ਡਾ. ਤੇਜਿੰਦਰ ਵਿਰਲੀ
ਹਾਲ ਹੀ ਵਿਚ ਹੋਈਆਂ ਪਾਰਲੀਮੈਂਟ ਦੀਆਂ ਚੋਣਾਂ ਨੇ ਪੰਜਾਬ ਅੰਦਰ ਵੱਧ ਰਹੀ ਨਸ਼ਾਖੋਰੀ ਨੂੰ ਕੇਂਦਰ ਵਿਚ ਲਿਆਂਦਾ ਹੈ। ਪੰਜਾਬ ਦੀਆਂ ਪਰੰਪਰਕ ਰਾਜਸੀ ਪਾਰਟੀਆਂ ਅਕਾਲੀ, ਭਾਜਪਾ ਤੇ ਕਾਂਗਰਸ ਨੇ ਸਦਾ ਹੀ ਚੋਣਾਂ ਵਿਚ ਨਸ਼ੇ ਦੀ ਖੁੱਲ ਕੇ ਵਰਤੋਂ ਕੀਤੀ ਹੈ ਤੇ ਇਸ ਵਾਰ ਵੀ ਇਸ ਦੀ ਵਰਤੋਂ ਇਸੇ ਤਰ੍ਹਾਂ ਹੀ ਹੋਈ ਹੈ। ਪਰ ਪੰਜਾਬ ਅੰਦਰ ਇਸ ਵਾਰ ਨਸ਼ੇ ਦੇ ਖਿਲਾਫ ਇਕ ਵੱਡਾ ਰੋਹ ਦੇਖਣ ਨੂੰ ਮਿਲ ਰਿਹਾ ਸੀ। ਭਾਵੇਂ ਪੰਜਾਬ ਵਿਚ ਕਾਰਜਸ਼ੀਲ ਖੱਬੀਆਂ ਧਿਰਾਂ ਹਰ ਵਾਰ ਚੋਣਾਂ ਵਿਚ ਨਸ਼ੇ ਦੀ ਵਰਤੋਂ ਦੇ ਖਿਲਾਫ ਲੋਕ ਲਾਮਬੰਦੀ ਦਾ ਹੋਕਾ ਤਾਂ ਦਿੰਦੀਆਂ ਰਹੀਆਂ ਹਨ ਪਰ ਆਪਣੇ ਸੀਮਤ ਆਧਾਰ ਕਰਕੇ ਉਹ ਕੋਈ ਲੋਕ ਲਹਿਰ ਕਾਇਮ ਨਹੀਂ ਸਨ ਕਰ ਸਕੇ। ਇਸੇ ਕਰਕੇ ਉਨਾਂ ਦੀ ਅਵਾਜ ਨੂੰ ਸੁਣੀ ਅਣਸੁਣੀ ਹੀ ਕੀਤਾ ਜਾਂਦਾ ਰਿਹਾ ਹੈ। ਸਿੱਟੇ ਵਜੋਂ ਪੰਜਾਬ ਨਸ਼ੇ ਦੇ ਸਾਗਰਾਂ ਵਿਚ ਹਰ ਘੜੀ ਹਰ ਪਲ ਗਰਕ ਹੁੰਦਾ ਗਿਆ। ਪਿੰਡਾਂ ਦੀਆਂ ਸੱਥਾਂ ਨੌਜਵਾਨਾਂ ਤੋਂ ਖਾਲੀ ਹੁੰਦੀਆਂ ਗਈਆਂ। ਘਰਾਂ ਦੇ ਘਰ ਬਰਬਾਦ ਹੋਣ ਲੱਗੇ। ਨੌਜਵਾਨ ਮੁੰਡਿਆਂ ਦੇ ਨਾਲ ਕੁੜੀਆਂ ਵੀ ਨਸ਼ੇ ਵਿਚ ਗਰਕਣ ਲੱਗੀਆਂ। ਪੰਜਾਬ ਦਾ ਇਹ ਦਰਦ ਵੱਡੀ ਪੱਧਰ ਉਪਰ ਚਰਚਾ ਦਾ ਵਿਸ਼ਾ ਬਣਨਾ ਹੀ ਸੀ। ਇਨ੍ਹਾਂ ਚੋਣਾ ਵਿਚ 'ਆਮ ਆਦਮੀ ਪਾਰਟੀ' ਦੇ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਵੀ ਆਪਣੇ ਸੰਖੇਪ ਜਿਹੇ ਦੌਰੇ ਦੌਰਾਨ ਨਸ਼ਿਆਂ ਦੀ ਮਹਾਂਮਾਰੀ ਨੂੰ ਉਭਾਰਿਆ। ਏਸੇ ਲਈ ਏਥੇ ਲੋਕਾਂ ਨੇ ਸਾਰੇ ਭਾਰਤ ਤੋਂ ਵੱਖਰੀ ਰਾਜਸੀ ਲਹਿਰ ਦਾ ਸਬੂਤ ਦਿੰਦੇ ਹੋਏ ਨਸ਼ੇ ਦੇ ਸੁਦਾਗਰਾਂ ਦੀ ਥਾਂ 'ਆਮ ਆਦਮੀ ਪਾਰਟੀ' ਨੂੰ ਵੱਡੇ ਪੱਧਰ ਉਪਰ ਵੋਟਾਂ ਪਾਈਆਂ। ਚੋਣਾਂ ਦੇ ਨਤੀਜਿਆਂ ਨੇ ਹਾਕਮਾਂ ਨੂੰ ਲੀਪਾ ਪੋਚੀ ਕਰਨ ਵਾਲੇ ਬਿਆਨ ਦੇਣ ਲਈ ਮਜਬੂਰ ਕਰ ਦਿੱਤਾ ਹੈ। ਨਸ਼ੇ ਦੇ ਨਾਮ ਉਪਰ ਕੈਬਨਿਟ ਵਿਚ ਹਿੱਲਜੁਲ ਹੋਣੀ ਸੁਰੂ ਹੋ ਗਈ ਹੈ। ਜੇਤਲੀ ਦੀ ਹਾਰ ਨੇ ਨਸ਼ੇ ਨੂੰ ਵੱਡਾ ਕਾਰਨ ਬਣਾ ਕੇ ਭਾਜਪਾ ਵਿਚ ਪੇਸ਼ ਕਰ ਦਿੱਤਾ ਹੈ। ਜਿਹੜਾ ਨਸ਼ਾ ਪਾਰਲੀਮੈਂਟ ਦੀਆਂ ਪੌੜੀਆਂ ਚਾੜ੍ਹਨ ਦਾ ਹੁਣ ਤੱਕ ਸਾਧਨ ਬਣਦਾ ਰਿਹਾ ਸੀ ਉਹ ਨਸ਼ਾ ਰਸਤੇ ਦਾ ਰੋੜਾ ਬਣ ਗਿਆ ਹੈ।
ਦੋ ਸਾਲ ਪਹਿਲਾਂ ਜਦੋਂ ਰਾਹੁਲ ਗਾਂਧੀ ਨੇ ਪੰਜਾਬ ਦੀ ਧਰਤੀ ਉਪਰ ਆਕੇ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਵਿਚ ਦਸਾਂ ਵਿੱਚੋਂ ਸੱਤ ਲੜਕੇ ਨਸ਼ਾ ਕਰਦੇ ਹਨ ਤਾਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਇਸ ਉਪਰ ਇਤਰਾਜ ਕੀਤਾ ਸੀ ਕਿ ਉਸ ਨੇ ਇਹ ਆਂਕੜੇ ਬਹੁਤ ਵਧਾਅ ਚੜਾਕੇ ਦੱਸੇ ਹਨ। ਇਸ ਦੇ ਨਾਲ ਕੇਵਲ ਇਕ ਬਾਵੇਲਾ ਜਿਹਾ ਹੀ ਖ਼ੜ੍ਹਾ ਨਹੀਂ ਸੀ ਹੋਇਆ ਸਗੋਂ ਪੰਜਾਬ ਦੀ ਅਸਲੀਅਤ ਸਾਰੇ ਸੰਸਾਰ ਵਿਚ ਜਗ ਜਾਹਰ ਹੋਈ ਸੀ। ਅਜਿਹੇ ਹੀ ਆਂਕੜੇ ਯੂ.ਐਨ.ਓ. ਦੁਆਰਾ ਕਰਵਾਏ ਸਰਵੇ ਨੇ ਵੀ ਦਿੱਤੇ ਹਨ। ਜਿਹੜਾ ਸਰਵੇ 'ਇਨਟਰਨੈਸ਼ਨਲ ਕਲਾਸੀਫੀਕੇਸ਼ਨ ਆਫ਼ ਡਜੀਜ਼' ਨੇ ਕੀਤਾ ਸੀ ਉਸ ਨੇ ਕਿਹਾ ਹੈ ਕਿ ਪੰਜਾਬ ਦੇ 73.5% ਨੌਜਵਾਨ ਨਸ਼ਾ ਕਰਦੇ ਹਨ। ਇਨ੍ਹਾਂ ਨਸ਼ੇੜੀਆਂ ਦੀ ਉਮਰ 16 ਸਾਲ ਤੋਂ 40 ਸਾਲ ਦੇ ਵਿਚਕਾਰ ਹੀ ਹੁੰਦੀ ਹੈ। ਪੰਜਾਬ ਵਿਚ ਹਰ ਸਾਲ 29 ਕਰੋੜ ਬੋਤਲਾਂ ਸ਼ਰਾਬ ਦੀ ਖਪਤ ਹੋ ਜਾਂਦੀ ਹੈ। ਜਿਹੜੀ ਸੰਸਾਰ ਦੇ ਉਨ੍ਹਾਂ ਦੇਸ਼ਾਂ ਦੇ ਬਰਾਬਰ ਹੈ ਜਿੱਥੇ ਸਭ ਤੋਂ ਵਧ ਮਾਤਰਾ ਵਿਚ ਸ਼ਰਾਬ ਦੀ ਵਰਤੋਂ ਕੀਤੀ ਜਾ ਰਹੀ ਹੈ। ਪੰਜਾਬ ਦੇ ਪਿੰਡਾਂ ਦੀ ਹਾਲਤ ਤਾਂ ਅਸਲ ਵਿਚ ਬਦ ਤੋਂ ਬਦਤਰ ਹੋ ਗਈ ਹੈ, ਜਿੱਥੇ 67% ਨੌਜਵਾਨ ਨਸ਼ੇੜੀ ਹਨ। ਪੰਜਾਬ ਦੀ ਵੱਡੀ ਵਸੋਂ ਪਿੰਡਾਂ ਵਿਚ ਰਹਿ ਰਹੀ ਹੈ। ਜਿੱਥੇ ਦੀ ਜਵਾਨੀ ਨੂੰ ਨਸ਼ੇ ਦਾ ਘੁਣ ਲੱਗਿਆ ਹੋਇਆ ਹੈ। ਪਿੰਡਾਂ ਦੇ ਪਿੰਡ ਤਬਾਹ ਹੋ ਰਹੇ ਹਨ। ਇਸੇ ਸਰਵੇ ਨੇ ਇਹ ਤੱਥ ਵੀ ਪੇਸ਼ ਕੀਤੇ ਹਨ ਕਿ ਦਸ ਵਿੱਚੋਂ ਤਿੰਨ ਕੁੜੀਆਂ ਵੀ ਨਸ਼ੇ ਦੀ ਵਰਤੋਂ ਕਰ ਰਹੀਆਂ ਹਨ। ਕਾਲਜ ਪੜ੍ਹਨ ਵਾਲੇ ਦਸਾਂ ਵਿੱਚੋਂ ਸੱਤ ਵਿਦਿਆਰਥੀ ਨਸ਼ੇੜੀ ਹਨ। ਪੰਜਾਬ ਦੀ ਇਕ ਮਸ਼ਹੂਰ ਨਿੱਜੀ ਯੁਨੀਵਰਸਿਟੀ ਦੁਆਬੇ ਵਿਚ ਨਸ਼ੇ ਦਾ ਵੱਡਾ ਕੇਂਦਰ ਬਣੀ ਹੋਈ ਹੈ।
ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗਦਾ ਹੈ। ਇਹ ਵਿਸ਼ੇਸ਼ਣ ਹੁਣ ਕਾਫੀ ਵਾਰ ਵਰਤਿਆ ਜਾਣ ਕਰਕੇ ਬੇਮਾਨੇ ਹੋ ਗਿਆ ਜਾਪਦਾ ਹੈ। ਇਸ ਦੇ ਬੇਮਾਨੇ ਹੋਣ ਦਾ ਸ਼ਾਇਦ ਇਕ ਕਾਰਨ ਇਹ ਵੀ ਹੈ ਕਿ ਹੁਣ ਇਹ ਪੰਜਾਬ ਵਿਚ ਵਰਤੇ ਜਾਂਦੇ ਨਸ਼ਿਆਂ ਦੇ ਸੰਦਰਭ ਵਿਚ ਵਰਤਣਾ ਇੱਥੋਂ ਦੀ ਬਦਤਰ ਸਥਿਤੀ ਨਾਲ ਮਜ਼ਾਕ ਕਰਨ ਦੇ ਬਰਾਬਰ ਹੀ ਹੈ। ਕਿਉਂਕਿ ਸਥਿਤੀ ਇਸ ਤੋਂ ਕਾਫੀ ਬਦਤਰ ਹੋ ਚੁਕੀ ਹੈ। ਹੁਣ ਜੇ ਇਸ ਸਥਿਤੀ ਦੀ ਤੁਲਨਾ ਕਰਨੀ ਹੋਵੇ ਤਾਂ ਇਹ ਕਿਹਾ ਜਾਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਨਸ਼ਿਆਂ ਦੇ ਸਾਗਰਾਂ ਵਿਚ ਗਰਕ ਹੋ ਰਿਹਾ ਹੈ। ਪੰਜਾਬ ਵਿਚ ਫੈਲੇ ਕੈਂਸਰ ਵਾਂਗ ਇਹ ਵੀ ਇਕ ਤਰ੍ਹਾਂ ਦਾ ਕੈਂਸਰ ਹੀ ਹੈ ਜਿਹੜਾ ਪੰਜਾਬ ਦੀ ਜਵਾਨੀ ਨੂੰ ਲੱਗਾ ਹੋਇਆ ਹੈ। ਜਿਸ ਕਰਕੇ ਪੰਜਾਬ ਦੇ ਨੌਜਵਾਨ ਜਿਨ੍ਹਾਂ ਨੇ ਬੁੱਢੇ ਮਾਂ ਬਾਪ ਦਾ ਆਸਰਾ ਬਣਨਾ ਸੀ ਉਹ ਬੁੱਢੇ ਮਾਂ ਬਾਪ ਨੂੰ ਜੀ ਭਰਕੇ ਤੰਗ ਕਰਨ ਤੋਂ ਬਾਦ ਮਾਂ ਬਾਪ ਦਿਆਂ ਮੋਢਿਆਂ ਉਪਰ ਜਿੰਦਗੀ ਦਾ ਆਖਰੀ ਸਫਰ ਤਹਿ ਕਰ ਰਹੇ ਹਨ। ਮਾਝੇ ਅੰਦਰ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ। ਹਰ ਰੋਜ਼ ਦੇ ਕਲਹ ਕਲੇਸ਼ ਤੋਂ ਤੰਗ ਆਏ ਮਾਪੇ ਸੁੱਖਣਾ ਸੁੱਖ ਸੁੱਖ ਲਏ ਤੇ ਲਾਡਾਂ ਨਾਲ ਪਾਲੇ ਪੁੱਤਰ ਦੀ ਮੌਤ ਮੰਗਦੇ ਮੈਂ ਆਪ ਦੇਖੇ ਹਨ। ਪੁੱਤਰਾਂ ਨੂੰ ਨਸ਼ਿਆਂ ਵਿਚ ਗਰਕਦੇ ਦੇਖਦਿਆਂ ਮਾਂਵਾਂ ਆਪਣੀ ਕਿਸਮਤ ਨੂੰ ਕੋਸਦੀਆਂ ਹਨ ਕਿ ਉਹ ਪੰਜਾਬ ਦੀ ਬਦਕਿਸਮਤ ਧਰਤੀ ਦੇ ਜੀਅ ਹਨ। ਪੰਜਾਬ ਦੀ ਇਸ ਤਬਾਹੀ ਉਪਰ ਬਣੀ ਰਾਹੁਲ ਬੋਸ ਦੀ ਫਿਲਮ ' ਅਨਟੋਲਡ ਸਟੋਰੀ ਆਫ ਪੰਜਾਬ ' ਰਾਹੀਂ ਇਸ ਦੁਖਾਂਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।
ਪੰਜਾਬ ਨੂੰ ਤਬਾਹ ਕਰਨ ਵਾਲੇ ਨਸ਼ੇ ਦੇ ਸੁਦਾਗਰਾਂ ਨੂੰ ਰਾਜ-ਸੱਤਾ ਦਾ ਆਸਰਾ ਹੈ। ਪੰਜਾਬ ਦੇ ਬੱਚੇ ਬੱਚੇ ਦੀ ਜੁਬਾਨ ਉਪਰ ਹੈ ਕਿ ਲਾਲ ਬੱਤੀ ਵਾਲੀਆਂ ਗੱਡੀਆਂ ਨਸ਼ਾ ਢੋਅ ਰਹੀਆਂ ਹਨ। ਸਾਬਕਾ ਪੁਲੀਸ ਅਫਸਰ ਸ਼ਸ਼ੀਕਾਂਤ ਨੇ ਸਪਸ਼ਟ ਸ਼ਬਦਾਂ ਵਿਚ ਕਾਂਗਰਸ ਤੇ ਅਕਾਲੀ ਪਾਰਟੀ ਦੇ ਉਨ੍ਹਾਂ ਆਗੂਆਂ ਦੇ ਨਾਮ ਲਏ ਹਨ ਜਿਹੜੇ ਮੋਹਰਲੀਆਂ ਕਤਾਰਾਂ ਵਿਚ ਸ਼ਾਮਲ ਹੋਕੇ ਪੰਜਾਬ ਨੂੰ ਬਰਬਾਦ ਕਰਨ ਵਿਚ ਸ਼ਾਮਲ ਹਨ। ਪੰਜਾਬ ਦੇ ਸਾਬਕਾ ਪੁਲੀਸ ਅਫਸਰ ਜਗਦੀਸ਼ ਭੋਲਾ ਜੋ ਬਿਆਨ ਦੇ ਰਿਹਾ ਹੈ ਉਸ ਨਾਲ ਕਿਸੇ ਨੂੰ ਹੈਰਾਨੀ ਨਹੀਂ ਹੋ ਰਹੀ ਕਿਉਂਕਿ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਕਿੱਥੇ-ਕਿੱਥੇ ਕੀ-ਕੀ ਹੋ ਰਿਹਾ ਹੈ? ਕੇਵਲ ਸਰਕਾਰ ਵਿਚ ਸ਼ਾਮਲ ਕੁਝ ਲੋਕ ਹੀ ਨਸ਼ੇ ਦੇ ਕਾਰੋਬਾਰ ਵਿਚ ਨਹੀਂ ਲੱਗੇ ਹੋਏ ਸਗੋਂ ਪੰਜਾਬ ਸਰਕਾਰ ਦੀ ਸਰਕਾਰੀ ਨੀਤੀ ਵੀ ਇਸ ਲਈ ਜਿੰਮੇਵਾਰ ਹੈ। ਸਰਕਾਰ ਦੀ ਤਾਜਾ ਨੀਤੀ ਦੇ ਮੁਤਾਬਕ ਜਿਨ੍ਹਾਂ ਮਿਡਲ ਸਕੂਲਾਂ ਵਿਚ 35 ਤੋਂ ਘੱਟ ਵਿਦਿਆਰਥੀ ਹਨ ਉਨ੍ਹਾਂ ਨੂੰ ਬੰਦ ਕਰਨ ਬਾਰੇ ਸਰਕਾਰ ਨੇ ਸ਼ਾਹੀ ਫਰਮਾਨ ਜਾਰੀ ਕੀਤਾ ਹੈ। ਪਿੰਡਾਂ ਦੇ ਪਿੰਡ ਤੇ ਅਧਿਆਪਕ ਜਥੇਬੰਦੀਆਂ ਇਸ ਨੀਤੀ ਦਾ ਵਿਰੋਧ ਕਰ ਰਹੀਆਂ ਹਨ ਜਿਸ ਨੂੰ ਪੰਜਾਬ ਦੀ ਸਰਕਾਰ ਲਗਾਤਾਰ ਅਣਡਿੱਠ ਕਰਦੀ ਆ ਰਹੀ ਹੈ ਤੇ ਤਰਕ ਇਹ ਦੇ ਰਹੀ ਹੈ ਸਕੂਲ ਆਪਣਾ ਖਰਚਾ ਵੀ ਪੂਰਾ ਨਹੀਂ ਕਰ ਰਹੇ। ਸਕੂਲਾਂ ਨੂੰ ਮੁਨਾਫੇ ਦਾ ਸਾਧਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਨਿੱਕੇ ਨਿੱਕੇ ਜਵਾਕਾਂ ਦੀ ਪੜ੍ਹਾਈ ਇਸ ਮੁਨਾਫੇ ਦੀ ਨੀਤੀ ਦੀ ਭੇਟਾ ਚੜ ਰਹੀ ਹੈ। ਦੂਸਰੇ ਪਾਸੇ ਹਰ ਨਿੱਕੇ ਵੱਡੇ ਪਿੰਡ ਵਿਚ ਮੁਨਾਫੇ ਦੀ ਨੀਤੀ ਦੇ ਤਹਿਤ ਸ਼ਰਾਬ ਦੇ ਠੇਕੇ ਖੋਲੇ ਜਾ ਰਹੇ ਹਨ। ਪਿੰਡਾਂ ਵਿਚ ਵੱਡੇ ਪੱਧਰ ਉਪਰ ਇਸ ਦਾ ਵਿਰੋਧ ਹੋ ਰਿਹਾ ਹੈ। ਇਸ ਵਿਰੋਧ ਨੂੰ ਦੇਖਦਿਆਂ ਸਰਕਾਰ ਵੱਲੋਂ ਠੇਕੇ ਦੇ ਬਾਹਰ ਪੁਲਿਸ ਦਾ ਪਹਿਰਾ ਲਾਕੇ ਠੇਕੇ ਦੀ ਰਾਖੀ ਕੀਤੀ ਜਾ ਰਹੀ ਹੈ। ਸਕੂਲ ਦੇ ਦੋ ਮਾਸਟਰਾਂ ਦੀ ਤਨਖਾਹ ਨਾ ਦੇ ਕੇ ਦੋ ਪੁਲਿਸ ਮੁਲਾਜਮਾਂ ਦੀ ਤਨਖਾਹ ਨੂੰ ਦੇਣਾ, ਪਿੰਡਾਂ ਨੂੰ ਕਿਸ ਪਾਸੇ ਵੱਲ ਲੈ ਕੇ ਜਾਣ ਦੀ ਨੀਤੀ ਦਾ ਹਿੱਸਾ ਹੈ। ਇਹ ਗੱਲ ਹੁਣ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਹੈ। ਵਿਦਿਆਰਥੀ ਦੂਸਰੇ ਪਿੰਡ ਪੜ੍ਹਨ ਜਾ ਰਹੇ ਹਨ ਜਦਕਿ ਨਸ਼ਾ ਹਰ ਪਿੰਡ ਪਿੰਡ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਹੈ ਸਰਕਾਰ ਦੀ ਨੀਤੀ।
ਅੱਜ ਤੋਂ ਵੀਹ ਸਾਲ ਪਹਿਲਾਂ ਇਹ ਨਸ਼ੇ ਕੇਵਲ ਬਾਰਡਰ ਏਰੀਏ ਦੇ ਪਿੰਡਾਂ ਤੱਕ ਹੀ ਸੀਮਤ ਸਨ। ਪਰ ਹੁਣ ਮਾਝਾ, ਮਾਲਵਾ, ਦੁਆਬਾ ਸਭ ਇਸ ਦੀ ਮਾਰ ਹੇਠ ਹੋਣ ਕਰਕੇ ਕੋਈ ਵੀ ਭੂਗੋਲਿਕ ਹੱਦਾਂ ਇਸ ਲਈ ਬੇਮਾਇਨੇ ਹੋ ਗਈਆਂ ਹਨ। ਇਸ ਵਰਤਾਰੇ ਦਾ ਸਭ ਤੋਂ ਦੁੱਖਦਾਇਕ ਪਹਿਲੂ ਇਹ ਹੈ ਕਿ ਨਸ਼ੇੜੀ ਪੁੱਤਰ ਆਪਣੇ ਮਾਪਿਆਂ ਦਾ ਕਤਲ ਕਰ ਰਹੇ ਹਨ। ਕਿਤੇ ਭੈਣ ਦਾ ਕਤਲ ਹੋ ਰਿਹਾ ਹੈ ਕਿਤੇ ਭਰਜਾਈ ਤੇ ਕਿਤੇ ਭਰਾ ਦਾ। ਇਸ ਨਸ਼ੇ ਨੇ ਸਭ ਕਿਸਮ ਦੇ ਰਿਸ਼ਤੇ ਖਤਮ ਕਰ ਦਿੱਤੇ ਹਨ। ਗੁਟਕੇ, ਖੈਣੀ ਤੋਂ ਲੈਕੇ ਚਰਸ, ਚਿੱਟਾ, ਅਫੀਮ, ਹੀਰੋਇਨ ਤੱਕ ਸਭ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਇਹ ਨੌਜਵਾਨ ਜਦੋਂ ਨਸ਼ੇ ਦੀ ਤੋਟ ਵਿਚ ਮਰਦੇ ਜਾਂਦੇ ਹਨ ਤਾਂ ਘਰ ਜਾਂ ਗੁਆਢ ਦੀ ਕਿਹੜੀ ਚੀਜ਼ ਚੁੱਕ ਕੇ ਵੇਚਣੀ ਹੈ, ਇਸ ਦੀ ਵੀ ਪਰਵਾਹ ਨਹੀਂ ਕਰਦੇ। ਜਦੋਂ ਕੋਈ ਵੀ ਦਾਅ ਨਾ ਲੱਗੇ ਤਾਂ ਮੈਡੀਕਲ ਸਟੋਰ ਤੋਂ ਮਿਲਦੀਆਂ ਨਸ਼ੇ ਦੀਆਂ ਦਵਾਈਆਂ ਨਾਲ ਗੁਜਾਰਾ ਕਰਕੇ ਹੀ ਟਇਮ ਸਾਰਨਾ ਪੈਂਦਾ ਹੈ। ਬਹੁਤ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਅੱਜ ਕੇਵਲ ਤੇ ਕੇਵਲ ਨਸ਼ੇ ਦਾ ਹੀ ਕਾਰੋਬਾਰ ਕਰਦੀਆਂ ਹਨ। ਨਸ਼ੇੜੀਆਂ ਵੱਲੋਂ ਇਕੋ ਸਰਿੰਜ ਦੀ ਵਰਤੋਂ ਕਰਨ ਨਾਲ ਏਡਜ਼ ਵਰਗੀਆਂ ਬਿਮਾਰੀਆਂ ਵੀ ਪੰਜਾਬ ਦੇ ਪਿੰਡਾਂ ਵਿਚ ਵੱਧ ਗਈਆਂ ਹਨ।
ਭਾਵੇਂ ਅਖ਼ਬਾਰਾਂ ਵਿਚ ਨਸ਼ੇ ਨਾਲ ਸੰਬੰਧਿਤ ਖਬਰਾਂ ਪ੍ਰਕਾਸ਼ਤ ਹੁੰਦੀਆਂ ਹੀ ਰਹਿੰਦੀਆਂ ਹਨ ਤੇ ਕਦੇ ਕੋਈ ਨਸ਼ੇ ਦਾ ਛੋਟਾ ਮੋਟਾ ਵਿਉਪਾਰੀ ਫੜਿਆ ਵੀ ਜਾਂਦਾ ਹੈ, ਪਰ ਇਹ ਧੰਦਾ ਦਿਨ ਦੁੱਗਣੀ ਰਾਤ ਚੌਗਣੀ ਰਫਤਾਰ ਨਾਲ ਵਧ ਫੁਲ ਰਿਹਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਹ ਧੰਦਾ ਬੇਰੋਕ ਟੋਕ ਵਧ ਫੁਲ ਰਿਹਾ ਹੈ ਤਾਂ ਵੀ ਗਲਤ ਨਹੀਂ ਹੋਵੇਗਾ। ਜਿਹੜੇ ਲੋਕ ਇਸ ਧੰਦੇ ਨੂੰ ਮੁਨਾਫੇ ਦੇ ਲਈ ਕਰਦੇ ਹਨ ਉਨ੍ਹਾਂ ਦੀ ਇਹ ਮਜਬੂਰੀ ਹੈ ਕਿ ਉਨ੍ਹਾਂ ਦੇ ਧੰਦੇ ਦੇ ਵਧਣ ਫੁੱਲਣ ਲਈ ਸਰਕਾਰ ਤੇ ਪ੍ਰਸ਼ਾਸਨ ਦੀ ਸਰਪ੍ਰਸਤੀ ਉਨ੍ਹਾਂ ਦੇ ਸਿਰ ਉਪਰ ਹੋਵੇ। ਇਸ ਲਈ ਉਨ੍ਹਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਨ੍ਹਾਂ ਕੋਲ ਲਾਲ ਬੱਤੀ ਵਾਲੀ ਕਾਰ ਹੋਵੇ। ਉਨ੍ਹਾਂ ਦੇ ਅੱਗੇ ਪਿੱਛੇ ਪੁਲਿਸ ਦਾ ਪਹਿਰਾ ਹੋਵੇ ਤੇ ਉਹ ਬੇਖੋਫ ਪੰਜਾਬ ਦੀਆਂ ਸੜਕਾਂ 'ਤੇ ਤੁਰੇ ਫਿਰਨ। ਸਰਕਾਰੀ ਸਰਪਸਤੀ ਦੇ ਹੇਠ ਇਹ ਧੰਦਾ ਚਾਹੁੰਦਿਆਂ ਨਾ ਚਾਹੁੰਦਿਆਂ ਚੱਲ ਰਿਹਾ ਹੈ। ਪੁਲਿਸ ਤੰਤਰ ਨੂੰ ਭਾਵੇਂ ਇਸ ਦੀ ਭਿਣਕ ਹੋਵੇ ਤੇ ਭਾਵੇਂ ਨਾ, ਉਸ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ''ਚੁੱਪ ਦਾ ਦਾਨ ਬਕਸ਼ੇ।'' ਇਹ ਚੁੱਪ ਦਾ ਦਾਨ ਕੇਵਲ ਪੁਲਿਸ ਹੀ ਨਹੀਂ ਬਕਸ਼ਦੀ ਸਗੋਂ ਸਾਰੀ ਸਾਧ-ਸੰਗਤ ਵੀ ਬਕਸ਼ਦੀ ਹੈ। ਕਦੀ ਕਿਸੇ ਵੀ ਧਾਰਮਿਕ ਸਥਾਨ ਤੇ ਧਾਰਮਿਕ ਆਗੂ ਨੇ ਇਸ ਤਰ੍ਹਾਂ ਦਾ ਨਾ ਬਿਆਨ ਹੀ ਦਿੱਤਾ ਤੇ ਨਾ ਹੀ ਹੁਕਮਨਾਮਾ ਦਿੱਤਾ ਜਿਸ ਨਾਲ ਇਹ ਪਤਾ ਚੱਲੇ ਕਿ ਇਹ ਧਾਰਮਿਕ ਸਥਾਨ ਜਾਂ ਧਾਰਮਿਕ ਆਗੂ ਨਸ਼ਿਆਂ ਦੇ ਵਿਰੁਧ ਹੈ। ਇਨ੍ਹਾਂ ਧਾਰਮਿਕ ਤੇ ਰਾਜਸੀ ਆਗੂਆਂ ਦਾ ਚੁੱਪ ਵੱਟਕੇ ਸਰ ਸਕਦਾ ਹੈ ਪਰ ਪੰਜਾਬ ਦੇ ਅਗਾਂਹ ਵਧੂ ਵਰਗ ਨੂੰ ਇਸ ਖਿਲਾਫ ਅਵਾਜ ਬੁਲੰਦ ਕਰਨੀ ਹੀ ਪਵੇਗੀ।
ਇਕ ਨਸ਼ੇੜੀ ਪੁੱਤਰ ਦੀ ਬਦਕਿਸਮਤ ਮਾਂ ਆਪਣੇ ਆਪ ਨੂੰ ਕੋਸਦੀ ਹੈ। ਆਪਣੀ ਕਿਸਮਤ ਤੇ ਪਿੱਛਲੇ ਜਨਮਾਂ ਦੇ ਕਰਮਾਂ ਨਾਲ ਇਸ ਦਰਦਨਾਕ ਪੀੜ ਨੂੰ ਬਰਦਾਸ਼ਤ ਕਰਨ ਲਈ ਕਦੇ ਕਿਸੇ ਧਾਰਮਿਕ ਸਥਾਨ ਉਪਰ ਜਾਂਦੀ ਹੈ ਤੇ ਕਦੇ ਕਿਸੇ ਦੂਸਰੇ ਉਪਰ। ਉਸ ਦੀ ਸਮਝ ਵਿਚ ਇਹ ਵਰਤਾਰਾ ਨਹੀਂ ਆ ਰਿਹਾ ਕਿ ਉਹ ਕੀ ਕਰੇ? ਉਸ ਦਾ ਇਕਲੋਤਾ ਪੁੱਤਰ ਇਸ ਸਮਾਜਕ ਬਿਮਾਰੀ ਦੀ ਭੇਟਾ ਚੜ ਰਿਹਾ ਹੈ। ਉਸ ਦਾ ਅੰਤ ਨੇੜੇ ਆ ਰਿਹਾ ਹੈ। ਉਸ ਨੂੰ ਜਾਪਦਾ ਹੈ ਕਿ ਸਾਰੀ ਉਮਰ ਦੀ ਮਿਹਨਤ ਨਾਲ ਕਮਾਈ ਧਨ ਦੌਲਤ ਦੇ ਇਕਲੋਤੇ ਵਾਰਸ ਦੀ ਜਿੰਦਗੀ ਕੁਝ ਗਿਣਤੀ ਦੇ ਮਹੀਨੇ ਹੀ ਬਾਕੀ ਹੈ ਤੇ ਇਸੇ ਲਈ ਉਹ ਸੋਚਦੀ ਹੈ ਕਿ ਇਸ ਦਾ ਵਿਆਹ ਕਰ ਦੇਵੇ ਤਾਂ ਕਿ ਘਰ ਦਾ ਵਾਰਸ ਇਕ ਸਾਲ ਵਿਚ ਜੰਮ ਪਵੇ। ਜਦੋ ਮੈਂ ਇਸ ਲੇਖ ਦੇ ਸਬੰਧ ਵਿਚ ਉਸ ਪਰਿਵਾਰ ਨਾਲ ਹਮਦਰਦੀ ਜਤਾ ਰਿਹਾ ਸੀ ਤਾਕਿ ਅਸਲੀਅਤ ਦੇ ਨੇੜੇ ਹੋ ਸਕਾ ਤਾਂ ਮਾਂ ਨੇ ਤਰਲੇ ਲੈਂਦਿਆਂ ਕਿਹਾ ਕਿ ਮੈਂ ਆਖਦੀ ਹਾਂ ਕਿ ਆਪਣੀ ਮਰਜੀ ਨਾਲ ਜਿਸ ਵੀ ਜਾਤ, ਧਰਮ ਦੀ ਕੁੜੀ ਨਾਲ ਵਿਆਹ ਕਰ ਲੈ ਤਾਂ ਇਹ ਮੰਨਦਾ ਹੀ ਨਹੀਂ। ਉਹ ਮੈਨੂੰ ਆਖਦੀ ਹੈ ਕਿ ਮੈਂ ਉਸ ਦੇ ਪੁੱਤਰ ਨੂੰ ਵਿਆਹ ਲਈ ਮਨਾਵਾਂ। ਉਹ ਕਿਸੇ ਗਰੀਬ ਘਰ ਦੀ ਕੁੜੀ ਨਾਲ ਪੁੱਤਰ ਦਾ ਵਿਆਹ ਕਰਕੇ ਜਾਇਦਾਦ ਦਾ ਵਾਰਸ ਚਾਹੁੰਦੀ ਹੈ। ਮੈਂ ਉਸ ਦੇ ਨਸ਼ੇੜੀ ਪੁੱਤਰ ਨੂੰ ਬੜੇ ਹੀ ਪਿਆਰ ਨਾਲ ਇਕੱਲਿਆਂ ਕਰਕੇ ਵਿਆਹ ਬਾਰੇ ਗੱਲ ਕਰਦਾ ਹਾਂ, ਤਾਂ ਉਹ ਇਕ ਦਰਦਨਾਕ ਕਹਾਣੀ ਬਿਆਨ ਕਰਦਾ ਹੈ। ਜਿਹੜੀ ਕਹਾਣੀ ਮੈਂ ਉਸ ਬਦਕਿਸਮਤ ਮਾਂ ਨਾਲ ਤਾਂ ਸਾਂਝੀ ਨਹੀਂ ਸੀ ਕਰ ਸਕਿਆ ਪਰ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ। ਉਸ ਨੇ ਮੈਨੂੰ ਦੱਸਿਆਂ ਕਿ ਉਹ ਹੁਣ ਸਰੀਰਕ ਤੌਰ 'ਤੇ ਵਿਆਹ ਦੇ ਕਾਬਲ ਹੀ ਨਹੀਂ ਰਿਹਾ। ਮੈਨੂੰ ਗੱਲ ਅਗਾਂਹ ਨਾ ਕਰਨ ਦੀ ਸ਼ਰਤ 'ਤੇ ਉਸ ਨੇ ਦਰਦਨਾਕ ਕਰਾਣੀ ਬਿਆਨ ਕਰਦਿਆਂ ਕਿਹਾ ਕਿ ਇਹ ਗੱਲ ਮਾਂ ਨਾਲ ਨਾ ਕਰਨਾ ਕਿ ਜਦੋਂ ਮੈਂ ਮਹਿੰਗੇ ਨਸ਼ੇ ਨਹੀਂ ਸੀ ਕਰ ਸਕਦਾ ਉਦੋਂ ਨਸ਼ੇ ਦੇ ਟੀਕੇ ਲਾਕੇ ਨਸ਼ਾ ਪੂਰਾ ਕਰਦਾ ਹਾਂ। ਜਦੋਂ ਬਾਂਹ ਦੀ ਨਾੜ ਵਿਚ ਟੀਕਾ ਲਾਉਂਦਾ ਹਾਂ ਤਾਂ ਇਹ ਨਾੜ ਫੁੱਲ ਜਾਂਦੀ ਹੈ ਮਾਂ ਨੂੰ ਪਤਾ ਲੱਗ ਜਾਂਦਾ। ਮਾਂ ਬਾਂਹ ਦੀ ਮਾਲਸ਼ ਕਰਦੀ ਕਲਪਦੀ ਰਹਿੰਦੀ ਹੈ ਤੇ ਮੈਨੂੰ ਕੋਸਦੀ ਰਹਿੰਦੀ ਹੈ। ਇਸ ਲਈ ਕਿ ਮਾਂ ਨੂੰ ਪਤਾ ਨਾ ਲੱਗੇ ਮੈਂ ਟੀਕੇ ਆਪਣੇ ਗੁਪਤ ਅੰਗਾਂ ਦੀਆਂ ਨਾੜਾਂ ਵਿਚ ਲਾਉਂਦਾ ਰਿਹਾ ਹਾਂ। ਉਸ ਦਾ ਵਾਕ ਖਤਮ ਨਹੀਂ ਸੀ ਹੋਇਆ ਕਿ ਉਹ ਫਿਕਰ ਕਰਨ ਲੱਗਾ ਕਿ ਮੈਂ ਉਸ ਦੇ ਮਾਪਿਆਂ ਨਾਲ ਇਹ ਗੱਲ ਸਾਂਝੀ ਨਾ ਕਰਾਂ। ਮੈਂ ਉਸ ਨਾਲ ਬਚਨ ਨਾ ਤੋੜਨ ਦੀ ਫਿਰ ਕਸਮ ਖਾਂਦੀ। ਤਾਂ ਉਸ ਨੂੰ ਵਿਸ਼ਵਾਸ ਹੋ ਗਿਆ ਤੇ ਉਹ ਆਖਣ ਲੱਗਾ : ਮੈਂ ਆਪ ਮਰਨਾ ਨਹੀਂ ਚਾਹੁੰਦਾ ਕਦੇ-ਕਦੇ ਜਾਪਦਾ ਕਿ ਮੈਂ ਆਪਣੇ ਮਾਪਿਆਂ ਨੂੰ ਬਹੁਤ ਤੰਗ ਕਰ ਲਿਆ ਹੈ, ਇਸ ਕਰਕੇ ਮੈਂ ਮਰ ਹੀ ਜਾਵਾਂ ਤਾਂ ਚੰਗਾ ਹੈ। ਉਸ ਨੇ ਦੱਸਿਆ ਕਿ ਉਹ ਜਿੰਦਗੀ ਮੌਤ ਦੇ ਵਿਚਕਾਰ ਲਟਕ ਰਿਹਾ ਹੈ ਤੇ ਵਿਆਹ ਦੇ ਕਾਬਲ ਨਹੀਂ ਰਿਹਾ। ਉਸ ਦਾ ਵਾਕ ਖਤਮ ਹੋਇਆ ਤਾਂ ਮੈਨੂੰ ਜਾਪਿਆ ਘਰ ਦਾ ਇਕਲੋਤਾ ਚਿਰਾਗ ਬੁਝ ਗਿਆ ਹੈ। ਘਰ ਦੀ ਦੌਲਤ ਧਰੀ ਧਰਾਈ ਰਹਿ ਗਈ ਹੈ। ਜੀ ਕੀਤਾ ਕਿ ਖਾਧੀ ਹੋਈ ਕਸਮ ਤੋੜ ਦਿਆਂ ਤੇ ਬਦਕਿਸਮਤ ਮਾਂ ਬਾਪ ਨੂੰ ਸਭ ਕੁਝ ਦਸ ਦਿਆਂ, ਪਰ ਪੱਤਰਕਾਰੀ ਦਾ ਕੋਈ ਅਸੂਲ ਤਾਂ ਕਾਇਮ ਰੱਖਾਂ ਇਸ ਲਈ ਪੀੜ ਨੂੰ ਕਦੇ ਕਲਮ ਦੀ ਨੋਕ ਉਪਰ ਵੀ ਨਹੀਂ ਆਉਣ ਦਿੱਤਾ। ਉਸ ਘਰ ਦਾ ਉਹ ਆਖਰੀ ਚਿਰਾਗ ਨਾ ਬੁਝੇ ਇਸ ਦੀ ਕਿੱਥੇ ਅਰਦਾਸ ਕਰਾਂ? ਆਪਣੇ ਮਨ ਮਸਤਕ ਦੀ ਪੀੜਾ ਨੂੰ ਇਕ ਗੰਦੀ ਗਾਲ ਨਾਲ ਹਲਕਾ ਕਰਨ ਦੀ ਕੋਸ਼ਿਸ ਕਰਦਾ ਹਾਂ ਤੇ ਪੰਜਾਬ ਦੇ ਹਾਕਮਾਂ ਨੂੰ ਗੰਦੀ ਗਾਲ ਨਾਲ ਸੰਬੋਧਤ ਹੁੰਦਾ ਹਾਂ। ਇਹ ਗਾਲ਼ ਮੇਰੀ ਨਹੀਂ ਉਨ੍ਹਾਂ ਬਦਕਿਸਮਤ ਮਾਪਿਆਂ ਦੀ ਹੈ ਜਿਨ੍ਹਾਂ ਦੇ ਚਿਰਾਗ ਜਗਣ ਤੋਂ ਪਹਿਲਾਂ ਬੁਝਾ ਦਿੱਤੇ ਗਏ। ਜਿਨ੍ਹਾਂ ਦੇ ਬੁਝ ਜਾਣ ਨਾਲ ਨਾ ਕੇਵਲ ਪੰਜਾਬ ਦੇ ਘਰਾਂ ਵਿਚ ਹਨੇਰਾ ਪਸਰਿਆ ਹੈ ਸਗੋਂ ਪੰਜਾਬ ਵੀ ਉਸ ਹਨੇਰੇ ਵਿਚ ਗਰਕ ਹੋ ਰਿਹਾ ਹੈ।
ਹੁਣ ਉਹ ਮੇਰੇ ਨਾਲ ਸਾਰੀਆਂ ਹੀ ਗੱਲਾਂ ਕਰ ਰਿਹਾ ਸੀ। ਉਹ ਆਪ ਜਾਣਦਾ ਸੀ ਕਿ ਕਿਹੜੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਹਨ। ਉਸ ਨੇ ਕਿਹਾ ਕਿ ਮੈਂ ਬਹੁਤ ਸਾਰੇ ਨਸ਼ਾ ਛਡਵਾਉਣ ਵਾਲੇ ਕੇਂਦਰਾਂ ਵਿਚ ਛੇ-ਛੇ ਮਹੀਨੇ ਰਹਿ ਚੁੱਕਾ ਹਾਂ। ਪਰ ਉੱਥੇ ਉਹ ਸਾਲੇ ਆਪ ਨਸ਼ਾ ਦਿੰਦੇ ਹਨ। ਵੱਡੇ ਘਰਾਂ ਦੇ ਵਿਗੜੇ ਕਾਕਿਆਂ ਨੂੰ ਸੁਧਾਰਨ ਦੇ ਨਾਮ ਉਪਰ ਉਹ ਕਮਾਈ ਦੀਆਂ ਦੁਕਾਨਾਂ ਖੋਲ੍ਹੀ ਬੈਠੇ ਹਨ। ਮੈਂ ਵੱਖ-ਵੱਖ ਕੇਂਦਰਾਂ ਦੇ ਅਨੁਭਵਾਂ ਬਾਰੇ ਗੱਲ ਕਰ ਰਿਹਾ ਸੀ ਤਾਂ ਉਸ ਨੇ ਕਿਹਾ ਕਿ ਫਲਾਨਾ ਕੇਂਦਰ ਨਸ਼ਾ ਤਾਂ ਨਹੀਂ ਦਿੰਦਾ ਪਰ ਉੱਥੇ ਕੁੱਟਦੇ ਬਹੁਤ ਨੇ ਸਾਲੇ ਮਾਰੀ ਜਾਂਦੇ ਹਨ। ਉਸ ਕੁੱਟ ਤੋਂ ਤਾਂ ਚੰਗਾ ਹੈ ਕਿ ਬੰਦਾ ਮਰ ਹੀ ਜਾਵੇ। ਉਸ ਨੇ ਮੈਨੂੰ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਨਸ਼ਾਂ ਛਡਾਊ ਕੇਂਦਰਾਂ ਵਿਚ ਲੰਮਾਂ ਸਮਾਂ ਰਹਿਣ ਕਰਕੇ ਉਸ ਦੀ ਪਹਿਚਾਨ ਪੰਜਾਬ ਭਰ ਦੇ ਨਸ਼ੇੜੀਆਂ ਨਾਲ ਹੋ ਗਈ ਹੈ। ਇਸ ਕਰਕੇ ਹੁਣ ਉਸ ਨੂੰ ਸਸਤਾ ਨਸ਼ਾ ਮਿਲ ਜਾਂਦਾ ਹੈ ਤੇ ਲੋੜ ਪੈਣ ਤੇ ਉਧਾਰ ਵੀ ਮਿਲ ਜਾਂਦਾ ਹੈ। ਉਸ ਨੇ ਬੇਝਿਜਕ ਕਿਹਾ ਕਿ ਜੇ ਤੁਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਰੇ ਕੁਝ ਕਰਨਾ ਹੈ ਤਾਂ ਮੈਂ ਇਸ ਵਿਚ ਤੁਹਾਡੀ ਸਭ ਤੋਂ ਵੱਧ ਮਦਦ ਕਰ ਸਕਦਾ ਹਾਂ। ਮੇਰੇ ਪੁੱਛਣ ਤੇ ਉਸ ਨੇ ਬੇਝਿਜਕ ਕਿਹਾ ਮੈਂ ਦੱਸ ਸਕਦਾ ਹਾਂ ਕਿ ਕਿੱਥੋਂ-ਕਿੱਥੇ ਕਿਹੜਾ-ਕਿਹੜਾ ਨਸ਼ਾ ਕਿਸ ਕੀਮਤ ਉਪਰ ਮਿਲ ਸਕਦਾ ਹੈ। ਜੇ ਉਨ੍ਹਾਂ ਨੂੰ ਫੜਾ ਸਕਦੇ ਹੋ ਤਾਂ ਅੱਗੇ ਤੋਂ ਇਸ ਨਰਕ ਦਾ ਕੰਮ ਖਤਮ ਹੋ ਸਕਦਾ ਹੈ। ਪਰ ਉਨ੍ਹਾਂ ਵੱਡੇ ਲੋਕਾਂ ਵੱਲ ਤੁਸੀ ਮੂੰਹ ਵੀ ਨਹੀਂ ਕਰ ਸਕਦੇ। ਮੇਰੇ ਪੁੱਛਣ ਤੇ ਉਸ ਨੇ ਦੱਸਿਆ ਕਿ ਸਭ ਤੋਂ ਪਹਿਲੀ ਵਾਰ ਨਸ਼ਾ ਉਸ ਨੇ ਘਰੋਂ ਹੀ ਕੀਤਾ ਸੀ। ਜਦੋਂ ਚੋਣਾਂ ਦੇ ਦਿਨ ਸਨ ਵੱਖ-ਵੱਖ ਕਿਸਮ ਦਾ ਨਸ਼ਾਂ ਵੰਡਣ ਲਈ ਉਨ੍ਹਾਂ ਦੇ ਘਰ ਵਿਚ ਹੀ ਪਿਆ ਸੀ। ਮੈਂ ਸਭ ਦਾ ਸਵਾਦ ਚੱਖਿਆ ਸੀ। ਅਫੀਮ, ਡੋਡੇ, ਸ਼ਰਾਬ ਸਭ ਉਸ ਨੂੰ ਖੁੱਲ੍ਹੇ ਮਿਲ ਗਏ ਸਨ। ਉਦੋਂ ਉਹ ਕੇਵਲ ਨੌਵੀਂ ਜਮਾਤ ਵਿਚ ਹੀ ਪੜ੍ਹਦਾ ਸੀ। ਉਹ ਨਸ਼ੇ ਨੂੰ ਨਫਰਤ ਕਰਦਾ ਹੈ ਪਰ ਨਸ਼ਾ ਛੱਡ ਨਹੀਂ ਸਕਦਾ, ਪਰ ਨਸ਼ਾ ਛਡਾਉਣ ਵਾਲੇ ਸਾਰਿਆਂ ਕੇਂਦਰਾਂ ਨੂੰ ਵੱਡੀਆਂ ਗਾਲਾਂ ਕੱਢਦਾ ਹੈ ਕਿ ਇਹ ਮੁਨਾਫੇ ਦੀਆਂ ਦੁਕਾਨਾਂ ਹਨ। ਉਹ ਮੈਨੂੰ ਵੀ ਨਹੀਂ ਬਕਸ਼ਦਾ ਤੇ ਆਖਦਾ ਹੈ ਇਹ ਤਹਾਡੇ ਲਈ ਕੇਵਲ ਇਕ ਲੇਖ ਦਾ ਮਸਾਲਾ। ਮੈਂ ਉਸ ਜਹੀਨ ਬੱਚੇ ਦੇ ਤਿਲ ਤਿਲ ਮਰਨ ਉਪਰ ਕੇਵਲ ਸ਼ਰਮਿੰਦਾ ਹੀ ਹਾਂ ਕੁਝ ਕਰ ਨਹੀਂ ਸਕਦਾ। ਜਿਸ ਦਾ ਬਾਪ ਕਦੇ ਆਪਣੀ ਪਾਰਟੀ ਦੇ ਐਮ.ਐਲ.ਏ ਲਈ ਵੋਟਾਂ ਲੈਣ ਲਈ ਘਰ ਘਰ ਨਸ਼ੇ ਵੰਡਣ ਲਈ ਦਿਨ ਰਾਤ ਇਕ ਕਰ ਰਿਹਾ ਸੀ। ਉਸ ਦਾ ਘਰ ਅੱਜ ਨਸ਼ੇ ਦੀ ਭੇਟ ਚੜ ਗਿਆ ਹੈ।
ਉਸ ਬਦਕਿਸਮਤ ਘਰ ਤੋਂ ਬਾਹਰ ਆਕੇ ਸਿਕੰਦਰ ਬਾਰੇ ਸੋਚਦਾ ਹਾਂ ਜਿਹੜਾ ਵਿਸ਼ਵ ਨੂੰ ਜਿੱਤਣ ਲਈ ਘਰੋਂ ਤੁਰਿਆ ਸੀ ਤੇ ਪੰਜਾਬ ਦੇ ਅਮ੍ਰਿਤਸਰ ਜਿਲੇ ਅੰਦਰ ਪ੍ਰਵੇਸ਼ ਕਰਕੇ ਪੋਰਸ ਵਰਗੇ ਜੋਧੇ ਨੂੰ ਜਿੱਤ ਲੈਣ ਤੋਂ ਬਾਦ ਟੁੱਟ ਗਿਆ ਸੀ ਤੇ ਆਪਣੀ ਮਾਂ ਨੂੰ ਇਕ ਪੱਤਰ ਵਿਚ ਲਿਖਦਾ ਹੈ ਕਿ ''ਮਾਂ ਮੈਂ ਉਸ ਧਰਤੀ ਉਪਰ ਹਾਂ ਜਿੱਥੇ ਹਰ ਕਦਮ ਉਪਰ ਮੈਨੂੰ ਇਕ ਲੋਹੇ ਦੀ ਦੀਵਾਰ ਤੋੜਨੀ ਪੈਂਦੀ ਹੈ'' ਉਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਲੋਹੇ ਦੀ ਦੀਵਾਰ ਕਿਹਾ ਸੀ। ਜਿਸ ਨੂੰ ਸਿੰਕਦਰ ਤੋੜ ਨਹੀਂ ਸੀ ਸਕਿਆ ਤੇ ਆਪ ਟੁੱਟ ਗਿਆ ਸੀ। ਵਿਸ਼ਵ ਨੂੰ ਜਿੱਤਣ ਦੇ ਸੁਪਨੇ ਦੇਖਣ ਵਾਲੇ ਦੀ ਜਿੱਥੋ ਲਾਸ਼ ਵਾਪਸ ਗਈ ਸੀ। ਉਸ ਧਰਤੀ ਤੋਂ ਅਜ ਲੋਹੇ ਦੀਆਂ ਦੀਵਾਰਾਂ ਢਹਿ ਢੇਰੀ ਕਰ ਦਿੱਤੀਆਂ ਗਈਆਂ ਹਨ। ਤਾਂਕਿ ਅੱਜ ਦਾ ਸਿਕੰਦਰ ਬੇਫੌਖ ਫਿਰ ਸਕੇ। ਪੋਰਸ ਨਸ਼ੇ ਵਿਚ ਧੁੱਤ ਹੋਇਆ ਮਾਂ ਨਾਲ ਲੜ ਰਿਹਾ ਹੈ।
No comments:
Post a Comment