Monday, 2 February 2015

ਕੌਮਾਂਤਰੀ ਪਿੜ (ਸੰਗਰਾਮੀ ਲਹਿਰ - ਫਰਵਰੀ 2015)

ਮੱਧ ਪੂਰਬ 'ਚ 'ਇਸਲਾਮਿਕ ਸਟੇਟ' ਦੇ ਅੱਤਵਾਦੀਆਂ ਨੂੰ ਠੱਲ ਪਾ ਰਹੇ ਕੁਰਦ ਗੁਰੀਲੇ 

ਸਮੁੱਚੀ ਦੁਨੀਆਂ ਨੂੰ ਆਪਣੇ ਘਿਨਾਉਣੇ ਕਾਰਿਆਂ ਨਾਲ ਦਹਿਲਾ ਦੇਣ ਵਾਲੇ ਮੱਧ ਪੂਰਬ ਦੇ ਬੁਨਿਆਦਪ੍ਰਸਤ ਮੁਸਲਿਮ ਗਰੁੱਪ ਆਈ.ਐਸ.ਆਈ.ਐਸ.(ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ) ਨੂੰ ਸੀਰੀਆ ਦੀ ਤੁਰਕੀ ਨਾਲ ਲੱਗਦੀ ਸਰਹੱਦ 'ਤੇ ਸਥਿਤ ਸੂਬੇ ਕੋਬਾਨੀ ਵਿਚ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਈ ਹੈ। ਕੁਰਦ ਗੁਰੀਲਿਆਂ ਨੇ ਏਥੇ ਆਈ.ਐਸ.ਆਈ.ਐਸ. ਦੇ ਵੱਧਦੇ ਰੱਥ ਨੂੰ ਰੋਕਿਆ ਹੀ ਨਹੀਂ ਹੈ, ਬਲਕਿ ਉਸਨੂੰ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੱਤਾ ਹੈ। 18 ਜਨਵਰੀ ਦੀਆਂ ਰਿਪੋਰਟਾਂ ਮੁਤਾਬਕ ਕੋਬਾਨੀ, ਜਿਸਦੇ ਵੱਡੇ ਹਿੱਸੇ ਉਤੇ ਆਈ.ਐਸ.ਆਈ.ਐਸ. ਨੇ ਕਬਜ਼ਾ ਕਰ ਲਿਆ ਸੀ, ਦਾ 80 ਫੀਸਦੀ ਭਾਗ ਕੁਰਦ ਗੁੱਰੀਲਿਆਂ ਨੇ ਖੋਹ ਲਿਆ ਹੈ ਅਤੇ ਆਈ.ਐਸ.ਆਈ.ਐਸ. ਕੋਲ ਹੁਣ ਸਿਰਫ 20 ਫੀਸਦੀ ਭਾਗ ਹੀ ਮੁਸ਼ਕਿਲ ਨਾਲ ਰਹਿ ਗਿਆ ਹੈ। ਇੱਥੇ ਇਹ ਵਰਣਨਯੋਗ ਹੈ ਕਿ ਆਈ.ਐਸ.ਆਈ.ਐਸ. ਨੇ ਹੁਣ ਤੱਕ ਦੀ ਉਸਦੀ ਫੌਜੀ ਮੁਹਿੰਮ ਵਿਚ ਸਭ ਤੋਂ ਵਧੇਰੇ ਤੇ ਆਧੁਨਿਕ ਤਕਨੀਕ ਵਾਲੇ ਭਾਰੀ ਹਥਿਆਰ ਅਤੇ ਸਭ ਤੋਂ ਵਧੇਰੇ ਫੌਜ ਇਸ ਕੋਬਾਨੀ ਦੀ ਜੰਗ ਵਿਚ ਝੋਕੀ ਸੀ। ਇਸਦੇ ਬਾਵਜੂਦ ਉਸਨੂੰ ਕੁਰਦ ਗੁਰੀਲਿਆਂ ਦੇ ਦ੍ਰਿੜ੍ਹ ਇਰਾਦੇ ਸਾਹਮਣੇ ਮਾਤ ਖਾਣੀ ਪਈ ਹੈ। ਭਾਵੇਂਕਿ ਇਸ ਵਿਚ ਅਮਰੀਕੀ ਹਵਾਈ ਫੌਜ ਵਲੋਂ ਕੀਤੇ ਗਏ ਫੌਜੀ ਹਮਲਿਆਂ ਦਾ ਵੀ ਯੋਗਦਾਨ ਹੈ ਪ੍ਰੰਤੂ ਇੱਥੇ ਇਹ ਵੀ ਨੋਟ ਕਰਨਯੋਗ ਹੈ ਕਿ ਅਮਰੀਕਾ ਨੇ ਇਹ ਹਮਲੇ ਕਰਨ ਦਾ ਫੈਸਲਾ ਉਸ ਵੇਲੇ ਲਿਆ ਸੀ ਜਦੋਂ ਬਗਦਾਦ ਦੀਆਂ ਜੂਹਾਂ ਤੋਂ ਲੈ ਕੇ ਜਾਰਡਨ ਦੀ ਸਰਹੱਦ, ਸੀਰੀਆ ਦੇ ਵੱਡੇ ਹਿੱਸੇ ਲਗਭਗ ਸਾਰੇ ਹੀ ਤੇਲ ਉਤਪਾਦਕ ਖੇਤਰ ਉਤੇ ਆਈ.ਐਸ.ਆਈ.ਐਸ. ਨੇ ਕਬਜ਼ਾ ਕਰ ਲਿਆ ਸੀ। ਅਮਰੀਕੀ ਸਾਮਰਾਜ ਤੇ ਉਸਦੇ ਸਹਿਯੋਗੀਆਂ ਦੇ ਤੇਲ ਹਿੱਤ ਤਾਂ ਖਤਰੇ ਵਿਚ ਸਨ ਹੀ, ਬਲਕਿ ਇਸ ਮਹਾਸ਼ਕਤੀ ਨੂੰ ਹਾਰ ਦੇ ਰੂਪ ਵਿਚ ਮੱਧ ਪੂਰਬ ਵਿਚ ਸ਼ਰਮਨਾਕ ਨਮੋਸ਼ੀ ਦਾ ਵੀ ਸਾਹਮਣਾ ਕਰਨਾ ਪੈਣਾ ਸੀ। 
ਇਹ ਤਾਂ ਸਾਰੀ ਦੁਨੀਆਂ ਦੇ ਲੋਕਾਂ ਨੂੰ ਯਾਦ ਹੀ ਹੈ ਕਿ ਇਰਾਕ ਦੇ ਸ਼ਹਿਰ ਮੋਸੂਲ ਉਤੇ ਕਬਜ਼ੇ ਦੇ ਨਾਲ ਆਈ.ਐਸ.ਆਈ.ਐਸ. ਨੇ ਆਪਣੀ ਜਿੱਤ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਜਿਸ ਵਿਚ ਬੜੇ ਹੀ ਸ਼ਰਮਨਾਕ ਢੰਗ ਨਾਲ ਆਪਣੇ ਮੋਸੂਲ ਸਥਿਤ ਹੈਡਕੁਆਰਟਰ ਨੂੰ ਅਮਰੀਕਾ ਦੀਆਂ ਫੌਜਾਂ ਤੋਂ ਟਰੇਨਿੰਗ ਪ੍ਰਾਪਤ ਇਰਾਕੀ ਫੌਜਾਂ ਬਿਨਾਂ ਕਿਸੇ ਮੁਕਾਬਲਾ ਕੀਤਿਆਂ ਛੱਡਕੇ ਭੱਜ ਗਈਆਂ ਸਨ। ਇਸ ਨਾਲ ਆਈ.ਐਸ.ਆਈ.ਐਸ. ਨੇ ਜਿਥੇ ਇਸ ਪ੍ਰਮੁੱਖ ਸ਼ਹਿਰ 'ਤੇ ਕਬਜ਼ਾ ਕੀਤਾ ਸੀ ਉਸਦੇ ਨਾਲ ਹੀ ਆਧੁਨਿਕ ਹਥਿਆਰਾਂ ਦੇ ਭੰਡਾਰ, ਸ਼ਹਿਰਾਂ ਦੇ ਬੈਂਕਾਂ ਅਤੇ ਹੋਰ ਵਿੱਤੀ ਅਦਾਰਿਆਂ ਵਿਚ ਪਏ ਵੱਡੇ ਖਜ਼ਾਨਿਆਂ, ਜਿਨ੍ਹਾਂ ਵਿਚ ਨਗਦ ਪੈਸੇ ਤੋਂ ਬਿਨਾਂ ਵੱਡੀ ਮਾਤਰਾ ਵਿਚ ਸੋਨਾ ਅਤੇ ਚਾਂਦੀ ਵੀ ਸ਼ਾਮਲ ਸੀ, ਉਤੇ ਕਬਜ਼ਾ ਕਰ ਲਿਆ ਸੀ। ਇਸ ਨਾਲ ਉਸਦੀ ਆਰਥਕ ਅਤੇ ਫੌਜੀ ਤਾਕਤ ਵਿਚ ਕਈ ਗੁਣਾ ਵਾਧਾ ਹੋ ਗਿਆ ਸੀ। ਇਸ ਦੇ ਜ਼ੋਰ ਨਾਲ ਉਸਨੇ ਜਿਥੇ ਦੁਨੀਆਂ ਭਰਦੇ ਮੁਸਲਿਮ ਬੁਨਿਆਦਪ੍ਰਸਤ ਗਰੁੱਪਾਂ ਨੂੰ ਨੁੱਕਰੇ ਲਾਉਂਦੇ ਹੋਏ ਇਸ ਅੰਦੋਲਨ ਵਿਚ ਪ੍ਰਮੁੱਖ ਥਾਂ ਬਣਾ ਲਈ ਸੀ। ਉਸਨੇ ਨਾਲ ਹੀ ਆਪਣੀ ਫੌਜੀ ਮੁਹਿੰਮ ਨਾਲ ਇਰਾਕ ਤੇ ਸੀਰੀਆ ਦੇ ਤੇਲ ਨਾਲ ਜ਼ਰਖੇਜ਼ ਵੱਡੇ  ਹਿੱਸਿਆਂ ਨੂੰ ਵੀ ਆਪਣੇ ਅਧੀਨ ਕਰ ਲਿਆ ਸੀ। ਆਈ.ਐਸ.ਆਈ. ਐਸ. ਦੀ ਇਸ ਮੁਹਿਮ ਨੂੰ ਕੋਬਾਨੀ ਵਿਖੇ ਹੀ ਠੱਲ ਪਈ ਹੈ। ਫੌਜੀ ਮਾਹਰਾਂ ਅਨੁਸਾਰ ਕੋਬਾਨੀ ਦੀ ਜੰਗ ਵਿਚ 1600 ਦੇ ਲਗਭਗ ਲੜਾਕੇ ਮਾਰੇ ਗਏ ਹਨ, ਜਿਨ੍ਹਾਂ ਵਿਚੋਂ 1196 ਆਈ.ਐਸ.ਆਈ. ਐਸ. ਨਾਲ ਸਬੰਧ ਰੱਖਣ ਵਾਲੇ ਜਿਹਾਦੀ ਹਨ। ਇਸਦੇ ਨਾਲ ਹੀ ਉਸਨੂੰ ਕਰੋੜਾਂ ਡਾਲਰਾਂ ਦੇ ਹਥਿਆਰਾਂ ਤੋਂ ਵੀ ਹੱਥ ਧੋਣੇ ਪਏ ਹਨ। 
ਕੋਬਾਨੀ ਦੀ ਲੜਾਈ ਵਿਚ ਆਈ.ਐਸ.ਆਈ.ਐਸ. ਦੇ ਜਿਹਾਦੀਆਂ ਨੂੰ ਭਾਂਜ ਦੇਣ ਵਿਚ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ, ਵਾਈ.ਪੀ.ਜੀ. (ਪੀਪਲਜ ਪਰੋਟੈਕਸ਼ਨ ਯੂਨਿਟਸ) ਅਤੇ ਵਾਈ.ਪੀ.ਜੇ. (ਵੁਮੈਨ ਪ੍ਰੋਟੈਕਸ਼ਨ ਯੂਨਿਟਸ) ਦੇ ਗੁਰੀਲੇ, ਇਨ੍ਹਾਂ ਦੇ ਨਾਲ ਇਸ ਲੜਾਈ ਵਿਚ ਜਿਥੇ 200 ਦੇ ਲਗਭਗ ਪੇਸ਼ਮਰਗਾ ਗੁਰੀਲਿਆਂ ਅਤੇ ਦੂਜਿਆਂ ਦੇਸ਼ਾਂ ਤੋਂ ਗਏ ਕੁੱਝ ਵਲੰਟੀਅਰ ਵੀ ਹਿੱਸਾ ਲੈ ਰਹੇ ਹਨ। ਸੀਰੀਆ ਦੇ ਕੁਰਦ ਖੇਤਰ ਦੀ ਸਭ ਤੋਂ ਵੱਡੀ ਅਤੇ ਖੱਬੇ ਪੱਖੀ ਪਾਰਟੀ ਡੈਮੋਕਰੇਟਿਕ ਯੂਨੀਟੀ ਪਾਰਟੀ (ਪੀ.ਵਾਈ.ਡੀ.) ਨੇ 2004 ਵਿਚ ਕੋਬਾਨੀ ਵਿਖੇ ਵਾਈ.ਪੀ.ਜੀ. ਦੀ ਸਥਾਪਨਾ ਕੀਤੀ ਸੀ। ਅਤੇ ਅਪ੍ਰੈਲ 2014 ਵਿਚ ਨਰੋਲ ਔਰਤਾਂ 'ਤੇ ਅਧਾਰਤ ਗੁਰੀਲਾ ਦਸਤੇ ਵਾਈ.ਪੀ.ਜੇ. ਦੀ ਸਥਾਪਨਾ ਕੀਤੀ ਗਈ। ਜਿਸ ਵਿਚ ਹੁਣ 10000 ਗੁਰੀਲਾ ਔਰਤਾਂ ਹਨ। ਇਸ ਵਿਚ ਸਿਰਫ ਸੀਰੀਆ ਖੇਤਰ ਦੀਆਂ ਔਰਤਾਂ ਹੀ ਨਹੀਂ ਹਨ। ਬਲਕਿ ਸਮੁੱਚੇ ਕੁਰਦ ਬਹੁਲਤਾ ਵਾਲੇ ਖੇਤਰ ਦੀਆਂ ਔਰਤਾਂ ਇਸਦਾ ਹਿੱਸਾ ਆਪਣੀ ਮਰਜ਼ੀ ਨਾਲ ਬਣ ਰਹੀਆਂ ਹਨ। ਔਰਤ ਗੁਰੀਲਿਆਂ ਦੀ ਇਸ ਜੰਗ ਵਿਚ ਬਹੁਤ ਹੀ ਆਪਾਵਾਰੂ ਤੇ ਸ਼ਲਾਘਾਯੋਗ ਭੂਮਿਕਾ ਰਹੀ ਹੈ। ਜਿਸਨੂੰ ਦੁਨੀਆਂ ਭਰ ਵਿਚ ਸੋਸ਼ਲ ਮੀਡੀਆ ਵਿਚ ਬਹੁਤ ਹੀ ਵੱਡੀ ਪੱਧਰ 'ਤੇ ਪ੍ਰਸ਼ੰਸਾ ਹਾਸਲ ਹੋਈ ਹੈ। ਇਸ ਜੰਗ ਦੌਰਾਨ ਸੈਂਕੜੇ ਔਰਤ ਗੁਰੀਲਿਆਂ ਨੇ ਬਹੁਤ ਹੀ ਬਹਾਦਰੀ ਨਾਲ ਲੜਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਹਨ। ਇਨ੍ਹਾਂ ਵਿਚੋਂ ਦੋ ਔਰਤ ਗੁਰੀਲਿਆਂ ਦੀਆਂ ਕਹਾਣੀਆਂ ਸੋਸ਼ਲ ਮੀਡੀਆ ਵਿਚ ਉਭਰਕੇ ਸਾਹਮਣੇ ਆਈਆਂ ਹਨ। ਉਨ੍ਹਾਂ ਵਿਚੋ ਇਕ ਹੈ, ਰੇਹਾਨਾ, ਜਿਸਨੇ 100 ਦੇ ਲਗਭਗ  ਆਈ.ਐਸ.ਆਈ.ਐਸ. ਜਿਹਾਦੀਆਂ ਨੂੰ ਜੰਗ ਵਿਚ ਮਾਰ ਦਿੱਤਾ ਸੀ ਅਤੇ ਅੰਤ ਵਿਚ ਬਹੁਤ ਹੀ ਘਿਨਾਉਣੇ ਢੰਗ ਨਾਲ ਇਨ੍ਹਾਂ ਮੁਸਲਮ ਬੁਨਿਆਦਪ੍ਰਸਤਾਂ ਵਲੋਂ ਸ਼ਹੀਦ ਕਰ ਦਿੱਤੀ ਗਈ। ਉਸਦਾ ਸਿਰ ਇਕ ਆਈ.ਐਸ.ਆਈ.ਐਸ. ਧਾੜਵੀਂ ਵਲੋਂ ਆਪਣੇ ਹੱਥਾਂ ਵਿਚ ਲੈ ਕੇ ਖਿੱਚੀ ਤਸਵੀਰ ਰਾਹੀਂ ਦੁਨੀਆਂ ਭਰ ਵਿਚ ਸੋਸ਼ਲ ਮੀਡੀਆ 'ਤੇ ਬੜੇ ਹੀ ਘਿਨਾਉਣੇ ਰੂਪ ਵਿਚ ਇਨ੍ਹਾਂ ਜਨੂੰਨੀਆਂ ਨੇ ਪ੍ਰਦਰਸ਼ਤ ਕੀਤਾ ਸੀ। ਇਸੇ ਤਰ੍ਹਾਂ ਦੀ ਕਹਾਣੀ ਹੈ, ਫੌਜੀ ਨਾਂਅ ਐਰੀਨ ਮਿਰਕਨ ਨਾਂਅ ਖਾਮੀਸ ਸੀ। ਕੁਰਦਿਸ਼ ਫੌਜੀ ਅਫਸਰ ਹੱਜ ਮੰਸੂਰ ਅਨੁਸਾਰ ਕੁਰਦਿਸ਼ ਗੁਰੀਲਿਆਂ ਨੂੰ ਸ਼ਹਿਰ ਦੇ ਦੱਖਣ ਵਿਚ ਸਥਿਤ ਇਕ ਰਣਨੀਤਕ ਪੱਖੋਂ ਮਹੱਤਵਪੂਰਨ ਪਹਾੜੀ ਤੋਂ ਪਿੱਛੇ ਹਟਣਾ ਪਿਆ। ਪਰ ਖਾਮੀਸ ਉਥੇ ਹੀ ਡਟੀ ਰਹੀ ਅਤੇ ਉਹ ਆਈ.ਐਸ.ਆਈ.ਐਸ. ਗੁਰੀਲਿਆਂ ਨਾਲ ਲੋਹਾ ਲੈਂਦੀ ਰਹੀ ਬੰਦੂਕ ਦੀਆਂ ਬੁਛਾੜਾਂ ਅਤੇ ਗਰਨੇਡ ਸੁੱਟਦੀ ਹੋਈ। ਉਸਦਾ ਅਸਲਾ ਮੁੱਕ ਗਿਆ ਅਤੇ ਜਦੋਂ ਉਹ ਘਿਰ ਗਈ ਤਾਂ ਉਸਨੇ ਆਪਣੇ ਦੁਆਲੇ ਲਪੇਟੇ ਬਾਰੂਦ ਵਿਚ ਧਮਾਕਾ ਕਰ ਦਿੱਤਾ ਅਤੇ ਆਪਣੇ ਨਾਲ ਹੀ ਕਈ ਜਿਹਾਦੀਆਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। ਉਸਦੇ ਇਸ ਬਹਾਦਰੀ ਭਰੇ ਕਾਰਨਾਮੇ  ਨਾਲ ਕੁਰਦ ਗੁਰੀਲੇ ਇਕ ਵਾਰ ਮੁੜ ਉਸ ਪਹਾੜੀ 'ਤੇ ਕਬਜ਼ਾ ਕਰਨ ਵਿਚ ਸਫਲ ਹੋ ਗਏ। ਇਹ ਬਹਾਦਰੀ ਭਰਪੂਰ ਕਾਰਨਾਮੇ ਦੂਜੀ ਸੰਸਾਰ ਜੰਗ ਦੌਰਾਨ ਸੋਵੀਅਤ ਔਰਤਾਂ ਵਲੋਂ ਨਾਜੀਆਂ ਵਿਰੁੱਧ ਸਤਾਲਿਨਗਰਾਦ ਦੀ ਜੰਗ ਵਿਚ ਪਾਏ ਬਹਾਦਰੀ ਭਰਪੂਰ ਯੋਗਦਾਨ ਦੀ ਯਾਦ ਨੂੰ ਤਾਜ਼ਾ ਕਰ ਦਿੰਦੇ ਹਨ।
ਮੱਧ ਪੂਰਬ ਏਸ਼ੀਆ ਵਿਚ 2011 ਤੋਂ ਸ਼ੁਰੂ ਹੋਈਆਂ ਅਰਬ ਲੋਕ ਬਗਾਵਤਾਂ ਨੇ ਬਹੁਤ ਸਾਰੀਆਂ ਉਨ੍ਹਾਂ ਹਕੂਮਤਾਂ ਨੂੰ ਉਖਾੜ ਦਿੱਤਾ, ਜਿਨ੍ਹਾਂ ਨੂੰ  ਅਜਿੱਤ ਸਮਝਿਆ ਜਾਂਦਾ ਸੀ। ਪਰ ਇਨ੍ਹਾਂ ਬਗਾਵਤਾਂ ਤੋਂ ਪੈਦਾ ਹੋਏ ਲੋਕ ਰੋਹ ਨੂੰ ਜਮਹੂਰੀ ਰੂਪ ਪ੍ਰਦਾਨ ਕਰਨ ਵਾਲੀਆਂ ਰਾਜਨੀਤਕ ਤੇ ਸਮਾਜਕ ਸ਼ਕਤੀਆਂ ਦੀ ਘਾਟ ਕਾਰਨ ਬਹੁਤੇ ਦੇਸ਼ਾਂ ਵਿਚ ਇਹ ਅਰਬ ਬਗਾਵਤਾਂ ਗੜਬੜ ਚੌਥ ਦਾ ਰੂਪ ਅਖਤਿਆਰ ਕਰਦੇ ਹੋਏ ਲੋਕ ਹਿਤਾਂ ਪ੍ਰਤੀ ਲਾਭਦਾਇਕ ਸਿੱਧ ਨਹੀਂ ਹੋਈਆਂ। ਮਿਸਰ ਤੇ ਲੀਬੀਆ ਆਦਿ ਇਸਦੇ ਉਦਾਹਰਣ ਹਨ। ਹਾਂ, ਕਈ ਕੌਮਾਂਤਰੀ ਤੇ ਖੇਤਰੀ ਸ਼ਕਤੀਆਂ ਜ਼ਰੂਰ ਲੋਕਾਂ ਦੇ ਇਸ ਗੁੱਸੇ ਨੂੰ ਆਪਣੇ ਲਾਭ ਲਈ ਵਰਤਣ ਵਿਚ ਸਫਲ ਰਹੀਆਂ ਹਨ। ਸੀਰੀਆ ਦੀ ਖਾਨਜੰਗੀ ਇਸਦੀ ਇਕ ਮਿਸਾਲ ਹੈ। ਜਿੱਥੇ ਲੋਕਾਂ ਦੀਆਂ ਜਮਹੂਰੀ ਤੇ ਆਜ਼ਾਦੀ ਦੀਆਂ ਆਸਾਂ-ਉਮੰਗਾਂ 'ਤੇ ਸੱਜ ਪਿਛਾਖੜੀ ਤਾਕਤਾਂ ਨੇ ਪਾਣੀ ਹੀ ਨਹੀਂ ਫੇਰਿਆ ਬਲਕਿ ਉਨ੍ਹਾਂ ਲਈ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ। ਇਸ ਸਭ ਵਿਚ ਵੀ ਰੋਜਾਵਾ ਖੇਤਰ ਦੇ ਲੋਕ ਜਿਹੜੇ ਲੰਮੇ ਸਮੇਂ ਤੋਂ ਸੀਰੀਆ ਅੰਦਰ ਲਤਾੜੇ ਤੇ ਪਛਾੜੇ ਜਾ ਰਹੇ ਸਨ। ਇਸ ਬਗਾਵਤ ਨੂੰ ਜਮਹੂਰੀ ਕੌਮੀ ਇਨਕਲਾਬ ਵਿਚ ਤਬਦੀਲ ਕਰਨ ਵਿਚ ਸਫਲ ਰਹੇ ਹਨ। ਦਹਾਕਿਆਂ ਤੋਂ ਕੁਰਦ ਜਮਹੂਰੀ ਸ਼ਕਤੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦਾ ਇਹ ਸੁਖਾਵਾਂ ਸਿੱਟਾ ਹੈ। 
ਰੋਜਾਵਾ, ਕੁਰਦਿਸਤਾਨ ਦਾ ਸਭ ਤੋਂ ਛੋਟਾ, ਸੀਰੀਆ ਵਿਚ ਸਥਿਤ ਕੁਰਦ ਕੌਮ ਦੀ ਬਹੁਲਤਾ ਵਾਲਾ ਖੇਤਰ ਹੈ। ਇੱਥੇ ਇਹ ਵਰਣਨਯੋਗ ਹੈ ਕਿ ਮੱਧ ਪੂਰਵ ਏਸ਼ੀਆ ਵਿਚ ਕੁਰਦ ਬਹੁਲਤਾ ਵਾਲੇ ਖੇਤਰ ਇਰਾਨ, ਇਰਾਕ, ਸੀਰੀਆ ਤੇ ਤੁਰਕੀ ਵਿਚ ਮੁੱਖ ਰੂਪ ਵਿਚ ਫੈਲੇ ਹੋਏ ਹਨ। ਅਤੇ ਇਨ੍ਹਾਂ ਦੇ ਇਹ ਕੁਰਦ ਵਸਨੀਕ ਦਹਾਕਿਆਂ ਤੋਂ ਇਨ੍ਹਾਂ ਖੇਤਰਾਂ ਵਿਚ ਇਕ ਇਕਜੁੱਟ ਕੁਰਦਿਸਤਾਨ ਬਨਾਉਣ ਲਈ ਸੰਘਰਸ਼ ਕਰ ਰਹੇ ਹਨ। 
ਸੀਰੀਆ ਦਾ ਕੁਰਦ ਕੌਮ ਦੀ ਬਹੁਲਤਾ ਵਾਲਾ ਹਿੱਸਾ ਰੋਜ਼ਾਵਾ ਹੈ, ਇਹ ਕੁਰਦਿਸਤਾਨ ਦਾ ਸਭ ਤੋਂ ਛੋਟਾ ਭਾਗ ਹੈ। ਕੁਰਦ ਲੰਬੇ ਸਮੇਂ ਤੋਂ ਕੁਰਦਿਸਤਾਨ ਦੀ ਕਾਇਮੀ ਲਈ ਸੰਘਰਸ਼ ਕਰ ਰਹੇ ਹਨ।  ਕੁਰਦਿਸਤਾਨ ਦੀਆਂ ਜੜ੍ਹਾਂ ਮੱਧ ਪੂਰਬ ਏਸ਼ੀਆ ਦੀ ਆਟੋਮਨ ਬਾਦਸ਼ਾਹਤ ਵਿਚ ਹਨ। ਜਿਸ ਦੌਰਾਨ ਇਸ ਕੌਮ ਨੇ ਇਕ ਮਹੱਤਵਪੂਰਨ ਨਸਲੀ ਗਰੁੱਪ ਦਾ ਰੂਪ ਅਖਤਿਆਰ ਕਰ ਲਿਆ ਸੀ। ਇਸ ਬਾਦਸ਼ਾਹਤ ਦੇ ਖਤਮ ਹੋ ਜਾਣ ਤੋਂ ਬਾਅਦ ਕੁਰਦ ਕੌਮ ਨਵੇਂ ਬਣੇ ਦੇਸ਼ਾਂ ਇਰਾਕ, ਇਰਾਨ, ਸੀਰੀਆ ਤੇ ਤੁਰਕੀ ਵਿਚ ਵੰਡੇ ਗਏ ਹਨ। ਤੁਰਕੀ ਦੇ ਪੂਰਬੀ ਹਿੱਸੇ,  ਇਰਾਕ ਦੇ ਉਤਰੀ ਹਿੱਸੇ, ਇਰਾਨ ਦੇ ਉਤਰੀ-ਪੱਛਮੀ ਹਿੱਸੇ ਅਤੇ ਸੀਰੀਆ ਦੇ ਉਤਰ ਪੂਰਬੀ ਹਿੱਸੇ ਵਿਚ ਇਨ੍ਹਾਂ ਦੀ ਬਹੁਲਤਾ ਹੈ। ਅਤੇ ਕੁਰਦ ਕੌਮ ਇਨ੍ਹਾਂ ਹਿੱਸਿਆਂ ਨੂੰ ਇਕਜੁੱਟ ਕਰਕੇ ਕੁਰਦਿਸਤਾਨ ਦੀ ਕਾਇਮੀ ਲਈ ਸੰਘਰਸ਼ ਕਰ ਰਹੇ ਹਨ। ਮੌਜੂਦਾ ਸਮੇਂ ਵਿਚ ਇਸ ਸੰਘਰਸ਼ ਦੀ ਅਗਵਾਈ ਕੁਰਦਿਸਤਾਨ ਵਰਕਰਜ਼ ਪਾਰਟੀ (ਪੀ.ਕੇ.ਕੇ.) ਕਰ ਰਹੀ ਹੈ। ਇਹ ਇਕ ਖੱਬੇ ਪੱਖੀ ਪਾਰਟੀ ਹੈ, ਅਤੇ ਇਸਦੇ ਸੰਸਥਾਪਕ  ਆਗੂ ਅਬਦੁਲਾ ਉਕਲੇਨ ਇਸ ਵੇਲੇ ਤੁਰਕੀ ਦੀ ਜੇਲ੍ਹ ਵਿਚ ਬੰਦ ਹਨ। ਕੁਰਦਾਂ ਦੀ ਆਬਾਦੀ ਲਗਭਗ 2 ਕਰੋੜ 80 ਲੱਖ ਦੇ ਕਰੀਬ ਹੈ। ਅਤੇ ਕੁਰਦਿਸਤਾਨ ਅੰਦਾਜਨ 74,000 ਤੋਂ 1,51,000 ਵਰਗ ਕਿਲੋਮੀਟਰ ਦੇ ਖੇਤਰਫਲ ਵਾਲਾ ਖੇਤਰ ਹੈ। ਕੁਰਦ ਬਹੁਲਤਾ ਵਾਲੇ ਸਾਰੇ ਹੀ ਦੇਸ਼ਾਂ ਵਿਚ ਵੱਖ ਵੱਖ ਪਾਰਟੀਆਂ ਹਨ, ਜਿਹੜੀਆਂ ਕੌਮੀ ਪੱਧਰ 'ਤੇ ਪੀ.ਕੇ.ਕੇ. ਦੀਆਂ ਸਹਿਯੋਗੀ ਹਨ ਅਤੇ ਆਪਣੇ ਆਪਣੇ ਖੇਤਰਾਂ ਵਿਚ ਸੰਘਰਸ਼ ਦੀ ਅਗਵਾਈ ਕਰਦੀਆਂ ਹਨ। ਇਰਾਕ ਵਿਚ ਕੁਰਦਾਂ ਉਤੇ ਹੋਇਆ ਤਸ਼ੱਦਦ ਸਾਰੀ ਦੁਨੀਆਂ ਵਿਚ ਚਰਚਾ ਦਾ ਵਿਸ਼ਾ ਰਿਹਾ ਹੈ। ਸੱਦਾਮ ਹੁਸੈਨ ਦੇ ਰਾਜ ਦੇ ਖਤਮ ਹੋਣ ਤੋਂ ਬਾਅਦ ਇਰਾਕ ਦੇ ਕੁਰਦ ਖੁਦਮੁਖਤਾਰ ਸੂਬਾ ਹਾਸਲ ਕਰਨ ਵਿਚ ਸਫਲ ਰਹੇ ਹਨ। ਪ੍ਰੰਤੂ ਪੂਰੀ ਤਰ੍ਹਾਂ ਆਜ਼ਾਦੀ ਹਾਸਲ ਨਹੀਂ ਕਰ ਸਕੇ। ਇਰਾਨ ਵਿਚ ਤਾਂ ਕੁਰਦਿਸਤਾਨ ਨਾਂਅ ਦਾ ਇਕ ਸੂਬਾ ਹੀ ਹੈ, ਪ੍ਰੰਤੂ ਉਹ ਹੈ ਪੂਰੀ ਤਰ੍ਹਾਂ ਇਰਾਕੀ ਸਰਕਾਰ ਅਧੀਨ। ਸਭ ਤੋਂ ਸਖਤ ਸੰਘਰਸ਼ ਤੁਰਕੀ ਦੇ ਕੁਰਦ ਲੜ ਰਹੇ ਹਨ। ਹੁਣ ਵੀ ਜਦੋਂ ਨਾਟੋ ਫੌਜਾਂ ਆਈ.ਐਸ.ਆਈ.ਐਸ. ਵਿਰੁੱਧ ਹਵਾਹੀ ਹਮਲੇ ਕਰ ਰਹੀਆਂ ਹਨ। ਨਾਟੋ ਦਾ ਮੈਂਬਰ ਹੋਣ ਦੇ ਬਾਵਜੂਦ ਤੁਰਕੀ ਆਈ.ਐਸ.ਆਈ.ਐਸ. ਨੂੰ ਆਪਣੇ ਖੇਤਰ ਇਸਤੇਮਾਲ ਕਰਨ ਦੀ ਪੂਰੀ ਛੋਟ ਦੇ ਰਿਹਾ ਹੈ। ਜਦੋਂਕਿ ਉਸ ਵਿਰੁੱਧ ਕੋਬਾਨੀ ਵਿਚ ਜੰਗ ਲੜ ਰਹੇ ਕੁਰਦ ਗੁਰੀਲਿਆਂ ਅਤੇ ਉਨ੍ਹਾਂ ਦੇ ਹੱਕ ਵਿਚ ਲੜਨ ਲਈ ਆਉਣ ਵਾਲੇ ਤੁਰਕੀ ਕੁਰਦਾਂ ਨੂੰ ਰੋਕ ਰਿਹਾ ਹੈ। ਇੱਥੇ ਇਹ ਵਰਣਨਯੋਗ ਹੈ ਕਿ ਕੋਬਾਨੀ ਸੀਰੀਆ  ਦਾ ਤੁਰਕੀ ਦੀ ਸਰਹੱਦ ਨਾਲ ਲੱਗਦਾ ਖੇਤਰ ਹੈ। 
ਮੱਧ ਪੂਰਬ ਦੇ ਚਾਰਾਂ ਦੇਸ਼ਾਂ ਵਿਚ ਸੰਘਰਸ਼ ਕਰ ਰਹੇ ਕੁਰਦਾਂ ਵਿਚੋਂ ਸਿਰਫ ਸੀਰੀਆ ਦੇ ਕੁਰਦ ਹੀ ਆਪਣੀ ਬਹੁਲਤਾ ਵਾਲੇ ਖੇਤਰ ਨੂੰ ਆਜਾਦ ਕਰਵਾਉਂਦੇ ਹੋਏ ਰੋਜ਼ਾਵਾ ਇਨਕਲਾਬ ਨੂੰ ਨੇਪਰੇ ਚੜ੍ਹਾਉਨ ਵਿਚ ਸਫਲ ਰਹੇ ਹਨ। ਰੋਜਾਵਾ ਦੇ ਤਿੰਨ ਸੂਬੇ ਹਨ, ਜਿਨ੍ਹਾਂ ਵਿਚੋਂ ਸਭ ਵੱਡਾ ਹੈ, ਕੋਬਾਨੀ, ਬਾਕੀ ਹਨ, ਸੀਜ਼ੀਰੇ ਅਤੇ ਇਫਰਿਨ। ਰੋਜਾਵਾ ਦੀ ਆਬਾਦੀ ਸਿਰਫ 30 ਲੱਖ ਹੈ।  ਰੋਜਾਵਾ ਇਨਕਲਾਬ 19 ਜੁਲਾਈ 2012 ਨੂੰ ਹੋਂਦ ਵਿਚ ਆਇਆ। 21 ਜਨਵਰੀ 2014 ਨੂੰ ਇਸਦਾ ਸੰਵਿਧਾਨ ਲਾਗੂ ਹੋਇਆ ਹੈ। ਇਹ ਆਪਣੇ ਆਪ ਵਿਚ ਨਵੇਕਲੀ ਕਿਸਮ ਦਾ ਸੰਵਿਧਾਨ ਹੈ। ਜਿਸਨੂੰ ''ਸੋਸ਼ਲ ਕਨਟਰੈਕਟ'' ਦਾ ਨਾਂਅ ਦਿੱਤਾ ਗਿਆ ਹੈ। ਇਸ ਖੇਤਰ ਵਿਚ ਤਿੰਨ ਖੁਦਮੁਖਤਾਰ ਸੂਬੇ ਹਨ। ਜਿਹੜੇ ਜਮਹੂਰੀ ਤੇ ਖੁਦਮੁਖਤਾਰ ਨਿਯਮਾਂ ਰਾਹੀਂ ਕਾਰਜਸ਼ੀਲ ਹੁੰਦੇ ਹਨ। ਇਨ੍ਹਾਂ ਖੇਤਰਾਂ ਵਿਚ ਜਿਥੇ ਕੁਰਦ ਕੌਮ ਦੀ ਬਹੁਲਤਾ ਹੈ, ਉਥੇ ਹੀ ਅਰਬ, ਤੁਰਕਮੇਨੀ, ਅਸੀਰੀਅਨ, ਅਰਮੇਨੀਆਈ, ਇਸਾਈ ਘੱਟ ਗਿਣਤੀ ਕੌਮਾਂ ਵੀ ਹਨ। ਹਰ ਸੂਬੇ ਵਿਚ 101 ਮੈਂਬਰੀ ਪੀਪਲਜ਼ ਕੌਂਸਲ ਹੈ, ਜਿਸ ਵਿਚ ਸਭ ਕੋ-ਆਪਰੇਟਵਾਂ, ਕਮੇਟੀਆਂ, ਲੋਕ ਅਸੰਬਲੀਆਂ ਤੇ ਪ੍ਰਤੀਨਿੱਧ ਸ਼ਾਮਲ ਹਨ। ਇਹ ਹੀ ਸੂਬੇ ਦੇ ਪ੍ਰਸ਼ਾਸਨ ਨੂੰ ਚਲਾਉਂਦੀਆਂ ਹਨ। ਅਜਿਹੇ ਸਮਾਜਕ ਢਾਂਚੇ ਉਪਰ ਤੋਂ ਲੈ ਕੇ ਥੱਲੇ ਤੱਕ ਹਨ। ਇਥੇ ਖਾਸੀਅਤ ਇਹ ਹੈ ਕਿ ਔਰਤਾਂ ਨੂੰ ਅਮਲੀ ਰੂਪ ਵਿਚ ਬਰਾਬਰ ਦੀ ਥਾਂ ਦਿੱਤੀ ਗਈ ਹੈ। ਹਰ ਰਾਜਨੀਤਕ ਢਾਂਚੇ ਵਿਚ ਕੋ-ਪ੍ਰਧਾਨਗੀ ਹੈ, ਜਿਸ ਵਿਚ ਆਦਮੀ ਦੇ ਨਾਲ ਹੀ ਔਰਤ ਵੀ ਪ੍ਰਧਾਨ ਹੈ। 
ਘੱਟੋ ਘੱਟ 40% ਦਾ ਕੋਟਾ ਔਰਤਾਂ ਲਈ ਹਰ ਜਨਤਕ ਤੇ ਰਾਜਨੀਤਕ ਪ੍ਰਤੀਨਿਧਤਾ ਵਾਲੀ ਥਾਂ ਅਮਲੀ ਰੂਪ ਵਿਚ ਲਾਗੂ ਕੀਤਾ ਗਿਆ ਹੈ। ਇਹ ਪ੍ਰਣਾਲੀ ਬਹੁਤ ਹੀ ਸਫਲਤਾ ਨਾਲ ਚਲ ਰਹੀ ਹੈ। ਸਭ ਕੌਮਾਂ ਨੂੰ ਖੁਦਮੁਖਤਾਰੀ ਹਾਸਲ ਹੈ। ਥੱਲੋਂ ਉਪਰ ਤੱਕ ਅਜਿਹੇ ਢਾਂਚੇ ਬਣੇ ਹੋਏ ਹਨ, ਜਿਨ੍ਹਾਂ ਵਿਚ ਬੈਠਕੇ ਲੋਕ ਆਪਣੇ ਮਸਲੇ, ਕਾਰਜ ਆਦਿ ਵਿਚਾਰਦੇ ਹਨ ਅਤੇ ਉਨ੍ਹਾਂ ਨੂੰ ਨੇਪਰੇ ਚਾੜ੍ਹਦੇ ਹਨ। ਇਸਨੂੰ 'ਜਮਹੂਰੀ ਕੰਨਫੈਡਰਿਜ਼ਮ' ਦਾ ਨਾਂਅ ਦਿੱਤਾ ਗਿਆ ਹੈ। ਇਸ ਸਭ ਦੀ ਅਗਵਾਈ ਸੀਰੀਆਈ ਕੁਰਦ ਖੇਤਰਾਂ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਪੀ.ਵਾਈ.ਡੀ. (ਡੈਮੋਕਰੇਟਿਕ ਯੂਨਟੀ ਪਾਰਟੀ) ਕਰਦੀ ਹੈ। ਜਿਹੜੀ ਖੱਬੇ ਪੱਖੀ ਪਾਰਟੀ ਹੈ। ਇਸਦੇ ਕੋ-ਪ੍ਰਧਾਨ ਸਾਲੇਹ ਮੁਸਲਿਮ ਮੁਹੰਮਦ ਹਨ ਜਦੋਂ ਕਿ ਇਸਤਰੀ ਕੋ-ਪ੍ਰਧਾਨ ਆਸੀਆ ਅਬਦੁੱਲਾ ਹੈ। 
ਦੁਨੀਆਂ ਦੇ ਸਭ ਤੋਂ ਜ਼ਾਲਮ ਮੁਸਲਮ ਬੁਨਿਆਦਪ੍ਰਸਤ ਅੱਤਵਾਦੀ ਜਥੇਬੰਦੀ ਆਈ.ਐਸ.ਆਈ.ਐਸ. ਨੂੰ ਠੱਲ ਪਾਉਣ ਵਾਲੇ ਕੁਰਦ ਗੁਰੀਲਿਆਂ ਦੀ ਪ੍ਰੇਰਣਾ ਸਰੋਤ ਅਤੇ ਸ਼ਕਤੀ ਉਨ੍ਹਾਂ ਦੀ ਕੌਮ ਦੇ ਨਿਰੰਤਰ ਆਜ਼ਾਦੀ ਦੇ ਲਈ ਲੜੇ ਜਾ ਰਹੇ ਸੰਘਰਸ਼ ਦੇ ਨਾਲ ਨਾਲ ਰੋਜਾਵਾ ਵਰਗਾ ਇਨਕਲਾਬ ਵੀ ਹੈ, ਜਿਸਨੇ ਇਕ ਨਵੇਂਕਲੀ ਅਗਾਂਹਵਧੂ ਸ਼ਾਸਨ ਪ੍ਰਣਾਲੀ ਨੂੰ ਲਾਗੂ ਕਰਦੇ ਹੋਏ, ਜਿਥੇ ਹਰ ਨਾਗਰਿਕ ਨੂੰ ਉਸ ਲਈ ਬਿਹਤਰ ਜ਼ਿੰਦਗੀ ਜਿਉਣ ਲਈ ਸੁਵਿਧਾਵਾਂ ਤੇ ਚੁਗਿਰਦਾ ਪ੍ਰਦਾਨ ਕਰਨ ਦਾ ਰਾਹ ਵਿਖਾਇਆ ਹੈ, ਉਥੇ ਹੀ ਔਰਤਾਂ ਨੂੰ ਬਰਾਬਰਤਾ ਦਾ ਦਰਜਾ ਅਮਲੀ ਰੂਪ ਵਿਚ ਦਿੱਤਾ ਹੈ। ਪੀ.ਵਾਈ.ਡੀ. ਦੀ ਕੋ-ਪ੍ਰਧਾਨ ਆਸੀਆ ਅਬਦੁੱਲਾ ਦੇ ਸ਼ਬਦ ਇਸਦੀ ਤਸਦੀਕ ਕਰਦੇ ਹਨ ''ਜਦੋਂ ਕੁਰਦਿਸ਼ ਇਨਕਲਾਬ ਸ਼ੁਰੂ ਹੋਇਆ ਤਾਂ ਔਰਤਾਂ ਨੇ ਪੂਰੀ ਸ਼ਕਤੀ ਨਾਲ ਇਸ ਵਿਚ ਹਿੱਸਾ ਲਿਆ। ਕੁਰਦਿਸ਼ ਔਰਤਾਂ ਪਹਿਲਾਂ ਹੀ ਸੰਘਰਸ਼ ਦਾ ਭਾਗ ਸਨ ਜਦੋਂ ਰੋਜਾਵਾ ਵਿਚ ਇਨਕਲਾਬ ਸ਼ੁਰੂ ਹੋਇਆ ਤਾਂ ਕੁਰਦ ਔਰਤਾਂ ਪਹਿਲਾਂ ਹੀ ਤਿਆਰ ਸਨ। ਉਨ੍ਹਾਂ ਇਸ ਇਨਕਲਾਬ ਵਿਚ ਭਾਗ ਹੀ ਨਹੀਂ ਲਿਆ ਬਲਕਿ ਇਸਦੀ ਅਗਵਾਈ ਕੀਤੀ। ਰੋਜਾਵਾ ਵਿਚ ਲਏ ਜਾਂਦੇ ਹਰ ਫੈਸਲੇ ਵਿਚ ਅੋਰਤਾਂ ਸ਼ਾਮਲ ਹੁੰਦੀਆਂ ਹਨ। ਰੋਜਾਵਾ ਇਨਕਲਾਬ ਦਾ ਰੰਗ ਔਰਤਾਂ ਦਾ ਰੰਗ ਹੈ। ... ''ਔਰਤਾਂ ਜਿਹੜੀਆਂ ਜਿਹਾਦੀਆਂ ਨਾਲ ਲੋਹ ਲੈ ਰਹੀਆਂ ਹਨ। ਉਹ ਇਨਕਲਾਬ ਦੀ ਰਾਖੀ ਅਤੇ ਉਨ੍ਹਾਂ ਨੂੰ ਜਿਹੜੀ 'ਸਾਹ' ਮਿਲਣ ਦੀ ਸੰਭਾਵਨਾ ਬਣੀ ਹੈ, ਉਸਦੀ ਰੱਖਿਆ ਕਰ ਰਹੀਆਂ ਹਨ।.... ''ਇਹ ਔਰਤ ਗੁਰੀਲਾ ਸਿਰਫ ਮੱਧ ਪੂਰਬ ਦੀਆਂ ਔਰਤਾਂ ਦੇ ਹੱਕਾਂ-ਹਿਤਾਂ ਦੀ ਰਾਖੀ ਲਈ ਨਹੀਂ ਲੜ ਰਹੀਆਂ ਬਲਕਿ ਕੋਬਾਨੀ ਵਿਚ ਆਈ.ਐਸ.ਆਈ.ਐਸ. ਦੇ ਜਿਹਾਦੀਆਂ ਵਿਰੁੱਧ ਬੰਦੂਕ ਚੁੱਕ ਕੇ ਲੜ ਰਹੀ ਔਰਤ ਦਿਆਬਾਕੀਰ ਦੀ ਔਰਤਾਂ ਲਈ ਹੀ ਨਹੀਂ, ਉਹ ਨਿਉ ਜਰਸੀ (ਅਮਰੀਕਾ) ਦੀ ਕੰਮਕਾਜੀ ਔਰਤ ਦੇ ਹੱਕਾਂ-ਹਿਤਾਂ ਦੀ ਵੀ ਰਖਿਆ ਕਰ ਰਹੀ ਹੈ।'' 
ਕੁਰਦ ਗੁੱਰੀਲੇ ਆਪਣੇ ਦ੍ਰਿੜ ਇਰਾਦੇ ਨਾਲ ਲਾਜ਼ਮੀ ਹੀ ਆਈ.ਐਸ.ਆਈ.ਐਸ. ਨੂੰ ਭਾਂਜ ਦਿੰਦੇ ਹੋਏ ਰੋਜਾਵਾ ਦੇ ਇਨਕਲਾਬ ਨੂੰ ਬਚਾਉਣ ਵਿਚ ਸਫਲ ਹੋਣਗੇ। ਹਾਂ, ਇੱਥੇ ਉਨ੍ਹਾਂ ਨੂੰ ਨਿਰਣਾਇਕ ਦੌਰ ਵਿਚ ਸ਼ਾਇਦ ਅਮਰੀਕੀ ਸਾਮਰਾਜ ਵਲੋਂ ਉਨ੍ਹਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਹਵਾਈ ਹਮਲਿਆਂ ਦੀ ਇਮਦਾਦ ਵੀ ਨਾ ਮਿਲੇ ਅਤੇ ਦੂਜੇ ਪਾਸਿਓਂ ਤੁਰਕੀ ਦੀ ਹਕੂਮਤ ਦੀ ਦੁਸ਼ਮਣੀ ਵੀ ਜਮੀਨ ਉਤੇ ਅਤੀ ਘਿਨਾਉਣਾ ਰੂਪ ਅਖਤਿਆਰ ਕਰਦੀ ਨਜ਼ਰ ਆਵੇ। ਪਰ ਉਸ ਮੌਕੇ ਉਨ੍ਹਾਂ ਦਾ ਫੌਲਾਦੀ ਹੌਂਸਲਾ ਹੋਣਗੇ 'ਰੋਜਾਵਾ ਰਿਪੋਰਟ' ਅਖਬਾਰ ਦੇ ਪੱਤਰਕਾਰ ਓਜਾਗਰ ਅਹਿਮਦ ਵਲੋਂ 'ਲਿੰਕਸ ਇੰਟਰਨੈਸ਼ਨਲ' ਵੈਬ ਨੂੰ ਦਿੱਤੇ ਗਏ ਇੰਟਰਵਿਊ ਦੇ ਇਹ ਸ਼ਬਦ ''ਇਕ ਜੰਗ ਹਾਰੀ ਜਾ ਸਕਦੀ ਹੈ ਜਦੋਂ ਕੋਈ ਆਪਣੀ ਆਸ ਉਮੰਗ ਤੇ ਵਿਸ਼ਵਾਸ ਨੂੰ ਤਿਆਗ ਦਿੰਦਾ ਹੈ। ਇਸ ਜੰਗ ਵਿਚ ਲੜ ਰਹੇ ਗੁੱਰੀਲਿਆਂ ਦੇ ਆਪਣੇ ਸ਼ਬਦਾਂ ਵਿਚ ਸਭ ਤੋਂ ਮਹੱਤਵਪੂਰਨ ਪ੍ਰੇਰਣਾ ਦਾ ਸਰੋਤ ਹੈ, ਦਿਓਕੱਦ ਅਨਿਆਂ, ਜਿਹੜਾ ਨਿਰੰਤਰ ਉਨ੍ਹਾਂ ਨਾਲ ਕੀਤਾ ਜਾ ਰਿਹਾ ਹੈ। ਇਸਦਾ ਸਾਨੂੰ ਚੰਗੀ ਤਰ੍ਹਾਂ ਗਿਆਨ ਹੈ ਕਿ ਜੇਕਰ ਇਸਨੂੰ ਅੱਜ ਹੀ ਨਹੀਂ ਰੋਕਿਆ ਗਿਆ ਤਾਂ ਇਹ ਹੋਰ ਵੀ ਵਿਸ਼ਾਲਤਰ ਰੂਪ ਅਖਤਿਆਰ ਕਰ ਲਵੇਗਾ।'' ਤਾਜਾ ਖਬਰਾਂ ਅਨੁਸਾਰ ਕੁਰਦ ਗੁਰੀਲਿਆਂ ਨੇ 131 ਦਿਨ ਦੀ ਜੰਗ ਤੋਂ ਬਾਅਦ ਕੋਬਾਨੀ ਤੋਂ ਆਈ.ਐਸ.ਆਈ.ਐਸ. ਦੇ ਜਿਹਾਦੀਆਂ ਨੂੰ ਬਾਹਰ ਕੱਢ ਦਿੱਤਾ ਹੈ, ਅਤੇ ਉਥੇ ਸਥਿਤ ਪਹਾੜੀ ਉਤੇ ਵਾਈ.ਪੀ.ਜੀ. ਦਾ ਝੰਡਾ ਗੱਡ ਦਿੱਤਾ ਹੈ।    
(27.1.2015)


ਸ਼੍ਰੀ ਲੰਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜਮਹੂਰੀਅਤ ਪੱਖੀ ਸਿਰੀਸੇਨਾ ਜੇਤੂ 

ਸਾਡੇ ਗੁਆਂਢੀ ਦੇਸ਼ ਸ੍ਰੀ ਲੰਕਾ ਵਿਚ 8 ਜਨਵਰੀ ਨੂੰ ਹੋਈ ਰਾਸ਼ਟਰਪਤੀ ਚੋਣ ਵਿਚ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਮੈਥਰੀਪਾਲਾ ਸਿਰੀਸੇਨਾ ਜੇਤੂ ਰਹੇ ਹਨ। ਉਨ੍ਹਾਂ ਨੇ 2005 ਤੋਂ ਨਿਰੰਤਰ ਰਾਸ਼ਟਰਪਤੀ ਬਣਦੇ ਆ ਰਹੇ ਅਤੇ ਤੀਜੇ ਕਾਰਜਕਾਲ ਲਈ ਚੋਣ ਲੜਨ ਵਾਲੇ ਦੇਸ਼ ਦੇ ਤਾਕਤਵਰ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੂੰ ਮਾਤ ਦੇ ਦਿੱਤੀ ਹੈ। ਮੈਥਰੀਪਾਲਾ ਸਿਰੀਸੇਨਾ ਨੂੰ 51.28 ਫੀਸਦੀ ਵੋਟਾਂ ਮਿਲੀਆਂ ਹਨ ਜਦੋਂਕਿ ਮਹਿੰਦਾ ਰਾਜਪਕਸ਼ੇ ਨੂੰ 47.58 ਫੀਸਦੀ। ਇਥੇ ਇਹ ਵਰਣਨਯੋਗ ਹੈ ਕਿ ਸਿਰੀਸੇਨਾ, ਮਹਿੰਦਾ ਰਾਜਪਕਸ਼ੇ ਦੀ ਹੀ ਪਾਰਟੀ ਸ੍ਰੀ ਲੰਕਾ ਫਰੀਡਮ ਪਾਰਟੀ ਦੇ ਇਕ ਉਘੇ ਆਗੂ ਸਨ, ਉਹ ਪਾਰਟੀ ਦੇ ਜਨਰਲ ਸਕੱਤਰ ਹੋਣ ਦੇ ਨਾਲ ਨਾਲ ਉਨ੍ਹਾਂ  ਦੇ ਮੰਤਰੀਮੰਡਲ ਵਿਚ ਸਿਹਤ ਮੰਤਰੀ ਵੀ ਸਨ। ਚੋਣਾਂ ਦੇ ਐਲਾਨ ਤੋਂ ਬਾਅਦ ਜੁਲਾਈ ਵਿਚ ਉਹ ਆਪਣੇ ਕੁੱਝ ਹੋਰ ਸਾਥੀਆਂ, ਜਿਹੜੇ ਕਿ ਹਾਕਮ ਪਾਰਟੀ ਵਿਚ ਚੰਗੀ ਥਾਂ ਰੱਖਦੇ ਸਨ ਦੇ ਨਾਲ ਮੰਤਰੀ ਦੇ ਅਹੁਦੇ ਅਤੇ ਪਾਰਟੀ ਤੋਂ ਅਸਤੀਫਾ ਦੇ ਕੇ ਵਿਰੋਧੀ ਧਿਰ ਨਾਲ ਜਾ ਰਲੇ ਸਨ ਅਤੇ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਬਣ ਗਏ ਸਨ। ਉਨ੍ਹਾ ਨੂੰ ਵਿਰੋਧੀ ਧਿਰ ਦੀ ਪ੍ਰਮੁੱਖ ਪਾਰਟੀ ਯੂ.ਐਨ.ਪੀ.(ਯੂਨਾਇਟਡ ਨੈਸ਼ਨਲ ਪਾਰਟੀ) ਅਤੇ ਬੌਧੀ ਮਠਾਧੀਸ਼ਾਂ ਦੀ ਪਾਰਟੀ ਜਾਥੀਕਾ ਹੇਲਾ ਉਰੂਮਾਇਆ ਦਾ ਸਮਰਥਨ ਤਾਂ ਹਾਸਲ ਸੀ ਹੀ, ਨਾਲ ਹੀ ਇਹ ਪਿਛਲੇ ਕਈ ਦਹਾਕਿਆਂ ਤੋਂ ਬਾਅਦ ਹੋਇਆ ਹੈ ਕਿ ਰਾਸ਼ਟਰਪਤੀ ਦੀ ਚੋਣ ਇਕ ਅਜਿਹਾ ਉਮੀਦਵਾਰ ਜਿੱਤਿਆ ਹੈ ਜਿਸਨੂੰ ਦੇਸ਼ ਦੀਆਂ ਦੋ ਪ੍ਰਮੁੱਖ ਘੱਟ ਗਿਣਤੀਆਂ ਤਾਮਿਲਾਂ ਅਤੇ ਮੁਸਲਮਾਨਾਂ ਦੀ ਵੀ ਹਮਾਇਤ ਹਾਸਲ ਸੀ। ਚੋਣਾਂ ਤੋਂ ਕੁੱਝ ਦਿਨ ਪਹਿਲਾਂ ਹੀ ਹਾਕਮ ਗਠਜੋੜ ਨੂੰ ਛੱਡਕੇ ਵਿਰੋਧੀ ਧਿਰ ਨਾਲ ਰਲੀ ਸ੍ਰੀਲੰਕਾ ਮੁਸਲਮ ਕਾਂਗਰਸ ਨੇ ਤਾਂ ਮਹਿੰਦਾ ਰਾਜਪਕਸ਼ੇ ਨੂੰ ਕਾਫੀ ਤਗੜੀ ਸੱਟ ਮਾਰੀ ਸੀ।
ਮਹਿੰਦਾ ਰਾਜਪਕਸ਼ੇ ਪਹਿਲੀ ਵਾਰ 2005 ਵਿਚ ਰਾਸ਼ਟਰਪਤੀ ਬਣੇ ਸਨ। ਉਨ੍ਹਾਂ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਦੇਸ਼ ਵਿਚ ਤਿੰਨ ਦਹਾਕਿਆਂ ਤੋਂ ਚਲ ਰਹੀ ਖਾਨਾਜੰਗੀ ਨੂੰ ਖਤਮ ਕਰਨ ਵਿਚ ਸਫਲਤਾ ਹਾਸਲ ਕੀਤੀ ਸੀ। ਦੇਸ਼ ਦੇ ਤਾਮਿਲ ਬਹੁਲ ਇਲਾਕਿਆਂ ਉਤੇ ਤਾਮਿਲ ਕੌਮਪ੍ਰਸਤ ਜਥੇਬੰਦੀ 'ਲਿੱਟੇ' ਦਾ ਕਬਜ਼ਾ ਸੀ। ਮਹਿੰਦਾ ਰਾਜਪਕਸ਼ੇ ਨੇ 'ਲਿੱਟੇ' ਨੂੰ ਫੌਜੀ ਮੁਹਿੰਮ ਰਾਹੀਂ ਖਤਮ ਕਰਦੇ ਹੋਏ ਦੇਸ਼ ਦੇ ਤਾਮਿਲ ਬਹੁਲ ਇਲਾਕਿਆਂ ਉਤੇ ਮੁੜ ਕਬਜਾ ਕਰਨ ਵਿਚ ਸਫਲਤਾ ਹਾਸਲ ਕਰ ਲਈ ਸੀ। ਇਸ ਨਾਲ ਦੇਸ਼ ਦੀ ਵੱਡੀ ਬਹੁਗਿਣਤੀ ਸਿੰਹਲੀਆਂ ਵਿਚ ਉਹ ਆਪਣਾ ਚੋਖਾ ਪ੍ਰਭਾਵ ਬਨਾਉਣ ਵਿਚ ਸਫਲ ਹੋ ਗਏ ਸਨ। ਇੱਥੇ ਇਹ ਵੀ ਨੋਟ ਕਰਨਾ ਬਣਦਾ ਹੈ ਕਿ 'ਲਿੱਟੇ' ਦੇ ਖਾਤਮੇਂ ਤੋਂ ਬਾਅਦ ਵੀ ਦੇਸ਼ ਦੀ ਫੌਜ ਨੇ ਆਮ ਤਾਮਿਲਾਂ ਉਤੇ ਕਾਫੀ ਜ਼ੁਲਮ ਢਾਏ ਸਨ। 2010 ਵਿਚ ਉਹ ਮੁੜ ਰਾਸ਼ਟਰਪਤੀ ਚੁਣੇ ਗਏ, ਉਨ੍ਹਾਂ ਇਸ ਫੌਜੀ ਮੁਹਿੰਮ ਵਿਚ ਫੌਜ ਦੀ ਕਮਾਂਡ ਕਰਨ ਵਾਲੇ ਸਾਬਕਾ ਮੁਖੀ ਸਰਥ ਫੌਨਸੇਕਾ, ਜਿਹੜੇ ਉਨ੍ਹਾਂ ਵਿਰੁੱਧ ਪ੍ਰਮੁੱਖ ਉਮੀਦਵਾਰ ਸਨ, ਨੂੰ ਹਰਾਇਆ। 
ਆਪਣੀ ਦੂਜੀ ਜਿੱਤ ਤੋਂ ਬਾਅਦ ਰਾਜਪਕਸ਼ੇ ਨੇ ਸੱਤਾ ਦੇ ਕੇਂਦਰੀਕਰਨ ਦੀ ਤਾਨਾਸ਼ਾਹਾਂ ਵਾਲੀ ਰੂਚੀ ਅਖਤਿਆਰ ਕਰ ਲਈ। ਉਨ੍ਹਾਂ ਦੇਸ਼ ਦੇ ਸੰਵਿਧਾਨ ਵਿਚ ਸੋਧ ਕਰਦੇ ਹੋਏ ਪਾਰਲੀਮੈਂਟ ਤੋਂ ਬਹੁਤ ਸਾਰੇ ਅਧਿਕਾਰ ਖੋਹਕੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ। 
ਹੌਲੀ ਹੌਲੀ ਉਨ੍ਹਾਂ ਦੇ ਪਰਿਵਾਰ ਨੇ ਇਕ ਜੁੰਡੀ ਦਾ ਰੂਪ ਅਖਤਿਆਰ ਕਰਦੇ ਹੋਏ ਸਮੁੱਚੇ ਪ੍ਰਸ਼ਾਸਨਕ ਤੇ ਰਾਜਨੀਤਕ ਢਾਂਚੇ 'ਤੇ ਕਬਜਾ ਕਰ ਲਿਆ। ਉਨ੍ਹਾਂ ਦਾ ਇਕ ਭਰਾ ਗੋਥਾਵਾਇਆ ਰਾਜਪਕਸ਼ੇ ਦੇਸ਼ ਦਾ ਰੱਖਿਆ ਮੰਤਰੀ ਸੀ ਤੇ ਦੂਜਾ ਵਿੱਤ ਮੰਤਰੀ, ਇਸੇ ਤਰ੍ਹਾਂ ਹੋਰ ਕਈ ਅਹਿਮ ਅਹੁਦੇ ਉਸਦੇ ਪੁੱਤ-ਭਤੀਜਿਆਂ ਨੇ ਸੰਭਾਲੇ ਹੋਏ ਸਨ। ਉਸਨੂੰ ਆਪਣੀ ਸੱਤਾ ਉਤੇ ਪਕੜ ਤੇ ਜਿੱਤ ਬਾਰੇ ਐਨਾ ਭਰੋਸਾ ਸੀ ਕਿ ਅਜੇ ਉਸਦਾ ਇਹ ਦੂਜਾ ਕਾਰਜਕਾਲ 2016 ਵਿਚ ਖਤਮ ਹੋਣਾ ਸੀ ਪ੍ਰੰਤੂ, ਉਸਨੇ 16 ਮਹੀਨੇ ਪਹਿਲਾਂ ਹੀ ਆਪਣੇ ਜੋਤਸ਼ੀ ਨਾਲ ਸਲਾਹ ਕਰਕੇ ਮੌਜੂਦਾ ਰਾਸ਼ਟਰਪਤੀ ਚੋਣ ਕਰਵਾ ਲਈ ਸੀ। ਦੇਸ਼ ਦੇ ਸੰਵਿਧਾਨ ਮੁਤਾਬਕ ਕੋਈ ਵੀ ਵਿਅਕਤੀ ਦੋ ਵਾਰ ਤੋਂ ਵਧ ਰਾਸ਼ਟਰਪਤੀ ਨਹੀਂ ਬਣ ਸਕਦਾ ਸੀ। ਉਸਨੇ ਇਸ ਵਿਚ ਵੀ ਸੋਧ ਕਰ ਲਈ ਸੀ। ਇੱਥੇ ਆਪਣੇ ਦੇਸ਼ ਵਿਚ ਵੀ 1975 ਤੋਂ 1977 ਤੱਕ ਲੱਗੀ ਐਮਰਜੈਂਸੀ ਤੋਂ ਬਾਅਦ ਅਜਿਹਾ ਹੀ ਘਟਨਾਕ੍ਰਮ ਵਾਪਰਿਆ ਸੀ। ਐਮਰਜੈਂਸੀ ਦੌਰਾਨ ਸ਼੍ਰੀਮਤੀ ਇੰਦਰਾ ਗਾਂਧੀ ਨੇ ਸੱਤਾ ਆਪਣੇ ਹੱਥਾਂ ਵਿਚ ਕੇਂਦਰਤ ਕਰ ਲਈ ਅਤੇ ਆਪਣੀ ਜਿੱਤ ਦੇ ਪੂਰੇ ਵਿਸ਼ਵਾਸ ਨਾਲ 1977 ਵਿਚ ਸੰਸਦੀ ਚੋਣਾਂ ਕਰਵਾਈਆਂ ਸਨ, ਇਨ੍ਹਾਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਜਗਜੀਵਨ ਰਾਮ ਵਰਗੇ ਕਈ ਦਿੱਗਜ ਆਗੂ ਪਾਰਟੀ ਛੱਡਕੇ ਵਿਰੋਧੀ ਧਿਰ ਜਨਤਾ ਪਾਰਟੀ ਨਾਲ ਰੱਲ ਗਏ ਸਨ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਉਨ੍ਹਾਂ ਚੋਣਾਂ ਵਿਚ ਬਹੁਤ ਹੀ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 
ਮੈਥਰੀਪਾਲਾ ਸਿਰੀਸੇਨਾ, ਜਦੋਂ ਇਸ ਚੋਣ ਵਿਚ ਜਿੱਤ ਵੱਲ ਵੱਧ ਰਹੇ ਸਨ ਤਾਂ ਮਹਿੰਦਾ ਰਾਜਪਕਸ਼ੇ ਦੇ ਰੱਖਿਆ ਮੰਤਰੀ ਭਰਾ ਗੋਥਾਵਾਇਆ ਰਾਜਪਕਸ਼ੇ ਨੇ ਆਪਣੀ ਕਮਾਂਡ ਹੇਠਲੇ ਕੁੱਝ ਅਫਸਰਾਂ ਨਾਲ ਰਲਕੇ ਸਿਰੀਸੇਨਾ ਦੀ ਜਿੱਤ ਦੇ ਐਲਾਨ ਨੂੰ ਰੋਕਣ ਦਾ ਯਤਨ ਕੀਤਾ ਸੀ, ਪ੍ਰੰਤੂ ਦੇਸ਼ ਦੀ ਫੌਜ ਦੇ ਕਮਾਂਡਰਾਂ, ਨਿਆਂ ਪਾਲਕਾਂ ਅਤੇ ਉਚ ਪ੍ਰਸ਼ਾਸਨਕ ਅਧਿਕਾਰੀਆਂ ਵਲੋਂ ਵਿਰੋਧ ਕੀਤੇ ਜਾਣ ਕਰਕੇ, ਉਹ ਇਸ ਵਿਚ ਸਫਲ ਨਹੀਂ ਹੋ ਸਕਿਆ ਸੀ, ਇਸਦੇ ਫੌਰੀ ਬਾਅਦ ਹੀ ਅਜੇ ਪੂਰੇ ਨਤੀਜੇ ਵੀ ਨਹੀਂ ਨਿਕਲੇ ਸਨ ਕਿ ਮਹਿੰਦਾ ਰਾਜਪਕਸ਼ੇ ਨੇ ਆਪਣੀ ਹਾਰ ਪ੍ਰਵਾਨ ਕਰ ਲਈ ਸੀ। ਜਿੱਤ ਦਾ ਐਲਾਨ ਹੋਣ ਤੋਂ ਬਾਅਦ ਮੈਥਰੀਪਾਲਾ ਸਿਰੀਸੇਨਾ ਦੇ ਸਹੂੰ ਚੁੱਕ ਲੈਣ ਨਾਲ ਸ਼ਾਂਤੀਪੂਰਣ ਢੰਗ ਨਾਲ ਸੱਤਾ ਦਾ ਤਬਾਦਲਾ ਹੋ ਜਾਣ ਨਾਲ ਦੇਸ਼ ਦੇ ਲੋਕਾਂ ਤੇ ਰਾਜਸੀ ਹਲਕਿਆਂ ਨੇ ਸੁੱਖ ਦਾ ਸਾਹ ਲਿਆ ਸੀ। 
ਮੈਥਰੀਪਾਲਾ ਸਿਰੀਸੇਨਾ ਨੇ ਆਪਣੀ ਚੋਣ ਮੁਹਿੰਮ ਦੌਰਾਨ ਮਹਿੰਦਾ ਰਾਜਪਕਸ਼ੇ ਵਲੋਂ ਸੰਸਦ ਦੀਆਂ ਸ਼ਕਤੀਆਂ ਨੂੰ ਘਟਾਕੇ ਆਪਣੇ ਹੱਥ ਵਿਚ ਲੈਣ ਵਰਗੇ ਜਮਹੂਰੀਅਤ ਨੂੰ ਢਾਹ ਲਾਣ ਵਾਲੇ ਕਦਮਾਂ ਨੂੰ ਉਲਟਾਉਂਦੇ ਹੋਏ ਅਪ੍ਰੈਲ ਤੱਕ ਜਮਹੂਰੀਅਤ ਨੂੰ ਪ੍ਰਫੁਲਤ ਕਰਨ ਵਾਲੇ ਨਵੇਂ ਸੰਵਿਧਾਨ ਅਧੀਨ ਸੰਸਦ ਦੀਆਂ ਚੋਣਾਂ ਕਰਵਾਉਣ ਅਤੇ ਪ੍ਰੈਸ, ਨਿਆਂਪਾਲਕਾ ਦੀ ਆਜ਼ਾਦੀ ਬਹਾਲ ਕਰਨ ਸਮੇਤ 100 ਦਿਨਾਂ ਵਿਚ 100 ਕਦਮ ਚੁੱਕਣ ਦਾ ਵਾਅਦਾ ਕੀਤਾ ਹੈ। ਇਨ੍ਹਾਂ ਵਿਚ ਦੇਸ਼ ਦੇ ਲਗਭਗ ਸਭ ਤਬਕਿਆਂ ਨਾਲ ਸਬੰਧਤ ਵਾਅਦੇ ਹਨ, ਜਿਵੇਂ ਜਨਤਕ ਖੇਤਰ ਦੇ ਕਿਰਤੀਆਂ ਦੀਆਂ ਤਨਖਾਹਾਂ ਨੂੰ ਵਧਾਉਣਾ, ਪਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘਟਾਉਣਾ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਫੌਜੀ ਕੰਟਰੋਲ ਤੋਂ ਮੁਕਤ ਵਾਤਾਵਰਣ ਪ੍ਰਦਾਨ ਕਰਨਾ, ਔਰਤਾਂ ਦੀ ਹਾਲਤ ਸੁਧਾਰਨਾ, ਫਰੀ ਟਰੇਡ ਜੋਨ ਦੇ ਕਿਰਤੀਆਂ ਨੂੰ ਕਿਰਤ ਕਾਨੂੰਨ ਪ੍ਰਦਾਨ ਕਰਨੇ, ਸਭ ਤੋਂ ਜ਼ਿਆਦਾ ਸ਼ੋਸ਼ਤ ਚਾਹ ਬਾਗਾਂ ਦੇ ਮਜ਼ਦੂਰਾਂ ਨੂੰ ਚੰਗੇ ਰਿਹਾਇਸ਼ੀ ਮਕਾਨ ਪ੍ਰਦਾਨ ਕਰਨਾ ਤੇ ਤਨਖਾਹਾਂ ਵਿਚ ਵਾਧਾ ਆਦਿ। ਜੇਕਰ ਅਜਿਹੇ ਵਾਅਦੇ ਪੂਰੇ ਕੀਤੇ ਜਾਂਦੇ ਹਨ ਤਾਂ ਦੇਸ਼ ਦੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੇ ਨਾਲ ਨਾਲ ਮਹਿੰਦਾ ਰਾਜਪਕਸ਼ੇ ਦੇ ਰਾਜ ਅਧੀਨ ਆਪਣੀਆਂ ਸਰਗਰਮੀਆਂ ਜਾਰੀ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਟਰੇਡ ਯੂਨੀਅਨਾਂ ਤੇ ਖੱਬੀਆਂ ਰਾਜਨੀਤਕ ਪਾਰਟੀਆਂ ਨੂੰ ਕੰਮ ਕਰਨ ਅਤੇ ਜਥੇਬੰਦ ਹੋਣ ਵਿਚ ਸੌਖ ਹੋਵੇਗੀ। ਦੇਸ਼ ਦੀਆਂ ਵੱਡੀਆਂ ਘਟ ਗਿਣਤੀਆਂ, ਤਾਮਿਲਾਂ ਤੇ ਮੁਸਲਮਾਨਾਂ, ਜਿਨ੍ਹਾਂ ਨੇ ਉਨ੍ਹਾਂ ਨੂੰ ਜਿਤਾਉਣ ਵਿਚ ਵੱਡੀ ਭੁਮਿਕਾ ਨਿਭਾਈ ਹੈ, ਦੇ ਜ਼ਖਮਾਂ ਉਤੇ ਕੀ ਉਹ ਮਲਹਮ ਲਗਾ ਸਕਣਗੇ, ਇਹ ਵੀ ਇਕ ਵੱਡਾ ਪ੍ਰਸ਼ਨ ਹੈ? ਕਿਉਂਕਿ ਮਹਿੰਦਾ ਰਾਜਪਕਸ਼ੇ ਦੇ ਸਮੇਂ ਉਨ੍ਹਾਂ ਦੀ ਸ਼ਹਿ 'ਤੇ ਬੌਧ ਕੱਟੜਪੰਥੀ ਸੰਗਠਨ ਬੋਦੂ ਬਾਲਾ ਸੈਨਾ ਨੇ ਮੁਸਲਮਾਨਾਂ 'ਤੇ ਕਾਫੀ ਜਬਰ ਢਾਹਿਆ ਸੀ। 
ਇਕ ਸਧਾਰਣ ਕਿਸਾਨੀ ਪਿਛੋਕੜ ਵਾਲੇ 63 ਸਾਲਾ ਮੈਥਰੀਪਾਲਾ ਸਿਰੀਸੇਨਾ, ਬਹੁਤ ਹੀ ਸਾਦੀ ਜੀਵਨ ਸ਼ੈਲੀ ਵਾਲੇ ਖੇਤੀਬਾੜੀ ਵਿਗਿਆਨ ਦੇ ਪੋਸਟ ਗ੍ਰੈਜੂਏਟ ਹਨ, ਉਨ੍ਹਾਂ ਸੋਵੀਅਤ ਯੂਨੀਅਨ ਦੀ ਮੈਕਸਿਮ ਗੋਰਕੀ ਯੂਨੀਵਰਸਿਟੀ ਤੋਂ ਵੀ ਸਿੱਖਿਆ ਹਾਸਲ ਕੀਤੀ ਅਤੇ ਮਾਰਕਸਵਾਦ ਦੋਂ ਪ੍ਰਭਾਵਤ ਹੋ ਕੇ ਰਾਜਨੀਤੀ ਵਿਚ ਆਏ ਹਨ। ਦੇਸ਼ ਵਿਚ 1970ਵਿਆਂ ਵਿਚ ਹੋਈ ਬਗਾਵਤ, ਜਿਸਦੀ ਅਗਵਾਈ ਪੀਪਲਸ ਲਿਬਰੇਸ਼ਨ ਫਰੰਟ, ਇਕ ਨਕਸਲਵਾਦੀਆਂ ਵਰਗੀ ਖੱਬੀ ਜਥੇਬੰਦੀ ਕਰ ਰਹੀ ਸੀ, ਵਿਚ ਭਾਗ ਲੈਣ ਕਰਕੇ ਉਨ੍ਹਾਂ ਨੂੰ 15 ਮਹੀਨਿਆਂ ਦੀ ਜੇਲ੍ਹ ਕੱਟਣੀ ਪਈ ਸੀ। ਪ੍ਰੰਤੂ, ਉਸ ਤੋਂ ਬਾਅਦ ਨਿਰੰਤਰ ਉਹ ਪੂੰਜੀਵਾਦੀ ਰਾਜਨੀਤੀ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਦੀਆਂ ਮੁਹਰਲੀਆਂ ਸਫਾ ਵਿਚ ਰਹੇ ਹਨ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਮੈਥਰੀਪਾਲਾ ਸਿਰੀਸੇਨਾ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਵੀ ਪਹਿਨਾਉਂਦੇ ਹਨ ਜਾਂ ਉਹ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਹੀ ਸਿੱਧ ਹੁੰਦੇ ਹਨ, ਜਿਸਨੇ 100 ਦਿਨਾਂ ਵਿਚ ਪੂਰੇ ਕਰਨ ਵਾਲੇ ਵਾਅਦੇ ਤਾਂ ਕਈ ਕੀਤੇ ਸਨ, ਪ੍ਰੰਤੂ ਉਹ ਲੋਕ ਪੱਖੀ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। 

ਗਰੀਸ ਵਿਚ ਸਾਏਰੀਜ਼ਾ ਦੀ ਜਿੱਤ 
ਯੂਰਪ ਦੇ ਦੇਸ਼ ਗਰੀਸ ਵਿਚ 26 ਜਨਵਰੀ ਨੂੰ ਹੋਈਆਂ ਸੰਸਦੀ ਚੋਣਾਂ ਵਿਚ ਖੱਬੇ ਪੱਖੀ ਗਠਜੋੜ 'ਸਾਏਰੀਜਾ' ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਸਨੇ 300 ਮੈਂਬਰੀ ਸੰਸਦ ਵਿਚ 149 ਸੀਟਾਂ ਹਾਸਲ ਕਰਕੇ ਸਭ ਤੋਂ ਵੱਡੀ ਪਾਰਟੀ ਬਣਦਿਆਂ ਹੋਇਆਂ, 13 ਸੀਟਾਂ ਹਾਸਲ ਕਰਨ ਵਾਲੀ ਪਾਰਟੀ 'ਇੰਡੀਪੈਨਡੈਂਟਸ ਗ੍ਰੀਕ' ਨਾਲ ਰਲਕੇ ਸਾਂਝੀ ਸਰਕਾਰ ਬਣਾ ਲਈ ਹੈ। 'ਸਾਏਰੀਜਾ' ਦੇ ਆਗੂ ਅਲੈਕਸਿਸ ਟੀਸਿਪਰਾਸ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। 
'ਸਾਏਰੀਜ਼ਾ' ਨੇ 36.34% ਵੋਟਾਂ ਲੈਂਦੇ ਹੋਏ 149 ਸੀਟਾਂ ਹਾਸਲ ਕੀਤੀਆਂ ਹਨ, ਇਨ੍ਹਾਂ ਚੋਣਾਂ ਤੋਂ ਪਹਿਲਾਂ ਹਾਕਮ ਗਠਜੋੜ ਦੀ ਮੁੱਖ ਪਾਰਟੀ, ਸੱਜ ਪਿਛਾਖੜੀ 'ਨਿਉ ਡੈਮੋਕ੍ਰੇਸੀ' ਨੇ 76 ਸੀਟਾਂ, ਗਰੀਸ ਦੀ ਕਮਿਊਨਿਸਟ ਪਾਰਟੀ 'ਕੇ.ਕੇ.ਈ.' ਨੇ 15 ਸੀਟਾਂ, ਪਾਸੋਕ ਜਿਹੜੀ ਆਪਣੇ ਆਪ ਨੂੰ ਸੋਸ਼ਲਿਸਟ ਕਹਿੰਦੀ ਹੈ, ਅਤੇ ਹਾਰਨ ਵਾਲੇ ਗਠਜੋੜ ਵਿਚ ਸ਼ਾਮਲ ਸੀ ਨੇ 13 ਸੀਟਾਂ, 'ਦੀ ਰਿਵਰ' ਪਾਰਟੀ ਨੇ 17 ਅਤੇ ਨਾਜੀਵਾਦੀ ਕੌਮਪ੍ਰਸਤ 'ਗੋਲਡਨ ਡਾਅਨ' ਨੇ 17 ਸੀਟਾਂ ਹਾਸਲ ਕੀਤੀਆਂ ਹਨ। 
ਇੱਥੇ ਇਹ ਵਰਣਨਯੋਗ ਹੈ ਕਿ ਪੂੰਜੀਵਾਦੀ ਮੰਦਵਾੜੇ ਦਾ ਸਭ ਤੋਂ ਵਧੇਰੇ ਅਸਰ ਗਰੀਸ 'ਤੇ ਪਿਆ ਹੈ। ਉਸਦੇ ਹਾਕਮਾਂ ਨੇ ਇਸ ਸੰਕਟ ਚੋਂ ਨਿਕਲਣ ਲਈ ਯੂਰਪੀਅਨ ਯੂਨੀਅਨ, ਯੂਰਪੀਅਨ ਕੇਂਦਰੀ ਬੈਂਕ ਤੇ ਕੌਮਾਂਤਰੀ ਮੁਦਰਾ ਫੰਡ ਦੀ ਤ੍ਰਿੜਕੀ ਤੋਂ ਰਾਹਤ ਪੈਕੇਜ ਲਏ ਸਨ। ਜਿਨ੍ਹਾਂ ਦੀਆਂ ਸ਼ਰਤਾਂ ਵਜੋਂ ਜਨਤਕ ਖਰਚਿਆਂ ਵਿਚ ਬਹੁਤ ਵੱਡੇ ਪੱਧਰ 'ਤੇ ਕਟੌਤੀਆਂ ਕਰਦੇ ਹੋਏ ਦੇਸ਼ ਦੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾਕੇ ਰੱਖ ਦਿੱਤਾ ਗਿਆ ਹੈ ਅਤੇ ਦੂਜੇ ਪਾਸੇ ਇਸ ਮੰਦਵਾੜੇ ਲਈ ਜ਼ਿੰਮੇਵਾਰ ਪੂੰਜੀਪਤੀਆਂ ਤੇ ਬੈਂਕਾਂ ਨੂੰ ਰਾਹਤ ਪੈਕੇਜ਼ ਪ੍ਰਦਾਨ ਕੀਤੇ ਗਏ ਹਨ। ਇਨ੍ਹਾਂ ਕਟੌਤੀਆਂ ਤੋਂ ਪੈਦਾ ਹੋਈ ਮੰਦੀ ਹਾਲਤ ਨੇ ਗਰੀਸ ਨੂੰ ਵਿਕਾਸਸ਼ੀਲ ਦੇਸ਼ਾਂ ਦੇ ਖਾਨੇ ਵਿਚ ਧੱਕ ਦਿੱਤਾ ਹੈ। ਲਗਭਗ ਇਕ ਤਿਹਾਈ ਆਬਾਦੀ ਗਰੀਬੀ ਦੀ ਰੇਖਾ ਤੋਂ ਹੇਠਾਂ ਦਿਨ ਕੱਟੀ ਕਰ ਰਹੀ ਹੈ ਅਤੇ ਕੁੱਲ ਆਬਾਦੀ ਦਾ ਚੌਥਾ ਹਿੱਸਾ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ। ਦੇਸ਼ ਵਿਚ ਇਨ੍ਹਾਂ ਜਨਤਕ ਖਰਚਿਆਂ ਵਿਚ ਕਟੌਤੀਆਂ ਵਿਰੁੱਧ ਬਹੁਤ ਹੀ ਲਾਮਿਸਾਲ ਸੰਘਰਸ਼ ਵੀ ਦੇਸ਼ ਦੇ ਮਿਹਨਤਕਸ਼ ਲੋਕਾਂ ਵਲੋਂ ਨਿਰੰਤਰ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਦੌਰਾਨ 30 ਦੇ ਕਰੀਬ ਤਾਂ ਆਮ ਹੜਤਾਲਾਂ ਹੀ ਕੀਤੀਆਂ ਗਈਆਂ ਹਨ। ਇਸ ਸੰਘਰਸ਼ ਦੀ ਅਗਵਾਈ ਕਰਨ ਵਾਲੀਆਂ ਸ਼ਕਤੀਆਂ ਵਿਚ ਖੱਬੇ ਪੱਖੀ ਗਠਜੋੜ 'ਸਾਏਰੀਜ਼ਾ' ਪ੍ਰਮੁੱਖ ਸੀ। 'ਸਾਏਰੀਜ਼ਾ' ਦੀ ਇਹ ਜਿੱਤ ਦੇਸ਼ ਦੇ ਮਿਹਨਤਕਸ਼ ਲੋਕਾਂ ਦੀ ਜਿੱਤ ਹੈ। ਨਵੇਂ ਬਣੇ ਪ੍ਰਧਾਨ ਮੰਤਰੀ 'ਸਾਏਰੀਜ਼ਾ' ਮੁਖੀ ਟੀਸਿਪਰਾਸ ਨੇ ਜਿੱਤ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ''ਅੱਜ ਗਰੀਸ ਦੇ ਲੋਕਾਂ ਨੇ ਨਵਾਂ ਇਤਿਹਾਸ ਲਿਖਿਆ ਹੈ.... ਉਹ ਚਾਹੁੰਦੇ ਹਨ ਕਿ ਗਰੀਸ ਦਾ ਘੱਟੋ ਘੱਟ ਅੱਧਾ ਕਰਜਾ ਵੱਟੇ ਖਾਤੇ ਪਾ ਦਿੱਤਾ ਜਾਵੇ.... ਅਸੀਂ ਇਕ ਵਿਹਾਰਕ ਸਮਾਧਾਨ ਕੱਢਣ ਲਈ ਗੱਲਬਾਤ ਕਰਾਂਗੇ, ਅਸੀਂ ਚਾਹੁੰਦੇ ਹਾਂ ਕਿ ਦੇਸ਼ ਯੂਰੋਜੋਨ ਵਿਚ ਬਣਿਆ ਰਹੇ।'' 
ਗਰੀਸ ਦੇ ਲੋਕਾਂ ਨੇ ਇਕ ਚੰਗੀ ਤਬਦੀਲੀ ਦੀ ਆਸ ਵਿਚ ਵੋਟ ਦਿੱਤੀ ਹੈ, ਆਸ ਹੈ ਕਿ ਉਨ੍ਹਾਂ ਦੀਆਂ ਆਸਾਂ-ਉਮੰਗਾਂ ਨੂੰ ਬੂਰ ਜ਼ਰੂਰ ਪਵੇਗਾ।      
(26-1-2015)

No comments:

Post a Comment