Thursday 5 February 2015

ਸਿੱਖੀ ਸਰੂਪ ਤੇ ਅਜੋਕੀ ਰਹਿਤਲ

ਮੰਗਤ ਰਾਮ ਪਾਸਲਾ 
ਉਂਝ ਤਾਂ ਹਰ ਧਰਮ ਨਾਲ ਸਬੰਧਤ ਆਗੂ ਹੀ, ਅਜੋਕੇ ਵਿਗਿਆਨਕ ਯੁਗ ਵਿਚ, ਨੌਜਵਾਨ ਵਰਗ ਵਲੋਂ 'ਧਰਮਾਂ' ਤੋਂ ਬੇਮੁਖ ਹੋਣ ਬਾਰੇ ਫਿਕਰਮੰਦੀ ਜ਼ਾਹਰ ਕਰਦੇ ਰਹਿੰਦੇ ਹਨ। ਪ੍ਰੰਤੂ ਸਿੱਖ  ਧਰਮ ਨਾਲ ਸਬੰਧਤ ਆਪੂੰ ਸਜੇ ਧਾਰਮਿਕ ਬਾਬੇ, ਅਖੌਤੀ ਮਹਾਂ ਪੁਰਸ਼ ਤੇ ਨੇਤਾ ਇਸ ਮੁੱਦੇ ਬਾਰੇ ਜ਼ਿਆਦਾ ਹੀ ਚਿੰਤਾਤੁਰ ਦਿਖਾਈ ਦੇ ਰਹੇ ਹਨ। ਹਰ ਧਾਰਮਕ ਸਮਾਗਮ ਅਤੇ ਸਾਂਝੇ ਸਮਾਜਿਕ ਮੰਚਾਂ ਤੋਂ ਇਨ੍ਹਾਂ ਭੱਦਰ ਪੁਰਸ਼ਾਂ ਵਲੋਂ ਸਿੱਖ ਧਰਮ ਨਾਲ ਸਬੰਧਤ ਕਿਸੇ ਵੀ ਹੋਰ ਸਰੋਕਾਰ ਜਾਂ ਇਤਿਹਾਸਕ ਘਟਨਾ ਨੂੰ ਠੀਕ ਸੰਦਰਭ ਵਿਚ ਸਹੀ ਢੰਗ ਨਾਲ ਬਿਆਨਣ ਦੀ ਥਾਂ ਨਵੀਂ ਪੀੜ੍ਹੀ ਵਿਚ ਸਿਰਫ ਸਿੱਖੀ ਦੇ ਸਰੂਪ, ਭਾਵ 5 ਕਕਾਰਾਂ ਨੂੰ ਧਾਰਨ ਨਾ ਕਰਨ ਦੀ ਕੁਤਾਹੀ ਉਪਰ ਹੀ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਸ਼ਾਇਦ ਸਿੱਖ ਧਰਮ ਦੀਆਂ ਮਾਨਵਵਾਦੀ ਪ੍ਰੰਪਰਾਵਾਂ ਦੇ ਕਦਰਦਾਨ ਲੋਕਾਂ ਨੂੰ ਇਸ ਮੁੱਦੇ 'ਤੇ ਦਿੱਤਾ ਜਾ ਰਿਹਾ ਅਜੇਹਾ ਇਕ ਪਾਸੜ ਜ਼ੋਰ ਵੀ ਕੁਥਾਂਹ ਨਾ ਲੱਗੇ, ਜੇਕਰ ਮੂਲ ਵਿਸ਼ਿਆਂ, ਜਿਹੜੇ ਸਿੱਖ ਧਰਮ ਨੂੰ ਪਹਿਲੇ ਪ੍ਰਚਲਤ ਧਰਮਾਂ/ਪੰਥਾਂ ਨਾਲੋਂ ਵੱਖਰਾਉਂਦੇ ਹਨ, ਬਾਰੇ ਵੀ ਇਹ ਸੱਜਣ ਬਣਦਾ ਜ਼ੋਰ ਦੇਣ ਤੇ ਉਨ੍ਹਾਂ ਦੇ ਅਲੋਪ ਹੋ ਜਾਣ ਬਾਰੇ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ।
ਅੱਜ ਇਸ ਤੱਥ ਨੂੰ ਤਾਂ ਝੁਠਲਾਇਆ ਨਹੀਂ ਜਾ ਸਕਦਾ ਕਿ ਸਮਾਜਿਕ ਪ੍ਰਗਤੀ ਦੇ ਵੱਖ ਵੱਖ ਦੌਰਾਂ ਦੌਰਾਨ ਜਦੋਂ ਵੱਖ ਵੱਖ ਧਰਮਾਂ ਦਾ ਜਨਮ ਹੋਇਆ ਤਾਂ ਪ੍ਰਾਪਤ ਪ੍ਰਸਥਿਤੀਆਂ (ਜਾਂ ਸੀਮਾਵਾਂ) ਦੇ ਅਨੁਕੂਲ ਸਾਰੇ ਧਰਮਾਂ ਦਾ ਮੂਲ ਅਧਾਰ ਵਿਚਾਰਵਾਦੀ ਫਲਸਫਾ ਹੀ ਰਿਹਾ, ਜੋ ਕਿ ਵਿਗਿਆਨਕ ਨਜ਼ਰੀਏ ਨਾਲ ਮੇਲ ਨਹੀਂ ਖਾਂਦਾ। ਪ੍ਰੰਤੂ ਇਹ ਵੀ ਇਕ ਹਕੀਕਤ ਹੈ ਕਿ ਅੱਜ ਤੱਕ ਹੋਏ ਸਮੁੱਚੇ ਸਮਾਜਿਕ ਵਿਕਾਸ ਵਿਚ ਵੱਖ ਵੱਖ ਧਰਮਾਂ, ਸਮਾਜਿਕ ਸੰਗਠਨਾਂ ਤੇ ਰੀਤੀ ਰਿਵਾਜਾਂ ਨੇ ਵੀ ਬਹੁਤ ਅਹਿਮ ਰੋਲ ਅਦਾ ਕੀਤਾ ਹੈ। ਸਿੱਖ ਧਰਮ ਦੇ ਬੁਨਿਆਦੀ ਫਲਸਫੇ ਵਿਚ ਵੀ ਸਮਾਂ ਵਿਹਾਅ ਚੁੱਕੀਆਂ ਕਦਰਾਂ ਕੀਮਤਾਂ, ਪੱਛੜੇ ਰੀਤੀ ਰਿਵਾਜਾਂ, ਮਿੱਥਾਂ, ਵਹਿਮਾਂ ਭਰਮਾਂ ਤੇ ਹੋਰ ਪਿਛਾਖੜੀ ਵਿਚਾਰਾਂ ਦਾ ਭਰਪੂਰ ਖੰਡਨ ਕੀਤਾ ਗਿਆ ਹੈ ਤੇ ਤਰਕਪੂਰਨ ਵਿਧੀ ਰਾਹੀਂ ਬਹੁਤ ਸਾਰੀਆਂ ਨਵੀਆਂ ਸਥਾਪਨਾਵਾਂ ਨੂੰ ਸਿਰਜਿਆ ਗਿਆ ਹੈ। ਇਸ ਤੋਂ ਵੀ ਅੱਗੇ ਸਿੱਖ ਧਰਮ ਵਿਚ ਮਨੁਖੀ ਤੇ ਸਮਾਜਿਕ ਸਰੋਕਾਰਾਂ ਨੂੰ ਪਹਿਲ ਦਿੰਦਿਆਂ ਹੋਇਆਂ ਬਰਾਬਰਤਾ, ਅਜ਼ਾਦੀ, ਆਪਸੀ ਪਿਆਰ ਤੇ ਭਰੱਪਣ ਦਾ ਹੋਕਾ ਦਿੰਦਿਆਂ ਚਮਤਕਾਰ ਕਰਨ ਵਰਗੇ ਸਮਾਜ ਵਿਚ ਪ੍ਰਚਲਤ ਪਖੰਡਾਂ, ਜਾਤਪਾਤ, ਇਸਤਰੀ ਜਾਤੀ ਦਾ ਨਪੀੜਨ ਤੇ ਸਮੇਂ ਦੀਆਂ ਜਾਬਰ ਹਕੂਮਤਾਂ ਵਲੋਂ ਕੀਤੇ ਜਾਂਦੇ ਅਨਿਆਂ ਤੇ ਧੱਕਿਆਂ ਵਿਰੁੱਧ ਵੀ ਜ਼ੋਰਦਾਰ ਅਵਾਜ਼ ਬੁਲੰਦ ਕੀਤੀ ਗਈ। ਇਸਦੇ ਨਾਲ ਨਾਲ ਇਸ ਧਰਮ ਵਿਚ ਕਿਰਤ ਦੀ ਉਤਮਤਾ ਤੇ ਹੱਕ ਸੱਚ ਲਈ ਕਿਸੇ ਵੀ ਕੁਰਬਾਨੀ ਤੇ ਤਿਆਗ ਕਰਨ ਦਾ ਮਹਾਨ ਸੰਦੇਸ਼ ਤਾਂ ਬਹੁਤ ਹੀ ਉਘੜਵੇਂ ਰੂਪ ਵਿਚ ਰੇਖਾਂਕਤ ਕੀਤਾ ਗਿਆ ਹੈ। ਜਦੋਂ ਸਿੱਖ ਧਰਮ ਦੇ ਨਾਮ ਨਿਹਾਦ 'ਠੇਕੇਦਾਰਾਂ', ਬਾਬਿਆਂ ਤੇ ਪ੍ਰਚਾਰਕਾਂ ਵਲੋਂ ਨੌਜੁਆਨ ਪੀੜ੍ਹੀ ਨੂੰ ਪਤਿਤ ਤੇ ਧਰਮ ਤੋਂ ਬੇਮੁਖ ਕਹਿ ਕੇ ਸਿਰਫ ਇਸ ਕਰਕੇ ਭੰਡਿਆ ਜਾਂਦਾ ਹੈ ਕਿ ਉਹ ਸਿੱਖੀ ਸਰੂਪ ਦੇ ਪੱਖ ਤੋਂ (5 ਕਕਾਰਾਂ ਦੇ ਧਾਰਨੀ) ਗੁਰਸਿੱਖ ਨਹੀਂ ਲੱਗਦੇ, ਤਦ ਸਿੱਖ ਧਰਮ ਦੇ ਉਨ੍ਹਾਂ ਪੈਰੋਕਾਰਾਂ ਦੇ ਮਨਾਂ ਨੂੰ ਵੱਡਾ ਕਸ਼ਟ ਪੁੱਜਦਾ ਹੈ ਜੋ ਆਪਣੇ ਅਮਲਾਂ ਰਾਹੀਂ ਇਸ ਧਰਮ ਦੇ ਰੂਪਕ ਚਿੰਨ੍ਹਾਂ ਨਾਲੋਂ ਜ਼ਿਆਦਾ ਜ਼ੋਰ ਮਾਨਵਵਾਦੀ ਸਿੱਖਿਆਵਾਂ ਤੇ ਪ੍ਰੰਪਰਾਵਾਂ ਉਪਰ ਦਿੰਦੇ ਹਨ। ਅਸਲੀਅਤ ਇਹ ਵੀ ਹੈ ਕਿ ਸਿੱਖ ਜਨਸਮੂਹਾਂ ਵਿਚਲੀਆਂ ਇਹੀ ਧਿਰਾਂ ਹਨ ਜਿਹੜੀਆਂ ਕਿ ਸਿੱਖ ਧਰਮ ਦੀਆਂ ਨਰੋਈਆਂ ਪ੍ਰੰਪਰਾਵਾਂ ਨੂੰ ਅਜੋਕੇ ਸਮਿਆਂ ਦੇ ਹਾਣੀ ਬਣਾਉਣ ਲਈ ਵੀ ਯਤਨਸ਼ੀਲ ਹਨ ਤਾਂ ਜੋ ਮੌਜੂਦਾ ਸਮਾਜ ਵਿਚ ਆਈ ਗਿਰਾਵਟ, ਲੁੱਟ ਖਸੁੱਟ ਤੇ ਅਰਾਜਕਤਾ ਨੂੰ ਦੂਰ ਕਰਕੇ ਬਰਾਬਰਤਾ ਤੇ ਇਨਸਾਫ ਅਧਾਰਤ ਐਸੇ ਪ੍ਰਬੰਧ ਦੀ ਸਿਰਜਣਾ ਕੀਤੀ ਜਾ ਸਕੇ, ਜਿਸਨੂੰ ਗੁਰੂ ਸਾਹਿਬਾਨ ਅਤੇ ਹੋਰ ਭਗਤਾਂ ਤੇ ਮਹਾਂ ਪੁਰਸ਼ਾਂ ਨੇ ਚਿਤਵਿਆ ਸੀ। ਕਿਸੇ ਧਰਮ ਦਾ ਵਿਰੋਧ ਜਾਂ ਪੱਖ ਕਰਨ ਦੇ ਮਕਸਦ ਤੋਂ ਭਿੰਨ ਏਥੇ ਸਾਡਾ ਮਨੋਰਥ ਸਿਰਫ ਧਰਮਾਂ ਅਤੇ ਸਮਾਜਿਕ ਲਹਿਰਾਂ ਦੀ ਮਾਨਵਵਾਦੀ ਤੇ ਅਗਾਂਹਵਧੂ ਵਿਰਾਸਤ ਨੂੰ ਸਾਂਭਣ ਤੇ ਅੱਗੇ ਤੋਰਨ ਦਾ ਹੈ ਤਾਂ ਜੋ ਸਮਾਜਿਕ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਜਾ ਸਕੇ।
 
ਸਿੱਖ ਧਰਮ ਵਲੋਂ ਮਿੱਥੇ ਨਿਸ਼ਾਨੇ ਕੀ ਸਨ?
ਅੱਗੇ ਵੱਧਣ ਦੀ ਇਸ ਤਾਂਘ ਨਾਲ ਸਮਾਜਿਕ ਘੋਲ ਨੂੰ ਨਿਰੰਤਰ ਅਗਾਂਹ ਤੋਰਨ ਲਈ ਬਿਨਾਂ ਸ਼ੱਕ  ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੀ ਜ਼ਾਲਮ ਸਥਾਪਤੀ ਤੇ ਸਮਾਜ ਵਿਚ ਫੈਲੇ ਵਿਚਾਰਧਾਰਕ ਤੇ ਵਿਵਹਾਰਕ ਅੰਧਕਾਰ ਭਰੇ ਮਹੌਲ ਵਿਰੁੱਧ ਆਪਣੀ ਰਚਨਾ ਤੇ ਅਮਲਾਂ ਰਾਹੀਂ ਜ਼ੋਰਦਾਰ ਵਿਰੋਧ ਦਰਜ ਕੀਤਾ। ਗੁਰੂ ਨਾਨਕ ਬਾਣੀ ਵਿਚ ਜਾਤਪਾਤ, ਊਚ ਨੀਚ ਤੇ ਔਰਤਾਂ ਦੀ ਦੁਰਦਸ਼ਾ ਵਰਗੀਆਂ ਸਮਾਜਿਕ ਕੁਰੀਤੀਆਂ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ ਹੈ। ਕਿਸਮਤਵਾਦ ਨੂੰ ਤਿਆਗ ਕੇ ਅਮਲੀ ਜ਼ਿੰਦਗੀ ਦੀ ਗੁਣਵੱਤਾ ਉਪਰ ਜ਼ੋਰ ਅਤੇ ਦੂਸਰਿਆਂ ਦੀ ਕਿਰਤ ਨੂੰ ਲੁੱਟ ਕੇ ਅਮੀਰ ਬਣਨ ਦੀ ਹੋੜ ਉਪਰ ਤਲਖ ਕਟਾਖਸ਼ ਕਰਦਿਆਂ ਗੁਰੂ ਨਾਨਕ ਦੇਵ ਜੀ ਵਲੋਂ ਜਿਥੇ ਦਸਾਂ ਨਹੂੰਆਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਵਰਗੇ ਇਨਸਾਨਾਂ ਦੀ ਭਾਰੀ ਉਪਮਾ ਕੀਤੀ ਗਈ ਹੈ, ਉਥੇ ਅਸਲੀ ਦੁਨੀਆਂ ਨੂੰ ਤਿਆਗ ਕੇ ਕਿਸੇ ਅਣਦੇਖੀ ਗੈਬੀ ਸ਼ਕਤੀ ਜਾਂ ਸਵਰਗ ਲੋਕ ਦੀ ਸੁਪਨਈ ਪ੍ਰੰਤੂ ਗਲਤ ਧਾਰਨਾ ਦਾ ਖੰਡਨ ਕਰਦਿਆਂ ਨਾਮਨਿਹਾਦ 'ਮੋਕਸ਼' ਹਾਸਲ ਕਰਨ ਲਈ ਕੀਤੇ ਜਾਣ ਵਾਲੇ ਸਾਰੇ ਪਾਖੰਡਾਂ ਦਾ ਭਾਵਪੂਰਤ ਤੇ ਤਰਕਸੰਗਤ ਢੰਗ ਨਾਲ ਪਰਦਾ ਫਾਸ਼ ਵੀ ਕੀਤਾ ਗਿਆ ਹੈ। 'ਖਲਕ' ਨੂੰ ਅਸਲੀ 'ਖਾਲਕ' ਦੱਸਕੇ ਇਸਦੇ ਹਿੱਤਾਂ ਨੂੰ ਅੱਗੇ ਵਧਾਉਣ ਵਾਲੀਆਂ ਨਰੋਈਆਂ ਸ਼ਕਤੀਆਂ ਦੀ ਸਰਾਹਨਾਂ ਕਰਦਿਆਂ ਸਿੱਖ ਧਰਮ ਦੇ ਸਿਰਜਕਾਂ ਨੇ ਸਮਾਜ 'ਚ ਪਹਿਲਾਂ ਪ੍ਰਚਲਤ ਵੱਖ ਵੱਖ ਧਰਮਾਂ/ਡੇਰਿਆਂ ਵਲੋਂ ਫੈਲਾਏ ਜਾਂਦੇ ਅੰਧਕਾਰ ਤੋਂ ਬਿਲਕੁਲ ਭਿੰਨ ਤੇ ਨਿਵੇਕਲੀ ਤਸਵੀਰ ਪੇਸ਼ ਕੀਤੀ ਹੈ। ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਕੁਰਬਾਨੀ, ਦਲੇਰੀ ਤੇ ਸੂਝਬੂਝ ਦਰਸਾਉਂਦੀ ਹੈ ਕਿ ਨਿਰਦਈ, ਅਹੰਕਾਰੀ, ਗੈਰ ਸੰਵੇਦਨਸ਼ੀਲ ਹਕੂਮਤਾਂ ਦਾ ਖਾਤਮਾ ਤੇ ਸਮਾਜ ਦੇ ਲਤਾੜੇ ਤੇ ਲੁੱਟੇ ਪੁੱਟੇ ਜਾ ਰਹੇ ਲੋਕਾਂ ਦੀ ਬੰਦ ਖਲਾਸੀ ਲਈ ਕਿਸੇ ਦੈਵੀ ਸ਼ਕਤੀ ਦੇ ਅਸ਼ੀਰਵਾਦ, ਕਿਰਪਾ ਜਾਂ ਤਰਸ ਦੀ ਉਡੀਕ ਕਰਨ ਦੀ ਥਾਂ ਪੀੜਤ ਲੋਕਾਂ ਨੂੰ ਆਪ ਜਥੇਬੰਦ ਹੋ ਕੇ ਮੈਦਾਨ ਵਿਚ ਜੂਝਣਾ ਹੋਵੇਗਾ। ਇਨ੍ਹਾਂ ਸਿੱਖਿਆਵਾਂ ਦੇ ਅਨੁਰੂਪ ਹੋਰ ਵੀ ਅਨੇਕਾਂ ਭਗਤਾਂ, ਸੰਤਾਂ ਤੇ ਸਮਾਜ ਸੁਧਾਰਕਾਂ ਨੇ ਆਪੋ ਆਪਣੇ ਢੰਗਾਂ ਨਾਲ ਸਮਾਜਿਕ ਵਿਕਾਸ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਸਿੱਖ ਧਰਮ ਦੇ ਪਸਾਰੇ ਵਿਚ ਆਈ ਖੜੋਤ ਜਾਂ ਵਿਕਾਸ ਬਾਰੇ ਸੋਚ ਵਿਚਾਰ ਕਰਦਿਆਂ ਸਾਨੂੰ ਇਸ ਧਰਮ ਦੇ ਉਗਮਣ ਸਮੇਂ ਉਲੀਕੇ ਨਿਸ਼ਾਨਿਆਂ ਨੂੰ ਧਿਆਨ ਗੋਚਰੇ ਜ਼ਰੂਰ ਰੱਖਣਾ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਸਿੱਖ ਗੁਰੂਆਂ ਤੇ ਭਗਤਾਂ ਵਲੋਂ ਦਿੱਤੇ ਮਾਨਵਵਾਦੀ ਉਪਦੇਸ਼ਾਂ ਤੇ ਅਮਲਾਂ ਕਾਰਨ ਹੀ ਜਨ ਸਧਾਰਣ ਇਸ ਧਰਮ ਵੱਲ ਖਿੱਚੇ ਗਏ ਸਨ। ਇਸ ਕੰਮ ਲਈ ਕਿਸੇ ਲਾਲਚ, ਜਬਰ ਜਾਂ ਝੂਠ ਦੀ ਨਹੀਂ ਬਲਕਿ ''ਸੱਚ ਤੇ ਤਰਕ'' ਦੀ ਓਟ ਲਈ ਗਈ। ਸਿੱਖ ਧਰਮ ਦੇ ਵੱਡਮੁੱਲੇ ਸਮਾਜਿਕ ਸਰੋਕਾਰਾਂ ਦੇ ਹਕੀਕੀ ਵਿਕਾਸ ਲਈ ਅੱਗੋਂ ਵੀ ਇਹੀ ਰਸਤਾ ਅਪਣਾਉਣਾ ਹੋਵੇਗਾ।
 
ਰੂਪਕ ਪੱਖ ਨਾਲੋਂ ਰਹਿਤਲ ਦੀ ਉਤਮਤਾ 'ਤੇ ਜ਼ੋਰ ਸਿੱਖ ਧਰਮ ਵਿਚ ਹਰ ਸਮੇਂ ਕਿਸੇ ਇਨਸਾਨ ਦੇ ਰੂਪਕ ਪੱਖ ਨਾਲੋਂ ਉਸਦੀ ਅਮਲੀ ਜ਼ਿੰਦਗੀ ਉਪਰ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਚੋਖਾ ਭਾਗ ਬਾਹਰੀ ਦਿਖਾਵਿਆਂ ਦਾ ਖੰਡਨ ਕਰਕੇ ਅਮਲੀ ਜ਼ਿੰਦਗੀ ਦਾ ਮਹੱਤਵ, ਕਹਿਣੀ ਕਰਨੀ ਦਾ ਸੁਮੇਲ, ਵਿਖਾਵਾ ਜਾਂ ਕੋਈ ਅਡੰਬਰੀ ਵਿਖਾਵਾ ਕਰਨ ਦੀ ਮਨਾਹੀ ਆਦਿ ਵਰਗੀਆਂ ਸਿੱਖਿਆਵਾਂ ਨੂੰ ਸਮਰਪਤ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੂੰ ਇਕ ਵਿਸ਼ੇਸ਼ ਰੂਪ ਦੇਣ (ਪੰਜ ਕਕਾਰਾਂ ਦਾ ਧਾਰਨੀ ਬਣਨ) ਦੇ ਮਨਸ਼ੇ ਪਿੱਛੇ ਕੋਈ ਅੰਧ ਵਿਸ਼ਵਾਸ਼ ਜਾਂ ਰਵਾਇਤ ਸਥਾਪਤ ਕਰਨ ਦੀ ਧਾਰਨਾ ਨਹੀਂ ਜਾਪਦੀ, ਬਲਕਿ ਮਿਥੇ ਕਾਰਜ (ਦੁਸ਼ਟ ਨੂੰ ਗਾਲਣ ਤੇ ਨਿਰਧਨ ਨੂੰ ਪਾਲਣ) ਦੀ ਪ੍ਰਾਪਤੀ ਵਾਸਤੇ ਉਸ ਸਮੇਂ ਦੀਆਂ ਪ੍ਰਚੱਲਤ ਹਾਲਤਾਂ ਅਨੁਸਾਰ ਦੁਸ਼ਮਣਾਂ ਦਾ ਮੁਕਾਬਲਾ ਕਰਨ ਹਿੱਤ ਮੌਜੂਦਾ ਅਵਸਥਾਵਾਂ/ਜ਼ਰੂਰਤਾਂ ਨੂੰ ਸਨਮੁੱਖ ਰੱਖ ਕੇ ਹੀ ਅਜਿਹਾ ਕੀਤਾ ਗਿਆ ਸੀ। ਲੜਾਕੂ ਦਿਖ, ਯੁਧ ਕਰਦਿਆਂ ਲੋੜਾਂ ਅਨੁਸਾਰ ਜੀਵਨ ਨੂੰ ਢਾਲਣਾ ਤੇ ਦੁਸ਼ਮਣ ਦਾ ਟਾਕਰਾ ਕਰਨ ਦੇ ਸਮਰੱਥ ਬਣਨਾ 5 ਕਕਾਰਾਂ ਦੇ ਧਾਰਨੀ ਬਣਨ ਦਾ ਅਸਲ ਉਦੇਸ਼ ਸਪੱਸ਼ਟ ਦੇਖਿਆ ਜਾ ਸਕਦਾ ਹੈ। ਇਹ ਸਾਰਾ ਕੁੱਝ ਸਮੇਂ, ਸਥਾਨ ਤੇ ਹਾਲਤਾਂ ਦੇ ਅਨੁਕੂਲ ਕੀਤਾ ਗਿਆ ਸੀ ਜੋ ਇਕ ਕਾਮਯਾਬ ਤੇ ਦੀਰਘ ਬੁੱਧੀ ਦੇ ਮਾਲਕ ਜਰਨੈਲ ਗੁਰੂ ਗੋਬਿੰਦ ਸਿੰਘ ਜੀ ਦੀ ਤੀਖਣ ਸੋਚਣੀ ਦਾ ਪ੍ਰਤੀਕ ਸੀ। ਅੱਜ ਜਦੋਂ ਅਸੀਂ ਅਜੋਕੇ ਅਧੁਨਿਕ ਵਿਗਿਆਨਕ ਯੁਗ ਤੇ ਸਮਾਜਿਕ ਵਿਕਾਸ ਦੀ ਉਚੀ ਪੱਧਰ ਉਪਰ ਪਹੁੰਚ ਕੇ ਅੱਜ ਦੀ ਜ਼ਾਲਮ ਤੇ ਲੁਟੇਰੀ ਸਥਾਪਤੀ ਦਾ ਮੁਕਾਬਲਾ ਗੁਰੂ ਗੋਬਿੰਦ ਸਿਘ ਜੀ ਵਲੋਂ ਚਿਤਵੇ ਨਿਸ਼ਾਨੇ,  ਬਰਾਬਰਤਾ, ਅਜਾਦੀ ਤੇ ਇਨਸਾਫ ਉਤੇ ਅਧਾਰਤ ਸਮਾਜ ਦੀ ਸਥਾਪਨਾ ਦੀ ਪ੍ਰਾਪਤੀ ਕਰਨੀ ਚਾਹੁੰਦੇ ਹਾਂ, ਤਦ ਸਾਨੂੰ ਅਜੋਕੀ 'ਖਾਲਾਸਾਈ ਫੌਜ' ਦੀ ਸਥਾਪਨਾ ਮੌਜੂਦਾ ਲੋੜਾਂ ਤੇ ਹਾਲਤਾਂ ਅਨੁਸਾਰ ਕਰਨੀ ਹੋਵੇਗੀ, ਜੋ ਕਿ ਲਾਜ਼ਮੀ ਅਜੋਕੇ ਸੰਦਰਭ ਵਿਚ ਉਭਰ ਚੁੱਕੇ ਸਮਾਜਿਕ ਤਾਣੇ-ਬਾਣੇ ਅੰਦਰ ਜਮਾਤੀ ਲੀਹਾਂ ਉਪਰ ਹੋਵੇਗੀ। ਬਦਲਵੀਆਂ ਅਵਸਥਾਵਾਂ ਵਿਚ ਜੇਕਰ ਅਸੀਂ ਸਤਾਰਵੀਂ ਸਦੀ ਦੇ ਯੁਧ ਲੜਨ ਵਰਗੀਆਂ ਤਿਆਰੀਆਂ ਉਪਰ ਹੀ ਕੇਂਦਰਤ ਰਹਾਂਗੇ, ਤਦ ਇਹ ਅਨੁਚਿਤ ਵੀ ਹੋਵੇਗਾ ਤੇ ਜਿੱਤ ਹਾਸਲ ਕਰਨ ਲਈ ਨਾਕਾਫੀ ਵੀ। ਇਸਦਾ ਅਰਥ ਇਹ ਨਹੀਂ ਹੈ ਕਿ ਕਿਸੇ ਸਿੱਖ ਦਾ ਪੰਜ ਕਕਾਰਾਂ ਦੇ ਰੂਪ ਵਿਚ ਵਿਚਰਨਾ ਦਰੁਸਤ ਨਹੀਂ ਜਾਂ ਵਰਜਿਤ ਹੈ। ਐਪਰ ਇਕ ਸੱਚਾ ਸਿੱਖ ਬਣਨ ਲਈ ਸਿਰਫ ਇਹ ਹੀ ਸਭ ਤੋਂ ਮੁਢਲੀ ਤੇ ਜ਼ਰੂਰੀ ਸ਼ਰਤ ਹੈ, ਇਹ ਸੋਚਣੀ ਸੌੜੀ ਤੇ ਗਲਤ ਹੈ। ਵਿਚਾਰਨਾ ਇਹ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਤੇ ਹੋਰ ਮਹਾਨ ਪੁਰਸ਼ਾਂ ਵਲੋਂ ਮਿਥੇ ਸਮਾਜਿਕ ਤੇ ਆਰਥਿਕ ਨਿਆਂ ਪ੍ਰਾਪਤ ਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਕੀ ਜ਼ਿਆਦਾ ਜ਼ੋਰ ਅਗਾਂਹਵਧੂ ਮਾਨਵਵਾਦੀ ਸਿਧਾਂਤਾਂ ਅਤੇ ਅਮਲਾਂ ਉਪਰ ਦੇਣਾ ਹੈ ਜਾਂ ਕਿ ਸਿਰਫ ਬਾਹਰਮੁਖੀ ਦਿਖ ਉਪਰ? ਮਕਾਨਕੀ ਢੰਗ ਨਾਲ ਤਿੰਨ ਸਦੀਆਂ ਪਹਿਲਾਂ ਵਾਲੀਆਂ ਤਿਆਰੀਆਂ, ਦਾਅ ਪੇਚਾਂ 'ਤੇ ਵਿਧੀਆਂ ਅਨੁਸਾਰ ਸੰਘਰਸ਼ ਕਰਕੇ ਮੌਜੂਦਾ ਦੁਸ਼ਮਣ ਧਿਰ ਉਪਰ ਫਤਿਹ ਹਾਸਲ ਨਹੀਂ ਕੀਤੀ ਜਾ ਸਕਦੀ। ਲੋਕਾਂ ਦਾ ਅਜੋਕਾ ਜਮਾਤੀ ਦੁਸ਼ਮਣ ਆਪਣੀ ਲੁੱਟ ਖਸੁੱਟ ਜਾਰੀ ਰੱਖਣ ਲਈ ਨਵੀਆਂ ਆਧੁਨਿਕ ਕਿਸਮ ਦੀਆਂ ਵਿਊਂਤਾਂ ਤੇ ਹਥਿਆਰਾਂ ਨਾਲ ਲੈਸ ਹੈ। ਜਦੋਂ ਕੋਈ ਸਿੱਖ ਵਿਦਵਾਨ, ਬੁਲਾਰਾ ਜਾਂ ਧਾਰਮਕ ਆਗੂ/ਸੰਤ ਸਾਡੇ ਗੁਰੂ ਸਾਹਿਬਾਨ ਦੁਆਰਾ ਰਚੀ ਗਈ ਫਿਲਾਸਫੀ ਤੇ ਹੰਢਾਈ ਗਈ ਅਮਲੀ ਜ਼ਿੰਦਗੀ ਨੂੰ ਉਸਦੇ ਅਸਲ ਮਨੋਰਥਾਂ ਨਾਲੋਂ ਤੋੜ ਕੇ ਸਾਰਾ ਜ਼ੋਰ ਪਹਿਰਾਵੇ ਤੇ ਦਿਖ ਉਪਰ ਦਿੰਦਾ ਹੋਇਆ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪੈਰੋਕਾਰਾਂ ਦੁਆਰਾ ਕੀਤੀਆਂ ਅਦੁਤੀ ਕੁਰਬਾਨੀਆਂ ਨੂੰ ਸਿਰਫ 'ਸਿੱਖ ਸਰੂਪ' ਦੀ ਰਾਖੀ ਤੱਕ ਹੀ ਸੀਮਤ ਕਰ ਦਿੰਦਾ ਹੈ, ਤਦ ਇਹ ਸਾਹਮਣੇ ਬੈਠੇ ਸਰੋਤਿਆਂ, ਜਿਨ੍ਹਾਂ ਦੀ ਆਮ ਤੌਰ 'ਤੇ ਬਹੁ ਗਿਣਤੀ ਸਿੱਖਾਂ ਦੀ ਰਵਾਇਤੀ ਦਿਖ ਤੇ ਪਹਿਰਾਵੇ ਨਾਲ ਮੇਲ ਨਹੀਂ ਖਾਂਦੀ, ਦੇ ਮਨਾਂ ਵਿਚ ਸਿੱਖ ਧਰਮ ਬਾਰੇ ਕੋਈ ਹਾਂ ਪੱਖੀ ਅਸਰ ਜਾਂ ਸਦਭਾਵਨਾ ਪੈਦਾ ਨਹੀਂ ਕਰਦਾ। ਸਗੋਂ ਉਹ ਆਪਣੇ ਆਪ ਨੂੰ ਅਪਮਾਨਿਤ ਜਾਂ ਦੋਸ਼ੀ ਹੋਣਾ ਮਹਿਸੂਸ ਕਰਦੇ ਹਨ। ਇਸਦੇ ਪ੍ਰਤੀਕਰਮ ਵਜੋਂ ਸਿੱਖ ਵਸੋਂ ਵਾਲੇ ਇਸ ਖਿੱਤੇ ਦੇ ਸਿੱਖ ਪਰਿਵਾਰਾਂ ਨਾਲ ਸਬੰਧਤ ਨੌਜਵਾਨ ਲੜਕੇ ਤੇ ਲੜਕੀਆਂ ਵੀ ਰਵਾਇਤੀ ਸਿੱਖੀ ਸਰੂਪ ਧਾਰਨ ਕਰਕੇ ਸਿੱਖ ਧਰਮ ਵਿਚ ਸ਼ਾਮਲ ਹੋਣ ਦੀ ਥਾਂ ਕਿਸੇ ਹੋਰ ਪੰਥ/ਧਰਮ ਜਾਂ  ਸਮਾਜਿਕ ਸੰਗਠਨਾਂ  ਵਿਚ ਸ਼ਾਮਿਲ ਹੋਣ ਨੂੰ ਵਧੇਰੇ ਤਰਜੀਹ ਦੇਣ ਲੱਗ ਪਏ ਹਨ, ਜਿਥੇ ਪਹਿਰਾਵੇ ਤੇ ਦਿਖ ਵਜੋਂ ਏਨੀਆਂ ਸਖਤ ਪਾਬੰਦੀਆਂ ਅਧੀਨ ਵਿਚਰਨ ਦੀ ਜ਼ਰੂਰਤ ਨਹੀਂ ਹੁੰਦੀੇ। ਗੁਰੂ ਸਾਹਿਬਾਨ ਨੇ ਲੋਕਾਂ ਨੂੰ ਸਿੱਖ ਧਰਮ ਨਾਲ ਖਾਸ ਪਹਿਰਾਵਿਆਂ ਜਾਂ ਸੰਸਕਾਰਾਂ ਦੇ ਦਾਇਰਿਆਂ ਦੀ ਵਲਗਣ ਵਿਚ ਵਿਚਰਨ ਲਈ ਮਜ਼ਬੂਰ ਕਰਕੇ ਨਹੀਂ ਜੋੜਿਆ, ਸਗੋਂ ਮਨੁੱਖਤਾ ਦੇ ਭਲੇ ਵਾਸਤੇ ਉਚੀ ਸੁੱਚੀ ਸੋਚ ਤੇ ਨਿਰਫੱਲ ਅਮਲਾਂ ਰਾਹੀਂ ਔਖੇ ਸਮਿਆਂ ਵਿਚ ਵੀ ਵੱਡੀ ਗਿਣਤੀ ਲੋਕਾਂ ਨੂੰ ਸਿੱਖ ਧਰਮ ਦੇ ਕਲਾਵੇ ਵਿਚ ਲਿਆਂਦਾ ਸੀ। ਜਦੋਂ ਵੀ ਕਿਸੇ ਧਰਮ ਨੂੰ ਆਸਥਾ, ਅੰਧ ਵਿਸ਼ਵਾਸ਼ ਤੇ ਸ਼ਰਧਾ ਦਾ ਬਿੰਦੂ ਬਣਾ ਦਿੱਤਾ ਜਾਂਦਾ ਹੈ, ਤਦ ਇਹ ਜੜ੍ਹ ਭਰਥ ਵਸਤੂ ਬਣਕੇ ਆਪਣੀ ਵਿਕਾਸਮੁਖੀ ਤੇ ਅਗਾਂਹਵਧੂ ਭੂਮਿਕਾ ਗੁਆ ਬੈਠਦਾ ਹੈ। ਸਮਾਜਿਕ ਵਿਕਾਸ ਦੀ ਅਗਾਂਹਵਧੂ ਧਾਰਾ ਨਾਲੋਂ ਟੁਟ ਕੇ ਧਰਮ ਫਿਰ ਪਿਛਾਖੜੀ ਰੂਪ ਧਾਰਨ ਕਰਕੇ ਲੁਟੇਰੀਆਂ ਜਮਾਤਾਂ ਦੇ ਹੱਥਾਂ ਵਿਚ ਲੁੱਟਣ ਦਾ ਇਕ ਹਥਿਆਰ ਮਾਤਰ ਬਣ ਜਾਂਦਾ ਹੈ। ਅਜੋਕੇ ਭਾਰਤੀ ਹਾਕਮਾਂ ਵਲੋਂ ਧਰਮ ਦੇ ਪਰਦੇ ਹੇਠਾਂ ਲੋਕਾਂ ਨਾਲ ਕੀਤਾ ਜਾ ਰਿਹਾ ਧ੍ਰੋਹ ਤੇ ਮਚਾਈ ਲੁੱਟ ਇਸ ਤੱਥ ਦੀ ਸ਼ਾਹਦੀ ਭਰਦਾ ਹੈ। ਇਸ ਭਟਕਾਅ ਤੋਂ ਸਾਵਧਾਨ ਕਰਨ ਲਈ ਗੁਰੂ ਸਾਹਿਬਾਨ ਨੇ ਅੰਧਵਿਸ਼ਵਾਸੀ ਢੰਗ ਨਾਲ ਕਿਸੇ ਆਸਥਾ ਜਾਂ ਵਿਅਕਤੀ ਵਿਸ਼ੇਸ਼ ਦੀ ਪੂਜਾ ਕਰਕੇ 'ਜੜ੍ਹ ਭਰਥ' ਬਣਨ ਦੀ ਥਾਂ ਤਰਕਸ਼ੀਲ ਤੇ ਗਿਆਨਵਾਨ ਬਣਨ ਦੀ ਸਿੱਖਿਆ ਦਿੱਤੀ ਹੈ ਤੇ 'ਸ਼ਬਦ ਗੁਰੂ' ਭਾਵ ਵਧੇਰੇ ਗਿਆਨ ਪ੍ਰਾਪਤ ਕਰਕੇ ਅੱਗੇ ਵੱਧਣ ਦੀ ਪ੍ਰੇਰਨਾ ਕੀਤੀ ਹੈ। ਅੰਧ ਵਿਸ਼ਵਾਸ਼ ਨਾਲੋਂ ਤਰਕ, ਅਗਿਆਨਤਾ ਨਾਲੋਂ ਗਿਆਨ ਤੇ ਗੈਰ ਯਥਾਰਥ ਮਿੱਥ ਨਾਲੋਂ ਅਸਲੀਅਤ ਨੂੰ ਸਮਝਣਾ ਸਿੱਖ ਧਰਮ ਦੀ ਪੁਰਾਣੇ ਵੇਲਾ ਵਿਹਾ ਚੁੱਕੇ ਧਰਮਾਂ/ਪੰਥਾਂ ਨਾਲੋਂ ਵਿਸ਼ੇਸ਼ ਵਿਲੱਖਣਤਾ ਹੈ। 
ਇਸ ਲਈ ਅੱਜ ਜੇਕਰ ਸਿੱਖ ਧਰਮ ਵੱਲ ਨੂੰ ਨਵੀਂ ਪੀੜ੍ਹੀ ਘੱਟ ਖਿੱਚੀ ਆ ਰਹੀ, ਤਦ ਇਸ ਪਿੱਛੇ ਕਥਿਤ ਧਾਰਮਕ ਆਗੂਆਂ, ਬਾਬਿਆਂ ਤੇ ਸਿੱਖ ਧਰਮ ਦੇ ਆਪੂ ਬਣੇ ਠੇਕੇਦਾਰਾਂ ਵਲੋਂ ਉਨ੍ਹਾਂ ਸਿਧਾਂਤਾਂ ਦੀ  ਅਵਹੇਲਣਾ ਕੀਤੀ ਜਾਣੀ ਹੈ, ਜਿਹਨਾਂ ਦੀ ਰਾਖੀ ਲਈ ਸਿੱਖ ਧਰਮ ਦਾ ਜਨਮ ਹੋਇਆ ਸੀ। ਜੇਕਰ ਦਿਖ ਦੇ ਪੱਖ ਤੋਂ ਸਿੱਖ ਸਜੇ ਵਿਅਕਤੀ ਵੱਡੀ ਗਿਣਤੀ ਵਿਚ ਪਾਪਾਂ ਰਾਹੀਂ ਮਾਇਆ ਇਕੱਠੀ ਕਰਦੇ ਹਨ ਭਾਵ ਦੂਸਰਿਆਂ ਦੀ ਹੱਕ ਸੱਚ ਦੀ ਕਮਾਈ  ਲੁੱਟਦੇ ਹਨ ਜਾਂ ਹੋਰ ਕੋਈ ਅਸਮਾਜਿਕ ਧੰਦਾ ਕਰਦੇ ਹਨ, ਤਦ ਇਸਨੂੰ ਸਿੱਖੀ ਦਾ ਪਸਾਰਾ ਨਹੀਂ ਆਖਿਆ ਜਾ ਸਕਦਾ। ਉਂਝ ਵੀ ਸਿੱਖੀ ਦੇ ਨਾਮਨਿਹਾਦ ਠੇਕੇਦਾਰ ਤੇ ਧਰਮ ਗੁਰੂ ਆਪਣੇ ਇਕ ਪਾਸੜ ਅਣਵਿਗਿਆਨਕ ਵਿਖਿਆਨਾਂ/ਕਥਾਵਾਂ ਰਾਹੀਂ ਉਨ੍ਹਾਂ ਲੋਕਾਂ ਨੂੰ ਸਿੱਖੀ ਦੇ ਘੇਰੇ ਵਿਚੋਂ ਮੱਲੋ ਮੱਲੀ ਦੂਰ ਧੱਕੀ ਜਾ ਰਹੇ ਹਨ, ਜੋ ਰੂਪ ਦੇ ਪੱਖ ਤੋਂ ਤਾਂ 'ਪੂਰਨ ਸਿੱਖ' ਨਹੀਂ ਜਾਪਦੇ ਪ੍ਰੰਤੂ ਵਿਸ਼ਵਾਸਾਂ ਤੇ ਅਮਲਾਂ ਦੇ ਨਜ਼ਰੀਏ ਤੋਂ ਉਹਨਾਂ ਆਸ਼ਿਆਂ ਲਈ ਸਮਰਪਤ ਹਨ, ਜਿਨ੍ਹਾਂ ਵਾਸਤੇ ਸਿੱਖ ਧਰਮ ਰਾਹ ਦਰਸਾਉਂਦਾ ਹੈ। ਕਈ ਨਾਮ ਨਿਹਾਦ ਧਾਰਮਿਕ ਬਾਬਿਆਂ ਵਲੋਂ ਤਾਂ ਆਪਣੇ ਪ੍ਰਚਾਰ ਰਾਹੀਂ ਇਸ ਤਰ੍ਹਾਂ ਦੀਆਂ ਅੱਤਕਥਨੀਆਂ ਤੇ ਚਮਤਕਾਰਾਂ ਦਾ ਵਿਖਿਆਨ ਕੀਤਾ ਜਾਂਦਾ ਹੈ, ਜਿਸ ਨਾਲ ਸੁਣਨ ਵਾਲਾ ਹਰ  ਸੂਝਵਾਨ ਵਿਅਕਤੀ ਸ਼ਰਮਿੰਦਗੀ ਮਹਿਸੂਸ  ਕਰਨ ਲੱਗ ਪੈਂਦਾ ਹੈ। ਮਿਥਿਹਾਸ ਉਨ੍ਹਾਂ ਕੌਮਾਂ ਜਾਂ ਧਰਮਾਂ ਦੀ ਲੋੜ ਹੋ ਸਕਦਾ ਹੈ, ਜਿਨ੍ਹਾਂ ਕੋਲ ਆਪਣਾ ਕੋਈ ਮਾਣਮੱਤਾ ਇਤਿਹਾਸ ਨਾ ਹੋਵੇ। ਸਾਡਾ ਤਾਂ ਆਪਣਾ ਹੀ ਗੌਰਵਮਈ ਸ਼ਾਨਦਾਰ ਇਤਿਹਾਸ ਹੈ, ਜਿਸਨੂੰ ਕਿਸੇ ਮਿਥਿਹਾਸ ਜਾਂ ਗੈਰ ਯਥਾਰਥਕ ਚਮਤਕਾਰਾਂ ਆਦਿ ਦੀ ਜ਼ਰੂਰਤ ਨਹੀਂ ਹੈ।
ਸਾਡੀ ਦਿਲਚਸਪੀ ਕਿਸੇ ਧਰਮ ਦਾ ਪਸਾਰ ਕਰਨਾ ਜਾਂ ਵਿਰੋਧਤਾ ਕਰਨੀ ਨਹੀਂ ਹੈ, ਸਗੋਂ ਸਾਡਾ ਮਨੋਰਥ ਤਾਂ ਸਮਾਜਿਕ ਪਰਿਵਰਤਨ ਦੇ ਚਲ ਰਹੇ ਅੰਦੋਲਨ ਦੀ ਮਜ਼ਬੂਤੀ ਲਈ ਵਿਸ਼ਾਲ ਲੋਕਾਈ ਨੂੰ ਇਸ ਸਾਂਝੇ ਉਦਮ ਵਿਚ ਸ਼ਾਮਿਲ ਕਰਨਾ ਹੈ।  ਜੋ ਵੱਖ ਵੱਖ ਧਾਰਮਕ ਵਿਸ਼ਵਾਸਾਂ ਦੀ ਧਾਰਨੀ ਹੁੰਦੀ ਹੋਈ ਵੀ ਇਕ ਵਿਸ਼ਾਲ ਲਹਿਰ ਦਾ ਅੰਗ ਬਣ ਸਕਦੀ ਹੈ। ਇਸ ਲਈ, ਇਨ੍ਹਾਂ ਨਾਮ ਨਿਹਾਦ ਬਾਬਿਆਂ ਤੇ ਨੇਤਾਵਾਂ ਵਲੋਂ ਧਰਮ ਦੇ ਪਰਦੇ ਹੇਠਾਂ ਪ੍ਰਚਾਰੀਆਂ ਜਾ ਰਹੀਆਂ ਅੱਤਕਥਨੀਆਂ ਤੇ ਇਤਿਹਾਸ ਦੀਆਂ ਗਲਤ ਵਿਆਖਿਆਵਾਂ ਕਾਰਨ ਵੱਡੀ ਗਿਣਤੀ ਵਿਚ ਗੁਮਰਾਹ ਹੋ ਰਹੇ ਜਨ ਸਧਾਰਨ ਨੂੰ ਸੁਚੇਤ ਕਰਕੇ ਸੱਚੇ ਮਾਰਗ ਦੇ ਪਾਂਧੀ ਬਣਾਉਣ ਦੀ ਵੱਡੀ ਲੋੜ ਹੈ॥
ਸਾਡੇ ਸਮਾਜ ਨੂੰ ਕੁਰਾਹੇ ਪਾਉਣ ਵਾਲੇ ਧਰਮ ਪ੍ਰਚਾਰਕਾਂ ਤੇ ਬਾਬਿਆਂ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਸਿੱਖ ਧਰਮ ਦੇ ਅਨੁਆਈ ਅਗਾਂਹ ਵਧੂ ਤੇ ਤਰਕਸ਼ੀਲ ਬੁਧੀਜੀਵੀਆਂ ਨੂੰ ਆਪ ਅੱਗੇ ਆਉਣਾ ਚਾਹੀਦਾ ਹੈ। ਜੇਕਰ ਅਸੀਂ ਲੋਕਾਂ ਨੂੰ ਧਰਮ ਦੀਆਂ  ਅਗਾਂਹਵਧੂ ਪ੍ਰੰਪਰਾਵਾਂ ਨੂੰ ਖੋਖਲੀਆਂ ਕਰਨ ਵਾਲੇ ਕਥਿਤ ਅਡੰਬਰੀ ਧਾਰਮਕ ਬਾਬਿਆਂ ਦੇ ਕੂੜ ਪ੍ਰਚਾਰ ਤੋਂ ਸੁਚੇਤ ਨਾ ਕੀਤਾ ਤਾਂ  ਅਸੀਂ ਇਸ ਖਿੱਤੇ, ਜਿੱਥੇ ਮਨੁੱਖੀ ਤੇ ਸਮਾਜਿਕ ਸਰੋਕਾਰਾਂ ਨਾਲ ਸਜ਼ੋਏ ਸਿੱਖ ਧਰਮ ਨੇ ਜਨਮ ਲਿਆ ਹੈ, ਦੇ ਵਸਨੀਕਾਂ ਨੂੰ ਇਸ ਦੇ ਸ਼ਾਨਾਮਤੇ ਇਤਿਹਾਸ ਦੇ ਜਾਣਕਾਰ ਬਣਕੇ ਠੀਕ ਦਿਸ਼ਾ ਵਿਚ ਅੱਗੇ ਵਧਣ ਤੋਂ ਹੀ ਵਾਂਝਿਆਂ ਨਹੀਂ ਕਰ ਰਹੇ ਹੋਵਾਂਗੇ, ਬਲਕਿ ਅਜੋਕੇ ਵਿਗਿਆਨਕ ਯੁਗ ਦੇ ਦੌਰ ਵਿਚ ਪੁਰਾਣੀਆਂ ਰਹੁ ਰੀਤਾਂ, ਰਸਮੋ ਰਿਵਾਜਾਂ ਤੇ ਆਸਥਾ ਦੇ ਨਾਂਅ ਹੇਠਾਂ ਹੋ ਰਹੇ ਅਣਵਿਗਿਆਨਕ ਅਮਲਾਂ ਕਾਰਨ ਬਾਕੀ ਦੁਨੀਆਂ ਵਿਚ ਵੀ ਖਿੱਚ ਤੇ ਪ੍ਰੇਰਨਾ ਦੇਣ ਵਾਲੇ ਬਣਨ ਦੀ ਥਾਂ ਮਖੌਲ ਦੇ ਪਾਤਰ ਬਣ ਰਹੇ ਹੋਵਾਂਗੇ। ਜਿਸ ਤਰ੍ਹਾਂ ਅੱਜਕਲ ਵੱਖ ਵੱਖ ਧਰਮਾਂ ਬਾਰੇ ਊਲ ਜਲੂਲ ਪ੍ਰਚਾਰ ਤੇ ਅਡੰਬਰ ਰਚੇ ਜਾ ਰਹੇ ਹਨ, ਉਸ ਰੌਲੇ ਤੇ ਅੰਧਕਾਰ ਵਿਚ ਸਿੱਖ ਧਰਮ ਦੀਆਂ ਮਾਨਵਵਾਦੀ ਅਤੇ ਅਗਾਂਹਵਧੂ ਪ੍ਰੰਪਰਾਵਾਂ ਨੂੰ ਅਲੋਪ ਨਹੀਂ ਹੋਣ ਦੇਣਾ ਚਾਹੀਦਾ। ਇਨ੍ਹਾਂ ਪ੍ਰੰਪਰਾਵਾਂ ਨੂੰ ਇਸ ਭਟਕਾਅ ਤੋਂ ਬਚਾਉਣਾ ਤੇ ਅਜੋਕੇ ਸਮੇਂ ਦੇ ਹਾਣੀ ਬਣਾਉਣਾ ਸਾਡਾ ਸਾਰੇ ਸਹੀ ਸੋਚਣੀ ਵਾਲੇ ਲੋਕਾਂ ਦਾ ਪਵਿੱਤਰ ਕਾਰਜ ਹੈ, ਜਿਸਨੂੰ ਸਾਰੇ ਖਤਰੇ ਮੁਲ ਲੈ ਕੇ ਵੀ ਪੂਰਿਆਂ ਕੀਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਸਮਾਜਿਕ ਵਿਕਾਸ ਲਈ ਵਿਗਿਆਨਕ ਨਜ਼ਰੀਆ ਗ੍ਰਹਿਣ ਕਰਦਿਆਂ ਹੋਇਆਂ ਅਗਾਂਹਵਧੂ ਤੇ ਇਨਕਲਾਬੀ ਲਹਿਰ ਨੂੰ ਮਜ਼ਬੂਤ ਕਰਨ ਲਈ ਵੀ ਹਰ ਸੰਭਵ ਯਤਨ ਤੇਜ਼ ਕਰਨ ਦੀ ਅੱਜ ਭਾਰੀ ਲੋੜ ਹੈ।

No comments:

Post a Comment