ਉਪਰ ਗੋਲੀਆਂ ਅਤੇ ਲਾਠੀਆਂ ਬਰਸਾਈਆਂ ਗਈਆਂ। ਜਿਨ੍ਹਾਂ ਮਿਹਨਤਕਸ਼ਾਂ ਦੇ ਬਲਬੂਤੇ ਇਹ ਖੱਬੇ ਪੱਖੀ ਸਰਕਾਰ ਹੋਂਦ ਵਿਚ ਆਈ, ਉਹ ਸੁਭਾਵਕ ਹੀ ਉਸਤੋਂ ਦੂਰ ਜਾਣ ਲੱਗ ਪਏ। ਪਿਛਲੀਆਂ ਅਸੈਂਬਲੀ ਚੋਣਾਂ ਵਿਚ ਇਸ ਤੱਥ ਦਾ ਸਪੱਸ਼ਟ ਪ੍ਰਗਟਾਵਾ ਹੋਇਆ, ਜਦੋਂ 34 ਸਾਲਾਂ ਦੇ ਖੱਬੇ ਪੱਖੀ ਰਾਜ ਨੂੰ ਮਮਤਾ ਬੈਨਰਜੀ ਦੀ ਲੋਕ ਵਿਰੋਧੀ ਤੇ ਲੱਠਮਾਰਾਂ ਦੀ ਪਾਰਟੀ, ਟੀ.ਐਮ.ਸੀ., ਨੇ ਕਰਾਰੀ ਹਾਰ ਦਿੱਤੀ। ਇਸਤੋਂ ਬਾਅਦ ਪਾਰਲੀਮੈਂਟ ਦੀਆਂ ਚੋਣਾਂ ਵਿਚ ਵੀ ਇਹ ਪ੍ਰਕਿਰਿਆ ਜਾਰੀ ਰਹੀ ਤੇ ਖੱਬੇ ਮੋਰਚੇ ਦਾ ਜਨ ਅਧਾਰ ਲਗਾਤਰ ਸਿਮਟਦਾ ਗਿਆ।
ਪਿਛਲੇ ਦਿਨੀਂ ਹੋਈ ਸੀ.ਪੀ.ਆਈ. (ਐਮ) ਦੀ 21ਵੀਂ ਕਾਂਗਰਸ ਵਿਚ ਪਾਸ ਕੀਤੇ ਗਏ ਰਾਜਨੀਤਕ ਮਤੇ ਵਿਚ ਭਾਜਪਾ ਦੀ ਅਗਵਾਈ ਹੇਠਲੀ ਕੇਂਦਰੀ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਵਿਰੁੱਧ ਅਤੇ ਫਿਰਕਾਪ੍ਰਸਤੀ ਵਿਰੁੱਧ ਸੰਘਰਸ਼ ਕਰਨ ਦੇ ਦਿੱਤੇ ਗਏ ਸੱਦੇ ਨਾਲ ਇਹ ਸਪੱਸ਼ਟ ਆਖਿਆ ਗਿਆ ਕਿ ਅਜਿਹਾ ਕਰਦਿਆਂ ਕਾਂਗਰਸ਼ ਪਾਰਟੀ ਨਾਲ ਕੋਈ ਸਿੱਧਾ ਜਾਂ ਅਸਿੱਧਾ ਮੇਲ ਜੋਲ ਜਾਂ ਗਠਜੋੜ ਨਹੀਂ ਕੀਤਾ ਜਾਵੇਗਾ। ਇਸ ਨਾਲ ਪਾਰਟੀ ਦੇ ਹੇਠਲੇ ਇਮਾਨਦਾਰ ਕਾਡਰ ਨੂੰ ਧਰਵਾਸ ਮਿਲਿਆ ਪਰ ਉਹ ਭਾਰੂ ਲੀਡਰਸ਼ਿਪ ਦੇ ਅਸਲ ਇਰਾਦਿਆਂ ਨੂੰ ਨਾ ਸਮਝ ਸਕੇ। ਪੱਛਮੀ ਬੰਗਾਲ ਦੀਆਂ ਅਸੈਂਬਲੀ ਚੋਣਾਂ ਅੰਦਰ ਵੱਖ-ਵੱਖ ਤਰ੍ਹਾਂ ਦੇ ਅਨੈਤਿਕ ਤਰੀਕੇ ਤੇ ਫੋਰਮ ਵਰਤਦਿਆਂ ਹੋਇਆਂ 21ਵੀਂ ਪਾਰਟੀ ਕਾਂਗਰਸ ਦੇ ਮਤੇ ਨੂੰ ਕੂੜੇਦਾਨ ਵਿਚ ਸੁੱਟ ਕੇ ਖੱਬੇ ਫਰੰਟ ਨੇ ਕਾਂਗਰਸ ਨਾਲ  ਖੁੱਲ੍ਹਾ ਗਠਜੋੜ ਬਣਾ ਲਿਆ। ਨਤੀਜਾ ਸਭ ਦੇ ਸਾਹਮਣੇ ਹੈ। ''ਘਰੋਂ ਗਏ ਫਰੰਗੀ ਦੇ ਮਾਰਨੇ ਨੂੰ, ਉਲਟਾ ਕੁੰਜੀਆਂ ਹੱਥ ਫੜਾ ਆਏ'' ਦੇ ਕਹੇ ਸ਼ਾਹ ਮੁਹੰਮਦ ਦੇ ਬੋਲਾਂ ਨੂੰ ਸੱਚ ਕਰਕੇ ਵਿਖਾ ਦਿੱਤਾ।
ਪੱਛਮੀ ਬੰਗਾਲ ਦੀ ਖੱਬੇ ਪੱਖੀਆਂ ਦੀ ਹਾਰ ਨੂੰ ਇਕੱਲਾ ਅਸੈਂਬਲੀ ਸੀਟਾਂ ਘਟਣ ਜਾਂ ਬਹੁਮਤ ਹਾਸਲ ਨਾ ਕਰ ਸਕਣ ਦੇ ਰੂਪ ਵਿਚ ਹੀ ਨਹੀਂ ਦੇਖਣਾ ਚਾਹੀਦਾ। ਇਕ ਤਾਂ ਇਹ ਵੀ ਸਿਧਾਂਤਕ ਸਵਾਲ ਹੈ ਕਿ ਕੀ ਵੱਡੀ ਸਰਮਾਏਦਾਰੀ ਤੇ ਜਗੀਰਦਾਰੀ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਰਾਜਸੀ ਧਿਰ (ਭਾਵੇਂ ਉਹ ਕਾਂਗਰਸ ਪਾਰਟੀ ਜਾਂ ਅਜਿਹੀ ਕੋਈ ਹੋਰ ਪਾਰਟੀ ਹੋਵੇ) ਨਾਲ ਚੋਣ ਸਾਂਝਾਂ ਜਾਂ ਸੱਤਾ ਵਿਚ ਭਾਈਵਾਲੀ ਕਰਨਾ,  ਸਮਾਜਿਕ ਤਬਦੀਲੀ (ਇਨਕਲਾਬ) ਕਰਨ ਵਾਲੀ ਕਿਸੇ ਕਮਿਊਨਿਸਟ ਪਾਰਟੀ ਲਈ ਹੱਕ ਬਜਾਨਵ ਹੈ ਜਾਂ ਵਰਜਿਤ ਹੈ? (ਜੇਕਰ ਕਮਿਊਨਿਸਟ-ਕਾਂਗਰਸ ਗਠਜੋੜ ਜਿੱਤ ਜਾਂਦਾ ਤਾਂ ਲਾਜ਼ਮੀ ਤੌਰ 'ਤੇ ਪੱਛਮੀ ਬੰਗਾਲ ਵਿਚ ਸਾਂਝੀ ਸਰਕਾਰ ਬਣਨੀ ਸੀ ਤੇ ਪਹਿਲਾਂ ਵੀ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਸਾਂਝੇ ਪ੍ਰਗਤੀਸ਼ੀਲ ਮੋਰਚੇ ਦੀ ਕੇਂਦਰੀ ਸਰਕਾਰ ਵਿਚ ਸੀ.ਪੀ.ਆਈ.(ਐਮ) ਲੋਕ ਸਭਾ ਸਪੀਕਰ ਦੇ ਰੂਪ ਵਿਚ ਭਾਗੀਦਾਰ ਰਹੀ ਹੈ)।
ਪਿਛਲੇ ਦਿਨੀਂ ਜਦੋਂ ਸੀ.ਪੀ.ਆਈ.(ਐਮ) ਦੀ 21ਵੀਂ ਕਾਂਗਰਸ ਵਿਚ ਕਾਮਰੇਡ ਪ੍ਰਕਾਸ਼ ਕਰਾਤ ਦੀ ਥਾਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਸੀਤਾ ਰਾਮ ਯੈਚੁਰੀ ਚੁਣੇ ਗਏ, ਤਦ ਸਾਰਾ ਮੀਡੀਆ, ਖਾਸਕਰ ਵੱਡੇ ਪੂੰਜੀਪਤੀ ਘਰਾਣਿਆਂ ਦੇ ਕੰਟਰੋਲ ਹੇਠਲਾ ਮੀਡੀਆ, ਇਸ ਤਬਦੀਲੀ ਉਤੇ ਖੁਸ਼ੀ ਮਨਾ ਰਿਹਾ ਸੀ। ਉਹ ਸੀ.ਪੀ.ਆਈ.(ਐਮ) ਨੂੰ ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਦੇ ਰਾਹੋਂ ਭਟਕਾ ਕੇ ਇਸਨੂੰ ਮੌਜੂਦਾ ਸਾਮਰਾਜ ਨਿਰਦੇਸ਼ਤ ਆਰਥਿਕ ਨੀਤੀਆਂ ਦੀਆਂ ਮੁੜੈਲੀ ਰਾਜਸੀ ਪਾਰਟੀਆਂ ਦਾ ਅੰਗ ਜਾਂ ਪਿਛਲੱਗੂ ਬਣਦਾ ਦੇਖਣਾ ਚਾਹੁੰਦੇ ਹਨ। ਇਸ ਕੰਮ ਲਈ ਉਨ੍ਹਾਂ ਅਨੁਸਾਰ ਸਾਥੀ ਸੀਤਾ ਰਾਮ ਯੈਚੁਰੀ ਪੂਰੀ ਤਰ੍ਹਾਂ ਯੋਗ ਵਿਅਕਤੀ ਸਮਝਿਆ ਗਿਆ।
ਸਮੁੱਚੇ ਰਵਾਇਤੀ ਖੱਬੇ ਪੱਖੀਆਂ ਖਾਸਕਰ ਸੀ.ਪੀ.ਆਈ.(ਐਮ) ਨੂੰ ਇਸ ਉਪਰੋਕਤ ਵਰਤਾਰੇ ਨੂੰ ਡੂੰਘੀ ਤਰ੍ਹਾਂ ਘੋਖ ਕੇ ਪਹਿਲਾਂ ਹੀ ਵਧੇਰੇ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਸੀ ਤੇ ਰਾਜਨੀਤਕ ਤੌਰ 'ਤੇ ਦਰੁਸਤੀ ਵਾਲੇ ਕਦਮ ਚੁਕਣੇ ਚਾਹੀਦੇ ਸਨ। ਪ੍ਰੰਤੂ ਅਜਿਹਾ ਨਹੀਂ ਕੀਤਾ ਗਿਆ; ਕਿਉਂਕਿ ''ਮਾਰਕਸ ਦੇ ਦੁਸ਼ਮਣ ਉਸਨੂੰ ਨਹੀਂ ਭੁਲੇ ਪ੍ਰੰਤੂ ਉਸਦੇ ਅਨੁਆਈਆਂ ਨੇ ਹੀ ਮਾਰਕਸ ਨਾਲ ਜ਼ਿਆਦਾ ਧੋਖਾ ਕੀਤਾ ਹੈ।'' ਤੇ ਹੁਣ ਪੱਛਮੀ ਬੰਗਾਲ ਵਿਚ ਸੱਤਾ ਦੇ ਭੁੱਖੇ ਤੱਤਾਂ ਦੀ ਭੁੱਖ ਮਿਟਾਉਣ ਲਈ ਸਾਰੇ ਅਸੂਲ ਤਿਆਗ ਕੇ ਕਾਂਗਰਸ ਨਾਲ ਗਲਵੱਕੜੀ ਪਾਉਣ ਨਾਲ ਸਮੁੱਚੀ ਕਮਿਊਨਿਸਟ ਲਹਿਰ ਦੇ ਮੱਥੇ ਉਪਰ ਨਾ ਮਿਟਣ ਵਾਲਾ ਕਲੰਕ ਲਾ ਦਿੱਤਾ ਗਿਆ ਹੈ। ਇਸਦਾ ਅਸਰ ਆਉਣ ਵਾਲੇ ਦਿਨਾਂ ਵਿਚ ਇਮਾਨਦਾਰ ਕਮਿਊਨਿਸਟ ਕਾਡਰ ਦੀ ਪਸਤ ਹਿੰਮਤੀ, ਤੇ ਉਸਦੇ ਨਿਸ਼ਕਿਰਿਆ ਹੋ ਜਾਣ ਨਾਲ, ਇਸ ਪਾਰਟੀ ਦੇ ਹੋਰ ਹਾਸ਼ੀਏ ਉਪਰ ਚਲੇ ਜਾਣ ਦੀ ਪ੍ਰਕਿਰਿਆ ਵਜੋਂ ਸਪੱਸ਼ਟ ਦੇਖਿਆ ਜਾ ਸਕੇਗਾ। ਦੇਸ਼ ਦੀ ਹਕੀਕੀ ਇਨਕਲਾਬੀ ਲਹਿਰ ਦੇ ਸੰਚਾਲਕਾਂ ਨੂੰ ਸੀ.ਪੀ.ਆਈ.(ਐਮ) ਦੀ ਇਸ ਸੋਧਵਾਦੀ ਤੇ ਮੌਕਾਪ੍ਰਸਤ ਰਾਜਨੀਤੀ ਨਾਲੋਂ ਵੱਖਰੇਵਾਂ ਕਰਨ ਵਿਚ ਹੋਰ ਦਿੱਕਤਾਂ ਆਉਣਗੀਆਂ, ਕਿਉਂਕਿ ਅਜੇ ਜਨ ਸਧਾਰਣ ਕਮਿਊਨਿਸਟਾਂ ਦੇ ਵੱਖ-ਵੱਖ ਧੜਿਆਂ ਵਿਚ ਵੱਖਰੇਵਾਂ ਕਰਨਾ ਨਹੀਂ ਸਿੱਖਿਆ।
ਹਾਲ ਦੀ ਘੜੀ ਇਹ ਕਹਿਣਾ ਮੁਸ਼ਕਿਲ ਹੈ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਸੀ.ਪੀ.ਆਈ.(ਐਮ) ਵਲੋਂ ਅਪਣਾਈ ਗਈ ਮੌਕਾਪ੍ਰਸਤ ਰਾਜਨੀਤੀ ਤੋਂ ਕੀ ਇਸ ਪਾਰਟੀ ਦੇ ਆਗੂ ਕੋਈ ਸਾਰਥਕ ਸਬਕ ਸਿਖਣਗੇ ਜਾਂ ਕੋਈ ਝੂਠੇ ਬਹਾਨੇ ਤੇ ਗੁੰਮਰਾਹਕੁੰਨ ਲਫਾਜ਼ੀ ਵਰਤ ਕੇ ਇਸ ਵੱਡੀ ਭੁੱਲ ਉਪਰ ਵੀ ਪਰਦਾ ਪਾ ਕੇ ਉਸੇ ਮਰਨਾਊ ਰਾਹ ਉਤੇ ਅੱਗੇ ਤੁਰੇ ਜਾਣਗੇ? ਕੀ ਇਸ ਤਰ੍ਹਾਂ ਦੀ ਰਾਜਨੀਤੀ ਨਾਲ ਇਹ ਪਾਰਟੀ ਇਕਮੁੱਠ ਰਹਿ ਸਕੇਗੀ ਜਾਂ, ਇਕ ਵਾਰ ਫਿਰ, ਸਿਧਾਂਤਕ ਆਧਾਰ ਉਪਰ ਕਮਿਊਨਿਸਟ ਲਹਿਰ ਵਿਚ ਇਕ ਹੋਰ ਫੁੱਟ ਪੈਣ ਦੇ ਆਸਾਰ ਬਣ ਜਾਣਗੇ? ਜੇਕਰ ਪਾਰਟੀ ਇਕਜੁੱਟ ਵੀ ਰਹਿ ਜਾਵੇ, ਕੀ ਇਨ੍ਹਾਂ ਗੈਰ ਕਮਿਊਨਿਸਟ ਅਮਲਾਂ ਨਾਲ ਪਾਰਟੀ ਵਿਚ ਇਰਾਦੇ ਦੀ ਏਕਤਾ ਕਾਇਮ ਰੱਖੀ ਜਾ ਸਕੇਗੀ, ਜਿਸ ਦੀਆਂ ਨੀਹਾਂ ਉਪਰ ਹੀ ਜਥੇਬੰਦਕ ਏਕਤਾ ਮਜ਼ਬੂਤ ਕੀਤੀ ਜਾਂਦੀ ਹੈ? ਕੀ ਸੀ.ਪੀ.ਆਈ.(ਐਮ) ਇਕ ਕਮਿਊਨਿਸਟ ਪਾਰਟੀ ਹੋਣ ਦੇ ਨਾਤੇ ਪੁਰਾਣੀਆਂ ਗਲਤੀਆਂ ਨੂੰ ਮਨੋਂ ਵਿਸਾਰ ਕੇ ਦਰੁਸਤ ਕਰਦੀ ਹੋਈ ਅਮਲਾਂ ਵਿਚ ਇਨ੍ਹਾਂ ਤੋਂ ਕਿਨਾਰਾਕਸ਼ੀ ਕਰਕੇ ਦੇਸ਼ ਦੀ ਸਮੁੱਚੀ ਕਮਿਊਨਿਸਟ ਲਹਿਰ ਦੀ ਅਗਵਾਈ ਕਰੇਗੀ ਜਾਂ ਇਸਦਾ ਮਹੱਤਪੂਰਨ ਅੰਗ ਬਣ ਸਕੇਗੀ, ਜਾਂ ਦੁਨੀਆਂ ਦੇ ਕਈ ਹੋਰ ਪੂੰਜੀਪਤੀ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਵਾਂਗ ਰਾਜਸੀ ਨਕਸ਼ੇ ਤੋਂ ਅਲੋਪ ਹੋ ਜਾਵੇਗੀ, ਜਾਂ ਗੈਰ ਪ੍ਰਸੰਗਕ ਹੋ ਕੇ ਰਹਿ ਜਾਵੇਗੀ?
ਇਹ ਸਵਾਲ ਹਨ ਜੋ ਸੀ.ਪੀ.ਆਈ.(ਐਮ) ਦੀ ਲੀਡਰਸ਼ਿਪ ਦੇ ਅੱਗੇ ਮੂੰਹ ਅੱਡੀ ਖੜ੍ਹੇ ਹਨ। ਇਨ੍ਹਾਂ ਦਾ ਜਵਾਬ ਆਉਣ ਵਾਲੇ ਦਿਨਾਂ ਵਿਚ ਸੀ.ਪੀ.ਆਈ. (ਐਮ) ਦੇ ਨੇਤਾਵਾਂ ਵਲੋਂ ਲਏ ਜਾਣ ਵਾਲੇ ਫੈਸਲਿਆਂ ਅਤੇ ਰਾਜਸੀ ਪੈਂਤੜਿਆਂ ਤੋਂ ਹੀ ਮਿਲ ਸਕੇਗਾ। ਸੀ.ਪੀ.ਆਈ.(ਐਮ) ਦੇ ਅੱਜ ਤੱਕ ਦੇ ਅਮਲਾਂ ਬਾਰੇ ਤਾਂ ਸਿਰਫ ਇਹੀ ਕਿਹਾ ਜਾ ਸਕਦਾ ਹੈ :
ਦਿਨ ਢਲ ਗਿਆ ਰਾਤ ਹੋ ਗਈ,
ਜਿਸ ਬਾਤ ਕਾ ਡਰ ਥਾ ਵੁਹੀ ਬਾਤ ਹੋ ਗਈ। 

No comments:

Post a Comment