Tuesday, 17 June 2014

ਕਮਿਊਨਿਸਟ ਲਹਿਰ ਦੇ ਵਿਕਾਸ ਲਈ ਇਨਕਲਾਬੀ ਜਮਾਤੀ ਆਧਾਰ ਦਾ ਮਹੱਤਵ

ਮੰਗਤ ਰਾਮ ਪਾਸਲਾ

ਹਾਕਮਾਂ ਵਲੋਂ ਅਪਣਾਏ ਗਏ ਪੂੰਜੀਵਾਦੀ ਵਿਕਾਸ ਦੇ ਰਾਹ ਕਾਰਨ ਅੱਜ ਭਾਰਤ ਨੂੰ ਚੌਤਰਫੇ ਆਰਥਿਕ ਸੰਕਟ ਨੇ ਘੇਰ ਰੱਖਿਆ ਹੈ। ਸਿੱਕੇ ਦਾ ਫੈਲਾਅ, ਕੀਮਤਾਂ ਵਿਚ ਵਾਧਾ, ਬੇਕਾਰੀ, ਗਰੀਬੀ, ਕੁਪੋਸ਼ਨ, ਅੱਤ ਭੈੜੀਆਂ ਜੀਵਨ ਹਾਲਤਾਂ ਆਦਿ ਬਿਮਾਰੀਆਂ ਨੇ ਹਰ ਮਿਹਨਤੀ ਦੀ ਜਾਨ ਨੂੰ ਸੂਲੀ ਉਪਰ ਟੰਗਿਆ ਹੋਇਆ ਹੈ। ਅਜਿਹੇ ਵਿਅਕਤੀਆਂ ਦੀ ਸੰਖਿਆ 70 ਪ੍ਰਤੀਸ਼ਤ ਤੋਂ ਉਪਰ ਦੱਸੀ ਜਾ ਰਹੀ ਹੈ। ਜਨ ਸਮੂਹਾਂ ਨੂੰ ਇਸ ਖਤਰਨਾਕ ਸਥਿਤੀ ਵਿਚੋਂ ਬਾਹਰ ਕੱਢਣ ਲਈ ਇਕ ਮਜ਼ਬੂਤ ਇਨਕਲਾਬੀ ਪਾਰਟੀ ਦੀ ਜ਼ਰੂਰਤ ਹੈ, ਜੋ ਮਾਰਕਸਵਾਦੀ-ਲੈਨਿਨਵਾਦੀ ਵਿਗਿਆਨਕ ਫਲਸਫੇ ਤੋਂ ਸੇਧ ਲੈਂਦੀ ਹੋਈ ਦੇਸ਼ ਦੀਆਂ ਠੋਸ ਆਰਥਿਕ, ਸਮਾਜਿਕ ਤੇ ਰਾਜਨੀਤਕ ਪ੍ਰਸਥਿਤੀਆਂ ਨੂੰ ਸਾਹਮਣੇ ਰੱਖ ਕੇ ਸਮੇਂ ਤੇ ਸਥਾਨ ਦੀ ਠੀਕ ਨਿਸ਼ਾਨਦੇਹੀ ਕਰਦਿਆਂ ਇਕ ਵਿਸ਼ਾਲ ਜਨਤਕ ਲਹਿਰ ਉਸਾਰਨ ਦੇ ਸਮਰੱਥ ਹੋਵੇ। ਇਸਦੇ ਨਾਲ ਹੀ, ਇਸ ਪਾਰਟੀ ਨੂੰ ਦੂਸਰੀਆਂ ਖੱਬੀਆਂ, ਜਮਹੂਰੀ ਤੇ ਧਰਮ ਨਿਰਪੱਖ ਮਾਨਵਵਾਦੀ ਸ਼ਕਤੀਆਂ ਨੂੰ ਇਕ ਮਿਕ ਕਰਕੇ ਮੁਖ ਦੁਸ਼ਮਣ ਜਮਾਤਾਂ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਖਵਾਲੀ ਕਰ ਰਹੇ ਮੌਜੂਦਾ ਲੋਟੂ ਢਾਂਚੇ ਉਪਰ ਵਦਾਣੀ ਸੱਟ ਮਾਰਨ ਦੀ ਇੱਛਾ ਸ਼ਕਤੀ ਤੇ ਮੁਹਾਰਤ ਵੀ ਹਾਸਲ ਹੋਣੀ ਚਾਹੀਦੀ ਹੈ। ਅਜਿਹਾ ਬੱਝਵਾਂ ਤੇ ਸ਼ਕਤੀਸ਼ਾਲੀ ਪ੍ਰਯੋਜਨ ਹੀ ਅਜੋਕੇ ਗਲੇ ਸੜ੍ਹੇ ਸਮਾਜ ਨੂੰ ਇਕ ਨਿਆਂ ਭਰਪੂਰ, ਬਰਾਬਰਤਾ ਦੇ ਸਾਂਝੀਵਾਲਤਾ 'ਤੇ ਆਧਾਰਤ ਸਮਾਜ ਵਿਚ ਤਬਦੀਲ ਕਰਨ ਦੇ ਮਹਾਨ ਕਾਰਜ ਨੂੰ ਸਿਰੇ ਚਾੜ੍ਹ ਸਕਦਾ ਹੈ। 
ਸਵਾਲ ਉਠਦਾ ਹੈ ਕਿ ਇਸ ਮਹਾਨ ਕੰਮ ਨੂੰ ਪੂਰਾ ਕਰਨ ਵਾਸਤੇ ਕਿਹੋ ਜਿਹੀ ਤਰਕੀਬ ਘੜੀ ਜਾਵੇ ਜਿਸ ਨਾਲ ਇਸ ਸਾਰੇ ਸੰਤਾਪ ਲਈ ਜ਼ਿੰਮੇਵਾਰ ਹਾਕਮ ਜਮਾਤਾਂ ਦੇ ਟੋਲੇ ਤੇ ਉਨ੍ਹਾਂ ਦੀ ਪੁਸ਼ਤ ਪਨਾਹੀ ਕਰਦੀਆਂ ਸਰਕਾਰਾਂ (ਕੇਂਦਰੀ ਤੇ ਸੂਬਾਈ ਦੋਨੋਂ) ਨੂੰ ਜਨਤਾ ਦੀ ਵਿਸ਼ਾਲ ਕਚਿਹਰੀ ਵਿਚ ਬੇਪਰਦ ਕਰਕੇ ਪੂਰਨ ਰੂਪ ਵਿਚ ਜਨ ਸਧਾਰਨ ਤੋਂ ਨਿਖੇੜਿਆ ਜਾ ਸਕੇ ਤੇ ਉਹਨਾਂ ਦੀ ਹਾਰ ਨੂੰ ਯਕੀਨੀ ਬਣਾਇਆ ਜਾ ਸਕੇ? ਮੁਖ ਦੁਸ਼ਮਣ ਜਮਾਤਾਂ ਨੂੰ ਨਿਖੇੜਨ ਦੇ ਉਦੇਸ਼ ਨਾਲ ਮਿੱਤਰ ਜਮਾਤਾਂ ਦਾ ਵਿਸ਼ਾਲ ਮੋਰਚਾ ਖੜ੍ਹਾ ਕਰਨਾ ਜ਼ਰੂਰੀ ਹੈ ਜਿਸ ਵਿਚ ਪੱਕੇ ਤੇ ਅਸਥਿਰ, ਦੋਨਾਂ ਕਿਸਮਾਂ ਦੇ ਇਤਿਹਾਦੀ ਆਪਣੀ ਬਣਦੀ ਭੂਮਿਕਾ ਅਦਾ ਕਰ ਸਕਣ। ਇਹਨਾਂ ਸਾਰੇ ਸਵਾਲਾਂ ਨੂੰ ਹੱਲ ਕਰਨ ਲਈ ਭਾਰਤੀ ਸਮਾਜ ਵਿਚ ਮੌਜੂਦ ਵੱਖ ਵੱਖ ਜਮਾਤਾਂ ਤੇ ਤਬਕਿਆਂ ਵਿਚ ਆਪਸੀ ਏਕਤਾ ਤੇ ਵਿਰੋਧਾਂ ਦੇ ਸੂਤਰਾਂ ਨੂੰ ਸਮਝਣਾ ਹੋਵੇਗਾ। ਉਸੇ ਅਨੁਸਾਰ ਯੋਗ ਦਾਅਪੇਚਾਂ ਦੀ ਵਰਤੋਂ ਕਰਦਿਆਂ ਹੋਇਆਂ ਦਰਪੇਸ਼ ਜਮਾਤੀ ਵਿਰੋਧਾਂ ਨੂੰ ਤਿੱਖਿਆਂ ਕਰਕੇ ਮਿਹਨਤਕਸ਼ ਲੋਕਾਂ ਦੀ ਏਕਤਾ ਰਾਹੀਂ ਵਰਗ ਸੰਘਰਸ਼ ਨੂੰ ਤੇਜ਼ ਕਰਨਾ ਹੋਵੇਗਾ ਤਾਂ ਕਿ ਇਸ ਦੌਰ ਦੇ ਨਿਰਧਾਰਤ ਕੀਤੇ ਇਨਕਲਾਬੀ ਨਿਸ਼ਾਨੇ ਨੂੰ ਘੱਟ ਤੋਂ ਘੱਟ ਸਮੇਂ ਵਿਚ ਹਾਸਲ ਕੀਤਾ ਜਾ ਸਕੇ। ਇਹੀ ਮਾਰਕਸਵਾਦੀ-ਲੈਨਿਨਵਾਦੀ ਵਿਗਿਆਨਕ ਵਿਧੀ ਹੈ ਜਿਸਦੀ ਵਰਤੋਂ ਕਰਕੇ ਭਾਰਤੀ ਇਨਕਲਾਬ ਨੂੰ ਸਿਰੇ ਚਾੜ੍ਹਿਆ ਜਾ ਸਕਦਾ ਹੈ। 
ਲਗਭਗ ਸਾਰੀਆਂ ਹੀ ਕਮਿਊਨਿਸਟ ਪਾਰਟੀਆਂ ਤੇ ਕਮਿਊਨਿਸਟ ਧੜੇ ਭਾਰਤੀ ਇਨਕਲਾਬ ਦੇ ਮੌਜੂਦਾ ਦੌਰ ਵਿਚ ਦੁਸ਼ਮਣ ਜਮਾਤਾਂ ਦੀ ਨਿਸ਼ਾਨਦੇਹੀ ਕਰਨ ਵਿਚ ਤਾਂ ਵੱਡੀ ਹੱਦ ਤੱਕ ਇਕਸੁਰ ਜਾਪਦੇ ਹਨ। ਸਾਮਰਾਜਵਾਦ, ਭਾਰਤੀ ਇਜਾਰੇਦਾਰੀ ਤੇ ਜਗੀਰਦਾਰੀ ਪੈਦਾਵਾਰੀ ਢੰਗ ਦੀ ਅਜੋਕੀ ਵਿਧੀ ਵਿਚ, ਭਾਰਤੀ ਲੋਕਾਂ ਦੇ ਮੁਖ ਦੁਸ਼ਮਣ ਗਰਦਾਨੇ ਜਾ ਸਕਦੇ ਹਨ। ਇਨ੍ਹਾਂ ਦੁਸ਼ਮਣ ਜਮਾਤਾਂ ਦੇ ਖਾਤਮੇ ਨਾਲ ਹੀ ਪ੍ਰਚਲਤ ਪੈਦਾਵਾਰੀ ਰਿਸ਼ਤਿਆਂ ਨੂੰ ਤਬਦੀਲ ਕਰਕੇ ਭਾਰਤੀ ਸਮਾਜ ਵਿਚ ਆਰਥਿਕ ਵਿਕਾਸ ਦਾ ਰਾਹ ਪੱਧਰਾ ਕੀਤਾ ਜਾ ਸਕਦਾ ਹੈ ਜੋ ਇਸਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਉਤੇ ਲੈ ਜਾ ਸਕਦਾ ਹੈ। ਵਿਕਾਸ ਦੀ ਇਸ ਪੱਧਤੀ ਉਪਰ ਪੁੱਜ ਕੇ ਮਿਹਨਤਕਸ਼ ਲੋਕਾਂ ਦੀ ਸਮੁੱਚੀ ਲੁੱਟ ਖਸੁੱਟ ਤੋਂ ਪੂਰਨ ਰੂਪ ਵਿਚ ਬੰਦਖਲਾਸੀ ਹੋ ਸਕੇਗੀ; ਕਿਉਂਕਿ ਮਨੁੱਖੀ ਇਤਿਹਾਸ ਵਿਚ ਆਏ ਪਹਿਲੇ 'ਸਮਾਜਿਕ ਪਰਿਵਰਤਨਾਂ' ਤੋਂ ਭਿੰਨ ਮੌਜੂਦਾ ਇਨਕਲਾਬੀ ਤਬਦੀਲੀ ਮਜ਼ਦੂਰ ਜਮਾਤ ਦੀ ਅਗਵਾਈ ਵਿਚ ਹੀ ਸੰਭਵ ਹੈ। ਹੁਣ ਮਜ਼ਦੂਰ ਜਮਾਤ ਨੇ ਮਜ਼ਦੂਰ ਕਿਸਾਨ ਏਕੇ ਰਾਹੀਂ ਰਾਜ ਸੱਤਾ ਉਪਰ ਕਬਜ਼ਾ ਕਰਨ ਦੀ ਜ਼ਰੂਰਤ ਤੇ ਵਿਧੀ ਵੀ ਜਾਣ ਲਈ ਹੈ। ਇਹ ਤਬਦੀਲੀ ਲੁੱਟ ਖਸੁੱਟ ਦਾ ਖਾਤਮਾ ਕਰਨ ਦੀ ਗਰੰਟੀ ਹੋਵੇਗੀ। ਜੇਕਰ ਵੱਖ ਵੱਖ ਕਮਿਊਨਿਸਟ ਧਿਰਾਂ ਵਿਚ ਕੋਈ ਅੰਤਰ ਹੈ ਤਾਂ ਉਹ ਹੈ ਸੰਘਰਸ਼ ਦੌਰਾਨ ਇਨ੍ਹਾਂ ਮਿਥੇ ਗਏ ਜਮਾਤੀ ਦੁਸ਼ਮਣਾਂ ਵਿਰੁੱਧ ਹਮਲਾ ਕਰਨ ਦੀ ਵਿਧੀ ਜਾਂ ਪ੍ਰਾਥਮਿਕਤਾ ਤੈਅ ਕਰਨ 'ਤੇ। ਅਤੇ, ਜ਼ਿਆਦਾਤਰ ਮਤਭੇਦ ਇਨ੍ਹਾਂ ਦੁਸ਼ਮਣ ਜਮਾਤਾਂ ਦੀ ਨੁਮਾਇੰਦਗੀ ਕਰਦੀਆਂ ਰਾਜਨੀਤਕ ਪਾਰਟੀਆਂ ਦਾ ਜਮਾਤੀ ਕਿਰਦਾਰ ਮਿੱਥਣ ਜਾਂ ਇਨ੍ਹਾਂ ਰਾਜਸੀ ਪਾਰਟੀਆਂ ਵੱਲ ਨੂੰ ਅਮਲੀ ਵਤੀਰਾ ਅਖਤਿਆਰ ਕਰਨ ਬਾਰੇ ਉਭਰਦਾ ਰਹਿੰਦਾ ਹੈ। ਉਜਾਗਰ ਹੁੰਦਾ ਹੈ। ਇਸ ਲਈ ਮਜ਼ਦੂਰ ਜਮਾਤ ਦੀ ਅਗਵਾਈ ਵਿਚ ਮਜ਼ਦੂਰ-ਕਿਸਾਨ ਦੇ ਮਜ਼ਬੂਤ ਗਠਜੋੜ ਉਪਰ ਅਧਾਰਤ ਵੱਖ ਵੱਖ ਜਮਾਤਾਂ ਤੇ ਤਬਕਿਆਂ ਦਾ ਇਕ ਵਿਸ਼ਾਲ ਸਾਂਝਾ ਸੰਘਰਸ਼ਸ਼ੀਲ ਗਠਬੰਧਨ ਕਿਵੇਂ ਉਸਾਰਿਆ ਜਾਵੇ? ਸਵਾਲਾਂ ਦਾ ਸਵਾਲ ਇਹ ਹੈ ਕਿ ਸਮਾਜ ਵਿਚ ਮੌਜੂਦ ਮਿੱਤਰ ਜਮਾਤਾਂ ਦੀਆਂ ਵੱਖ ਵੱਖ ਅੰਦਰੂਨੀ ਤੈਹਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸੰਘਰਸ਼ਾਂ ਦੀ ਦਿਸ਼ਾ ਕਿਵੇਂ ਨਿਰਧਾਰਤ ਕੀਤੀ ਜਾਵੇ, ਜਿਸ ਨਾਲ ਅਗਵਾਈ ਦੇਣ ਵਾਲੀ ਬੁਨਿਆਦੀ ਸ਼੍ਰੇਣੀ ਦੀ ਫੌਲਾਦੀ ਏਕਤਾ ਦੀ ਮਜ਼ਬੂਤੀ ਦੇ ਨਾਲ ਨਾਲ ਮਿੱਤਰ ਜਮਾਤਾਂ ਦੀ ਆਪਸੀ ਇਕਜੁਟਤਾ ਤੇ ਵਿਸ਼ਵਾਸ ਵੀ ਵਧੇ ਅਤੇ ਦੁਸ਼ਮਣ ਜਮਾਤਾਂ ਕਿਰਤੀ ਲੋਕਾਂ ਨਾਲੋਂ ਨਿਖੜਦੀਆਂ ਜਾਣ ਅਤੇ ਉਹਨਾਂ ਦਾ ਘੇਰਾ ਲਗਾਤਾਰ ਸੁੰਗੜਦਾ ਚਲਿਆ ਜਾਵੇ। ਵੱਖ ਵੱਖ ਜਮਾਤਾਂ ਦੀਆਂ ਅੰਦਰੂਨੀ ਪਰਤਾਂ ਅਤੇ ਵਿਰੋਧਤਾਈਆਂ ਨੂੰ ਸਮਝੇ ਤੋਂ ਬਿਨਾਂ ਜਮਾਤੀ ਵੰਡ ਦੇ ਸਰਲੀਕਰਨ ਦੀ ਵਿਧੀ ਮੌਕਾਪ੍ਰਸਤੀ ਤੇ ਜਮਾਤੀ ਮਿਲਵਰਤੋਂ ਦਾ ਰਾਹ ਖੋਲ੍ਹਦੀ ਹੈ ਤੇ ਇਨਕਲਾਬੀ ਪਾਰਟੀ ਨੂੰ ਆਪਣੀ ਬੁਨਿਆਦੀ ਧਿਰ ਨਾਲੋਂ ਦੂਰ ਕਰਕੇ ਮਿਥੇ ਨਿਸ਼ਾਨੇ ਦੀ ਪ੍ਰਾਪਤੀ ਤੋਂ ਭਟਕਾਉਂਦੀ ਹੈ। 
ਸੀ.ਪੀ.ਐਮ.ਪੰਜਾਬ ਦੇ ਯੁਧਨੀਤਕ ਨਿਸ਼ਾਨੇ ਅਰਥਾਤ ਪਾਰਟੀ ਪ੍ਰੋਗਰਾਮ ਅਨੁਸਾਰ ਦੇਸ਼ ਦੀ ਰਾਜ ਸੱਤਾ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀ ਸਰਕਾਰ ਕੋਲ ਹੈ ਜੋ ਵੱਡੀ ਸਰਮਾਏਦਾਰੀ ਦੀ ਅਗਵਾਈ ਵਿਚ ਸਾਮਰਾਜ ਨਾਲ ਵੱਧ ਰਹੀ ਸਾਂਝ ਭਿਆਲੀ ਰਾਹੀਂ ਪੂੰਜੀਵਾਦੀ ਵਿਕਾਸ ਦੇ ਰਾਹੇ ਤੁਰੀ ਜਾ ਰਹੀ ਹੈ। ਇਹਨਾਂ ਜਮਾਤਾਂ ਦੇ ਹਿੱਤਾਂ ਦੀ ਪਾਲਣਾ ਕਰਨ ਵਾਲੀ ਸਰਕਾਰ ਦੇਸ਼ ਅੰਦਰ ਪੂੰਜੀਵਾਦੀ  ਵਿਕਾਸ ਲਈ ਜਗੀਰਦਾਰੀ ਤੇ ਅਰਧ ਜਗੀਰੂ ਰਿਸ਼ਤਿਆਂ ਉਪਰ ਫੈਸਲਾਕੁਨ ਸੱਟ ਮਾਰਕੇ ਉਨ੍ਹਾਂ ਦਾ ਖਾਤਮਾ ਕਰਨ ਦੀ ਜਗ੍ਹਾ ਇਸ ਨਾਲ ਟਕਰਾਅ, 'ਸੌਦੇਬਾਜ਼ੀ ਤੇ ਸਮਝੌਤਾ' ਕਰਨ ਦੀ ਨੀਤੀ ਉਪਰ ਅਮਲ ਕਰਦੀ ਹੈ। ਇਸ ਲਈ ਲੋਕ ਜਮਹੂਰੀ ਇਨਕਲਾਬ ਦੇ ਮੌਜੂਦਾ ਪੜ੍ਹਾਅ 'ਤੇ ਸਮਾਜਿਕ ਪਰਿਵਰਤਨ ਲਈ ਭਾਰਤੀ ਲੋਕਾਂ ਦੇ ਤਿੰਨ ਜਮਾਤੀ ਦੁਸ਼ਮਣ ਮਿਥੇ ਜਾ ਸਕਦੇ ਹਨ : ਸਾਮਰਾਜਵਾਦ, ਇਜਾਰੇਦਾਰੀ ਤੇ ਜਗੀਰਦਾਰੀ। ਇਸ ਯੁਧਨੀਤਕ ਨਿਸ਼ਾਨੇ ਦੀ ਪ੍ਰਾਪਤੀ ਲਈ ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਨੂੰ ਸਾਮਰਾਜਵਾਦ ਦੇ ਵਿਰੁੱਧ ਲੜਦਿਆਂ ਹੋਇਆਂ ਕਈ ਬਿੰਦੂਆਂ 'ਤੇ ਸਾਮਰਾਜ ਨਾਲ ਭਾਰਤੀ ਹਾਕਮ ਜਮਾਤਾਂ ਦੀ ਵਿਰੋਧਤਾ ਅਤੇ ਸਾਮਰਾਜੀ ਤਾਕਤਾਂ ਦੀ ਆਪਣੀ ਅੰਤਰਵਿਰੋਧਤਾ ਨੂੰ ਲੋਕਾਂ ਅੰਦਰ ਸਾਮਰਾਜ ਵਿਰੋਧੀ ਜਨਤਕ ਉਭਾਰ ਪੈਦਾ ਕਰਨ ਲਈ ਇਸਤੇਮਾਲ ਕਰਨਾ ਹੋਵੇਗਾ। ਇਹ ਵਿਰੋਧਤਾ ਸੰਸਾਰ ਅਮਨ, ਮੰਡੀਆਂ ਉਪਰ ਕਬਜ਼ੇ ਅਤੇ ਹੋਰ ਅਨੇਕਾਂ ਆਰਥਿਕ ਤੇ ਰਾਜਸੀ ਮੁੱਦਿਆਂ ਉਪਰ ਹੋ ਸਕਦੀ ਹੈ। ਭਾਰਤੀ ਇਜਾਰੇਦਾਰੀ (ਕਾਰਪੋਰੇਟ ਘਰਾਣੇ) ਤੇ ਇਸਦੀ ਅਗਵਾਈ ਹੇਠਾਂ ਚਲ ਰਹੀ ਸਰਕਾਰ ਨਾਲ ਭਾਰਤੀ ਲੋਕਾਂ ਦੀ ਵਿਰੋਧਤਾ ਮੂਲ ਹੈ ਤੇ ਨਾ ਹੱਲ ਹੋਣ ਵਾਲੀ ਹੈ। ਇਸ ਲਈ ਸਾਰੀਆਂ ਇਜਾਰੇਦਾਰ ਵਿਰੋਧੀ ਸ਼ਕਤੀਆਂ, ਸਮੇਤ ਗੈਰ ਇਜਾਰੇਦਾਰ ਪੂੰਜੀਪਤੀ ਵਰਗ ਦੇ, ਨੂੰ ਇਕਜੁਟ ਕਰਕੇ ਘੋਲਾਂ ਦੇ ਮੈਦਾਨ ਵਿਚ ਸੁੱਟਣ ਦੀ ਲੋੜ ਹੈ। ਪ੍ਰੰਤੂ ਜਦੋਂ ਗੈਰ ਇਜਾਰੇਦਾਰ ਤੇ ਛੋਟੇ ਪੂੰਜੀਪਤੀਆਂ ਅਤੇ ਮਜ਼ਦੂਰ ਜਮਾਤ ਦਾ ਕਿਸੇ ਮੁੱਦੇ ਉਪਰ ਆਪਸੀ ਟਕਰਾਅ ਆਉਂਦਾ ਹੈ ਜਿਵੇਂ ਉਜਰਤਾਂ ਵਿਚ ਵਾਧੇ, ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਇਤਿਆਦਿ, ਤਦ ਮਜ਼ਦੂਰ ਜਮਾਤ ਦੀ ਪਾਰਟੀ ਨੂੰ ਬਿਨਾਂ ਝਿਜਕ ਸਪੱਸ਼ਟ ਰੂਪ ਵਿਚ ਉਸ ਸਰਮਾਏਦਾਰੀ ਧਿਰ ਦੇ ਵਿਰੋਧ ਤੇ ਮਜ਼ਦੂਰ ਜਮਾਤ ਦੇ ਹੱਕ ਵਿਚ ਡਟਣਾ ਹੋਵੇਗਾ ਜੋ ਇਜਾਰੇਦਾਰ ਵਿਰੋਧੀ ਲੜਾਈ ਵਿਚ ਉਸਦੀ ਸਹਿਯੋਗੀ (ਭਾਵੇਂ ਅਸਥਾਈ ਹੀ ਸਹੀ) ਧਿਰ ਸੀ। ਮਜ਼ਦੂਰ ਜਮਾਤ ਨੂੰ ਜਿੱਤਣ ਤੇ ਉਸ ਅੰਦਰ ਇਨਕਲਾਬੀ ਪਾਰਟੀ ਪ੍ਰਤੀ ਪੂਰਨ ਭਰੋਸਾ ਪੈਦਾ ਕਰਨ ਦਾ ਹੋਰ ਕੋਈ ਢੰਗ (ਦਾਅਪੇਚ) ਹੋ ਹੀ ਨਹੀਂ ਸਕਦਾ। 
ਇਸੇ ਤਰ੍ਹਾਂ ਪੇਂਡੂ ਖੇਤਰਾਂ ਤੇ ਪੇਂਡੂ ਅਰਥਚਾਰੇ ਅੰਦਰ ਜਗੀਰਦਾਰੀ ਦੇ ਵਿਰੁੱਧ ਘੋਲਾਂ ਵਿਚ ਬੇਜ਼ਮੀਨੇ ਕਾਮੇ (ਦਿਹਾਤੀ ਮਜ਼ਦੂਰ), ਗਰੀਬ, ਦਰਮਿਆਨੀ ਤੇ ਧਨੀ ਕਿਸਾਨੀ ਸਮੁੱਚੇ ਤੌਰ 'ਤੇ ਇਕ ਮੰਚ ਉਪਰ ਇਕੱਠੇ ਹੋਣੇ ਚਾਹੀਦੇ ਹਨ ਤਾਂ ਕਿ ਜਗੀਰੂ ਤੱਤਾਂ ਉਪਰ ਫਤਿਹ ਹਾਸਲ ਕੀਤੀ ਜਾ ਸਕੇ। ਪ੍ਰੰਤੂ ਜਦੋਂ ਕਦੀ ਆਰਥਿਕ, ਸਮਾਜਿਕ ਤੇ ਰਾਜਨੀਤਕ ਮੁੱਦਿਆਂ ਉਪਰ ਕਿਸਾਨੀ ਦੇ ਧਨੀ ਤੇ ਦਰਮਿਆਨੇ ਹਿੱਸਿਆਂ ਦਾ ਦਿਹਾਤੀ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਦੇ ਹਿੱਤਾਂ ਨਾਲ ਸਿੱਧਾ ਟਕਰਾਅ ਪੈਦਾ ਹੁੰਦਾ ਹੈ ਤਦ ਬਿਨਾਂ ਝਿਜਕ ਤੇ ਦੇਰੀ ਦੇ ਸਾਨੂੰ ਦਿਹਾਤੀ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਦੀ ਪਾਲ ਵਿਚ ਖੜ੍ਹੇ ਹੋਣਾ ਹੋਵੇਗਾ। ਉਜਰਤਾਂ, ਸਮਾਜਿਕ ਜਬਰ ਦੇ ਮੁੱਦੇ, ਪੰਚਾਇਤਾਂ ਅੰਦਰ ਵਿਕਾਸ ਸਕੀਮਾਂ ਦੀਆਂ ਪਹਿਲਤਾਵਾਂ ਦਾ ਸਵਾਲ ਜਾਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ  ਅੰਦਰ ਧਨੀ ਲੋਕਾਂ ਵਲੋਂ ਖੇਤ ਮਜ਼ਦੂਰਾਂ ਤੇ ਦਲਿਤਾਂ ਨਾਲ ਕੀਤੇ ਜਾਂਦੇ ਧੱਕੇ ਜਾਂ ਅਨਿਆਂ ਦੌਰਾਨ ਮਜ਼ਦੂਰ ਵਰਗ ਦੀ ਪਾਰਟੀ ਲਈ ਪੀੜਤ ਲੋਕਾਂ ਸੰਗ ਖੜਨਾ, ਇਕ ਇਮਤਿਹਾਨ ਵਾਂਗਰ ਹੁੰਦਾ ਹੈ, ਜਿਸ ਨੂੰ ਸਫਲਤਾ ਨਾਲ ਨੇਪਰੇ ਚਾੜਿਆ ਜਾਣਾ ਚਾਹੀਦਾ ਹੈ। ਜਦੋਂ ਧਨੀ ਕਿਸਾਨੀ ਦਾ ਆਪਣੇ ਹਿੱਤਾਂ ਦੀ ਰਾਖੀ ਕਰਦਿਆਂ ਜਗੀਰੂ ਤੱਤਾਂ ਤੇ ਸਰਕਾਰ ਨਾਲ ਵਿਰੋਧ ਪੈਦਾ ਹੁੰਦਾ ਹੈ ਤਦ ਇਸ ਘੋਲ ਵਿਚ ਸਾਡੀ ਤਰਜੀਹ ਧਨੀ ਕਿਸਾਨ ਸੰਗ ਖੜਨ ਦੀ ਹੋਵੇਗੀ। ਪ੍ਰੰਤੂ  ਧਨੀ ਕਿਸਾਨੀ ਨਾਲ ਇਹ ਨੇੜਤਾ ਖੇਤ ਮਜ਼ਦੂਰਾਂ ਨਾਲ ਹੋ ਰਹੇ ਟਕਰਾਅ ਸਮੇਂ ਇਨਕਲਾਬੀ ਪਾਰਟੀ ਦੇ ਕਿਰਤੀ ਧਿਰ ਸੰਗ ਡਟਵਾਂ ਸਟੈਂਡ ਲੈਣ ਵਿਚ  ਰੋੜਾ ਨਹੀਂ ਬਣਨੀ ਚਾਹੀਦੀ। ਇਹੀ ਪੈਂਤੜਾ ਸਮਾਜ ਵਿਚ ਕਥਿਤ 'ਨੀਵੀਆਂ ਜਾਤਾਂ' 'ਕੰਮੀਆਂ ਕਮੀਣਾਂ' ਆਦਿ ਨਾਵਾਂ ਨਾਲ ਜਾਣੇ ਜਾਂਦੇ ਸਤਿਕਾਰਤ ਕਿਰਤੀਆਂ ਨਾਲ ਉਚ ਜਾਤੀਆਂ ਤੇ ਪੈਦਾਵਾਰੀ ਸਾਧਨਾਂ ਦੀਆਂ ਮਾਲਕ ਸ਼੍ਰੇਣੀਆਂ ਵਲੋਂ ਕੀਤੇ ਜਾਂਦੇ ਸਮਾਜਿਕ ਜਬਰ ਸਮੇਂ ਧਾਰਨ ਕੀਤਾ ਜਾਣਾ ਚਾਹੀਦਾ ਹੈ। ਏਥੇ ਇਨਕਲਾਬੀ ਪਾਰਟੀ ਸਮਾਜਿਕ ਜਬਰ ਨਾਲ ਪੀੜਤ ਧਿਰ ਦੇ ਹੱਕ ਵਿਚ ਬੇਬਾਕ, ਬੇਖ਼ੌਫ ਤੇ ਮਜਬੂਤ ਸਟੈਂਡ ਲੈ ਕੇ ਆਪਣੇ ਆਪ ਨੂੰ ਦੱਬੀਆਂ ਕੁਚਲੀਆਂ ਜਮਾਤਾਂ ਦੇ ਹਕੀਕੀ ਅਲੰਬਰਦਾਰ ਹੋਣ ਦੀ ਦਾਅਵੇਦਾਰ ਬਣੇ। ਮੁਲਾਜ਼ਮ ਵਰਗ ਵਿਚ ਉਚ ਤਨਖਾਹ ਪ੍ਰਾਪਤ ਤੇ ਪਬਲਿਕ ਸੈਕਟਰ ਦੇ ਮੁਲਾਜ਼ਮ ਅਤੇ ਹੋਰ ਤਨਖਾਹਾਂ ਤੇ ਭੱਤਿਆਂ ਦੇ ਰੂਪ ਵਿਚ ਚੰਗੀਆਂ ਰਕਮਾਂ ਪ੍ਰਾਪਤ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਦਾ ਘੱਟ ਉਜਰਤ ਪ੍ਰਾਪਤ ਕੰਮ ਕਰਨ ਵਾਲੇ ਕੱਚੇ ਤੇ ਠੇਕੇਦਾਰੀ ਸਿਸਟਮ ਵਿਚ ਕੰਮ ਕਰਦੇ ਵਰਕਰਾਂ ਨਾਲ ਬਹੁਤ ਸਾਰੇ ਸਵਾਲਾਂ ਤੇ ਮੰਗਾਂ ਬਾਰੇ ਅੰਤਰ ਵਿਰੋਧ ਹੈ, ਇਸ ਲਈ ਵਿਸ਼ਾਲ ਤੇ ਲੜਾਕੂ ਮੁਲਾਜ਼ਮ ਲਹਿਰ ਖੜ੍ਹੀ ਕਰਨ ਵਾਸਤੇ ਸਾਨੂੰ ਦੂਸਰੀ ਕੈਟਾਗਰੀ ਦੇ ਮੁਲਾਜ਼ਮਾਂ ਦੇ ਹਿੱਤਾਂ ਨੂੰ ਪਹਿਲ ਦੇਣੀ ਪਵੇਗੀ ਤੇ ਪਹਿਲੇ ਹਿੱਸੇ ਦੇ ਮੁਲਾਜ਼ਮਾਂ ਦੇ ਵੱਡੀਆਂ ਉਜਰਤਾਂ ਭੋਗੀ ਮੁਲਾਜ਼ਮਾਂ ਨਾਲ ਕਿਸੇ ਵੱਖਰੇਵੇਂ ਦੇ ਬਿੰਦੂ 'ਤੇ ਘੱਟ ਉਜਰਤਾਂ ਪ੍ਰਾਪਤ ਕਰਨ ਵਾਲੇ ਕੱਚੇ, ਐਡਹਾਕ ਤੇ ਠੇਕੇਦਾਰੀ ਅਧੀਨ ਕੰਮ ਕਰਦੇ ਕਿਰਤੀਆਂ ਸੰਗ ਖਲੋਣਾ ਹੋਵੇਗਾ। 
ਭਲੀ ਭਾਂਤ ਇਹ ਜਾਣਦਿਆਂ ਹੋਇਆਂ ਕਿ ਮਜ਼ਦੂਰ ਜਮਾਤ ਤੇ ਛੋਟੀ ਸਰਮਾਏਦਾਰੀ ਦੀ, ਦਿਹਾਤੀ ਮਜ਼ਦੂਰ ਤੇ ਬੇਜ਼ਮੀਨੇ ਕਿਸਾਨਾਂ ਦੀ ਧਨੀ ਕਿਸਾਨਾਂ ਨਾਲ ਵਿਰੋਧਤਾ ਅਤੇ ਇਥੋਂ ਤੱਕ ਕਿ ਲੁੱਟੀਆਂ ਜਾਂਦੀਆਂ ਜਮਾਤਾਂ ਦੇ ਨਾਮਨਿਹਾਦ ਉਚ ਜਾਤੀ ਲੋਕਾਂ ਦੀ ਦਲਿਤਾਂ ਤੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਜਨ ਸਮੂਹਾਂ ਨਾਲ ਵਿਰੋਧਤਾ ਇਕ ਹੱਦ ਤੱਕ ਹੱਲ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ ਵੱਡੀ ਸਰਮਾਏਦਾਰੀ ਤੇ ਜਗੀਰਦਾਰੀ ਨਾਲ ਹੱਲ ਨਾਂ ਹੋ ਸਕਣ ਵਾਲੀ ਵਿਰੋਧਤਾ (Antagonistic) ਨਾਲ ਰਲ ਗੱਡ ਨਹੀਂ ਕੀਤਾ ਜਾਣਾ ਚਾਹੀਦਾ। ਪ੍ਰੰਤੂ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਕਿਸੇ ਵਿਸ਼ੇਸ਼ ਸਮੇਂ ਵਿਸ਼ੇਸ਼ ਸਵਾਲ ਉਪਰ ਵੱਖ ਵੱਖ ਵਰਗਾਂ ਦੀਆਂ ਤੈਹਾਂ ਵਿਚ ਉਪਜੀ ਵਿਰੋਧਤਾ ਨੂੰ ਹੱਲ ਕਰਨ ਦੀ ਵਿਧੀ ਆਰਥਿਕ ਤੌਰ 'ਤੇ ਪੀੜਤ ਤੇ ਹੇਠਲੀ ਧਿਰ ਦੇ ਹੱਕ ਵਿਚ ਖੜੇ ਹੋਕੇ ਡਟਵੇਂ ਸਟੈਂਡ ਤੇ ਲੋੜੀਂਦੇ ਸੰਘਰਸ਼ ਰਾਹੀਂ ਹੀ ਹੱਲ ਕੀਤੀ ਜਾ ਸਕਦੀ ਹੈ। ਅੱਗੋਂ ਇਨ੍ਹਾਂ ਸਾਰੀਆਂ ਧਿਰਾਂ ਨੂੰ ਨਿਰਧਾਰਤ ਕੀਤੇ ਗਏ ਮੁੱਖ ਦੁਸ਼ਮਣ ਇਜਾਰੇਦਾਰੀ ਤੇ ਜਗੀਰਦਾਰੀ ਵਿਰੁੱਧ ਲੜੇ ਜਾਣ ਵਾਲੇ ਵਿਸ਼ਾਲ ਸੰਘਰਸ਼ ਵਿਚ ਇਕਜੁੱਟ ਕੀਤਾ ਜਾ ਸਕਦਾ ਹੈ। ਇਥੇ ਪ੍ਰਾਪਤ ਠੋਸ ਅਵਸਥਾਵਾਂ ਵਿਚ ਵਿਰੋਧ ਵਿਕਾਸੀ ਵਿਧੀ ਰਾਹੀਂ 'ਏਕਤਾ ਤੇ ਸੰਘਰਸ਼' ਦਾ ਫਾਰਮੂਲਾ ਸਮਾਜ ਉਪਰ ਵੀ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ। 
ਭਾਰਤੀ ਸਮਾਜ ਵਿਚ ਇਕ ਪ੍ਰਭਾਵਸ਼ਾਲੀ ਸੰਖਿਆ ਬੁੱਧੀਜੀਵੀਆਂ ਤੇ ਪੜ੍ਹੇ ਲਿਖੇ ਅਗਾਂਹਵਧੂ ਲੋਕਾਂ ਦੀ ਹੈ, ਜੋ ਮੌਜੂਦਾ ਨਿਜ਼ਾਮ ਦੀ ਦੁਰਦਸ਼ਾ ਤੋਂ ਪ੍ਰੇਸ਼ਾਨ ਹਨ ਤੇ ਇਸਨੂੰ ਬਦਲਣਾ ਚਾਹੁੰਦੇ ਹਨ। ਭਰਿਸ਼ਟਾਚਾਰ, ਮਨੁੱਖੀ ਅਧਿਕਾਰਾਂ ਦਾ ਨਪੀੜਨ ਤੇ ਸਰਵਪੱਖੀ ਵਿਕਾਸ ਲਈ ਲੋੜੀਂਦੇ ਮੌਕਿਆਂ ਦੀ ਘਾਟ ਇਸ ਹਿੱਸੇ ਦੇ ਲੋਕਾਂ ਨੂੰ ਸਮਾਜ ਵਿਚ ਪਸਰੀਆਂ ਦੂਸਰੀਆਂ ਲਾਹਨਤਾਂ ਨਾਲੋਂ ਜ਼ਿਆਦਾ ਟੁੰਬਦੇ ਹਨ। ਸੰਸਾਰੀਕਰਨ ਤੇ ਨਵਉਦਾਰੀਕਰਨ ਦੀਆਂ ਨੀਤੀਆਂ ਨੇ ਸਮਾਜ ਵਿਚ ਚੋਖੀ ਮਾਤਰਾ ਵਿਚ ਜਿਹੜੀ ਦਰਮਿਆਨੀ ਜਮਾਤ ਹੋਂਦ ਵਿਚ ਲਿਆਂਦੀ ਹੈ, ਉਸਨੂੰ ਚੰਗੇਰੀਆਂ ਜੀਵਨ ਹਾਲਤਾਂ ਪ੍ਰਾਪਤ ਹੋਣ ਦੇ ਨਾਲ ਨਾਲ ਕਈ ਕਿਸਮ ਦੀਆਂ ਪ੍ਰੇਸ਼ਾਨੀਆਂ ਤੇ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮੌਜੂਦਾ ਸਮਾਜਿਕ ਪਰਿਵਰਤਨ ਦੀ ਲਹਿਰ ਵਿਚ ਇਸ ਤਬਕੇ ਦਾ ਭਰਪੂਰ ਸਹਿਯੋਗ ਲਿਆ ਜਾਣਾ ਚਾਹੀਦਾ ਹੈ। ਵਸੋਂ ਦੇ ਇਸ ਹਿੱਸੇ ਦੇ ਲੋਕਾਂ ਦੇ ਵਧੇ ਹੋਏ ਗਿਆਨ, ਚੇਤਨਤਾ ਤੇ ਕੁਝ ਕਰਨ ਦੇ ਉਤਸ਼ਾਹ ਦੀ ਜਮਹੂਰੀ ਤੇ ਇਨਕਲਾਬੀ ਲਹਿਰ ਨੂੰ ਖੜਾ ਕਰਨ, ਪਸਾਰਨ ਤੇ ਹਰ ਖੇਤਰ ਵਿਚ ਸਰਮਾਏਦਾਰੀ-ਜਗੀਰਦਾਰੀ ਪ੍ਰਬੰਧ ਦੇ ਹਮਲਿਆਂ ਦਾ ਸਫਲਤਾ ਪੂਰਨ ਟਾਕਰਾ ਕਰਨ ਲਈ ਇਕ ਮਹੱਤਵਪੂਰਨ ਸਹਿਯੋਗੀ ਦੇ ਤੌਰ ਤੇ ਸੁਯੋਗ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਪ੍ਰੰਤੂ ਇਸ ਜਮਾਤ ਨਾਲ ਸਬੰਧਤ ਵਿਅਕਤੀਆਂ ਦੀਆਂ ਜਮਾਤੀ ਸੀਮਾਵਾਂ, ਸਿਧਾਂਤਕ ਕਮਜ਼ੋਰੀਆਂ ਤੇ ਆਧੁਨਿਕ ਸੋਚ ਦੇ ਨਾਲ ਨਾਲ  ਨਿੱਜਵਾਦ ਤੇ ਹਉਮੇਂ ਵਾਲੇ ਵਤੀਰੇ ਨੂੰ ਵੀ ਧਿਆਨ ਗੋਚਰੇ ਰੱਖਕੇ ਸੁਧਾਰਣ ਦੀ ਲੋੜ ਰਹਿੰਦੀ ਹੈ। ਇਨ੍ਹਾਂ ਤਬਕਿਆਂ ਦੀਆਂ ਲੋੜਾਂ ਤੇ ਖਾਹਸ਼ਾਂ ਵੀ ਕਈ ਵਾਰ ਇਨ੍ਹਾਂ ਲੋਕਾਂ ਨੂੰ ਮਿਹਨਤਕਸ਼ ਪੀੜਤ ਜਨਤਾ ਦੇ ਵਿਰੋਧ ਵਿਚ ਲਿਆ ਖੜਾ ਕਰ ਦੇਂਦੀ ਹੈ। ਮਸਲੇ ਦੇ ਗੁਣਾਂ ਦੋਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਮਿਹਨਤਕਸ਼ ਲੋਕਾਂ ਦੇ ਹਿਤਾਂ ਦਾ ਵਿਸ਼ੇਸ਼ ਰੂਪ ਵਿਚ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਤੇ ਕਿਸੇ ਥੋੜ ਚਿਰੇ ਰਾਜਨੀਤਕ ਲਾਭ ਲਈ ਗੈਰ ਵਿਗਿਆਨਕ ਤੇ ਜਜ਼ਬਾਤੀ ਵਹਾਅ ਅਧੀਨ ਵਹਿਣ ਵਾਲੇ ਦਰਮਿਆਨੇ ਤਬਕੇ ਦੇ ਇਕ ਭਾਗ ਨਾਲ ਸੰਬੰਧਤ ਲੋਕਾਂ ਦੇ ਪਿੱਛਲਗ ਨਹੀਂ ਬਣਨਾ ਚਾਹੀਦਾ। ਇਥੇ ਵੀ ਉਪਜੀ ਵਿਰੋਧਤਾ ਨੂੰ ਸਭ ਤੋਂ ਵੱਧ ਪੀੜਤ ਹਿੱਸਿਆਂ ਦੀ ਲਹਿਰ ਤੇ ਏਕਤਾ ਨੂੰ ਮਜ਼ਬੂਤ ਕਰਨ ਦੇ ਨਜ਼ਰੀਏ ਤੋਂ ਦੇਖਣਾ ਹੋਵੇਗਾ। 
ਸਮਾਜਕ ਉਤਪੀੜਨ ਤੇ ਬੇਇਨਸਾਫੀਆਂ ਨਾਲ ਸਦੀਆਂ ਤੋਂ ਜੂਝਣ ਵਾਲੇ ਕਥਿਤ ਤੌਰ 'ਤੇ ਨੀਵੀਆਂ ਜਾਤੀਆਂ ਨਾਲ ਸਬੰਧਤ ਦਲਿਤਾਂ ਅੰਦਰ ਹਾਕਮ ਜਮਾਤਾਂ ਵਲੋਂ ਆਪਣਾ ਸਮਾਜਿਕ ਆਧਾਰ ਕਾਇਮ ਰੱਖਣ ਲਈ ਕਈ ਤਰ੍ਹਾਂ ਦੇ ਲਾਲਚੀ ਨਾਅਰੇ ਲਾਏ ਜਾਂਦੇ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਅਹਿਮ ਹੈ ਰੀਜ਼ਰਵੇਸ਼ਨ ਦਾ ਮੁੱਦਾ। ਨਵਉਦਾਰਵਾਦੀ ਨੀਤੀਆਂ ਦੇ ਦੌਰ ਵਿਚ ਨਿੱਜੀਕਰਨ ਦੀ ਪ੍ਰਕਿਰਿਆ ਨਾਲ ਰੁਜ਼ਗਾਰ ਦੇ ਮੁੱਦਿਆਂ ਉਪਰ ਲਗਾਤਾਰ ਕੁਹਾੜਾ ਚਲ ਰਿਹਾ ਹੈ। ਸਰਕਾਰ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਤੋਂ ਹੱਥ ਖੜ੍ਹੇ ਕਰ ਰਹੀ ਹੈ। ਨਿੱਜੀ ਖੇਤਰਾਂ ਵਿਚ ਰੀਜ਼ਰਵੇਸ਼ਨ ਦਾ ਕੋਈ ਮਸਲਾ ਹੀ ਨਹੀਂ ਰਹਿ ਜਾਂਦਾ। ਇਸ ਲਈ ਜਰੂਰਤ 'ਸਭ ਲਈ ਰੁਜ਼ਗਾਰ' ਤੇ 'ਰੁਜ਼ਗਾਰ ਪ੍ਰਾਪਤੀ ਨੂੰ ਬੁਨਿਆਦੀ ਹੱਕਾਂ' ਵਿਚ ਸ਼ਾਮਿਲ ਕਰਨ ਦੀ ਹੈ। ਪ੍ਰੰਤੂ ਅਜਿਹਾ ਕਰਨ ਦੀ ਥਾਂ ਕੁਝ ਸਵਾਰਥੀ ਹਿੱਤ ਜਾਤਪਾਤ ਦੇ ਆਧਾਰ  ਉਪਰ ਨੌਕਰੀਆਂ ਤੇ ਹੋਰ ਸਹੂਲਤਾਂ ਦੇਣ ਦੇ ਨਾਂਅ ਹੇਠ ਵੱਖ ਵੱਖ ਜਾਤੀਪਾਤੀ ਸੰਗਠਨ ਖੜ੍ਹੇ ਕਰਕੇ ਫੁੱਟ ਪਾਊ ਅੰਦੋਲਨ ਚਲਾ ਰਹੇ ਹਨ। ਇਨ੍ਹਾਂ ਅੰਦੋਲਨਾਂ ਨਾਲ ਜਿਥੇ ਕਿਰਤੀ ਵਰਗ ਦੀ ਜਮਾਤੀ ਏਕਤਾ ਵਿਚ ਦਰਾੜ ਪੈਂਦੀ ਹੈ ਉਥੇ ਨਾਲ ਹੀ ਸਮਾਜਿਕ ਚੇਤਨਤਾ ਦਾ ਵਿਕਾਸ ਹੋਣ ਦੀ ਥਾਂ ਇਹ ਪਿਛਲਖੁਰੀ ਵੰਡਵਾਦੀ ਮੁਹਾਣ ਦਾ ਸ਼ਿਕਾਰ ਹੋਣ ਲੱਗ ਪੈਂਦਾ  ਹੈ। ਇਸ ਲਈ ਸਦੀਆਂ ਤੋਂ ਸਮਾਜਿਕ ਤੌਰ 'ਤੇ ਦਰੜੇ ਜਾ ਰਹੇ ਲੋਕਾਂ ਦੇ ਬੌਧਿਕ ਤੇ ਆਰਥਿਕ ਵਿਕਾਸ ਲਈ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਜਿੱਥੇ ਰਾਖਵੇਂਕਰਨ ਨੂੰ ਇਕ ਸੀਮਤ ਉਪਾਅ ਵਜੋਂ ਲਾਗੂ ਕਰਨ ਲਈ ਸੰਘਰਸ਼ਸ਼ੀਲ ਰਹਿਣਾ ਚਾਹੀਦਾ ਹੈ, ਉਥੇ ਨਾਲ ਹੀ ਆਰਥਿਕ ਤੇ ਸਮਾਜਿਕ ਤੌਰ 'ਤੇ ਪੀੜਤ ਪਛੜੇ ਲੋਕਾਂ ਨੂੰ ਸੁਚੇਤ ਰੂਪ ਵਿਚ ਜੀਵਨ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਨ ਲਈ ਸਮਾਜਿਕ ਤਬਦੀਲੀ ਵਾਸਤੇ ਸਾਂਝੀ ਜਨਤਕ ਲਹਿਰ ਦਾ ਅੰਗ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰਨੀਆਂ ਚਾਹੀਦੀਆਂ ਹਨ। ਇਸਦੇ ਨਾਲ ਹੀ ਪਛੜੇ ਤੇ ਅਛੂਤ ਸਮਝੇ ਜਾਂਦੇ ਲੋਕਾਂ ਅੰਦਰ ਰੀਜ਼ਰਵੇਸ਼ਨ ਦਾ ਲਾਭ ਲੈ ਕੇ ਕੁਝ ਲੋਕਾਂ ਦੇ ਉੱਚ ਅਹੁਦੇ ਹਾਸਲ ਕਰਨ, ਆਰਥਿਕ ਤੌਰ 'ਤੇ ਬਾਕੀ ਧਨਵਾਨਾਂ ਦੀ ਪੱਧਰ ਉਪਰ ਪੁੱਜਕੇ ਸਥਾਪਤੀ ਵਿਚ ਸ਼ਾਮਲ ਹੋਣ ਨਾਲ ਇਨ੍ਹਾਂ ਦਾ ਉਸੇ ਜਮਾਤ ਤੇ ਸਮਾਜਿਕ ਤੌਰ ਤੇ ਪੀੜਤ ਵਿਸ਼ਾਲ ਵਸੋਂ ਨਾਲ ਕੋਈ ਮੇਲ ਨਹੀਂ ਰਹਿ ਜਾਂਦਾ। ਇਨਕਲਾਬੀ ਧਿਰ ਨੂੰ ਇਸ ਤੱਥ ਨੂੰ ਸਮਝਣਾ ਚਾਹੀਦਾ ਹੈ ਤੇ ਹਾਕਮ ਧਿਰਾਂ ਦਾ ਅੰਗ ਬਣੇ ਅਜੇਹੇ ਮੁੱਠੀ ਭਰ ਲੋਕਾਂ ਨੂੰ ਜਨ ਸਧਾਰਨ ਵਿਚੋਂ ਨਿਖੇੜਨਾ ਚਾਹੀਦਾ ਹੈ। 
ਸਮਾਜ ਦੀਆਂ ਵੱਖ ਵੱਖ ਜਮਾਤਾਂ ਤੇ ਤਬਕਿਆਂ ਵਿਚ ਸਥਾਪਤ ਵਿਰੋਧਤਾਈਆਂ ਤੇ ਇਨ੍ਹਾਂ ਵਿਰੋਧਤਾਈਆਂ ਨੂੰ ਸਮਝ ਕੇ ਚੇਤਨ ਰੂਪ ਵਿਚ ਤਿੱਖਿਆਂ ਕਰਨ ਜਾਂ ਹੱਲ ਕਰਨ ਦਾ ਮਕਸਦ ਇਨਕਲਾਬੀ ਕਮਿਊਨਿਸਟ ਪਾਰਟੀ ਨੂੰ ਲੋਕ ਜਮਹੂਰੀ ਇਨਕਲਾਬ ਦੇ ਮਿਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਮਿਥੀਆਂ ਗਈਆਂ ਦੁਸ਼ਮਣ ਜਮਾਤਾਂ ਉਪਰ ਫਤਿਹ ਹਾਸਲ ਕਰਨ ਲਈ ਯੋਗ ਤੇ ਅਸਰਦਾਇਕ ਦਾਅਪੇਚ ਅਪਣਾਉਣ ਦੇ ਯੋਗ ਬਣਾਉਣਾ ਹੈ। ਹਰ ਦਾਅਪੇਚ ਯੁਧਨੀਤਕ ਨਿਸ਼ਾਨੇ ਦੀ ਪ੍ਰਾਪਤੀ ਲਈ ਮਦਦਗਾਰ ਬਣੇ ਤੇ ਇਨਕਲਾਬੀ ਸ਼ਕਤੀਆਂ ਨੂੰ ਮਜ਼ਬੂਤ ਕਰਦਾ ਹੋਇਆ ਵੈਰੀ ਜਮਾਤਾਂ ਨੂੰ ਕਮਜ਼ੋਰ ਕਰਨ ਵਿਚ ਸਹਾਈ ਸਿੱਧ ਹੋਣਾ ਚਾਹੀਦਾ ਹੈ। ਜੇਕਰ ਕੋਈ ਦਾਅਪੇਚ, ਪਾਰਲੀਮਾਨੀ ਜਾਂ ਗੈਰ ਪਾਰਲੀਮਾਨੀ, ਕਿਸੇ ਵੀ ਸੰਘਰਸ਼ ਵਿਚ ਲਗਾਇਆ ਜਾਂਦਾ ਹੈ ਤੇ ਯੁਧਨੀਤਕ ਮੋਰਚੇ ਤੇ ਨਿਸ਼ਾਨੇ ਨੂੰ ਕਮਜ਼ੋਰ ਕਰਦਾ ਹੈ, ਤਦ ਸਮਝੋ ਕਿ ਇਹ ਦਾਅਪੇਚ ਗਲਤ ਹੈ ਤੇ ਇਸਦਾ ਤੁਰੰਤ ਤਿਆਗ ਕਰਕੇ ਦਰੁਸਤੀ ਵਲ ਵਧਿਆ ਜਾਣਾ ਚਾਹੀਦਾ ਹੈ। ਜਮਹੂਰੀ ਲਹਿਰ ਦੇ ਉਤਰਾਅ ਚੜ੍ਹਾਅ ਦੀ ਸਥਿਤੀ ਵਿਚ ਦਾਅਪੇਚ ਬਦਲਿਆ ਜਾ ਸਕਦਾ ਹੈ ਪ੍ਰੰਤੂ ਇਹ ਇਸ ਦੌਰ ਦੇ ਇਨਕਲਾਬੀ ਨਿਸ਼ਾਨੇ ਦੀ ਪ੍ਰਾਪਤੀ ਲਈ ਸਥਾਪਤ ਕੀਤੀ ਯੁਧਨੀਤੀ ਦੇ ਪ੍ਰਤੀਕੂਲ ਕਦਾਚਿਤ ਨਹੀਂ ਹੋਣਾ ਚਾਹੀਦਾ। ਇਸ ਲਈ ਸੀ.ਪੀ.ਐਮ. ਪੰਜਾਬ ਨੇ ਜੇਕਰ ਪਾਰਟੀ ਪ੍ਰੋਗਰਾਮ ਵਿਚ ਮਿਥੇ ਨਿਸ਼ਾਨੇ ਨੂੰ ਪ੍ਰਾਪਤ ਕਰਨਾ ਹੈ, ਤਦ ਮੁਖ ਦੁਸ਼ਮਣ ਉਪਰ ਨਿਰੰਤਰ ਹਮਲਾ ਕਰਦਿਆਂ ਹੋਇਆਂ ਸਮਾਜ ਵਿਚਲੀਆਂ ਮਿੱਤਰ ਜਮਾਤਾਂ ਦੀਆਂ ਆਪਸੀ ਵਿਰੋਧਤਾਈਆਂ ਨੂੰ ਵੀ ਮਜ਼ਦੂਰ ਜਮਾਤ ਦੇ ਹੱਕ ਵਿਚ ਹੱਲ ਕਰਨਾ ਹੋਵੇਗਾ। ਇਸ ਨਾਲ ਪਾਰਟੀ ਦਾ ਜਨਤਕ ਆਧਾਰ ਵੀ ਇਸ ਯੁਗ ਦੀ ਸਭ ਤੋਂ ਵੱਧ ਇਨਕਲਾਬੀ ਤੇ ਪੀੜਤ ਜਮਾਤ ਵਿਚ ਵਧੇਗਾ ਤੇ ਇਹ ਹਕੀਕੀ ਰੂਪ ਵਿਚ ਮਜ਼ਦੂਰ ਜਮਾਤ ਦੀ ਪਾਰਟੀ ਬਣ ਸਕੇਗੀ। ਇਨਕਲਾਬੀ ਕਮਿਊਨਿਸਟ ਪਾਰਟੀ ਨੂੰ ਜਨਤਕ ਅਧਾਰ ਨੂੰ ਬਹੁਤ ਗੰਭੀਰਤਾ ਤੇ ਪਹਿਲ ਦੇ ਆਧਾਰ ਉਪਰ ਲੈਣਾ ਚਾਹੀਦਾ ਹੈ। ਪਹਿਲਾਂ ਇਹ ਸਿਧਾਂਤਕ ਪੱਧਰ ਉਪਰ ਤੇ ਅੱਗੋਂ ਅਮਲਾਂ ਦੇ ਪੱਧਰ ਤੱਕ ਸਭ ਪਾਰਟੀ ਆਗੂਆਂ ਤੇ ਮੈਂਬਰਾਂ ਨੂੰ ਇਸ ਤੱਥ ਨੂੰ ਸਮਝਣਾ ਹੋਵੇਗਾ ਕਿ ਪਿਛਲੇ ਸਮਿਆਂ ਵਿਚ ਪਾਰਟੀ ਦਾ ਜਨਆਧਾਰ ਮਜ਼ਦੂਰਾਂ ਤੇ ਦਲਿਤਾਂ ਦੇ ਮੁਕਾਬਲੇ ਜ਼ਿਆਦਾਤਰ ਦਰਮਿਆਨੀ ਜਮਾਤ ਨਾਲ ਸਬੰਧਤ ਲੋਕਾਂ ਵਿਚ ਰਿਹਾ ਹੈ। ਪੂੰਜੀਵਾਦ ਦੇ ਵਿਕਾਸ ਨੇ ਇਸ ਜਨ ਅਧਾਰ ਦਾ ਚੋਖਾ ਹਿੱਸਾ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ ਵੱਲ ਨੂੰ ਖਿਸਕਾ ਦਿੱਤਾ ਹੈ ਜਿਥੇ ਉਹ ਆਪਣੇ ਆਰਥਿਕ, ਰਾਜਨੀਤਕ ਤੇ ਸਮਾਜਿਕ ਹਿੱਤਾਂ ਦੀ ਪੂਰਤੀ ਵਧੇਰੇ ਯਕੀਨੀ ਸਮਝਦੇ ਹਨ। ਜੇਕਰ ਇਸ ਪ੍ਰਕਿਰਿਆ ਨੂੰ ਮਜ਼ਦੂਰ ਵਰਗ ਦੀ ਪਾਰਟੀ ਨੇ ਸਮਝ ਕੇ ਆਪਣਾ ਜਨਆਧਾਰ ਸਭ ਤੋਂ ਵੱਧ ਲੁੱਟੀਆਂ ਜਾ ਰਹੀਆਂ ਜਮਾਤਾਂ ਮਜ਼ਦੂਰ ਜਮਾਤ, ਖੇਤ ਮਜ਼ਦੂਰ, ਗਰੀਬ ਕਿਸਾਨ, ਛੋਟਾ ਕਾਰੀਗਰ, ਬੇਰੁਜ਼ਗਾਰ ਨੌਜਵਾਨ ਆਦਿ ਵਿਚ ਵਧਾਉਣਾ ਤੇ ਮਜ਼ਬੂਤ ਨਹੀਂ ਕਰਨਾ ਤਾਂ ਇਹ ਵੱਡੀ ਇਤਿਹਾਸਕ ਭੁਲ ਹੋਵੇਗੀ। ਇਸਦਾ ਅਰਥ ਇਹ ਨਹੀਂ ਹੈ ਕਿ ਦਰਮਿਆਨੀਆਂ ਤੇ ਉਪਰਲੀਆਂ ਦਰਮਿਆਨੀਆਂ ਜਮਾਤਾਂ ਸਾਡੀਆਂ ਦੁਸ਼ਮਣ ਧਿਰਾਂ ਹਨ, ਪ੍ਰੰਤੂ ਉਪਰਲੀਆਂ ਧਨੀ ਸ਼੍ਰੇਣੀਆਂ ਦੇ ਮੁਕਾਬਲੇ ਸਾਡੀ ਪ੍ਰਾਥਮਿਕਤਾ ਹੇਠਲੇ ਵਰਗਾਂ ਵੱਲ ਨੂੰ ਜ਼ਿਆਦਾ ਹੋਵੇਗੀ ਤੇ ਇਜਾਰੇਦਾਰੀ, ਸਾਮਰਾਜਵਾਦ ਤੇ ਜਗੀਰਦਾਰ ਜਮਾਤਾਂ ਤੇ ਇਨ੍ਹਾਂ ਦੀ ਰਾਖੀ ਕਰਦੀਆਂ ਸਰਕਾਰਾਂ ਵਿਰੁੱਧ ਸੰਘਰਸ਼ਾਂ ਵਿਚ ਮਜ਼ਦੂਰਾਂ-ਕਿਸਾਨਾਂ ਦੇ ਨਾਲ ਆਰਥਿਕ ਤੌਰ ਤੇ ਮੁਕਾਬਲਤਨ ਖੁਸ਼ਹਾਲ ਧਿਰਾਂ ਵੀ ਸਾਡੀਆਂ ਸੰਗੀ ਹੋਣਗੀਆਂ। ਇਹ ਗੱਲ ਵੀ ਨੋਟ ਕਰਨੀ ਚਾਹੀਦੀ ਹੈ ਕਿ ਇਹ ਹਿੱਸੇ ਮਜ਼ਦੂਰ ਲਹਿਰ ਦੇ 'ਸੰਗੀ' ਵੀ ਉਦੋਂ ਹੀ ਬਣਨਗੇ ਜਦੋਂ ਹਾਕਮ ਧਿਰਾਂ ਵਲੋਂ ਇਨ੍ਹਾਂ ਉਪਰ ਕੀਤੇ ਜਾਂਦੇ ਵਾਰਾਂ ਨੂੰ ਮਜ਼ਦੂਰ ਜਮਾਤ ਆਧਾਰਤ ਵਿਸ਼ਾਲ ਜਮਹੂਰੀ ਲਹਿਰ ਇਨ੍ਹਾਂ ਹਮਲਿਆਂ ਦਾ ਮੋੜਵਾਂ ਉੱਤਰ ਦੇਣ ਦੇ ਸਮਰਥ ਹੋਵੇਗੀ। ਕਮਿਊਨਿਸਟ ਲਹਿਰ ਦੇ ਉਜਲੇ ਭਵਿੱਖ ਲਈ ਅਜਿਹਾ ਕਰਨਾ ਹੁਣ ਬਹੁਤ ਹੀ ਅਹਿਮ ਬਣ ਗਿਆ ਹੈ। 

No comments:

Post a Comment