ਕਹਾਣੀ - ਬੁੱਢਾ ਬਲਦ
- ਪ੍ਰੀਤ ਨੀਤਪੁਰ
''ਯਾਰ, ਆਇਓ ਮਾੜਾ ਜਿਹਾ, ਬਲਦ ਉਠਾਉਣੈ।'' ਚੰਨਣ ਸਿਉਂ ਦਾ ਇਹ ਦੂਜਾ ਗੇੜਾ ਸੀ।
''ਚੱਲ ਤੂੰ, ਅਸੀਂ ਆਏ ਤੇਰੇ ਮਗਰੇ....।'' ਸੱਥ 'ਚ ਬੈਠੇ ਤਾਸ਼ ਖੇਡਦੇ ਵਿਹਲੜਾਂ ਵਲੋਂ ਪਹਿਲਾਂ ਵਾਲਾ ਹੀ ਘੜਿਆ-ਘੜਾਇਆ ਜਵਾਬ ਸੁਣਕੇ, ਚੰਨਣ ਸਿਉਂ ਘਰ ਨੂੰ ਮੁੜ ਪਿਆ ਸੀ।
ਇਹ ਉਦੋਂ ਦੀਆਂ ਗੱਲਾਂ, ਜਦੋਂ ਕਿਸੇ ਕੋਲ ਟਰੈਕਟਰ ਨਹੀਂ ਸੀ ਹੁੰਦਾ। ਸਗੋਂ ਸਭ ਤਕੜੇ-ਮਾੜੇ ਜ਼ਿੰਮੀਦਾਰ ਬਲਦਾਂ ਨਾਲ ਖੇਤੀ ਕਰਦੇ ਸਨ।
ਚੰਨਣ ਸਿੰਓਂ ਨੇ ਨ੍ਹਾਰੇ ਬਲਦ ਦੀ ਪੰਦਰਾ-ਸੋਲ੍ਹਾਂ ਸਾਲ ਕਮਾਈ ਖਾਧੀ ਸੀ। ਦੱਬ ਕੇ ਵਾਹਿਆ ਸੀ ਨ੍ਹਾਰਾ ਉਹਨੇ। ਪਰ ਹੁਣ ਨ੍ਹਾਰਾ ਬੁੱਢਾ ਹੋ ਗਿਆ ਸੀ। ਜਮ੍ਹਾਂ ਈ ਹਾਰ ਗਿਆ ਸੀ। ਖੁੱਭੇ ਗੱਡੇ ਕੱਢਣ ਵਾਲੇ ਤੇ ਪਿੰਡੇ 'ਤੇ ਛਾਂਟ ਨਾ ਝੱਲਣ ਵਾਲੇ ਨ੍ਹਾਰੇ ਤੋਂ ਹੁਣ ਆਪਣੇ ਆਪ ਉਠਿਆ ਨਹੀਂ ਸੀ ਜਾਂਦਾ। ਸਵੇਰੇ ਤੇ ਆਥਣੇ ਜਿਹੇ ਨ੍ਹਾਰੇ ਨੂੰ ਉਠਾਉਣ ਲਈ ਚੰਨਣ ਸਿੰਓਂ ਨੂੰ ਲੋਕਾਂ ਦੀ ਮਿੰਨਤ ਕਰਨੀ ਪੈਂਦੀ ਸੀ। ਪਰ ਲੋਕ.....।
''ਲੋਕ ਬੜੇ ਨਿਰਮੋਹੇ ਹੋ ਗਏ ਨ੍ਹਾਰਿਆ।'' ਨ੍ਹਾਰੇ ਬਲਦ ਦੇ ਪਿੰਡੇ 'ਤੇ ਹੱਥ ਫੇਰਦਿਆਂ, ਚੰਨਣ ਸਿਓਂ ਨੇ ਭਰੇ ਮਨ ਨਾਲ ਕਿਹਾ, 'ਕਦੇ ਇਹੋ ਲੋਕ ਤੈਨੂੰ ਸੁਹਾਗੇ ਜੁੜੇ ਨੂੰ ਵੇਖਣ ਆਉਂਦੇ ਹੁੰਦੇ ਸੀ। ਤੇ ਅੱਜ...? ਅੱਜ ਤੇਰੇ ਬੁੱਢੇ ਸਰੀਰ ਨੂੰ ਕੋਈ ਹੱਥ ਲਾ ਕੇ ਰਾਜ਼ੀ ਨਹੀਂ। ਸਾਲਾ 'ਬੁਢਾਪਾ' ਵੀ ਬੜੀ ਮਾੜੀ ਸ਼ੈਅ ਆ, ਨ੍ਹਾਰਿਆਂ।' ਚੰਨਣ ਸਿਉਂ ਜਿਵੇਂ ਬੁੱਢੇ ਬਲਦ ਨਾਲ ਗੱਲਾਂ ਕਰ ਰਿਹਾ ਸੀ।
ਨ੍ਹਾਰਾ ਉਠਣ ਲਈ ਅਹੁਲਿਆਂ। ਜਿਵੇਂ ਉਹਨੂੰ ਵੀ ਬੁਢਾਪੇ ਨਾਲ ਚਿੜ ਹੋਵੇ। ਪਰ ਨਹੀਂ, ਉਠ ਨਹੀਂ ਸਕਿਆ ਨ੍ਹਾਰਾ। ਜਮ੍ਹਾਂ ਹੰਭ ਗਿਆ ਸੀ ਵਿਚਾਰਾ।
ਬੁੱਢੇ ਨ੍ਹਾਰੇ ਨੇ ਅੰਦਰ ਨੂੰ ਧਸ ਗਈਆਂ, ਪਾਣੀ ਨਾਲ ਭਰੀਆਂ ਅੱਖਾਂ ਨਾਲ, ਆਪਣੇ ਮਾਲਕ ਚੰਨਣ ਸਿਓਂ ਕੰਨੀਂ ਵੇਖਿਆ। ਚੰਨਣ ਸਿਓਂ ਨੂੰ ਸੱਚੀ ਇਉਂ ਲੱਗਾ, ਜਿਵੇਂ ਨ੍ਹਾਰੇ ਦੀਆਂ ਅੱਖਾਂ, ਉਹਨੂੰ ਕਹਿ ਰਹੀਆਂ ਹੋਣ...
''ਚੰਨਣ ਸਿਆਂ, ਮੈਂ ਤੇਰੀ 'ਛਾਂਟ' ਆਪਣੇ ਪਿੰਡੇ 'ਤੇ ਕਦੇ ਨਹੀਂ ਸੀ ਲੱਗਣ ਦਿੱਤੀ। ਬਸ, ਤੇਰੀ ਇਕੋ ਚਟਕਾਰੀ ਨਾਲ ਮੈਂ ਹਵਾ ਨੂੰ ਗੰਢਾਂ ਦੇ ਜਾਂਦਾ ਹੁੰਦਾ ਸੀ। ਤੇ ਰੋਹੀ ਦੇ ਹਿਰਨ ਵਾਂਗੂੰ ਚੂੰਗੀਆਂ ਭਰਦਾ ਹੁੰਦਾ ਸੀ। ਤੇ ਮੇਰੇ ਗਲ ਪਾਈਆਂ 'ਘੁੰਗਰਾਲਾਂ' ਦਾ ਸੰਗੀਤ, ਤੇਰੇ ਕੰਨਾਂ ਵਿਚ ਮਿਸ਼ਰੀ ਘੋਲਦਾ ਹੁੰਦਾ ਸੀ। ਤੇ ਤੈਨੂੰ ਨਸ਼ਾ ਜਿਹਾ ਚੜ੍ਹਾਂਦਾ ਹੁੰਦਾ ਸੀ ਤੇ ਤੂੰ ਲਾਡ, ਮੋਹ ਤੇ ਮਾਣ ਜਿਹੇ ਨਾਲ 'ਪੁਰੈਣੀ' ਹਵਾ 'ਚ ਲਹਿਰਾਉਂਦਾ ਕਹਿੰਦਾ ਹੁੰਦਾ ਸੀ, 'ਬੱਲੇ ਉਏ ਨ੍ਹਾਰਿਆ, ਨਹੀਂ ਰੀਸਾਂ ਤੇਰੀਆਂ। ਸੱਚੀਂ ਚੰਨਣ ਸਿਆਂ, ਜਵਾਨੀ ਦੀਆਂ ਰੀਸਾਂ ਨਹੀਂ ਹੁੰਦੀਆਂ।''
.... ਤੇ ਤੈਨੂੰ ਚੇਤਾ ਹੋਣੈ, ਚੰਨਣ ਸਿਆਂ। ਕੇਰਾਂ, ਮੇਜਰ ਬਰਾੜ ਕਾ ਗੰਨਿਆਂ ਦਾ ਭਰਿਆ ਗੱਡਾ ਵਾਹੇ 'ਵਾਹਣ' ਵਿਚ ਅੜ ਗਿਆ ਸੀ। ਭਾਵੇਂ ਮੇਜਰ ਕੇ ਆਪਣੇ ਬਲਦ ਵੀ ਤਕੜੇ ਸੀ। ਪਰ ਉਹ ਅੜਿਆ ਖੁੱਭਿਆ ਗੱਡਾ ਨਹੀਂ ਸੀ ਕੱਢ ਸਕੇ। ਤੇ ਫਿਰ ਹਾਰ ਕੇ ਮੇਜਰ ਤੇਰੇ ਕੋਲ ਆਇਆ ਸੀ। ਊਂ ਮੇਜਰ ਨਾਲ ਤੇਰਾ ਬਾਹਲਾ ਸੂਤ ਨਹੀਂ ਸੀ। ਪਿਛਲੀਆਂ ਚੋਣਾਂ 'ਚ ਤੇਰੀ ਤੇ ਮੇਜਰ ਦੀ ਤੂੰ-ਤੂੰ, ਮੈਂ-ਮੈਂ ਹੋ ਗਈ ਸੀ। ਇਹ ਚੰਦਰੀਆਂ ਚੋਣਾਂ/ਵੋਟਾਂ ਨੇ ਵੀ ਪਿੰਡਾਂ 'ਚ ਬਾਹਲੇ ਪੁਆੜੇ ਪਾਏ ਵੇ ਆ। ਲੀਡਰ ਲੋਕ ਅਕਸਰ ਥੋਨੂੰ ਧਰਮ-ਮਜ੍ਹਬ ਤੇ ਜਾਤਪਾਤ ਦੇ ਨਾਂਅ 'ਤੇ ਲੜਾ ਕੇ ਆਪਣਾ ਉਲੂ ਸਿੱਧਾ ਕਰਦੇ ਹਨ। ਪਰ ਪੇਂਡੂ ਲੋਕ ਕਿੰਨੇ ਚੰਗੇ ਤੇ ਸਾਊ ਜੇ। ਨਿੱਕੀਆਂ-ਮੋਟੀਆਂ ਗੱਲਾਂ ਨੂੰ ਬਾਹਲਾ ਚਿਰ ਢਿੱਡ 'ਚ ਨਹੀਂ ਰੱਖਦੇ। ਸਗੋਂ ਛੇਤੀ ਹੀ ਭੁਲਾ ਦਿੰਦੇ ਓ.... ਤੇ ਇਕ-ਦੂਜੇ ਦੇ ਦੁੱਖਦੇ-ਸੁੱਖਦੇ ਕੰਮ ਆਉਣਾ, ਆਪਣਾ 'ਧੰਨ-ਭਾਗ' ਸਮਝਦੇ ਓ। ਸ਼ਾਬਾਸ ਥੋਡੇ....।
ਤੇ ਤੇਨੂੰ ਯਾਦ ਹੋਣੈ, ਮੇਜਰ ਨੇ ਮਲਵੀਂ ਜਿਹੀ ਆਵਾਜ਼ 'ਚ ਕਿਹਾ ਸੀ।
''ਬਾਈ ਸਾਡਾ ਗੱਡਾ ਖੁੱਭ ਗਿਆ।''
''ਤੇ ਫਿਰ ਮੈਂ ਕੀ ਕਰਾਂ? ਤੂੰ ਮੁੱਛਾਂ 'ਚ ਹੱਸਿਆ ਸੀ।
''ਬਾਈ, ਨ੍ਹਾਰੇ ਬਿਨਾਂ ਗੱਡਾ ਨਹੀਂ ਨਿਕਲਣਾ।'' ਮੇਜਰ ਨੇ ਆਪਣੇ ਆਉਣ ਦਾ ਮਕਸਦ ਦੱਸਿਆ ਸੀ।
''ਯਾਰ, ਅਸੀਂ ਤਾਂ ਰਾਤ ਰੂੜੀ (ਢੇਰ) ਪਾਉਂਦੇ ਰਹੇ ਆਂ, ਨ੍ਹਾਰਾ ਤਾਂ ਊਈਂ ਥੱਕਿਆ ਖੜੈ। ਤੁਸੀਂ ਗੁਰਲਾਲ ਕਿਆਂ ਆਲਾ 'ਮੀਣਾ' ਜੋੜ ਲੈਣਾ ਸੀ। ਤੂੰ ਉਤਲੇ ਮਨੋਂ ਮੇਜਰ ਨੂੰ ਟਾਲਾ ਜਿਹਾ ਮਾਰਿਆ ਸੀ। ਪਰ ਦਿਲੋਂ ਤੂੰ ਮੇਰੇ 'ਜੌਹਰ' ਵੇਖਣੇ ਤੇ ਵਿਖਾਉਣੇ ਚਾਹੁੰਦਾ ਸੀ। ਤੇ ਨਾਲੇ ਮੇਜਰ ਸਿਰ ਅਹਿਸਾਨ ਕਰਨਾ ਚਾਹੁੰਦਾ ਸੀ।
'ਬਾਈ, ਗੁਰਲਾਲ ਕਿਆਂ ਆਲਾ ਮੀਣਾ ਤੇ ਜੰਟੇ ਆਲਾ 'ਲਾਖਾ' ਵੀ ਜੋੜੇ ਸੀ। ਮੇਜਰ ਨੇ ਪੂਰੀ ਗੱਲ ਦੱਸੀ, ਪਰ ਕਦੇ ਮੀਣਾ, ਲਾਖੇ ਨੂੰ ਧੱਕ ਕੇ ਲੈ ਜਾਂਦੈ, ਕਦੇ ਲਾਖਾ ਮੀਣੇ ਨੂੰ। ਰਲਕੇ ਜ਼ੋਰ ਨਹੀਂ ਲਾਉਂਦੇ ਬਾਈ....। ਮੇਜਰ ਰੋਣਹਾਕਾ ਹੋਇਆ ਖੜ੍ਹਾ ਸੀ।
''ਰਲਕੇ ਜ਼ੋਰ ਲਾਉਣ 'ਚ ਸਵਾਦ ਈ ਕੁੱਝ ਹੋਰ ਹੁੰਦੈ।'' ਤੂੰ ਗੰਭੀਰ ਸੁਰ 'ਚ ਕਿਹਾ ਸੀ, ''ਪਸ਼ੂਆਂ ਨੇ ਵੀ ਬੰਦਿਆਂ ਤੋਂ ਸਿੱਖ ਲਿਆ, ਜਦੋਂ ਚਿਤ ਕਰੇ, ਮਾੜੇ ਨੂੰ ਵਅਲ (ਘੇਰ) ਕੇ ਖਲੋ ਜੋ....। ਦੁਨੀਆਂ ਮੰਨਦੀ ਜ਼ੋਰਾਂ ਨੂੰ, ਕੋਈ ਨਾ ਪੁੱਛੇ ਕਮਜ਼ੋਰਾਂ ਨੂੰ...। ਤੂੰ ਕਹਾਵਤ ਜਿਹੀ ਸੁਣਾ ਕੇ ਸਿਰ 'ਤੇ ਸਾਫ਼ਾ ਲਪੇਟਦਾ ਉਠ ਖੜੋਤਾ ਸੀ।
''ਨ੍ਹਾਰਿਆ, ਅੱਜ ਲਾਜ ਰੱਖੀਂ ਜੱਟ ਦੀ...।'' ਤੂੰ ਮੇਰਾ ਰੱਸਾ ਖੋਲ੍ਹਦਿਆਂ ਕਿਹਾ ਸੀ। ਤੇ ਮੈਂ 'ਨੱਥ' ਤੁੜਾਉਂਦਾ ਤੇਰੇ ਅੱਗੇ ਹੋ ਤੁਰਿਆ ਸੀ।
ਤੇ ਤੂੰ ਮੇਰੇ ਮਗਰ ਪੱਬਾਂ ਭਾਰ ਹੋ ਕੇ ਤੁਰਦਾ, ਮੋਹ ਤੇ ਮਾਣ ਜਿਹੇ ਨਾਲ ਬੋਲਿਆ ਸੀ ''ਪੁੱਤ ਹੌਲੀ...। ਤੇਰੀਆਂ ਵੱਖੀਆਂ ਚੜ੍ਹ ਗਈਆਂ ਸਨ। ਪਰ ਮੈਨੂੰ ਹੌਲੀ ਤੁਰਨਾ ਹੀ ਨਹੀਂ ਸੀ ਆਉਂਦਾ। ਮੈਂ ਨੱਥ ਦੀ ਪੀੜ ਵੀ ਕਦੇ ਨਹੀਂ ਸੀ ਮੰਨੀ। ਚੰਨਣ ਸਿਆਂ, ਜਵਾਨੀ ਦੀ ਗੱਲ ਈ ਕੁਝ ਹੋਰ ਹੁੰਦੀ ਆ।
ਮੇਜਰ ਦਮਕੜੇ ਸਾਡੇ ਪਿੱਛੇ ਤੁਰਿਆ ਆਉਂਦਾ ਸੀ। ਉਹਤੋਂ ਸਾਡੇ ਨਾਲ ਨਹੀਂ ਸੀ ਰਲਿਆ ਜਾਂਦਾ।
ਤੇ ਫਿਰ ਗੱਡੇ ਮੂਹਰੇ ਜੋੜਿਆ ਮੈਨੂੰ ਤੇ ਸਰਪੰਚਾਂ ਵਾਲੇ 'ਚੱਪੇ' ਨੂੰ। ਚੱਪਾ ਵੀ ਪਿੰਡ 'ਚ ਕਹਿੰਦਾ ਕਹਾਉਂਦਾ ਸੀ।
ਮੈਂ ਤੇ ਚੱਪੇ ਨੇ ਅੱਖਾਂ 'ਚ ਅੱਖਾਂ ਪਾ ਕੇ, ਇਕ ਦੂਜੇ ਨੂੰ ਕਿਹਾ, ''ਮਿਤਰਾ, ਰਲਕੇ ਜ਼ੋਰ ਲਾਉਣੈਂ...। ਵੈਸੇ ਅਸੀਂ ਪਸ਼ੂਆਂ ਨੇ ਮਨੁੱਖਾਂ ਵਾਂਗ ਇਕ ਦੂਜੇ ਨੂੰ ਨੀਵਾਂ ਵਿਖਾਉਣ ਬਾਰੇ ਕਦੇ ਸੋਚਿਆ ਤੱਕ ਨਹੀਂ। ਅਜਿਹੀਆਂ ਘਤਿਤਾਂ ਤਾਂ ਬੰਦੇ ਹੀ ਕਰਦੇ ਆ।
ਤੂੰ ਪੁਚਕਾਰ ਕੇ ਸਾਨੂੰ 'ਜੋਤਾਂ' ਲਾਈਆਂ। ਲੋਕ ਸਾਹ ਰੋਕੀ ਤਮਾਸ਼ਾ ਵੇਖ ਰਹੇ ਸਨ। 'ਪੱਟ' ਤੇ ਬਹਿੰਦਿਆਂ ਤੂੰ ਲਲਕਾਰਾ ਮਾਰਿਆ ਸੀ। ਅਸੀਂ ਨਿਉਂ ਕੇ, ਰਲਕੇ ਜ਼ੋਰ ਲਾਇਆ। ਤੇ ਵਿੱਢ ਵਾਲਾ ਗੰਨਿਆਂ ਦਾ ਭਰਿਆ ਗੱਡਾ ਪਹਿਲੇ ਹੱਲੇ ਹੀ ਪਹੇ ਚੜ੍ਹਾ ਤਾ। ਲੋਕਾਂ ਨੇ ਖੂਬ ਤਾੜੀਆਂ ਮਾਰੀਆਂ।
ਤੇ ਭੀੜ 'ਚੋਂ ਅਵਾਜ਼ਾਂ ਆ ਰਹੀਆਂ ਸਨ।
''ਐਂ ਪਤਾ ਲੱਗਦੈ, ਖੁਰਾਕਾਂ ਚਾਰੀਆਂ ਦਾ।
''ਨਹੀਂ ਰੀਸਾਂ ਨ੍ਹਾਰੇ ਦੀਆਂ...।''
ਤੇ ਚੰਨਣ ਸਿਆਂ ਅੱਜ...? ਅੱਜ ਉਹੀ ਲੋਕ ਜੋ ਜਵਾਨੀ ਵੇਲੇ ਮੇਰੀਆਂ ਸਿਫਤਾਂ ਕਰਦੇ ਨਹੀਂ ਸੀ ਥੱਕਦੇ, ਅੱਜ ਤੇਰੇ ਵਾਰ ਵਾਰ ਕਹਿਣ 'ਤੇ ਵੀ ਮੈਨੂੰ 'ਸਹਾਰਾ' ਦੇ ਕੇ ਖੜ੍ਹਾ ਨਹੀਂ ਕਰਨਾ ਚਾਹੁੰਦੇ। ਇਹ ਭਾਈ ਸਮੇਂ ਸਮੇਂ ਦੀਆਂ ਬਾਤਾਂ ਤੇ ਨਾਲੇ ਭਾਈ ਚੰਨਣ ਸਿਆਂ, ਬੁੱਢੇ ਮਨੁੱਖ ਤੇ ਬੁੱਢੇ ਪਸ਼ੂ ਦੀ ਇਹੋ ਜਿਹੀ ਹੁੰਦੀ ਆ। ਬੁਢਾਪੇ ਵਰਗਾ ਕੋਈ 'ਨਰਕ' ਨਹੀਂ।
ਇਹ ਸਭ ਕੁੱਝ ਚਿਤਵ ਕੇ ਚੰਨਣ ਸਿਉਂ ਦਾ ਮਨ ਭਰ ਜਿਹਾ ਆਇਆ ਸੀ। ਉਹ ਨ੍ਹਾਰੇ ਦੀ ਤਕਲੀਫ ਨੂੰ ਸਮਝਦਾ ਸੀ। ਪਰ ਕਰ ਕੁਝ ਨਹੀਂ ਸੀ ਸਕਦਾ।
ਬੁੱਢੇ ਨ੍ਹਾਰੇ ਨੇ ਉਠਣ ਲਈ ਫਿਰ 'ਧੁਰਲੀ' ਜਿਹੀ ਮਾਰੀ।
ਨ੍ਹਾਰੇ ਦੀ ਉਠਣ ਦੀ ਤਾਂਘ ਨੂੰ ਤਾੜਦਿਆਂ ਚੰਨਣ ਸਿਉਂ ਨੇ ਕਿਹਾ ਸੀ।
''ਕਮਲਿਆ, ਕਿਉਂ ਐਵੇਂ ਜ਼ੋਰ ਲਾਉਨੈ।''
ਤੇ ਫਿਰ ਉਹ ਸਿਰ 'ਤੇ ਸਾਫਾ ਲਪੇਟਦਾ ਹੋਇਆ ਬਾਹਰ ਨੂੰ ਤੁਰ ਗਿਆ ਸੀ।
ਚੰਨਣ ਸਿਉਂ ਸੱਥ 'ਚ ਬੋਹਲ਼ ਥੱਲੇ, ਤਖਤਪੋਸ਼ 'ਤੇ ਇਕੱਲੇ ਬੈਠੇ ਜਗਤੇ ਕੁੱਬੇ ਨੂੰ ਵੇਖਕੇ ਨਿਰਾਸ਼ ਜਿਹਾ ਹੋ ਗਿਆ ਸੀ।
''ਖਵਨੀ ਕਿੱਧਰ ਨੂੰ ਤੁਰ ਗਏ ਸਾਰੇ...?'' ਉਹ ਬੁੜਬੁੜਾਇਆ।
ਤੇ ਫਿਰ ਉਹ ਜਗਤੇ ਕੁੱਬੇ ਦੇ ਨੇੜੇ ਹੋ ਕੇ ਬੋਲਿਆ।
''ਜਗਤ ਸਿਆਂ, ਬਾਕੀ ਲਾਣਾ ਕਿਧਰ ਨੂੰ ਤੁਰ ਗਿਆ।''
''ਹੈਂ....। ਜਗਤ ਸਿਉਂ ਨੂੰ ਉਚਾ ਸੁਣਦਾ ਸੀ, ''ਮਾਖਿਆ ਹੋਰ ਕੀ ਕਰੀਏ, ਮਹਾਤੜਾਂ ਨੇ ਇੱਥੇ ਹੀ ਬਹਿਣਾ। ਮੁੰਡੇ ਉਂ ਨ੍ਹੀਂ ਸਿੱਧੇ ਮੂੰਹ ਬੋਲਦੇ। ਨੂੰਹਾਂ ਅੱਡ ਕੁੱਤੇ ਖਾਣੀ ਕਰਦੀਆਂ। ਅਖੇ, ਬੁੜ੍ਹਾ ਖਊਂ ਖਊਂ ਕਰਦਾ ਰਹਿੰਦੈ। ਬਾਈ ਸਿਆਂ, ਬੁੱਢੇ ਬੰਦੇ ਦੀ ਕੋਈ ਜੂਨ ਆਂ। ਉਂਈਂ ਲੱਕ ਟੁੱਟੇ ਕੁੱਤੇ ਆਂਗੂੰ, ਰਹਿੰਦੀ ਜ਼ਿੰਦਗੀ ਦੀ ਧੂਹ ਧੜੀਸ ਕਰੀ ਜਾਨੇ ਆਂ...। ਜਗਤਾ ਕੁੱਬਾ ਆਪਣਾ ਹੀ ਰੋਣਾ ਰੋਣ ਲੱਗ ਪਿਆ ਸੀ।
''ਬੁੱਢਾ ਮਨੁੱਖ ਤੇ ਬੁੱਢਾ ਪਸ਼ੂ ਮਨੁੱਖ ਦੀ ਹਮਦਰਦੀ ਤੇ ਸਤਿਕਾਰ ਦੇ ਪਾਤਰ ਹੋਣੈ ਚਾਹੀਦੇ ਹਨ। ਪਰ....।'' ਚੰਨਣ ਸਿਉਂ ਨੇ ਮਨ 'ਚ ਸੋਚਿਆ ਸੀ।
''ਜਗਤ ਸਿਆਂ...।'' ਚੰਨਣ ਸਿਉਂ ਉਹਦੇ ਨੇੜੇ ਹੋ ਕੇ, ਉਚੀ ਦੇਣੀ ਬੋਲਿਆ ਸੀ, ਮੈਂ ਪੁੱਛਦੈਂ, ਇੱਥੇ ਮੁੰਡੇ ਤਾਸ਼ ਖੇਡਦੇ ਸੀ, ਕਿੱਧਰ ਨੂੰ ਵਗ ਗਏ?''
''ਹੈਂ....। ਮੁੰਡੇ... ਉਨ੍ਹਾਂ ਨੂੰ ਤਾਂ ਭਾਈ, ਗੁਰਦੁਆਰੇ ਦਾ ਭਾਈ ਲੈ ਗਿਆ। ਅਖੇ ਨਿਸ਼ਾਨ ਸਾਹਿਬ ਚੜ੍ਹਾਉਣੈ ਨਵਾਂ....। ਕਹਿੰਦਾ ਆ ਕਲਕੱਤੇ ਆਲਿਆਂ ਨੇ 'ਸੇਵਾ' ਕਰਾਈ ਆ, ਨਵੇਂ ਨਿਸ਼ਾਨ ਸਾਹਿਬ ਦੀ...। ਹੈਂ... ਇਹ ਤਾਂ ਭਾਈ ਆਪੋ ਆਪਣੀ ਸ਼ਰਧਾ ਭਾਈ...।''
ਚੰਨਣ ਸਿਉਂ ਨੂੰ ਇਹ ਸੁਣ ਕੇ ਪਤਾ ਨਹੀਂ ਕਿਉਂ ਗੁੱਸਾ ਜਿਹਾ ਚੜ੍ਹ ਗਿਆ ਸੀ। ਉਹ ਰਗਾਂ ਘਰੋੜ ਕੇ ਬੋਲਿਆ।
''ਹੇਖਾਂ, ਕਲਕੱਤੇ ਆਲਿਆਂ ਦੀ ਬੁੜੀ ਤਾਂ ਲੋਕਾਂ ਦੀਆਂ 'ਬੁੱਤੀਆਂ' ਕਰਦੀ ਮਰਗੀ। ਤੇ ਬੁੜਾ ਬੁੱਢੇ ਬਾਰੇ ਆਪ ਹੱਕ ਸਾੜਦੈ। ਮੇਰੇ ਸਾਲੇ, ਪਿਉ ਪਤੰਦਰ ਨੂੰ ਤਾਂ ਰੋਟੀ ਦੇ ਨਹੀਂ ਸਕਦੇ। ਤੇ ਨਿਸ਼ਾਨ ਸਾਹਿਬ ਚੜਾਉਂਦੇ ਫਿਰਦੇ ਆ। ਢੇਕੇ ਸ਼ਰਧਾ ਦੇ...
ਚੰਨਣ ਸਿਉਂ ਬੁੜ ਬੁੜ ਕਰਦਾ ਘਰ ਨੂੰ ਮੁੜ ਗਿਆ ਸੀ।
(ਸਾਹਿਤਕ ਪਰਚੇ 'ਚਿਰਾਗ' 'ਚੋਂ ਧੰਨਵਾਦ ਸਹਿਤ)
No comments:
Post a Comment