ਇੰਦਰਜੀਤ ਚੁਗਾਵਾਂ
ਜਿਵੇਂ ਕਿ ਆਸ ਕੀਤੀ ਜਾ ਰਹੀ ਸੀ, ਨਰਿੰਦਰ ਮੋਦੀ ਦੇ ਸੱਤਾ ਦੀ ਸ਼ਿਖਰ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਹਿੰਦੂ ਕੱਟੜਪੰਥੀਆਂ ਦੇ ਹੌਂਸਲੇ ਬੁਲੰਦ ਹੀ ਨਹੀਂ ਹੋਏ, ਉਹ ਬੇਲਗਾਮ ਹੋ ਗਏ ਹਨ। ਮੀਡੀਆ 'ਚ ਬਹੁਤ ਦੇਰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਜਿਸ ਛੁਪੇ ਏਜੰਡੇ ਦੀ ਚਰਚਾ ਹੁੰਦੀ ਰਹੀ ਹੈ, ਉਹ ਹੁਣ ਖੁੱਲ੍ਹ ਕੇ ਬਾਹਰ ਆ ਰਿਹਾ ਹੈ। ਉਹ ਭਾਰਤ ਦੀ ਸਦੀਆਂ ਪੁਰਾਣੀ ਨਸਲੀ, ਧਾਰਮਿਕ ਤੇ ਸੱਭਿਆਚਾਰਕ ਵਿਭਿੰਨਤਾ ਨੂੰ ਖਤਮ ਕਰਕੇ ਇਸ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਦੱਬੀ ਜ਼ੁਬਾਨ ਨਾਲ, ਬੰਦ ਕਮਰਿਆਂ 'ਚ ਨਹੀਂ, ਖੁੱਲ੍ਹੇਆਮ ਕਰਨ ਲੱਗ ਪਏ ਹਨ।
ਆਰ.ਐਸ.ਐਸ. ਆਪਣੇ ਮੂਲ ਖਾਸੇ ਅਨੁਸਾਰ ਵੱਖ ਵੱਖ ਭਾਈਚਾਰਿਆਂ 'ਚ ਕੁੜੱਤਣ ਪੈਦਾ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਇਸ ਦਾ ਮੁਖੀ ਮੋਹਨ ਭਾਗਵਤ ਭਾਰਤ ਨੂੰ ਹਿੰਦੂ ਰਾਸ਼ਟਰ ਦੱਸਦਾ ਹੈ। ਬੰਬਈ 'ਚ ਵਿਸ਼ਵ ਹਿੰਦੂ ਪ੍ਰੀਸ਼ਦ, ਜੋ ਕਿ ਆਰ.ਐਸ.ਐਸ. ਦੀ ਹੀ ਇਕ ਸ਼ਾਖਾ ਹੈ, ਦੇ ਗੋਲਡਨ ਜ਼ੁਬਲੀ ਸਮਾਗਮ 'ਚ ਬੋਲਦਿਆਂ ਭਾਗਵਤ ਆਖਦਾ ਹੈ, ''ਹਿੰਦੂਸਤਾਨ ਇਕ ਹਿੰਦੂ ਰਾਸ਼ਟਰ ਹੈ... ਹਿੰਦੂਤਵ ਸਾਡੇ ਰਾਸ਼ਟਰ ਦੀ ਪਛਾਣ ਹੈ ਅਤੇ ਇਹ (ਹਿੰਦੂਤਵ) ਦੂਸਰਿਆਂ (ਧਰਮਾਂ) ਨੂੰ ਆਪਣੇ 'ਚ ਸਮਾਅ ਸਕਦਾ ਹੈ।'' ਇਸ ਤੋਂ ਪਿਛਲੇ ਹਫਤੇ ਕੱਟਕ 'ਚ ਭਾਗਵਤ ਨੇ ਕਿਹਾ ਸੀ ''ਸਾਰੇ ਭਾਰਤੀਆਂ ਦੀ ਸੱਭਿਆਚਾਰਕ ਪਛਾਣ ਹਿੰਦੂਤਵ ਹੈ ਅਤੇ ਦੇਸ਼ ਦੇ ਮੌਜੂਦਾ ਵਾਸੀ ਇਸ ਮਹਾਨ ਸੱਭਿਆਚਾਰ ਦਾ ਹਿੱਸਾ ਹਨ।''
ਜੇ ਅਜਿਹਾ ਹੈ ਤਾਂ ਉਹਨਾਂ ਲੋਕਾਂ ਦੀ ਪਛਾਣ ਦਾ ਕੀ ਹੋਵੇਗਾ ਜਿਹੜੇ ਇਸਲਾਮ, ਈਸਾਈ, ਸਿੱਖ, ਬੁੱਧ, ਜੈਨ ਤੇ ਹੋਰਨਾਂ ਧਰਮਾਂ ਵਿਚ ਆਸਥਾ ਰੱਖਦੇ ਚਲੇ ਆ ਰਹੇ ਹਨ? ਭਾਗਵਤ ਦੇ ਬਿਆਨ ਦਾ ਸਪੱਸ਼ਟ ਸੰਦੇਸ ਹੈ ਕਿ ਇਸ ਦੇਸ਼ ਦੇ ਹਰ ਬਾਸ਼ਿੰਦੇ ਨੂੰ 'ਹਿੰਦੂਤਵ' ਦੀ ਛਤਰੀ ਹੇਠ, ਸਿੱਧੇ ਜਾਂ ਅਸਿੱਧੇ ਰੂਪ 'ਚ ਆਉਣਾ ਹੀ ਹੋਵੇਗਾ। ਕੀ ਦੇਸ਼ ਦੇ ਸੰਵਿਧਾਨ ਵਿਚ ਅਜਿਹਾ ਲਿਖਿਆ ਗਿਆ ਹੈ? ਬਿਲਕੁਲ ਹੀ ਨਹੀਂ, ਸੰਵਿਧਾਨ ਵਿਚ 'ਹਿੰਦੂਸਤਾਨ' ਦਾ ਜ਼ਿਕਰ ਕਿਤੇ ਵੀ ਨਹੀਂ ਕੀਤਾ ਗਿਆ। ਉਥੇ ਭਾਰਤ ਤੇ ਇੰਡੀਆ ਲਫਜ਼ਾਂ ਦੀ ਵਰਤੋਂ ਕੀਤੀ ਗਈ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਭਾਗਵਤ ਨੂੰ ਭਾਰਤ ਦੇ ਸੰਵਿਧਾਨ ਦਾ ਗਿਆਨ ਨਹੀਂ ਹੈ? ਉਹਨਾ ਨੂੰ ਗਿਆਨ ਜ਼ਰੂਰ ਹੈ ਪਰ ਉਹ ਆਪਣੀ ਵਿਚਾਰਧਾਰਾ ਨੂੰ ਦੇਸ਼ ਦੇ ਸੰਵਿਧਾਨ ਤੋਂ ਉਪਰ ਮੰਨਦੇ ਹਨ।
ਭਾਗਵਤ ਅਜਿਹਾ ਕਰਨ ਵਾਲੇ ਇਕੱਲੇ ਨਹੀਂ ਹਨ, ਉਹਨਾਂ ਕੋਲ ਇਕ ਵਿਸ਼ਾਲ ਭਗਵੀਂ ਸੈਨਾ ਹੈ ਜਿਹੜੀ ਅੱਗ ਉਗਲਦੀ ਫਿਰ ਰਹੀ ਹੈ, ਘੱਟ ਗਿਣਤੀਆਂ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਰਹੀ ਹੈ। ਲੋਕ ਸਭਾ ਚੋਣਾਂ 'ਚ ਇਸ ਭਗਵੀਂ ਸੈਨਾ ਨੇ ਫਿਰਕੂ ਭੜਕਾਹਟ ਪੈਦਾ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਚੋਣਾਂ ਤੋਂ ਪਹਿਲਾਂ ਉਤਰ ਪ੍ਰਦੇਸ਼ ਦੇ ਮੁਜੱਫਰਨਗਰ 'ਚ ਵੱਡੀ ਪੱਧਰ 'ਤੇ ਦੰਗੇ ਕਰਵਾਏ ਗਏ। ਇਹਨਾਂ ਦੰਗਿਆਂ ਪਿਛੇ ਭਗਵੀਂ ਸੈਨਾ ਦੇ ਲਫਟੈਣਾਂ ਦਾ ਹੱਥ ਜਲਦੀ ਹੀ ਨੰਗਾ ਹੋ ਗਿਆ ਤੇ ਚੋਣਾਂ ਤੋਂ ਥੋੜੇ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਸ-ਉਲ-ਖਾਸ ਅਮਿਤ ਸ਼ਾਹ ਨੇ ਫਿਰਕੂ ਲਾਂਬੂ ਲਾਉਂਦਿਆਂ ਬਹੁਗਿਣਤੀ ਭਾਈਚਾਰੇ ਨੂੰ ਦੰਗਿਆਂ ਦੇ ਦੋਸ਼ੀਆਂ ਤੋਂ ਬਦਲਾ ਲੈਣ ਲਈ ਉਕਸਾਇਆ। ਇਸ ਕਾਰੇ ਲਈ ਉਸ ਨੂੰ ਚੋਣ ਕਮਿਸ਼ਨ ਨੇ ਨੋਟਿਸ ਵੀ ਜਾਰੀ ਕੀਤਾ ਪਰ ਬਿਨਾਂ ਦੰਦਾਂ ਵਾਲੀ ਇਸ ਸੰਵਿਧਾਨਕ ਅਥਾਰਟੀ ਦੀ ਕੌਣ ਪ੍ਰਵਾਹ ਕਰਦਾ ਹੈ! ਅਮਿਤ ਸ਼ਾਹ ਇਕ ਮੁਆਫੀ ਮੰਗ ਕੇ ਬਚ ਨਿਕਲਿਆ।
ਅਜਿਹਾ ਨਹੀਂ ਕਿ ਅਮਿਤ ਸ਼ਾਹ ਦੇ ਮੂੰਹੋਂ ਇਹ ਲਫਜ਼ ਅਚਾਨਕ ਫਿਸਲ ਗਏ ਹੋਣ, ਇਹ ਸਭ ਫਿਰਕੂ ਧਰੁਵੀਕਰਨ ਦੀ ਸਾਜਿਸ਼ੀ ਰਣਨੀਤੀ ਦਾ ਹਿੱਸਾ ਹੈ। ਹਾਲ ਹੀ 'ਚ ਹੋਈਆਂ ਜਿਮਨੀ ਚੋਣਾਂ ਦੌਰਾਨ ਉਤਰ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ ਦੇ ਸਟਾਰ ਪ੍ਰਚਾਰਕ ਯੋਗੀ ਅਦਿਤਿਆ ਨਾਥ ਨੇ ਵੀ ਅਜਿਹਾ ਹੀ ਭਾਸ਼ਨ ਦਿੱਤਾ। ਨੋਇਡਾ 'ਚ ਇਕ ਰੈਲੀ ਦੌਰਾਨ ਯੋਗੀ ਨੇ ਕਿਹਾ, ''ਸਮਾਜਵਾਦੀ ਪਾਰਟੀ ਦੇ ਢਾਈ ਸਾਲਾਂ ਦੇ ਸ਼ਾਸਨ ਦੌਰਾਨ ਪੱਛਮੀ ਯੂ.ਪੀ. 'ਚ 450 ਦੰਗੇ ਹੋਏ ਹਨ ਕਿਉਂਕਿ ਇਕ ਖਾਸ ਫਿਰਕੇ ਦੀ ਵਸੋਂ ਕਈ ਗੁਣਾ ਵੱਧ ਗਈ ਹੈ। ਪੂਰਬੀ ਯੂ.ਪੀ.'ਚ ਦੰਗੇ ਕਿਉਂ ਨਹੀਂ ਹੁੰਦੇ? ਤੁਸੀਂ ਅਸਾਨੀ ਨਾਲ ਸਮਝ ਸਕਦੇ ਹੋ।'' ਉਸਦਾ ਸਿੱਧਾ ਨਿਸ਼ਾਨਾ ਮੁਸਲਿਮ ਭਾਈਚਾਰਾ ਸੀ। ਉਹ ਆਖਦਾ ਹੈ, ''ਜਿਥੇ ਘੱਟ ਗਿਣਤੀਆਂ ਦੀ ਵਸੋਂ 10 ਤੋਂ 20 ਫੀਸਦੀ ਹੈ, ਉਥੇ ਵਿਰਲੀ ਟਾਵੀਂ ਫਿਰਕੂ ਵਾਰਦਾਤ ਹੁੰਦੀ ਹੈ। ਜਿਥੇ ਇਹ ਵਸੋਂ 20 ਤੋਂ 35 ਫੀਸਦੀ ਹੈ, ਗੰਭੀਰ ਫਿਰਕੂ ਦੰਗੇ ਹੁੰਦੇ ਹਨ ਅਤੇ ਜਿਥੇ ਇਹ ਵਸੋਂ 35 ਫੀਸਦੀ ਤੋਂ ਜ਼ਿਆਦਾ ਹੈ, ਉਥੇ ਗੈਰ ਮੁਸਲਮਾਨਾਂ ਲਈ ਕੋਈ ਥਾਂ ਨਹੀਂ। ਗੋਰਖਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਇਸ ਸੰਸਦ ਮੈਂਬਰ ਨੇ ਮਈ ਚੋਣਾਂ 'ਚ ਵੀ ਅਜਿਹੀ ਗੱਲ ਹੀ ਕਹੀ ਸੀ।
ਮਈ ਮਹੀਨੇ 'ਚ ਹੋਈਆਂ ਆਮ ਚੋਣਾਂ ਤੋਂ ਬਾਅਦ ਆਰ.ਐਸ.ਐਸ. ਨੇ ਭਾਰਤੀ ਜਨਤਾ ਪਾਰਟੀ, ਜੋ ਕਿ ਉਸਦਾ ਸਿਆਸੀ ਵਿੰਗ ਹੈ, 'ਤੇ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ। ਉਸਦੇ ਮੈਂਬਰਾਂ ਨੂੰ ਕੈਬਨਿਟ 'ਚ ਅਹਿਮ ਸਥਾਨ ਮਿਲੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ, ਨਿਤਿਨ ਗਡਕਰੀ, ਰਾਜਨਾਥ ਸਿੰਘ ਆਰ.ਐਸ.ਐਸ. ਦੇ ਪ੍ਰਮੁੱਖ ਵਰਕਰ ਹਨ। ਪਾਰਟੀ ਅੰਦਰ ਵੀ ਸੀਨੀਅਰ ਸੰਘੀ ਲੀਡਰਾਂ ਨੂੰ ਅਹਿਮ ਅਹੁਦਿਆਂ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਅਮਿਤ ਸ਼ਾਹ ਤੇ ਜਨਰਲ ਸਕੱਤਰ ਰਾਮ ਮਾਧਵ ਇਸ ਦੀਆਂ ਉਘੜਵੀਆਂ ਮਿਸਾਲਾਂ ਹਨ। ਪਾਰਟੀ ਤੇ ਸਰਕਾਰ ਦੀ ਵਾਗਡੋਰ ਇਸ ਸਮੇਂ ਸਿੱਧੇ ਰੂਪ 'ਚ ਆਰ.ਐਸ.ਐਸ. ਦੇ ਹੱਥ ਵਿਚ ਹੈ। ਆਰ.ਐਸ.ਐਸ. ਮੁਖੀ ਭਾਗਵਤ ਵਲੋਂ ਦਿੱਤੇ ਜਾ ਰਹੇ ਕੱਟੜਪੰਥੀ ਬਿਆਨ ਸੰਘ ਦੇ ਲੱਖਾਂ 'ਸਵੈਮ ਸੇਵਕਾਂ' ਦੇ ਹੌਸਲੇ ਬੁਲੰਦ ਕਰ ਰਹੇ ਹਨ ਜਿਹੜੇ ਕਿ ਮੋਦੀ ਦੀ ਜਿੱਤ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਉਤੇਜਿਤ ਸਨ।
ਇਹ ਸੰਘ ਦੀ ਤੁੱਖਣਾ ਹੀ ਹੈ ਕਿ 'ਲਵ ਜਿਹਾਦ' ਦੇ ਨਾਂਅ 'ਤੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਸੰਘ ਦਾ ਕਹਿਣਾ ਹੈ ਕਿ ਇਸਲਾਮੀ ਸਾਜਿਸ਼ ਅਧੀਨ ਹਿੰਦੂ ਲੜਕੀਆਂ ਨੂੰ ਪਿਆਰ, ਵਿਆਹ ਤੇ ਪੈਸੇ ਰਾਹੀਂ ਭਰਮਾ ਕੇ ਉਹਨਾਂ ਦਾ ਧਰਮ ਪਰਵਰਤਨ ਕਰਵਾ ਕੇ ਮੁਸਲਿਮ ਬਣਾਇਆ ਜਾ ਰਿਹਾ ਹੈ। ਇਸ ਨੂੰ ਉਹਨਾਂ 'ਲਵ ਜਿਹਾਦ' ਦਾ ਨਾਂਅ ਦਿੱਤਾ ਹੈ ਭਾਵੇਂ ਅਜੇ ਤੱਕ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਜਿਸ ਤੋਂ ਅਜਿਹੀ ਕੋਈ ਸਾਜਿਸ਼ੀ 'ਲਵ ਜਿਹਾਦ' ਨਾਂਅ ਦੀ ਸ਼ੈਅ ਦੇ ਵਜੂਦ ਦਾ ਪਤਾ ਲੱਗਦਾ ਹੋਵੇ। ਇਸ ਦੇ ਬਾਵਜੂਦ ਸੰਘ ਦੇ ਆਗੂਆਂ ਵਲੋਂ ਅੱਗ ਉਗਲੀ ਜਾ ਰਹੀ ਹੈ। ਭਾਗਵਤ ਹਿੰਦੂ ਲੜਕੀਆਂ ਨੂੰ 'ਲਵ ਜਿਹਾਦ' ਦੇ ਅਰਥ ਸਮਝਾਉਣ ਦੀਆਂ ਤੁੱਖਣੀਆਂ ਦਿੰਦੇ ਹਨ। ਪਿਛਲੇ ਦਿਨੀਂ 5 ਸਤੰਬਰ ਨੂੰ ਗਾਜ਼ੀਆਬਾਦ ਇਲਾਕੇ 'ਚ ਔਰਤਾਂ ਦੇ ਇਕ ਕੌਮੀ ਪੱਧਰ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਗਵਤ ਆਖਦੇ ਹਨ, ''ਆਉਣ ਵਾਲੀਆਂ ਪੀੜ੍ਹੀਆਂ ਦੀਆਂ ਲੜਕੀਆਂ ਨੂੰ 'ਲਵ ਜਿਹਾਦ' ਦੇ ਅਰਥ ਅਤੇ ਉਨ੍ਹਾਂ ਦੇ ਜਾਲ 'ਚੋਂ ਆਪਣੇ ਆਪ ਨੂੰ ਬਚਾਉਣ ਦੇ ਢੰਗ ਤਰੀਕੇ ਦੱਸੇ ਜਾਣੇ ਚਾਹੀਦੇ ਹਨ।''
ਇਸ ਤੋਂ ਦੋ ਕੁ ਹਫਤੇ ਪਹਿਲਾਂ ਭਾਜਪਾ ਨੇ ਉਤਰ ਪ੍ਰਦੇਸ਼ 'ਚ ਹੋਈ ਆਪਣੀ ਕਾਰਜਕਾਰਨੀ ਦੀ ਮੀਟਿੰਗ 'ਚ, 13 ਸਤੰਬਰ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ, ਪਾਸ ਕੀਤੇ ਮਤੇ 'ਚ 'ਲਵ ਜਿਹਾਦ' ਦਾ ਸ਼ਬਦ ਵਰਤਣ ਤੋਂ ਗੁਰੇਜ਼ ਕੀਤਾ ਸੀ ਪਰ ਉਸ ਨੂੰ 'ਜਬਰੀ ਧਰਮ ਪਰਿਵਰਤਨ' ਦਾ ਮੁੱਦਾ ਆਪਣੇ ਮਤੇ ਵਿਚ ਜ਼ਰੂਰ ਸ਼ਾਮਲ ਕਰ ਲਿਆ ਸੀ।
ਸਮਾਂ ਬਦਲ ਰਿਹਾ ਹੈ। ਰੂੜੀਵਾਦੀ ਕਦਰਾਂ-ਕੀਮਤਾਂ ਦੀਆਂ ਖੋਖਲੀਆਂ ਹੋ ਚੁੱਕੀਆਂ ਦੀਵਾਰਾਂ ਹੌਲੀ ਹੌਲੀ ਕਰਕੇ ਕਿਰ ਰਹੀਆਂ ਹਨ ਪਰ ਸੰਘ ਨੂੰ ਇਹ ਤਬਦੀਲੀ ਪ੍ਰਵਾਨ ਨਹੀਂ। ਇਸ ਸੰਬੰਧ 'ਚ ਅਗਸਤ ਮਹੀਨੇ ਦੇ ਆਖਰੀ ਦਿਨਾਂ 'ਚ ਯੋਗੀ ਅਦਿਤਿਆ ਨਾਥ, ਜਿਸ ਨੂੰ ਜ਼ਹਿਰ ਉਗਲੇ ਬਿਨਾਂ ਖਾਣਾ ਹਜ਼ਮ ਨਹੀਂ ਹੁੰਦਾ, ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡਿਓ 'ਚ ਯੋਗੀ ਆਖ ਰਿਹਾ ਹੈ, ''ਜੇ ਉਹ ਇਕ ਹਿੰਦੂ ਲੜਕੀ ਲੈ ਕੇ ਜਾਂਦੇ ਹਨ, ਅਸੀਂ 100 ਮੁਸਲਿਮ ਲੜਕੀਆਂ ਲੈ ਕੇ ਆਵਾਂਗੇ। ਜਿਸ ਢੰਗ ਨਾਲ ਹਿੰਦੂ ਲੜਕੀਆਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ, ਮੈਨੂੰ ਨਹੀਂ ਲੱਗਦਾ ਕੋਈ ਸੱਭਿਆ ਸਮਾਜ ਇਸ ਨੂੰ ਪ੍ਰਵਾਨ ਕਰੇਗਾ। ਇਕ ਭਾਈਚਾਰੇ ਨੂੰ ਅਰਾਜਕਤਾ ਫੈਲਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਜੇ ਸਰਕਾਰ ਕੁੱਝ ਨਹੀਂ ਕਰ ਰਹੀ ਤਾਂ ਹਿੰਦੂਆਂ ਨੂੰ ਮਾਮਲਾ ਆਪਣੇ ਹੱਥਾਂ 'ਚ ਲੈਣਾ ਪਵੇਗਾ।'' ਜੇ ਕੋਈ ਲੜਕੀ ਕਿਸੇ ਮੁਸਲਿਮ ਲੜਕੇ ਨਾਲ ਵਿਆਹ ਕਰ ਲੈਂਦੀ ਹੈ ਤਾਂ ਇਸ ਸਮੁੱਚੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਕਿਥੋਂ ਦਾ ਇਨਸਾਫ ਹੈ? ਪਿਛਲੇ ਦਿਨੀਂ ਕੌਮੀ ਪੱਧਰ ਦੀ ਇਕ ਖਿਡਾਰਨ ਤਾਰਾ ਸ਼ਾਹਦਿਓ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਮੁਸਲਿਮ ਪਤੀ ਨੇ ਵਿਆਹ ਕਰਵਾਉਂਦੇ ਵਕਤ ਆਪਣਾ ਧਰਮ ਛੁਪਾ ਕੇ ਰੱਖਿਆ। ਇਸ ਮਾਮਲੇ 'ਚ ਉਸ ਨੇ ਕਈ ਹੋਰਨਾਂ ਦੇ ਨਾਂਅ ਵੀ ਲਏ ਜਿਹਨਾਂ 'ਚ ਜ਼ਿਆਦਾ ਗਿਣਤੀ ਗੈਰ ਮੁਸਲਿਮ ਲੋਕਾਂ ਦੀ ਸੀ। ਪਰ ਜ਼ੁਆਬ 'ਚ ਕੱਟੜਪੰਥੀ ਭਗਵੀਆਂ ਜਥੇਬੰਦੀਆਂ ਨੇ ਪੂਰੇ ਰਾਂਚੀ ਨੂੰ ਸੂਲੀ ਟੰਗੀ ਰੱਖਿਆ, ਇਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ। 'ਲਵ ਜਿਹਾਦ' ਦੇ ਨਾਂਅ 'ਤੇ ਸੰਘੀਆਂ ਨੇ ਇੰਜ ਤੂਫਾਨ ਖੜ੍ਹਾ ਕੀਤਾ ਹੋਇਆ ਹੈ ਕਿ ਜਿਵੇਂ ਬਹੁਤ ਵੱਡਾ ਹਮਲਾ ਹੋਣ ਜਾ ਰਿਹਾ ਹੈ। ਹਿੰਦੂ ਪਰਵਾਰਾਂ ਦੇ ਵਿਆਹ 'ਤੇ, ਤਿੱਥ ਤਿਓਹਾਰਾਂ 'ਤੇ, ਦੇਸ਼ ਭਰ 'ਚ ਕਾਲਜਾਂ ਦੇ ਬਾਹਰ 'ਲਵ ਜਿਹਾਦ' ਨਾਂਅ ਦਾ ਪੈਫਲੇਟ ਵੰਡਿਆ ਜਾ ਰਿਹਾ ਹੈ। ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਇਨ੍ਹਾਂ ਨੂੰ ਲੜਕੀਆਂ ਦੀ ਬਹੁਤ ਜ਼ਿਆਦਾ ਚਿੰਤਾ ਹੋਵੇ ਜਦਕਿ ਹਕੀਕਤ ਇਸ ਦੇ ਬਿਲਕੁਲ ਉਲਟ ਹੈ।
ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਔਰਤਾਂ ਦੀ ਕਿੰਨੀ ਕੁ ਕਦਰ ਕਰਦੇ ਹਨ ਇਹ ਉਹਨਾਂ ਦੇ 'ਪ੍ਰਵਚਨਾਂ' ਤੋਂ ਸਪੱਸ਼ਟ ਹੋ ਜਾਂਦਾ ਹੈ। ਇੰਦੌਰ 'ਚ ਇਕ ਰੈਲੀ 'ਚ ਬੋਲਦਿਆਂ ਭਾਗਵਤ ਨੇ ਫਰਮਾਇਆ ਕਿ ਵਿਆਹ ਪਤੀ-ਪਤਨੀ ਵਿਚਾਲੇ ਇਕ ਸੌਦਾ ਹੈ ਜਿਸ ਅਧੀਨ ਪਤੀ ਆਖਦਾ ਹੈ ਕਿ ਤੂੰ ਮੇਰੇ ਘਰ ਦਾ ਖਿਆਲ ਰੱਖੇਂਗੀ ਤੇ ਮੈਂ ਤੇਰੀਆਂ ਲੋੜਾਂ ਪੂਰੀਆਂ ਕਰਾਂਗਾ, ਤੇਰੀ ਰਾਖੀ ਕਰਾਂਗਾ। ਜਦ ਤੱਕ ਪਤਨੀ ਸੌਦੇ ਦੀਆਂ ਸ਼ਰਤਾਂ 'ਚ ਚਲਦੀ ਹੈ, ਪਤੀ ਉਸ ਨੂੰ ਆਪਣੇ ਨਾਲ ਰੱਖਦਾ ਹੈ। ਜੇ ਉਹ ਸੌਦੇ ਦੀ ਉਲੰਘਣਾ ਕਰੇ ਤਾਂ ਪਤੀ ਉਸ ਨੂੰ ਛੱਡ ਸਕਦਾ ਹੈ। ਇਸ ਦਾ ਅਰਥ ਤਾਂ ਇਹੀ ਹੈ ਕਿ ਔਰਤ ਇਨਸਾਨ ਨਹੀਂ ਹੈ। ਉਸ ਦੀ ਆਪਣੀ ਕੋਈ ਹੋਂਦ ਨਹੀਂ ਹੈ। ਗਾਂ-ਮੱਝ ਵਾਂਗ ਲਾਹੇਵੰਦ ਨਾ ਰਹਿਣ 'ਤੇ ਉਸ ਨੂੰ ਘਰੋਂ ਕੱਢਿਆ ਜਾ ਸਕਦਾ ਹੈ। ਵਾਹ! ਭਾਗਵਤ ਸਾਹਿਬ! ਤੁਹਾਡਾ ਵਸ ਚੱਲੇ, ਤੁਸੀਂ ਤਾਂ ਔਰਤਾਂ ਨੂੰ ਘਰਾਂ 'ਚ ਕੈਦ ਹੀ ਕਰ ਦਿਓ।
ਭਾਗਵਤ, ਵਿਕਾਸ ਦੇ ਵੀ ਵਿਰੁੱਧ ਹਨ। ਵੱਧ ਰਹੇ ਬਲਾਤਕਾਰਾਂ ਦੇ ਸੰਬੰਧ 'ਚ ਉਹਨਾਂ ਦੀ ਟਿੱਪਣੀ ਵੀ ਗੌਰ ਮੰਗਦੀ ਹੈ ਕਿ ਬਲਾਤਕਾਰ ਪੱਛਮੀ ਸੱਭਿਆਚਾਰ ਅਪਨਾਉਣ ਕਾਰਨ ਹੁੰਦੇ ਹਨ। ਸ਼ਹਿਰੀ ਇਲਾਕਿਆਂ 'ਚ ਭਾਰਤੀ ਕਦਰਾਂ-ਕੀਮਤਾਂ ਨੂੰ ਖੋਰਾ ਲੱਗ ਰਿਹਾ ਹੈ। ਉਹ ਆਖਦੇ ਹਨ, ''ਸ਼ਹਿਰੀ ਭਾਰਤ 'ਚ ਔਰਤਾਂ 'ਤੇ ਅੱਤਿਆਚਾਰ ਸ਼ਰਮਨਾਕ ਹੈ ਪਰ ਇਹ ਅਪਰਾਧ ਭਾਰਤ (ਦਿਹਾਤੀ ਇਲਾਕੇ) 'ਚ ਨਹੀਂ ਹੁੰਦੇ। ਤੁਸੀਂ ਪਿੰਡਾਂ, ਦੇਸ਼ ਦੇ ਜੰਗਲਾਂ 'ਚ ਜਾਓ, ਸਮੂਹਿਕ ਬਲਾਤਕਾਰ, ਜਿਨਸੀ ਅਪਰਾਧ ਦੀਆਂ ਅਜਿਹੀਆਂ ਘਟਨਾਵਾਂ ਦੇਖਣ ਨੂੰ ਨਹੀਂ ਮਿਲਣਗੀਆਂ।'' ਮਤਲਬ ਇਹ ਕਿ ਸਿੱਖਿਆ ਹਾਸਲ ਕਰਨ ਦੇ ਮੌਕੇ ਛੱਡ ਕੇ ਦੂਰ ਦੁਰਾਡੇ ਪਿੰਡਾਂ 'ਚ, ਜੰਗਲਾਂ 'ਚ ਰਹਿਣਾ ਹੀ 'ਭਾਰਤੀ ਗੌਰਵ' ਹੈ? ਕੀ ਦਰੋਪਦੀ ਦਾ ਚੀਰ ਹਰਨ ਵੀ ਪੱਛਮੀ ਸੱਭਿਆਚਾਰ ਦਾ ਹੀ ਨਤੀਜਾ ਸੀ?
ਅਜਿਹਾ ਨਹੀਂ ਹੈ ਕਿ ਸੰਘ ਤੇ ਉਸ ਦੀਆਂ ਹੇਠਲੀਆਂ ਸ਼ਾਖਾਵਾਂ ਦੇ ਆਗੂਆਂ ਨੇ ਮੋਦੀ ਦੇ ਪ੍ਰਧਾਨ ਮੰਤਰੀ ਬਣਨ 'ਤੇ ਹੀ ਅੱਗ ਉਗਲਣੀ ਸ਼ੁਰੂ ਕੀਤੀ ਹੈ। ਮੋਦੀ ਦੇ ਪ੍ਰਧਾਨ ਮੰਤਰੀ ਬਣਨ 'ਤੇ ਉਹਨਾਂ ਦੀ ਇਸ ਖੇਡ 'ਚ ਤੇਜ਼ੀ ਆਈ ਹੈ ਪਰ ਇਹ ਖੇਡ ਸੰਘ ਦੇ ਗਠਨ ਤੋਂ ਲੈ ਕੇ ਹੀ ਜਾਰੀ ਹੈ। ਇਸ ਤੋਂ ਪਹਿਲਾਂ ਇਸ ਭਗਵੀਂ ਤੇ ਖਤਰਨਾਕ ਖੇਡ 'ਚ ਤੇਜ਼ੀ ਅਡਵਾਨੀ ਦੀ ਰੱਥ ਯਾਤਰਾ ਨੇ ਸੰਨ 1991 'ਚ ਲਿਆਂਦੀ ਸੀ ਜਿਸਦਾ ਅੰਤ ਅਯੁੱਧਿਆ ਦੀ ਵਿਵਾਦਗ੍ਰਸਤ ਬਾਬਰੀ ਮਸਜਿੱਦ ਦਾ ਢਾਂਚਾ ਡੇਗਣ ਨਾਲ ਹੋਇਆ ਸੀ ਜਿਸ ਥਾਂ 'ਤੇ ਹਿੰਦੂ ਕੱਟੜਪੰਥੀ ਰਾਮ ਮੰਦਰ ਬਣਾਉਣਾ ਚਾਹੁੰਦੇ ਹਨ।
ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਬਿਹਾਰ ਤੋਂ ਭਾਜਪਾ ਦਾ ਆਗੂ ਗਿਰੀਰਾਜ ਸਿੰਘ ਤਾਂ ਇਥੋਂ ਤੱਕ ਆਖ ਗਿਆ ਕਿ ਮੋਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਚੋਣਾਂ ਤੋਂ ਬਾਅਦ ਪਾਕਿਸਤਾਨ ਜਾ ਕੇ ਰਹਿਣਾ ਪਵੇਗਾ। ਉਸ ਵਿਰੁੱਧ ਤਿੰਨ ਕੇਸ ਦਰਜ ਹੋਏ ਪਰ ਗ੍ਰਿਫਤਾਰੀ ਕਿਸੇ ਵਿਚ ਵੀ ਨਹੀਂ ਹੋਈ।
ਵਿਸ਼ਵ ਹਿੰਦੂ ਪ੍ਰੀਸ਼ਦ ਦਾ ਆਗੂ ਪ੍ਰਵੀਨ ਤੋਗੜੀਆ ਮੁਸਲਮਾਨਾਂ 'ਤੇ ਹਿੰਦੂ ਜਾਇਦਾਦਾਂ ਖਰੀਦਣ 'ਤੇ ਰੋਕ ਲਗਾਉਣ ਦੀ ਵਕਾਲਤ ਕਰਦਾ ਹੈ। ਅਜਿਹੀ ਜ਼ਹਿਰ ਉਗਲਣ ਵਾਲੇ ਆਗੂਆਂ ਨੂੰ ਰੋਕਣ ਵਾਲਾ ਕੋਈ ਨਹੀਂ, ਉਨ੍ਹਾਂ ਵਿਰੁੱਧ ਕੋਈ ਸਖਤ ਕਾਰਵਾਈ ਨਹੀਂ ਹੁੰਦੀ ਜਿਸ ਤੋਂ ਸਵਾਲ ਖੜਾ ਹੁੰਦਾ ਹੈ ਕਿ ਕੀ ਕਾਨੂੰਨ ਏਨਾਂ ਹੀ ਨਰਮ ਹੈ ਕਿ ਉਸ ਨੂੰ ਜਿਧਰ ਚਾਹੋ ਮੋੜ ਲਵੋ!
ਡੇਢ ਕੁ ਦਹਾਕੇ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਵੋਟਰਾਂ ਨੂੰ 'ਹਿੰਦੂਤਵ' ਲਈ ਵੋਟ ਪਾਉਣ ਵਾਸਤੇ ਕਿਹਾ ਸੀ। ਉਸ 'ਤੇ ਮੁਕੱਦਮਾ ਚਲਿਆ ਤੇ ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ 'ਹਿੰਦੂਤਵ' ਨੂੰ 'ਜੀਵਨ ਜਾਚ' ਆਖ ਕੇ ਮੁਕੱਦਮੇ ਦੀ ਫੂਕ ਹੀ ਕੱਢ ਦਿੱਤੀ ਸੀ। ਅਜਿਹੇ ਮਾਮਲਿਆਂ 'ਚ ਸ਼ੁਰੂ ਸ਼ੁਰੂ 'ਚ ਇੰਜ ਲੱਗਦਾ ਹੈ ਕਿ ਫਲਾਣਾ ਲੀਡਰ ਤਾਂ ਸਮਝੋ ਫਸ ਗਿਆ ਪਰ ਮੁਕੱਦਮੇਬਾਜ਼ੀ ਇੰਨੀ ਲੰਮੀ ਚਲਦੀ ਹੈ ਕਿ ਸੰਬੰਧਤ ਮੁਕੱਦਮੇ ਦੀ ਕੋਈ ਅਹਿਮੀਅਤ ਹੀ ਨਹੀਂ ਰਹਿੰਦੀ। ਵਿਰਲੇ-ਟਾਂਵੇਂ ਨੂੰ ਹੀ ਸਜ਼ਾ ਹੁੰਦੀ ਹੈ ਤੇ ਸਬੂਤਾਂ ਦੀ ਘਾਟ ਕਾਰਨ ਆਗੂ ਸਾਹਿਬਾਨ ਬਚ ਕੇ ਨਿਕਲ ਜਾਂਦੇ ਹਨ।
ਸੰਨ 2002 'ਚ, ਮੋਦੀ ਦੇ ਗ੍ਰਹਿ ਸੂਬੇ ਗੁਜਰਾਤ 'ਚ ਉਸ ਦੇ ਮੁੱਖ ਮੰਤਰੀ ਬਣਦਿਆਂ ਹੀ ਮੁਸਲਿਮ ਵਿਰੋਧੀ ਦੰਗੇ ਭੜਕ ਉਠੇ ਸਨ ਜਿਨ੍ਹ੍ਰਾਂ 'ਚ ਸਰਕਾਰ ਦੇ ਰਿਕਾਰਡ ਅਨੁਸਾਰ 1000 ਤੋਂ ਵੱਧ ਮੁਸਲਮਾਨ ਮਾਰੇ ਗਏ ਸਨ। ਇਨ੍ਹਾਂ ਦੰਗਿਆਂ ਨੂੰ ਰੋਕਣ ਲਈ ਮੋਦੀ ਦੀ ਸਰਕਾਰ ਨੇ ਬਣਦੀ ਜਿੰਮੇਵਾਰੀ ਨਹੀਂ ਨਿਭਾਈ। ਇੱਥੋਂ ਤੱਕ ਕਿ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਉਸ ਨੂੰ 'ਰਾਜ ਧਰਮ' ਨਿਭਾਉਣ ਲਈ ਕਹਿਣਾ ਪਿਆ ਸੀ। ਸਭ ਕੁਝ ਚਿੱਟੇ ਦਿਨ ਵਾਂਗ ਸਾਫ ਹੈ ਪਰ ਸੁਪਰੀਮ ਕੋਰਟ ਵਲੋਂ ਕਰਵਾਈ ਗਈ ਜਾਂਚ ਦੌਰਾਨ ਉਸ 'ਤੇ ਮੁਕੱਦਮਾ ਚਲਾਉਣ ਲਈ ਕੋਈ ਸਬੂਤ ਨਹੀਂ ਮਿਲਿਆ ਤੇ ਮੋਦੀ ਖ਼ੁਦ, ਆਪਣੇ ਆਪ ਨੂੰ ਬੇਗੁਨਾਹ ਆਖਦੇ ਹਨ। ਇਸੇ ਤਰ੍ਹਾਂ ਉਹਨਾਂ ਦੇ ਲਫਟੈਣ ਅਮਿਤ ਸ਼ਾਹ, ਜਿਸ ਨੂੰ ਸੰਘ ਨੇ ਭਾਰਤੀ ਜਨਤਾ ਪਾਰਟੀ ਦੀ ਕਮਾਨ ਸੌਂਪੀ ਹੈ, 'ਤੇ ਵੀ ਇਨ੍ਹਾਂ ਦੰਗਿਆਂ ਦੇ ਸੰਬੰਧ ਵਿਚ ਕੇਸ ਚਲਦੇ ਰਹੇ ਹਨ ਜਿਸ ਦੌਰਾਨ ਉਸ ਨੂੰ ਗੁਜਰਾਤ ਤੋਂ ਬਾਹਰ ਵੀ ਕੱਢ ਦਿੱਤਾ ਗਿਆ ਸੀ। ਪਰ ਅਖੀਰ 'ਚ ਉਸ ਵਿਰੁੱਧ ਵੀ ਕੋਈ ਸਬੂਤ ਨਹੀਂ ਮਿਲਦਾ। ਗਜਰਾਤ ਦੰਗਿਆਂ ਦੇ ਦਾਗ ਕਾਰਨ ਅਮਰੀਕਾ ਮੋਦੀ ਨੂੰ ਵੀਜਾ ਦੇਣ ਤੋਂ ਇਨਕਾਰ ਕਰਦਾ ਰਿਹਾ ਸੀ ਪਰ ਹੁਣ ਉਹੀ ਅਮਰੀਕਾ ਮੋਦੀ ਦੇ ਸਵਾਗਤ ਲਈ ਪੱਬਾਂ ਭਾਰ ਹੋਇਆ ਫਿਰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਅਮਰੀਕਾ ਜਾਣ ਤੋਂ ਪਹਿਲਾਂ ਮੋਦੀ ਭਾਰਤ ਦੇ ਮੁਸਲਮਾਨਾਂ ਨੂੰ ਦੇਸ਼ ਭਗਤ ਹੋਣ ਦਾ ਖਿਤਾਬ ਵੀ ਦੇ ਦਿੰਦਾ ਹੈ। ਪਰ, ਇਹਨਾਂ ਦੇਸ਼ ਭਗਤ ਮੁਸਲਮਾਨਾਂ ਖਿਲਾਫ ਮੋਦੀ ਦੇ ਸਿਪਾਹ-ਸਲਾਰ ਜਦ ਜ਼ਹਿਰ ਉਗਲਦੇ ਹਨ ਤਾਂ ਮੋਦੀ ਉਨ੍ਹਾਂ ਨੂੰ ਨੱਥ ਪਾਉਣ ਲਈ ਕੋਈ ਵੀ ਉਪਰਾਲਾ ਨਹੀਂ ਕਰਦੇ।
ਅਜੇ ਥੋੜ੍ਹੇ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਹੀ ਲੋਕ ਸਭਾ ਮੈਂਬਰ ਸਾਕਸ਼ੀ ਮਹਾਰਾਜ ਨੇ ਮਦਰੱਸਿਆਂ ਵਿਰੁੱਧ ਜ਼ਹਿਰ ਉਗਲੀ ਹੈ। 14 ਸਤੰਬਰ ਦੀ ਗੱਲ ਹੈ। ਉਨਾਓ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਇਸ ਸੰਸਦ ਮੈਂਬਰ ਨੇ ਕੰਨੌਜ 'ਚ ਇਕ ਸਮਾਗਮ ਦੌਰਾਨ ਕਿਹਾ ਕਿ ਮਦਰੱਸੇ ਦੇਸ਼ ਭਰ 'ਚ 'ਅੱਤਵਾਦ ਅਤੇ ਲਵ ਜਿਹਾਦ' ਦੀ ਸਿਖਲਾਈ ਦੇ ਰਹੇ ਹਨ। ਘੱਟ ਗਿਣਤੀ ਭਾਈਚਾਰੇ ਤੇ ਉਸ ਦੇ ਸਕੂਲਾਂ (ਮੱਦਰੱਸਿਆਂ) ਵਿਰੁੱਧ ਦੂਸਰੇ ਭਾਈਚਾਰਿਆਂ ਨੂੰ ਭੜਕਾਉਣ ਲਈ ਪੂਰੀ ਵਾਹ ਲਾਉਂਦਿਆਂ ਸਾਕਸ਼ੀ ਮਹਾਰਾਜ ਆਖਦਾ ਹੈ ਕਿ ਮਦਰੱਸਿਆਂ 'ਚ ਮੁਸਲਿਮ ਨੌਜਵਾਨਾਂ ਨੂੰ 'ਲਵ ਜਿਹਾਦ' ਲਈ ਮੋਟੀਆਂ ਰਕਮਾਂ ਨਾਲ ਪ੍ਰੇਰਿਤ ਕੀਤਾ ਜਾਂਦਾ ਹੈ। ਉਸ ਨੇ ਤਾਂ ਇਸ ਕੰਮ ਦੇ ਰੇਟ ਤੱਕ ਦੱਸ ਦਿੱਤੇ। ਉਹ ਦਾਅਵਾ ਕਰਦਾ ਹੈ ਕਿ ਇਕ ਸਿੱਖ ਲੜਕੀ ਨੂੰ ਭਰਮਾਉਣ ਲਈ 11 ਲੱਖ ਰੁਪਏ, ਹਿੰਦੂ ਲੜਕੀ ਲਈ 10 ਲੱਖ ਰੁਪਏ ਤੇ ਜੈਨ ਲੜਕੀ ਨੂੰ ਫਸਾਉਣ ਲਈ 7 ਲੱਖ ਰੁਪਏ ਦਿੱਤੇ ਜਾਂਦੇ ਹਨ। ਉਹ ਆਖਦਾ ਹੈ ਕਿ ਮਦਰੱਸੇ ਵਿਦਿਆਰਥੀਆਂ ਨੂੰ 'ਅੱਤਵਾਦੀ' ਅਤੇ 'ਜਿਹਾਦੀ' ਬਣਾ ਰਹੇ ਹਨ ਤੇ ਉਨ੍ਹਾ ਵਲੋਂ ਦਿੱਤੀ ਜਾ ਰਹੀ ਸਿੱਖਿਆ ਦੇਸ਼ ਦੇ ਹਿੱਤ 'ਚ ਨਹੀਂ ਹੈ। ਇੰਨਾ ਕੁਫ਼ਰ ਤੋਲਣ ਲਈ ਉਹ ਕੋਈ ਸਬੂਤ ਪੇਸ਼ ਨਹੀਂ ਕਰਦਾ।
ਨੋਟ ਕਰਨ ਵਾਲੀ ਗੱਲ ਹੈ ਕਿ ਸਾਕਸ਼ੀ ਮਹਾਰਾਜ ਦੇ ਇਸ ਜ਼ਹਿਰੀਲੇ ਪ੍ਰਚਾਰ ਤੋਂ ਕੁਝ ਦਿਨ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਉਸ ਨੂੰ 'ਲਵ ਜਿਹਾਦ' ਦਾ ਮਤਲਬ ਹੀ ਪਤਾ ਨਹੀਂ ਹੈ। ਇਸ ਦੇ ਨਾਲ ਹੀ ਉਸਨੇ ਇਹ ਭਰੋਸਾ ਵੀ ਦਿੱਤਾ ਸੀ ਕਿ ਧਰਮ ਜਾਂ ਜਾਤ ਦੇ ਅਧਾਰ 'ਤੇ ਕਿਸੇ ਵੀ ਭਾਈਚਾਰੇ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ। ਇਸ ਭਰੋਸੇ ਦੇ ਉਲਟ ਸਾਕਸ਼ੀ ਮਹਾਰਾਜ, ਯੋਗੀ ਅਦਿਤਿਆ ਨਾਥ, ਗਿਰੀਰਾਜ ਵਰਗਿਆਂ ਦੀ ਬਿਆਨਬਾਜ਼ੀ ਕੀ ਸੰਦੇਸ਼ ਦੇ ਰਹੀ ਹੈ?
ਘੱਟ ਗਿਣਤੀਆਂ, ਖਾਸਕਰ ਮੁਸਲਿਮ ਤੇ ਈਸਾਈ ਭਾਈਚਾਰੇ ਦੇ ਲੋਕ ਲਗਾਤਾਰ ਸੰਘ ਦੇ ਨਿਸ਼ਾਨੇ 'ਤੇ ਹਨ। ਆਜ਼ਾਦੀ ਸੰਗਰਾਮ ਦੌਰਾਨ ਵੀ ਉਸਨੇ ਮੁਸਲਿਮ ਲੀਗ ਨਾਲ ਮੁਕਾਬਲੇਬਾਜ਼ੀ ਕਰਕੇ ਫਿਰਕੂ ਇਕਸੁਰਤਾ ਪਾਟੋ ਧਾੜ ਕਰਕੇ ਦੇਸ਼ ਦੇ ਟੁਕੜੇ ਕਰਨ 'ਚ ਹੀ ਹਿੱਸਾ ਪਾਇਆ ਸੀ। ਉਹ ਅੱਜ ਵੀ ਆਪਣੀ ਲੀਹ 'ਤੇ ਹੀ ਲਗਾਤਾਰ ਚਲ ਰਹੀ ਹੈ।
23 ਜਨਵਰੀ 1999 ਵਾਲੇ ਦਿਨ ਉੜੀਸਾ 'ਚ ਅਸਟਰੇਲੀਆ ਦੇ ਇਕ ਇਸਾਈ ਮਿਸ਼ਨਰੀ ਗਰਾਹਮ ਸਟੇਨਜ਼ ਨੂੰ ਪੁੱਤਰਾਂ ਸਮੇਤ ਸਾੜ ਕੇ ਮਾਰਨ ਵਾਲੀ ਵਹਿਸ਼ੀ ਘਟਨਾ ਕਿਸ ਨੂੰ ਭੁਲ ਸਕਦੀ ਹੈ। ਕਿਉਂਝਰ ਜ਼ਿਲ੍ਹੇ 'ਚ ਗਰਾਹਮ ਸਟੇਨਜ਼ ਨੂੰ ਉਸ ਸਮੇਂ ਜਿਉਂਦਿਆਂ ਅੱਗ ਲਾ ਦਿੱਤੀ ਗਈ ਸੀ ਜਦ ਉਹ ਆਪਣੀ ਗੱਡੀ 'ਚ ਆਪਣੇ ਅੱਠ ਤੇ ਦਸ ਸਾਲ ਦੇ ਦੋ ਪੁੱਤਰਾਂ ਨਾਲ ਰਾਤ ਵੇਲੇ ਸੁੱਤਾ ਪਿਆ ਸੀ। ਉਸ ਨੇ ਗੱਡੀ 'ਚੋਂ ਬਚ ਨਿਕਲਣ ਦੀ ਕੋਸ਼ਿਸ ਕੀਤੀ ਪਰ ਜ਼ਾਲਮਾਂ ਨੇ ਉਸ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ਉਸ ਨੂੰ ਬਚਾਉਣ ਆਏ ਪਿੰਡ ਵਾਸੀਆਂ ਨੂੰ ਵੀ ਉਹਨਾਂ ਭਜਾ ਦਿੱਤਾ। ਇਹ ਕਾਰਾ ਕਰਨ ਵਾਲਿਆਂ ਦੀ ਅਗਵਾਈ ਸੰਘ ਦੀ ਹੀ ਇਕ ਸ਼ਾਖਾ ਬਜਰੰਗ ਦਲ ਦਾ ਆਗੂ ਦਾਰਾ ਸਿੰਘ ਕਰ ਰਿਹਾ ਸੀ, ਇਸਾਈਆਂ ਨਾਲ ਵਾਪਰੀ ਇਹ ਕੋਈ ਇਕੱਲੀਕਾਰੀ ਘਟਨਾ ਨਹੀਂ ਹੈ। ਇਸਾਈ ਸਾਧਵੀਆਂ ਨਾਲ ਬਲਾਤਕਾਰ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਥਾਂ-ਥਾਂ ਚੁਆਤੀਆਂ, ਹਿੰਸਾ, ਦੰਗੇ, ਕਤਲਾਂ ਪਿੱਛੇ ਆਰ.ਐਸ.ਐਸ. ਦਾ ਮੰਤਵ ਘੱਟ ਗਿਣਤੀਆਂ 'ਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਆਪਣੀ ਈਨ ਮਨਾਉਣਾ, ਦੇਸ਼ 'ਚ ਫਿਰਕੂ ਪਿਛਾਖੜੀ ਕੱਟੜਪੰਥੀ ਨਿਜ਼ਾਮ ਕਾਇਮ ਕਰਨਾ ਹੈ। ਅੱਜਕੱਲ੍ਹ ਉਸ ਨੇ ਉਨ੍ਹਾਂ ਪਰਵਾਰਾਂ ਨੂੰ ਹਿੰਦੂ ਧਰਮ 'ਚ ਵਾਪਸ ਲਿਆਉਣ ਲਈ ਸ਼ੁੱਧੀਕਰਨ ਦੀ ਇਕ ਮੁਹਿੰਮ ਚਲਾਈ ਹੋਈ ਹੈ, ਜਿਹੜੇ ਕਿਸੇ ਸਮੇਂ ਮੁਸਲਿਮ ਜਾਂ ਇਸਾਈ ਬਣ ਗਏ ਹਨ। ਇਸ ਮੰਤਵ ਲਈ ਉਸਨੇ ਦੇਸ਼ ਭਰ 'ਚ ਇਕੋ ਵੇਲੇ 'ਸ਼ੁੱਧੀਕਰਨ' ਵਾਸਤੇ 23 ਅਤੇ 25 ਦਸੰਬਰ ਦੇ ਦਿਨ ਮਿੱਥੇ ਹਨ। 23 ਦਸੰਬਰ ਨੂੰ ਉਨ੍ਹਾ ਪਰਿਵਾਰਾਂ ਨੂੰ ਮੁੜ ਹਿੰਦੂ ਬਣਾਇਆ ਜਾਵੇਗਾ ਜਿਹੜੇ ਮੁਸਲਮਾਨ ਹੋ ਗਏ ਸਨ ਅਤੇ 25 ਦਸੰਬਰ ਨੂੰ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ ਜਿਹਨਾਂ ਨੇ ਇਸਾਈ ਧਰਮ ਅਪਣਾ ਲਿਆ ਸੀ। ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਸ਼ੁੱਧੀਕਰਨ ਦੀ ਇਸ ਮੁਹਿਮ ਹੇਠ ਪਰਵਾਰਾਂ ਦੀ ਵਾਪਸੀ ਉਨ੍ਹਾਂ ਦੀ ਮਰਜ਼ੀ ਨਾਲ ਨਹੀਂ ਹੋ ਰਹੀ। ਜੇ ਉਨ੍ਹਾਂ ਪਹਿਲਾਂ ਡਰ-ਭੈਅ ਅਤੇ ਧਮਕੀਆਂ ਦੇ ਦਬਾਅ ਥੱਲੇ ਦੂਸਰਾ ਧਰਮ ਗ੍ਰਹਿਣ ਕੀਤਾ ਸੀ ਤਾਂ ਹੁਣ ਵੀ ਉਹ ਸਮਾਜਕ ਵਿਤਕਰੇ ਕਰਕੇ ਹੀ ਵਾਪਸ ਆ ਰਹੇ ਹਨ। ਅਜਿਹੀ ਕੋਈ ਗਰੰਟੀ ਨਹੀਂ ਹੈ ਕਿ ਵਾਪਸੀ ਉਪਰੰਤ ਉਹਨਾਂ ਨਾਲ ਮੁੜ ਤੋਂ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਭਗਵੀਆਂ ਸੰਸਥਾਵਾਂ ਦੇ ਮੈਂਬਰ ਕਬਾਇਲੀ, ਦਿਹਾਤੀ ਇਲਾਕਿਆਂ 'ਚ ਦਨਦਨਾਉਂਦੇ ਫਿਰ ਰਹੇ ਹਨ। ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਪਿਛਲੇ ਦਿਨੀਂ ਅਖਬਾਰਾਂ 'ਚ ਭਾਜਪਾ ਦੀ ਸਰਕਾਰ ਵਾਲੇ ਰਾਜ ਮੱਧ ਪ੍ਰਦੇਸ਼ ਵਿਚ ਪੁਲਸ ਦੀ ਦਖਲਅੰਦਾਜ਼ੀ ਨਾਲ ਹਿੰਦੂਤਵੀ ਜਥੇਬੰਦੀਆਂ ਵਲੋਂ ਅਜਿਹਾ ਧਰਮ ਪਰਿਵਰਤਨ ਕਰਵਾਉਣ ਦੀਆਂ ਰਿਪੋਰਟਾਂ ਛੱਪ ਚੁੱਕੀਆਂ ਹਨ।
ਸੰਵਿਧਾਨ ਦੀ ਧਾਰਾ 370, ਜਿਸ ਅਧੀਨ ਜੰਮੂ-ਕਸ਼ਮੀਰ ਨੂੰ ਇਕ ਵੱਖਰਾ ਦਰਜਾ ਦਿੱਤਾ ਗਿਆ ਹੈ, ਦੇ ਖਾਤਮੇਂ, ਅਯੁੱਧਿਆ 'ਚ ਬਾਬਰੀ ਮਸਜਿੱਦ ਵਾਲੀ ਥਾਂ ਹਰ ਕੀਮਤ 'ਤੇ ਰਾਮ ਮੰਦਰ ਬਨਾਉਣ, ਇਕਸਾਰ ਨਾਗਰਿਕ ਜਾਬਤੇ ਦਾ ਮੁੱਦਾ ਲਗਾਤਾਰ ਉਭਾਰ ਕੇ ਆਰ.ਐਸ.ਐਸ. ਦੇਸ਼ ਨੂੰ ਜੋੜਨ ਦਾ ਨਹੀਂ ਤੋੜਨ ਦਾ ਕੰਮ ਜ਼ਰੂਰ ਕਰ ਰਹੀ ਹੈ। ਉਹ ਦਾ ਅੰਧ ਰਾਸ਼ਟਰਵਾਦ ਲੋਕਾਂ 'ਚ ਵੰਡੀਆਂ ਪਾ ਰਿਹਾ ਹੈ। ਜੇ ਲੋਕਾਂ 'ਚ ਦੀਵਾਰਾਂ ਖੜੀਆਂ ਹੋ ਗਈਆਂ ਤਾਂ ਦੇਸ਼ ਇਕ ਨਹੀਂ ਰਹਿ ਸਕੇਗਾ। ਕੇਵਲ ਪਹਾੜਾਂ, ਨਦੀਆਂ, ਜੰਗਲਾਂ, ਮੈਦਾਨਾਂ ਨੂੰ ਹੀ ਦੇਸ਼ ਨਹੀਂ ਕਿਹਾ ਜਾਂਦਾ। ਦੇਸ਼ ਤਾਂ ਉਦੋਂ ਹੀ ਬਣਦਾ ਹੈ ਜਦ ਇਨ੍ਹਾਂ ਪਹਾੜਾਂ, ਮੈਦਾਨਾਂ, ਜੰਗਲਾਂ 'ਚ ਲੋਕ ਰਹਿੰਦੇ ਹੋਣ ਤੇ ਇਨ੍ਹਾਂ ਕੁਦਰਤੀ ਵਸੀਲਿਆਂ ਦੀ ਰਾਖੀ ਕਰਦੇ ਹੋਣ, ਉਹਨਾਂ ਵਿਚ ਭਾਈਚਾਰਕ ਸਾਂਝ ਹੋਵੇ ਤੇ ਉਹ ਆਪਸੀ ਮਸਲੇ ਮਿਲ ਬੈਠ ਕੇ ਹੱਲ ਕਰਨ ਅਤੇ ਬਾਹਰੀ ਖਤਰਿਆਂ ਨਾਲ ਨਜਿੱਠਣ ਦੀ ਸਮਰੱਥਾ ਰੱਖਦੇ ਹੋਣ। ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਕੇਵਲ ਹਥਿਆਰਾਂ ਨਾਲ ਨਹੀਂ ਕੀਤੀ ਜਾ ਸਕਦੀ। ਜਿੰਨੀ ਦੇਰ ਤੱਕ ਇਨ੍ਹਾਂ ਹਥਿਆਰਾਂ ਨੂੰ ਬਣਾਉਣ, ਸਾਂਭਣ ਤੇ ਚਲਾਉਣ ਵਾਲੇ ਹੱਥ ਮਜ਼ਬੂਤ ਨਹੀਂ ਹੋਣਗੇ, ਕੋਈ ਵੀ ਦੇਸ਼ ਸੁਰੱਖਿਅਤ ਨਹੀਂ ਰਹਿ ਸਕਦਾ। ਇਸ ਲਈ ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਲਈ ਆਰ.ਐਸ.ਐਸ. ਦੀਆਂ ਚੁਆਤੀਆਂ ਨੂੰ ਮਸਲਣਾ ਬਹੁਤ ਲਾਜ਼ਮੀ ਹੈ। ਇਹ ਚੁਆਤੀਆਂ ਸਿਰਫ ਧਾਰਮਿਕ ਦੀਵਾਰਾਂ ਹੀ ਨਹੀਂ ਖੜੀਆਂ ਕਰਦੀਆਂ ਸਗੋਂ ਕਿਰਤੀ ਜਮਾਤ ਨੂੰ ਵੀ ਵੰਡਦੀਆਂ ਹਨ। ਕਿਰਤ ਦੀ ਰਾਖੀ ਲਈ ਕਿਰਤੀਆਂ ਦਾ ਇਕਮੁੱਠ ਹੋਣਾ ਇਕ ਬੁਨਿਆਦੀ ਸ਼ਰਤ ਹੈ। ਇਸ ਤਰ੍ਹਾਂ ਕਿਰਤੀਆਂ ਦੇ ਹੱਕਾਂ ਦੀਆਂ ਝੰਡਾਬਰਦਾਰ ਧਿਰਾਂ ਦੀ ਇਹ ਮੁੱਢਲੀ ਜ਼ੁੰਮੇਵਾਰੀ ਬਣ ਜਾਂਦੀ ਹੈ ਕਿ ਉਹ ਭਗਵੇਂ ਖਤਰੇ ਬਾਰੇ ਕਿਰਤੀਆਂ ਨੂੰ ਨਿਰੰਤਰ ਜਾਗਰੂਕ ਕਰਦੇ ਰਹਿਣ ਅਤੇ ਇਸ ਸੇਧ ਵਿਚ ਕੋਈ ਅਵੇਸਲਾਪਨ ਨਾ ਦਿਖਾਉਣ।
No comments:
Post a Comment