Friday 3 October 2014

ਸ਼ਰਧਾਂਜਲੀਆਂ (ਸੰਗਰਾਮੀ ਲਹਿਰ-ਅਕਤੂਬਰ 2014)

ਇਤਿਹਾਸਕ ਰੇਲਵੇ ਹੜਤਾਲ ਦੇ ਸ਼ਹੀਦਾਂ ਦੀ ਯਾਦ 'ਚ ਵਿਸ਼ਾਲ ਸ਼ਹੀਦੀ ਕਾਨਫਰੰਸ

19 ਸਤੰਬਰ 1968 ਦੀ ਇਤਿਹਾਸਕ ਰੇਲਵੇ ਹੜਤਾਲ ਦੇ ਸ਼ਹੀਦਾਂ ਨੂੰ ਸਿਜਦਾ ਕਰਨ ਅਤੇ ਉਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਣ ਲਈ 19 ਸਤੰਬਰ ਨੂੰ ਪਠਾਨਕੋਟ ਵਿਖੇ ਵਿਸ਼ਾਲ ਸ਼ਹੀਦੀ ਕਾਨਫਰੰਸ ਹੋਈ ਜਿਸ ਦੀ ਪ੍ਰਧਾਨਗੀ ਸਾਥੀ ਸ਼ਿਵ ਦੱਤ ਪ੍ਰਧਾਨ ਐੱਨ ਆਰ ਐੱਮ ਯੂ ਫਿਰੋਜ਼ਪੁਰ ਡਵੀਜ਼ਨ ਅਤੇ ਹਰਦੀਪ ਸਿੰਘ ਪ੍ਰਧਾਨ ਟਰੇਡ ਯੂਨੀਅਨ ਕੌਂਸਲ ਪਠਾਨਕੋਟ ਨੇ ਸਾਂਝੇ ਤੌਰ 'ਤੇ ਕੀਤੀ ਅਤੇ ਐੱਨ ਆਰ ਐੱਮ ਯੂ ਵੱਲੋਂ ਇਸੇ ਹੀ ਦਿਨ 34 ਸੂਤਰੀ ਮੰਗ ਪੱਤਰ ਦੀ ਪ੍ਰਾਪਤੀ ਲਈ ਪੂਰੇ ਦੇਸ਼ ਵਿੱਚ ਮੰਗ ਦਿਵਸ ਮਨਾਉਣ ਦਾ ਵੀ ਸੱਦਾ ਦਿੱਤਾ। 
ਸ਼ਹੀਦੀ ਕਾਨਫਰੰਸ ਵਿੱਚ ਲੁਧਿਆਣਾ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ ਅਤੇ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਗੱਡੀਆਂ ਰਾਹੀਂ ਰੇਲ ਕਾਮੇ ਅਤੇ ਟਰੇਡ ਯੂਨੀਅਨ ਕੌਂਸਲ ਦੇ ਵਰਕਰ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਤ ਕਰਨ ਲਈ ਪਹੁੰਚੇ। ਯਾਦ ਰਹੇ ਕਿ 19 ਸਤੰਬਰ 1968 ਨੂੰ ਰੇਲਵੇ ਸਮੇਤ ਕੇਂਦਰੀ ਕਰਮਚਾਰੀਆਂ ਨੇ ਇੱਕ ਰੋਜ਼ਾ ਹੜਤਾਲ ਕੀਤੀ ਸੀ। ਉਸ ਸਮੇਂ ਦੀ ਪੰਜਾਬ ਸਰਕਾਰ ਨੇ ਅੰਧਾ-ਧੁੰਦ ਗੋਲੀਆਂ ਚਲਾ ਕੇ 5 ਸਾਥੀ ਗੁਰਦੀਪ ਸਿੰਘ, ਰਾਜ ਬਹਾਦਰ, ਲਛਮਣ ਸ਼ਾਹ, ਦੇਵਰਾਜ ਅਤੇ ਗਾਮਾ ਨੂੰ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਦੀ ਯਾਦ ਵਿੱਚ ਇਹ 46ਵੀਂ ਸ਼ਹੀਦੀ ਕਾਨਫਰੰਸ ਸੀ।
 ਰੈਲੀ ਨੂੰ ਸੰਬੋਧਨ ਕਰਦਿਆਂ ਸ਼ਿਵ ਗੋਪਾਲ ਮਿਸ਼ਰਾ ਜਨਰਲ ਸਕੱਤਰ ਏ ਆਈ ਆਰ ਐੱਫ, ਐੱਨ ਆਰ ਐੱਮ ਯੂ, ਹਰਭਜਨ ਸਿੰਘ ਸਿੱਧੂ ਪ੍ਰਧਾਨ ਐੱਨ ਆਰ ਐੱਮ ਯੂ ਨੇ ਸਾਰੇ ਰੇਲ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨਵੀਂ ਪੈਨਸ਼ਨ ਯੋਜਨਾ (ਪੀ ਐੱਫ ਆਰ ਡੀ ਏ) ਬਿੱਲ ਰੱਦ ਕਰਨ, ਰੇਲ ਵਿੱਚ ਖਾਲੀ ਪਈਆਂ ਢਾਈ ਲੱਖ ਪੋਸਟਾਂ ਨੂੰ ਤੁਰੰਤ ਭਰਨ, ਰੇਲਾਂ ਦਾ ਨਿੱਜੀਕਰਨ ਕਰਨਾ ਬੰਦ ਕਰਨ, ਠੇਕੇਦਾਰੀ ਪ੍ਰਥਾ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕੇਂਦਰ ਸਰਕਾਰ ਦੇ ਰੇਲਵੇ ਵਿੱਚ 100 ਪ੍ਰਤੀਸ਼ਤ ਸਿੱਧਾ ਬਦੇਸ਼ੀ ਨਿਵੇਸ਼ (ਐੱਫ ਡੀ ਆਈ) ਲਾਗੂ ਕਰਨ ਵਿਰੁੱਧ ਅਤੇ ਪ੍ਰੀਮੀਅਮ ਟਰੇਨਾਂ ਦੇ ਨਾਂਅ 'ਤੇ, ਜਿਸ ਨਾਲ ਸਟਾਫ ਦੀ ਕਟੌਤੀ ਵੀ ਹੋਵੇਗੀ, ਆਮ ਜਨਤਾ ਦੀ ਲੁੱਟ ਵਿਰੁੱਧ ਸਖਤ ਚੇਤਾਵਨੀ ਦਿੱਤੀ ਅਤੇ ਰੇਲ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਜਦੋਂ ਵੀ ਰੇਲਾਂ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ ਡੀ ਆਈ) ਸ਼ੁਰੂ ਕੀਤਾ ਜਾਵੇ ਤਾਂ ਤੁਰੰਤ ਰੇਲਵੇ ਵਿੱਚ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਜਾਵੇ। ਉਪਰੋਕਤ ਮੰਗਾਂ ਦੀ ਪ੍ਰਾਪਤੀ ਲਈ ਨਵੰਬਰ ਮਹੀਨੇ ਹੋ ਰਹੀ ਏ ਆਈ ਆਰ ਐੱਫ ਦੀ ਏ ਜੀ ਐੱਮ ਵਿੱਚ ਹੜਤਾਲ ਦੀ ਤਰੀਕ ਨਿਸ਼ਚਿਤ ਕਰ ਦਿੱਤੀ ਜਾਵੇਗੀ।
ਰੈਲੀ ਨੂੰ ਸੰਬੋਧਨ ਕਰਦਿਆਂ ਸੀ ਟੀ ਯੂ ਦੇ ਮੀਤ ਪ੍ਰਧਾਨ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕੇਂਦਰ ਦੀ ਕਾਰਪੋਰੇਟ ਪੱਖੀ ਨੀਤੀਆਂ ਵਾਲੀ ਮੋਦੀ ਸਰਕਾਰ ਹਰ ਖੇਤਰ ਵਿੱਚ ਐੱਫ ਡੀ ਆਈ ਲਾਗੂ ਕਰਨ, ਦੇਸ਼ ਵਿੱਚ ਫਿਰਕੂ ਜ਼ਹਿਰ ਫੈਲਾਉਣ, ਸਿੱਖਿਆ ਤੇ ਸੱਭਿਆਚਾਰ ਦਾ ਭਗਵਾਂਕਰਨ ਕਰਨ ਦੀ ਦੋਸ਼ੀ ਹੈ। ਉਨ੍ਹਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਤਸਕਰੀ, ਰੇਤਾ, ਬੱਜਰੀ ਅਤੇ ਭੂ-ਮਾਫੀਆ ਰਾਹੀਂ ਕੀਤੀ ਜਾ ਰਹੀ ਲੋਕਾਂ ਦੀ ਲੁੱਟ ਵਿਰੁੱਧ ਸਖਤ ਚੇਤਾਵਨੀ ਦਿੱਤੀ ਅਤੇ ਦੇਸ਼ ਦੇ ਹਰ ਪ੍ਰਕਾਰ ਦੇ ਮਿਹਨਤਕਸ਼ਾਂ ਦੇ ਵਿਸ਼ਾਲ ਏਕੇ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸੰਘਰਸ਼ ਰਾਹੀਂ ਹੀ ਇਨ੍ਹਾਂ ਤਬਾਹਕੁੰਨ ਨੀਤੀਆਂ ਨੂੰ ਰੋਕਿਆ ਜਾ ਸਕਦਾ ਹੈ। 
ਦਲਜੀਤ ਸਿੰਘ ਡਵੀਜ਼ਨਲ ਸੈਕਟਰੀ ਐੱਨ ਆਰ ਐੱਮ ਯੂ ਫਿਰੋਜ਼ਪੁਰ ਡਵੀਜ਼ਨ ਨੇ ਚੋਰ ਦਰਵਾਜ਼ੇ ਰਾਹੀਂ ਰੇਲਵੇ ਵਿੱਚ ਮੁਕੰਮਲ ਐੱਫ ਡੀ ਆਈ ਲਾਗੂ ਕਰਨ, 34 ਸੂਤਰੀ ਮੰਗਾਂ ਨਾ ਮੰਨਣ 'ਤੇ ਕੇਂਦਰੀ ਸਰਕਾਰ ਅਤੇ ਰੇਲ ਮੰਤਰਾਲੇ ਦੀ ਸਖਤ ਨਿਖੇਧੀ ਕੀਤੀ। ਉਨ੍ਹਾ ਫਿਰੋਜ਼ਪੁਰ ਡਵੀਜ਼ਨ ਦੇ ਰੇਲ ਪ੍ਰਸ਼ਾਸਨ ਵੱਲੋਂ ਰੇਲਵੇ ਕੁਆਟਰਾਂ ਦੀ ਮੁਰੰਮਤ ਅਤੇ ਸਫਾਈ ਦਾ ਯੋਗ ਪ੍ਰਬੰਧ ਨਾ ਕਰਨ ਬਾਰੇ ਵੀ ਸਖਤ ਚੇਤਾਵਨੀ ਦਿੱਤੀ ਅਤੇ ਐਲਾਨ ਕੀਤਾ ਕਿ 19 ਸਤੰਬਰ ਤੋਂ ਤੁਰੰਤ ਬਾਅਦ ਫਿਰੋਜ਼ਪੁਰ ਡਵੀਜ਼ਨ ਵਿੱਚ ਫੈਸਲਾਕੁੰਨ ਸੰਘਰਸ਼ ਕੀਤਾ ਜਾਵੇਗਾ। 
ਰੈਲੀ ਨੂੰ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ ਦੇ ਡਵੀਜ਼ਨ ਸਕੱਤਰ ਪਰਮਜੀਤ ਸਿੰਘ, ਐੱਨ ਆਰ ਐੱਮ ਯੂ ਦੇ ਉਪ ਪ੍ਰਧਾਨ ਜਸਮੰਗਲ ਸਿੰਘ, ਟਰੇਡ ਯੂਨੀਅਨ ਆਗੂ ਹਰਵਿੰਦਰ ਸਿੰਘ ਰੰਧਾਵਾ, ਨੱਥਾ ਸਿੰਘ, ਲਾਲ ਚੰਦ ਕਟਾਰੂ ਚੱਕ, ਆਰ ਕੇ ਸ਼ਰਮਾ, ਨਰਿੰਦਰ ਸਿੰਘ, ਜੋਗਿੰਦਰ ਸਿੰਘ, ਰਾਜੀਵ ਕੁਮਾਰ ਅਤੇ ਕ੍ਰਿਸ਼ਨ ਲਾਲ ਨੇ ਵੀ ਸੰਬੋਧਨ ਕੀਤਾ।  


ਸ਼ਹੀਦ ਸੋਹਣ ਸਿੰਘ ਢੇਸੀ ਨੂੰ 25ਵੀਂ ਬਰਸੀ 'ਤੇ ਸ਼ਰਧਾਂਜਲੀਆਂ 
ਸਾਮਰਾਜੀ ਸ਼ਹਿ ਪ੍ਰਾਪਤ ਵੱਖਵਾਦੀ ਖਾਲਿਸਤਾਨੀ ਦਹਿਸ਼ਤਗਰਦੀ ਵਿਰੋਧੀ ਜੰਗ ਦੇ ਸ਼ਹੀਦ ਸਾਥੀ ਸੋਹਣ ਸਿੰਘ ਢੇਸੀ ਦੀ 25ਵੀਂ ਬਰਸੀ ਉਹਨਾਂ  ਦੇ ਪਿੰਡ ਕਾਹਨਾਂ ਢੇਸੀਆਂ ਵਿਖੇ 18 ਸਤੰਬਰ ਨੂੰ ਮਨਾਈ ਗਈ। ਸ਼ਹੀਦੀ ਸਮਾਗਮ ਵੇਲੇ ਹੋਏ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ.ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ਦਾ ਮੌਜੂਦਾ ਪ੍ਰਧਾਨ ਮੰਤਰੀ ਵੀ ਮਨਮੋਹਨ ਸਿੰਘ ਵਾਂਗ ਸਰਾਮਾਏਦਾਰ ਦੇਸ਼ਾਂ ਦੀ ਦਲਾਲੀ ਕਰ ਰਿਹਾ ਹੈ ਅਤੇ ਧੜਾ-ਧੜ ਵਿਦੇਸ਼ੀ ਕੰਪਨੀਆਂ ਨੂੰ ਸੱਦੇ ਦੇ ਕੇ ਦੇਸ਼ ਦੇ ਕੁਦਰਤੀ ਸਾਧਨਾਂ ਨੂੰ ਕੌਡੀਆਂ ਦੇ ਭਾਅ ਉਹਨਾਂ ਸਪੁਰਦ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਮਨਮੋਹਨ ਸਿੰਘ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਦਾ ਲਾਹਾ ਲੈਂਦਿਆਂ ਮੋਦੀ ਨੇ ਦੇਸ਼ ਦੀ ਵਾਗਡੋਰ ਸਭਾਲਣ ਉਪਰੰਤ ਵਿਦੇਸ਼ੀ ਕੰਪਨੀਆਂ ਨੂੰ ਸੱਦੇ ਦੇਣੇ ਸ਼ੁਰੂ ਕਰ ਦਿੱਤੇ ਹਨ। ਦੁਨੀਆ ਭਰ ਦੀਆਂ ਕੰਪਨੀਆਂ ਸਾਡੇ ਦੇਸ਼ 'ਚ ਆ ਰਹੀਆਂ ਹਨ ਅਤੇ ਇਥੋਂ ਦਾ ਕੀਮਤੀ ਵਸੀਲੇ ਲੁੱਟ ਕੇ ਲਿਜਾ ਰਹੀਆਂ ਹਨ। ਮੋਦੀ ਦੀ ਸਰਕਾਰ ਲੋਕਾਂ ਨੂੰ ਪਾੜਨ ਵਾਲਾ ਹੋਰ ਵੀ ਮਾੜਾ ਕੰਮ ਕਰ ਰਹੀ ਹੈ, ਜਿਸ ਦੇ ਸਿੱਟੇ ਦੇਸ਼ ਲਈ ਬਹੁਤ ਹੀ ਖ਼ਤਰਨਾਕ ਹੋਣਗੇ। ਉਨ੍ਹਾ ਕਿਹਾ ਕਿ ਵਾਤਾਵਰਣ ਨੂੰ ਖਰਾਬ ਕਰਨ ਵਾਲੇ 200 ਪ੍ਰੋਜੈਕਟ ਮੋਦੀ ਸਰਕਾਰ ਨੇ ਪਹਿਲੇ 100 ਦਿਨਾਂ 'ਚ ਪਾਸ ਕਰਕੇ ਸਾਫ ਕਰ ਦਿੱਤਾ ਹੈ ਕਿ ਉਸ ਦੀ ਸਰਕਾਰ ਨੂੰ ਵਾਤਾਵਰਣ ਨਾਲ ਕੋਈ ਸਰੋਕਾਰ ਨਹੀਂ। ਇਸ ਨਾਲ ਦੇਸ਼ ਦਾ ਜਲ, ਜੰਗਲ ਅਤੇ ਜ਼ਮੀਨ ਦਾ ਭਾਰੀ ਨੁਕਸਾਨ ਹੋਵੇਗਾ ਅਤੇ ਸਿੱਟੇ ਵਜੋਂ ਉੱਤਰਾਖੰਡ ਅਤੇ ਜੰਮੂ ਵਰਗੇ ਹੋਰ ਵੱਡੇ ਨੁਕਸਾਨਾਂ ਤੋਂ ਬਚਿਆ ਨਹੀਂ ਜਾ ਸਕਦਾ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਨੇ ਕੁਝ ਪ੍ਰੋਜੈਕਟਾਂ ਬਾਰੇ ਇਹ ਨੀਤੀ ਵੀ ਪਾਸ ਕਰ ਦਿੱਤੀ ਹੈ ਕਿ ਅਜਿਹੇ ਪ੍ਰੋਜੈਕਟਾਂ ਨੂੰ ਕਿਸੇ ਵਾਤਾਵਰਣ ਨਾਲ ਸੰਬੰਧਤ ਕਲੀਅਰੈਂਸ ਦੀ ਲੋੜ ਹੀ ਨਹੀਂ।  ਪੰਜਾਬ ਸਰਕਾਰ ਬਾਰੇ ਸਾਥੀ ਪਾਸਲਾ ਨੇ ਕਿਹਾ ਕਿ ਰੇਤਾ, ਬੱਜਰੀ ਤੋਂ ਬਾਅਦ ਨਸ਼ਿਆਂ ਨੇ ਰਾਜ ਅੰਦਰ ਤਬਾਹੀ ਮਚਾ ਦਿੱਤੀ ਹੈ ਅਤੇ ਅਜਿਹੇ ਹਾਲਾਤ 'ਚ ਜਥੇਦਾਰ ਖੁਸ਼ ਹੋ ਰਹੇ ਹਨ ਕਿ ਇਹ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੈ। ਉਨ੍ਹਾ ਕਿਹਾ ਕਿ ਪਹਿਲਾਂ ਕੈਪਟਨ ਦੇ ਵੱਡ-ਵਡੇਰੇ ਅੰਗਰੇਜ਼ ਦਾ ਟੋਡੀਪੁਣਾ ਕਰਦੇ ਸਨ ਅਤੇ ਲੋਕ ਇਨ੍ਹਾਂ ਦੀਆਂ ਜਿੱਤਾਂ ਦੀਆਂ ਖ਼ੁਸ਼ੀਆਂ ਮਨਾ ਰਹੇ ਹਨ। ਉਨ੍ਹਾ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬਰਾਬਰਤਾ ਦੇ ਰਾਜ ਲਈ ਦੋਸਤਾਂ ਅਤੇ ਦੁਸ਼ਮਣਾਂ ਦੀ ਪਛਾਣ ਬਹੁਤ ਹੀ ਜਰੂਰੀ ਹੈ। ਸਾਥੀ ਪਾਸਲਾ ਨੇ ਕਿਹਾ ਕਿ ਭਾਂਡੇ ਮਾਂਜਣ ਵਾਲੀ ਸਾਡੀ ਬੇਟੀ ਕਦੇ ਵੀ ਯੂਨੀਵਰਸਿਟੀ 'ਚ ਪੜ੍ਹਾਈ ਬਾਰੇ ਸੋਚ ਹੀ ਨਹੀਂ ਸਕਦੀ ਅਤੇ ਸਾਡੇ ਦੇਸ਼ ਦੇ ਹਾਕਮਾਂ ਨੇ ਸਾਨੂੰ ਗੁਲਾਮੀ ਵਾਲੀ ਮਾਨਸਿਕਤਾ ਵਾਲੇ ਬਣਾ ਕੇ ਰੱਖ ਦਿੱਤਾ ਹੈ। 
ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਪਿਛਲੇ ਸਮੇਂ ਦੌਰਾਨ ਸ਼ਹੀਦ ਢੇਸੀ ਦੀ ਕੁਰਬਾਨੀ ਤੋਂ ਅਗਵਾਈ ਲੈ ਕੇ ਲੜੇ ਸੰਘਰਸ਼ਾਂ ਬਾਰੇ ਵਿਸਥਾਰ-ਪੂਰਵਕ ਦੱਸਦਿਆਂ ਕਿਹਾ ਕਿ ਕਿਸਾਨਾਂ ਲਈ ਲਾਹਵੰਦ ਭਾਅ ਲੈਣ, ਅਬਾਦਕਾਰਾਂ ਦੀਆਂ ਜ਼ਮੀਨਾਂ ਬਚਾਉਣ ਸਮੇਤ ਹੋਰਨਾਂ ਮੁੱਦਿਆਂ 'ਤੇ ਸੰਘਰਸ਼ ਜਾਰੀ ਰਹੇਗਾ। 
ਉਹਨਾ ਕਿਹਾ ਕਿ ਖੱਬੀਆਂ ਤੇ ਜਮਹੂਰੀ ਜਨਤਕ ਜਥੇਬੰਦੀਆਂ ਦੇ ਸੰਘਰਸ਼ਾਂ ਨੂੰ ਦਬਾਉਣ ਲਈ ਪੰਜਾਬ ਸਰਕਾਰ ਨੇ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ ਪਾਸ ਕੀਤਾ ਹੈ। ਪੰਜਾਬ ਦੇ ਲੋਕਾਂ ਨੂੰ ਇਸ ਕਾਲੇ ਕਾਨੂੰਨ ਦਾ ਪੁਰਜ਼ੋਰ ਵਿਰੋਧ ਕਰਨ ਦਾ ਸੱਦਾ ਦਿੰਦਿਆਂ ਉਹਨਾ ਕਿਹਾ ਕਿ ਇਸ ਕਾਨੂੰਨ ਜ਼ਰੀਏ ਹੁਕਮਰਾਨਾਂ ਨੂੰ ਜਮਹੂਰੀਅਤ ਦੇ ਕਤਲ ਦੀ ਕਿਸੇ ਵੀ ਕੀਮਤ 'ਤੇ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਜ਼ਿਲ੍ਹਾ ਪ੍ਰਧਾਨ ਮਨਹੋਰ ਸਿੰਘ ਗਿੱਲ ਅਤੇ ਜਸਵਿੰਦਰ ਸਿੰਘ ਢੇਸੀ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਸਟੇਜ 'ਤੇ ਸ਼ਹੀਦ ਢੇਸੀ ਦੀ ਸੁਪਤਨੀ ਅਜਮੇਰ ਕੌਰ, ਕਾਮਰੇਡ ਦੇਵ ਫਿਲੌਰ, ਇਸਤਰੀ ਸਭਾ ਦੀ ਆਗੂ ਸੁਨੀਤਾ ਫਿਲੌਰ, ਕਮਲੇਸ਼ ਦੁਸਾਂਝ ਤੇ ਪਿੰਡ ਦੇ ਕਈ ਪੰਚਾਇਤ ਮੈਂਬਰ ਅਤੇ ਪਾਰਟੀ ਦੇ ਆਗੂ ਸੁਸ਼ੋਭਿਤ ਸਨ। ਆਰੰਭ 'ਚ ਸ਼ਹੀਦੀ ਯਾਦਗਾਰ 'ਤੇ ਆਗੂਆਂ ਨੇ ਫੁੱਲ ਮਾਲਾਵਾਂ ਅਰਪਣ ਕਰਕੇ ਆਪਣੇ ਸਾਥੀ ਨੂੰ ਸ਼ਰਧਾਂਜ਼ਲੀ ਭੇਟ ਕੀਤੀ। 

ਸ਼ਹੀਦ ਗੁਰਨਾਮ ਉਪਲ ਅਤੇ ਸਾਥੀ ਸ਼ਹੀਦਾਂ ਨੂੰ ਸਮਰਪਤ ਸ਼ਹੀਦੀ ਸਮਾਗਮ
ਸੀ.ਪੀ.ਐਮ. ਪੰਜਾਬ ਵਲੋਂ ਪ੍ਰਾਂਤ ਅੰਦਰ ਚੱਲੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਦੇ ਹੋਏ ਖਾਲਿਸਤਾਨੀ ਅੱਤਵਾਦੀਆਂ ਹੱਥੋਂ ਸ਼ਹੀਦ ਹੋਏ ਸਾਥੀ ਗੁਰਨਾਮ ਉਪਲ ਤੇ ਉਨ੍ਹਾਂ ਦੇ ਹੋਰ ਸਾਥੀ ਸ਼ਹੀਦਾਂ ਅਤੇ ਕੁਦਰਤੀ ਤੌਰ 'ਤੇ ਵਿਛੜੇ ਆਗੂਆਂ ਨੂੰ ਸਮਰਪਤ ਰਈਆ ਦੀ ਅਨਾਜ ਮੰਡੀ ਵਿੱਚ ਸ਼ਹੀਦੀ ਸਮਾਗਮ 17 ਸਤੰਬਰ ਨੂੰ ਕਰਾਇਆ ਗਿਆ॥ਸਮਾਗਮ ਦੇ ਸ਼ੁਰੂ ਵਿੱਚ ਝੰਡਾ ਲਹਿਰਾਉਣ ਦੀ ਰਸਮ ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਅਦਾ ਕੀਤੀ॥ਸਮਾਗਮ ਦੀ ਪ੍ਰਧਾਨਗੀ ਸਰਵਸਾਥੀ ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ, ਗੁਰਮੇਜ ਸਿੰਘ ਤਿਮੋਵਾਲ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ॥
ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ਨੂੰ ਮਹਿੰਗੇ ਮੁੱਲ ਮਿਲੀ ਅਜਾਦੀ ਨੂੰ ਅੱਜ ਫੇਰ ਸਾਮਰਾਜੀਆਂ ਤੋਂ ਖਤਰਾ ਪੈਦਾ ਹੋ ਗਿਆ ਹੈ,।ਉਹ ਪੂਰੀ ਦੁਨੀਆਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਣਾ ਚਾਹੁੰਦੇ ਹਨ,।ਸਾਡੇ ਹਾਕਮ ਉਨ੍ਹਾਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸੇ ਨੀਤੀ ਤਹਿਤ ਹੀ ਦੇਸ਼ ਦੇ ਜੰਗਲ, ਪਾਣੀ, ਜਮੀਨ ਤੇ ਹੋਰ ਕੁਦਰਤੀ ਸੋਮੇ ਉਨ੍ਹਾਂ ਦੇ ਹਵਾਲੇ ਕੀਤੇ ਜਾ ਰਹੇ ਹਨ।ਚੰਗੇ ਦਿਨਾਂ ਦਾ ਵਾਅਦਾ ਕਰਕੇ ਆਈ ਮੋਦੀ ਸਰਕਾਰ ਤੋਂ 100 ਦਿਨਾਂ ਅੰਦਰ ਹੀ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਪੰਜਾਬ ਅੰਦਰ ਬਾਦਲ ਪਰਵਾਰ ਨੇ ਰੇਤ, ਬਜਰੀ, ਸ਼ਰਾਬ ਅਤੇ ਕੇਬਲ ਨੈਟਵਰਕ 'ਤੇ ਕਬਜਾ ਕੀਤਾ ਹੋਇਆ ਹੈ॥ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਨੇ ਸਾਂਝਾ ਮੋਰਚਾ ਬਣਾ ਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਮੋਰਚਾ ਖੋਲ ਦਿੱਤਾ ਹੈ॥ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਰਵਸਾਥੀ ਗੁਰਨਾਮ ਸਿੰਘ ਦਾਊਦ, ਰਤਨ ਸਿੰਘ ਰੰਧਾਵਾ, ਡਾ. ਸਤਨਾਮ ਸਿੰਘ ਅਜਨਾਲਾ, ਪਰਗਟ ਸਿੰਘ ਜਾਮਾਰਾਏ  ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਕਿਰਤੀ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ॥ਉਨ੍ਹਾਂ ਕਿਹਾ ਕਿ ਚੋਣ ਵਾਅਦੇ ਮੁਤਾਬਕ ਗਰੀਬਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ, ਅੰਗਹੀਣ, ਵਿਧਵਾ, ਬੁਢਾਪਾ ਪੈਨਸ਼ਨ ਅਤੇ ਸ਼ਗਨ ਸਕੀਮ ਦੇ ਪੈਸੇ ਨਹੀਂ ਦਿੱਤੇ ਜਾ ਰਹੇ॥ਇਸ ਮੌਕੇ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਜਸਪਾਲ ਸਿੰਘ ਝਬਾਲ, ਰਛਪਾਲ ਸਿੰਘ ਬੁਟਾਰੀ, ਨਿਰਮਲ ਸਿੰਘ ਭਿੰਡਰ, ਮਲਕੀਤ ਸਿੰਘ ਜੱਬੋਵਾਲ, ਨਿਰਮਲ ਸਿੰਘ ਛੱਜਲਵੱਢੀ, ਨਿਸ਼ਾਨ ਸਿੰਘ ਧਿਆਨਪੁਰ, ਬਚਨ ਸਿੰਘ ਜਸਪਾਲ ਅਤੇ ਲਖਵਿੰਦਰ ਸਿੰਘ ਖਾਸੀ ਆਦਿ ਸ਼ਾਮਿਲ ਸਨ॥ਸਟੇਜ ਦਾ ਸੰਚਾਲਨ ਨੌਜਵਾਨ ਆਗੂ ਸਾਥੀ ਹਰਪ੍ਰੀਤ ਸਿੰਘ ਬੁਟਾਰੀ ਨੇ ਕੀਤਾ।


ਬੀਬੀ ਸਵਿੱਤਰ ਕੌਰ ਨੂੰ ਸ਼ਰਧਾਂਜਲੀਆਂ 
ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਅਮਰਜੀਤ ਸਿੰਘ ਕੁਲਾਰ ਦੀ ਜੀਵਨ ਸਾਥਣ ਬੀਬੀ ਸਵਿਤਰ ਕੌਰ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਕਸਬਾ ਆਲੀਵਾਲ ਦੇ ਗਰੀਨ ਪਾਮ ਪੈਲੇਸ ਵਿਖੇ ਹੋਇਆ। ਸ਼ਰਧਾਂ ਦੇ ਫੁੱਲ ਭੇਂਟ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਬੀਬੀ ਸਵਿੱਤਰ ਕੌਰ ਵਲੋਂ ਸਾਥੀ ਕਲਾਰ ਦੇ ਸੁਹਿਰਦਤਾ ਨਾਲ ਨਿਭਾਏ ਸਾਥ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਹ ਉਨ੍ਹਾ ਦਾ ਸਾਥ ਹੀ ਸੀ ਕਿ ਕਾਮਰੇਡ ਕਲਾਰ ਖੱਬੀ ਲਹਿਰ ਉਸਾਰਨ ਵਿਚ ਆਪਣਾ ਯੋਗਦਾਨ ਪ੍ਰਮੁੱਖਤਾ ਨਾਲ ਪਾ ਸਕੇ। ਸ਼ਰਧਾਂਜਲੀ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਪਿੰਗਲਵਾੜਾ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ, ਸੀ ਪੀ ਐੱਮ ਪੰਜਾਬ ਦੇ ਆਗੂ ਲਾਲ ਚੰਦ ਕਟਾਰੂਚੱਕ, ਅਜੀਤ ਸਿੰਘ ਠੱਕਰ ਸੰਧੂ, ਅਜੀਤ ਸਿੰਘ ਸਿੱਧਵਾਂ, ਮੱਖਣ ਕੋਹਾੜ, ਸੰਤੋਖ ਸਿੰਘ ਔਲਖ, ਸੁਰਜੀਤ ਘੁਮਾਣ, ਗੁਰਦਿਆਲ ਘੁਮਾਣ, ਜਗਜੀਤ ਸਿੰਘ ਕਲਾਨੌਰ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਨੱਥਾ ਸਿੰਘ, ਹਰਿੰਦਰ ਸਿੰਘ ਰੰਧਾਵਾ, ਮਾ. ਦਰਸ਼ਨ ਸਿੰਘ, ਸ਼ਿਵ ਕੁਮਾਰ, ਜਸਵੰਤ ਸਿੰਘ ਬੁੱਟਰ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ, ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਸੂਬਾ ਸਕੱਤਰ ਦਿਹਾਤੀ ਮਜ਼ਦੂਰ ਸਭਾ ਗੁਰਨਾਮ ਸਿੰਘ ਦਾਊਦ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਲਖਬੀਰ ਸਿੰਘ ਹਾਰਨੀਆਂ, ਸੀ ਪੀ ਆਈ (ਐੱਮ) ਦੇ ਜ਼ਿਲ੍ਹਾ ਸਕੱਤਰ ਰਣਵੀਰ ਸਿੰਘ ਵਿਰਕ, ਬੀਬੀ ਸੁਰਜੀਤ ਕੁਮਾਰੀ ਜਨਵਾਦੀ ਇਸਤਰੀ ਸਭਾ ਅਤੇ ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕਰੇਸੀ ਦੇ ਸਤਬੀਰ ਸਿੰਘ ਨੇ ਵੀ ਸੰਬੋਧਨ ਕੀਤਾ। 

No comments:

Post a Comment