Saturday 14 June 2014

ਨਸ਼ਾਖੋਰੀ ਦੇ ਸੰਤਾਪ ਅਤੇ ਬਿਜਲੀ ਦਰਾਂ 'ਚ ਤਜ਼ਵੀਜ਼ਸ਼ੁਦਾ ਵਾਧੇ ਖਿਲਾਫ ਜਲੰਧਰ 'ਚ ਵਿਸ਼ਾਲ ਕਨਵੈਨਸ਼ਨ

ਵਿਸ਼ੇਸ਼ ਰਿਪੋਰਟ

ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ (ਸੀ.ਪੀ.ਐਮ. ਪੰਜਾਬ) ਦੇ ਸੱਦੇ 'ਤੇ ਅੱਜ ਏਥੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪ੍ਰਾਂਤ ਅੰਦਰ ਵੱਧ ਰਹੀ ਨਸ਼ਾਖੋਰੀ ਦੇ ਸੰਤਾਪ ਅਤੇ ਬਿਜਲੀ ਕਾਰਪੋਰੇਸ਼ਨ ਵਲੋਂ ਬਿਜਲੀ ਦਰਾਂ ਵਿਚ ਕੀਤੇ ਜਾ ਰਹੇ ਭਾਰੀ ਵਾਧੇ ਵਿਰੁੱਧ ਇਕ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ। ਜਿਸ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਪਾਰਟੀ ਦੇ ਸਰਗਰਮ ਕਾਰਕੁੰਨਾਂ ਨੇ  ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। 
ਸਰਵਸਾਥੀ ਗੁਰਨਾਮ ਸਿੰਘ ਸੰਘੇੜਾ, ਡਾਕਟਰ ਸਤਨਾਮ ਸਿੰਘ ਅਤੇ ਲਾਲਚੰਦ ਕਟਾਰੂਚੱਕ ਦੀ ਪ੍ਰਧਾਨਗੀ ਹੇਠ ਹੋਈ ਇਸ ਕਨਵੈਨਸ਼ਨ ਨੂੰ ਪਾਰਟੀ ਦੇ ਆਗੂਆਂ ਸਰਵਸਾਥੀ ਮੰਗਤ ਰਾਮ ਪਾਸਲਾ, ਕੁਲਵੰਤ ਸਿੰਘ ਸੰਧੂ, ਰਘਬੀਰ ਸਿੰਘ, ਰਤਨ ਸਿੰਘ ਰੰਧਾਵਾ ਅਤੇઠઠਹਰਕੰਵਲ ਸਿੰਘ ਤੋਂ ਇਲਾਵਾ ਉਘੇ ਸਿਹਤ ਵਿਗਿਆਨੀ ਡਾ. ਅਜੀਤਪਾਲ ਸਿੰਘ ਐਮ.ਡੀ. ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਤੋਂ ਸੇਵਾਮੁਕਤ ਐਸ.ਈ. ਇੰਜੀਨੀਅਰ ਸ਼ੀਤਲ ਸਿੰਘ ਸੰਘਾ ਨੇ ਵੀ ਸੰਬੋਧਨ ਕੀਤਾ। 
ਖਚਾਖਚ ਭਰੇ ਹੋਏ ਦੇਸ਼ ਭਗਤ ਯਾਦਗਾਰ ਹਾਲ ਵਿਚ ਜੁੜੇ ਪਾਰਟੀ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ 'ਚ ਨਸ਼ਾਖੋਰੀ ਨੂੰ ਬੜ੍ਹਾਵਾ ਦੇ ਕੇ ਡਰਗ ਮਾਫੀਆ ਬੇਰੁਜ਼ਗਾਰੀ ਤੇ ਨਿਰਾਸ਼ਤਾ ਵਿਚ ਘਿਰੀ ਹੋਈ ਜਵਾਨੀ ਨੂੰ ਬੁਰੀ ਤਰ੍ਹਾਂ ਤਬਾਹ ਕਰ ਰਿਹਾ ਹੈ ਅਤੇ ਇਸ ਕਾਲੇ ਧੰਦੇ ਵਿਚ ਅਰਬਾਂ ਰੁਪਏ ਕਮਾ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਨਸ਼ਾਖੋਰੀ ਦੀ ਇਸ ਲਾਹਨਤ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਬਰਬਾਦ ਹੋ ਚੁੱਕੇ ਪਰਿਵਾਰਾਂ ਦੇ ਭਿਆਨਕ ਸੰਤਾਪ ਲਈ ਪੰਜਾਬ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਕਿਉਂਕਿ ਹਾਕਮ ਪਾਰਟੀਆਂ ਦੇ ਕਈ ਉਚ ਆਗੂ ਤੇ ਪੁਲਸ ਦੇ ਅਧਿਕਾਰੀ ਡਰਗ ਮਾਫੀਏ ਨਾਲ ਪੂਰੀ ਤਰ੍ਹਾਂ ਘਿਓ ਖਿਚੜੀ ਹੋਏ ਪਏ ਹਨ। 
ਪ੍ਰਾਂਤ ਅੰਦਰ ਬਿਜਲੀ ਦਰਾਂ ਵਿਚ ਪਹਿਲੀ ਅਪ੍ਰੈਲ ਤੋਂ 12 ਫੀਸਦੀ ਦਾ ਭਾਰੀ ਵਾਧਾ ਕਰਨ ਦੀ ਤਜਵੀਜ਼ ਦਾ ਜ਼ੋਰਦਾਰ ਵਿਰੋਧ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜਦੋਂਕਿ ਇਕ ਪਾਸੇ ਬਿਜਲੀ ਕਾਰਪੋਰੇਸ਼ਨ ਪਹਿਲਾਂ ਹੀ ਚੋਖਾ ਵੱਡਾ ਮੁਨਾਫਾ ਕਮਾ ਰਹੀ ਹੈ ਅਤੇ ਦੂਜੇ ਪਾਸੇ ਲਗਾਤਾਰ ਵੱਧਦੀ ਜਾ ਰਹੀ ਮਹਿੰਗਾਈ ਕਾਰਨ ਲੋਕਾਂ ਦਾ ਬੁਰੀ ਤਰ੍ਹਾਂ ਲੱਕ ਟੁੱਟ ਚੁੱਕਾ ਹੈ ਤਾਂ ਇਹ ਨਾਵਾਜ਼ਬ ਵਾਧਾ ਸਪੱਸ਼ਟ ਰੂਪ ਵਿਚ ਖਪਤਕਾਰਾਂ ਉਪਰ ਇਕ ਘਿਨੌਣਾ ਹਮਲਾ ਹੈ ਜਿਸ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 
ਡਾਕਟਰ ਅਜੀਤਪਾਲ ਸਿੰਘ ਨੇ ਨਸ਼ਿਆਂ ਵਿਰੁੱਧ ਆਪਣੇ ਕੁੰੰਜੀਵਤ ਭਾਸ਼ਨ ਵਿਚ ਇਹਨਾਂ ਦੇ ਮਨੁੱਖੀ ਸਿਹਤ ਤੇ ਮਨੁੱਖੀ ਭਾਈਚਾਰੇ ਉਪਰ ਪੈ ਰਹੇ ਮਾਰੂ ਅਸਰਾਂ ਬਾਰੇ ਠੋਸ ਤੱਥਾਂ 'ਤੇ ਅਧਾਰਿਤ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਨਸ਼ਾ ਇਕ ਅਜਿਹੀ ਚੀਜ਼ ਹੈ ਜਿਸ ਵਿਚ ਬੰਦਾ ਆਪਣੀ ਸੁੱਧ-ਬੁੱਧ ਗੁਆ ਬੈਠਦਾ ਹੈ ਤੇ ਆਪਣੇ ਆਲੇ ਦੁਆਲੇ ਤੋਂ ਬੇਖ਼ਬਰ ਤੇ ਬੇਪ੍ਰਵਾਹ ਹੋ ਜਾਂਦਾ ਹੈ। ਇਸੇ ਲਈ ਉਸ ਵਿਚ ਜੁਅਰਤ ਵੱਧ ਜਾਂਦੀ ਹੈ। ਬਲਾਤਕਾਰ, ਕਤਲ, ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਿਚ ਉਸਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ। ਉਹਨਾਂ ਦੱਸਿਆ ਕਿ ਪੰਜਾਬ ਦੀ ਅੱਜ ਦੀ ਹਾਲਤ ਇਹ ਹੈ ਕਿ ਸੱਤਰ ਫੀਸਦੀ ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦੀ ਲਪੇਟ 'ਚ ਹਨ। ਹੁਕਮਰਾਨ ਪਾਰਟੀਆਂ ਨੂੰ ਇਸ ਦੀ ਕੋਈ ਫਿਕਰ ਨਹੀਂ। ਜੇਲ੍ਹਾਂ ਅੱਜ ਸੁਧਾਰ ਘਰ ਨਹੀਂ ਸਗੋਂ ਵਿਗਾੜ ਘਰ ਬਣ ਗਈਆਂ ਹਨ। ਹਾਲਤ ਇਹ ਹੈ ਕਿ ਇਨ੍ਹਾਂ ਜੇਲ੍ਹਾਂ 'ਚ 10 ਹਜ਼ਾਰ ਕੈਦੀ ਰੋਜ਼ਾਨਾ ਨਸ਼ੇ ਕਰਕੇ ਸੌਂਦਾ ਹੈ। ਸਰਕਾਰੀ ਮਸ਼ੀਨਰੀ ਪੂਰੀ ਤਰ੍ਹਾਂ ਸਿੱਥਲ ਹੋ ਚੁੱਕੀ ਹੈ। ਇਸਦੀ ਮਿਸਾਲ ਦਿੰਦਿਆਂ ਡਾਕਟਰ ਅਜੀਤਪਾਲ ਸਿੰਘ ਨੇ ਕਿਹਾ ਕਿ ਕਾਗਜ਼ਾਂ 'ਚ ਤਾਂ ਤੰਬਾਕੂ 'ਤੇ ਪਾਬੰਦੀ ਹੈ ਪਰ ਇਸ ਦੀ ਵਿਕਰੀ ਲਗਾਤਾਰ ਵੱਧ ਰਹੀ ਹੈ। ਉਹਨਾਂ ਸੀ.ਪੀ.ਐਮ.ਪੰਜਾਬ ਦੀ ਅਜਿਹੇ ਭੱਖਦੇ ਮੁੱਦੇ 'ਤੇ ਪਹਿਲਕਦਮੀ ਲਈ ਸਰਾਹਨਾਂ ਕੀਤੀ। 
ਇੰਜੀਨੀਅਰ ਸ਼ੀਤਲ ਸਿੰਘ ਸੰਘਾ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ ਨਿਗਮੀਕਰਨ ਉਪਰੰਤ ਕਾਰਪੋਰੇਸ਼ਨ ਵਲੋਂ ਬਹੁਤ ਸਾਰੇ ਅਹਿਮ ਕਾਰਜਾਂ ਨੂੰ ਨਿੱਜੀ ਠੇਕੇਦਾਰਾਂ ਦੇ ਹਵਾਲੇ ਕਰ ਦੇਣ ਨਾਲ ਬਿਜਲੀ ਦੀਆਂ ਪੈਦਾਵਾਰੀ ਲਾਗਤਾਂ ਵਿਚ ਹੋ ਰਹੇ  ਵਾਧੇ ਦੀ ਬਾਰੀਕੀ ਨਾਲ ਵਿਆਖਿਆ ਕੀਤੀ। ਉਹਨਾਂ ਕਿਹਾ ਕਿ ਬਿਜਲੀ ਬੋਰਡ ਇਕ ਲੋਕ ਸੇਵਾ ਵਾਲਾ ਅਦਾਰਾ ਸੀ ਜਿਸ ਨੂੰ ਘਰ ਘਰ ਬਿਜਲੀ ਪਹੁੰਚਦੀ ਕਰਨ ਲਈ ਬਣਾਇਆ ਗਿਆ ਸੀ। ਬਿਜਲੀ ਕਿਸੇ ਵੀ ਦੇਸ਼ ਦੀ ਜੀਵਨ ਰੇਖਾ ਹੈ, ਇਸ ਤੋਂ ਬਿਨਾਂ ਇਸ ਯੁੱਗ ਵਿਚ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਸਾਡੇ ਹੁਕਮਰਾਨਾਂ ਨੇ ਇਸ ਅਦਾਰੇ ਨੂੰ ਲੋਕ ਸੇਵਾ ਵਾਲੇ ਪਾਸਿਓਂ ਹਟਾਕੇ ਮੁਨਾਫੇ ਦਾ ਹਥਿਆਰ ਬਣਾ ਲਿਆ ਹੈ। ਲੋਕਾਂ ਦੀ ਸੇਵਾ ਕਰਨ ਬਾਰੇ ਅਦਾਰੇ ਜਦ ਉਨ੍ਹਾਂ ਨੂੰ ਲੁੱਟਣ ਵਾਲਾ ਹਥਿਆਰ ਬਣ ਜਾਣ ਤਾਂ ਤਬਾਹੀ ਅਟੱਲ ਹੈ। ਸਾਥੀ ਸੰਘਾ ਨੇ ਵਿਸਥਾਰ ਨਾਲ ਦੱਸਿਆ ਕਿ ਪੰਜਾਬ 'ਚ ਪਾਣੀ ਤੋਂ ਬਿਜਲੀ ਬਣਾਉਣਾ ਕੋਲੇ ਤੋਂ ਬਿਜਲੀ ਬਣਾਉਣ ਨਾਲੋਂ ਕਿਤੇ ਜ਼ਿਆਦਾ ਸਸਤਾ ਪੈਂਦਾ ਹੈ ਪਰ ਸਾਰਾ ਜ਼ੋਰ ਥਰਮਲ ਪਲਾਂਟਾਂ 'ਤੇ ਲਾਇਆ ਜਾ ਰਿਹਾ ਹੈ। ਕਾਰਨ ਸਾਫ ਹੈ ਕਿ ਪਾਣੀ ਤਾਂ ਕੁਦਰਤ ਦੀ ਦੇਣ ਹੈ, ਉਸ ਦੀ ਸਪਲਾਈ ਤਾਂ ਆਪਣੇ ਆਪ ਹੋਣੀ ਹੈ, ਇਸ ਕਰਕੇ ਉਸ 'ਚੋਂ ਮੁਨਾਫਾ ਨਹੀਂ ਕਮਾਇਆ ਜਾ ਸਕਦਾ ਪਰ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ 'ਚੋਂ ਕਮਿਸ਼ਨ ਦੇ ਰੂਪ 'ਚ ਤੇ ਹੋਰ ਢੰਗ ਤਰੀਕਿਆਂ ਰਾਹੀਂ ਕਰੋੜਾਂ ਰੁਪਏ ਦੀ ਕਾਲੀ ਕਮਾਈ ਕੀਤੀ ਜਾਂਦੀ ਹੈ। 
ਸੂਬਾ ਸਕੱਤਰੇਤ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਆਪਣੀ ਸੰਖੇਪ ਤਕਰੀਰ ਦੌਰਾਨ ਕਿਹਾ ਕਿ ਇਹ ਕਨਵੈਨਸ਼ਨ ਪੰਜਾਬ ਦੇ ਲੋਕਾਂ ਨਾਲ ਬਿਲਕੁਲ ਨੇੜਿਓਂ ਜੁੜੇ ਹੋਏ ਸਭ ਤੋਂ ਭੱਖਦੇ ਮੁੱਦਿਆਂ ਬਾਰੇ ਲੋਕਾਂ, ਖਾਸਕਰ ਪਾਰਟੀ ਕਾਰਕੁੰਨਾਂ ਨੂੰ ਸੁਸਿਖਿਅਤ ਕਰਨ ਦਾ ਇਕ ਉਪਰਾਲਾ ਹੈ ਜਿਸ ਵਾਸਤੇ ਇਹਨਾਂ ਦੋਹਾਂ ਵਿਸ਼ਿਆਂ ਦੇ ਮਾਹਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਉਨ੍ਹਾ ਕਨਵੈਨਸ਼ਨ 'ਚ ਮੌਜੂਦ ਸਰੋਤਿਆਂ ਨੂੰ ਵੰਗਾਰਦਿਆਂ ਕਿਹਾ ਕਿ ਇਸ ਕਨਵੈਨਸ਼ਨ 'ਚ ਪਾਸ ਕੀਤੇ ਗਏ ਮਤੇ ਸਿਰਫ ਕਾਗਜ਼ੀ ਮਤੇ ਨਾ ਰਹਿ ਜਾਣ। ਇਹਨਾਂ ਮਤਿਆਂ ਤੋਂ ਸੇਧ ਲੈ ਕੇ ਲੋਕਾਂ 'ਚ ਜਾਓ, ਉਹਨਾਂ ਨੂੰ ਜਾਗਰੂਕ ਕਰੋ, ਲਾਮਬੰਦ ਕਰੋ ਤੇ ਲੋਕ ਪੱਖੀ ਜਥੇਬੰਦੀਆਂ ਨੂੰ ਇਕ ਸਾਂਝੇ ਪਲੇਟਫਾਰਮ 'ਤ ਇਕਮੁੱਠ ਹੋਣ ਲਈ ਜ਼ੋਰਦਾਰ ਉਪਰਾਲੇ ਕਰੋ, ਪੂਰੀ ਤਰਥੱਲੀ ਮਚਾਓ ਤੇ ਆਪਣਾ ਇਕ ਇਕ ਪਲ ਲੋਕ ਯੁਧ ਨੂੰ ਪ੍ਰਚੰਡ ਕਰਨ ਦੇ ਲੇਖੇ ਲਾ ਦਿਓ।  
ਪਾਰਟੀ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਪੰਜਾਬ ਦੇ ਹਾਕਮਾਂ ਦੀਆਂ ਲਗਾਤਾਰ ਜਾਰੀ ਲੋਕਮਾਰੂ ਪਹੁੰਚਾਂ ਉਪਰ ਜ਼ੋਰਦਾਰ ਹਮਲੇ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਵਲੋਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਵਾਸਤੇ ਕੋਈ ਠੋਸ ਤੇ ਅਸਰਦਾਰ ਕਾਰਵਾਈ ਕਰਨ ਦੀ ਬਜਾਏ ਨਸ਼ਿਆਂ ਦੀ ਜਕੜ ਵਿਚ ਆਏ ਸਧਾਰਨ ਵਿਅਕਤੀਆਂ ਦੀ ਤਾਂ ਫੜੋ ਫੜਾਈ ਕੀਤੀ ਜਾ ਰਹੀ ਹੈ, ਪ੍ਰੰਤੂ ਵੱਡੇ ਵਪਾਰੀਆਂ ਨੂੰ ਉੱਕਾ ਹੀ ਹੱਥ ਨਹੀਂ ਪਾਇਆ ਜਾ ਰਿਹਾ। ਦਸ ਕੁ ਦਿਨਾਂ ਤੋਂ ਨਸ਼ਿਆਂ ਖਿਲਾਫ ਪੁਲਸ ਵਲੋਂ ਚਲਾਈ ਗਈ ਮੁਹਿੰਮ ਦਾ ਜਿਕਰ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਨਸ਼ੇ ਕਿਤੇ ਹੁਣ ਹੀ ਤਾਂ ਨਹੀਂ ਵਿਕਣ ਲੱਗੇ । ਇਹਨਾਂ ਨਸ਼ਿਆਂ ਨੇ ਤਾਂ ਪੰਜਾਬ ਦੀ ਜਵਾਨੀ ਦਾ ਬੇੜਾ ਹੀ ਗਰਕ ਕਰਕੇ ਰੱਖ ਦਿੱਤਾ ਹੈ। ਨਸ਼ਿਆਂ ਦੇ ਇਸ ਛੇਵੇਂ ਦਰਿਆ ਨੇ ਅਜਿਹਾ ਕਹਿਰ ਢਾਹਿਆ ਹੈ ਕਿ ਮਾਪਿਆਂ ਦਾ ਆਪਣੇ ਬੱਚਿਆਂ ਤੋਂ ਹੀ ਵਿਸ਼ਵਾਸ ਉਠ ਗਿਆ ਹੈ। ਲੋਕਾਂ ਦੀ ਰੂਹ ਪਿੰਜ ਕੇ ਰੱਖ ਦਿੱਤੀ ਗਈ ਹੈ। ਚੋਣਾਂ ਦੌਰਾਨ ਜਦ ਲੋਕਾਂ ਨੇ ਪਿੰਡਾਂ 'ਚ ਹੋਏ ਇਕੱਠਾਂ ਦੌਰਾਨ ਇਸ ਮੁੱਦੇ 'ਤੇ ਜਥੇਦਾਰਾ ਦੇ ਮੂੰਹ 'ਤੇ ਮਾਰੀਆਂ, ਤਾਂ ਜਾ ਕੇ ਸਰਕਾਰ ਨੂੰ ਚੇਤਾ ਆਇਆ ਕਿ ਕੁੱਝ ਨਾ ਕੁੱਝ ਤਾਂ ਕੀਤਾ ਹੀ ਜਾਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਨਸ਼ਿਆਂ ਖਿਲਾਫ ਪੁਲਸ ਦੀ ਮੌਜੂਦਾ ਮੁਹਿੰਮ ਅੱਖੀਂ ਘੱਟਾ ਪਾਉਣ ਤੋਂ ਵੱਧ ਕੁੱਝ ਵੀ ਨਹੀਂ ਹੈ। ਸਾਥੀ ਪਾਸਲਾ ਨੇ ਸਵਾਲ ਕੀਤਾ ਕਿ ਮੰਤਰੀ ਸਰਵਣ ਸਿੰਘ ਫਿਲੌਰ ਤੋਂ ਤਾਂ ਅਸਤੀਫਾ ਲੈ ਲਿਆ ਗਿਆ ਹੈ ਜਿਸ ਦੇ ਪੁੱਤਰ ਦਾ ਨਾਂਅ ਨਸ਼ਿਆਂ ਦੇ ਸੁਦਾਗਰਾਂ ਨਾਲ ਜੁੜਨ ਦੀ ਗੱਲ ਸਾਹਮਣੇ ਆ ਗਈ ਸੀ। ਪਰ ਮਜੀਠੀਆਂ ਸਮੇਤ ਦੂਸਰੇ ਮੰਤਰੀਆਂ ਕੋਲੋਂ ਅਸਤੀਫੇ ਕਿਉਂ ਨਹੀਂ ਲਏ ਗਏ ਜਿਨ੍ਹਾਂ ਦੇ ਨਾਂਅ ਨਸ਼ਿਆਂ ਦੀ ਸਮਗਲਿੰਗ ਦੇ ਦੋਸ਼ਾਂ ਅਧੀਨ ਫੜੇ ਗਏ ਸਾਬਕਾ ਪੁਲਸ ਅਧਿਕਾਰੀ ਜਗਦੀਸ਼ ਭੋਲਾ ਵੱਲੋਂ ਵੀ ਅਤੇ ਸਾਬਕਾ ਪੁਲਸ ਮੁਖੀ ਸ਼ਸ਼ੀਕਾਂਤ ਨੇ ਵੀ ਸਰੇਆਮ ਲਾਏ ਹਨ। 
ਬਿਜਲੀ ਦੇ ਰੇਟਾਂ ਵਿਚ ਵਾਧੇ ਦੀ ਗੱਲ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਵਾਧੇ ਦੀ ਇਹ ਤਜ਼ਵੀਜ਼ ਤਾਂ ਚੋਣਾਂ ਤੋਂ ਪਹਿਲਾਂ ਹੀ ਤਿਆਰ ਸੀ ਪਰ ਬਾਦਲ ਸਰਕਾਰ ਨੇ ਚੋਣਾਂ 'ਚ ਵੋਟਾਂ ਖੁਸਣ ਦੇ ਡਰੋਂ ਇਸਨੂੰ ਅੱਗੇ ਪਾ ਦਿੱਤਾ ਸੀ। ਚੋਣਾਂ ਗੁਜਰਨ ਤੋਂ ਬਾਅਦ ਹੁਣ ਇਸ ਤਜਵੀਜ਼ 'ਤੇ ਅਮਲ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਬਿਜਲੀ ਦੇ ਰੇਟ ਵਧਾ ਦਿੱਤੇ ਗਏ ਤਾਂ ਸਧਾਰਨ ਲੋਕਾਂ ਦੇ ਘਰਾਂ 'ਚ ਹਨੇਰਾ ਛਾ ਜਾਵੇਗਾ। ਸਭ ਤੋਂ ਵੱਧ ਮਾਰ ਦਿਹਾੜੀਦਾਰ ਕਾਮਿਆਂ ਨੂੰ ਪਵੇਗੀ ਜਿਨ੍ਹਾਂ ਦੇ ਸਥਾਈ ਰੁਜ਼ਗਾਰ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਸਾਥੀ ਪਾਸਲਾ ਨੇ  ਲੋਕਾਂ ਨੂੰ ਇਨ੍ਹਾਂ ਦੋਹਾਂ ਮੁੱਦਿਆਂ 'ਤੇ ਸੰਘਰਸ਼ ਲਈ ਮੈਦਾਨ 'ਚ ਕੁੱਦਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੀ.ਪੀ.ਐਮ.ਪੰਜਾਬ ਦਾ ਮਕਸਦ ਕੇਵਲ ਕਨਵੈਨਸ਼ਨ ਤੱਕ ਹੀ ਸੀਮਤ ਨਹੀਂ, ਅਸੀਂ ਇਹ ਜੰਗ ਜਿੱਤਣ ਲਈ ਮੈਦਾਨ ਵਿਚ ਉਤਰਨਾ ਹੈ। ਉਨ੍ਹਾ ਹੋਰਨਾਂ ਹਮਖਿਆਲ ਲੋਕਪੱਖੀ ਧਿਰਾਂ ਨੂੰ ਵੀ ਇਸ ਲੋਕ ਪੱਖੀ ਜੰਗ ਦੇ ਭਾਈਵਾਲ ਬਨਣ ਲਈ ਇਕ ਸਾਂਝੇ ਮੰਚ 'ਤੇ ਆਉਣ ਦਾ ਸੱਦਾ ਦਿੱਤਾ। 
ਕਨਵੈਨਸ਼ਨ ਵਿਚ ਪ੍ਰਵਾਨ ਕੀਤੇ ਗਏ ਮਤਿਆਂ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਨਜ਼ਾਇਜ਼ ਨਸ਼ਿਆਂ ਦੇ ਵਪਾਰੀਆਂ ਵਿਰੁੱੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਿਆ ਜਾਵੇ। ਇਕ ਹੋਰ ਮਤੇ ਰਾਹੀਂ ਬਿਜਲੀ ਕਾਰਪੋਰੇਸ਼ਨ ਤੋਂ ਮੰਗ ਕੀਤੀ ਗਈ ਕਿ ਫਿਜ਼ੂਲਖਰਚੀਆਂ ਤੇ ਭਰਿਸ਼ਟਾਚਾਰ ਨੂੰ ਰੋਕ ਕੇ ਬਿਜਲੀ ਦਰਾਂ ਘਟਾ ਕੇ, ਵੱਧ ਤੋਂ ਵੱਧ 2 ਰੁਪਏ ਪ੍ਰਤੀ ਯੂਨਿਟ ਕੀਤੀਆਂ ਜਾਣ।  
ਕਨਵੈਨਸ਼ਨ ਨੇ ਐਲਾਨ ਕੀਤਾ ਕਿ ਇਨ੍ਹਾਂ ਦੋਹਾਂ ਮੁੱਦਿਆਂ 'ਤੇ ਪ੍ਰਾਂਤ ਭਰ ਵਿਚ ਜ਼ੋਰਦਾਰ ਮੁਹਿੰਮ ਚਲਾਈ ਜਾਵੇਗੀ, ਜਿਸ ਵਾਸਤੇ ਪਾਰਟੀ ਦੀਆਂ ਸਾਰੀਆਂ ਕਮੇਟੀਆਂ ਤੇ ਇਕਾਈਆਂ ਵਲੋਂ ਹਰ ਪੱਧਰ 'ਤੇ ਠੋਸ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਕਨਵੈਨਸ਼ਨ ਦੌਰਾਨ ਸਟੇਜ ਦੀ ਜ਼ਿੰਮੇਵਾਰੀ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਨਿਭਾਈ।  
ਕਨਵੈਨਸ਼ਨ ਵਲੋਂ ਪਾਸ ਕੀਤੇ ਗਏ ਮਤੇ

ਨਸ਼ਿਆਂ ਦੇ ਵੱਧ ਰਹੇ ਸੰਤਾਪ ਵਿਰੁੱਧ ਮਤਾ 
ਇਹ ਕਨਵੈਨਸ਼ਨ ਪੰਜਾਬ ਅੰਦਰ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆ ਉਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ। ਇਹ ਕਨਵੈਨਸ਼ਨ ਮਹਿਸੂਸ ਕਰਦੀ ਹੈ ਕਿ ਪ੍ਰਾਂਤ ਵਿਚ ਵਧੀ ਨਸ਼ਾਖੋਰੀ ਨੇ ਵਿਸ਼ੇਸ਼ ਤੌਰ 'ਤੇ ਸਮੈਕ, ਹਿਰੋਈਨ ਤੇ ਭੁੱਕੀ ਅਤੇ ਹੋਰ ਸਿੰਥੈਟਿਕ ਨਸ਼ਿਆਂ ਨੇ, ਨੌਜਵਾਨਾਂ ਦੀ ਵੱਡੀ ਗਿਣਤੀ ਨੂੰ ਆਪਣੀ ਮਾਰੂ ਲਪੇਟ ਵਿਚ ਲੈ ਲਿਆ ਹੈ ਅਤੇ ਹਜ਼ਾਰਾਂ ਪਰਿਵਾਰਾਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਤ੍ਰਾਸਦੀ ਇਹ ਹੈ ਕਿ ਇਨ੍ਹਾਂ ਗੈਰ ਕਾਨੂੰਨੀ ਨਸ਼ਿਆਂ ਦੀ ਤਸਕਰੀ ਵਿਚ ਨਸ਼ਿਆਂ ਦੇ ਵਪਾਰੀ, ਪੁਲਸ ਤੇ ਕਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਹਾਕਮ ਸਿਆਸੀ ਪਾਰਟੀਆਂ ਦੇ ਕਈ ਵੱਡੇ ਆਗੂ ਬਰਾਬਰ ਦੇ ਭਾਈਵਾਲ ਬਣ ਚੁੱਕੇ ਹਨ। ਜਿਸਦੇ ਫਲਸਰੂਪ ਡਰਗ ਮਾਫੀਆ ਬਿਨਾਂ ਕਿਸੇ ਡਰ ਦੇ ਸ਼ਰੇਆਮ ਨਸ਼ੇ ਵੰਡ ਰਿਹਾ ਹੈ ਅਤੇ ਭੋਲੇ ਭਾਲੇ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾਕੇ ਅਰਬਾਂ ਰੁਪਏ ਕਮਾ ਰਿਹਾ ਹੈ। ਇਹੋ ਕਾਰਨ ਹੈ ਕਿ ਸਰਕਾਰ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਵਿਚ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਸਾਧਾਰਨ ਵਿਅਕਤੀਆਂ ਨੂੰ ਤਾਂ ਫੜਿਆ ਜਾਂਦਾ ਹੈ ਪ੍ਰੰਤੂ ਨਸ਼ਿਆਂ ਦੀ ਤਸਕਰੀ ਲਈ ਅਸਲ ਦੋਸ਼ੀ, ਵੱਡੇ ਤੇ ਘਾਗ ਵਪਾਰੀਆਂ ਨੂੰ ਕਦੇ ਹੱਥ ਨਹੀਂ ਪਾਇਆ ਜਾਂਦਾ। 
ਇਸ ਅਵਸਥਾ ਵਿਚ ਇਹ ਕਨਵੈਨਸ਼ਨ ਪੰਜਾਬ ਦੇ ਲੋਕਾਂ ਨੂੰ ਇਹ ਜ਼ੋਰਦਾਰ ਅਪੀਲ ਕਰਦੀ ਹੈ ਕਿ ਪ੍ਰਾਂਤ ਦੀ ਜਵਾਨੀ ਨੂੰ ਬਚਾਉਣ ਲਈ ਅਤੇ ਪ੍ਰਾਂਤ ਦੀਆਂ ਸਿਹਤਮੰਦ ਤੇ ਉਸਾਰੂ ਸਮਾਜਕ ਪਰੰਪਰਾਵਾਂ ਦੀ ਜੋਤ ਨੂੰ ਜਗਾਈ ਰੱਖਣ ਲਈ ਨਸ਼ਿਆਂ ਵਿਰੁੱਧ ਇਕ ਜ਼ੋਰਦਾਰ ਲੋਕ ਜਗਾਓ ਮੁਹਿੰਮ ਚਲਾਈ ਜਾਵੇ। 
ਇਹ ਕਨਵੈਨਸ਼ਨ ਸਰਕਾਰ ਤੋਂ ਵੀ ਮੰਗ ਕਰਦੀ ਹੈ ਕਿ ਨਸ਼ਿਆਂ ਦੇ ਵਪਾਰੀਆਂ ਦੇ ਲੋਕ ਦੋਖੀ ਮਨਸੂਬਿਆਂ ਨੂੰ ਨੱਥ ਪਾਉਣ ਲਈ ਸਖਤ ਤੋਂ ਸਖਤ ਕਦਮ ਪੁੱਟੇ ਜਾਣ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਨੱਥ ਪਾ ਕੇ ਅਤੇ ਮਿਸਾਲੀ ਸਜਾਵਾਂ ਦੇ ਕੇ ਨਜਾਇਜ਼ ਨਸ਼ਿਆਂ ਦੀ ਸਪਲਾਈ ਲਾਈਨ ਤੋੜੀ ਜਾਵੇ। 
ਇਹ ਕਨਵੈਨਸ਼ਨ ਲੋਕਾਂ ਨੂੰ, ਵਿਸ਼ੇਸ਼ ਤੌਰ 'ਤੇ ਰਾਜਨੀਤਕ ਪਾਰਟੀਆਂ ਤੇ ਜਨਤਕ  ਜਥੇਬੰਦੀਆਂ ਦੇ ਆਗੂਆਂ ਨੂੰ ਇਹ ਅਪੀਲ ਕਰਦੀ ਹੈ ਕਿ ਨਸ਼ਾਖੋਰੀ ਵਿਰੁੱਧ ਸਾਂਝੀ ਮੁਹਿੰਮ ਜਥੇਬੰਦ ਕਰਨ ਲਈ ਜ਼ਿਲ੍ਹਿਆਂ ਵਿਚ, ਅਤੇ ਅੱਗੋਂ ਹੇਠਲੇ ਹਰ ਪੱਧਰ ਤੱਕ ਸਾਂਝੀਆਂ ਕਮੇਟੀਆਂ ਬਣਾਈਆਂ ਜਾਣ ਜਿਹੜੀਆਂ ਕਿ ਡਰਗ ਮਾਫੀਏ ਦੀਆਂ ਹਰ ਪੱਧਰ ਦੀਆਂ ਸਰਗਰਮੀਆਂ ਨੂੰ ਬੇਪਰਦ ਕਰਨ ਤੇ ਅਸਫਲ ਬਨਾਉਣ ਦੀ ਜਿੰਮੇਵਾਰੀ ਆਪਣੇ ਹੱਥਾਂ ਵਿਚ ਲੈਣ। ਅਜਿਹੀ ਬੱਝਵੀਂ, ਨਿਰੰਤਰ ਤੇ ਵਿਆਪਕ ਪਹੁੰਚ ਅਪਨਾਏ ਬਿਨਾਂ ਨਸ਼ਿਆਂ ਦੀ ਹੋ ਰਹੀ ਇਸ ਨਜਾਇਜ਼ ਸਪਲਾਈ ਨੂੰ ਸਿਰਫ ਪ੍ਰਸ਼ਾਸਨ ਉਪਰ ਨਿਰਭਰ ਰਹਿਕੇ ਹੀ ਨਹੀਂ ਰੋਕਿਆ ਜਾ ਸਕਦਾ। 
ਇਹ ਕਨਵੈਨਸ਼ਨ ਪਾਰਟੀ ਦੀਆਂ ਸਮੂਹ ਇਕਾਈਆਂ ਨੂੰ ਪੁਰਜ਼ੋਰ ਸੱਦਾ ਦਿੰਦੀ ਹੈ ਕਿ ਨਸ਼ਾਖੋਰੀ ਦੀ ਇਸ ਸਮਾਜਕ ਲਾਹਨਤ ਵਿਰੁੱਧ ਉਪਰੋਕਤ ਸੇਧ ਵਿਚ ਪਹਿਲਕਦਮੀਆਂ ਕਰਨੀਆਂ ਜਾਰੀ ਰੱਖੀਆਂ ਜਾਣ। 

ਬਿਜਲੀ ਦਰਾਂ ਵਿਚ ਕੀਤੇ ਜਾ ਰਹੇ ਵਾਧੇ ਵਿਰੁੱਧ ਮਤਾ 
ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੇ ਸੱਦੇ 'ਤੇ ਅੱਜ ਮਿਤੀ 27 ਮਈ 2014 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਇਹ ਭਰਵੀਂ ਸੂਬਾਈ ਕਨਵੈਨਸ਼ਨ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਵਲੋਂ ਪਹਿਲੀ ਅਪ੍ਰੈਲ 2014 ਤੋਂ ਬਿਜਲੀ ਦਰਾਂ ਵਿਚ 12% ਦਾ ਹੋਰ ਭਾਰੀ ਵਾਧਾ ਕਰਨ ਦੀਆਂ ਤਜਵੀਜਾਂ ਅਤੇ ਬਿਜਲੀ ਦੀ ਨੁਕਸਦਾਰ ਸਪਲਾਈ ਦੀ ਜ਼ੋਰਦਾਰ ਨਿਖੇਧੀ ਕਰਦੀ ਹੈ। ਇਹ ਕਨਵੈਨਸ਼ਨ ਮਹਿਸੂਸ ਕਰਦੀ ਹੈ ਕਿ ਪਹਿਲਾਂ ਹੀ ਪਿਛਲੇ ਵਰ੍ਹਿਆਂ ਦੌਰਾਨ ਬਿਜਲੀ ਦੀਆਂ ਦਰਾਂ ਵਿਚ ਵਾਰ ਵਾਰ ਵਾਧਾ ਕੀਤਾ ਜਾਂਦਾ ਰਿਹਾ ਹੈ। 10 ਸਾਲਾਂ ਦੌਰਾਨ ਕੀਤੇ ਗਏ ਇਹਨਾਂ ਵਾਧਿਆਂ ਦੇ ਫਲਸਰੂਪ ਖਪਤਕਾਰਾਂ ਉਪਰ 10,105 ਕਰੋੜ ਰੁਪਏ ਸਲਾਨਾ ਦਾ ਭਾਰ ਲੱਦਿਆ ਜਾ ਚੁੱਕਾ ਹੈ। ਇਸਦੇ ਨਾਲ ਹੀ ਇਸ ਤੱਥ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਬਿਜਲੀ ਕਾਰਪੋਰੇਸ਼ਨ ਘਾਟੇ ਵਿਚ ਨਹੀਂ ਹੈ, ਬਲਕਿ ਮੁਨਾਫ਼ਾ ਕਮਾ ਰਹੀ ਹੈ ਅਤੇ ਪਿਛਲੇ ਦੋ ਵਰ੍ਹਿਆਂ ਦੌਰਾਨ ਲਗਭਗ 972 ਕਰੋੜ ਰੁਪਏ ਦਾ ਮੁਨਾਫਾ ਕਮਾ ਚੁੱਕੀ ਹੈ। ਇਸ ਲਈ ਲੱਕ ਤੋੜ ਮਹਿੰਗਾਈ ਦੇ ਭਾਰ ਹੇਠ ਦਰੜੇ ਜਾ ਰਹੇ ਪੰਜਾਬੀਆਂ ਉਪਰ ਪਾਇਆ ਜਾ ਰਿਹਾ ਇਹ ਨਵਾਂ ਭਾਰ ਕਿਸੇ ਤਰ੍ਹਾਂ ਵੀ ਤਰਕ ਸੰਗਤ ਨਹੀਂ ਹੈ। ਇਹ ਸਪੱਸ਼ਟ ਰੂਪ ਵਿਚ ਬਿਜਲੀ ਕਾਰਪੋਰੇਸ਼ਨ ਦੀ ਅਜਾਰੇਦਾਰਾਨਾ ਲੁੱਟ ਨੂੰ ਹੀ ਰੂਪਮਾਨ ਕਰਦਾ ਹੈ। 
ਤ੍ਰਾਸਦੀ ਇਹ ਵੀ ਹੈ ਕਿ ਪ੍ਰਾਂਤ ਅੰਦਰ ਵਿਆਪਕ ਬੇਰੁਜ਼ਗਾਰੀ ਅਤੇ ਅਰਧ ਬੇਰੁਜ਼ਗਾਰੀ ਕਾਰਨ ਲੋਕਾਂ ਦੀਆਂ ਆਮਦਣਾਂ ਨੂੰ ਪਿਛਲੇ ਵਰ੍ਹਿਆਂ ਦੌਰਾਨ ਤਿੱਖਾ ਖੋਰਾ ਲੱਗਾ ਹੈ ਅਤੇ ਉਨ੍ਹਾਂ ਦੀ ਖਰੀਦ ਸ਼ਕਤੀ ਤੇਜ਼ੀ ਨਾਲ ਘਟੀ ਹੈ। ਇਸ ਹਾਲਤ ਵਿਚ ਉਹ ਬਿਜਲੀ ਦੇ ਵੱਡੇ ਵੱਡੇ ਬਿੱਲ ਭਰਨ ਤੋਂ ਪੂਰੀ ਤਰ੍ਹਾਂ ਅਸਮਰਥ ਹਨ। 
ਇਸ ਅਵਸਥਾ ਵਿਚ ਇਹ ਕਨਵੈਨਸ਼ਨ ਜ਼ੋਰਦਾਰ ਮੰਗ ਕਰਦੀ ਹੈ ਕਿ ਬਿਜਲੀ ਕਾਰਪੋਰੇਸ਼ਨ ਆਪਣੇ ਅਦਾਰੇ ਅੰਦਰਲੀਆਂ ਫਜ਼ੂਲਖਰਚੀਆਂ ਤੇ ਭਰਿਸ਼ਟਾਚਾਰ ਉਪਜ ਅਤੇ ਸਾਧਨਾਂ ਤੇ ਬਿਜਲੀ ਦੀ ਵੱਧ ਰਹੀ ਚੋਰੀ ਉਪਰ ਅਸਰਦਾਰ ਢੰਗ ਨਾਲ ਰੋਕ ਲਾਵੇ ਅਤੇ ਲਾਗਤ ਖਰਚੇ ਘਟਾਕੇ ਮੌਜੂਦਾ ਬਿਜਲੀ ਦਰਾਂ ਘਟਾ ਕੇ, ਵੱਧ ਤੋਂ ਵੱਧ 2 ਰੁਪਏ ਪ੍ਰਤੀ ਯੂਨਿਟ ਕੀਤੀਆਂ ਜਾਣ। 
ਇਹ ਕਨਵੈਸਨਸ਼ਨ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕਰਦੀ ਹੈ ਕਿ ਬਿਜਲੀ ਕਾਰਪੋਰੇਸ਼ਨ ਵਲੋਂ ਬਿਜਲੀ ਦਰਾਂ ਵਧਾਕੇ ਖਪਤਕਾਰਾਂ ਦੀ ਕੀਤੀ ਜਾ ਰਹੀ ਇਸ ਅਜਾਰੇਦਾਰਾਨਾ ਲੁੱਟ ਨੂੰ ਰੋਕਣ ਵਾਸਤੇ ਤੁਰੰਤ ਢੁਕਵੀਂ ਕਾਰਵਾਈ ਕਰੇ। 
ਇਹ ਕਨਵੈਨਸ਼ਨ ਪੰਜਾਬ ਵਾਸੀਆਂ ਨੂੰ ਸੱਦਾ ਦਿੰਦੀ ਹੈ ਕਿ ਬਿਜਲੀ ਦਰਾਂ ਵਿਚ ਵਾਰ ਵਾਰ ਕੀਤੇ ਜਾ ਰਹੇ ਨਜਾਇਜ਼ ਵਾਧਿਆਂ ਨੂੰ ਰੋਕਣ ਵਾਸਤੇ ਅਤੇ ਬਿਜਲੀ ਦਰਾਂ ਨੂੰ ਘਟਾਉਣ ਵਾਸਤੇ ਸਭ ਵਰਗਾਂ ਦੇ ਖਪਤਕਾਰ ਇਕਜੁਟ ਹੋ ਕੇ ਸ਼ਕਤੀਸ਼ਾਲੀ ਦਬਾਅ ਬਨਾਉਣ। ਇਸ ਮੰਤਵ ਲਈ ਇਹ ਕਨਵੈਨਸ਼ਨ ਸਮੂਹ ਜਨਤਕ ਜਥੇਬੰਦੀਆਂ ਅਤੇ ਹੋਰ ਲੋਕ ਪੱਖੀ ਰਾਜਨੀਤਕ ਪਾਰਟੀਆਂ ਨੂੰ ਮਿਲਕੇ ਪਹਿਲਕਦਮੀ ਕਰਨ ਲਈ ਪੁਰਜ਼ੋਰ ਅਪੀਲ ਕਰਦੀ ਹੈ ਅਤੇ ਪਾਰਟੀ ਦੀਆਂ ਸਫ਼ਾਂ ਨੂੰ ਸੱਦਾ ਦਿੰਦੀ ਹੈ ਕਿ ਇਸ ਦਿਸ਼ਾ ਵਿਚ ਹਰ ਪੱਧਰ 'ਤੇ ਠੋਸ ਅਤੇ ਜ਼ੋਰਦਾਰ ਉਪਰਾਲੇ ਕੀਤੇ ਜਾਣ। 
ਰਿਪੋਰਟ : ਇੰਦਰਜੀਤ ਚੁਗਾਵਾਂ

No comments:

Post a Comment