ਖੱਬੀਆਂ ਸ਼ਕਤੀਆਂ ਦੀ ਇਕਜੁਟਤਾ ਦੀ ਲੋੜ
ਮੁੱਠੀ ਭਰ ਧਨਾਢਾਂ ਦੇ ਹੱਥਾਂ ਵਿਚ ਸਰਮਾਏ ਦੇ ਕੇਂਦਰਤ ਹੋਣ ਅਤੇ ਮਨੁਖਤਾ ਦੀ ਵੱਡੀ ਬਹੁਗਿਣਤੀ ਦੇ ਆਰਥਿਕ ਤੌਰ 'ਤੇ ਕਮਜ਼ੋਰ ਹੋਣ ਨਾਲ ਆਮ ਲੋਕਾਂ ਦੀ ਖਰੀਦ ਸ਼ਕਤੀ ਵਿਚ ਆਈ ਭਾਰੀ ਕਮੀ ਦੇ ਸਿੱਟੇ ਵਜੋਂ ਸੰਸਾਰ ਪੱਧਰ ਉਪਰ ਪੂੰਜੀਵਾਦੀ ਪ੍ਰਬੰਧ ਡੂੰਘੇ ਆਰਥਕ ਸੰਕਟ ਵਿਚ ਫਸਿਆ ਹੋਇਆ ਹੈ। ਇਸ ਆਰਥਿਕ ਮੰਦਵਾੜੇ ਸਦਕਾ ਗਰੀਬੀ, ਬੇਰੁਜ਼ਗਾਰੀ ਤੇ ਭੁਖਮਰੀ ਵਿਚ ਭਾਰੀ ਵਾਧਾ, ਸਮਾਜਿਕ ਸਹੂਲਤਾਂ ਵਿਚ ਵੱਡੀ ਕਟੌਤੀ ਅਤੇ ਲੋਕਾਂ ਦੇ ਜੀਵਨ ਪੱਧਰ ਵਿਚ ਚੋਖੀ ਗਿਰਾਵਟ ਆਈ ਹੈ। ਯੂਰਪੀਨ ਦੇਸ਼ਾਂ ਵਿਚ, ਜਿਥੇ ਤੇਜ ਪੂੰਜੀਵਾਦੀ ਵਿਕਾਸ ਅਤੇ ਵਿਕਾਸਸ਼ੀਲ ਤੀਸਰੀ ਦੁਨੀਆਂ ਦੇ ਦੇਸ਼ਾਂ ਦੀ ਬੇਕਿਰਕ ਆਰਥਿਕ ਲੁੱਟ ਖਸੁੱਟ ਰਾਹੀਂ ਆਮ ਲੋਕਾਂ ਨੂੰ ਕਾਫੀ ਸੁਖ ਸਹੂਲਤਾਂ ਮਿਲਦੀਆਂ ਸਨ, ਹੁਣ ਇਨ੍ਹਾਂ ਦੇਸ਼ਾਂ ਦੀਆਂ ਪੂੰਜੀਵਾਦੀ ਸਰਕਾਰਾਂ ਵਲੋਂ ਸਮਾਜਕ ਸਹੂਲਤਾਂ ਤੇ ਸਰਕਾਰੀ ਖਰਚਿਆਂ ਵਿਚ ਤਿੱਖੀ ਕਟੌਤੀ ਕੀਤੀ ਜਾ ਰਹੀ ਹੈ। ਏਥੇ ਵੀ ਛਾਂਟੀਆਂ, ਮਿਲ ਬੰਦੀਆਂ ਤੇ ਕਿਰਤੀਆਂ ਦੀਆਂ ਉਜਰਤਾਂ ਵਿਚ ਕੀਤੀਆਂ ਜਾ ਰਹੀਆਂ ਕਟੌਤੀਆਂ ਰਾਹੀਂ ਆਰਥਕ ਸੰਕਟ ਦਾ ਭਾਰ ਆਮ ਲੋਕਾਂ ਦੇ ਸਿਰ ਲੱਦਿਆ ਜਾ ਰਿਹਾ ਹੈ। ਸਿੱਟੇ ਵਜੋਂ ਇਸ ਪੂੰਜੀਵਾਦੀ ਹਮਲੇ ਦੇ ਵਿਰੋਧ ਵਿਚ ਸੰਸਾਰ ਭਰ ਦੇ ਕਿਰਤੀ ਲੋਕਾਂ ਵਲੋਂ ਥਾਂ ਥਾਂ ਸੰਘਰਸ਼ਾਂ ਦਾ ਤਾਂਤਾ ਬੰਨ੍ਹਿਆ ਹੋਇਆ ਹੈ।
ਭਾਰਤ, ਜੋ ਸੰਸਾਰ ਪੂੰਜੀਵਾਦੀ ਪ੍ਰਬੰਧ ਦਾ ਇਕ ਹਿੱਸਾ ਹੈ, ਵੀ ਉਨ੍ਹਾਂ ਸਾਰੀਆਂ ਬਿਮਾਰੀਆਂ ਤੇ ਬਿਪਤਾਵਾਂ ਨਾਲ ਜੂਝ ਰਿਹਾ ਹੈ, ਜਿਨ੍ਹਾਂ ਨਾਲ ਬਾਕੀ ਸਰਮਾਏਦਾਰੀ ਦੇਸ਼ਾਂ ਦੇ ਲੋਕ ਦੋ ਚਾਰ ਹੋ ਰਹੇ ਹਨ। ਪਿਛਲੇ ਦਸ ਸਾਲਾਂ ਤੋਂ ਯੂ.ਪੀ.ਏ. ਦੀ ਕੇਂਦਰੀ ਸਰਕਾਰ ਤੇ ਵੱਖ ਵੱਖ ਪ੍ਰਾਂਤਾਂ ਦੀਆਂ ਸੂਬਾਈ ਸਰਕਾਰਾਂ ਵਲੋਂ ਲਾਗੂ ਕੀਤੀਆਂ ਗਈਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਸਿੱਟੇ ਵਜੋਂ ਦੇਸ਼ ਦੇ ਮਿਹਨਤਕਸ਼ ਲੋਕ ਮਹਿੰਗਾਈ, ਬੇਕਾਰੀ, ਭੁਖਮਰੀ, ਕੁਪੋਸ਼ਨ, ਅਨਪੜ੍ਹਤਾ ਤੇ ਭਰਿਸ਼ਟਾਚਾਰ ਦੀ ਚੱਕੀ ਵਿਚ ਬੁਰੀ ਤਰ੍ਹਾਂ ਪਿਸਦੇ ਜਾ ਰਹੇ ਹਨ। ਭਾਵੇਂ ਲੁੱਟੇ ਪੁੱਟੇ ਜਾ ਰਹੇ ਇਨ੍ਹਾਂ ਲੋਕਾਂ ਦਾ ਇਕ ਹਿੱਸਾ ਲੋਕ ਵਿਰੋਧੀ ਸਰਕਾਰੀ ਨੀਤੀਆਂ ਦੇ ਖਿਲਾਫ਼ ਅਤੇ ਆਪਣੀਆਂ ਫੌਰੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਿਹਾ ਹੈ, ਪ੍ਰੰਤੂ ਇਹ ਸੰਘਰਸ਼ ਆਮ ਤੌਰ 'ਤੇ ਆਪਣੀਆਂ ਆਰਥਿਕ ਮੰਗਾਂ ਦੀ ਪ੍ਰਾਪਤੀ ਲਈ ਹੁੰਦੇ ਹਨ ਤੇ ਇਨ੍ਹਾਂ ਦੀ ਧਾਰਾ ਸਭ ਮੁਸ਼ਕਲਾਂ ਲਈ ਜ਼ਿੰਮੇਵਾਰ ਅਜੋਕੀ ਪੂੰਜੀਵਾਦੀ ਵਿਵਸਥਾ ਵਿਰੁੱਧ ਸੇਧਤ ਨਹੀਂ ਹੁੰਦੀ। ਅਜੇ ਲੋਕਾਂ ਦੀ ਚੇਤਨਤਾ ਦਾ ਪੱਧਰ ਲੁਟੇਰੇ ਢਾਂਚੇ ਦੀਆਂ ਨੀਤੀਆਂ ਤੋਂ ਉਪਜੇ ਸਿੱਟਿਆਂ ਵਿਰੁੱਧ ਤਾਂ ਹੁੰਦਾ ਹੈ ਪ੍ਰੰਤੂ ਲੋਕਾਂ ਦੀਆਂ ਤੰਗੀਆਂ ਤੁਰਸ਼ੀਆਂ ਲਈ ਜ਼ਿੰਮੇਵਾਰ ਮੂਲ ਨੀਤੀਆਂ ਖਿਲਾਫ ਨਹੀਂ ਹੁੰਦਾ।
ਸਮੁੱਚੀ ਖੱਬੀ ਲਹਿਰ ਦੀ ਇਹ ਕਮਜ਼ੋਰੀ ਹੈ ਕਿ ਅਸੀਂ ਨਿਤਾਪ੍ਰਤੀ ਦੇ ਲੋਕ ਸੰਘਰਸ਼ਾਂ ਨੂੰ ਸਰਕਾਰਾਂ ਦੀਆਂ ਬੁਨਿਆਦੀ ਨੀਤੀਆਂ ਨਾਲ ਜੋੜਨ ਵਿਚ ਸਫਲ ਨਹੀਂ ਹੋ ਰਹੇ। ਸੰਘਰਸ਼ਾਂ ਦਾ ਘੇਰਾ ਵੀ ਜਨ ਸਧਾਰਣ ਦੀ ਸੰਖਿਆ ਦੇ ਮੁਕਾਬਲੇ ਬਹੁਤ ਛੋਟੇ ਹਿੱਸਿਆਂ ਤੱਕ ਸੀਮਤ ਰਹਿੰਦਾ ਹੈ। ਇਸ ਕਮਜ਼ੋਰੀ ਦਾ ਸਿੱਟਾ ਇਹ ਨਿਕਲਦਾ ਹੈ ਕਿ ਜਿਹੜੇ ਲੋਕ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਖੱਬੀ ਧਿਰ ਨਾਲ ਖੜੇ ਵੀ ਹੁੰਦੇ ਹਨ, ਉਹਨਾਂ ਵਿਚੋਂ ਬਹੁਗਿਣਤੀ ਰਾਜਨੀਤਕ ਤੌਰ 'ਤੇ ਮੌਜੂਦਾ ਪ੍ਰਬੰਧ ਤੇ ਇਸਦੀਆਂ ਪ੍ਰਤੀਪਾਲਕ ਸਰਕਾਰਾਂ ਦੇ ਹੱਕ ਵਿਚ ਹੀ ਭੁਗਤ ਜਾਂਦੀ ਹੈ। ਸਮਾਜ ਦੇ ਬਹੁਤ ਵੱਡੇ ਹਿੱਸੇ ਦੇ ਲੋਕਾਂ ਦਾ ਅਜੇ ਇਹ ਦ੍ਰਿੜ ਵਿਸ਼ਵਾਸ਼ ਬਣਿਆ ਹੋਇਆ ਹੈ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਸਮਾਧਾਨ ਮੌਜੂਦਾ ਪੂੰਜੀਵਾਦੀ ਪ੍ਰਬੰਧ ਵਿਚ ਸੰਭਵ ਹੈ। ਸਿਰਫ ਕੁਝ ਵਿਅਕਤੀ ਵਿਸ਼ੇਸ਼ ਤੇ ਰਾਜਨੀਤਕ ਪਾਰਟੀ ਦੀ ਤਬਦੀਲੀ ਨਾਲ ਸਾਰਾ ਕੁੱਝ ਠੀਕ ਹੋ ਜਾਣ ਦੀ ਆਸ ਵਿਚ ਹੀ ਸਮਾਜ ਦੀ ਬਹੁਗਿਣਤੀ ਵਸੋਂ ਇਕ ਹਾਕਮ ਰਾਜਸੀ ਪਾਰਟੀ ਤੋਂ ਨਿਰਾਸ਼ ਹੋ ਕੇ ਉਸੇ ਜਮਾਤ ਦੀ ਦੂਸਰੀ ਰਾਜਨੀਤਕ ਧਿਰ ਦਾ ਪੱਲਾ ਫੜ ਲੈਂਦੀ ਹੈ। ਸਮਾਜ ਦਾ ਪੜ੍ਹਿਆ ਲਿਖਿਆ ਮੱਧ ਵਰਗ ਜੋ ਬੇਕਾਰੀ, ਭਰਿਸ਼ਟਾਚਾਰ, ਮਹਿੰਗਾਈ ਤੇ ਕੁਸ਼ਾਸ਼ਨ ਤੋਂ ਪ੍ਰੇਸ਼ਾਨ ਹੈ, 'ਆਪ' (ਆਮ ਆਦਮੀ ਪਾਰਟੀ) ਵਲੋਂ ਦਿੱਲੀ ਦੇ ਲੋਕਾਂ ਦੀਆਂ ਬਿਜਲੀ ਤੇ ਪਾਣੀ ਦੀਆਂ ਮੰਗਾਂ ਉਠਾਉਣ ਅਤੇ ਭਰਿਸ਼ਟਾਚਾਰ ਦੇ ਮੁੱਦਿਆਂ ਉਪਰ ਕੀਤੇ ਹਮਲੇ ਰਾਹੀਂ ਕਾਂਗਰਸ ਤੇ ਭਾਜਪਾ ਦੇ ਮੁਕਾਬਲੇ ਵਿਚ ਇਕ ਬਦਲਵੀਂ ਰਾਜਨੀਤਕ ਧਿਰ ਵਜੋਂ ਉਭਰਨ ਨਾਲ, ਇਸੇ ਆਸ ਨਾਲ ਉਸਤੋਂ ਵੱਡੀ ਪੱਧਰ 'ਤੇ ਪ੍ਰਭਾਵਿਤ ਹੋਇਆ ਹੈ ਕਿ ਮੌਜੂਦਾ ਪੂੰਜੀਵਾਦੀ ਢਾਂਚੇ ਦੇ ਚੌਖਟੇ ਵਿਚ ਵੀ ਕੁਝ ਇਮਾਨਦਾਰ ਵਿਅਕਤੀ ਤੇ ਉਨ੍ਹਾਂ ਦਾ ਸੰਗਠਨ ਜਨਤਾ ਨੂੰ ਦਰਪੇਸ਼ ਦੁਖਾਂ ਤੋਂ ਨਿਜ਼ਾਤ ਦੁਆ ਸਕਦਾ ਹੈ। ਇਸ ਕੰਮ ਵਿਚ ਪਿਛਲੇ ਇਕ ਦਹਾਕੇ ਤੋਂ 'ਆਪ' ਦੇ ਆਗੂਆਂ ਵਲੋਂ ਚੇਤਨ ਰੂਪ ਵਿਚ ਕੀਤੇ ਗਏ ਆਪਣੇ ਪ੍ਰਚਾਰ ਲਈ 'ਸੋਸ਼ਲ ਮੀਡੀਏ' ਅਤੇ ਇਲੈਕਟਰਾਨਿਕ ਤੇ ਪ੍ਰਿੰਟ ਮੀਡੀਏ ਦੀ ਵੱਡੇ ਪੈਮਾਨੇ 'ਤੇ ਕੀਤੀ ਵਰਤੋਂ ਨੇ ਵੀ ਵੱਡਾ ਰੋਲ ਅਦਾ ਕੀਤਾ ਹੈ। ਮੌਜੂਦਾ ਪੂੰਜੀਵਾਦੀ ਢਾਂਚੇ ਦੀ ਲੁੱਟ ਖਸੁੱਟ ਨੂੰ ਕਾਇਮ ਰੱਖਣ ਦੇ ਹਾਮੀ 'ਆਪ' ਆਗੂਆਂ ਵਲੋਂ ਸਿਰਫ 'ਗੈਰ ਕਾਨੂੰਨੀ' ਲੁੱਟ ਖਸੁੱਟ ਤੇ ਹੇਠਲੇ ਪੱਧਰ ਉਪਰ ਫੈਲੇ ਭਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਕੇ ਦੇਸ਼ ਤੇ ਵਿਦੇਸ਼ਾਂ ਵਿਚ ਬੈਠੇ ਭਾਰਤੀਆਂ ਨੂੰ ਵੱਡੀ ਪੱਧਰ ਉਤੇ ਪ੍ਰਭਾਵਿਤ ਕੀਤਾ ਹੈ। ਮੱਧ ਵਰਗੀ ਪੜ੍ਹਿਆ ਲਿਖਿਆ ਵਰਗ, ਜਿਸ ਵਿਚ ਇਕ ਹਿੱਸਾ ਖੱਬੀ ਸੋਚਣੀ ਵਾਲੇ ਸੁਹਿਰਦ ਤੇ ਇਮਾਨਦਾਰ ਅਗਾਂਹਵਧੂ ਬੁੱਧੀਜੀਵੀਆਂ ਦਾ ਵੀ ਹੈ, ਜਿਹੜਾ ਚਲ ਰਹੀਆਂ ਮਜ਼ਦੂਰਾਂ-ਕਿਸਾਨਾਂ ਦੀਆਂ ਹੱਕੀ ਲੜਾਈਆਂ ਵਿਚ ਸਿੱਧੇ ਰੂਪ ਵਿਚ ਕਦੀ ਭਾਗੀਦਾਰ ਨਹੀਂ ਸੀ ਬਣਦਾ ਤੇ ਸਮਾਜਵਾਦੀ ਵਿਚਾਰਧਾਰਾ ਤੋਂ ਕਾਇਲ ਹੋ ਕੇ ਇਸ ਵੱਲ ਦਿਲੋਂ ਜਾਨ ਤੋਂ ਖਿਚਿਆ ਨਹੀਂ ਸੀ ਜਾਂਦਾ, ਉਹ ਛੇਤੀ ਹੀ 'ਆਪ' ਆਗੂਆਂ ਵਲੋਂ ਭਰਿਸ਼ਟਾਚਾਰ ਤੇ ਗਿਣੇ ਚੁਣੇ ਕਾਰਪੋਰੇਟ ਘਰਾਣਿਆਂ ਉਪਰ ਕੀਤੇ ਹਮਲਿਆਂ ਤੋਂ ਪ੍ਰਭਾਵਿਤ ਹੋ ਕੇ ਇਸ ਦਲ ਵਿਚ ਬਿਹਤਰ ਸਮਾਜ ਸਿਰਜਣ ਦੀ ਸਮਰੱਥਾ ਦੇਖਣ ਲੱਗ ਪਿਆ ਹੈ। ਹਾਲਾਂਕਿ ਇਹ ਵੀ ਇਕ ਹਕੀਕਤ ਹੈ ਕਿ 'ਆਪ' ਦੇ ਮੁਖੀ ਅਰਵਿੰਦ ਕੇਜਰੀਵਾਲ ਸਮੇਤ ਇਸਦੇ ਹੋਰ ਉਚ ਆਗੂ ਪੂਰੀ ਤਰ੍ਹਾਂ ਪੂੰਜੀਵਾਦੀ ਢਾਂਚੇ ਦੇ ਹਮਾਇਤੀ ਅਤੇ ਨਿੱਜੀਕਰਨ ਤੇ ਸਿਧੇ ਪੂੰਜੀ ਨਿਵੇਸ਼ (ਥੋਕ ਵਪਾਰ ਵਿਚ) ਦੇ ਸਮਰਥਕ ਹੋਣ ਦਾ ਐਲਾਨ ਕਰ ਰਹੇ ਹਨ। ਕੇਜਰੀਵਾਲ ਦਾ ਭਾਰਤੀ ਸਨਅੱਤਕਾਰਾਂ ਦੀ ਨੁਮਾਇੰਦਾ ਸੰਸਥਾ ਵਿਚ ਦਿੱਤਾ ਭਾਸ਼ਣ ਕਿ ''...ਸਰਕਾਰ ਦਾ ਵਿਉਪਾਰ ਕਰਨ ਨਾਲ ਕੋਈ ਲੈਣ ਦੇਣ ਨਹੀਂ ਤੇ ਇਹ ਕੰਮ ਨਿੱਜੀ ਹੱਥਾਂ ਨੂੰ ਸੌਂਪ ਦੇਣਾ ਚਾਹੀਦਾ ਹੈ'' ਆਪਣੇ ਆਪ ਵਿਚ ਹੀ ਪੂਰਨ ਰੂਪ ਵਿਚ ਵਿਖਿਆਨਕਾਰੀ ਹੋਣਾ ਚਾਹੀਦਾ ਹੈ। ਉਹ ਭਰਿਸ਼ਟਾਚਾਰ ਨੂੰ ਮੌਜੂਦਾ ਲੁਟੇਰੇ ਢਾਂਚੇ ਨਾਲ ਸੰਬੰਧਤ ਮੁੱਦਾ ਨਹੀਂ ਸਮਝਦੇ ਤੇ ਸਿਰਫ ਕੁਝ ਇਮਾਨਦਾਰ 'ਲੋਕਾਂ' ਦੀ ਪ੍ਰਤੀਬੱਧਤਾ ਤੇ ਯੋਗ ਕਾਨੂੰਨੀ ਵਿਵਸਥਾ ਰਾਹੀਂ ਹੀ ਇਸਦੇ ਖਾਤਮੇ ਦਾ ਭਰਮ ਪਾਲ ਰਹੇ ਹਨ। ਪ੍ਰੰਤੂ ਇਹ ਭਰਮ ਵੀ ਮੌਜੂਦਾ ਸਰਕਾਰਾਂ ਤੋਂ ਦੁਖੀ ਲੋਕਾਂ ਦੇ ਇਕ ਚੌਖੇ ਹਿੱਸੇ, ਖਾਸਕਰ ਪੜ੍ਹੇਲਿਖੇ ਮਧ ਵਰਗੀ ਲੋਕਾਂ ਨੂੰ, ਆਸ ਦੀ ਕਿਰਨ ਦਿਖਾਉਣ ਵਿਚ ਸਫਲ ਹੋਇਆ ਹੈ। ਪਹਿਲਾਂ ਵੀ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਕੌਮੀ ਰਾਜਨੀਤਕ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਅਮਲਾਂ ਤੋਂ ਤੰਗ ਹੋ ਕੇ ਵੱਖ ਵੱਖ ਪ੍ਰਾਂਤਾਂ ਦੇ ਲੋਕਾਂ ਨੇ ਆਪੋ ਆਪਣੇ ਖਿਤਿਆਂ ਦੀਆਂ ਅਵਸਥਾਵਾਂ ਤੇ ਲੋੜਾਂ ਅਨੁਸਾਰ ਨਵੇਂ ਇਲਾਕਾਈ ਤੇ ਕੁਲ ਹਿੰਦ ਰਾਜਸੀ ਸੰਗਠਨਾਂ ਨੂੰ ਜਨਮ ਦਿੱਤਾ ਹੈ, ਜੋ ਕੁਝ ਹੀ ਦਿਨਾਂ ਅੰਦਰ ਸੰਬੰਧਿਤ ਪ੍ਰਾਂਤਾਂ ਤੇ ਕੇਂਦਰ ਵਿਚ ਸੱਤਾ ਉਪਰ ਕਾਬਜ਼ ਹੋ ਗਏ ਸਨ। ਤਾਮਿਲਨਾਡੂ ਵਿਚ ਆਲ ਇੰਡੀਆ ਅੰਨਾ.ਡੀ.ਐਮ.ਕੇ., ਯੂ.ਪੀ. ਵਿਚ ਬਸਪਾ ਤੇ ਸਪਾ, ਬਿਹਾਰ ਵਿਚ ਰਾਜਦ ਤੇ ਜਨਤਾ ਦਲ(ਯੂ), ਉੜੀਸਾ ਵਿਚ ਬੀਜੇਡੀ, ਆਸਾਮ ਵਿਚ ਆਸਾਮ ਗਣ ਪ੍ਰੀਸ਼ਦ ਤੇ ਕੇਂਦਰ ਵਿਚ ਜਨਤਾ ਪਾਰਟੀ ਤੇ ਸਾਂਝੇ ਫਰੰਟ ਦੀਆਂ ਸਰਕਾਰਾਂ ਦੀ ਕਇਮੀ ਇਸਦੀਆਂ ਉਘੜਵੀਆਂ ਮਿਸਾਲਾਂ ਹਨ। ਇਸ ਕੰਮ ਵਿਚ ਜਾਤਪਾਤ, ਇਲਾਕਾਈ ਪਹਿਚਾਣ, ਭਾਸ਼ਾ ਆਦਿ ਨੇ ਵੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਇਸ ਨਾਲ ਕਾਂਗਰਸ ਤੇ ਭਾਜਪਾ ਵਰਗੀਆਂ ਕੌਮੀ ਪਾਰਟੀਆਂ ਕਮਜ਼ੋਰ ਤਾਂ ਜ਼ਰੂਰ ਹੋਈਆਂ ਤੇ ਨਵ ਜਨਮੀਆਂ ਇਲਕਾਈ ਪਾਰਟੀਆਂ ਨੇ ਜਮਹੂਰੀ ਪੱਖ ਤੋਂ ਇਕ ਸਮੇਂ ਸੀਮਤ ਹੱਦ ਤੱਕ ਅਗਾਂਹ ਵਧੂ ਰੋਲ ਵੀ ਜ਼ਰੂਰ ਅਦਾ ਕੀਤਾ, ਪ੍ਰੰਤੂ ਜਦੋਂ ਸਮੁੱਚੇ ਰੂਪ ਵਿਚ ਆਰਥਕ ਨੀਤੀਆਂ ਦੀ ਦਿਸ਼ਾ ਮਿੱਥਣ ਦਾ ਸਮਾਂ ਆਇਆ, ਤਦ ਆਮ ਤੌਰ 'ਤੇ ਇਨ੍ਹਾਂ ਨੇ ਪਹਿਲੇ ਕੇਂਦਰੀ ਹਾਕਮਾਂ ਦੇ ਪਦ ਚਿੰਨ੍ਹਾਂ ਉਪਰ ਚਲਦਿਆਂ ਹੋਇਆਂ ਲੋਕ ਵਿਰੋਧੀ ਦਿਸ਼ਾ ਹੀ ਅਪਣਾ ਲਈ।
ਇਕ ਹੋਰ ਤੱਥ ਧਿਆਨ ਗੋਚਰੇ ਰੱਖਣਾ ਚਾਹੀਦਾ ਹੈ ਕਿ ਮੌਜੂਦਾ ਢਾਂਚੇ ਦੀਆਂ ਹਾਕਮ ਧਿਰਾਂ, ਭਰਿਸ਼ਟ ਸਰਕਾਰੀ ਮਸ਼ੀਨਰੀ, ਕਾਰਪੋਰੇਟ ਘਰਾਣੇ ਤੇ ਇਨ੍ਹਾਂ ਦੇ ਕੰਟਰੋਲ ਵਿਚ ਕੰਮ ਕਰ ਰਿਹਾ ਸਮੁੱਚਾ ਮੀਡੀਆ ਖੱਬੇ ਪੱਖੀ ਲਹਿਰ ਤੇ ਅਗਾਂਹਵਧੂ ਇਨਕਲਾਬੀ ਲਹਿਰਾਂ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕਰਦਾ ਤੇ ਇਨ੍ਹਾਂ ਵਿਰੁੱਧ ਭੰਡੀ ਪ੍ਰਚਾਰ ਦਾ ਕੋਈ ਮੌਕਾ ਵੀ ਹੱਥੋਂ ਨਹੀਂ ਜਾਣ ਦਿੰਦਾ। ਇਹ ਸੁਚੇਤ ਰੂਪ ਵਿਚ ਜਨ ਸਮੂਹਾਂ ਕੋਲ ਸਮਾਜਿਕ ਤਬਦੀਲੀ ਦੇ ਕਿਸੇ ਵੀ ਵਿਚਾਰ ਜਾਂ ਅੰਦੋਲਨ ਨੂੰ ਜਾਣ ਤੋਂ ਰੋਕਣ ਲਈ ਪੂਰੀ ਵਾਹ ਲਗਾਉਂਦਾ ਹੈ ਤੇ ਇਸ ਵਿਰੁੱਧ ਕੂੜ ਪ੍ਰਚਾਰ ਦੀ ਕਿਸੇ ਵੀ ਨੀਵਾਣ ਤੱਕ ਜਾ ਸਕਦਾ ਹੈ। ਥਾਂ ਥਾਂ ਅਡੰਬਰੀ ਬਾਬਿਆਂ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਕਥਿਤ ਧਾਰਮਕ ਡੇਰੇ ਤੇ ਮੱਠ, ਮੌਜੂਦਾ ਲੋਟੂ ਸ਼੍ਰੇਣੀਆਂ ਦਾ ਹੀ ਪੱਖ ਪੂਰਦੇ ਹਨ ਤੇ ਸਮੇਂ ਦੇ ਹਾਕਮ ਵੀ ਇਸ ਸੇਵਾ ਖਾਤਰ ਇਨ੍ਹਾਂ ਕਥਿਤ ਧਰਮਾਂ ਗੁਰੂਆਂ ਦੀ ਪੂਰੀ ਭਰਪਾਈ ਤੇ ਤਰਫਦਾਰੀ ਕਰਦੇ ਹਨ। ਜੇ ਇਹ ਆਖਿਆ ਜਾਵੇ ਕਿ ਅਜਿਹੇ ਧਾਰਮਕ ਅੱਡੇ ਪਿਛਾਖੜ ਦੇ ਕਾਰਗਰ ਅੱਡੇ ਹਨ, ਤਦ ਇਹ ਗਲਤ ਨਹੀਂ ਹੋਵੇਗਾ। ਇਹ ਸਾਰਾ ਪਿਛਾਖੜੀ ਤਾਣਾਬਾਣਾ ਮੌਜੂਦਾ ਲੁਟੇਰੇ ਨਿਜ਼ਾਮ ਦੀ ਸੇਵਾ ਹਿੱਤ ਅਤੇ ਅਗਾਂਹਵਧੂ ਵਿਚਾਰਾਂ ਦੇ ਵਿਰੋਧ ਵਿਚ ਪਿਛਾਖੜੀ ਵਿਚਾਰਾਂ ਦੀ ਧੁੰਦ ਖਿਲਾਰਕੇ ਖੱਬੀ ਲਹਿਰ ਨੂੰ ਕਮਜ਼ੋਰ ਕਰਨ ਲਈ ਪੂਰੀ ਪੂਰੀ ਵਾਹ ਲਾ ਰਿਹਾ ਹੈ।
ਸਾਨੂੰ ਇਹ ਮੰਨਣ ਵਿਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਖੱਬੀਆਂ ਧਿਰਾਂ ਹਾਕਮ ਜਮਾਤਾਂ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਲੋਕਾਂ ਵਿਚ ਉਪਜੀ ਬੇਚੈਨੀ, ਨਿਰਾਸ਼ਤਾ ਤੇ ਗੁੱਸੇ ਨੂੰ ਵੱਡੀ ਪੱਧਰ 'ਤੇ ਅਗਾਂਹ ਵਧੂ ਲੀਹਾਂ ਉਪਰ ਲਾਮਬੰਦ ਨਹੀਂ ਕਰ ਪਾ ਰਹੀਆਂ। ਪੀੜਤ ਲੋਕਾਂ ਦਾ ਵੱਡਾ ਭਾਗ ਇਕ ਲੋਟੂ ਧਿਰ ਤੋਂ ਨਿਰਾਸ਼ ਹੋ ਕੇ ਅੱਗੇ ਵਧੂ ਲਹਿਰ ਸੰਗ ਜੁੜਨ ਦੀ ਥਾਂ ਦੂਸਰੀ ਲੁਟੇਰੀ ਧਿਰ ਸੰਗ ਜਾ ਖਲੋਂਦਾ ਹੈ। ਕਈ ਵਾਰ ਖੱਬੇ ਪੱਖੀ ਦਲ ਵੀ ਲੋਕਾਂ ਵਿਚ ਫੈਲੀ ਨਿਰਾਸ਼ਤਾ ਦੀ ਮਾਤਰਾ ਸਰਕਾਰਾਂ ਦੇ ਵਿਰੋਧ ਵਿਚ ਵਧਾ ਕੇ ਆਂਕਣ ਦੀ ਕੁਤਾਹੀ ਕਰ ਲੈਂਦੇ ਹਨ। ਉਹ ਕਿਸੇ ਖਾਸ ਮੁੱਦੇ ਉਤੇ ਉਪਜੀ ਲੋਕ ਬੇਚੈਨੀ ਨੂੰ ਰਾਜਨੀਤਕ ਵਿਰੋਧ ਤੱਕ ਪੁੱਜੀ ਸਮਝ ਲੈਂਦੇ ਹਨ, ਜੋ ਕਿ ਗਲਤ ਤੇ ਗੈਰ ਯਥਾਰਥਕ ਹੁੰਦਾ ਹੈ। ਜਨਤਕ ਘੋਲਾਂ ਵਿਚ ਸ਼ਾਮਿਲ ਲੋਕਾਂ ਦੇ ਹਿੱਤ ਵਿਚ ਅੱਗੇ ਵਧੂ ਰਾਜਨੀਤਕ ਤੇ ਵਿਚਾਰਧਾਰਕ ਚੇਤਨਤਾ ਆਪ ਮੁਹਾਰੇ ਢੰਗ ਨਾਲ ਨਹੀਂ ਬਲਕਿ ਸੁਚੇਤ ਤੇ ਬੱਝਵੇਂ ਜਥੇਬੰਦਕ ਯਤਨਾਂ ਨਾਲ ਹੀ ਪੈਦਾ ਕੀਤੀ ਜਾ ਸਕਦੀ ਹੇ। ਲੋਕ ਵਿਰੋਧੀ ਕਿਰਦਾਰ ਤੇ ਮੌਜੂਦਾ ਸ਼ਾਸਕਾਂ ਦੀਆਂ ਨੀਤੀਆਂ ਕਾਰਨ ਮੰਦਹਾਲੀ ਦਾ ਜੀਵਨ ਬਿਤਾ ਰਹੀ ਵਿਸ਼ਾਲ ਲੋਕਾਈ ਦੇ ਮਨਾਂ ਅੰਦਰ ਫੈਲੇ ਅਸੰਤੋਸ਼ ਦੇ ਬਾਵਜੂਦ ਕਾਂਗਰਸ, ਭਾਜਪਾ ਤੇ ਹੋਰ ਇਲਾਕਾਈ ਰਾਜਨੀਤਕ ਪਾਰਟੀਆਂ ਦਾ ਮੌਜੂਦਾ ਵਿਸ਼ਾਲ ਜਨ ਆਧਾਰ ਸਾਡੇ ਲੋਕਾਂ ਦੀ ਨੀਵੀਂ ਰਾਜਨੀਤਕ ਚੇਤਨਤਾ ਦੀ ਡਿਗਰੀ ਬਿਆਨਦਾ ਹੈ। 'ਆਪ' ਪ੍ਰਤੀ ਆਇਆ ਜਨ ਉਭਾਰ ਖੱਬੀਆਂ ਧਿਰਾਂ ਉਪਰ ਸਮੁੱਚੇ ਮਿਹਨਤਕਸ਼ ਲੋਕਾਂ ਤੇ ਖਾਸਕਰ ਪੜ੍ਹੀ ਲਿਖੀ ਦਰਮਿਆਨੀ ਜਮਾਤ ਨੂੰ ਸਰਮਾਏਦਾਰ ਪ੍ਰਬੰਧ ਦੇ ਲੋਕ ਵਿਰੋਧੀ ਕਿਰਦਾਰ ਨੂੰ ਸਮਝਾਉਣ ਤੇ ਉਨਾਂ ਨੂੰ ਸਮਾਜਵਾਦੀ ਪ੍ਰਬੰਧ ਦੀ ਸਾਰਥਿਕਤਾ ਤੇ ਹਕੀਕਤ ਬਾਰੇ ਕਾਇਲ ਕਰਨ ਦੀ ਵੱਡੀ ਜਿੰਮੇਵਾਰੀ ਪਾਉਂਦਾ ਹੈ। ਇਸੇ ਕਰਕੇ ਸਾਡੀ ਰਾਇ ਵਿਚ 'ਆਪ' ਪ੍ਰਤੀ ਉਪਜੇ ਜਨਤਕ ਉਭਾਰ ਨੂੰ ਹਾਂ ਪੱਖੀ ਨਜ਼ਰੀਏ ਤੋਂ ਵਾਚਣਾ ਚਾਹੀਦਾ ਹੈ ਤੇ ਨਾਲ ਹੀ ਇਸਦੀਆਂ ਗਲਤ ਬੁਨਿਆਦੀ ਸਮਝਾਂ ਤੇ ਜਮਾਤੀ ਸੀਮਾਵਾਂ ਉਪਰ ਵੀ ਉਂਗਲ ਧਰਨੀ ਚਾਹੀਦੀ ਹੈੇ। ਸਮਾਜ ਦੇ ਇਨ੍ਹਾਂ ਹਿੱਸਿਆਂ ਤੱਕ ਪਹੁੰਚ ਕਰਨ ਲਈ ਸਾਨੂੰ ਉਨ੍ਹਾਂ ਵਰਗਾਂ ਦੀ ਮਾਨਸਿਕਤਾ ਤੇ ਦਰਪੇਸ਼ ਮੁਸ਼ਕਿਲਾਂ ਨੂੰ ਸਮਝਣ ਤੇ ਉਨ੍ਹਾਂ ਨੂੰ ਸਾਂਝੀ ਜਮਹੂਰੀ ਲਹਿਰ ਵਿਚ ਖਿੱਚਣ ਦੇ ਢੰਗ ਤਰੀਕਿਆਂ ਬਾਰੇ ਸੋਚਣ ਤੇ ਨਵੀਆਂ ਵਿਧੀਆਂ ਅਪਣਾਉਣ ਦੀ ਸਖ਼ਤ ਜ਼ਰੂਰਤ ਹੈ। ਪੁਰਾਣੇ ਘੜੇ ਘੜਾਏ ਫਾਰਮੂਲੇ, ਮਕਾਨਕੀ ਤਰੀਕੇ ਤੇ ਡੰਗ ਟਪਾਊ ਢੰਗਾਂ ਨੂੰ ਤਿਆਗ ਕੇ ਨਵੇਂ ਤਰੀਕੇ ਤੇ ਸਾਧਨ ਇਜਾਦ ਕਰਨੇ ਪੈਣਗੇ। ਸਾਡਾ ਵਿਵਹਾਰ, ਅਮਲ ਤੇ ਲੋਕਾਂ ਦੇ ਕਾਜ ਪ੍ਰਤੀ ਪ੍ਰਤੀਬੱਧਤਾ ਸਿਰਫ ਆਪਣੀ ਨਿੱਜੀ ਤਸੱਲੀ ਵਾਸਤੇ ਹੀ ਕਾਫੀ ਨਹੀਂ ਬਲਕਿ ਅਜਿਹਾ ਆਮ ਲੋਕਾਂ ਨੂੰ ਦਿਸਣਾ ਵੀ ਚਾਹੀਦਾ ਹੈ, ਤਾਂ ਕਿ ਉਹ ਸਾਡੇ ਉਪਰ ਭਰੋਸਾ ਕਰਕੇ ਅਗਾਂਹਵਧੂ ਲਹਿਰ ਨੂੰ ਮਜ਼ਬੂਤ ਕਰਨ ਵਿਚ ਸਾਡਾ ਸਾਥ ਦੇਣ। ਸਾਡੀ ਕੰਮ ਕਰਨ ਦੀ ਵਿਧੀ ਤੋਂ ਜਨ ਸਧਾਰਣ ਸਾਨੂੰ ਇਕ ਅਰਥ ਭਰਪੂਰ ਵਿਅਕਤੀ ਤੇ ਸੰਗਠਨ ਦੇ ਤੌਰ 'ਤੇ ਅਪਣਾਉਣ ਅਤੇ ਆਪਣੇ ਉਜਲੇ ਭਵਿੱਖ ਲਈ ਜੂਝਣ ਵਾਲੇ ਭਰੋਸੇਯੋਗ ਮਿੱਤਰ ਤੇ ਆਗੂ ਸਮਝਣ।
ਇਸ ਅਵਸਥਾ ਤੱਕ ਪੁੱਜਣ ਵਾਸਤੇ ਸਾਨੂੰ ਆਪਣੇ ਸਮਾਜ ਦੇ ਪਿਛਲੇ ਇਤਿਹਾਸ, ਇਸਦੀ ਬਣਤਰ ਤੇ ਇਸ ਵਿਚ ਮੌਜੂਦ ਵੱਖ ਵੱਖ ਸਮਾਜਕ ਧਾਰਾਵਾਂ ਤੇ ਵਿਰੋਧਤਾਈਆਂ ਨੂੰ ਪੂਰਨ ਰੂਪ ਵਿਚ ਤੇ ਬਰੀਕੀ ਨਾਲ ਜਾਨਣ ਦੀ ਜ਼ਰੂਰਤ ਹੈ। ਭਾਰਤੀ ਸਮਾਜ ਵਿਚ ਵੱਖ ਵੱਖ ਧਰਮਾਂ ਦੀ ਹੋਂਦ, ਜਿਸਦੇ ਪ੍ਰਭਾਵ ਹੇਠਾਂ ਵੱਡੀ ਬਹੁਗਿਣਤੀ ਆਪਣੀ ਸੋਚ ਤੇ ਰੋਜ਼ਾਨਾ ਜੀਵਨ ਸ਼ੈਲੀ ਨੂੰ ਨਿਰਧਾਰਤ ਕਰਦੀ ਹੈ, ਅਮਾਨਵੀ ਜਾਤੀਪਾਤੀ ਢਾਂਚਾ ਜਿਸ ਕਾਰਨ ਕਿਰਤੀ ਲੋਕਾਂ ਦਾ ਚੋਖਾ ਭਾਗ ਸਦੀਆਂ ਤੋਂ ਸਮਾਜਿਕ ਨਾ ਬਰਾਬਰੀ ਤੇ ਅਤਿਆਚਾਰਾਂ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ ਅਤੇ ਵੱਖ ਵੱਖ ਕੌਮੀਅਤਾਂ, ਬੋਲੀਆਂ ਤੇ ਰੀਤੀ ਰਿਵਾਜਾਂ ਨੂੰ ਘੋਖਣ ਤੇ ਉਸ ਅਨੁਸਾਰ ਰਾਜਨੀਤਕ ਦਾਅਪੇਚ ਲਾਗੂ ਕਰਨ ਦੀ ਮੁਹਾਰਤ ਤੋਂ ਬਿਨਾਂ ਅਸੀਂ ਇਨਕਲਾਬੀ ਲਹਿਰ ਮਜ਼ਬੂਤ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਇਸ ਸਬੰਧ ਵਿਚ ਅਤੀਤ ਦੀਆਂ ਭੁੱਲਾਂ ਤੇ ਗਲਤ ਧਾਰਨਾਵਾਂ ਤੋਂ ਸਹੀ ਅਰਥਾਂ ਵਿਚ ਖਹਿੜਾ ਛੁਡਾਉਣ ਦੀ ਲੋੜ ਹੈ। ਅਜਿਹਾ ਕਰਨ ਲਈ ਹਕੀਕੀ ਰੂਪ ਵਿਚ ਸਵੈ-ਨੁਕਤਾਚੀਨੀ ਦੇ ਹਥਿਆਰ ਦੀ ਠੀਕ ਵਰਤੋਂ ਕਰਨੀ ਹੋਵੇਗੀ।
ਸਮਾਜਿਕ ਪਰਿਵਰਤਨ ਦੇ ਦੂਰਰਸੀ ਨਿਸ਼ਾਨੇ ਪ੍ਰਾਪਤ ਕਰਨ ਲਈ ਜੂਝਦੇ ਹੋਏ ਤੱਤਕਾਲੀ ਪ੍ਰਾਪਤੀਆਂ ਕਰਨ ਵਾਸਤੇ ਅਸਥਾਈ ਮਿੱਤਰ ਧਿਰਾਂ ਨਾਲ ਸਾਂਝਾਂ ਬਣਾਉਣ ਦੀ ਜਾਚ ਬਾਰੇ ਅਜੇ ਬਹੁਤ ਕੁੱਝ ਸਿੱਖਣਾ ਬਾਕੀ ਹੈ। ਆਪਣੀ ਆਜ਼ਾਦ ਹਸਤੀ ਤੇ ਵਿਲੱਖਣ ਵਿਚਾਰਧਾਰਕ ਪਹਿਚਾਣ ਰੱਖਦੇ ਹੋਏ ਸਾਨੂੰ ਵਿਸ਼ਾਲ ਜਨਤਕ ਪ੍ਰਤੀਰੋਧ ਦੀ ਲਹਿਰ ਸਿਰਜਣ ਲਈ ਹਰ ਸੰਭਵ ਮੌਕੇ ਤੇ ਸੰਗੀ (ਭਾਵੇਂ ਅਸਥਾਈ ਹੀ ਸਹੀ) ਭਾਲਣ ਦੀ ਜ਼ਰੂਰਤ ਰਹਿਣੀ ਚਾਹੀਦੀ ਹੈ। 'ਸਿਰਫ ਖੱਬੇ ਪੱਖੀ ਰਾਜਸੀ ਜਥੇਬੰਦੀਆਂ ਹੀ ਲੋਕ ਹਿਤਾਂ ਲਈ ਸੰਘਰਸ਼ਸੀਲ ਹਨ', ਵਰਗੀ ਇਕ ਪਾਸੜ ਗਲਤ ਸੋਚ ਨੂੰ ਤਿਆਗਣਾ ਚਾਹੀਦਾ ਹੈ। ਸਮਾਜ ਅੰਦਰ ਹੋਰ ਬਹੁਤ ਸਾਰੀਆਂ ਲੋਕ ਪੱਖੀ, ਮਾਨਵਵਾਦੀ ਤੇ ਜਮਹੂਰੀ ਸ਼ਕਤੀਆਂ ਹਨ, ਜੋ ਲੋਕਾਂ ਨਾਲ ਸੰਬੰਧਤ ਬਹੁਤ ਸਾਰੇ ਮੁਦਿਆਂ ਬਾਰੇ ਲੋਕ ਪੱਖੀ ਪੈਂਤੜੇ ਤੋਂ ਘੋਲ ਕਰਦੀਆਂ ਹਨ। ਉਨ੍ਹਾਂ ਦਾ ਸਾਰਾ ਪ੍ਰੋਗਰਾਮ ਜਾ ਸਮਝਦਾਰੀ ਸਾਡੇ ਨਾਲ ਭਾਵੇਂ ਮੇਲ ਨਾ ਵੀ ਖਾਂਦੀ ਹੋਏ, ਪ੍ਰੰਤੂ ਘੱਟੋ ਘੱਟ ਕੁੱਝ ਮੁੱਦਿਆਂ ਬਾਰੇ ਜੋ ਵੀ ਆਪਸੀ ਸਹਿਮਤੀ ਬਣਾਈ ਜਾ ਸਕਦੀ ਹੈ, ਉਹ ਬਣਾਉਣ ਦੀ ਲੋੜ ਹੈ ਤੇ ਅੱਗੋਂ ਸਾਂਝੇ ਪ੍ਰਵਾਨਤ ਮੁਦਿਆਂ ਬਾਰੇ ਇਕਜੁਟ ਹੋ ਕੇ ਸੰਘਰਸ਼ ਕਰਨ ਦੀ ਸੰਭਾਵਨਾ ਨੂੰ ਟਟੋਲਣ ਦੀ ਲੋੜ ਰਹਿਣੀ ਚਾਹੀਦੀ ਹੈ।
ਕੇਂਦਰ ਵਿਚ ਨਵੀਂ ਸਰਕਾਰ ਹੋਂਦ ਵਿਚ ਆ ਗਈ ਹੈ ਜਿਹੜੀ ਆਰਥਿਕ ਨੀਤੀਆਂ ਦੇ ਪੱਖ ਤੋਂ ਪਹਿਲੀ ਸਰਕਾਰ ਤੋਂ ਭਿੰਨ ਨਹੀਂ ਹੋਵੇਗੀ। ਇਨ੍ਹਾਂ ਲੋਕ ਸਭਾ ਚੋਣਾਂ ਅੰਦਰ ਸਿਰਫ ਬੰਦਿਆਂ ਤੇ ਰਾਜਨੀਤਕ ਪਾਰਟੀਆਂ ਦੀ ਤਬਦੀਲੀ ਹੀ ਹੋਈ ਹੈ, ਹਾਕਮ ਜਮਾਤਾਂ ਦੇ ਕਿਰਦਾਰ ਵਿਚ ਕੋਈ ਬਦਲਾਅ ਬਿਲਕੁਲ ਨਹੀਂ ਹੋਇਆ। ਖੱਬੇ ਪੱਖੀਆਂ ਦਾ ਕਮਜ਼ੋਰ ਹੋਣਾ ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਹਿੱਤਾਂ ਵਿਚ ਨਹੀਂ ਹੈ। ਖੱਬੀਆਂ ਧਿਰਾਂ ਦੇ ਕਮਜ਼ੋਰ ਹੋਣ ਦਾ ਅਰਥ ਹੈ : ਸਾਮਰਾਜਵਾਦ, ਧਨਵਾਨ ਕਾਰਪੋਰੇਟ ਘਰਾਣੇ ਤੇ ਜਗੀਰੂ ਲੋਕਾਂ ਦੀ ਚੜ੍ਹਤ ਅਤੇ ਸਮੁੱਚੇ ਮਿਹਨਤਕਸ਼ ਲੋਕਾਂ ਦੇ ਹਿੱਤਾਂ ਦੀ ਅਣਦੇਖੀ। ਹੱਕ, ਸੱਚ, ਇਨਸਾਫ ਦੀ ਲੜਾਈ ਖੱਬੀਆਂ ਤੇ ਜਮਹੂਰੀ ਧਿਰਾਂ ਦੀ ਮਜ਼ਬੂਤੀ ਨਾਲ ਹੀ ਅੱਗੇ ਵੱਧ ਸਕਦੀ ਹੈ। ਧਰਮ ਨਿਰਪੱਖ ਪੈਂਤੜੇ ਤੋਂ ਫਿਰਕਾਪ੍ਰਸਤੀ ਤੇ ਧਾਰਮਕ ਮੂਲਵਾਦ ਵਿਰੁੱਧ ਲਗਾਤਾਰ ਡਟਵੀਂ ਲੜਾਈ ਦਾ ਸਿਹਰਾ ਸਿਰਫ ਤੇ ਸਿਰਫ ਖੱਬੀਆਂ ਸ਼ਕਤੀਆਂ ਦੇ ਸਿਰ ਹੀ ਬੱਝਦਾ ਹੈ। ਇਸੇ ਕਰਕੇ ਖੱਬੇ ਪੱਖੀ ਰਾਜਨੀਤੀ ਦੇ ਘੇਰੇ ਤੋਂ ਬਾਹਰ ਬੈਠੇ ਵਿਚਾਰਵਾਨ ਤੇ ਭਲੇ ਲੋਕ ਵੀ ਚਾਹੁੰਦੇ ਹਨ ਕਿ ਦੇਸ਼ ਦੀ ਅਜੋਕੀ ਸੰਕਟਗ੍ਰਸਤ ਸਥਿਤੀ ਵਿਚ ਮਜ਼ਬੂਤ ਖੱਬੀ ਧਿਰ ਦੀ ਹੋਂਦ ਬਹੁਤ ਹੀ ਜ਼ਰੂਰੀ ਤੇ ਲਾਭਕਾਰੀ ਹੈ। ਪ੍ਰੰਤੂ ਇਨ੍ਹਾਂ ਸਭ ਲੋਕਾਂ ਦੀਆਂ ਆਸਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੰਘਰਸ਼ਸ਼ੀਲ ਖੱਬੇ ਪੱਖੀ ਦਲਾਂ ਦੇ ਆਗੂਆਂ ਨੂੰ ਜਲਦੀ ਤੋਂ ਜਲਦੀ......
ਸਮੂਹ ਖੱਬੇ ਪੱਖੀ ਕਮਿਊਨਿਸਟ ਧਿਰਾਂ, ਜੋ ਕਿਰਤੀ ਜਨ ਸਮੂਹਾਂ ਦੀਆਂ ਜਨਤਕ ਲਹਿਰਾਂ ਉਸਾਰਨ ਵਿਚ ਦਿਲਚਸਪੀ ਰੱਖਦੀਆਂ ਹਨ, ਦੇ ਆਗੂਆਂ ਦੀਆਂ ਆਪਸੀ ਵਿਚਾਰ ਵਟਾਂਦਰੇ ਲਈ ਮੀਟਿਗਾਂ ਦਾ ਆਯੋਜਨ ਕਰਨਾ ਚਾਹੀਦਾ ਹੈ, ਜਿਹਨਾਂ ਵਿਚ ਦੇਸ਼ ਦੀ ਮੌਜੂਦਾ ਰਾਜਨੀਤਕ ਤੇ ਆਰਥਿਕ ਅਵਸਥਾ ਬਾਰੇ ਸਾਂਝੀ ਰਾਇ ਬਣਾਉਣ ਦਾ ਯਤਨ ਕੀਤਾ ਜਾਵੇ।
ਲੋਕਾਂ ਨਾਲ ਸਬੰਧਤ ਰਾਜਨੀਤਕ, ਆਰਥਿਕ, ਸਭਿਆਚਾਰਕ ਮੁਦਿਆਂ ਦੀ ਨਿਸ਼ਾਨਦੇਹੀ ਕਰਕੇ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਤੇ ਮਿਹਨਤਕਸ਼ ਲੋਕਾਂ ਦੇ ਹੱਕਾਂ ਦੀ ਪ੍ਰਾਪਤੀ ਤੇ ਮੁਸ਼ਕਿਲਾਂ ਦੇ ਹੱਲ ਲਈ ਘੱਟੋ ਘੱਟ ਪ੍ਰਵਾਨਤ ਸਾਂਝੇ ਪ੍ਰੋਗਰਾਮ ਦੁਆਲੇ ਵਿਸ਼ਾਲ ਸਾਂਝੀ ਜਨਤਕ ਲਹਿਰ ਉਸਾਰਨ ਲਈ ਲੋੜੀਂਦੀ ਯੋਜਨਾ ਤਿਆਰ ਕੀਤੀ ਜਾਵੇ।
ਆਪਸੀ ਸਹਿਮਤੀ ਰਾਹੀਂ ਖੱਬੇ ਪੱਖੀ ਘੇਰੇ ਤੋਂ ਬਾਹਰ ਹੋਰ ਜਮਹੂਰੀ ਸ਼ਕਤੀਆਂ ਨਾਲ ਰਾਬਤਾ ਬਣਾ ਕੇ ਵਿਸ਼ੇਸ਼ ਨੁਕਤਿਆਂ ਦੁਆਲੇ ਸਾਂਝੀ ਲਹਿਰ ਖੜੀ ਕਰਨ ਦਾ ਯਤਨ ਵੀ ਕੀਤਾ ਜਾਵੇ।
ਅਜਿਹੀ ਵਿਧੀ ਰਾਹੀਂ ਹੀ ਦੇਸ਼ ਦੇ ਰਾਜਨੀਤਕ ਨਕਸ਼ੇ ਉਪਰ ਸਰਮਾਏਦਾਰ-ਜਗੀਰਦਾਰ ਜਮਾਤਾਂ ਦੇ ਰਾਜ ਵਿਰੁੱਧ ਪੈਦਾ ਹੋ ਰਹੀ ਜਨਤਕ ਬੇਚੈਨੀ ਨੂੰ ਸੰਘਰਸ਼ਾਂ ਦੇ ਰਾਹੇ ਪਾ ਕੇ ਦੇਸ਼ ਪੱਧਰੀ ਖੱਬੀ ਤੇ ਇਨਕਲਾਬੀ ਲਹਿਰ ਮਜ਼ਬੂਤ ਕੀਤੀ ਜਾ ਸਕਦੀ ਹੈ, ਜਿਸਦੀ ਲੋੜ ਨੂੰ ਸਾਰੇ ਸਹੀ ਸੋਚਣੀ ਵਾਲੇ ਲੋਕ ਦਿਲੋਂ ਮਹਿਸੂਸ ਕਰਦੇ ਹਨ। ਇਸਦੇ ਨਾਲ ਹੀ ਵੰਡਵਾਦੀ ਫਿਰਕੂ ਸ਼ਕਤੀਆਂ ਦੇ ਖਿਲਾਫ਼ ਵੀ ਨਿਰੰਤਰ ਵਿਚਾਰਧਾਰਕ ਤੇ ਰਾਜਨੀਤਕ ਸੰਘਰਸ਼ ਦੀ ਵੀ ਵੱਡੀ ਲੋੜ ਹੈ, ਜੋ ਦੇਸ਼ ਦੀ ਸਮੁੱਚੀ ਕਿਰਤੀ ਲਹਿਰ ਤੇ ਸਾਡੇ ਧਰਮ ਨਿਰਪੱਖ ਸਮਾਜਿਕ ਤਾਣੇਬਾਣੇ ਨੂੰ ਤਬਾਹ ਕਰਨ 'ਤੇ ਤੁੱਲੀਆਂ ਹੋਈਆਂ ਹਨ।
- ਮੰਗਤ ਰਾਮ ਪਾਸਲਾ
No comments:
Post a Comment