Saturday 5 September 2015

ਹਰ ਰੰਗ ਦੇ ਫਿਰਕੂ-ਆਤੰਕਵਾਦ ਦਾ ਡਟਵਾਂ ਵਿਰੋਧ ਕਰਨਾ ਜ਼ਰੂਰੀ ਹੈ

ਮੰਗਤ ਰਾਮ ਪਾਸਲਾ 
27 ਜੁਲਾਈ 2015 ਨੂੰ ਅੱਤਵਾਦੀਆਂ ਵਲੋਂ ਯੋਜਨਾਬੱਧ ਢੰਗ ਨਾਲ ਦੀਨਾ ਨਗਰ (ਗੁਰਦਾਸਪੁਰ) ਵਿਚ ਪਹਿਲਾਂ ਬਸ ਉਪਰ ਤੇ ਫਿਰ ਥਾਣੇ 'ਤੇ ਕੀਤੇ ਗਏ ਹਮਲੇ ਨੇ ਇਕ ਵਾਰ ਫੇਰ ਪੰਜਾਬ ਦੀ ਫਿਰਕੂ ਸਦਭਾਵਨਾ ਵਾਲੀ ਫਿਜ਼ਾ ਨੂੰ ਦੂਸ਼ਿਤ ਕਰਨ ਦਾ ਘਿਨੌਣਾ ਯਤਨ ਕੀਤਾ ਹੈ। ਪਾਕਿਸਤਾਨ ਤੋਂ ਘੁਸਪੈਠ ਕਰਕੇ ਭਾਰਤ ਪਹੁੰਚੇ ਅੱਤਵਾਦੀਆਂ ਦੀ ਇਸ ਘਟਨਾ ਦੀ ਸਭ ਪਾਸਿਆਂ ਤੋਂ ਘੋਰ ਨਿੰਦਾ ਕੀਤੀ ਗਈ। ਕਾਨੂੰਨ-ਪ੍ਰਬੰਧ ਦੀ ਮਸ਼ੀਨਰੀ ਤੇ ਸੂਹੀਆ ਏਜੰਸੀਆਂ ਨੇ ਅਜਿਹੀ ਸਥਿਤੀ ਨਾਲ ਕਿਵੇਂ ਨਜਿੱਠਿਆ ਤੇ ਭਵਿੱਖ ਲਈ ਕੀ ਯੋਜਨਾਬੰਦੀ ਕੀਤੀ ਜਾਣੀ ਹੈ ਤਾਂਕਿ ਅਜਿਹੀਆਂ ਅੱਤਵਾਦੀ ਵਾਰਦਾਤਾਂ ਮੁੜ ਨਾ ਵਾਪਰਨ, ਇਹ ਕੰਮ ਸਰਕਾਰਾਂ 'ਤੇ ਛੱਡ ਦਿੱਤਾ ਜਾਣਾ ਚਾਹੀਦਾ ਹੈ। ਪ੍ਰੰਤੂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰੋਜ਼ਾਨਾ ਹੀ ਵਾਪਰ ਰਹੀਆਂ ਦਹਿਸ਼ਤਗਰਦੀ ਤੇ ਖਾਸਕਰ ਫਿਰਕੂ ਰੰਗਤ ਵਾਲੀਆਂ ਹਿੰਸਕ ਘਟਨਾਵਾਂ ਦੇ ਰਾਜਨੀਤਕ, ਸਮਾਜਿਕ ਤੇ ਧਾਰਮਿਕ ਪਹਿਲੂਆਂ  ਉਪਰ ਸਾਨੂੰ ਸਾਰੇ ਲੋਕਾਂ, ਖਾਸਕਰ ਰਾਜਨੀਤਕ ਤੇ ਸਮਾਜਿਕ ਖੇਤਰਾਂ ਵਿਚ ਸਰਗਰਮ ਵਿਅਕਤੀਆਂ ਨੂੰ ਪੂਰੀ ਗੰਭੀਰਤਾ ਤੇ ਆਪਾ-ਪੜਚੋਲੀਆ ਨਜ਼ਰੀਏ ਨਾਲ ਵਿਚਾਰ ਕਰਨੀ ਚਾਹੀਦੀ ਹੈ। ਕੋਈ ਘਟਨਾ ਵੀ ਸਮਾਜ ਵਿਚਲੀਆਂ ਸਮੁੱਚੀਆਂ ਪ੍ਰਸਥਿਤੀਆਂ ਨਾਲੋਂ ਅਲੱਗ ਕਰਕੇ ਨਹੀਂ ਦੇਖੀ ਜਾ ਸਕਦੀ ਤੇ ਨਾ ਹੀ ਅਜਿਹਾ ਕਰਕੇ ਉਸ ਤੋਂ ਕੋਈ ਭਵਿੱਖੀ ਸਬਕ ਸਿੱਖਿਆ ਜਾ ਸਕਦਾ ਹੈ।
ਇਹ ਗੱਲ ਧਿਆਨ ਮੰਗਦੀ ਹੈ ਕਿ ਦੁਨੀਆਂ ਦੇ ਅਨੇਕਾਂ ਭਾਗਾਂ ਵਿਚ ਅੱਤਵਾਦੀ, ਵੱਖਵਾਦੀ ਤੇ ਨਸਲੀ ਦੰਗਿਆਂ ਦੀਆਂ ਘਟਨਾਵਾਂ ਹਰ ਰੋਜ਼ ਹੀ ਹੁੰਦੀਆਂ ਰਹਿੰਦੀਆਂ ਹਨ। ਸਿੱਧੇ ਜਾਂ ਅਸਿੱਧੇ ਢੰਗ ਨਾਲ ਇਨ੍ਹਾਂ ਘਟਨਾਵਾਂ ਪਿੱਛੇ ਸਾਮਰਾਜੀ ਦੇਸ਼ਾਂ, ਖਾਸਕਰ ਅਮਰੀਕਣ ਸਾਮਰਾਜ ਅਤੇ ਸਬੰਧਤ ਦੇਸ਼/ਖਿੱਤੇ ਦੀਆਂ ਲੋਕ ਦੋਖੀ ਸਰਕਾਰਾਂ ਦੀ ਸ਼ਮੂਲੀਅਤ ਦੇਖੀ ਜਾ ਸਕਦੀ ਹੈ। ਸਾਮਰਾਜੀ ਦੇਸ਼ ਆਪਣੇ ਆਰਥਿਕ ਸੰਕਟ ਨੂੰ ਹੱਲ ਕਰਨ ਅਤੇ ਸਮਾਜਵਾਦੀ ਤੇ ਜਮਹੂਰੀ ਲਹਿਰਾਂ ਨੂੰ ਕੁਚਲਣ ਵਾਸਤੇ ਅੱਤਵਾਦ ਪੈਦਾ ਵੀ ਕਰਦੇ ਹਨ ਤੇ ਇਸਨੂੰ 'ਦਬਾਉਣ' ਦੇ ਨਾਂਅ ਹੇਠਾਂ ਹਰ ਪ੍ਰਕਾਰ ਦੀ ਗੈਰ-ਕਾਨੂੰਨੀ ਦਖਲਅੰਦਾਜ਼ੀ ਕਰਕੇ ਭਾਰੀ ਰਕਮਾਂ ਵੀ ਵਸੂਲਦੇ ਹਨ। ਵੱਖ-ਵੱਖ ਦੇਸ਼ਾਂ ਦੇ ਲਗਭਗ ਸਾਰੇ ਆਪਸੀ ਝਗੜਿਆਂ ਤੇ ਜੰਗੀ ਤਿਆਰੀਆਂ ਵਿਚ ਦੋਨੋਂ ਪਾਸੀਂ ਸਾਮਰਾਜੀ ਜੰਗੀ ਹਥਿਆਰ ਦੇਖੇ ਜਾ ਸਕਦੇ ਹਨ।  ਬਹੁਕੌਮੀ ਕਾਰਪੋਰੇਸ਼ਨਾਂ ਤੇ ਕਾਰਪੋਰੇਟ ਘਰਾਣਿਆਂ ਦਾ ਮਾਰੂ ਜੰਗੀ ਹਥਿਆਰ ਬਣਾਉਣ ਦਾ ਕਾਰੋਬਾਰ ਸਭ ਤੋਂ ਵੱਧ ਤੇ ਮੋਟੀ ਕਮਾਈ ਦਾ ਸਾਧਨ ਹੈ। ਦੂਸਰੇ ਦੇਸ਼ਾਂ ਉਪਰ ਕਬਜ਼ਾ ਜਮਾਕੇ ਉਥੋਂ ਦੇ ਕੁਦਰਤੀ ਖਜ਼ਾਨੇ ਲੁਟਣਾ ਸਾਮਰਾਜ ਲਈ ਆਮਦਨ ਦਾ ਵੱਡਾ ਸਰੋਤ ਹੈ।
ਪੰਜਾਬ ਨੇ ਦਹਿਸ਼ਤਗਰਦੀ ਦਾ ਹਿੰਸਕ ਦੌਰ ਬੜਾ ਨੇੜਿਓਂ ਹੋ ਕੇ ਤੱਕਿਆ ਹੈ, ਜਿਸ ਵਿਚ ਹਜ਼ਾਰਾਂ ਕੀਮਤੀ ਮਨੁੱਖੀ ਜਾਨਾਂ ਮੌਤ ਦੇ ਮੂੰਹ ਜਾ ਪਈਆਂ ਸਨ। ਦੇਸ਼ ਦੇ ਹੋਰਨਾਂ ਭਾਗਾਂ ਜਿਵੇਂ ਉਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਕਰਨਾਟਕਾ, ਦਿੱਲੀ, ਬਿਹਾਰ, ਜੰਮੂ-ਕਸ਼ਮੀਰ, ਉਤਰ ਪੂਰਬੀ ਰਾਜਾਂ ਆਦਿ ਵਿਚ ਵੀ ਅੱਤਵਾਦੀ ਘਟਨਾਵਾਂ ਲਗਾਤਾਰ ਵਾਪਰਦੀਆਂ ਰਹਿੰਦੀਆਂ ਹਨ। ਕਈ ਵਾਰ ਇਨ੍ਹਾਂ ਨੂੰ ਫਿਰਕੂ ਦੰਗਿਆਂ ਦਾ ਨਾਮ ਦਿੱਤਾ ਜਾਂਦਾ ਹੈ, ਜਿੱਥੇ ਹਥਿਆਰਬੰਦ ਸਮਾਜ ਵਿਰੋਧੀ ਤੱਤ ਧਰਮ ਦੀ ਓਟ ਲੈ ਕੇ ਦੂਸਰੇ ਧਰਮਾਂ ਦੇ ਲੋਕਾਂ ਨੂੰ ਕਤਲ ਕਰਨਾ, ਬੇਇੱਜ਼ਤ ਕਰਨਾ, ਦਹਿਸ਼ਤਜ਼ਦਾ ਕਰਨਾ ਅਤੇ ਨਫਰਤ ਦੇ ਪ੍ਰਚਾਰ ਰਾਹੀਂ ਸਮਾਜ ਦੇ ਵੱਖ-ਵੱਖ ਭਾਗਾਂ ਵਿਚ ਫਿਰਕਾਪ੍ਰਸਤੀ ਦੀਆਂ ਦੀਵਾਰਾਂ ਖੜੀਆਂ ਕਰਨਾ ਆਪਣਾ 'ਪਵਿੱਤਰ ਫਰਜ਼' ਸਮਝਦੇ ਹਨ। ਇਸ ਤਰ੍ਹਾਂ ਦੇ ਕਾਰਨਾਮੇ ਸ਼ਾਇਦ ਉਹ ਆਪਣੇ ਚਿਤਵੇ 'ਅੱਲ੍ਹਾ', 'ਪ੍ਰਮਾਤਮਾ', 'ਵਾਹਿਗੁਰੂ', 'ਭਗਵਾਨ' ਜਾਂ 'ਦੇਵੀ ਦੇਵਤਿਆਂ' ਨੂੰ ਖੁਸ਼ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਲਾਲਸਾ ਅਧੀਨ ਕਰਦੇ ਹਨ, ਜਦਕਿ ਅਸਲੀਅਤ ਵਿਚ ਕੋਈ ਵੀ ਧਰਮ ਅਜਿਹੇ 'ਕਾਰਨਾਮਿਆਂ' ਤੋਂ ਕਦੀ ਪ੍ਰਸੰਨ ਨਹੀਂ ਹੋ ਸਕਦਾ। ਇਸ ਤੋਂ ਬਿਨਾਂ ਅਜਿਹੀਆਂ ਅਪਰਾਧਿਕ ਕਾਰਵਾਈਆਂ ਨੂੰ ਗੈਰ ਸਮਾਜਿਕ ਤੱਤ ਆਪਣੇ ਸਵਾਰਥੀ ਰਾਜਨੀਤਕ ਤੇ ਆਰਥਿਕ ਮਨੋਰਥਾਂ ਨੂੰ ਪੂਰਾ ਕਰਨ ਲਈ ਸਭ ਤੋਂ ਵੱਧ ਕਾਰਗਰ ਹਥਿਆਰ ਸਮਝਦੇ ਹਨ। ਸਮਾਜ ਵਿਚ ਪਸਰੇ ਵਿਚਾਰਧਾਰਕ ਪਛੜੇਵੇਂ ਕਾਰਨ ਅਜਿਹੇ ਇਨਸਾਨੀਅਤ ਤੋਂ ਗਿਰੇ ਹੋਏ ਲੋਕਾਂ ਦੀ ਅਜੇ ਆਮ ਜਨਤਾ ਵਿਚ ਚੋਖੀ ਪਕੜ ਹੈ ਤੇ ਉਹ ਇਨ੍ਹਾਂ ਦੇ ਮੱਕੜ ਜਾਲ ਵਿਚ ਸੌਖਿਆਂ ਹੀ ਫਸ ਜਾਂਦੇ ਹਨ।
ਇਤਿਹਾਸ ਦਾ ਇਹ ਇਕ ਪ੍ਰਵਾਣਤ ਸੱਚ ਹੈ ਕਿ ਕਿਸੇ ਵੀ ਅੱਤਵਾਦੀ, ਫਿਰਕੂ ਜਾਂ ਵੱਖਵਾਦੀ ਘਟਨਾ ਨੂੰ ਅੰਜਾਮ ਦੇਣ ਜਾਂ ਅਜਿਹਾ ਉਤੇਜਨਾ ਭਰਪੂਰ ਮਹੌਲ ਸਿਰਜਣ ਦਾ ਕੰਮ ਉਸ ਸਮੇਂ ਦੀਆਂ ਸਰਕਾਰਾਂ (ਦੇਸੀ ਤੇ ਵਿਦੇਸ਼ੀ), ਜੋ ਲੋਕ ਵਿਰੋਧੀ ਨੀਤੀਆਂ ਉਪਰ ਚਲਦੀਆਂ ਹਨ, ਦੀ ਸ਼ਹਿ ਅਤੇ ਸਿੱਧੀ ਜਾਂ ਅਸਿੱਧੀ ਹਮਾਇਤ ਤੋਂ ਬਿਨਾਂ ਕਦੀ ਨਹੀਂ ਹੋ ਸਕਦਾ। 1947 ਵਿਚ ਦੇਸ਼ ਦੀ ਆਜ਼ਾਦੀ ਮਿਲਣ ਸਮੇਂ ਹੋਈ ਵੰਡ ਦੌਰਾਨ ਵਾਪਰੇ ਖ਼ੌਫਨਾਕ ਫਿਰਕੂ ਫਸਾਦਾਂ ਤੋਂ ਸ਼ੁਰੂ ਕਰਕੇ ਦੀਨਾਨਗਰ ਦੀ ਅੱਤਵਾਦੀ ਘਟਨਾ ਤੱਕ ਇਹ ਸਭ ਕੁੱਝ ਸਪੱਸ਼ਟ ਰੂਪ ਵਿਚ ਦੇਖਿਆ ਜਾ ਸਕਦਾ ਹੈ। ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਦੇ ਦੂਸਰੇ ਸੂਤਰਧਾਰ ਵੱਖ-ਵੱਖ ਧਰਮਾਂ ਵਿਚਲੇ ਜਨੂੰਨੀ, ਫਿਰਕੂ ਤੇ ਪਿਛਾਖੜੀ ਤੱਤ ਹਨ, ਜੋ ਇਸ ਤਰ੍ਹਾਂ ਦੇ ਕਾਰਨਾਮੇ ਕਰਕੇ ਆਪਣੀ ਰੋਟੀ ਰੋਜ਼ੀ ਵੀ ਚਲਾਉਂਦੇ ਹਨ ਤੇ ਹਾਕਮ ਧਿਰਾਂ ਦਾ ਅੰਗ ਵੀ ਬਣੇ ਰਹਿੰਦੇ ਹਨ। ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਸਤੇ ਉਹ ਇਸ ਤਰ੍ਹਾਂ ਦੇ ਦਹਿਸ਼ਤਗਰਦੀ ਵਾਲੇ ਕਾਰਨਾਮੇ ਕਰਨ ਨਾਲ 'ਆਤਮਿਕ ਸ਼ਾਂਤੀ' ਪ੍ਰਾਪਤ ਹੋਣ ਦਾ ਪਾਖੰਡ ਵੀ ਕਰਦੇ ਦੇਖੇ ਜਾ ਸਕਦੇ ਹਨ।
ਪੰਜਾਬ ਵਿਚਲੇ ਖਾਲਿਸਤਾਨੀ ਦਹਿਸ਼ਤਗਰਦੀ ਦੇ ਖੂਨੀ ਦੌਰ ਲਈ ਉਸ ਸਮੇਂ ਦੇ ਦਿੱਲੀ ਦੇ ਹਾਕਮਾਂ ਨੂੰ ਬਣਦੀ ਜ਼ਿੰਮੇਵਾਰੀ ਨਾ ਨਿਭਾਉਣ ਦੀ ਕੁਤਾਹੀ ਤੋਂ ਕਦੀ ਵੀ ਮੁਕਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੀ ਕ੍ਰਿਪਾ ਤੇ ਹਿਮਾਇਤ ਨਾਲ ਪੰਜਾਬ ਵਿਚਲੇ ਫਿਰਕੂ ਜਨੂੰਨੀ ਤੱਤ ਹਥਿਆਰ ਲੈ ਕੇ ਬੇਗੁਨਾਹ ਲੋਕਾਂ ਦਾ ਸ਼ਿਕਾਰ ਕਰਨ ਨਿਕਲ ਤੁਰੇ। ਸਰਕਾਰਾਂ ਦੀਆਂ ਹਦਾਇਤਾਂ ਉਪਰ ਸੂਹੀਆ ਏਜੰਸੀਆਂ ਨੇ 'ਆਪਣੇ  ਬੰਦੇ' ਅੱਤਵਾਦੀ ਗਰੁੱਪਾਂ ਵਿਚ ਭੇਜੇ, ਜੋ ਸਰਕਾਰ ਦੀਆਂ ਹਦਾਹਿਤਾਂ 'ਤੇ ਹਰ ਕਾਰਵਾਈ ਕਰਦੇ ਸਨ। ਸਾਮਰਾਜੀ ਸ਼ਕਤੀਆਂ ਨੇ ਅਜਿਹੇ ਅੱਤਵਾਦੀ ਤੇ ਫਿਰਕੂ ਤੱਤਾਂ ਦੀ ਆਪਣੇ ਹਿੱਤ ਪੂਰਨ ਲਈ ਪੂਰੀ-ਪੂਰੀ ਸਹਾਇਤਾ ਕੀਤੀ। ਅਜਿਹੇ ਹਿੰਸਕ ਤਣਾਅ ਭਰੇ ਮਾਹੌਲ ਵਿਚ ਸਭ ਤੋਂ ਵੱਧ ਨਪੀੜੇ ਗਏ ਸਧਾਰਨ ਪੰਜਾਬ ਵਾਸੀ। ਲੁੱਟਾਂ-ਖੋਹਾਂ ਕਰਨ ਵਾਲੇ ਤੱਤਾਂ ਦੀਆਂ ਮੌਜਾਂ ਲੱਗ ਗਈਆਂ। ਪੰਜਾਬ ਦੀਆਂ ਹਿੰਸਕ ਘਟਨਾਵਾਂ ਦਾ ਸੇਕ ਪੂਰੇ ਦੇਸ਼ ਨੂੰ ਝੱਲਣਾ ਪਿਆ, ਜਦੋਂ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਉਸਦੇ ਹੀ ਅੰਗ ਰੱਖਿਅਕਾਂ ਵਲੋਂ ਕਰ ਦਿੱਤਾ ਗਿਆ। ਇਸ ਅੱਤਵਾਦੀ ਦੌਰ ਵਿਚ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਪੰਜਾਬ ਦੀ ਹਿੰਸਾ ਤੋਂ ਦੁੱਖੀ ਸੀ ਤੇ ਖਾਲਿਸਤਾਨ ਦਾ ਹਮਾਇਤੀ ਨਹੀਂ ਸੀ। ਪ੍ਰੰਤੂ ਹਥਿਆਬੰਦ ਟੋਲਿਆਂ ਦੇ ਭੈਅ ਤੇ ਕਾਂਗਰਸੀ ਸਰਕਾਰਾਂ ਦੀਆਂ ਕੂਟਨੀਤੀਆਂ ਤੋਂ ਦੁੱਖੀ ਹੋਣ ਕਾਰਨ ਉਹ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਵਿਰੁੱਧ ਵੱਡੀ ਮਾਤਰਾ ਵਿਚ ਮੈਦਾਨ ਵਿਚ ਨਹੀਂ ਸਨ ਉਤਰਦੇ। ਜਿਨ੍ਹਾਂ ਰਾਜਨੀਤਕ ਪਾਰਟੀਆਂ, ਲੇਖਕਾਂ ਤੇ ਆਮ ਲੋਕਾਂ ਨੇ ਇਸ ਵਿਰੁੱਧ ਆਵਾਜ਼ ਬੁਲੰਦ ਕੀਤੀ, ਜਿਸ ਵਿਚ ਕਮਿਊਨਿਸਟ ਸਭ ਤੋਂ ਮੋਹਰੀ ਸਨ, ਨੂੰ ਚੁਣ-ਚੁਣ ਕੇ ਦਹਿਸ਼ਤਗਰਦ ਟੋਲਿਆਂ ਨੇ ਸ਼ਹੀਦ ਕਰ ਦਿੱਤਾ। ਇਸ ਵਾਤਾਵਰਣ ਵਿਚ ਕਸੂਰਵਾਰ ਦਹਿਸ਼ਤਗਰਦਾਂ ਦੇ ਨਾਲ-ਨਾਲ ਅਨੇਕਾਂ ਬੇਕਸੂਰ ਵਿਅਕਤੀ ਵੀ ਸਰਕਾਰੀ ਜਬਰ ਦਾ ਸ਼ਿਕਾਰ ਹੋਏ। ਪ੍ਰੰਤੂ ਇਹ ਇਕ ਸਚਾਈ ਹੈ ਕਿ ਸਰਕਾਰਾਂ ਦੀਆਂ ਕੁਚਾਲਾਂ ਅਤੇ ਅੱਤਵਾਦੀ ਤੱਤਾਂ ਦੀਆਂ ਹਿੰਸਕ ਸਰਗਰਮੀਆਂ ਸਦਕਾ ਦੇਸ਼ ਪੱਧਰ ਉਪਰ, ਕੁਰਬਾਨੀਆਂ ਭਰੀ ਵਿਰਾਸਤ ਦੇ ਮਾਲਕ, ਮਾਣ ਮੱਤੇ, ਭਰੋਸੇਯੋਗ ਤੇ ਸਤਿਕਾਰਤ ਸਿੱਖ ਧਰਮ ਦੇ ਅਨੁਆਈਆਂ ਵਿਰੁੱਧ, ਜੋ ਦੇਸ਼ ਵਿਆਪੀ ਨਫਰਤ (ਜਾਂ ਗਲਤਫਹਿਮੀ) ਪੈਦਾ ਹੋ ਗਈ ਸੀ, ਉਸਦਾ ਸਿੱਟਾ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਨਿਕਲਿਆ, ਜਿਸ ਵਿਚ ਹਜ਼ਾਰਾਂ ਬੇਗੁਨਾਹ ਸਿੱਖਾਂ ਤੇ ਪੰਜਾਬੀਆਂ ਨੂੰ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਦੰਗਾਂ ਪੀੜਤ ਪਰਿਵਾਰ ਅੱਜ ਵੀ ਇਨਸਾਫ ਲਈ ਦਰ-ਦਰ ਭਟਕ ਰਹੇ ਹਨ ਜਦੋਂਕਿ ਦੋਸ਼ੀ ਕਿਸੇ ਵੀ ਕਾਨੂੰਨੀ ਸਜ਼ਾ ਦੇ ਘੇਰੇ ਤੋਂ ਬਾਹਰ ਹਨ।
ਇਸੇ ਤਰ੍ਹਾਂ ਦੇਸ਼ ਵਿਚ ਹੋ ਰਹੀਆਂ ਅੱਤਵਾਦੀ ਘਟਨਾਵਾਂ, ਜਿਨ੍ਹਾਂ ਵਿਚ ਬਹੁਤ ਸਾਰੇ ਮੁਸਲਮਾਨ ਧਰਮ ਨਾਲ ਸਬੰਧਤ ਨੌਜਵਾਨ ਸ਼ਾਮਲ ਦੱਸੇ ਜਾਂਦੇ ਹਨ ਤੇ ਉਨ੍ਹਾਂ ਦੀ ਪਾਕਿਸਤਾਨ ਦੇ ਹਾਕਮ ਤੇ ਹੋਰ ਬੁਨਿਆਦਪ੍ਰਸਤ ਫਿਰਕੂ ਲੋਕ ਦਬੀ ਜ਼ੁਬਾਨ ਨਾਲ ਜਾਂ ਖੁੱਲ੍ਹੀ ਹਮਾਇਤ ਕਰਦੇ ਹਨ, ਦੀ ਧਾਰਨਾ ਆਮ ਬਣੀ ਹੋਈ ਹੈ ਕਿ ਮੁਸਲਮਾਨ ਭਾਈਚਾਰੇ ਦਾ ਵੱਡਾ ਭਾਗ ਇਸ ਵਰਤਾਰੇ ਨੂੰ ਤਮਾਸ਼ਬੀਨ ਬਣਕੇ ਚੁਪ ਚਾਪ ਦੇਖਦਾ ਰਹਿੰਦਾ ਹੈ, ਭਾਵੇਂ ਕਿ ਉਹ ਇਨ੍ਹਾਂ ਕਾਰਵਾਈਆਂ ਨੂੰ ਪਸੰਦ ਨਹੀਂ ਕਰਦਾ। ਕਈ ਮੁਸਲਮਾਨ ਧਾਰਮਕ ਆਗੂ ਤੇ ਰਾਜਸੀ ਨੇਤਾ, ਜੋ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਦੇ ਹਨ, ਨਾਲੋਂ ਜ਼ਿਆਦਾ ਅਜਿਹੇ ਲੋਕ ਹਨ ਜੋ ਕੋਈ ਨਾ ਕੋਈ ਬਹਾਨਾ ਬਣਾ ਕੇ ਅੱਤਵਾਦੀ ਘਟਨਾ ਪ੍ਰਤੀ ਆਪਣੀ ਨਫਰਤ ਤੇ ਗੁੱਸੇ ਦਾ ਪ੍ਰਗਟਾਵਾ ਕਰਨ ਦੀ ਥਾਂ ਇਸਦੀ ਸਿੱਧੀ ਜਾਂ ਅਸਿੱਧੀ ਹਮਾਇਤ ਕਰਨ ਦੀ ਹੱਦ ਤੱਕ ਵੀ ਚਲੇ ਜਾਂਦੇ ਹਨ। ਕੱਟੜਵਾਦੀ ਨੇਤਾ ਮੁਸਲਮਾਨ ਧਰਮ ਵਿਚ ਮੌਜੂਦ ਮਾਨਵਵਾਦੀ ਤੇ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਵਾਲੀਆਂ ਸਿੱਖਿਆਵਾਂ ਨੂੰ ਪ੍ਰਚਾਰਨ ਦੀ ਥਾਂ ਆਪਣਾ ਸਾਰਾ ਜ਼ੋਰ ਮੁਸਲਮਾਨ ਭਾਈਚਾਰੇ ਨੂੰ ਵਧੇਰੇ ਕੱਟੜ, ਜਨੂੰਨੀ ਤੇ ਫਿਰਕੂ ਬਣਾਉਣ ਉਪਰ ਲਗਾਉਂਦੇ ਹਨ। ਮੁਸਲਮਾਨ ਭਾਈਚਾਰੇ ਵਿਚਲੇ ਹਜ਼ਾਰਾਂ ਧਰਮ ਨਿਰਪੱਖ, ਜਮਹੂਰੀ, ਖੱਬੇ-ਪੱਖੀ ਤੇ ਅਗਾਂਹਵਧੂ ਆਗੂ ਤੇ ਬੁੱਧੀਜੀਵੀ ਹਨ, ਜੋ ਦਹਿਸ਼ਤਗਰਦੀ ਦੀਆਂ ਘਟਨਾਵਾਂ ਨੂੰ ਬਹੁਤ ਬੁਰਾ ਸਮਝਦੇ ਹਨ ਤੇ ਇਨ੍ਹਾਂ ਦੀ ਹਰ ਕਾਰਵਾਈ ਦੀ ਡਟ ਕੇ ਨਿਖੇਧੀ ਵੀ ਕਰਦੇ ਹਨ। ਪ੍ਰੰਤੂ ਆਰ.ਐਸ.ਐਸ., ਮੋਦੀ ਸਰਕਾਰ ਤੇ ਇਸਦੇ ਹਮਾਇਤੀ ਮੀਡੀਏ ਵਲੋਂ ਜਿਸ ਤਰ੍ਹਾਂ ਦੀ ਨਫਰਤ ਮੁਸਲਮਾਨ ਘੱਟ ਗਿਣਤੀ ਭਾਈਚਾਰੇ ਦੇ ਵਿਰੁੱਧ ਫੈਲਾਈ ਜਾ ਰਹੀ ਹੈ, ਉਸ ਦਾ ਮੁਕਾਬਲਾ ਕਰਨ ਲਈ ਇਸ ਤੋਂ ਵੀ ਵੱਡੀ ਗਿਣਤੀ ਵਿਚ ਮੁਸਲਮਾਨਾਂ ਤੇ ਗੈਰ ਮੁਸਲਮਾਨ ਕਿਰਤੀ ਲੋਕਾਂ ਦਾ ਸੜਕਾਂ ਉਪਰ ਨਿਕਲਕੇ ਸੰਘ ਪਰਿਵਾਰ ਵਲੋਂ ਫੈਲਾਏ ਜਾ ਰਹੇ ਅੱਤਵਾਦ, ਧਾਰਮਕ ਕੱਟੜਤਾ ਤੇ ਫਿਰਕਾਪ੍ਰਸਤੀ ਦਾ ਜ਼ੋਰਦਾਰ ਵਿਰੋਧ ਕੀਤੇ ਜਾਣ ਦੀ ਲੋੜ ਹੈ। ਇਸਦੇ ਨਾਲ ਹੀ ਦੇਸ਼ ਵਿਰੋਧੀ ਤਾਕਤਾਂ ਅਤੇ ਹਰ ਰੰਗ ਦੀਆਂ ਫਿਰਕੂ ਸ਼ਕਤੀਆਂ ਦਾ ਵਿਰੋਧ ਕਰਦਿਆਂ ਹੋਇਆਂ ਆਪਣੀ ਏਕਤਾ ਹੋਰ ਮਜ਼ਬੂਤ ਕਰਨ ਤੇ ਮੌਜੂਦਾ ਪ੍ਰਸਥਿਤੀਆਂ ਨੂੰ ਬਦਲ ਕੇ ਇਕ ਸਨਮਾਨਯੋਗ ਜ਼ਿੰਦਗੀ ਜਿਊਣ ਲਈ ਨਰੋਆ ਤੇ ਬਰਾਬਰਤਾ ਦੇ ਅਸੂਲਾਂ ਉਪਰ ਅਧਾਰਤ ਸਮਾਜ ਸਿਰਜਣ ਲਈ ਯਤਨ ਕਰਨੇ ਹੋਣਗੇ। ਜੇਕਰ ਮੁਸਲਮਾਨ ਭਾਈਚਾਰੇ ਦਾ ਵੱਡਾ ਹਿੱਸਾ ਅੱਤਵਾਦੀ ਸਰਗਰਮੀਆਂ ਵਿਚ ਰੁੱਝੇ ਮੁੱਠੀ ਭਰ ਤੱਤਾਂ ਅਤੇ ਮੁਸਲਮਾਨ ਭਾਈਚਾਰੇ ਵਿਚ ਆਪੂੰ ਬਣੇ ਨਾਮ ਨਿਹਾਦ ''ਖੁਦਾ ਦੇ ਪ੍ਰਤੀਨਿੱਧਾਂ'' ਦੀ ਫਿਰਕੂ ਸੋਚ ਦਾ ਡਟਕੇ ਵਿਰੋਧ ਨਹੀਂ ਕਰਦਾ, ਤਦ ਸੰਘ ਪਰਿਵਾਰ ਤੇ ਹੋਰ ਫਿਰਕੂ ਅਨਸਰਾਂ ਨੂੰ ਮੁਸਲਿਮ ਧਰਮ ਵਿਰੋਧੀ ਨਫਰਤ ਫੈਲਾਉਣ ਦਾ ਮੌਕਾ ਵਧੇਰੇ ਮਿਲੇਗਾ ਤੇ ਸਿੱਟੇ ਵਜੋਂ ਹਜ਼ਾਰਾਂ ਬੇਗੁਨਾਹ ਮੁਸਲਮਾਨ ਨੌਜਵਾਨਾਂ, ਔਰਤਾਂ, ਮਰਦਾਂ ਤੇ ਬੱਚਿਆਂ ਨੂੰ ਸਰਕਾਰੀ ਤੇ ਜਨੂੰਨੀ ਜਬਰ ਦੀ ਮਾਰ ਝੱਲਣੀ ਪਵੇਗੀ। ਉਂਝ ਇਹ ਵਰਤਾਰਾ ਅੱਜ ਵੀ ਜਾਰੀ ਹੈ। ਸ਼ੱਕ ਦੇ ਆਧਾਰ ਉਪਰ ਹਜ਼ਾਰਾਂ ਮੁਸਲਮਾਨ ਨੌਜਵਾਨ ਸਾਲਾਂ ਬੱਧੀ ਜੇਲ੍ਹਾਂ ਵਿਚ ਬੰਦ ਰੱਖੇ ਜਾ ਰਹੇ ਹਨ। ਨਾ ਤਾਂ ਉਨ੍ਹਾਂ ਉਪਰ ਕੋਈ ਮੁਕੱਦਮਾ ਚਲ ਰਿਹਾ ਹੈ ਤੇ ਨਾ ਹੀ ਉਨ੍ਹਾਂ ਦੀ ਕੋਈ ਜਮਾਨਤ ਹੋ ਰਹੀ ਹੈ। ਕਿਸੇ ਵੀ ਅੱਤਵਾਦੀ ਘਟਨਾ ਤੋਂ ਬਾਅਦ ਬਿਨਾਂ ਕੋਈ ਘੋਖ ਕੀਤਿਆਂ ਮੁਸਲਮਾਨ ਘੱਟ ਗਿਣਤੀ ਉਪਰ ਪੁਲਸ ਦਾ ਹਮਲਾ ਆਰੰਭ ਹੋ ਜਾਂਦਾ ਹੈ। ਕਿਸੇ ਸੰਘ ਪਰਿਵਾਰ ਦੇ ਸੰਗਠਨ ਵਲੋਂ ਫਿਰਕੂ ਦੰਗੇ ਭੜਕਾਉਣ ਤੇ ਸੈਂਕੜੇ ਮੁਸਲਮਾਨਾਂ ਦਾ ਕਤਲੇਆਮ ਕੀਤੇ ਜਾਣ ਤੋਂ ਬਾਅਦ ਵੀ ਕਾਤਲਾਂ ਨੂੰ ਸਜ਼ਾਵਾਂ ਤਾਂ ਦੂਰ ਦੀ ਗੱਲ ਹੈ, ਗ੍ਰਿਫਤਾਰ ਤੱਕ ਨਹੀਂ ਕੀਤਾ ਜਾਂਦਾ। ਮੋਦੀ ਦੇ ਸੱਤਾ ਸੰਭਾਲਣ ਤੋਂ ਬਾਅਦ ਤਾਂ ਅਜਿਹੇ ਤੱਤਾਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਲਏ ਜਾ ਰਹੇ ਹਨ। ਇਹ ਕਾਰਵਾਈਆਂ ਸਮੁੱਚੇ ਸਮਾਜ ਲਈ ਹਾਨੀਕਾਰਕ ਹਨ। ਭਾਰਤ ਤੇ ਪਾਕਿਸਤਾਨ ਦੇ ਹਾਕਮ ਲੰਬੇ ਸਮੇਂ ਤੋਂ ਆਪਣੇ ਲੋਕ ਵਿਰੋਧੀ ਕਿਰਦਾਰ ਨੂੰ ਛੁਪਾਉਣ ਵਾਸਤੇ ਵੱਖ-ਵੱਖ ਬਹਾਨਿਆਂ ਨਾਲ ਇਕ ਦੂਸਰੇ ਵੱਲ ਦੁਸ਼ਮਣੀ ਭਰਿਆ ਵਾਤਾਵਰਣ ਸਿਰਜਣ ਵਿਚ ਗਲਤਾਨ ਹਨ। ਇਸ ਕੰਮ ਵਿਚ ਸਾਮਰਾਜ ਪੂਰੀ ਤਰ੍ਹਾਂ ਦੋਨੋਂ ਪਾਸਿਆਂ ਦੀਆਂ ਹਾਕਮ ਧਿਰਾਂ ਦੀ ਮਦਦ ਕਰਦਾ ਹੈ। ਉਂਝ ਵੱਡੀ ਗਿਣਤੀ ਭਾਰਤੀ ਤੇ ਪਾਕਿਸਤਾਨੀ ਵਸੋਂ ਆਪਸ ਵਿਚ ਪਿਆਰ, ਮੁਹੱਬਤ ਤੇ ਸ਼ਾਂਤੀ ਨਾਲ ਰਹਿਣਾ ਚਾਹੁੰਦੀ ਹੈ। ਦੋਨੋਂ ਪਾਸਿਆਂ ਦੇ ਕਿਰਤੀ ਲੋਕਾਂ ਦੇ ਮਸਲੇ ਵੀ ਇਕੋ ਜਿਹੇ ਹਨ, ਜਿਨ੍ਹਾਂ ਲਈ ਲੁਟੇਰੀਆਂ ਹਾਕਮ ਧਿਰਾਂ ਜ਼ਿੰਮੇਵਾਰ ਹਨ। ਮਾਨਵਵਾਦੀ ਸੋਚ ਦੇ ਧਾਰਨੀਆਂ ਨੂੰ ਸਾਮਰਾਜੀ ਤੇ ਭਾਰਤ-ਪਾਕਿ ਹਾਕਮਾਂ ਦੀਆਂ ਲੋਕ ਵਿਰੋਧੀ ਸਾਜਿਸ਼ਾਂ ਤੋਂ ਜਨ ਸਮੂਹਾਂ ਨੂੰ ਸੁਚੇਤ ਕਰਨਾ ਹੋਵੇਗਾ।
ਆਰ.ਐਸ.ਐਸ. ਦੇ ਨੁਮਾਇੰਦੇ ਨਰਿੰਦਰ ਮੋਦੀ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਵਾਰ-ਵਾਰ ਹਿੰਦੂ ਫਿਰਕੂ ਤੱਤਾਂ ਵਲੋਂ ਹਿੰਸਕ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਭਾਰਤ ਦੇ ਕਰੋੜਾਂ ਹਿੰਦੂਆਂ ਨੂੰ ਵੀ ਇਸ ਪੱਖ ਉਤੇ ਵਿਚਾਰ ਕਰਨੀ ਹੋਵੇਗੀ ਕਿ ਸਾਡੇ ਦੇਸ਼ ਦੀਆਂ ਮਹਾਨ ਪ੍ਰੰਪਰਾਵਾਂ, ਸਵਾਮੀ ਵਿਵੇਕਾਨੰਦ ਵਰਗੇ ਮਹਾਂਪੁਰਸ਼ਾਂ ਤੇ ਹੋਰ ਅਨੇਕਾਂ ਦੇਸ਼ ਭਗਤਾਂ ਤੇ ਸਮਾਜ ਸੇਵਕਾਂ ਨੇ, ਜਿਨ੍ਹਾਂ ਦਾ ਸੰਬੰਧ ਹਿੰਦੂ ਧਰਮ ਨਾਲ ਰਿਹਾ ਹੈ, ਤੇ ਜੋ ਏਕਤਾ ਤੇ ਭਾਈਚਾਰਕ ਸਾਂਝ ਦਾ ਸੱਦਾ ਦਿੰਦੇ ਹੋਏ ਸਮਾਜ ਦੇ ਰਾਹ ਦਸੇਰੇ ਬਣੇ ਰਹੇ ਤੇ ਅੱਜ ਵੀ ਹਨ, ਦੀ ਮਾਣਮੱਤੀ ਵਿਰਾਸਤ ਨੂੰ ਅੱਜ ਦੀ ਆਰ.ਐਸ.ਐਸ. ਤੇ ਸੰਘ ਪਰਿਵਾਰ ਨਾਲ ਸੰਬੰਧਤ ਬੀ.ਜੇ.ਪੀ. ਸ਼ਿਵ ਸੈਨਾ, ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਵਰਗੇ ਅਨੇਕਾਂ ਫਿਰਕੂ ਸੰਗਠਨ ਤੇ ਭੇਖੀ ਸੰਤ-ਮਹਾਤਮਾ ਵੱਡਾ ਨੁਕਸਾਨ ਪਹੁੰਚਾ ਰਹੇ ਹਨ। ਫਿਰਕੂ ਤੱਤਾਂ ਦਾ ਮਨੋਰਥ ਕਦੀ ਵੀ ਕਿਸੇ ਖਾਸ ਧਰਮ ਦੇ ਆਮ ਕਿਰਤੀ ਲੋਕਾਂ ਦਾ ਭਲਾ ਕਰਨਾ ਜਾਂ ਦੇਸ਼ ਭਗਤੀ ਦੀ ਭਾਵਨਾ ਮਜ਼ਬੂਤ ਕਰਨ ਦਾ ਨਹੀਂ ਹੋ ਸਕਦਾ। ਇਸਦੇ ਉਲਟ ਉਹ ਤਾਂ ਸਮਾਜ ਦੇ ਵੱਖ-ਵੱਖ ਧਰਮਾਂ ਦਰਮਿਆਨ ਤਣਾਅ ਪੈਦਾ ਕਰਕੇ ਤੇ ਅੰਧ ਰਾਸ਼ਟਰਵਾਦ ਉਭਾਰ ਕੇ ਬੇਗੁਨਾਹ ਲੋਕਾਂ ਦੀ ਭਰਾ ਮਾਰ ਜੰਗ ਕਰਾਉਣ ਤੇ ਆਪਣੇ ਸਵਾਰਥੀ ਹਿੱਤਾਂ ਦੀਆਂ ਰੋਟੀਆਂ ਸੇਕਣ ਦਾ ਧੰਦਾ ਚਲਾਉਂਦੇ ਹਨ। ਇਸ ਹਕੀਕਤ ਨੂੰ ਯਾਦ ਰੱਖਣਾ ਹੋਵੇਗਾ ਕਿ ਸਿੱਖ ਅੱਤਵਾਦੀਆਂ ਦਾ 'ਖਾਲਿਸਤਾਨ', ਮੁਸਲਮਾਨ ਕੱਟੜਵਾਦੀਆਂ ਦਾ 'ਧਰਮ ਅਧਾਰਤ ਇਸਲਾਮੀ ਦੇਸ਼' ਸਥਾਪਤ ਕਰਨ ਅਤੇ ਸੰਘ ਪਰਿਵਾਰ ਦਾ 'ਹਿੰਦ.ੂ ਰਾਸ਼ਟਰ' ਕਾਇਮ ਕਰਨ ਦੇ ਟੀਚੇ ਦਾ ਆਮ ਸਿੱਖਾਂ, ਮੁਸਲਮਾਨਾਂ ਤੇ ਹਿੰਦੂਆਂ ਦੇ ਕਲਿਆਣ ਨਾਲ ਜਾਂ ਉਨ੍ਹਾਂ ਵਾਸਤੇ ਬਹੁਪੱਖੀ ਵਿਕਾਸ ਕਰਨ ਵਾਲਾ ਸਮਾਜ ਸਿਰਜਣ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਧਾਰਮਕ ਕੱਟੜਤਾ ਤੇ ਫਿਰਕਾਪ੍ਰਸਤੀ ਹਮੇਸ਼ਾ ਮਾਨਵਤਾ ਤੇ ਵਿਕਾਸ ਵਿਰੋਧੀ ਹੁੰਦੀ ਹੈ। 'ਹਿੰਦੂ ਰਾਸ਼ਟਰ' ਦੀ ਸਥਾਪਨਾ ਦਾ ਅਰਥ ਹਿੰਦੂ ਖੇਤ ਮਜ਼ਦੂਰਾਂ, ਮਿਲ ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਤੇ ਵਿਉਪਾਰੀਆਂ ਦੇ ਭਲੇ ਦਾ ਹਿੰਦੂ ਰਾਜ ਨਹੀਂ ਸਗੋਂ ਅੰਬਾਨੀਆਂ ਤੇ ਅਡਾਨੀਆਂ ਵਰਗੇ ਧਨਕੁਬੇਰਾਂ ਦਾ ਰਾਜ ਹੈ, ਜੋ ਲੋਕਾਂ ਉਪਰ ਮੁਸੀਬਤਾਂ ਦੇ ਹੋਰ ਭਾਰ ਲੱਦੇਗਾ। ਸਮਾਜ ਦਾ ਭਲਾ ਧਰਮ ਅਧਾਰਤ ਰਾਜ ਸਥਾਪਤ ਕਰਨ ਰਾਹੀਂ ਨਹੀਂ, ਸਗੋਂ ਕਿਰਤੀ ਸ਼੍ਰੇਣੀ ਤੇ ਦੂਸਰੇ ਮਿਹਨਤਕਸ਼ ਵਰਗਾਂ ਦੀ ਅਗਵਾਈ ਵਾਲਾ ਰਾਜ ਸਥਾਪਤ ਕਰਨ ਨਾਲ ਹੋਵੇਗਾ, ਜਿਥੇ ਸਭ ਨੂੰ ਆਪਣੀ ਇੱਛਾ ਅਨੁਸਾਰ ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ ਦੀ ਆਜ਼ਾਦੀ ਹੋਵੇਗੀ। ਇਹ ਵੀ ਸਿੱਧ ਹੋ ਚੁੱਕਾ ਹੈ ਕਿ ਕੋਈ ਵੀ ਧਰਮ ਆਧਾਰਤ ਦੇਸ਼ ਲੋਕ ਰਾਜ ਤੇ ਮਨੁੱਖੀ ਅਧਿਕਾਰਾਂ ਦਾ ਕੱਟੜ ਦੁਸ਼ਮਣ ਹੁੰਦਾ ਹੈ। ਇਸ ਲਈ ਧਰਮ ਤੇ ਰਾਜਨੀਤੀ ਦਾ ਆਪਸ ਵਿਚ ਸਬੰਧ ਕਦੀ ਵੀ ਸਮਾਜਿਕ ਵਿਕਾਸ ਲਈ ਲਾਹੇਵੰਦ ਨਹੀਂ ਹੋ ਸਕਦਾ।
ਅੱਜ ਦੇ ਸਮੇਂ ਵਿਚ ਕਿਸੇ ਵੀ ਤਰ੍ਹਾਂ ਦੀਆਂ ਅੱਤਵਾਦੀ ਕਾਰਵਾਈਆਂ ਜਾਂ ਫਿਰਕੂ ਤਨਾਅ ਵਿਦੇਸ਼ੀ ਬਹੁਕੌਮੀ ਕਾਰਪੋਰੇਸ਼ਨਾਂ ਤੇ ਭਾਰਤ ਦੇ ਕਾਰਪੋਰੇਟ ਘਰਾਣਿਆਂ ਦੀ ਖੱਲ੍ਹੀ ਲੁੱਟ ਖਸੁੱਟ ਨੂੰ ਕਾਇਮ ਰੱਖਣ ਅਤੇ ਹੋਰ ਤਿੱਖੀ ਕਰਨ ਦਾ ਮਾਹੌਲ ਸਿਰਜਦਾ ਹੈ, ਜਿੱਥੇ ਲੋਕ ਆਪਣੀ ਰੋਟੀ, ਰੋਜ਼ੀ, ਮਕਾਨ, ਵਿਦਿਆ, ਸਿਹਤ ਸਹੂਲਤਾਂ ਤੇ ਜੀਵਨ ਦੀਆਂ ਬਾਕੀ ਜ਼ਰੂਰਤਾਂ ਬਾਰੇ ਚਿੰਤਾਤੁਰ ਹੋਣ ਦੀ ਥਾਂ ਧਰਮ ਤੇ ਫਿਰਕਿਆਂ ਦੇ ਨਾਮ ਉਤੇ ਆਪਸ ਵਿਚ ਉਲਝਦੇ ਰਹਿਣ ਤੇ ਹਥਿਆਰਬੰਦ ਬਦਮਾਸ਼ ਟੋਲੇ ਲੋਕਾਂ ਦੇ ਸ਼ਾਂਤਮਈ ਜੀਵਨ ਨੂੰ ਤਬਾਹ ਕਰਦੇ ਰਹਿਣ। ਮੌਜੂਦਾ ਸਰਕਾਰਾਂ ਦੀ ਹਰ ਕਾਰਵਾਈ ਨੂੰ ਸ਼ੱਕ ਦੀਆਂ ਨਿਗਾਹਾਂ ਨਾਲ ਦੇਖਦੇ ਹੋਏ ਸਾਨੂੰ ਆਪਣੀ ਰਾਖੀ, ਏਕਤਾ, ਸੰਘਰਸ਼ ਤੇ ਆਪਣੇ ਭਲੇ ਬਾਰੇ ਆਪ ਸੋਚਣਾ ਹੋਵੇਗਾ। ਮੋਦੀ ਦੇ ਗੱਦੀ ਸੰਭਾਲਣ ਤੋਂ ਬਾਅਦ ਘੱਟ ਗਿਣਤੀਆਂ ਉਪਰ ਹਮਲੇ ਵੱਧਦੇ ਜਾ ਰਹੇ ਹਨ ਤੇ ਉਹ ਸਹਿਮੇ ਹੋਏ ਨਜ਼ਰ ਆ ਰਹੇ ਹਨ। ਸਮੁੱਚੇ ਦੇਸ਼ ਦੇ ਹਿੱਤ ਮੰਗ ਕਰ ਰਹੇ ਹਨ ਕਿ ਸੰਘ ਪਰਿਵਾਰ ਦੀਆਂ ਫਿਰਕੂ ਨੀਤੀਆਂ ਦਾ ਵਿਰੋਧ ਕਰਕੇ ਦੇਸ਼ ਦੇ ਲੋਕ ਰਾਜੀ ਤੇ ਧਰਮ ਨਿਰਪੱਖ ਤਾਣੇ ਬਾਣੇ ਨੂੰ ਬਚਾਇਆ ਜਾਵੇ।

No comments:

Post a Comment