Saturday, 5 September 2015

ਪਾਵਰਕਾਮ ਠੇਕਾ ਕਾਮਿਆਂ ਦੀ ਲੂੰ-ਕੰਡੇ ਖੜੇ ਕਰਨ ਵਾਲੀ ਦਾਸਤਾਨ ਨਵਉਦਾਰਵਾਦੀ ਨੀਤੀਆਂ ਦੀ ਕਰੂਰ ਉਦਾਹਰਣ

ਆਪਾਂ ਸਭਨਾ ਨੂੰ ਸਮਾਜ ਵਿਚ ਵਿਚਰਦਿਆਂ ਅਕਸਰ ਹੀ ਖੁਸ਼ੀ ਗਮੀ ਦੇ ਮੌਕਿਆਂ 'ਤੇ ਜਾਣਾ ਪੈਂਦਾ ਹੈ। ਗਮੀ ਦੇ ਭੋਗਾਂ 'ਤੇ ਰਸਮੀ ਦੁੱਖ ਵੰਡਾਊ ਗੱਲਾਂ ਹੁੰਦੀਆਂ ਹਨ। ਮਰਨ ਵਾਲੇ ਬਾਰੇ ਚੰਗੀਆਂ ਯਾਦਾਂ ਤੋਂ ਸ਼ੁਰੂ ਹੋਈ ਲੜੀ ਅਖੀਰ ਪਰਵਾਰਕ ਜਾਣਕਾਰੀਆਂ ਦੇ ਵਟਾਂਦਰੇ ਨਾਲ ਖਤਮ ਹੋ ਜਾਂਦੀ ਹੈ। ਪਰ ਕੁੱਝ ਅਨਿਆਈਆਂ ਮੌਤਾਂ ਦੇ ਭੋਗ ਮਨ 'ਤੇ ਸਦੀਵੀਂ ਛਾਪ ਛੱਡ ਜਾਂਦੇ ਹਨ। ਅਜਿਹਾ ਹੀ ਕੁੱਝ ਪਿਛਲੇ ਦਿਨੀਂ ਮੇਰੇ ਨਾਲ ਵੀ ਹੋਇਆ ਜੋ ਮੈਂ 'ਸੰਗਰਾਮੀ ਲਹਿਰ' ਦੇ ਸੂਝਵਾਨ ਪਾਠਕਾਂ ਰਾਹੀਂ ਵਧੇਰੇ ਗਿਣਤੀ ਪੰਜਾਬਵਾਸੀਆਂ ਤੱਕ ਪੁਚਾਉਣਾ ਚਾਹੁੰਦਾ ਹਾਂ। ਲੰਘੀ 30 ਜੂਨ ਨੂੰ ਬਠਿੰਡਾ ਸ਼ਹਿਰ ਦੀ ਪਾਸ਼ ਕਲੋਨੀ ਕਮਲਾ ਨਹਿਰੂ ਨਗਰ ਵਿਖੇ ਨੇੜਲੇ ਪਿੰਡ ਕੋਟਫੱਤਾ ਦਾ ਵਾਸੀ 24 ਸਾਲਾ ਗੱਭਰੂ ਸੰਦੀਪ ਸਿੰਘ ਜੋ ਪਾਵਰਕਾਮ ਵਿਚ ਠੇਕਾ ਅਧੀਨ ਕਰਮਚਾਰੀ ਸੀ; ਕਰੰਟ ਲੱਗ ਕੇ ਮਰ ਗਿਆ। ਹੋਇਆ ਇੰਝ ਕਿ ਜਿੰਨ੍ਹਾ ਤਾਰਾਂ (ਸਪਲਾਈ ਕੇਬਲਜ਼) ਦੀ ਉਹ ਰੀਪੇਅਰ ਕਰ ਰਿਹਾ ਸੀ ਉਨ੍ਹਾਂ ਦੀ ਸਪਲਾਈ ਤਾਂ ਮੇਨ ਫੀਡਰ ਤੋਂ ਕੱਟੀ ਹੋਈ ਸੀ ਪਰ ਉਨ੍ਹਾਂ ਦੇ ਉਪਰੋਂ ਦੀ ਲੰਘਦੀਆਂ ਵਧੇਰੇ ਸ਼ਕਤੀਸ਼ਾਲੀ (ਹਾਈ ਵੋਲਟੇਜ਼ ਕੇਬਲਜ਼) ਤਾਰਾਂ ਦੀ ਸਪਲਾਈ ਉਸ ਤਰ੍ਹਾਂ ਚਾਲੂ ਸੀ। ਸੰਦੀਪ ਦੀ ਕੰਮ ਕਰਦੇ ਦੀ ਗਰਦਨ ਮਾਮੂਲੀ ਜਿਹੀ ਉਪਰਲੀਆਂ ਤਾਰਾਂ ਦੇ ਕੋਲ ਦੀ ਲੰਘੀ ਕਿ ਬਿਜਲੀ ਨੇ ਆਪਣਾ ਕੰਮ ਕਰ ਦਿੱਤਾ। ਪਲ ਛਿਣ ਵਿਚ ਹੀ ਕੜੀ ਵਰਗਾ ਗੱਭਰੂ ਲੋਥ ਵਿਚ ਬਦਲ ਗਿਆ। ਸੰਦੀਪ ਦੇ ਵਿਆਹ ਨੂੰ ਅਜੇ ਕੁੱਝ ਹੀ ਮਹੀਨੇ ਹੋਏ ਸਨ। ਸੰਦੀਪ ਸਿੰਘ ਦਾ ਪਿੰਡ ਕੋਟਫੱਤਾ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਪੁਰਖਿਆਂ ਵਲੋਂ ਆਬਾਦ ਕੀਤੇ ਨਾਮਚੀਨ ਪਿੰਡਾਂ 'ਚੋਂ ਇਕ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਬਠਿੰਡਾ ਦਿਹਾਤੀ (ਰੀਜ਼ਰਵ) ਦਾ ਮੌਜੂਦਾ ਵਿਧਾਇਕ ਵੀ ਇਸੇ ਪਿੰਡ ਦਾ ਵਸਨੀਕ ਹੈ। ਪਰ ਹਾਕਮ ਧਿਰ ਨਾਲ ਸਬੰਧਤ ਕਿਸੇ ਵਲੋਂ ਵੀ ਇਸ ਨੌਜਵਾਨ ਦੇ ਭੋਗ 'ਤੇ ਪੁੱਜਣਾ ਮੁਨਾਸਿਬ ਨਹੀਂ ਸਮਝਿਆ ਗਿਆ। ਸਿਤਮ ਜ਼ਰੀਫੀ ਇਹ ਕਿ ਪਾਵਰਕਾਮ ਦਾ ਕੋਈ ਅਧਿਕਾਰੀ ਵੀ ਪਰਿਵਾਰ ਦਾ ਦੁੱਖ ਵੰਡਾਉਣ ਨਹੀਂ ਪੁੱਜਿਆ। ਸਭ ਤੋਂ ਅਫਸੋਸਨਾਕ ਗੱਲ ਇਹ ਵੀ ਹੈ ਕਿ ਪਾਵਰਕਾਮ ਵਿਚ ਅਧਿਕਾਰਾਂ ਲਈ ਤਕਰੀਬਨ ਹਰ ਰੋਜ ਹੀ ਸੰਘਰਸ਼ ਕਰ ਰਹੇ ਬਿਜਲੀ ਕਾਮਿਆਂ ਦੀਆਂ ਬਾ-ਵਕਾਰ ਜਥੇਬੰਦੀਆਂ ਦਾ ਕੋਈ ਆਗੂ ਵੀ  ਇਸ ਕੱਚੇ ਕਰਮਚਾਰੀ ਲਈ ਹਾਅ ਦਾ ਨਾਅਰਾ ਮਾਰਨ ਨਹੀਂ ਪੁੱਜਿਆ। ਅਣਹੱਕੀ ਮੌਤ ਮਰੇ ਸੰਦੀਪ ਦੇ ਪਰਵਾਰ ਨੂੰ ਨਾ ਹੀ ਕੋਈ ਮੁਆਵਜ਼ਾ ਮਿਲਿਆ ਅਤੇ ਨਾ ਹੀ ਕੋਈ ਹੋਰ ਮੁੜ ਵਸੇਬਾ ਲਾਭ ਮਿਲਿਆ ਜਿਸ ਨਾਲ ਗਮਜ਼ਦਾ ਪਰਵਾਰ ਮੁੜ ਪੈਰਾਂ ਸਿਰ ਹੋ ਸਕੇ।
12 ਜੁਲਾਈ ਨੂੰ ਇਕ ਹੋਰ ਮੰਦਭਾਗੀ ਘਟਨਾ ਵਾਪਰੀ। ਪੰਜਾਬ ਦੇ ਮੁੱਖ ਮੰਤਰੀ ਦੇ ਆਪਣੇ ਪਿੰਡ ਬਾਦਲ ਦਾ ਗੱਭਰੂ ਬਲਬੀਰ ਸਿੰਘ ਨੇੜਲੇ ਪਿੰਡ ਮਹਿਣਾ ਵਿਖੇ ਅਜਿਹਾ ਹੀ ਕੰਮ ਕਰਦੇ ਸਮੇਂ ਮੌਤ ਦੇ ਮੂੰਹ ਜਾ ਪਿਆ। ਹਾਲਾਤ ਦਾ ਘਟੀਆ ਮਜਾਕ ਦੇਖੋ। ਬਾਦਲ ਪਿੰਡ ਜੰਮਿਆ ਸੁਖਬੀਰ ਸਿੰਘ ਬਾਦਲ ਹਰ ਵੇਲੇ ਹਰ ਥਾਂ ਦਮਗੱਜੇ ਮਾਰਦਾ ਫਿਰਦਾ ਹੈ ਕਿ ਬਿਜਲੀ ਵਾਧੂ ਪੈਦਾ ਕਰਕੇ ਗੁਆਂਢੀ ਦੇਸ਼ਾਂ ਨੂੰ ਵੇਚਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ। ਪਰ ਇਸੇ ਪਿੰਡ ਦੇ ਗਰੀਬ ਪਰਵਾਰ ਦਾ ਮੁੰਡਾ ਪਾਵਰਕਾਮ ਦਾ ਕੰਮ ਕਰਦਾ ਹਾਦਸਾਗ੍ਰਸਤ ਹੋ ਕੇ ਜਹਾਨੋਂ ਕੂਚ ਕਰ ਗਿਐ ਅਤੇ ਉਸ ਦੇ ਬਾਕੀ ਰਹਿੰਦੇ ਪਰਵਾਰ ਦੀ ਕੋਈ ਬਾਤ ਨਹੀਂ ਪੁੱਛ ਰਿਹਾ।
ਪਿੰਡ ਉਭਾ (ਮਾਨਸਾ) ਦੇ ਗੱਭਰੂ ਜ਼ੋਰਾ ਸਿੰਘ ਦੀ ਹੋਣੀ ਵੀ ਕੋਈ ਵੱਖਰੀ ਨਹੀਂ। ਪਾਵਰਕਾਮ ਦੇ ਸਥਾਨਕ ਅਧਿਕਾਰੀਆਂ ਨੇ ਉਸਨੂੰ ਘਰੋਂ ਬੁਲਾ ਕੇ ਕਿਸੇ ਨਿੱਜੀ ਵਿਦਿਅਕ ਸੰਸਥਾ ਦੀ ਬੰਦ ਪਈ ਬਿਜਲੀ ਚਾਲੂ ਕਰਨ ਲਈ ਭੇਜ ਦਿੱਤਾ। ਜਿਥੋਂ ਥੋੜ੍ਹੇ ਸਮੇਂ ਬਾਅਦ ਉਸ ਦਾ ਮੁਰਦਾ ਜਿਸਮ ਹੀ ਪਰਤਿਆ। ਜੋਰਾ ਸਿੰਘ ਦੀ ਮੌਤ (ਜਾਂ ਕੁਪ੍ਰਬੰਧਾਂ ਦੇ ਕਤਲ) ਦੀ ਤਾਂ ਕੋਈ ਪੁਲਸ ਰਿਪੋਰਟ ਜਾਂ ਮੁੱਢਲੀ ਕਾਗਜੀ ਕਾਰਵਾਈ ਵੀ ਨਹੀਂ ਹੋਈ।
ਆਹਲੂਪੁਰ (ਨੇੜੇ ਸਰਦੂਲਗੜ੍ਹ) ਦੇ ਨੌਜਵਾਨ ਚੰਨ ਸਿੰਘ ਅਤੇ ਲੱਕੜਵਾਲੀ (ਹਰਿਆਣਾ) ਵਾਸੀ ਚੰਨਾ ਉਰਫ ਮਨਜੀਤ ਵੀ ਲੋਕਾਂ ਦੇ ਘਰਾਂ 'ਚ ਚਾਨਣ ਕਰਨ ਲਈ ਗਏ ਪਰ ਮੌਤ ਦੀ ਗੋਦ ਸਮਾ ਗਏ ਅਤੇ ਪਿਛੋਂ ਉਹਨਾਂ ਦੇ ਖੁਦ ਦੇ ਘਰਾਂ 'ਚ ਘੁੱਪ ਹਨੇਰਾ ਹੈ।
ਇਹ ਅਜਿਹੀਆਂ ਮੌਤਾਂ ਦੀਆਂ ਕੁੱਝ ਕੁ ਮਿਸਾਲਾਂ ਹਨ ਪਰ ਅਸਲ ਵਿਚ ਇਹੋ ਜਿਹੀਆਂ ਮੌਤਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਹਰੇਕ ਸਬ ਡਿਵੀਜ਼ਨ 'ਚ ਹਰ ਰੋਜ ਹੋ ਰਹੀਆਂ ਹਨ ਅਤੇ ਪਾਵਰ ਕਾਰਪੋਰੇਸ਼ਨ ਦੇ ਕਰਤੇ-ਧਰਤੇ ਬੇਰੋਜ਼ਗਾਰ ਨੌਜਵਾਨਾਂ ਦੀਆਂ ਜਿੰਦਗੀਆਂ ਨਾਲ ਨਿਰਦਈ ਖਿਲਵਾੜ ਬੇਰੋਕ ਜਾਰੀ ਰੱਖ ਰਹੇ ਹਨ।
ਸਾਰੀਆਂ ਮੌਤਾਂ ਸਬੰਧੀ ਕੁੱਝ ਦੁਖਦਾਈ ਤੱਥ ਸਾਂਝੇ ਹਨ ਜੋ ਪੜ੍ਹਨ ਸੁਣਨ ਵਾਲਿਆਂ ਦਾ ਤੁਰੰਤ ਧਿਆਨ ਮੰਗਦੇ ਹਨ। (ੳ) ਇਹ ਮਰਨ ਵਾਲੇ ਬੇਰੁਜ਼ਗਾਰੀ/ਗਰੀਬੀ ਦੇ ਸਤਾਏ ਗੱਭਰੂ ਪਾਵਰਕਾਮ ਵਿਚ ਠੇਕੇ ਅਧੀਨ ਵੀ ਕੰਮ ਕਰਦੇ ਹਨ ਅਤੇ ਪੂੰਜੀਵਾਦੀ ਯੁਗ ਦੀ ਪੈਦਾਇਸ਼ ਕਿਰਤੀਆਂ ਦੀ ਖੁੱਲ੍ਹੀ ਮੰਡੀ 'ਚੋਂ ਲੋੜ ਅਨੁਸਾਰ ਵੀ ਬੁਲਾਏ ਜਾਂਦੇ ਹਨ ਭਾਵ ਹਾਇਰ ਐਂਡ ਫਾਇਰ ਪ੍ਰਣਾਲੀ ਦੇ ਕਿਰਤੀ ਹਨ (ਅ) ਅਤੀ ਸੰਵੇਦਨਸ਼ੀਲ ਅਤੇ ਖਤਰਨਾਕ ਥਾਵਾਂ 'ਤੇ ਕੰਮ ਦੀ ਇਨ੍ਹਾਂ ਨੂੰ ਕੋਈ ਬਾਕਾਇਦਾ ਵਿਭਾਗੀ ਸਿਖਲਾਈ ਨਹੀਂ ਦਿੱਤੀ ਜਾਂਦੀ (ੲ) ਪੁਰਾਣੇ ਬਿਜਲੀ ਬੋਰਡ ਅਤੇ ਹੁਣ ਦੀ ਪਾਵਰਕਾਮ ਦੇ ਕਾਮੇ ਜਦੋਂ ਸਪਲਾਈ ਸੁਚਾਰੂ ਜਾਰੀ ਰੱਖਣ ਦੇ ਕੰਮਾਂ (Maintainence Work) ਤੇ ਜਾਂਦੇ ਹਨ ਤਾਂ ਬਿਜਲੀ ਵਿਭਾਗ ਦੀ ਭਾਸ਼ਾ ਵਿਚ ਇਨ੍ਹਾਂ ਦਾ ਪਰਮਿਟ (Permit) ਕੱਟਿਆ ਜਾਂਦਾ ਹੈ ਭਾਵ ਕਿਹੜਾ ਬੰਦਾ, ਕਿਸ ਥਾਂ; ਕਿਸ ਕਿਸਮ ਦਾ ਕੰਮ ਕਰਨ ਗਿਆ ਹੈ ਆਦਿ ਦਾ ਰੀਕਾਰਡ ਰੱਖਿਆ ਜਾਂਦਾ ਹੈ ਤਾਂਕਿ ਜੇ ਕੰਮ ਦੌਰਾਨ ਕੋਈ ਦੁਰਘਟਨਾ ਵਾਪਰ ਜਾਵੇ ਤਾਂ ਨਕਾਰਾ ਹੋਣ ਜਾਂ ਮਾਰੇ ਜਾਣ ਦੀ ਸੂਰਤ ਵਿਚ ਪਰਵਾਰ ਦਾ ਜੂਨ ਗੁਜ਼ਾਰਾ ਕੀਤੇ ਜਾਣ ਦੀ ਘੱਟੋ ਘੱਟ ਗਰੰਟੀ ਹੋ ਸਕੇ। ਪਰ ਉਪਰੋਕਤ ਬੇਮੌਤ ਮਾਰੇ ਗਏ ਕਾਮਿਆਂ ਨੂੰ ਇਸ ਵਿਭਾਗੀ ਪ੍ਰਕਿਰਿਆ ਦੇ ਲਾਇਕ ਨਹੀਂ ਸਮਝਿਆ ਜਾਂਦਾ। (ਸ) ਸਥਾਪਤ ਮਾਪਦੰਡਾਂ ਅਨੁਸਾਰ ਖਤਰਨਾਕ ਪੁਆਇੰਟਸ 'ਤੇ ਕੰਮ ਕਰਨ ਵੇਲੇ ਨਵੇਂ (ਕੱਚੇ ਜਾਂ ਠੇਕਾ ਅਧੀਨ) ਕਾਮਿਆਂ ਕੋਲ ਨਿਗਰਾਨੀ ਅਤੇ ਮਾਰਗਦਰਸ਼ਨ ਲਈ ਅਤੀ ਸਿੱਖਿਅਤ ਤਜ਼ਰਬੇਕਾਰ ਅਧਿਕਾਰੀਆਂ/ਕਰਮਚਾਰੀਆਂ ਦਾ ਰਹਿਣਾ ਅਤੀ ਜ਼ਰੂਰੀ ਹੈ ਪਰ ਮਾਰੇ ਗਏ ਕੱਚੇ ਕਾਮਿਆਂ ਦੇ ਸੰਦਰਭ ਵਿਚ ਇਹ ਨਿਯਮ ਪੂਰੀ ਤਰ੍ਹਾਂ ਛਿੱਕੇ ਟੰਗ ਦਿੱਤਾ ਗਿਆ। (ਹ) ਕਿਸੇ ਵੀ ਕੱਚੇ ਕਾਮੇ ਕੋਲ ਅਤੀ ਆਧੁਨਿਕ ਟੂਲ ਕਿੱਟ (ਸੰਦਾਂ ਵਾਲਾ ਟਰੰਕ) ਜਾਂ ਫਸਟ ਏਡ ਬਾਕਸ ਨਹੀਂ ਹੁੰਦਾ। (ਕ) ਕਿਸੇ ਦਾ ਕੋਈ ਕਿਸੇ ਵੀ ਕਿਸਮ ਦਾ ਬੀਮਾ ਨਹੀਂ ਕੀਤਾ ਹੋਇਆ। (ਖ) ਬਿਜਲੀ ਖਪਤਕਾਰ ਨੁਕਸ ਦੂਰ ਕਰਵਾਉਣ ਲਈ (ਖਾਸ ਕਰ ਪੀਕ ਸੀਜਨ ਵਿਚ) ਪੈਸੇ ਇਕੱਠੇ ਕਰਕੇ ਰੀਪੇਅਰ ਕਰਾਉਂਦੇ ਹਨ; ਰੀਪੇਅਰ ਕੱਚਾ ਕਾਮਾ ਕਰੇ ਜਾਂ ਪੱਕਾ ਇਸ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਕੋਟਫੱਤਾ ਵਿਖੇ ਸੰਦੀਪ ਦੇ ਭੋਗ 'ਤੇ ਗਿਆਂ ਨੂੰ ਸਾਨੂੰ ਇਸੇ ਪਿੰਡ ਦੇ ਇਕ ਹੋਰ ਠੇਕਾ ਕਿਰਤੀ ਬਾਰੇ ਪਤਾ ਲੱਗਿਆ ਜੋ ਕਿ ਪੱਕੇ ਤੌਰ 'ਤੇ ਨਕਾਰਾ ਹੋ ਚੁੱਕਿਆ ਹੈ। ਉਸਦਾ ਬਾਕੀ ਦਾ ਸਾਰਾ ਜੀਵਨ ਦੂਜਿਆਂ ਦੇ ਰਹਿਮੋਕਰਮ 'ਤੇ ਲੰਘੇਗਾ। ਆਓ ਹੁਣ ਜਖ਼ਮੀਆਂ ਬਾਰੇ ਵੀ ਗੱਲ ਕਰ ਲਈਏ।
ਸੀਂਗੋ ਪਿੰਡ ਦਾ ਇਕ ਵਿਅਕਤੀ ਇਸੇ ਤਰ੍ਹਾਂ ਹਾਦਸਾਗ੍ਰਸਤ ਹੋ ਕੇ ਕਾਫੀ ਹੱਦ ਤੱਕ ਨਕਾਰਾ ਹੋ ਚੁੱਕਿਆ ਹੈ। ਘੋਖ ਕੀਤਿਆਂ ਪਤਾ ਲੱਗਾ ਕਿ ਇਸ ਨੂੰ ਕਿਸੇ ਪਾਵਰਕਾਮ ਦੇ ਕਰਮਚਾਰੀਆਂ ਨੇ ਨਿਗੂਣੇ ਪੈਸੇ ਦੇ ਕੇ ਆਪਣੀ ਜਗ੍ਹਾ ਕੰਮ 'ਤੇ ਭੇਜਿਆ ਸੀ।
ਧੀਂਗੜ ਪਿੰਡ ਦੇ ਬਦਕਿਸਮਤ ਗੱਭਰੂ ਉਸ ਦਿਨ ਹਾਦਸੇ ਦਾ ਸ਼ਿਕਾਰ ਹੋਏ ਜਿਸ ਦਿਨ ਬੋਰਡ ਕਰਮਚਾਰੀਆਂ ਨੇ ਕਾਰਪੋਰੇਸ਼ਨ ਬਣਾਏ ਜਾਣ ਦੇ ਵਿਰੁੱਧ ਹੜਤਾਲ ਕੀਤੀ ਹੋਈ ਸੀ। ਉਨ੍ਹਾਂ ਬੇਰੋਜ਼ਗਾਰੀ ਦਾ ਫਾਇਦਾ ਲੈਂਦਿਆਂ ਐਸ.ਡੀ.ਓ. ਅਤੇ ਠੇਕੇਦਾਰ ਨੇ ਉਨ੍ਹਾਂ ਨੂੰ ਕੰਮ 'ਤੇ ਭੇਜ ਦਿੱਤਾ ਜਿੱਥੇ ਉਹ ਕੁਲਹਿਣੀ ਦੁਰਘਟਨਾ 'ਚ ਫਸ ਗਏ। ਇਨ੍ਹਾਂ 'ਚੋਂ ਇਕ ਚਰਨਜੀਤ ਪੂਰੇ ਪਝੰਤਰ (75) ਦਿਨ ਕੋਮਾ 'ਚ ਰਹਿ ਕੇ ਮਸੀਂ ਬਚਿਆ। ਇਹ ਨੌਜਵਾਨ ਸਾਲਾਂ ਤੋਂ ਮਨਸੂਈ ਗੁਦਾ ਦਵਾਰ ਰਾਹੀਂ ਆਪਣੀ ਹਾਜਤ ਰਫਾ ਕਰ ਰਿਹੈ ਅਤੇ ਕੁਦਰਤੀ ਰਸਤਾ ਇਲਾਜ ਰਾਹੀਂ ਖੁਲਵਾਉਣ ਜੋਗੇ ਉਸ ਕੋਲ ਪੈਸੇ ਨਹੀਂ। ਇਸਨੇ ਦੱਸਿਆ ਕਿ ਜਿੰਦਾ ਰਹਿਣ ਅਤੇ ਇਲਾਜ ਲਈ ਇਹ ਘਰ ਦੇ ਮਾਲ ਡੰਗਰ, ਮਾੜ-ਮੋਟ ਟੂੰਮਾਂ ਅਤੇ ਹੋਰ ਨਿਕਸੁੱਕ ਵੇਚ ਚੁੱਕਾ ਹੈ; ਪਰ ਤੰਦਰੁਸਤੀ ਅਜੇ ਲੱਖਾਂ ਕੋਹਾਂ ਦੂਰ ਹੈ। ਇਸਦੇ ਨਾਲ ਦੇ ਇਕ ਮਿੱਤਰ ਦੇ ਸਿਰ ਦੀ ਸ਼ਕਲ ਕਰੰਟ ਲੱਗਣ ਨਾਲ ਪੱਕੇ ਤੌਰ 'ਤੇ ਵਿਗੜ ਕੇ ਉਗੜ ਦੁੱਘੜੀ ਪਾਥੀ ਵਰਗੀ ਹੋ ਗਈ ਅਤੇ ਉਸ ਦੀ ਦਿਮਾਗੀ ਤੇ ਜਿਸਮਾਨੀ ਹਾਲਤ ਕੀ ਹੋਵੇਗੀ ਇਹ ਤੁਸੀਂ ਭਲੀਭਾਂਤ ਸਮਝ ਸਕਦੇ ਹੋ।
ਇਸੇ ਤਰ੍ਹਾਂ ਸਰਦੂਲਗੜ੍ਹ ਨੇੜਲੇ ਪਿੰਡ ਰੋੜਕੀ ਦੇ ਦੋ ਭਰਾ ਇਕੋ ਵੇਲੇ ਬਿਜਲੀ ਰੀਪੇਅਰਿੰਗ ਦਾ ਕੰਮ ਕਰਦੇ ਸਮੇਂ ਉੱਚ ਸ਼ਕਤੀਸ਼ਾਲੀ ਕਰੰਟ ਦੀ ਮਾਰ ਹੇਠ ਆ ਗਏ ਜਿਨ੍ਹਾਂ 'ਚ ਇਕ ਉਸ ਵੇਲੇ ਤੋਂ ਮੁਕੰਮਲ ਨਕਾਰਾ ਹੋ ਕੇ ਨਰਕ ਵਰਗੀ ਜੂਨ ਭੋਗ ਰਿਹਾ ਹੈ ਜਦਕਿ ਦੂਜਾ ਜਦੋਂ ਕਿਸੇ ਵੀ ਕਿਸਮ ਦੀ ਮਾਮੂਲੀ ਜਿਹੀ ਵੀ ਜਿਸਮਾਨੀ ਹਰਕਤ ਕਰਦਾ ਹੈ ਤਾਂ ਦੂਰੋ ਖੜਿਆਂ ਨੂੰ ਵੀ ਉਸ ਦੀਆਂ ਹੱਡੀਆਂ ਦਾ ਖੜਕਾ ਡੰਮਰੂ ਵਾਂਗ ਸੁਣਦਾ ਹੈ।
ਇਸ ਸੰਦਰਭ ਵਿਚ ਇਕ ਹੋਰ ਦੁਖਦਾਈ ਘਟਣਾਕ੍ਰਮ ਵੀ ਵਿਚਾਰਨਯੋਗ ਹੈ। ਗ੍ਰੰਥੀ ਸਿੰਘ ਜਾਂ ਪਰਵਾਰ ਦਾ ਦੁੱਖ ਵੰਡਾਉਣ ਆਏ ਕਈ ਸੱਜਣਾਂ ਵਲੋਂ ਅਜੇਹੇ ਹਾਦਸਿਆਂ ਵਿਚ ਮਾਰੇ ਗਏ ਨੌਜਵਾਨਾਂ ਦੇ ਭੋਗਾਂ 'ਤੇ ਇਹ ਵਾਕ ਉਚਾਰਿਆ ਜਾਣਾ ਕਿ ''ਘੱਲੇ ਆਵਹਿ ਨਾਨਕਾ ਸੱਦੇ ਉਠਿ ਜਾਇ' ਕਿਤੇ ਅਜਿਹੀਆਂ ਦੁਰਘਟਨਾਵਾਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਬਰੀ ਕਰਨ ਦੇ ਬਰਾਬਰ ਤਾਂ ਨਹੀਂ। ਜਾਂ ਅਜਿਹੇ ਹਾਦਸਿਆਂ ਲਈ ਜਿੰਮੇਵਾਰ ਦੋਸ਼ੀਆਂ ਨੂੰ  ਬੇਪਰਦ ਨਾ ਕਰਨਾ ਸਿੱਖ ਗੁਰੂਆਂ ਦੇ ਬੇਇਨਸਾਫੀ ਖਿਲਾਫ ਲੜਨ ਦੇ ਲੋਕ ਪੱਖੀ ਸਿਧਾਂਤ ਤੋਂ ਉਲਟ ਵਰਤਾਰਾ ਤਾਂ ਨਹੀਂ। ਉਪਰੋਕਤ ਘਟਨਾਵਾਂ ਦੇ ਸਾਰੇ ਪੱਖ ਸਾਫ ਕਰਨ ਲਈ ਕੁੱਝ ਨੁਕਤੇ ਵਿਚਾਰਨੇ ਅਤੀ ਜ਼ਰੂਰੀ ਹਨ।
1. ਸਾਮਰਾਜੀ ਲੁਟੇਰਿਆਂ ਨਾਲ ਘਿਓ ਖਿਚੜੀ ਭਾਰਤੀ ਹਾਕਮ ਜਮਾਤਾਂ ਕੋਲ ਆਜ਼ਾਦੀ (ਰਾਜਸੀ) ਪ੍ਰਾਪਤੀ ਸਮੇਂ ਇੰਨੇ ਸਾਧਨ ਨਹੀਂ ਸਨ ਕਿ ਉਹ ਆਪਣੇ (ਪੂੰਜੀਵਾਦੀ) ਵਿਕਾਸ ਲਈ ਆਪਣੇ ਦਮ 'ਤੇ ਬੁਨਿਆਦੀ ਸੱਨਅਤਾਂ (ਸਨਅੱਤੀ ਵਿਕਾਸ ਲਈ ਲੋੜੀਂਦੇ ਪਾਵਰ, ਟਰਾਂਸਪੋਰਟ, ਪੈਟਰੋਲੀਅਮ, ਸਟੀਲ, ਸੰਪਰਕ, ਕੋਇਲਾ ਆਦਿ ਉਦਯੋਗ) ਖੜ੍ਹੀਆਂ ਕਰ ਸਕਦੇ। ਇਸ ਲਈ ਉਨ੍ਹਾਂ ਨੇ ਭਾਰਤੀ ਅਵਾਮ ਤੋਂ ਭਾਰੀ ਟੈਕਸ ਉਗਰਾਹ ਕੇ ਇਹ ਉਦਯੋਗ ਜਨਤਕ ਖੇਤਰ ਵਿਚ ਉਸਾਰਨ ਦਾ ਰਾਹ ਅਖਤਿਆਰ ਕੀਤਾ ਜਿਸ ਨਾਲ ਨਾ ਕੇਵਲ ਦੇਸ਼ ਦੀ ਸਵੈਨਿਰਭਰਤਾ ਬਣੀ ਬਲਕਿ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਅਤੇ ਅੱਗੋਂ ਉਨ੍ਹਾਂ ਰੋਜ਼ਗਾਰ ਪ੍ਰਾਪਤ ਕਰਤਾਵਾਂ ਦੀ ਵਧੀ ਖਰੀਦ ਸ਼ਕਤੀ ਨਾਲ ਹੋਰ ਉਦਯੋਗ ਸਥਾਪਤ ਹੋਣ ਦਾ ਵੀ ਰਾਹ ਖੁਲ੍ਹਿਆ। ਪਰ ਅੱਜ ਬਦਲਵੇਂ ਸੰਸਾਰ ਅਤੇ ਘਰੇਲੂ ਹਾਲਾਤਾਂ ਵਿਚ ਇਹੋ ਹਾਕਮ ਜਮਾਤਾਂ ਲੋਕਾਂ ਦੇ ਖੂਨ ਪਸੀਨੇ ਨਾਲ ਉਸਰੇ ਇਨ੍ਹਾਂ ਉਦਯੋਗਾਂ ਨੂੰ ਨਵਉਦਾਰਵਾਦੀ ਨੀਤੀਆਂ ਰਾਹੀਂ ਆਪਣੇ ਕਬਜ਼ੇ ਹੇਠ ਲੈਣਾ ਚਾਹੁੰਦੀਆਂ ਹਨ। ਹਾਕਮ ਜਮਾਤਾਂ ਦੀ ਉਕਤ ਲੋਕ ਵਿਰੋਧੀ ਸਾਜ਼ਿਸ ਨੂੰ ਪੂਰਾ ਕਰਨ ਲਈ ਹਾਕਮ ਵਰਗਾਂ ਦੀਆਂ ਸਭ ਪਾਰਟੀਆਂ ਕੌਮੀ ਜਾਂ ਖੇਤਰੀ, ਸੈਕੂਲਰ ਜਾਂ ਫਿਰਕੂ ਸਾਰੀਆਂ ਇਕ-ਮਿਕ ਹਨ। ਇਸੇ ਰਾਹ 'ਤੇ ਮਨਮੋਹਨ ਸਿੰਘ ਤੁਰਿਆ ਹੋਇਆ ਸੀ ਅਤੇ ਇਸੇ ਰਾਹ ਮੋਦੀ ਐਂਡ ਕੰਪਨੀ ਛੜੱਪੇ ਮਾਰ ਮਾਰ ਅੱਗੇ ਵੱਧ ਰਹੀ ਹੈ।
2. ਉਕਤ ਨਾਪਾਕ ਉਦੇਸ਼ ਦੀ ਪ੍ਰਾਪਤੀ ਲਈ ਹਾਕਮਾਂ ਨੇ ਹਰ ਕਿਸਮ ਦਾ ਕੂੜ ਪ੍ਰਚਾਰ ਕਰਦੇ ਹੋਏ ਜਨਤਕ ਖੇਤਰ ਦੇ ਉਦਯੋਗਾਂ ਨੂੰ ਰੱਜ ਕੇ ਬਦਨਾਮ ਕੀਤਾ ਅਤੇ ਮੰਦੇ ਭਾਗੀਂ ਭਾਰਤੀ ਸਮਾਜ ਦਾ ਵੱਡਾ ਹਿੱਸਾ ਇਸ ਨਾਂਹਪੱਖੀ ਪ੍ਰਚਾਰ ਦੇ ਦੁਰਪ੍ਰਭਾਵ ਹੇਠ ਆ ਕੇ ਇਹ ਸਮਝਣ ਲੱਗ ਪਿਆ ਕਿ ਨਿੱਜੀਕਰਨ ਹੋਣ ਨਾਲ ਬਿਜਲੀ ਅਤੇ ਹੋਰ ਜਨਤਕ ਸੇਵਾਵਾਂ ਵਧੀਆਂ 'ਤੇ ਸਸਤੀਆਂ ਮਿਲਣਗੀਆਂ, ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ ਆਦਿ ਆਦਿ। ਪਰ ਹਕੀਕਤ ਵਿਚ ਜੋ ਕੁੱਝ ਹੋਇਆ ਉਹ ਹੇਠ ਲਿਖੇ ਅਨੁਸਾਰ ਹੈ :
ਦ ਬਿਜਲੀ ਦਰਾਂ 'ਚ ਕੀਤਾ ਜਾਣ ਵਾਲਾ ਰੋਜ਼ ਰੋਜ਼ ਦਾ ਵਾਧਾ ਤਾਜ਼ੀ ਕਮਾ ਕੇ ਖਾਣ ਵਾਲੇ ਸਭਨਾਂ ਲਈ ਅਸਹਿ ਹੋ ਗਿਆ ਹੈ ਅਤੇ ਕਾਫੀ ਗਿਣਤੀ ਲੋਕ ਬਿੱਲ ਤਾਰਨ ਦੇ ਕਾਬਲ ਹੀ ਨਹੀਂ ਰਹੇ।
ਦ ਲੋਕਾਂ ਵਲੋਂ ਅਦਾ ਕੀਤੇ ਟੈਕਸਾਂ ਰਾਹੀਂ ਉਸਰੀਆਂ ਬਿਜਲੀ ਵਿਭਾਗ ਦੀਆਂ ਜਾਇਦਾਦਾਂ ਜਿਨ੍ਹਾਂ ਦੀ ਕੀਮਤ ਕਰੋੜਾਂ-ਖਰਬਾਂ ਰੁਪਏ ਹੈ। ਉਹਨਾਂ ਦੀ ਹਾਕਮਾਂ ਨੇ ਬਾਂਦਰ ਵੰਡ ਕਰ ਲਈ ਹੈ ਅਤੇ ਇਹ ਮੁਫ਼ਤੋ-ਮੁਫ਼ਤ ਹਥਿਆਏ ਜਾ ਰਹੇ ਹਨ।
ਦ ਬਹੁਤ ਵੱਡੀ ਵੱਸੋਂ ਨੂੰ ਸਿੱਧਾ ਅਸਿੱਧਾ ਰੋਜ਼ਗਾਰ ਦੇਣ ਵਾਲਾ ਅਦਾਰਾ ਨਵੀਂ ਪੀੜ੍ਹੀ ਦੇ ਨੌਜਵਾਨ ਕਾਮਿਆਂ ਖਾਸ ਕਰ ਰੋਜ਼ਗਾਰ ਦੀ ਭਾਲ 'ਚ ਪਿੰਡਾਂ ਤੋਂ ਸ਼ਹਿਰਾਂ ਵੱਲ ਪਲਾਇਨ ਕਰਨ ਵਾਲੇ ਗਰੀਬ ਕਿਸਾਨਾਂ/ਪੇਂਡੂ ਮਜ਼ਦੂਰਾਂ ਦੇ ਪੁੱਤਾਂ/ਧੀਆਂ ਦੀ ਕਬਰਗਾਹ ਬਣ ਗਿਆ ਹੈ। ਅਨੇਕਾਂ ਬੱਚੇ ਕਮਰ ਟੁੱਟੇ ਕੁੱਤੇ ਵਾਂਗ ਜੂਨ ਜਿਊਣ ਦੀ ਹਾਲਤ ਨੂੰ ਪੁੱਜ ਗਏ ਹਨ।
ਦ ਭਰਿਸ਼ਟਾਚਾਰ ਦੀਆਂ ਦਰਾਂ ਬਹੁਤ ਉਚੀਆਂ ਹੋ ਗਈਆਂ ਹਨ। ਕੁਰੱਪਸ਼ਨ ਦੇ ਨਵੇਂ-ਨਵੇਂ ਢੰਗ ਈਜ਼ਾਦ ਹੋ ਗਏ ਹਨ। ਅਪੁਸ਼ਟ ਖਬਰਾਂ ਅਨੁਸਾਰ ਸਿਆਸਤਦਾਨਾਂ, ਪਾਵਰਕਾਮ ਅਧਿਕਾਰੀਆਂ ਅਤੇ ਵੱਡੇ ਠੇਕੇਦਾਰਾਂ ਦਾ ਗਠਜੋੜ ਬੇਨਾਮੀ ਕੰਮਾਂ ਅਤੇ ਬੇਨਾਮੀ ਕਾਮਿਆਂ ਦੇ ਨਾਂਅ 'ਤੇ ਹੀ ਰੋਜ਼ਾਨਾ ਕਰੋੜਾਂ ਰੁਪਏ ਹੜਪ ਰਿਹਾ ਹੈ। ਇਹ ਵੀ ਤੱਥ ਉਜਾਗਰ ਹੋ ਰਹੇ ਹਨ ਕਿ ਸੌਦੇ (ਡੀਲਜ਼) ਅਨੁਸਾਰ ਨਿੱਜੀ ਅਦਾਰਿਆਂ ਤੋਂ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਹੈ ਜਦਕਿ ਥਰਮਲਾਂ ਨੂੰ ਉਨ੍ਹਾਂ ਦੀ ਪੂਰੀ ਸਮਰਥਾ ਅਨੁਸਾਰ ਚਲਾਇਆ ਨਹੀਂ ਜਾ ਰਿਹਾ।
ਦ ਲੰਮੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਲਾਭ ਜਿਵੇਂ ਕਿ ਗੁਜ਼ਾਰੇਯੋਗ ਤਨਖਾਹਾਂ, ਜਨਰੇਸ਼ਨ ਅਲਾਉਂਸ, ਸਮਾਂ ਬੱਧ ਤਰੱਕੀਆਂ, ਹਾਊਸ ਰੈਂਟ, ਡੀ.ਏ., ਪੈਨਸ਼ਨਾਂ, ਗ੍ਰੈਚੁਇਟੀ, ਬੋਨਸ ਆਦਿ ਦੇ ਰੂਪ ਵਿਚ ਮੱਧ ਵਰਗ ਕੋਲ ਜਾਣ ਵਾਲਾ ਅਤੇ ਅੱਗੋਂ ਕੀਤੇ ਖਰਚ ਰਾਹੀਂ ਅਰਥਚਾਰੇ ਦੇ ਚੱਕਰ ਨੂੰ ਚਲਦਾ ਰੱਖਣ ਵਾਲਾ ਪੈਸਾ ਹੁਣ ਠੇਕਾ ਭਰਤੀ ਰਾਹੀਂ ਮੁੱਠੀ ਭਰ ਠੇਕੇਦਾਰਾਂ ਅਤੇ ਉਨ੍ਹਾਂ ਦੇ ਆਕਾਵਾਂ ਜਾਂ ਭਾਗੀਦਾਰਾਂ ਦੀਆਂ ਤਿਜੌਰੀਆਂ 'ਚ ਜਾ ਰਿਹਾ ਹੈ ਕਿਉਂਕਿ ਠੇਕਾ ਪ੍ਰਣਾਲੀ ਉਪਰੋਕਤ ਸਾਰੀਆਂ ਸਹੂਲਤਾਂ ਦੇਣ ਤੋਂ ਸਾਫ ਇਨਕਾਰੀ ਹੈ।
ਇਹ ਹਨ ਸਭ ਕਾਰਨ ਜੋ ਲੋਕਾਂ ਨੂੰ ਬਿਜਲੀ ਮਹਿੰਗੀ ਮਿਲਣ, ਬਿਜਲੀ ਪ੍ਰਬੰਧਾਂ 'ਚ ਭਾਰੀ ਗੜਬੜੀਆਂ, ਅਮਰਬੇਲ ਵਾਂਗ ਵਧਿਆ 'ਤੇ ਹੋਰ ਵਧਦਾ ਜਾ ਰਿਹਾ ਭ੍ਰਿਸ਼ਟਾਚਾਰ, ਠੇਕਾ ਕਾਮਿਆਂ ਦੀਆਂ ਮੌਤਾਂ ਜਾਂ ਉਨ੍ਹਾਂ ਨਾਲ ਵਾਪਰਦੇ ਉਮਰ ਭਰ ਲਈ ਨਕਾਰਾ ਕਰ ਦੇਣ ਵਾਲੇ ਹਾਦਸਿਆਂ ਅਤੇ ਉਕਤ ਕਾਰਨਾਂ ਕਰਕੇ ਵੱਧ ਰਹੀਆਂ ਸਮਾਜਕ ਵਿਸੰਗਤੀਆਂ ਲੂਈ ਮੂਲ ਰੂਪ ਵਿਚ ਜਿੰਮੇਵਾਰ ਹਨ ਅਤੇ ਜਿਨ੍ਹਾਂ ਨੂੰ ਬਦਲੇ ਜਾਣ ਲਈ ਸਮੂਹ ਮਿਹਨਤੀ ਵਰਗਾਂ ਦਾ ਸਾਂਝਾ ਫੈਸਲਾਕੁੰਨ ਸੰਘਰਸ਼ ਅਤੀ ਲੋੜੀਂਦਾ ਹੈ।
ਦੇਸ਼ਵਾਸੀਆਂ ਨੂੰ ਲੈਨਿਨ ਮਹਾਨ ਦੇ ਕਥਨ , ''ਸੋਵੀਅਤਾ + ਬਿਜਲੀ = ਸਮਾਜਵਾਦ'' ਨੂੰ ਅਜੋਕੇ ਦੌਰ ਵਿਚ ਉਪਰੋਕਤ ਸਾਰੇ ਘਟਨਾਕ੍ਰਮ ਨਾਲ ਜੋੜ ਕੇ ਵਿਚਾਰਨ ਅਤੇ ਸਮਝਣ ਦੀ ਡਾਢੀ ਲੋੜ ਹੈ।                
- ਮਹੀਪਾਲ

No comments:

Post a Comment