Saturday 14 June 2014

ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਸ਼ਹੀਦ ਸਾਥੀ ਕਰਤਾਰਚੰਦ ਮਾਧੋਪੁਰ ਦੀ 24ਵੀਂ ਬਰਸੀ ਮਨਾਈ

ਰੋਪੜ ਜ਼ਿਲ੍ਹੇ ਦੇ ਪਿੰਡ ਮਾਧੋਪੁਰ ਵਿਖੇ ਦੇਸ਼ ਦੀ ਏਕਤਾ ਅਖੰਡਤਾ ਦੀ ਲੜਾਈ ਦੌਰਾਨ 10 ਮਈ 1990 ਨੂੰ ਸ਼ਹੀਦ ਹੋਏ ਸਾਥੀ ਕਰਤਾਰ ਚੰਦ ਮਾਧੋਪੁਰ ਦੀ 24ਵੀਂ ਬਰਸੀ ਉਨ੍ਹਾਂ ਦੇ ਪਿੰਡ ਮਾਧੋਪੁਰ ਵਿਖੇ ਇਕ ਸ਼ਰਧਾਂਜਲੀ ਸਮਾਗਮ ਕਰਕੇ ਮਨਾਈ ਗਈ। ਸਭ ਤੋਂ ਪਹਿਲਾਂ ਸਮੁੱਚੇ ਇਲਾਕੇ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਪੁੱਜੇ ਔਰਤਾਂ, ਮਰਦਾਂ ਦੀ ਹਾਜ਼ਰੀ ਵਿਚ ਸੂਬੇ ਦੀ ਖੱਬੇ ਪੱਖੀ ਲਹਿਰ ਦੇ ਉਘੇ ਆਗੂ ਅਤੇ ਸੀ.ਪੀ.ਐਮ.ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਉਨ੍ਹਾ ਦੀ ਯਾਦ ਵਿਚ ਬਣੇ ਸ਼ਹੀਦੀ ਸਮਾਰਕ ਉਤੇ ਲਾਲ ਝੰਡਾ ਲਹਿਰਾਇਆ, ਜਿਸ ਝੰਡੇ ਤੋਂ ਪ੍ਰੇਰਣਾ ਲੈਂਦਿਆਂ ਸਾਥੀ ਕਰਤਾਰ ਚੰਦ ਨੇ ਧਾਰਮਕ ਮੂਲਵਾਦੀਆਂ ਨਾਲ ਟੱਕਰ ਲੈਂਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੀ। ਇਸਦੇ ਨਾਲ ਹੀ ਸਾਥੀ ਪਾਸਲਾ ਅਤੇ ਹੋਰ ਸੈਂਕੜੇ ਔਰਤਾਂ-ਮਰਦਾਂ, ਜਿਨ੍ਹਾਂ ਵਿਚ ਉਨ੍ਹਾਂ ਦੇ ਯੁੱਧ ਸਾਥੀ ਵੀ ਸ਼ਾਮਲ ਸਨ, ਨੇ ਸ਼ਹੀਦ ਸਾਥੀ ਦੀ ਯਾਦਗਾਰ 'ਤੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਤ ਕੀਤੀ। 
ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਪਿੰਡ ਮਾਧੋਪੁਰ ਦੀ ਸਰਪੰਚ ਪ੍ਰਵੀਨ ਕੁਮਾਰੀ, ਸਾਥੀ ਧਰਮ ਪਾਲ ਟਿੱਬਾ ਟੱਪਰੀਆਂ ਅਤੇ ਬਜ਼ੁਰਗ ਆਗੂ ਨਿਰੰਜਨ ਦਾਸ ਲਾਲਪੁਰ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸਾਥੀ ਮੰਗਤ ਰਾਮ ਪਾਸਲਾ ਨੇ 1980ਵੇਂ ਤੇ 90ਵੇਂ ਦਹਾਕੇ ਵਿਚ ਝੁੱਲੀ ਫਿਰਕੂ ਹਨੇਰੀ, ਜਿਸਦਾ ਟਾਕਰਾ ਕਰਦਿਆਂ ਨੌਜਵਾਨ ਕਰਤਾਰ ਚੰਦ ਵਰਗੇ ਸੈਂਕੜੇ ਸਾਥੀਆਂ ਨੇ ਸ਼ਹਾਦਤਾਂ ਦਿੱਤੀਆਂ ਅਤੇ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਕੀਤੀ ਬਾਰੇ ਦੱਸਿਆ। ਉਨ੍ਹਾਂ ਮੌਜੂਦਾ ਰਾਜਨੀਤਕ ਅਵਸਥਾ ਬਾਰੇ ਗੱਲ ਕਰਦਿਆਂ ਕਿਹਾ ਕਿ ਬੜੇ ਜ਼ੋਰ ਸ਼ੋਰ ਨਾਲ ਕੇਂਦਰ ਵਿਚ ਸੱਤਾ ਹਾਸਲ ਕਰਨ ਜਾ ਰਹੀ ਮੋਦੀ ਸਰਕਾਰ ਦੇਸ਼ ਵਿਚ 'ਚੰਗੇ ਦਿਨ' ਨਹੀਂ ਲਿਆ ਸਕੇਗੀ। ਕਿਉਂਕਿ ਇਸਦੀਆਂ ਆਰਥਕ ਤੇ ਸਮਾਜਕ ਨੀਤੀਆਂ ਵੀ ਉਸੇ ਨਵਉਦਾਰਵਾਦ 'ਤੇ ਅਧਾਰਤ ਹਨ, ਜਿਨ੍ਹਾਂ ਕਰਕੇ ਯੂ.ਪੀ.ਏ. ਦੇ ਰਾਜ ਕਾਲ ਵਿਚ ਦੇਸ਼ ਵਿਚ ਗਰੀਬੀ, ਬੇਰੁਜ਼ਗਾਰੀ ਤੇ ਭਰਿਸ਼ਟਾਚਾਰ ਸਭ ਹੱਦਾਂ ਬੰਨੇ ਤੋੜਦਾ ਹੋਇਆ ਆਮ ਲੋਕਾਂ ਨੂੰ ਦਰੜਦਾ ਰਿਹਾ ਹੈ। ਉਨ੍ਹਾਂ ਕਿਹਾ ਮੋਦੀ ਬੀ.ਜੇ.ਪੀ. ਦੇ ਉਸੇ ਰੱਥ 'ਤੇ ਸਵਾਰ ਹੋ ਕੇ ਸੱਤਾ ਵਿਚ ਆਇਆ ਹੈ, ਜਿਸ ਦਾ ਆਗਾਜ਼ ਹੀ 1992 ਵਿਚ ਬਾਬਰੀ ਮਸਜਿਦ ਨੂੰ ਢਾਹੁਣ ਤੋਂ ਬਾਅਦ ਇਸਦੇ ਆਗੂ ਲਾਲ ਕਰਿਸ਼ਨ ਅਡਵਾਨੀ ਦੀ ਫਿਰਕੂ ਰੱਥ ਯਾਤਰਾ ਨਾਲ ਜੁੜੀਆਂ ਹੋਈਆਂ ਹਨ। ਇਸ ਰੱਥ ਯਾਤਰਾ ਨੇ ਸਮੁੱਚੇ ਦੇਸ਼ ਵਿਚ ਫਿਰਕੂ ਅੱਗ ਲਾ ਕੇ ਹਿੰਦੂਤਵ ਦੇ ਆਧਾਰ ਉਤੇ ਧਰੁਵੀਕਰਨ ਕੀਤਾ ਸੀ। ਇਸ ਲਈ ਕੇਂਦਰ ਵਿਚ ਬਣਨ ਵਾਲੀ ਨਵੀਂ ਸਰਕਾਰ ਦੇਸ਼ ਦੇ ਆਮ ਲੋਕਾਂ ਦਾ ਕੁੱਝ ਨਹੀਂ ਸੰਵਾਰ ਸਕੇਗੀ। ਲੋਕਾਂ ਨੂੰ ਆਪਣੇ ਹੱਕਾਂ ਹਿੱਤਾਂ ਦੀ ਰਾਖੀ ਲਈ ਪਹਿਲਾਂ ਤੋਂ ਵੀ ਵਧੇਰੇ ਸ਼ਿੱਦਤ ਨਾਲ ਸੰਘਰਸ਼ਾਂ ਦੇ ਮੈਦਾਨ ਵਿਚ ਕੁੱਦਣਾ ਹੋਵੇਗਾ। ਸੂਬੇ ਬਾਰੇ ਗੱਲ ਕਰਦਿਆਂ ਉਨ੍ਹਾਂ ਸਿਆਸੀ ਤੇ ਪੁਲਸ ਦੀ ਸਰਪ੍ਰਸਤੀ ਹੇਠ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ, ਜਿਸ ਕਰਕੇ ਅੱਜ ਪੰਜਾਬ ਦੀ ਜਵਾਨੀ ਨੂੰ ਗ੍ਰਹਿਣ ਲੱਗ ਗਿਆ ਹੈ ਅਤੇ ਮਾਪੇ ਝੂਰਨ ਤੋਂ ਵੱਧ ਕੁਝ ਨਾ ਕਰ ਸਕਣ ਤੋਂ ਅਸਮਰਥ ਹਨ, ਵਿਰੁੱਧ ਪਾਰਟੀ ਵਲੋਂ ਵਿੱਢੀ ਜਾ ਰਹੀ ਮੁਹਿੰਮ ਨੂੰ ਪਿੰਡ ਪਿੰਡ ਲਿਜਾਉਣ ਦਾ ਸੱਦਾ ਦਿੱਤਾ ਤਾਂਕਿ ਦੇਸ਼ ਤੇ ਦੁਨੀਆਂ ਵਿਚ ਪੰਜਾਬ ਦੇ ਗਭਰੂਆਂ ਦੇ ਮਾਣ-ਸਨਮਾਨ ਨੂੰ ਮੁੜ ਸਥਾਪਤ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਸਮਾਜਕ ਤਬਦੀਲੀ ਦਾ ਰਾਹ ਅਸਾਨ ਨਹੀਂ ਹੈ, ਕੁੱਝ ਨਵੀਆਂ ਉਠੀਆਂ ਪਾਰਟੀਆਂ ਵਲੋਂ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਪੇਸ਼ ਕਰਕੇ ਲੋਕਾਂ ਨੂੰ ਭਰਮਾਇਆ ਤਾਂ ਜ਼ਰੂਰ ਜਾ ਰਿਹਾ ਹੈ, ਪ੍ਰੰਤੂ ਠੋਸ ਵਿਚਾਰਧਾਰਾ ਅਤੇ ਸਮਰੱਥ ਤੇ ਗੁੰਦਵੇਂ ਸੰਗਠਨ ਤੋਂ ਬਿਨਾਂ ਮੁੱਦਿਆਂ ਨੂੰ ਹੱਲ ਕਰਨਾ ਅਤੇ ਵਿਵਸਥਾ ਨੂੰ ਬਦਲਣਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਤੋਂ ਪ੍ਰੇਰਣਾ ਲੈਂਦੇ ਹੋਏ ਕਮਿਊਨਿਸਟ ਵਿਚਾਰਧਾਰਾ ਨੂੰ ਹੋਰ ਵਧੇਰੇ ਆਤਮਸਾਤ ਕਰਦੇ ਹੋਏ ਹਰ ਤਰ੍ਹਾਂ ਦੀਆਂ ਸਥਿਤੀਆਂ ਵਿਚ ਸੰਘਰਸ਼ਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ। 
ਸ਼ਰਧਾਂਜਲੀ ਸਮਾਗਮ ਨੂੰ ਰੋਪੜ  ਜ਼ਿਲ੍ਹਾ ਪਾਰਟੀ ਦੇ ਸਕੱਤਰ ਸਾਥੀ ਤਿਰਲੋਚਨ ਸਿੰਘ ਰਾਣਾ, ਸੂਬਾ ਸਕੱਤਰੇਤ ਮੈਂਬਰ ਸਾਥੀ ਇੰਦਰਜੀਤ ਸਿੰਘ ਗਰੇਵਾਲ, ਜਮਹੂਰੀ ਕੰਢੀ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਾਥੀ ਮੋਹਣ ਸਿੰਘ ਧਮਾਣਾ, ਦਿਹਾਤੀ ਮਜ਼ਦੂਰ ਆਗੂ ਸਾਥੀ ਵਿਜੇ ਨੰਗਲ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਪ੍ਰਧਾਨ ਬੀਬੀ ਰਾਮ ਪਿਆਰੀ, ਸਾਥੀ ਬਲਵਿੰਦਰ ਸਿੰਘ ਉਸਮਾਨਪੁਰ, ਮੁਲਾਜ਼ਮ ਆਗੂਆਂ ਸਰਵਸਾਥੀ ਗੁਰਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਸਾਥੀ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਜਾਗਰਤੀ ਕਲਾ ਕੇਂਦਰ ਭਰਤ ਗੜ੍ਹ ਵਲੋਂ ਦੇਸ਼ ਭਗਤਾਂ ਨੂੰ ਸਮਰਪਤ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ। 

ਸ਼ਹੀਦ ਦੀਪਕ ਧਵਨ ਤੇ ਸਾਥੀਆਂ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ 
ਸੀ.ਪੀ.ਐਮ.ਪੰਜਾਬ ਵਲੋਂ ਪੰਜਾਬ ਦੇ ਲੋਕਾਂ ਦੀ ਫਿਰਕੂ ਸਦਭਾਵਨਾ ਅਤੇ ਦੇਸ਼ ਦੀ ਏਕਤਾ ਅਖੰਡਤਾ ਦੀ ਸਲਾਮਤੀ ਲਈ ਸਾਮਰਾਜੀ ਸ਼ਹਿ ਪ੍ਰਾਪਤ ਖਾਲਿਸਤਾਨੀ ਦਹਿਸ਼ਤਗਰਦਾਂ ਵਿਰੁੱਧ ਜੰਗ ਦੇ ਸ਼ਹੀਦ ਸਾਥੀ ਦੀਪਕ ਧਵਨ ਤੇ ਉਨ੍ਹਾਂ ਦੇ ਯੁੱਧ ਸਾਥੀਆਂ ਦੀ ਬਰਸੀ ਸਾਂਝੇ ਤੌਰ 'ਤੇ ਰਾਮਗੜ੍ਹੀਆ ਬੁੰਗਾ, ਤਰਨ ਤਾਰਨ ਵਿਖੇ ਪੂਰੇ ਇਨਕਲਾਬੀ ਜੋਸ਼ ਨਾਲ ਮਨਾਈ ਗਈ। 
ਸਰਵਸਾਥੀ ਜਸਪਾਲ ਸਿੰਘ ਝਬਾਲ, ਖੁਖਤਾਰ ਸਿੰਘ ਮੱਲ੍ਹਾ, ਦਲਜੀਤ ਸਿੰਘ ਦਿਆਲਪੁਰਾ ਤੇ ਬਲਬੀਰ ਸੂਦ ਦੀ ਪ੍ਰਧਾਨਗੀ ਹੇਠ ਹੋਏ ਇਸ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸ਼ਹੀਦ ਦੀਪਕ ਧਵਨ ਤੇ ਉਹਨਾਂ ਦੇ ਯੁੱਧ ਸਾਥੀਆਂ ਨੇ ਸਾਮਰਾਜੀ ਤਾਕਤਾਂ ਦੇ ਉਨ੍ਹਾਂ ਮਨਸੂਬਿਆਂ ਨੂੰ ਅਸਫਲ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਨ੍ਹਾਂ ਰਾਹੀਂ ਉਹ ਦੇਸ਼ ਦੀ ਏਕਤਾ ਅਖੰਡਤਾ ਅਤੇ ਪੰਜਾਬੀ ਲੋਕਾਂ ਦੀ ਆਪਸੀ ਸਾਂਝ ਨੂੰ ਤੋੜਨਾ ਚਾਹੁੰਦੇ ਸਨ। ਜਿਥੇ ਕਮਿਊਨਿਸਟਾਂ ਨੇ ਇਸ ਜੰਗ ਵਿਚ ਪੂਰੀ ਸੁਹਿਰਦਤਾ ਨਾਲ, ਬਿਨਾਂ ਕਿਸੇ ਕੁਤਾਹੀ ਦੇ ਆਪਣਾ ਬਣਦਾ ਰੋਲ ਨਿਭਾਉਂਦਿਆਂ ਆਪਣੀਆਂ ਜਾਨਾਂ ਦੀ ਵੀ ਪ੍ਰਵਾਹ ਨਹੀਂ ਕੀਤੀ, ਉਥੇ ਵੇਲੇ ਦੇ ਹੁਕਮਰਾਨਾਂ ਤੇ ਬੁਰਜ਼ੁਆ ਪਾਰਟੀਆਂ ਦੇ ਆਗੂਆਂ ਨੇ ਇਸ ਮੌਕੇ ਨੂੰ ਆਪਣੇ ਸੌੜੇ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਵਰਤਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। 
ਸ਼ਹੀਦ ਦੀਪਕ ਧਵਨ ਤੇ ਦੂਸਰੇ ਸਾਥੀਆਂ ਦਾ ਜ਼ਿਕਰ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਇਨ੍ਹਾਂ ਸਾਥੀਆਂ ਨੇ ਵੱਖਵਾਦੀ ਦਹਿਸ਼ਤਗਰਦੀ ਖਿਲਾਫ ਲੜਾਈ ਦੇ ਨਾਲ ਨਾਲ ਇਸ ਰਾਜ ਪ੍ਰਬੰਧ 'ਚ ਫੈਲੇ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਾਂ ਬਰਾਬਰੀ ਖਿਲਾਫ ਵਿਸ਼ਾਲ ਤੇ ਫੈਸਲਾਕੁੰਨ ਮੋਰਚੇ ਲਈ ਸਮਾਜ ਦੇ ਦੱਬੇ ਕੁਚਲੇ ਲੋਕਾਂ, ਦਲਿਤਾਂ, ਥੋੜ ਜ਼ਮੀਨੇ ਕਿਸਾਨਾਂ, ਕਿਰਤੀਆਂ ਨੂੰ ਲਾਮਬੰਦ ਕਰਨ ਦੀ ਆਪਣੀ ਪ੍ਰਮੁੱਖ ਜਿੰਮੇਵਾਰੀ ਨਿਭਾਉਣ 'ਚ ਵੀ ਕੋਈ ਲਾਪ੍ਰਵਾਹੀ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਸ਼ਹੀਦ ਦੀਪਕ ਧਵਨ ਤੇ ਦੂਸਰੇ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਇਨ੍ਹਾਂ ਸਾਥੀਆਂ ਦੇ ਮਨੋਰਥ ਨੂੰ ਪੂਰਾ ਕਰਨ ਲਈ ਕਿਰਤੀਆਂ-ਕਿਸਾਨਾਂ, ਨੌਜਵਾਨਾਂ-ਵਿਦਿਆਰਥੀਆਂ, ਔਰਤਾਂ ਤੇ ਮੁਲਾਜ਼ਮਾਂ ਨੂੰ ਜਥੇਬੰਦ ਕਰਨ ਦੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈਏ ਕਿਉਂਕਿ ਆਜ਼ਾਦੀ ਦੇ 67 ਸਾਲ ਬਾਅਦ ਵੀ ਆਟਾ-ਦਾਲ ਦੀ ਖੈਰਾਤ ਵੰਡ ਕੇ ਵੋਟਾਂ ਬਟੋਰੀਆਂ ਜਾ ਰਹੀਆਂ ਹਨ। ਰੁਜ਼ਗਾਰ ਦੇਣ ਦੀ ਥਾਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚ ਧੱਕਿਆ ਜਾ ਰਿਹਾ ਹੈ। 
ਹਾਲ ਹੀ ਵਿਚ ਹੋਈਆਂ ਆਮ ਚੋਣਾਂ ਦੌਰਾਨ ਖੱਬੀ ਧਿਰ ਦੀ ਮਾੜੀ ਕਾਰਗੁਜ਼ਾਰੀ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਲੋਕ ਹਿੱਤਾਂ ਦੀ ਅਸਲ ਪਹਿਰੇਦਾਰ ਅਖਵਾਉਣ ਵਾਲੀ ਇਸ ਧਿਰ ਲਈ ਇਹ ਸਮਾਂ ਗੰਭੀਰ ਆਤਮ ਮੰਥਨ ਦੀ ਮੰਗ ਕਰਦਾ ਹੈ। ਇਸ ਧਿਰ ਦੇ ਪ੍ਰਮੁੱਖ ਭਾਈਵਾਲਾਂ ਵਲੋਂ ਅਖਤਿਆਰ ਕੀਤੀ ਜਮਾਤੀ ਭਾਈਵਾਲੀ ਦੀ ਨੀਤੀ ਨੇ ਸਮੁੱਚੀ ਖੱਬੀ ਧਿਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸਾਥੀ ਪਾਸਲਾ ਨੇ ਕਿਹਾ ਕਿ ਜਮਾਤੀ ਸੰਘਰਸ਼ ਹੀ ਇਕੋ ਇਕ ਰਾਹ ਹੈ ਜਿਸ 'ਤੇ ਚਲਦਿਆਂ ਕਿਰਤੀ ਜਮਾਤ ਦੀ ਹਕੀਕੀ ਆਜ਼ਾਦੀ ਵਾਲਾ ਸਮਾਜ ਕਾਇਮ ਕੀਤਾ ਜਾ ਸਕਦਾ ਹੈ। ਉਨ੍ਹਾਂ ਸਮੁੱਚੀਆਂ ਕਮਿਊਨਿਸਟ ਧਿਰਾਂ ਨੂੰ ਲੋਕ ਹਿੱਤਾਂ ਦੀ ਰਾਖੀ ਲਈ ਇਕ ਵਿਆਪਕ ਸੰਘਰਸ਼ ਸ਼ੁਰੂ ਕਰਨ ਵਾਸਤੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਅਧੀਨ ਇਕ ਸਾਂਝੇ ਮੰਚ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ। 
ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਰਤਨ ਸਿੰਘ ਰੰਧਾਵਾ, ਗੁਰਨਾਮ ਸਿੰਘ ਦਾਊਦ ਅਤੇ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਵੱਲੋਂ ਬਿਜਲੀ ਬਿੱਲਾਂ ਵਿੱਚ ਕੀਤੇ ਜਾ ਰਹੇ ਤਜ਼ਵੀਜ਼ਸ਼ੁਦਾ ਵਾਧੇ ਦੀ ਨਿਖੇਧੀ ਕੀਤੀ ਅਤੇ ਲੋਕਾਂ ਨੂੰ 27 ਮਈ ਨੂੰ ਬਿਜਲੀ ਬਿੱਲਾਂ ਦੇ ਵਾਧੇ ਅਤੇ ਨਸ਼ਿਆਂ ਖਿਲਾਫ ਜਲੰਧਰ ਵਿੱਚ ਕੀਤੀ ਜਾ ਰਹੀ ਕਨਵੈਨਸ਼ਨ 'ਚ ਭਾਰੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਡਾਕਟਰ ਧਵਨ ਅਤੇ ਲਾਲ ਚੰਦ ਕਟਾਰੂਚੱਕ, ਅਰਸਾਲ ਸਿੰਘ ਸੰਧੂ, ਕਾਮਰੇਡ ਚਮਨ ਲਾਲ ਦਰਾਜਕੇ, ਕੰਵਲਜੀਤ ਕੌਰ ਰੰਧਾਵਾ, ਬਲਦੇਵ ਸਿੰਘ ਪੰਡੋਰੀ, ਸਤਨਾਮ ਸਿੰਘ, ਕਾਮਰੇਡ ਜਸਵੰਤ ਸਿੰਘ ਪਨੂੰ, ਚਰਨਜੀਤ ਸਿੰਘ ਬਾਠ, ਨਰਿੰਦਰ ਕੌਰ, ਜਸਬੀਰ ਸਿੰਘ ਵੈਰੋਵਾਲ, ਡਾਕਟਰ ਅਜੈਬ ਸਿੰਘ, ਜਹਾਂਗੀਰ ਸਿੰਘ ਆਦਿ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਟੇਜ ਸੈਕਟਰੀ ਦੇ ਫਰਜ਼ ਪਰਗਟ ਸਿੰਘ ਜਾਮਾਰਾਏ ਨੇ ਬਾਖੂਬੀ ਨਿਭਾਏ।   

No comments:

Post a Comment