Saturday 5 September 2015

ਸ਼ਹੀਦ-ਇ-ਆਜ਼ਮ ਭਗਤ ਸਿੰਘ ਦੀ ਸ਼ਖਸ਼ੀਅਤ ਦੇ ਕੁੱਝ ਵਿਲੱਖਣ ਪੱਖ

ਜਨਮ ਦਿਵਸ 'ਤੇ ਵਿਸ਼ੇਸ਼

ਮਹੀਪਾਲਸ਼ਹੀਦ-ਇ-ਆਜ਼ਮ ਭਗਤ ਸਿੰਘ ਦਾ ਕੇਵਲ 23 ਸਾਲ ਦੀ ਉਮਰ ਵਿਚ ਆਪਣੇ ਅਕੀਦਿਆਂ ਲਈ ਕੁਰਬਾਨ ਹੋ ਜਾਣਾ, ਦੁਨੀਆਂ ਭਰ ਦੇ ਮਨੁੱਖਤਾ ਲਈ ਬਿਹਤਰ ਤੋਂ ਬਿਹਤਰ ਸਮਾਜ ਸਿਰਜਣ ਲਈ ਜੂਝਣ ਵਾਲਿਆਂ ਲਈ ਪ੍ਰੇਰਣਾ ਸਰੋਤ ਹੈ ਅਤੇ ਹਮੇਸ਼ਾ ਰਹੇਗਾ। ਪਰ ਇਸ ਤੋਂ ਵੀ ਜ਼ਿਆਦਾ ਹੁਲਾਰਾ ਦੇਣ ਵਾਲੀ ਗੱਲ ਇਹ ਹੈ ਕਿ ਕਿਵੇਂ ਉਨ੍ਹਾਂ ਨੇ ਆਪਣੀ ਗ੍ਰਿਫਤਾਰੀ ਅਤੇ ਸ਼ਹਾਦਤ ਦਾ ਸਮੁੱਚਾ ਘਟਣਾਕ੍ਰਮ ਸਮੇਂ ਦੀਆਂ ਲੋੜਾਂ ਅਨੁਸਾਰ ਖ਼ੁਦ ਤੈਅ ਕੀਤਾ ਅਤੇ ਫਿਰ ਇਸ ਸਮੁੱਚੇ ਵਰਤਾਰੇ ਨੂੂੰ ਕਿਵੇਂ ਸਮੁੱਚੀ ਲੋਕਾਈ ਦੇ ਦੁਸ਼ਮਣ ਸਾਮਰਾਜੀਆਂ ਅਤੇ ਉਨ੍ਹਾਂ ਦੇ ਭਾਈਵਾਲਾਂ ਨੂੰ ਬੇਪਰਦ ਕਰਨ ਲਈ ਇਸਤੇਮਾਲ ਕੀਤਾ। ਸਭ ਤੋਂ ਸ਼ਾਨਾਮੱਤੀ ਗੱਲ ਇਹ ਹੈ ਕਿ ਭਗਤ ਸਿੰਘ ਅਤੇ ਉਸਦੇ ਸਾਥੀਆਂ ਨਾਲ ਜੁੜੇ ਇਸ ਸਾਰੇ ਵਰਤਾਰੇ ਨੇ ਭਾਰਤ ਵਾਸੀਆਂ ਨੂੰ ਲੁੱਟ ਦੇ ਨਿਜ਼ਾਮ ਪ੍ਰਤੀ ਜਾਗ੍ਰਿਤ ਕੀਤਾ ਅਤੇ ਸੰਘਰਸ਼ਾਂ ਦੇ ਭਖੇ ਹੋਏ ਮੈਦਾਨ ਵਿਚ ਨਵੇਂ ਢੰਗ ਤਰੀਕਿਆਂ ਅਤੇ ਨਵੀਂ ਜਮਾਤੀ ਸਮਝਦਾਰੀ ਨਾਲ ਲੈਸ ਕਰਕੇ ਸਰਗਰਮ ਕੀਤਾ। ਕਿਸੇ ਸਮੇਂ ਭਗਤ ਸਿੰਘ ਨੇ ''ਚਾਂਦ'' ਅਖਬਾਰ ਵਿਚ ਇਕ ਲੇਖ ਰਾਹੀਂ ਇਹ ਦੁੱਖ ਪ੍ਰਗਟ ਕੀਤਾ ਸੀ ਕਿ ਇਕ ਪਾਸੇ ਬੱਬਰ ਅਕਾਲੀਆਂ ਨੂੰ ਅਨਿਆਈਂ ਨੀਤੀ ਅਧੀਨ ਫਾਂਸੀ 'ਤੇ ਲਟਕਾਇਆ ਜਾ ਰਿਹਾ ਸੀ ਅਤੇ ਦੂਜੇ ਪਾਸੇ ਦੇਸ਼ ਵਾਸੀ ਚਾਵਾਂ-ਮਲ੍ਹਾਰਾਂ ਨਾਲ ਹੋਲੀ ਦਾ ਤਿਉਹਾਰ ਮਨਾਉਣ 'ਚ ਰੁੱਝੇ ਰਹੇ ਸਨ। ਪਰ ਇਸ ਤੋਂ ਕੁੱਝ ਕੁ ਸਾਲਾਂ ਬਾਅਦ ਹੀ ਜਦੋਂ ਸ਼ਹੀਦ-ਇ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਸਮੇਂ ਵਸੋਂ ਦਾ ਵੱਡਾ ਭਾਗ ਖਾਸ ਕਰ ਯੁਵਾ ਸ਼ਕਤੀ ਰਿਵਾਇਤੀ ਤਿਉਹਾਰਾਂ ਦੀ ਧੂਮ ਧਾਮ ਛੱਡ ਕੇ ਸਾਮਰਾਜੀ ਨਿਜ਼ਾਮ ਦੀ ਧੱਕੇਸ਼ਾਹ ਹਕੂਮਤ ਖਿਲਾਫ ਨਫਰਤ ਨਾਲ ਨੱਕੋ ਨੱਕ ਭਰੀ ਹੋਈ ਸੀ ਅਤੇ ਇਸ ਫਾਂਸੀ ਖਿਲਾਫ ਹਰ ਕਿਸਮ ਦੇ ਸ਼ੰਘਰਸ਼ਾਂ ਵਿਚ ਸਰਗਰਮੀ ਨਾਲ ਹਿੱਸਾ ਲੈ ਰਹੀ ਸੀ।
ਉਹਨਾਂ ਦੀ ਸ਼ਖਸ਼ੀਅਤ ਦਾ ਇਕ ਹੋਰ ਵਿਲੱਖਣ ਪੱਖ ਜਿਹੜਾ ਕਿ ਹਾਂਪੱਖੀ ਤਬਦੀਲੀ ਲਈ ਜੂਝ ਰਹੇ ਸਭਨਾ ਲਈ ਬੜਾ ਪ੍ਰੇਰਣਾਦਾਈ ਅਤੇ ਗ੍ਰਹਿਣ ਕਰਨ ਯੋਗ ਹੈ, ਉਹ ਹੈ : ਉਨ੍ਹਾਂ ਦੀ ਅਧਿਐਨ ਸਮਰੱਥਾ। ਅਪ੍ਰੈਲ 1929 ਵਿਚ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਤੰਬਰ-ਅਕਤੂਬਰ 1929 ਤੱਕ ਦਾ ਸਮਾਂ ਜੇਲ੍ਹ ਅੰਦਰ ਵੱਖ ਵੱਖ ਐਜੀਟੇਸ਼ਨਾਂ 'ਚ ਬੀਤਿਆਂ ਜਿਸ 'ਚ ਉਨ੍ਹਾਂ ਦੇ ਕਈ ਪਿਆਰੇ ਸਾਥੀ ਸ਼ਹਾਦਤਾਂ ਦੇ ਜ਼ਾਮ ਪੀ ਗਏ।
ਪਰ ਹੈਰਾਨੀ ਭਰੀ ਅਤੇ ਮਾਣ ਕਰਨ ਯੋਗ ਗੱਲ ਇਹ ਹੈ ਕਿ ਇਸ ਸਮੇਂ (ਸਤੰਬਰ-ਅਕਤੂਬਰ 1929) ਤੋਂ ਲੈ ਕੇ ਉਨ੍ਹਾਂ ਦੀ ਸ਼ਹਾਦਤ ਵਾਲੇ ਮਾਣਮੱਤੇ ਦਿਹਾੜੇ, 23 ਮਾਰਚ 1931, ਤੱਕ ਉਹਨਾਂ ਨੇ ਜਿੰਨੀਆਂ ਪੁਸਤਕਾਂ ਦਾ ਬੇਮਿਸਾਲ ਗੰਭੀਰਤਾ ਅਤੇ ਡੂੰਘਾਈ ਨਾਲ ਅਧਿਐਨ ਕੀਤਾ ਉਨ੍ਹਾਂ ਸ਼ਾਇਦ ਅਜੋਕੇ ਯੁੱਗ ਦੇ ਕਈ ਵਿਦਵਾਨ ਪੂਰੀ ਉਮਰ ਨਹੀਂ ਕਰਦੇ। ਆਪਣੀ ਜੇਲ੍ਹ ਡਾਇਰੀ 'ਚ ਉਨ੍ਹਾਂ ਤਕਰੀਬਨ 107 ਸੰਸਾਰ ਪ੍ਰਸਿੱਧ ਲੇਖਕਾਂ ਅਤੇ 43 ਪੁਸਤਕਾਂ ਦੇ ਹਵਾਲੇ ਦੇ ਕੇ ਨੋਟਸ ਲਿਖੇ ਹਨ। ਇਸਤੋਂ ਇਹ ਭਲੀਭਾਂਤ ਸਮਝਿਆ ਜਾ ਸਕਦਾ ਹੈ ਕਿ ਪੁਸਤਕਾਂ ਉਨ੍ਹਾਂ ਨੇ ਕਿਤੇ ਵਧੇਰੇ ਪੜ੍ਹੀਆਂ ਹੋਣਗੀਆਂ।
ਉਨ੍ਹਾਂ ਦੇ ਛੋਟੇ ਪਰ ਸੰਗਰਾਮੀ ਜੀਵਨ ਅਤੇ ਲੋਕ ਮਨਾਂ ਨੂੰ ਝੰਜੋੜਨ 'ਤੇ ਲੋਟੂਆਂ ਨੂੰ ਕੰਬਣੀਆਂ ਛੇੜਨ ਵਾਲੀ ਸ਼ਹਾਦਤ ਨੇ ਲੋਕਾਂ ਦੇ ਸੋਚਣ ਸਮਝਣ ਦੇ ਢੰਗਾਂ 'ਤੇ ਕਿਵੇਂ ਅਸਰ ਪਾਇਆ ਇਸ ਦੀ ਇਕ ਛੋਟੀ ਜਿਹੀ ਮਿਸਾਲ ਸਾਂਝੀ ਕਰਨੀ ਬਣਦੀ ਹੈ। ਇਹਨਾਂ ਸ਼ਹੀਦਾਂ ਖਿਲਾਫ ਗਵਾਹੀ ਦੇਣ ਵਾਲਿਆਂ 'ਚ ਕੋਈ ਹੰਸ ਰਾਜ ਪਾਹਵਾ ਨਾਂਅ ਦਾ ਵਿਅਕਤੀ ਵੀ ਸੀ। ਇਕ ਨਾਮਚੀਨ ਲੇਖਕ ਅਨੁਸਾਰ ਉਸ ਦੇ ਸ਼ਰੀਕੇ ਕਬੀਲੇ ਅਤੇ ਖਾਨਦਾਨ ਵਾਲਿਆਂ ਨੇ ਉਸਦੇ ਇਸ ਗੱਦਾਰੀ ਭਰੇ ਕਾਰੇ ਨੂੰ ਨਫਰਤ ਕਰਨ ਕਰਕੇ ਕਿਸੇ ਵੀ ਨਵਜੰਮੇ ਮੁੰਡੇ ਦਾ ਨਾਂਅ ਹੰਸ ਰਾਜ ਨਹੀਂ ਰੱਖਿਆ। ਇਸ ਦੇ ਉਲਟ, ਅੰਗਰੇਜ਼ ਸਾਮਰਾਜ ਦੇ ਸਮਰਥਕ ਟੱਬਰਾਂ ਦੇ ਨਵੀਂ ਪੀੜ੍ਹੀ ਦੇ ਅਨੇਕਾਂ ਮੁੰਡੇ ਕੁੜੀਆਂ ਵਲੋਂ ਆਪਣੇ ਪਰਵਾਰਕ ਹਿੱਤਾਂ ਦੇ ਉਲਟ ਜਾ ਕੇ ਭਗਤ ਸਿੰਘ ਵਲੋਂ ਅਪਣਾਏ ਅਤੇ ਦਰਸਾਏ ਇਨਕਲਾਬੀ ਵਿਚਾਰਾਂ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰਨ ਦੀਆਂ ਅਣਗਿਣਤ ਮਿਸਾਲਾਂ ਹਨ। ਪਰ ਇਹ ਵੀ ਇਕ ਕਠੋਰ ਸੱਚ ਹੈ ਕਿ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਸੁਪਨਿਆਂ ਦੀ ਪੂਰਤੀ ਅਜੇ ਨਹੀਂ ਹੋਈ ਅਤੇ ਸਮਾਂ ਪੈਣ ਨਾਲ ਹਾਕਮ ਜਮਾਤਾਂ ਉਨ੍ਹਾਂ ਦੇ ਵਿਚਾਰਾਂ ਤੋਂ ਲੋਕਾਂ ਨੂੰ ਵੱਖੋ ਵੱਖਰੇ ਢੰਗ ਤਰੀਕਿਆਂ ਰਾਹੀਂ ਕਾਫੀ ਹੱਦ ਤੱਕ ਥਿੜਕਾਉਣ ਵਿਚ ਵੀ ਸਫਲ ਹੋ ਰਹੀਆਂ ਹਨ।
ਆਪਣੇ ਛੋਟੇ ਪ੍ਰੰਤੂ ਘਟਨਾਵਾਂ ਭਰਪੂਰ ਜੀਵਨ ਦੇ ਅਨੁਭਵਾਂ ਅਤੇ ਅਧਿਐਨ ਤੋਂ ਸ਼ਹੀਦ ਭਗਤ ਸਿੰਘ ਹੁਰੀ ਇਸ ਸਿੱਟੇ 'ਤੇ ਪੁੱਜੇ ਸਨ ਕਿ ਮੌਜੂਦਾ ਦੌਰ ਅੰਦਰ ਸਾਮਰਾਜੀ ਦੇਸ਼ ਦੁਨੀਆਂ ਭਰ ਦੇ ਕੁਦਰਤੀ ਸੋਮਿਆਂ, ਬਿਹਤਰ ਤੋਂ ਬਿਹਤਰੀਨ ਕਿਰਤ ਸ਼ਕਤੀ ਦੀ ਲੁੱਟ ਅਤੇ  ਆਪਣੇ ਕਾਰਖਾਨਿਆਂ 'ਚ ਤਿਆਰ ਮਾਲ ਵੇਚਣ ਲਈ ਸੰਸਾਰ ਦੇ ਸਾਰੇ ਦੇਸ਼ਾਂ 'ਤੇ ਕਾਬਜ਼ ਹਨ ਅਤੇ ਇਹ ਕਬਜ਼ਾ ਬਰਕਾਰ ਰੱਖਣ ਲਈ ਉਹ ਜ਼ੁਲਮੋਂ ਸਿਤਮ 'ਚੋਂ ਉਪਜੇ ਭੈਅ ਦਾ ਵਾਤਾਵਰਣ ਹਰ ਸਮੇਂ ਕਾਇਮ ਰੱਖਣਾ ਚਾਹੁੰਦੇ ਹਨ। ਇਸ ਵਾਸਤੇ ਜੰਗਾਂ ਲਾਈਆਂ ਜਾਂਦੀਆਂ ਹਨ ਅਤੇ ਗੁਲਾਮ ਦੇਸ਼ਾਂ ਦੇ ਕਾਬਲ ਤੇ ਯੋਧੇ ਧੀਆਂ-ਪੁੱਤਾਂ ਨੂੰ ਜੰਗਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਜਿਥੇ ਕਿਸੇ ਵੀ ਦੇਸ਼ 'ਚ ਇਸ ਲੁੱਟ ਚੋਂਘ ਅਤੇ ਅਨਿਆਈ ਗੁਲਾਮੀ ਵਿਰੁੱਧ ਲੋਕਾਂ 'ਚ ਗੁੱਸਾ ਜਾਗਦਾ ਹੈ ਅਤੇ ਲੋਕ ਪ੍ਰਤੀਰੋਧ ਕਰਦੇ ਹਨ, ਉਥੇ ਜਾਲਮ ਢੰਗਾਂ ਰਾਹੀਂ ਲੋਕ ਰੋਹ ਦਬਾਉਣ ਤੋਂ ਬਿਨਾਂ ਲੋਕਾਂ ਨੂੰ ਆਪਸ ਵਿਚ ਬੇਲੋੜੇ ਮੁੱਦਿਆਂ ਉਪਰ ਇਕ ਦੂਜੇ ਵਿਰੁੱਧ ਉਕਸਾ ਕੇ ਭਰਾਮਾਰੂ ਖਾਨਾਜੰਗੀ ਪੈਦਾ ਕੀਤੀ ਜਾਂਦੀ ਹੈ। ਦੂਜਾ ਮਹੱਤਵਪੂਰਨ ਸਿੱਟਾ ਉਨ੍ਹਾਂ ਦਾ ਇਹ ਸੀ ਕਿ ਦੇਸ਼ ਦੀ ਆਜ਼ਾਦੀ ਲਈ ਜੂਝ ਰਹੀਆਂ ਧਾਰਾਵਾਂ 'ਚੋਂ ਇਕ ਧਾਰਾ ਉਹ ਹੈ ਜੋ ਮਨੁੱਖ ਦੀ ਹਰ ਕਿਸਮ ਦੀ ਲੁੱਟ ਅਤੇ ਜ਼ੁਲਮ ਤੋਂ ਮੁਕਤੀ ਲਈ ਜੂਝ ਰਹੀ ਹੈ ਜਿਸਨੂੰ ਆਪਾਂ ਮਜ਼ਦੂਰਾਂ-ਕਿਸਾਨਾਂ-ਮਿਹਨਤਕਸ਼ਾਂ ਦੀ ਨੁਮਾਇੰਦਗੀ ਕਰਦੀ ਧਿਰ ਕਹਿ ਸਕਦੇ ਹਾਂ ਅਤੇ ਉਹ ਆਪ ਇਸ ਧਿਰ ਦਾ ਆਗੂ ਦਸਤਾ ਸਨ। ਦੂਜੀ ਧਿਰ ਸੀ ਭਾਰਤ ਦੇ ਪੂੰਜੀਪਤੀਆਂ ਦੀ ਧਿਰ ਜਿਸ ਦੀ ਅਗਵਾਈ ਉਸ ਸਮੇਂ ਇੰਡੀਅਨ ਨੈਸ਼ਨਲ ਕਾਂਗਰਸ ਕਰਦੀ ਸੀ। ਭਾਰਤ ਦੀਆਂ ਸਾਰੀਆਂ ਪੂੰਜੀਪਤੀ ਜਗੀਰੂ ਪਾਰਟੀਆਂ ਨੂੰ ਆਪਾਂ ਇਸੇ ਧਿਰ ਦਾ ਅਜੋਕਾ ਰੂਪ ਸਮਝ ਸਕਦੇ ਹਾਂ। ਇਸ ਦੂਜੀ ਧਿਰ ਦਾ ਅੰਗਰੇਜ਼ ਸਾਮਰਾਜ ਨਾਲ ਮੁੱਖ ਵਿਰੋਧ ਮਨੁੱਖੀ ਅਤੇ ਕੁਦਰਤੀ ਸਾਧਨਾਂ ਦੀ ਲੁੱਟ ਹਮੇਸ਼ਾਂ ਲਈ ਖਤਮ ਕਰਨ ਦੇ ਪੱਖ ਤੋਂ ਨਹੀਂ ਬਲਕਿ ਸਾਰੇ ਵਸੀਲਿਆਂ ਦੀ ਲੁੱਟ ਦਾ ਮਾਲ ਅੰਗਰੇਜਾਂ ਦੀ ਥਾਂ ਆਪ ਹੜੱਪਣ ਤੱਕ ਹੀ ਸੀ। ਯਾਦ ਰੱਖਣਯੋਗ ਹੈ ਕਿ ਆਪਣੇ ਖਾਸੇ ਦੇ ਅਨੁਸਾਰ ਹੀ ਇਹ ਦੂਜੀ ਧਿਰ ਜਿੰਨੀ ਸਾਮਰਾਜ ਦੇ ਖਿਲਾਫ ਸੀ, ਉਸ ਤੋਂ ਕਿਤੇ ਜ਼ਿਆਦਾ ਇਹ ਸਾਮਰਾਜ ਦਾ ਵਿਰੋਧ ਕਰਨ ਵਾਲੀ ਪਹਿਲੀ ਧਿਰ ਭਾਵ ਮਜ਼ਦੂਰਾਂ ਕਿਸਾਨਾਂ ਮਿਹਨਤੀਆਂ ਦੀ ਹਕੀਕੀ ਨੁਮਾਇੰਦਾ ਧਿਰ ਦੇ ਵਿਰੁੱਧ ਸੀ ਅਤੇ ਪਹਿਲੀ ਧਿਰ ਦੀ ਚੜ੍ਹਤ ਤੋਂ ਡਰਦਿਆਂ ਇਹ ਕਿਸੇ ਵੀ ਹੱਦ ਤੱਕ ਜਾ ਸਕਦੀ ਸੀ ਅਤੇ ਗਈ। ਅੱਜ ਸਾਮਰਜ ਪੱਖੀ ਸ਼ਕਤੀਆਂ ਭਗਤ ਸਿੰਘ ਹੁਰਾਂ ਦੀ ਸ਼ਹਾਦਤ ਦੇ 84 ਸਾਲ ਤੇ ਉਨ੍ਹਾਂ ਦੇ ਜਨਮ ਦੇ 107 ਸਾਲਾਂ ਬਾਅਦ, ਸਾਰੇ ਨੀਤੀਗਤ ਫੈਸਲੇ ਆਪਣੇ ਹਿਤਾਂ ਲਈ ਖੁਦ ਬਣਾਈਆਂ ਨਵਉਦਾਰਵਾਦੀ ਨੀਤੀਆਂ ਰਾਹੀਂ ਨਵਬਸਤੀਵਾਦੀ ਢੰਗ ਤਰੀਕੇ ਅਪਣਾ ਕੇ ਲਾਗੂ ਕਰਵਾ ਰਹੇ ਹਨ। ਜਿਸ ਦੇ ਸਿੱਟੇ ਵਜੋਂ ਭਾਰਤ ਦੇ ਕੁਦਰਤੀ ਸੋਮਿਆਂ; ਬਿਹਤਰਨੀਨ ਮਨੁੱਖੀ ਸ਼ਕਤੀ ਦੀ ਲੁੱਟ ਬਦਸਤੂਰ ਜਾਰੀ ਹੈ। ਆਜ਼ਾਦੀ ਪ੍ਰਾਪਤੀ ਤੋਂ 68 ਸਾਲ ਬਾਅਦ ਵੀ ਲੋਕ ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ, ਭੁਖਮਰੀ, ਆਦਿ ਦਾ ਸ਼ਿਕਾਰ ਹਨ। ਮਿਆਰੀ ਸਿਹਤ ਸਹੂਲਤਾਂ, ਇਕਸਾਰ ਸਿੱਖਿਆ, ਪੀਣ ਵਾਲਾ ਸਾਫ ਪਾਣੀ, ਸਿਰਾਂ 'ਤੇ ਮਾਕੂਲ ਛੱਤ, ਸਾਫ ਆਲਾ ਦੁਆਲਾ ਆਦਿ ਸਹੂਲਤਾਂ ਨਿੱਜੀਕਰਣ-ਵਪਾਰੀਕਰਣ ਦੀ ਪ੍ਰਕਿਰਿਆ ਤਹਿਤ ਲੋਕਾਂ ਤੋਂ ਖੁਸਦੀਆਂ ਜਾ ਰਹੀਆਂ ਹਨ। ਸਮੁੱਚੇ ਰੂਪ ਵਿਚ ਵਸੋਂ ਦੇ ਬਹੁਤ ਵੱਡੇ ਭਾਗ ਦਾ ਜੀਵਨ ਪੱਧਰ ਥੱਲੇ ਡਿੱਗਿਆ ਹੈ ਅਤੇ ਦਿਨੋ ਦਿਨ ਹੋਰ ਥੱਲੇ ਡਿੱਗਦਾ ਜਾ ਰਿਹਾ ਹੈ। ਸਾਮਰਾਜੀ ਦਖਲਅੰਦਾਜ਼ੀ ਪਲ ਪਲ ਵੱਧਦੇ ਜਾਣ ਅਤੇ ਨੀਤੀ ਨਿਰਧਾਰਣ ਵਿਚ ਫੈਸਲਾਕੁੰਨ ਭੂਮਿਕਾ ਤੱਕ ਪੁੱਜਦੇ ਜਾਣ ਦੇ ਬਾਵਜੂਦ ਜਨਸਧਾਰਨ ਵਿਚ ਸਾਮਰਾਜ ਵਿਰੋਧੀ ਚੇਤਨਾ ਵੱਧਣ ਦੀ ਥਾਂ ਘੱਟਣ ਦੇ ਹਾਕਮ ਜਮਾਤਾਂ ਦੇ ਮੰਸੂਬੇ ਹਾਲ ਦੀ ਘੜੀ ਸਫਲ ਹੋ ਰਹੇ ਹਨ। ਇਹ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।
ਸਾਮਰਾਜੀ ਸਾਜਿਸ਼ਾਂ ਦੀ ਪੂਰਤੀ ਦੇ ਸਭ ਤੋਂ ਵੱਡੇ ਹਥਿਆਰ ਲੋਕਾਂ ਨੂੰ ਫਿਰਕੂ, ਜਾਤੀਵਾਦੀ, ਭਾਸ਼ਾਈ, ਇਲਾਕਾਵਾਦ ਅਤੇ ਅੰਧਰਾਸ਼ਟਰਵਾਦ ਵਰਗੇ ਮੁੱਦਿਆਂ 'ਤੇ ਉਕਸਾ ਕੇ ਉਨ੍ਹਾਂ ਦੀ ਲੁੱਟ ਰਹਿਤ ਹਕੀਕੀ ਵਿਕਾਸ ਦੇ ਸੰਘਰਸ਼ਾਂ ਲਈ ਅਤੀ ਜ਼ਰੂਰੀ ਜਮਾਤੀ ਚੇਤਨਾ ਨੂੰ ਖੁੰਢੇ ਕਰਨਾ ਹੈ। ਇਹ ਸਥਿਤੀ ਸਾਮਰਾਜ ਨਾਲ ਜਮਾਤੀ ਭਾਈਵਾਲੀ ਪਾਈ ਬੈਠੇ ਅੱਜ ਦੇ ਭਾਰਤੀ ਹਾਕਮਾਂ (ਵੱਡੇ ਪੂੰਜੀਪਤੀਆਂ ਅਤੇ ਜਗੀਰਦਾਰਾਂ) ਨੂੰ ਵੀ ਬੜੀ ਸੁਖਾਉਂਦੀ ਹੈ।
ਇਸ ਨੂੰ ਇਕ ਦੁਖਦਾਈ ਪੱਖ ਵਜੋਂ ਹੀ ਦੇਖਿਆ ਜਾਣਾ ਚਾਹੀਦਾ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਵਲੋਂ ਫਿਰਕੂ ਫੁਟਪਾਊ ਤਾਕਤਾਂ ਪ੍ਰਤੀ ਸੁਚੇਤ ਹੋਣ ਦੀ ਦਿੱਤੀ ਗਈ ਚਿਤਾਵਨੀ ਪ੍ਰਤੀ ਸਮਝਦਾਰੀ ਦਾ ਠੀਕ ਲੀਹਾਂ 'ਤੇ ਵਿਕਾਸ ਨਹੀਂ ਹੋ ਰਿਹਾ। ਭਗਤ ਸਿੰਘ ਹੁਰਾਂ ਦੀ ਸਰਗਰਮੀ ਦੇ ਸਿਖਰ ਦੇ ਸਾਲਾਂ ਸਮੇਂ ਹੋਂਦ ਵਿਚ ਆਏ ਆਰ.ਐਸ.ਐਸ. ਨੇ ਉਸ ਸਮੇਂ ਭਗਤ ਸਿੰਘ ਹੁਰਾਂ ਨੂੰ ਅਪਰਾਧੀ ਚਿਤਵਿਆ ਸੀ ਅਤੇ ਕਿਹਾ ਸੀ ਕਿ ਅੰਗਰੇਜ਼ ਸਾਮਰਾਜ ਦੇ ਖਿਲਾਫ ਲੜਨ 'ਚ ਸ਼ਕਤੀ ਨਾਂ ਜਾਇਆ ਕਰੋ ਬਲਕਿ ਮੁਸਲਮਾਨਾਂ-ਈਸਾਈਆਂ-ਸਿੱਖਾਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੇ ਸਫਾਏ 'ਚ ਜੁਟ ਜਾਓ। ਅੱਜ ਭਗਤ ਸਿੰਘ ਦੇ 107ਵੇਂ ਜਨਮ ਦਿਵਸ ਸਮੇਂ ਇਹੀ ਆਰ.ਐਸ.ਐਸ. ਜੋ ਭਗਤ ਸਿੰਘ ਨੂੰ ਉਦੋਂ ਅਪਰਾਧੀ ਗਰਦਾਨਦਾ ਸੀ; ਸ਼ਹੀਦਾਂ ਦੀ ਲੋਕਪ੍ਰਿਅਤਾ ਅੱਜ ਵੀ ਉਸੇ ਤਰ੍ਹਾਂ ਕਾਇਮ ਰਹਿਣ ਤੋਂ ਬੌਖਲਾਕੇ ਉਨ੍ਹਾਂ ਦੀ ਵਿਚਾਰਧਾਰਾ 'ਚ ਖੋਟ ਪਾਉਣ ਲਈ ਉਨ੍ਹਾਂ ਦੇ ਜਨਮ ਦਿਨ ਅਤੇ ਸ਼ਹੀਦੀ ਦਿਹਾੜਿਆਂ ਮੌਕੇ ਸਮਾਗਮ ਕਰਨ ਦੇ ਰਾਹ ਪੈ ਗਿਆ ਹੈ ਅਤੇ ਅਜਿਹੇ ਸਮਾਗਮਾਂ ਦੀ ਸ਼ਹੀਦਾਂ ਦੀ ਵਿਚਾਰਧਾਰਾ ਦੇ ਐਨ ਉਲਟ ਘੱਟ ਗਿਣਤੀਆਂ ਵਿਰੁੱਧ ਕੂੜ ਪ੍ਰਚਾਰ; ਸਿੱਖਿਆ ਅਤੇ ਇਤਿਹਾਸ ਨੂੰ  ਮੱਧਯੁਗੀਨ ਗੈਰ ਵਿਗਿਆਨਕ ਸਥਾਪਨਾਵਾਂ ਅਨੁਸਾਰ ਪੁੱਠਾ ਗੇੜਾ ਦੇਣ, ਸਥਾਪਤ ਅਗਾਂਹਵਧੂ ਤੇ ਸੈਕੂਲਰ ਮਾਨਤਾਵਾਂ ਦੀ ਆਪਣੇ ਹਿਤਾਂ ਅਨੁਸਾਰ ਵਿਆਖਿਆ ਆਦਿ ਵੱਲ ਸੇਧਤ ਕਰਨ ਲਈ ਵਰਤੋਂ ਕਰ ਰਿਹਾ ਹੈ।
ਦੇਸ਼ ਦੇ ਲੁੱਟੇ ਜਾ ਰਹੇ ਵਰਗਾਂ ਨੇ ਆਪਣੀ ਹੋਣੀ ਆਪ ਸਿਰਜਣ ਵੱਲ ਵਧਦੇ ਹੋਏ ਜੇ ਹਰ ਕਿਸਮ ਦੀ ਲੁੱਟ ਚੋਂਘ ਤੋਂ ਮੁਕਤੀ ਪ੍ਰਾਪਤ ਕਰਨੀ ਹੈ ਤਾਂ ਭਗਤ ਸਿੰਘ ਦੇ ਜੀਵਨ, ਅਧਿਐਨ, ਕੁਰਬਾਨੀ 'ਚੋਂ ਉਭਰੇ ਉਕਤ ਨੁਕਤੇ, ਸਾਡਾ ਸਭ ਤੋਂ ਪਹਿਲਾਂ ਅਤੇ ਡੂੰਘਾ ਧਿਆਨ ਮੰਗਦੇ ਹਨ। ਫੇਰ ਹੀ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਵੱਲ ਅੱਗੇ ਵੱਧਣ ਬਾਰੇ ਸੋਚਿਆ ਜਾ ਸਕਦਾ ਹੈ।

No comments:

Post a Comment