ਮੱਖਣ ਸਿੰਘ ਕੁਹਾੜ
ਅੱਜ ਸਮੁੱਚੇ ਭਾਰਤ ਵਿਚ, ਖਾਸ ਕਰ ਕੇ ਪੰਜਾਬ ਵਿਚ ਜਾਂ ਜਿਥੇ ਜਿਥੇ ਵੀ ਦੁਨੀਆ ਭਰ ਦੇ ਕਿਸੇ ਵੀ ਕੋਨੇ ਵਿਚ ਭਾਰਤੀ ਰਹਿੰਦੇ ਹਨ ਉਹ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਹਨ। ਫ਼ਖ਼ਰ ਨਾਲ ਉਸ ਦਾ ਨਾਮ ਲੈਂਦੇ ਹਨ। ਉਸ ਨੂੰ ਮਹਾਨ ਸ਼ਹੀਦ ਕਹਿ ਕੇ ਫ਼ਖ਼ਰ ਮਹਿਸੂਸ ਕਰਦੇ ਹਨ। ਉਸ ਦੀਆ ਤਸਵੀਰਾਂ ਘਰ-ਘਰ ਵਿਚ ਸਜਾਈਆਂ ਮਿਲਦੀਆਂ ਹਨ। ਨੌਜਵਾਨ ਤਾਂ ਉਸ ਦੇ ਟੈਟੂ ਬਣਾਉਣ, ਗਲਾਂ 'ਚ ਲਾਕਟ ਬਣਾ ਕੇ ਪਵਾਉਣ ਤੀਕਰ ਜਾਂਦੇ ਹਨ। ਕਾਰਾਂ, ਮੋਟਰਸਾਈਕਲਾਂ 'ਤੇ ਉਸ ਦੀ ਫ਼ੋਟੋ ਦੇ ਸਟਿੱਕਰ ਬਣਾ ਕੇ ਲਾਏ ਜਾਂਦੇ ਹਨ। ਚਾਬੀ ਛੱਲੇ ਨਾਲ ਭਗਤ ਸਿੰਘ ਦੀ ਤਸਵੀਰ ਲਾਈ ਹੁੰਦੀ ਹੈ। ਟਰੱਕਾਂ ਵਾਲੇ ਆਪਣੇ ਡਾਲੇ ਪਿੱਛੇ ਭਗਤ ਸਿੰਘ ਦੀ ਤਸਵੀਰ ਬਣਵਾ ਕੇ ਖ਼ੁਸ਼ ਹੁੰਦੇ ਹਨ। ਇਨਕਲਾਬੀ ਲੋਕ ਤਾਂ ਉਸ ਤੋਂ ਪ੍ਰੇਰਨਾ ਲੈਂਦੇ ਹੀ ਹਨ, ਸਾਰੇ ਧਰਮਾਂ, ਮਜ਼੍ਹਬਾਂ, ਫਿਰਕਿਆਂ ਦੇ ਲੋਕ ਉਸ ਨੂੰ ਆਪਣਾ ਆਖ ਕੇ ਖ਼ੁਸ਼ ਹੁੰਦੇ ਹਨ। ਕਈ ਘਰਾਂ ਵਿਚ ਤਾਂ ਉਸ ਦੀ ਤਸਵੀਰ 'ਤੇ ਹਾਰ ਪਾ ਕੇ ਅੱਗੇ ਧੂਫ਼ ਤੱਕ ਧੁਖਾਈ ਜਾਂਦੀ ਦੇਖੀ ਗਈ ਹੈ। ਭਗਤ ਸਿੰਘ ਦੇ ਵਾਰਸ ਅਖਵਾਉਣ ਵਿਚ ਹਰ ਕੋਈ ਫ਼ਖ਼ਰ ਮਹਿਸੂਸ ਕਰਦਾ ਹੈ। ਸੱਜੇ ਹੱਥ ਵਿਚ ਪਸਤੌਲ ਤਾਣੀ ਖੜਾ ਭਗਤ ਸਿੰਘ ਵਧੇਰੇ ਪਸੰਦ ਕੀਤਾ ਜਾਂਦਾ ਹੈ।
ਪਰ ਅਸਲ ਵਿਚ ਭਗਤ ਸਿੰਘ ਕੀ ਚਾਹੁੰਦਾ ਸੀ, ਇਹ ਬਹੁਤ ਘੱਟ ਲੋਕ ਜਾਣਦੇ ਹਨ। ਵਧੇਰੇ ਕਰ ਕੇ ਲੋਕ ਉਸ ਨੂੰ ਭਾਰਤ ਨੂੰ ਆਜ਼ਾਦ ਕਰਾਉਣ ਵਾਲਾ ਐਸਾ ਯੋਧਾ ਸਮਝ ਕੇ ਪੂਜਦੇ ਹਨ, ਜੋ ਹੱਸ ਕੇ ਫਾਂਸੀ ਦਾ ਰੱਸਾ ਚੁੰਮ ਗਿਆ। ਭਾਵੇਂ ਹਾਕਮ ਲੋਕ ਤਾਂ ਅੰਗਰੇਜ਼ਾਂ ਤੋਂ ਹਿੰਦੁਸਤਾਨ ਅਜ਼ਾਦ ਕਰਾਉਣ ਲਈ ਮਹਾਤਮਾ ਗਾਂਧੀ ਦਾ ਨਾਮ ਵਧੇਰੇ ਲੈਂਦੇ ਹਨ, ''ਲੇ ਦੀ ਹਮੇਂ ਆਜ਼ਾਦੀ ਬਿਨਾ ਖੜਗ ਬਿਨਾ ਢਾਲ, ਸਾਬਰਮਤੀ ਕੇ ਸੰਤ ਤੂਨੇ ਕਰ ਦਿਆ ਕਮਾਲ।'' ਪਰ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸੁਭਾਸ਼ ਚੰਦਰ ਬੋਸ, ਚੰਦਰ ਸ਼ੇਖਰ ਆਜ਼ਾਦ ਤੇ ਉਹਨਾਂ ਦੇ ਸਾਥੀ ਹਜ਼ਾਰਾਂ ਗ਼ਦਰੀ ਬਾਬੇ, ਤੇ ਹੋਰ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਕਸਰ ਅਣਗੌਲਿਆ ਕਰ ਕੇ ਲੋਕਾਂ ਦੇ ਦਿਲਾਂ 'ਚੋਂ ਭੁਲਾਉਣ ਦਾ ਯਤਨ ਕੀਤਾ ਜਾਂਦਾ ਹੈ। ਜੇ ਇਨ੍ਹਾਂ ਸੂਰਬੀਰਾਂ ਦਾ ਨਾਮ ਲਿਆ ਵੀ ਜਾਂਦਾ ਹੈ ਤਾਂ ਉਨ੍ਹਾਂ ਦੀ ਦੇਣ ਇਹੀ ਗਿਣੀ ਜਾਂਦੀ ਹੈ ਕਿ ਉਨ੍ਹਾਂ ਦਾ ਮਕਸਦ ਆਜ਼ਾਦੀ ਪ੍ਰਾਪਤ ਕਰਨਾ ਹੀ ਸੀ ਜੋ 15 ਅਗਸਤ 1947 ਨੂੂੰ ਪ੍ਰਾਪਤ ਹੋ ਚੁੱਕੀ ਹੈ। ਇਹੀ ਕਹਿ ਕੇ ਉਨ੍ਹਾਂ ਨੂੰ ਵਡਿਆਇਆ ਜਾਂਦਾ ਹੈ। ਅਸਲ ਵਿਚ ਇਹ ਭਗਤ ਸਿੰਘ ਤੇ ਹਜ਼ਾਰਾਂ ਹੋਰ ਯੋਧਿਆਂ ਦੇ ਮਨਸ਼ਿਆਂ ਨੂੰ ਛੁਟਿਆਉਣ ਦੀ ਇਕ ਚਾਲ ਹੈ।
ਇਹ ਗੱਲ ਵੀ ਕਹੀ ਜਾਂਦੀ ਹੈ ਕਿ ਭਗਤ ਸਿੰਘ ਨੇ ਫਾਂਸੀ ਲਗਣ ਤੋਂ ਕੁਝ ਦਿਨ ਪਹਿਲਾਂ ਜੇਲ੍ਹ ਵਿਚ ਗਿਆਨੀ ਰਣਧੀਰ ਸਿੰਘ ਤੋਂ ਅੰਮ੍ਰਿਤ ਛਕ ਲਿਆ ਸੀ ਅਤੇ ਉਹ ਸਿੱਖ ਬਣ ਗਿਆ ਸੀ। ਕਈ ਉਸ ਨੂੰ ਆਰੀਆ ਸਮਾਜੀ ਕਹਿ ਕੇ ਵਡਿਆਉਂਦੇ ਹਨ। ਬਹੁਤੇ ਉਸ ਦੇ ਲੇਖ 'ਮੈਂ ਨਾਸਤਿਕ ਕਿਉਂ ਹਾਂ' ਨੂੰ ਹੀ ਵਧੇਰੇ ਮਹੱਤਤਾ ਦਿੰਦੇ ਹਨ। ਅੱਜ ਸਮੇਂ ਦੀ ਲੋੜ ਹੈ ਕਿ ਕੋਈ ਉਸ ਨੂੰ ਕੀ ਕਹਿੰਦਾ ਹੈ, ਦੀ ਬਹਿਸ ਨਾਲੋਂ ਵਧੇਰੇ ਜ਼ਰੂਰੀ ਹੈ ਇਹ ਜਾਨਣਾ ਕਿ ਭਗਤ ਸਿੰਘ ਕੀ ਚਾਹੁੰਦਾ ਸੀ? ਉਹ ਕਿਉਂ ਸ਼ਹੀਦ ਹੋਇਆ ਅਤੇ ਅੱਜ ਦੇ ਸੰਦਰਭ ਵਿਚ ਉਸ ਦੇ ਵਿਚਾਰਾਂ ਦੀ ਕੀ ਸਾਰਥਕਤਾ ਹੈ?
ਨੌਜਵਾਨ ਭਾਰਤ ਸਭਾ, ਜਿਸ ਦੇ ਪਹਿਲੇ ਜਨਰਲ ਸਕੱਤਰ ਭਗਤ ਸਿੰਘ ਬਣੇ ਸਨ, ਨੇ ਆਪਣੇ ਮੈਨੀਫ਼ੈਸਟੋ ਬਾਰੇ 11-12-13 ਅਪ੍ਰੈਲ 1928 ਨੂੰ ਅੰਮ੍ਰਿਤਸਰ ਵਿਖੇ ਸਭਾ ਦੀ ਕਾਨਫ਼ਰੰਸ ਵਿਚ ਸਪੱਸ਼ਟ ਕਰ ਦਿੱਤਾ ਸੀ : ''ਸਾਡਾ ਦੇਸ਼ ਇਕ ਨਾਜ਼ੁਕ ਅਵਸਥਾ ਵਿਚੋਂ ਲੰਘ ਰਿਹਾ ਹੈ। ਹਰ ਪਾਸੇ ਆਪਸੀ ਬੇ-ਇਤਬਾਰੀਆਂ ਅਤੇ ਨਿਰਾਸ਼ਾ ਦਾ ਬੋਲਬਾਲਾ ਹੈ। ..... ਆਜ਼ਾਦੀ ਦੇ ਨਾਮ ਧਰੀਕ ਹਮਾਇਤੀਆਂ ਕੋਲ ਨਾ ਕੋਈ ਪ੍ਰੋਗਰਾਮ ਹੈ ਅਤੇ ਨਾ ਹੀ ਜੋਸ਼ ਤੇ ਉਤਸ਼ਾਹ। ਹਰ ਪਾਸੇ ਹਫ਼ੜਾ-ਦਫੜੀ ਮਚੀ ਹੋਈ ਹੈ। ... ਭਵਿੱਖ ਵਿਚ ਦੇਸ਼ ਨੂੰ ਸੰਘਰਸ਼ ਲਈ ਤਿਆਰ ਕਰਨ ਦਾ ਪ੍ਰੋਗਰਾਮ ਇਸ ਨਾਅਰੇ ਨਾਲ ਸ਼ੁਰੂ ਹੋਵੇਗਾ'', ''ਜਨਤਾ ਦਾ ਇਨਕਲਾਬ ਤੇ ਜਨਤਾ ਲਈ ਇਨਕਲਾਬ।'' ਦੂਜੇ ਸ਼ਬਦਾਂ ਵਿਚ ਉਹ ਸਵਰਾਜ ਜੋ 98 ਫ਼ੀਸਦੀ ਲੋਕਾਂ ਲਈ ਹੋਵੇ। ਅਸੈਂਬਲੀ ਬੰਬ ਕੇਸ ਬਿਆਨ ਵਿਚ ਉਨ੍ਹਾਂ ਕਿਹਾ, ''ਮਜ਼ਦੂਰਾਂ ਵਿਰੁੱਧ ਟ੍ਰੇਡ ਡਿਸਪਿਊਟ ਬਿਲ ਬਾਰੇ ਅਸੈਂਬਲੀ ਵਿਚ ਬਹਿਸ ਸੁਣ ਕੇ ਸਾਡਾ ਵਿਸ਼ਵਾਸ ਪੱਕਾ ਹੋ ਗਿਆ ਕਿ ਭਾਰਤ ਦੇ ਕਰੋੜਾਂ ਲੋਕਾਂ ਨੂੰ ਇਸ ਸੰਸਥਾ ਤੋਂ ਕੋਈ ਆਸ ਨਹੀਂ, ਸੰਘਰਸ਼ ਕਰਦੇ ਤੇ ਭੁੱਖ ਨਾਲ ਮਰਦੇ ਕਰੋੜਾਂ ਲੋਕਾਂ ਦਾ ਬੁਨਿਆਦੀ ਅਧਿਕਾਰ ਖੋਹ ਲਿਆ ਹੈ ਅਤੇ ਉਨ੍ਹਾਂ ਦੀ ਆਰਥਕ ਲੜਾਈ ਦਾ ਇਕੋ ਇਕ ਰਾਹ ਵੀ ਬੰਦ ਕਰ ਦਿੱਤਾ ਗਿਆ ਹੈ। ਮਿਹਨਤ ਕਰਦੇ ਭਾਰਤੀ ਮਜ਼ਦੂਰਾਂ ਦੀ ਮਜਬੂਰੀ, ਭੁੱਖ ਦੁੱਖ ਦੇ ਮਾੜੇ ਹਾਲ ਦਾ ਅਹਿਸਾਸ ਹੁੰਦਾ ਹੈ।''
ਭਗਤ ਸਿੰਘ ਨੇ ਬਿਆਨ ਦਿੰਦਿਆਂ ਅੱਗੇ ਕਿਹਾ, ''ਹੇਠਲੀ ਕਚਹਿਰੀ ਵਿਚ ਸਾਥੋਂ ਪੁੱਛਿਆ ਗਿਆ ਸੀ ਕਿ ਸਾਡਾ ਇਨਕਲਾਬ ਤੋਂ ਕੀ ਭਾਵ ਹੈ? ਇਸ ਦੇ ਜਵਾਬ ਵਿਚ ਮੈਂ ਆਖਾਂਗਾ ਕਿ ਇਨਕਲਾਬ ਵਾਸਤੇ ਖੂਨੀ ਲੜਾਈਆਂ ਜ਼ਰੂਰੀ ਨਹੀਂ ਹਨ ਤੇ ਨਾ ਹੀ ਇਸ ਵਿਚ ਨਿੱਜੀ ਬਦਲੇ ਲਈ ਕੋਈ ਥਾਂ ਹੈ। ਇਹ ਬੰਬ ਅਤੇ ਪਿਸਤੌਲ ਦਾ ਕੋਈ ਫਿਰਕਾ ਨਹੀਂ। ਇਨਕਲਾਬ ਤੋਂ ਸਾਡਾ ਮਤਲਬ ਹੈ ਕਿ ਨੰਗੇ ਅਨਿਆਂ ਉੱਤੇ ਟਿੱਕਿਆ ਹੋਇਆ ਮੌਜੂਦਾ ਢਾਂਚਾ ਜ਼ਰੂਰ ਬਦਲਣਾ ਚਾਹੀਦਾ ਹੈ।''
ਅਸੈਂਬਲੀ ਬੰਬ ਕੇਸ ਦੇ ਬਿਆਨ 'ਚ ਹੀ ਆਪਣੇ ਇਨਕਲਾਬੀ ਉਦੇਸ਼ ਨੂੰ ਭਗਤ ਸਿੰਘ ਹੋਰ ਸਪੱਸ਼ਟ ਕਰਦਾ ਹੈ - ''ਇਨਕਲਾਬ ਤੋਂ ਸਾਡਾ ਭਾਵ ਅੰਤ ਇਕ ਐਸੀ ਵਿਵਸਥਾ ਕਾਇਮ ਕਰਨਾ ਹੈ ਜਿਸ ਵਿਚ ਕਿਰਤੀ, ਮਜ਼ਦੂਰ ਵਰਗ ਦੀ ਸਰਦਾਰੀ ਨੂੰ ਮੰਨਿਆ ਜਾਵੇ ਅਤੇ ਇਕ ਵਿਸ਼ਵ ਸੰਗਠਨ ਰਾਹੀਂ ਮਨੁੱਖਤਾ ਨੂੰ ਪੂੰਜੀਵਾਦ ਦੇ ਬੰਧਨਾਂ ਤੋਂ ਅਤੇ ਸਾਮਰਾਜੀ ਤਬਾਹੀ ਤੋਂ ਹਿੰਮਤ ਕਰ ਕੇ ਆਜ਼ਾਦ ਕਰਾਇਆ ਜਾਵੇਗਾ।''
22 ਅਕਤੂਬਰ 1929 ਦਾ 'ਦਿ ਟ੍ਰਿਬਿਊਨ' ਅਖਬਾਰ ਲਾਹੌਰ ਵਿਚ ਭਗਤ ਸਿੰਘ ਹੋਰਾਂ ਦਾ ਵਿਦਿਆਰਥੀਆਂ ਦੇ ਨਾਂ ਸੰਦੇਸ਼ ਛਪਿਆ -''ਅਸੀਂ ਨੌਜਵਾਨਾਂ ਨੂੰ ਬੰਬ ਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਜ਼ਿਆਦਾ ਵੱਡੇ ਕੰਮ ਹਨ। ... ਫੈਕਟਰੀਆਂ ਵਿਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ, ਝੁੱਗੀਆਂ ਤੇ ਪੇਂਡੂ ਝੌਂਪੜੀਆਂ ਵਿਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ, ਦੇਸ਼ ਦੇ ਹਰ ਕੋਨੇ-ਕੋਨੇ ਵਿਚ ਪਹੁੰਚਾਉਣਾ ਹੈ। ਉਸ ਇਨਕਲਾਬ ਦਾ ਸੁਨੇਹਾ ਜਿਹੜਾ ਕਿ ਉਹ ਆਜ਼ਾਦੀ ਲਿਆਵੇਗਾ, ਜਿਸ ਵਿਚ ਆਦਮੀ ਦੇ ਹੱਥੋਂ ਆਦਮੀ ਦੀ ਲੁੱਟ-ਖਸੁੱਟ ਅਸੰਭਵ ਹੋ ਜਾਵੇਗੀ...''
ਇਕ ਮਈ 1930 ਨੂੰ ਸਥਾਪਤ ਕੀਤੇ ਲਾਹੌਰ ਸਾਜ਼ਿਸ਼ ਕੇਸ ਦੇ ਸੰਬੰਧ ਵਿਚ ਟ੍ਰਿਬਿਊਨਲ ਨੂੰ ਬਿਆਨ ਦਿੰਦਿਆਂ ਉਨ੍ਹਾਂ ਆਖਿਆ, ''ਸਾਡਾ ਵਿਸ਼ਵਾਸ ਹੈ ਕਿ ਸਾਮਰਾਜਵਾਦ ਇਕ ਵੱਡੀ ਡਾਕੇ ਮਾਰਨ ਦੀ ਸਾਜ਼ਸ਼ ਤੋਂ ਬਗੈਰ ਹੋਰ ਕੁਝ ਵੀ ਨਹੀਂ। ਸਾਮਰਾਜਵਾਦ ਮਨੁੱਖ ਦੇ ਹੱਥੋਂ ਮਨੁੱਖ ਦੀ ਅਤੇ ਕੌਮਾਂ ਦੇ ਹੱਥੋਂ ਕੌਮਾਂ ਦੀ ਲੁੱਟ ਦਾ ਸਿਖਰ ਹੈ। ਸਾਮਰਾਜਵਾਦੀ ਆਪਣੇ ਹਿੱਤਾਂ ਤੇ ਲੁੱਟਣ ਦੀਆਂ ਸਕੀਮਾਂ ਨੂੰ ਪੂਰੇ ਕਰਨ ਲਈ ਨਾ ਸਿਰਫ਼ ਕਾਨੂੰਨੀ ਤਾਕਤ ਵਰਤਦੇ ਹਨ ਸਗੋਂ ਵੱਡੇ-ਵੱਡੇ ਕਤਲੇਆਮ ਵੀ ਰਚਾਉਂਦੇ ਹਨ। ਆਪਣੀ ਲੁੱਟ ਨੂੰ ਪੂਰਾ ਕਰਨ ਲਈ ਜੰਗ ਵਰਗੇ ਖੌਫ਼ਨਾਕ ਜੁਰਮ ਵੀ ਕਰਦੇ ਹਨ। .... ਕਾਨੂੰਨ ਤੇ ਅਮਨ ਦੀ ਆੜ ਹੇਠ, ਉਹ ਅਮਨ ਭੰਗ ਕਰਦੇ ਹਨ। ਹਫੜਾ-ਦਫ਼ੜੀ ਮਚਾਉਂਦੇ ਹਨ, ਲੋਕਾਂ ਨੂੰ ਜਾਨੋ ਮਾਰਦੇ ਹਨ, ਹਰ ਸੰਭਵ ਜੁਲਮ ਕਰਦੇ ਹਨ।''
ਸਪੱਸ਼ਟ ਹੈ ਕਿ ਭਗਤ ਸਿੰਘ ਸਾਮਰਾਜ ਦੇ ਖ਼ਿਲਾਫ਼ ਇਕ ਯੁੱਧ ਲੜਨਾ ਚਾਹੁੰਦਾ ਸੀ। ਉਸ ਦਾ ਆਜ਼ਾਦੀ ਪ੍ਰਾਪਤੀ ਕਰਨ ਤੋਂ ਭਾਵ ਸੱਤਾ ਤਬਦੀਲੀ ਨਹੀਂ ਸਗੋਂ ਸਮਾਜਵਾਦੀ ਪ੍ਰਬੰਧ ਸਥਾਪਤ ਕਰਨ ਦਾ ਸੀ। ਉਹ ਸਿਰਫ਼ ਭਾਰਤ ਵਿਚੋਂ ਸਮਾਰਾਜੀ ਅੰਗਰੇਜ਼ ਹਕੂਮਤ ਨੂੰ ਖ਼ਤਮ ਕਰਨ ਤਕ ਸੀਮਤ ਨਹੀਂ ਸੀ ਸਗੋਂ ਧਰਤੀ ਦੇ ਸਾਰੇ ਦੇਸ਼ਾਂ ਨੂੰ, ਸਮੁੱਚੀ ਮਨੁੱਖਤਾ ਨੂੰ ਸਾਮਰਾਜੀਆਂ ਤੋਂ ਮੁਕਤ ਕਰਾਉਣਾ ਚਾਹੁੰਦਾ ਸੀ।
ਭਗਤ ਸਿੰਘ ਨੇ ਜੇਲ੍ਹ ਵਿਚ ਇਨਕਲਾਬ ਬਾਰੇ ਬਹੁਤ ਪੁਸਤਕਾਂ ਪੜ੍ਹੀਆਂ ਸਨ ਅਤੇ ਉਹ ਹਰ ਪੱਖੋਂ ਪਰਪੱਕ ਹੋਣਾ ਲੋੜਦਾ ਸੀ। 24 ਜੁਲਾਈ 1930 ਨੂੰ ਜੈਦੇਵ ਨੂੰ ਉਸ ਨੇ ਪੜ੍ਹਨ ਲਈ ਜੇਲ ਵਿਚ 'ਮੈਟੀਰੀਏਲਿਜ਼ਮ (ਕਾਰਲ ਨਿਬਨੋਖਤ), 'ਵਹਾਈ ਮੈਨ ਫ਼ਾਈਟ' (ਬੀ.ਰਸੇਲ), 'ਸੋਵੀਅਤ ਐਟ ਵਰਕ', 'ਕੌਲੇਪਸ ਆਫ਼ ਸੈਕਿੰਡ ਇੰਟਰਨੈਸ਼ਨਲ', 'ਲੈਫਟ ਵਿੰਗ ਕਮਿਊਨਿਜ਼ਮ', 'ਮਿਊਚਅਲ ਏਡ' (ਕਰਪਾਟਲਿਨ), 'ਫਰਾਂਸ' (ਮਾਰਕਸ), 'ਲੈਂਡ ਰੈਵੂਲੇਸ਼ਨ ਇਨ ਰਸ਼ੀਆ', 'ਸਪਾਈ' (ਅਪਟਨ ਸਿਨਕਲੇਅਰ), 'ਥਿਊਰੀ ਆਫ਼ ਹਿਸਟੋਰੀਕਲ ਮੈਟੀਰੀਏਲਿਜ਼ਮ' (ਬੁਖਾਰਿਨ) ਆਦਿ ਪੁਸਤਕਾਂ ਭੇਜਣ ਲਈ ਕਿਹਾ ਸੀ।
ਅਕਤੂਬਰ 1930 ਵਿਚ ਉਹ ਉਮਰ ਕੈਦ ਭੁਗਤ ਰਹੇ ਬਟੁਕੇਸ਼ਵਰ ਦੱਤ ਨੂੰ ਖ਼ਤ ਰਾਹੀਂ ਆਖਦਾ ਹੈ, ''ਮੈਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਅਤੇ ਫਾਂਸੀ ਦਾ ਹੁਕਮ ਹੋਇਆ ਹੈ।... ਮੈਂ ਇਸ ਖ਼ੁਸ਼ੀ ਨਾਲ ਫਾਂਸੀ ਦੇ ਤਖ਼ਤ 'ਤੇ ਚੜ੍ਹ ਕੇ ਦੁਨੀਆਂ ਨੂੰ ਦਿਖਾ ਦੇਵਾਂਗਾ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਕਿੰਨੀ ਵੀਰਤਾ ਨਾਲ ਕੁਰਬਾਨੀ ਦੇ ਸਕਦੇ ਹਨ।'' ਫਾਂਸੀ ਤੋਂ ਕੁਝ ਦਿਨ ਪਹਿਲਾਂ 2 ਫਰਵਰੀ 1931 ਨੂੰ ਇਨਕਲਾਬੀ ਪ੍ਰੋਗਰਾਮ ਵਿਚ ਭਗਤ ਸਿੰਘ ਨੇ ''ਨੌਜਵਾਨ ਸਿਆਸੀ ਕਾਰਕੁੰਨਾਂ ਨੂੰ ਖ਼ਤ'' ਵਿਚ ਕਾਂਗਰਸ ਦਾ ਉਦੇਸ਼ ਕੀ ਹੈ, ਬਾਰੇ ਜ਼ਿਕਰ ਕਰਦਿਆਂ ਲਿਖਦਾ ਹੈ - ''ਮੈਂ ਕਿਹਾ ਹੈ ਕਿ ਮੌਜੂਦਾ ਅੰਦੋਲਨ ਯਾਨੀ ਇਹ ਘੋਲ ਕਿਸੇ ਨਾ ਕਿਸੇ ਸਮਝੌਤੇ ਜਾਂ ਪੂਰਨ ਅਸਫ਼ਲਤਾ ਵਿਚ ਖ਼ਤਮ ਹੋਵੇਗਾ ਕਿਉਂਕਿ ਇਸ ਸਮੇਂ ਅਸਲ ਇਨਕਲਾਬੀ ਤਾਕਤਾਂ ਨੂੰ ਮੈਦਾਨ ਵਿਚ ਸੱਦਾ ਨਹੀਂ ਦਿੱਤਾ ਗਿਆ। ਇਹ ਘੋਲ਼ ਮੱਧ ਵਰਗੀ ਦੁਕਾਨਦਾਰਾਂ ਅਤੇ ਚੰਦ ਪੂੰਜੀਪਤੀਆਂ ਦੇ ਬਲਬੂਤੇ ਲੜਿਆ ਜਾ ਰਿਹਾ ਹੈ।... ਦੋਨੋ ਜਮਾਤਾਂ ਖਾਸ ਕਰ ਕੇ ਪੂੰਜੀਪਤੀ ਆਪਣੀ ਜਾਇਦਾਦ ਜਾਂ ਮਾਲਕੀ ਖਤਰੇ ਵਿਚ ਪਾਉਣ ਦੀ ਜੁਅਰੱਤ ਨਹੀਂ ਕਰ ਸਕਦੇ। ਹਕੀਕੀ ਇਨਕਲਾਬੀ ਫ਼ੌਜਾਂ ਤਾਂ ਪਿੰਡਾਂ ਵਿਚ ਅਤੇ ਕਾਰਖਾਨਿਆਂ ਵਿਚ ਹਨ। ਕਿਸਾਨ ਅਤੇ ਮਜ਼ਦੂਰ। ਪਰ ਸਾਡੇ ਬੁਰਜਵਾ ਨੇਤਾ ਉਨ੍ਹਾਂ ਨੂੰ ਨਾਲ ਲੈਣ ਦੀ ਹਿੰਮਤ ਨਾ ਕਰਦੇ ਹਨ ਨਾ ਹੀ ਕਰ ਸਕਦੇ ਹਨ...।' (ਸਫ਼ਾ 366)
ਇਨਕਲਾਬ ਪੂਰਾ ਕਰਨ ਲਈ ਭਗਤ ਸਿੰਘ ਇਸੇ ਖ਼ਤ ਵਿਚ ਅੱਗੇ ਆਖਦਾ ਹੈ, ''ਉਨ੍ਹਾਂ ਨੌਜਵਾਨਾਂ ਨੂੰ ਪਾਰਟੀ ਵਿਚ ਲੈ ਲੈਣਾ ਚਾਹੀਦਾ ਹੈ ਜਿਨ੍ਹਾਂ ਦੇ ਵਿਚਾਰ ਵਿਕਸਤ ਹੋ ਚੁੱਕੇ ਹਨ ਅਤੇ ਉਹ ਆਪਣੀ ਜ਼ਿੰਦਗੀ ਨੂੰ ਇਸ ਕੰਮ ਲਈ ਲਾਉਣ ਨੂੰ ਤਿਆਰ ਹਨ।... ਗ਼ਦਰ ਪਾਰਟੀ (1914-15) ਦੇ ਫੇਲ੍ਹ ਹੋਣ ਦਾ ਮੁੱਖ ਕਾਰਨ ਸੀ, ਜਨਤਾ ਦੀ ਅਗਿਆਨਤਾ, ਬੇਲਾਗਤਾ ਅਤੇ ਕਈ ਅੰਤਰ ਵਿਰੋਧ। ਇਸ ਤੋਂ ਇਲਾਵਾ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਰਗਰਮ ਹਮਾਇਤ ਹਾਸਲ ਕਰਨ ਲਈ ਵੀ ਇਹ ਜ਼ਰੂਰੀ ਹੈ। ਪਾਰਟੀ ਦਾ ਨਾਂ ਯਾਨੀ ਕਮਿਊਨਿਸਟ ਪਾਰਟੀ ਹੋਵੇ। ਠੋਸ ਅਨੁਸ਼ਾਸਨ ਵਾਲੀ ਰਾਜਨੀਤਕ ਕਾਮਿਆਂ ਦੀ ਪਾਰਟੀ ਜੋ ਬਾਕੀ ਸਭ ਅੰਦੋਲਨਾਂ ਨੂੰ ਚਲਾਏਗੀ।...''
'ਇਨਕਲਾਬ' ਬਾਰੇ ਜ਼ੋਰ ਦਿੰਦਿਆਂ ਭਗਤ ਸਿੰਘ ਆਪਣੇ ਵਿਚਾਰ ਹੋਰ ਸਪੱਸ਼ਟ ਕਰਦਾ ਹੈ, - ''ਸਮਾਰਾਜੀਆਂ ਨੂੰ ਗੱਦੀਓਂ ਲਾਹੁਣ ਲਈ ਭਾਰਤ ਦਾ ਇਕੋ ਇਕ ਹਥਿਆਰ ਕਿਰਤੀ ਇਨਕਲਾਬ ਹੈ। ਕੋਈ ਹੋਰ ਚੀਜ਼ ਇਸ ਦੀ ਪੂਰਤੀ ਨਹੀਂ ਕਰ ਸਕਦੀ।....'', ਆਪਣੀਆਂ ਤਜਵੀਜਾਂ, ਕਮਿਊਨਿਸਟ ਪਾਰਟੀ ਦੇ ਪ੍ਰੋਗਰਾਮਾਂ ਬਾਰੇ ਗੱਲ ਕਰਦਿਆਂ ਭਗਤ ਸਿੰਘ ਹੋਰੀਂ ਉਦੇਸ਼ ਮਿਥਦੇ ਹਨ - 1. ਜਗੀਰਦਾਰੀ ਦਾ ਖ਼ਾਤਮਾ, 2. ਕਿਸਾਨਾਂ ਦੇ ਕਰਜ਼ੇ ਖ਼ਤਮ ਕਰਨਾ, 3. ਇਨਕਲਾਬੀ ਰਿਆਸਤ ਵਲੋਂ ਜ਼ਮੀਨ ਦਾ ਕੌਮੀਕਰਨ ਤਾਂ ਕਿ ਸੋਧੀ ਹੋਈ ਅਤੇ ਸਾਂਝੀ ਖੇਤੀ ਸਥਾਪਤ ਕੀਤੀ ਜਾ ਸਕੇ।, 4. ਰਹਿਣ ਲਈ ਘਰਾਂ ਦੀ ਗਰੰਟੀ, 5. ਕਿਸਾਨਾਂ ਤੋਂ ਲਏ ਜਾਂਦੇ ਸਾਰੇ ਖ਼ਰਚੇ ਬੰਦ ਕਰਨਾ, 6. ਕਾਰਖ਼ਾਨਿਆਂ ਦਾ ਕੌਮੀਕਰਨ ਅਤੇ ਦੇਸ਼ ਵਿਚ ਕਾਰਖ਼ਾਨੇ ਲਗਾਉਣਾ, 7. ਆਮ ਪੜ੍ਹਾਈ, 8. ਕੰਮ ਕਰਨ ਦੇ ਘੰਟੇ, ਜ਼ਰੂਰਤ ਮੁਤਾਬਕ ਘੱਟ ਕਰਨਾ। (ਉਹੀ ਸਫ਼ਾ 377)
ਫਾਂਸੀ ਤੋਂ ਤਿੰਨ ਦਿਨ ਪਹਿਲਾਂ 20 ਮਾਰਚ 1931 ਨੂੰ ਗਵਰਨਰ ਵੱਲ ਭੇਜੇ ਇਕ ਪੈਗਾਮ ਵਿਚ ਭਗਤ ਸਿੰਘ ਨੇ ਲਿਖਿਆ, ''ਜਦ ਤਕ ਸਮਾਜਵਾਦੀ ਲੋਕ ਰਾਜ ਸਥਾਪਤ ਨਹੀਂ ਹੋ ਜਾਂਦਾ ਤੇ ਸਮਾਜ ਦਾ ਵਰਤਮਾਨ ਢਾਂਚਾ ਖ਼ਤਮ ਕਰ ਕੇ ਉਸ ਦੀ ਥਾਂ ਸਮਾਜਕ, ਖ਼ੁਸ਼ਹਾਲੀ 'ਤੇ ਅਧਾਰਤ ਸਮਾਜਕ ਢਾਂਚਾ ਨਹੀਂ ਉਸਰ ਜਾਂਦਾ, ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੇ ਨਿਡਰਤਾ, ਬਹਾਦਰੀ ਅਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ।.... ਇਹ ਜੰਗ ਨਾਂ ਅਸਾਂ ਤੋਂ ਸ਼ੁਰੂ ਹੋਈ ਹੈ ਤੇ ਨਾ ਹੀ ਸਾਡੇ ਜੀਵਨ ਨਾਲ ਖ਼ਤਮ ਹੋਵੇਗੀ। ਇਹ ਤਾਂ ਇਤਿਹਾਸਕ ਕਾਰਨਾਂ ਤੇ ਆਲੇ-ਦੁਆਲੇ ਪਸਰੇ ਹਾਲਾਤ ਦਾ ਜ਼ਰੂਰੀ ਨਤੀਜਾ ਹੈ। ਸਾਡੀ ਨਿਮਾਣੀ ਜਿਹੀ ਕੁਰਬਾਨੀ ਤਾਂ ਉਸ ਇਤਿਹਾਸਕ ਲੜੀ ਦੀ ਇਕ ਕੜੀ ਹੈ।''
ਫਾਂਸੀ ਦੇ ਇਕ ਦਿਨ ਪਹਿਲਾਂ 22 ਮਾਰਚ 1931 ਨੂੰ ਕੁਝ ਇਨਕਲਾਬੀਆਂ ਵਲੋਂ ਫਾਂਸੀ ਤੋਂ ਬਚਾਉਣ ਲਈ ਉਪਰਾਲਾ ਕਰਨ ਦੀ ਤਜਵੀਜ ਦੇ ਜਵਾਬ ਵਿਚ ਭਗਤ ਸਿੰਘ ਨੇ ਇਕ ਨੋਟ ਉਨ੍ਹਾਂ ਨੂੰ ਜਵਾਬ ਵਜੋਂ ਭੇਜਿਆ, ''ਮੇਰਾ ਨਾਂਅ ਹਿੰਦੁਸਤਾਨੀ ਇਨਕਲਾਬ ਦਾ ਨਿਸ਼ਾਨ ਬਣ ਚੁੱਕਿਆ ਹੈ ਅਤੇ ਇਨਕਲਾਬ ਪਸੰਦ ਪਾਰਟੀ ਦੇ ਆਦਰਸ਼ਾਂ ਤੇ ਕੁਰਬਾਨੀਆਂ ਨੇ ਮੈਨੂੰ ਬਹੁਤ ਉੱਚਿਆਂ ਕਰ ਦਿੱਤਾ ਹੈ। ਮੇਰੇ ਦਲੇਰੀ ਭਰੇ ਢੰਗ ਨਾਲ ਹੱਸਦਿਆਂ-ਹੱਸਦਿਆਂ ਫਾਂਸੀ ਚੜ੍ਹਨ ਦੀ ਸੂਰਤ ਵਿਚ ਹਿੰਦੁਸਤਾਨੀ ਮਾਵਾਂ ਆਪਣਿਆਂ ਬੱਚਿਆਂ ਦੇ ਭਗਤ ਸਿੰਘ ਬਣਨ ਦੀ ਆਰਜੂ ਕਰਿਆ ਕਰਨਗੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਏਨੀ ਵੱਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਾਮਰਾਜਵਾਦ ਦੀਆਂ ਸਭ ਸ਼ੈਤਾਨੀ ਤਾਕਤਾਂ ਦੇ ਵੱਸ ਦੀ ਗੱਲ ਨਹੀਂ ਰਹੇਗੀ।''
ਸਪੱਸ਼ਟ ਹੈ ਕਿ ਭਗਤ ਸਿੰਘ ਆਪਣੇ ਜਿਸ ਮਨੋਰਥ ਲਈ ਸ਼ਹੀਦ ਹੋਇਆ ਉਹ ਇਨਕਲਾਬ ਸੀ। ਐਸਾ ਸਮਾਜਵਾਦੀ ਪ੍ਰਬੰਧ ਸਥਾਪਤ ਕਰਨਾ ਜਿਸ ਵਿਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ। ਰਾਜ ਸੱਤਾ ਮਜ਼ਦੂਰਾਂ, ਕਿਸਾਨਾਂ ਤੇ ਕਿਰਤ ਕਰਨ ਵਾਲਿਆਂ ਦੇ ਹੱਥ ਆਵੇ। ਗ਼ਰੀਬ ਤੇ ਅਮੀਰ ਦਾ ਪਾੜਾ ਨਾ ਰਹੇ। ਜਾਤਾਂ, ਮਜ਼੍ਹਬਾਂ, ਫਿਰਕਿਆਂ, ਖਿੱਤਿਆਂ ਦੇ ਝਗੜਿਆਂ ਨੂੰ ਪਾਸੇ ਕਰ ਕੇ ਇਨਸਾਨ ਨੂੰ ਸਿਰਫ਼ ਇਨਸਾਨ ਜਾਣਿਆ ਜਾਵੇ। ਜਿਥੇ ਹਰ ਇਕ ਨੂੰ ਕੰਮ ਮਿਲੇ। ਰੋਟੀ, ਕਪੜਾ, ਮਕਾਨ ਦਾ ਮਸਲਾ ਸਥਾਈ ਤੌਰ 'ਤੇ ਹੱਲ ਹੋਵੇ। ਸਾਮਰਾਜ ਦਾ ਸੰਸਾਰ 'ਚੋਂ ਖ਼ਾਤਮਾ ਹੋਵੇ। ਅੱਜ ਭਗਤ ਸਿੰਘ ਨੂੰ ਮੰਨਣ ਵਾਲਿਆਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣਾ ਹਰ ਕਾਰਜ ਭਗਤ ਸਿੰਘ ਦੇ ਇਨਕਲਾਬ ਦੇ ਉਦੇਸ਼ ਦੀ ਪ੍ਰਾਪਤੀ ਲਈ ਸੇਧਤ ਕਰਨ। 1947 ਦੀ ਆਜ਼ਾਦੀ, ਜਿਸ ਵਿਚ ਕੇਵਲ ਰਾਜ ਸੱਤਾ ਦੀ ਤਬਦੀਲੀ ਹੋਈ ਅਤੇ ਗੋਰਿਆਂ (ਬਰਤਾਨਵੀ) ਸ਼ਾਸਕਾਂ ਦੀ ਥਾਂ ਕਾਲਿਆਂ (ਭਾਰਤੀ) ਸ਼ਾਸਕਾਂ ਨੇ ਰਾਜ ਸੱਤਾ ਸਾਂਭ ਲਈ। ਪ੍ਰਬੰਧ ਜਿਉਂ ਦਾ ਤਿਉਂ ਸਰਮਾਏਦਾਰੀ ਕੋਲ ਹੀ ਰਿਹਾ। ਇਸ ਦਾ ਹਸ਼ਰ ਸਭ ਦੇ ਸਾਹਮਣੇ ਹੈ। ਗ਼ਰੀਬੀ ਤੇ ਅਮੀਰੀ ਦਾ ਪਾੜਾ ਗਹਿਰੀ ਖੱਡ ਦੀ ਹੇਠਲੀ ਸੱਤਾ ਤੋਂ ਉਚੇ ਤੋਂ ਉਚੇ ਪਰਬਤ ਦੀ ਟੀਸੀ ਵਰਗਾ ਹੋ ਗਿਆ ਹੈ। ਫਿਰਕਾਪ੍ਰਸਤੀ ਦਾ ਤਾਂਡਵ ਨਾਚ ਆਮ ਭਾਰਤੀਆਂ ਨੂੰ ਨਿਗਲੀ ਜਾ ਰਿਹਾ ਹੈ। ਹਾਕਮਾਂ ਨੇ ਸਾਮਰਾਜੀਆਂ ਨਾਲ ਪੱਕੀ ਸਾਂਝ ਪਾ ਲਈ ਹੈ। ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਸਮਾਜਕ ਬੇਇਨਸਾਫ਼ੀ, ਆਪਣੀ ਚਰਮ ਸੀਮਾਂ 'ਤੇ ਹੈ। ਤਕੜੇ ਦਾ ਸੱਤੀਂ ਵੀਹੀਂ ਹੀ ਨਹੀਂ ਸਗੋਂ 'ਇਕ ਵੀਹਵੀਂ ਸੌ' ਹੈ। ਮਾੜੇ ਦਾ ਜੀਵਨ ਪਸ਼ੂਆਂ ਦੀ ਨਿਆਈਂ ਹੈ। ਨਾ ਖਾਣ ਲਈ ਅੰਨ, ਨਾ ਪੀਣ ਲਈ ਸਾਫ਼ ਪਾਣੀ, ਨਾ ਸਿੱਖਿਆ, ਨਾ ਸਿਹਤ, ਕੁਝ ਵੀ ਨਹੀਂ ਹੈ। ਤਕੜੇ ਲਈ ਸਾਰਾ ਕੁਝ ਹੈ। ਭਾਰਤੀ ਲੋਕ ਗੁੱਸੇ ਵਿਚ ਵੋਟਾਂ ਪਾ ਕੇ ਵਾਰੀ-ਵਾਰੀ ਹਕੂਮਤਾਂ ਬਦਲ-ਬਦਲ ਕੇ ਵੇਖ ਚੁੱਕੇ ਹਨ। ਕੋਈ ਫ਼ਰਕ ਨਹੀਂ ਪਿਆ। ਭਗਤ ਸਿੰਘ ਦੇ ਇਨਕਲਾਬ ਦੇ ਸੁਪਨੇ ਨੂੰ ਪੂਰਾ ਕੀਤੇ ਬਿਨਾਂ ਨਹੀਂ ਸਰਨਾ। ਇਹੀ ਭਗਤ ਸਿੰਘ ਲੋਚਦਾ ਸੀ। ਇਹੀ ਸਾਨੂੰ ਕਰਨਾ ਚਾਹੀਦਾ ਹੈ। ਇਨਕਲਾਬ ਕਰਨਾ ਹੀ ਭਗਤ ਸਿੰਘ ਦਾ ਉਸ ਦੇ ਪੈਰੋਕਾਰਾਂ ਲਈ ਸੁਨੇਹਾ ਹੈ।
ਅੱਜ ਭਾਰਤ ਵਿਚ ਨਵੀਂ ਬਣੀ ਮੋਦੀ ਦੀ ਸਰਕਾਰ ਹੈ, ਜੋ ਭਾਰੀ ਬਹੁਮਤ ਨਾਲ ਜਿੱਤੀ ਹੈ। ਇਸ ਨੇ ਭਾਰਤ ਦੇ ਸੰਵਿਧਾਨ ਦੀ ਭੂਮਿਕਾ ਵਿਚ ਦਰਸਾਏ 'ਸਮਾਜਵਾਦੀ ਉਦੇਸ਼' ਦੀ ਥਾਂ ਸਾਮਰਾਜ ਪੱਖੀ ਰਾਹ ਅਪਣਾ ਲਿਆ ਹੈ। ਸਾਮਰਾਜੀ ਤਾਕਤਾਂ ਨਾਲ ਪੱਕੀ ਸਾਂਝ ਪਾ ਲਈ ਹੈ। ਜਾਪਾਨ, ਚੀਨ, ਅਮਰੀਕਾ, ਆਸਟਰੇਲੀਆ, ਬਰਤਾਨੀਆ ਸਾਰੇ ਦੇਸ਼ਾਂ ਨਾਲ ਐਸੇ ਸਮਝੌਤੇ ਕੀਤੇ ਜਾ ਰਹੇ ਹਨ ਜਿਸ ਨਾਲ ਸਮਾਰਾਜੀ ਕਾਰਪੋਰੇਟ ਸੈਕਟਰ ਭਾਰਤ ਵਿਚ ਬਹੁਤ ਵੱਡੇ ਪੱਧਰ 'ਤੇ ਨਿਵੇਸ਼ ਕਰੇਗਾ। ਇਸ ਨਾਲ ਭਾਰਤੀ ਜਨਸਮੂਹ ਕੇਵਲ ਆਰਥਕ ਆਜ਼ਾਦੀ ਦੀ ਥਾਂ ਸਾਮਰਾਜੀਆਂ ਦੀਆਂ ਮੋਟੀਆਂ ਜ਼ੰਜੀਰਾਂ ਵਿਚ ਹੀ ਨਹੀਂ ਫਸਣਗੇ ਬਲਕਿ ਨਾਲ ਦੀ ਨਾਲ ਸਿਆਸੀ ਆਜ਼ਾਦੀ ਵੀ ਹੱਥੋਂ ਖੁਸ ਜਾਵੇਗੀ। ਪਹਿਲਾਂ ਸਿਰਫ਼ ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਹੀ ਵਪਾਰ ਕਰਨ ਲਈ ਭਾਰਤ ਆਈ ਸੀ ਪਰੰਤੂ ਹੁਣ ਐਸੀਆਂ ਹਜ਼ਾਰਾਂ ਕੰਪਨੀਆਂ ਬੱਝਵੇਂ ਤੌਰ 'ਤੇ ਭਾਰਤ 'ਤੇ ਰਾਜ ਕਰਨਗੀਆਂ। ਗੁਲਾਮ ਹੋਏ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਪਹਿਲਾਂ ਜਿਥੇ 300 ਸਾਲ ਲੱਗਾ ਸੀ, ਉਥੇ ਹੁਣ ਪਤਾ ਨਹੀਂ ਕਿੰਨੀਆਂ ਸਦੀਆਂ ਲੱਗੇ ਜਾਣ। ਭਗਤ ਸਿੰਘ ਦੇ ਮੁਕੰਮਲ ਇਨਕਲਾਬ ਦੇ ਨਿਸ਼ਾਨੇ ਦੀ ਪ੍ਰਾਪਤੀ ਅਤੇ ਦੇਸ਼ ਨੂੰ ਸਾਮਰਾਜੀ ਪ੍ਰਬੰਧ ਤੋਂ ਛੁਟਕਾਰਾ ਦੁਆਉਣ ਲਈ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣ। ਜੇਕਰ :-
''ਬੇੜਾ ਬੰਧ ਨਾ ਸਕਿਉ ਬੰਧਨ ਕੀ ਬੇਲਾ॥''
ਤਾਂ ਫਿਰ ਉਂਗਲਾਂ ਛੱਡ ਅਰਕਾਂ ਚੱਟਣੀਆਂ ਪੈਣਗੀਆਂ। ਜੇ ਭਗਤ ਸਿੰਘ ਦੇ ਵਿਚਾਰਾਂ 'ਤੇ ਪਹਿਰਾ ਨਾ ਦਿੱਤਾ। ਇਨਕਲਾਬ ਲਈ ਕੋਸ਼ਿਸ਼ਾਂ ਤੇਜ਼ ਨਾ ਕੀਤੀਆਂ, ਲਾਜ਼ਮੀ ਦੇਸ਼ ਫਿਰ ਤੋਂ ਸਾਮਰਾਜੀਆਂ ਦੀਆਂ ਜ਼ੰਜੀਰਾਂ ਵਿਚ ਨੂੜਿਆ ਜਾਵੇਗਾ।
ਅੱਜ ਦੇ ਸੰਦਰਭ ਵਿਚ ਮੋਦੀ ਸਰਕਾਰ ਆਰ.ਐਸ.ਐਸ. ਦੀਆਂ ਨਿਰਦੇਸ਼ਤ ਨੀਤੀਆਂ 'ਤੇ ਚਲ ਰਹੀ ਹੈ। ਹਿੰਦੂ ਫ਼ਿਰਕਾਪ੍ਰਸਤ ਤਾਕਤਾਂ ਦੇ ਫਨੀਅਰ ਹੋਰ ਮਜ਼ਬੂਤੀ ਨਾਲ ਫਨ ਖਿਲਾਰੀ ਸਾਡੇ ਵਿਹੜਿਆਂ ਵਿਚ ਦਾਖ਼ਲ ਹੋ ਰਹੇ ਹਨ। ਫਿਰਕਾਪ੍ਰਸਤੀ ਬਾਰੇ ਭਗਤ ਸਿੰਘ ਦੇ ਵਿਚਾਰ ਅੱਜ ਵੀ ਓਨੇ ਹੀ ਸਾਰਥਕ ਹਨ, ''ਮਜ਼੍ਹਬੀ ਵਹਿਮ ਅਤੇ ਤੁਅੱਸਬ ਸਾਡੀ ਤਰੱਕੀ ਦੇ ਰਾਹ ਵਿਚ ਵੱਡੀ ਰੁਕਾਵਟ ਹਨ। ਇਹ ਹਮੇਸ਼ਾ ਸਾਡੇ ਰਾਹ ਵਿਚ ਰੋੜਾ ਸਾਬਤ ਹੋਏ ਹਨ ਅਤੇ ਸਾਨੂੰ ਇਨ੍ਹਾਂ ਨੂੰ ਪਰ੍ਹੇ ਵਗਾਹ ਮਾਰਨਾ ਚਾਹੀਦਾ ਹੈ .... ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਇਨਕਲਾਬੀ ਲਗਣ ਵਾਲੇ, ਸਭ ਫਿਰਕਿਆਂ ਦੇ ਨੌਜਵਾਨਾਂ ਦੀ ਲੋੜ ਹੈ।''
ਆਓ! ਭਗਤ ਸਿੰਘ ਦੇ ਵਿਚਾਰਾਂ 'ਤੇ ਮਜ਼ਬੂਤੀ ਨਾਲ ਪਹਿਰਾ ਦੇਈਏ। ਉਸ ਨੇ ਇਨਕਲਾਬ ਲਈ ਜੋ ਸੁਨੇਹਾ ਦਿੱਤਾ ਸੀ ਉਸ ਦੀ ਅੱਜ ਦੇ ਸੰਦਰਭ ਵਿਚ ਹੋਰ ਵੀ ਢਾਡੀ ਲੋੜ ਹੈ।
No comments:
Post a Comment