Friday 3 October 2014

ਕਸ਼ਮੀਰ ਦੀ ਤਬਾਹੀ ਉਪਰ ਸਿਆਸਤ ਦੀਆਂ ਰੋਟੀਆਂ ਨਾ ਸੇਕੋ

ਡਾ. ਤੇਜਿੰਦਰ ਵਿਰਲੀ

ਭਾਰਤ ਦੀ ਧਰਤੀ ਉਪਰਲੇ ਸਵਰਗ ਦੀ ਤਸਵੀਰ ਨੂੰ ਨਜ਼ਰ ਲੱਗ ਗਈ ਹੈ। ਪਿੱਛਲੇ ਤਿੰਨ ਦਹਾਕਿਆਂ ਤੋਂ ਭਰਾ ਮਾਰੂ ਜੰਗ ਵਿਚ ਫਸਿਆ ਕਸ਼ਮੀਰ ਹੁਣ ਕੁਦਰਤ ਦੀ ਤਬਾਹੀ ਦਾ ਐਸਾ ਸ਼ਿਕਾਰ ਹੋਇਆ ਹੈ ਜਿਸ ਦੇ ਦਰਦ 'ਚੋਂ ਬਾਹਰ ਨਿਕਲਣ ਲਈ ਸ਼ਾਇਦ ਲੰਮਾਂ ਸਮਾਂ ਲੱਗੇ ਤੇ ਪੀੜ੍ਹੀਆਂ ਤੱਕ ਇਹ ਦਰਦ ਉੱਥੇ ਦੇ ਲੋਕਾਂ ਨੂੰ ਰੁਵਾਉਂਦਾ ਰਹੇ। ਕਸ਼ਮੀਰ ਦੀ ਧਰਤੀ ਉਪਰ ਆਇਆ ਪਿਛਲੀ ਇਕ ਸਦੀ ਦਾ ਸਾਰਿਆਂ ਤੋਂ ਵੱਡਾ ਹੜ੍ਹ ਆਪਣੇ ਨਾਲ ਜਿਸ ਤਰ੍ਹਾਂ ਦੀਆਂ ਮੁਸੀਬਤਾਂ ਲੈਕੇ ਆਇਆ ਹੈ ਇਹ ਤਾਂ ਸ਼ਾਇਦ ਉਹ ਲੋਕ ਹੀ ਜਾਣ ਸਕਦੇ ਹਨ ਜਿਨ੍ਹਾਂ ਨੇ ਇਸ ਮੁਸੀਬਤ ਵਿਚ ਜਿੰਦਗੀ ਮੌਤ ਦੀ ਲੜਾਈ ਲੜੀ ਹੈ। ਉਹ ਆਪ ਤਾਂ ਇਸ ਲੜਾਈ ਨੂੰ ਜਿੱਤ ਗਏ ਪਰ ਉਨ੍ਹਾਂ ਦੇ ਰਿਸ਼ਤੇਦਾਰ, ਕਰੀਬੀ, ਮਿੱਤਰ ਪਿਆਰੇ ਤੇ ਸਕੇ ਸਨੇਹੀ ਆਪਣੀਆਂ ਜਾਨਾਂ ਵਾਰ ਗਏ। ਜਿਨ੍ਹਾਂ ਨੂੰ ਕੁਦਰਤ ਨੇ ਜਿੰਦਾ ਰਹਿਣ ਲਈ ਚੁਣ  ਲਿਆ ਹੈ। ਭਾਵੇਂ ਕਿ ਉਨ੍ਹਾਂ ਦਾ ਸਾਰਾ ਕਾਰੋਬਾਰ ਤਬਾਹ ਹੋ ਗਿਆ। ਗਰੀਬ ਲੋਕਾਂ ਦਾ ਡੰਗਰ-ਵੱਛਾ ਰੁੜ੍ਹ ਗਿਆ। ਕੁਦਰਤ ਦੀ ਐਸੀ ਮਾਰ  ਪਈ ਕਿ ਸੈਲਾਨੀਆਂ ਦਾ ਭਾਰਤ ਵਿਚ ਸਭ ਤੋਂ ਪਸੰਦੀਦਾ ਥਾਂ, ਤਬਾਹੀ ਦਾ ਮੰਜਰ ਬਣ ਗਿਆ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਤਬਾਹੀ ਦਾ ਜਿੰਮੇਵਾਰ ਕੋਣ ਸੀ? ਦੁਨੀਆਂ ਭਰ ਦੇ ਕੁਦਰਤੀ ਨਜ਼ਾਰਿਆਂ ਦੀ ਧਰਤੀ ਆਖਰ ਕੁਦਰਤ ਦੀ ਕਰੋਪੀ ਦਾ ਕਾਰਣ ਕਿਉਂ ਬਣ ਗਈ? ਸਵਾਲ ਏਨੇ ਸਰਲ ਵੀ ਨਹੀਂ ਕਿ ਹਰ ਕੋਈ ਇਸ ਦਾ ਜਵਾਬ ਦੇ ਸਕੇ ਤੇ ਹਰ ਕੋਈ ਦੋਸ਼ੀ ਉਪਰ ਉਂਗਲ ਧਰ ਸਕੇ। ਪਰ ਸਵਾਲ ਏਨੇ ਜਟਿਲ ਵੀ ਨਹੀਂ ਕਿ ਇਨ੍ਹਾਂ ਨੂੰ ਸਮਝਿਆ ਹੀ ਨਾ ਜਾ ਸਕੇ। ਦੇਸ਼ ਦੇ  ਭੋਲੇ ਭਾਲੇ ਲੋਕਾਂ ਨੂੰ ਤਾਂ ਕੁਝ ਵੀ ਕਹਿ ਕੇ ਵਰਗਲਾਇਆ ਜਾ ਸਕਦਾ ਹੈ ਪਰ ਤਰਕ ਦੀ ਕਸਵੱਟੀ ਦੀ ਸਾਣ ਤੇ ਲਾਕੇ ਮਸਲਿਆਂ ਦੀ ਜੜ੍ਹ ਤੱਕ ਜਾਣ ਵਾਲਿਆਂ ਲਈ ਇਸ ਤਬਾਹੀ ਦੇ ਕਾਰਨਾਂ ਨੂੰ ਲੱਭਣਾ ਇਸ ਵਿਗਿਆਨਕ ਯੁੱਗ ਵਿਚ ਬਹੁਤਾ ਮੁਸ਼ਕਲ ਕਾਰਜ ਵੀ ਨਹੀਂ ਰਿਹਾ।
ਤਬਾਹੀ ਤੋਂ ਪਹਿਲਾਂ ਤੇ ਤਬਾਹੀ ਤੋਂ ਬਾਅਦ ਦੀ ਕਹਾਣੀ ਆਪਣੇ ਆਪ ਵਿਚ ਇਕ ਪੂਰਾ ਦਰਦ ਮਈ ਬਿਰਤਾਂਤ ਹੈ। ਜਿਸ ਨੂੰ ਜੇ ਇਸ ਪੀੜ੍ਹੀ ਨੇ ਨਾ ਸਮਝਿਆ ਤਾਂ ਯਕੀਨਨ ਹੀ ਭਾਰਤ ਦੀ ਤਬਾਹੀ ਦਾ ਇਕ ਹੋਰ ਰਸਤਾ ਇੱਥੋਂ ਵੀ ਖੁਲ ਸਕਦਾ ਹੈ? ਕਸ਼ਮੀਰ ਤੇ ਭਾਰਤ ਦੀਆਂ ਸਰਕਾਰਾਂ ਦੇ ਰੋਲ ਮੰਗ ਕਰਦੇ ਹਨ ਕਿ ਕੁਦਰਤੀ ਤਬਾਹੀ ਦੇ ਇਸ ਮੰਜ਼ਰ ਦੇ ਹਰ ਇਕ ਪਲ ਤੇ ਹਰ ਇਕ ਘਟਨਾ ਦਾ ਬੜੀ ਹੀ ਬਰੀਕਬੀਨੀ ਦੇ ਨਾਲ ਅਧਿਐਨ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਕਿ ਕੇਦਾਰਨਾਥ ਤੋਂ ਕਸ਼ਮੀਰ ਤੇ ਕਸ਼ਮੀਰ ਤੋਂ ਕਿਸੇ ਹੋਰ ਮੰਦਭਾਗੇ ਖਿੱਤੇ ਦੀ ਤਬਾਹੀ ਤੋਂ ਤਬਾਹੀ ਦਾ ਇਹ ਦਰਦ ਰੱਬ ਦਾ ਭਾਣਾ ਸਮਝਕੇ ਹੀ ਨਾ ਮੰਨ ਲਿਆ ਜਾਵੇ। ਸਗੋਂ ਇਸ ਦੀਆਂ ਪਰਤਾਂ ਫਿਰੋਲੀਆਂ ਜਾਣ। 
2010 ਵਿਚ ਕਸ਼ਮੀਰ ਦੇ ਸਟੇਟ ਫਲੱਡ ਕੰਟਰੋਲ ਵਿਭਾਗ ਨੇ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਸੀ ਕਿ ਆਉਣ ਵਾਲੇ ਪੰਜ ਸਾਲਾਂ ਵਿਚ ਵੱਡੇ ਹੜ੍ਹ ਆਉਣ ਦੀ ਸੰਭਾਵਨਾ ਹੈ। ਪਰ ਕਸ਼ਮੀਰ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਚੁੱਪ ਰਹੀ। ਇਹ ਸਮੁੱਚੀ ਰੀਪੋਰਟ ਮੰਤਰਾਲੇ ਦੇ ਦਫਤਰ ਦੀਆਂ ਅਲਮਾਰੀਆਂ ਵਿਚ ਚਾਰ ਸਾਲ ਸੜ੍ਹਦੀ ਰਹੀ। ਕਿਉਂਕਿ ਕਸ਼ਮੀਰ ਦੀ ਹੋਣੀ ਕੇਂਦਰ ਨਾਲ ਬੱਝੀ ਹੋਈ ਸੀ। ਜੰਮੂ ਕਸ਼ਮੀਰ ਦੇ ਹੜ੍ਹ ਕੰਟਰੋਲ ਵਿਭਾਗ ਨੇ ਕੇਂਦਰ ਦੀ ਉਸ ਸਮੇਂ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਪਾਸੋਂ 2200 ਕਰੋੜ ਰੁਪਏ ਦੀ ਮੰਗ ਕੀਤੀ। ਡਾ. ਮਨਮੋਹਨ ਸਿੰਘ ਦੀ ਹਕੂਮਤ ਨੇ ਕੇਵਲ 109 ਕਰੋੜ ਰੁਪਿਆ ਦੇਣ ਦਾ ਭਰੋਸਾ ਦਵਾਇਆ। ਪਰ ਬਦਕਿਸਮਤੀ ਨਾਲ ਡਾ. ਮਨਮੋਹਨ ਸਿੰਘ ਦਾ ਇਹ ਵਾਅਦਾ  ਕਦੀ ਵੀ ਵਫਾ ਨਾ ਹੋਇਆ, ਤੇ ਨਾ ਹੀ ਜੰਮੂ ਕਸ਼ਮੀਰ ਦੀ ਹਕੂਮਤ ਨੇ ਹੜ੍ਹਾਂ ਦੀ ਰੋਕਥਾਮ ਲਈ ਆਪ ਹੀ ਕੋਈ ਕੰਮ ਕੀਤਾ। ਕਸ਼ਮੀਰ ਦੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਰੱਬ ਦੇ ਆਸਰੇ ਰੱਖ ਕੇ ਸੌ ਜਾਣ ਵਾਲੀਆਂ ਸ਼੍ਰੀਨਗਰ ਤੇ ਦਿੱਲੀ ਦੀਆਂ ਸਰਕਾਰਾਂ ਨੂੰ ਕੀ ਮੁਆਫ ਕੀਤਾ ਜਾ ਸਕਦਾ ਹੈ? ਕੀ ਕੁਦਰਤੀ ਤਬਾਹੀ ਦੀ ਰੋਕਥਾਮ ਲਈ ਜੇ ਵਕਤ ਸਿਰ ਯਤਨ ਕਰ ਲਏ ਗਏ ਹੁੰਦੇ ਤਾਂ ਹੁਣ ਕਸ਼ਮੀਰ ਦੇ ਲੋਕਾਂ ਦਾ ਕਰੀਬ ਦੋ ਬਿਲੀਅਨ ਡਾਲਰ ਤੋਂ ਵੱਧ ਹੋਣ ਵਾਲਾ ਨੁਕਸਾਨ ਘਟਾਇਆ ਨਹੀਂ ਸੀ ਜਾ ਸਕਦਾ? ਕੀ ਹਜਾਰਾਂ ਲੋਕਾਂ ਦੀ ਜਾਨ ਵਕਤ ਸਿਰ ਰੋਕਥਾਮ ਕਰ ਕੇ ਬਚਾਈ ਨਹੀਂ ਸੀ ਜਾ ਸਕਦੀ? ਘਾਟੀ ਵਿਚ ਛਪਦੀ 'ਗਰੇਟ ਕਸ਼ਮੀਰ' ਅਖਬਾਰ ਨੇ 11 ਫਰਵਰੀ 2010 ਦੇ ਅੰਕ ਵਿਚ ਜੋ ਖਦਸ਼ੇ ਜਾਹਰ ਕੀਤੇ ਸਨ ਕਿ ''ਇਹ ਸੂਬਾ ਸੰਕੀਰਨ ਰਾਜਨੀਤੀ ਦਾ ਸ਼ਿਕਾਰ ਹੋ ਰਿਹਾ ਹੈ।'' ਕੀ ਇਹ ਖਬਰ ਅੱਖਰ ਅੱਖਰ ਸੱਚ ਨਹੀਂ ਸਾਬਤ ਹੋਈ? ਕੀ ਕਸ਼ਮੀਰ ਦੇ ਲੋਕਾਂ ਨੂੰ ਮਿਲਦੀਆਂ ਵੱਧ ਆਰਥਿਕ ਸਹੂਲਤਾਂ ਦੀ ਹਾਲ ਪਾਰਿਆ ਪਾਉਣ ਵਾਲੇ ਅਖੌਤੀ ਦੇਸ਼ ਭਗਤਾਂ ਨੂੰ ਇਸ ਦੇ ਦਰਦਨਾਕ ਮੰਜ਼ਰ ਤੋਂ ਸਬਕ ਨਹੀਂ ਸਿੱਖਣੇ ਚਾਹੀਦੇ?
ਇਸ ਗੱਲ ਵਿਚ ਭੋਰਾ ਜਿੰਨਾਂ ਵੀ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਕਿਸੇ ਵੀ ਕੁਦਰਤੀ ਆਫਤ ਦੇ ਨਾਲ ਲੜ ਸਕਣ ਦੇ ਕੋਈ ਵੀ  ਮਨੁੱਖੀ ਸਮਾਜ ਸਮਰੱਥ ਨਹੀਂ ਹੁੰਦਾ ਪਰ ਕਿਸੇ ਵੀ ਸਮਾਜ ਦੀ ਤਰੱਕੀ ਦੀ ਪਹਿਚਾਣ ਵੀ ਇਸੇ ਸਮੇਂ ਹੀ ਹੁੰਦੀ ਹੈ। ਕਿ ਆਫਤ ਵਿਚ ਘੱਟ ਤੋਂ ਘੱਟ ਨੁਕਸਾਨ ਹੋਵੇ। ਇਸ ਲਈ ਕੀ ਕੀ ਪ੍ਰਬੰਧ ਕੀਤੇ ਗਏ ਹਨ? ਗਣਤੰਤਰ ਦਿਵਸ ਉਪਰ ਕੀਤੀ ਹਥਿਆਰਾਂ ਦੀ ਪਰੇਡ ਜਾਂ ਵੋਟਾਂ ਬਟੋਰਨ ਲਈ ਲੋਕਾਂ ਨੂੰ ਬੁੱਧੂ ਬਣਾਉਣ ਲਈ ਕੀਤਾ ਗਿਆ ਹਵਾਈ ਭਾਸ਼ਨ ਇਸ ਦਾ ਪੈਮਾਨਾ ਕਦੀ ਵੀ ਨਹੀਂ ਬਣਦੇ। ਜਪਾਨ ਵਿਚ ਆਏ ਭਿਆਨਕ ਤੂਫਾਨ ਦੇ ਨਾਲ ਜਿਸ ਕਿਸਮ ਦੀ ਤਬਾਹੀ ਉਪਰ ਪੂਰਾ ਜਪਾਨ ਖੜਾ ਸੀ ਉਸ ਨੂੰ ਜਿਸ ਤਰੀਕੇ ਨਾਲ ਜਪਾਨੀਆਂ ਨੇ ਆਪਣੀਆਂ ਜਾਨਾਂ ਉਪਰ ਖੇਡਕੇ ਕਾਬੂ ਵਿਚ ਕੀਤਾ ਉਸ ਦੀ ਉਦਾਹਰਣ ਉਹ ਹੀ ਸਨ। ਇਸ ਕਿਸਮ ਦੀਆਂ ਅਨੇਕਾਂ ਹੀ ਉਦਾਹਰਣਾ ਸੰਸਾਰ ਭਰ ਵਿਚ ਦੇਖੀਆਂ ਜਾ ਸਕਦੀਆਂ ਹਨ, ਜਿੱਥੇ ਕੁਦਰਤੀ ਤਬਾਹੀ ਦੇ ਬਾਦ ਸਾਰਾ ਰਾਸ਼ਟਰ ਇਕਜੁਟ ਹੋ ਕੇ ਖੜ ਜਾਂਦਾ ਹੈ, ਪਰ ਸਾਡੇ ਦੇਸ਼ ਦੀਆਂ ਸਰਕਾਰਾਂ ਦੀ ਹਾਲਤ ਤਾਂ ਇਹ ਹੈ ਕਿ ਸੰਕਟ ਵਿਚ ਫਸੇ ਲੋਕ ਆਪ ਹੀ ਆਪਣੀ ਮਦਦ ਲਈ ਲੱਖਾਂ ਰੁਪਏ ਖਰਚਕੇ ਹੈਲੀਕਾਪਟਰਾਂ ਦਾ ਪ੍ਰਬੰਧ ਕਰਦੇ ਹਨ ਤੇ ਆਪਣੇ ਸਾਰੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲੈਂਦੇ ਹਨ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਕੁਝ ਸਮਾਜਕ ਜਾਂ ਧਾਰਮਿਕ ਜਥੇਬੰਦੀਆਂ ਨੇ ਸਰਕਾਰ ਵਾਂਗ ਹੀ ਮਦਦ ਕੀਤੀ ਹੈ। ਹਰਮੰਦਰ ਸਾਹਿਬ ਨੇ ਸਿੱਖ ਸਿਧਾਂਤ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਜੀਵੰਤ ਰੱਖਣ ਦਾ ਉਪਰਾਲਾ ਕੀਤਾ ਹੈ।
ਕਸ਼ਮੀਰ ਹੋਰ ਪਹਾੜੀ ਇਲਾਕਿਆਂ ਵਾਂਗ ਕੁਦਰਤੀ ਤਬਾਹੀ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਸੰਵੇਦਨਸ਼ੀਲ ਇਲਾਕਾ ਹੈ। ਇੱਥੇ ਭੁਚਾਲ ਤੇ ਬਦਲਾਂ ਦੇ ਫਟ ਜਾਣ ਦਾ ਖਤਰਾ ਸਦਾ ਹੀ ਬਣਿਆ ਰਹਿੰਦਾ ਹੈ। ਜਿਸ ਕਰਕੇ ਇਸ ਇਲਾਕੇ ਦੇ ਪ੍ਰਕਿਰਤਕ ਨਜਾਰਿਆਂ ਨੂੰ ਮਾਨਣ ਵਾਲੇ ਲੋਕਾਂ ਨੂੰ ਭੀੜਾਂ ਵਿਚ ਤਬਦੀਲ ਨਹੀਂ ਹੋਣ ਦੇਣਾ ਚਾਹੀਦਾ। ਇਸ ਸੰਵੇਦਨਸ਼ੀਲ ਇਲਾਕੇ ਵਿਚ ਪੰਜ ਪੰਜ ਮੰਜਲੇ ਹੋਟਲ ਵੱਡੇ ਸਰਮਾਏਦਾਰਾਂ ਨੇ ਮੁਨਾਫਾ ਕਮਾਉਣ ਲਈ ਉਸਾਰ ਲਏ ਹਨ। ਪਹਾੜਾਂ ਨੂੰ ਕੱਟ ਕੇ ਰਸਤੇ ਬਣਾ ਲਏ ਗਏ ਹਨ। ਹੋਰ ਤਾਂ ਹੋਰ ਇਸ ਸਾਰੇ ਇਲਾਕੇ ਦੀ ਸੁੰਦਰਤਾ ਇਥੇ ਦੀਆਂ ਹਜ਼ਾਰ ਦੇ ਕਰੀਬ ਝੀਲਾਂ ਹਨ ਜਿਹੜੀਆਂ ਬਰਸਾਤੀ ਪਾਣੀ ਨੂੰ ਸਮੇਟਣ ਦਾ ਸੋਮਾਂ ਵੀ ਬਣਦੀਆਂ ਹਨ ਉਨ੍ਹਾਂ ਝੀਲਾਂ ਦਾ ਲੱਗਭਗ ਅੱਧਾ ਰਕਬਾ ਨਜਾਇਜ਼ ਕਬਜੇ ਦੀ ਭੇਟ ਚੜ੍ਹ ਚੁੱਕਾ ਹੈ। ਕਿਸੇ ਵੀ ਸਰਕਾਰ ਨੇ ਕਦੇ ਵੀ ਇਸ ਨਜਾਇਜ ਉਸਾਰੀ ਦੇ ਖਿਲਾਫ ਕੋਈ ਕਾਰਵਾਈ ਹੀ ਨਹੀਂ ਕੀਤੀ। ਦਰਿਆਵਾਂ ਦੇ ਵਹਿਣ ਨਾ ਕੇਵਲ ਸੌੜੇ ਕਰ ਦਿੱਤੇ ਗਏ ਹਨ ਸਗੋਂ ਮਨਮਰਜੀ ਦੇ ਨਾਲ ਉਨ੍ਹਾਂ ਨੂੰ ਮੋੜ ਵੀ ਦਿੱਤਾ ਗਿਆ ਹੈ। ਪ੍ਰਕਿਰਤੀ ਦੇ ਨਾਲ ਮਨੁੱਖ ਦਾ ਏਡਾ ਵੱਡਾ ਖਿਲਵਾੜ ਕੁਦਰਤ ਕਦ ਬਰਦਾਸ਼ਤ ਕਰਦੀ ਹੈ? ਡੈਮ ਬਣਾਉਣ ਲਈ ਵੱਡੇ ਪੱਧਰ ਉਪਰ ਜੰਗਲਾਂ ਦੀ ਕਟਾਈ ? ਇਸ ਸਾਰੇ ਕੁਝ ਨੇ ਪ੍ਰਕਿਰਤੀ ਦੇ ਨਿਯਮਾਂ ਨੂੰ ਬੁਰੀ ਤਰ੍ਹਾਂ ਨਾਲ ਤੋੜਿਆ  ਹੈ। ਇਸ ਲਈ ਪ੍ਰਕਿਰਤੀ ਦਾ ਗੁੱਸਾ ਮਨੁੱਖ ਉਪਰ ਨਿਕਲਣਾ ਹੀ ਸੀ। ਸੰਸਾਰ ਦੇ ਹੋਰ ਵੱਖ-ਵੱਖ ਕੋਨਿਆਂ ਵਿਚ ਜਿੱਥੇ ਇਸ ਕਿਸਮ ਦੀਆਂ ਭੂਗੋਲਿਕ ਸਥਿਤੀਆਂ ਹਨ ਉੱਥੇ ਇਸ ਤੋਂ ਵੀ ਵੱਡੇ ਕੁਦਰਤੀ ਤੁਫਾਨ ਆਉਂਦੇ ਹਨ ਪਰ ਏਨੀ ਵੱਡੀ ਗਿਣਤੀ ਵਿਚ ਮੌਤਾਂ ਨਹੀਂ ਹੁੰਦੀਆਂ।
ਇਕ ਸਿੱਟਾ ਜੋ ਸਭ ਤੋਂ ਵਧ ਮਹੱਤਵ ਦਾ ਲਿਖਾਇਕ ਹੈ ਕਿ ਮਨੁੱਖ ਨੇ ਕੁਦਰਤ ਦੇ ਹਿਸਾਬ ਦੇ ਨਾਲ ਰਹਿਣਾ ਹੈ ਨਾ ਕਿ ਕੁਦਰਤ ਨੇ ਮਨੁੱਖੀ ਲੋੜਾਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ ਹੈ। ਕੁਦਰਤ ਦੇ ਨਜਾਰਿਆਂ ਤੇ ਧਾਰਮਿਕ ਅਸਥਾਨਾਂ ਦਾ ਅੰਤਰ ਹੁੰਦਾ ਹੈ। ਧਾਰਮਿਕ ਅਸਥਾਨਾਂ ਨੂੰ ਕਮਾਈ ਦੇ ਅੱਡੇ ਵਜੋਂ ਵਿਕਸਤ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਭ ਤੋਂ ਅਗਾਂਹ ਦੇਸ਼ ਵਿਚ ਰਾਸ਼ਟਰੀ ਕਿਰਦਾਰ ਪੈਦਾ ਹੋਣਾ ਚਾਹੀਦਾ ਹੈ ਅੰਧ ਰਾਸ਼ਟਰਵਾਦ ਨਹੀਂ। ਪਰ ਸਾਡੀਆਂ ਸਰਕਾਰਾਂ ਨੇ ਇਸ ਪਾਸੇ ਵੱਲ ਕੋਈ ਉਪਰਾਲਾ ਕਦੇ ਘਟ ਹੀ ਕੀਤਾ ਹੈ। ਇਹੋ ਹੀ ਕਾਰਨ ਹੈ ਕਿ ਇਸ ਰਾਸ਼ਟਰੀ ਆਫਤ ਵੇਲੇ ਵੀ ਰਾਸ਼ਟਰ ਇਕਜੁੱਟ ਨਹੀਂ ਹੋਇਆ। ਲੋਕ ਕ੍ਰਿਕਟ ਦਾ ਮੈਚ ਦੇਖਣ ਵਿਚ ਰੁੱਝੇ ਹਨ। ਰਾਜਸੀ ਆਗੂ ਰਾਜਸੀ ਰੋਟੀਆਂ ਸੇਕਣ ਵਿਚ ਰੁੱਝੇ ਹਨ ਤੇ ਚੋਰ ਕਿਸਮ ਦੇ ਲੋਕ ਮੁਸੀਬਤ ਮਾਰੇ ਲੋਕਾਂ ਦਾ ਧੰਨ ਦੌਲਤ ਲੁੱਟਣ ਵਿਚ ਰੁੱਝੇ ਹਨ।
ਇਸ ਆਫਤ ਨੇ ਦੇਸ਼ ਦੀ ਅਸਲੀਅਤ ਨੂੰ ਸੰਸਾਰ ਦੇ ਸਾਹਮਣੇ ਨੰਗਿਆਂ ਕਰ ਦਿੱਤਾ ਹੈ। ਫੌਜ ਵੱਲੋਂ ਕੀਤੀ ਗਈ ਮਦਦ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਕਿ ਜੇ ਫੌਜ ਨਾ ਹੁੰਦੀ ਤਾਂ ਲੋਕਾਂ ਦਾ ਕੀ ਬਣਦਾ? ਸੋਸ਼ਲ ਮੀਡੀਏ ਉਪਰ ਇਸ ਕਿਸਮ ਦਾ ਫਿਰਕੂ ਪ੍ਰਚਾਰ ਇਕ ਖਾਸ ਵਰਗ ਨੇ ਕੀਤਾ ਹੈ। ਮੀਡੀਏ ਨੇ ਵੀ ਇਸ ਮਦਦ ਨੂੰ ਫੌਜ ਵਲੋਂ ਕੀਤੇ ਪਰਉਪਕਾਰ ਵਜੋਂ ਲਿਆ ਹੈ। ਇਹ ਅਸਲ ਵਿਚ ਹੋ ਕੀ ਰਿਹਾ ਹੈ? ਫੌਜ ਨੇ ਦੇਸ ਦੇ ਲੋਕਾਂ ਦੀ ਮਦਦ ਕੀਤੀ ਹੈ ਜੋ ਮਦਦ ਕਰਨਾ ਫੌਜ ਦੀ ਜਿੰਮੇਵਾਰੀ ਸੀ। ਜਿਹੜੀ ਮਦਦ ਜਿੰਨੀ ਵੱਡੀ ਪੱਧਰ ਉਪਰ ਜਿੰਨੀ ਜਲਦੀ ਕੀਤੀ ਜਾਣੀ ਚਾਹੀਦੀ ਸੀ ਉਹ ਨਹੀਂ ਕੀਤੀ ਗਈ, ਪਰ ਇਸ ਮਦਦ ਨੂੰ ਅਹਿਸਾਨ ਵਜੋਂ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ। ਉਦਾਹਰਣ ਵਜੋਂ ਜਿਵੇ ਸੱਤ ਦਿਨਾਂ ਤੋਂ ਭੁੱਖ ਨਾਲ ਹਾਕਲ ਬਾਕਲ ਇਕ ਮੁਸਲਮ ਕਸ਼ਮੀਰੀ ਨੂੰ ਮੀਡੀਆ ਉਸੇ ਵਕਤ ਇਹ ਸਵਾਲ ਕਰਦਾ ਹੈ ਤੁਸੀਂ ਹਿੰਦੋਸਤਾਨੀ ਫੌਜ ਦੀ ਮਦਦ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੁਸੀਬਤ ਮਾਰੇ ਲੋਕਾਂ ਨੂੰ ਇਹ ਕਿਸ ਕਿਸਮ ਦੀ ਦੇਸ਼ਭਗਤੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ? ਕੀ ਕੁਦਰਤ ਦੇ ਕਹਿਰ ਨੂੰ ਇਸ ਤਰ੍ਹਾਂ ਵੀ ਦੇਖਿਆ ਜਾਣਾ ਚਾਹੀਦਾ ਹੈ? ਇਹ ਅੱਜ ਸਭ ਤੋਂ ਵੱਡੀ ਸਮਝਣ ਵਾਲੀ ਗੱਲ ਹੈ। ਆਓ! ਆਪਣੇ ਅੰਦਰ ਦੀ ਸਫਾਈ ਕਰੀਏ ਤਾਂ ਕਿ ਕੁਦਰਤ ਨੂੰ ਸਫਾਈ ਅਭਿਆਨ ਨਾ ਚਲਾਉਣਾ ਪਵੇ।

No comments:

Post a Comment