Thursday 5 September 2013

ਸਿਆਸਤ ਦਾ 'ਮੋਦੀਕਰਨ'

ਬੋਧ ਸਿੰਘ ਘੁੰਮਣ

ਸਾਡੇ ਦੇਸ਼ ਦੇ ਹਾਕਮ ਅਤੇ ਹਾਕਮ ਜਮਾਤਾਂ ਦੀਆਂ ਰਾਜਸੀ ਪਾਰਟੀਆਂ ਦੇ ਆਗੂ ਦੇਸ਼ ਅੰਦਰ ਜਮਹੂਰੀਅਤ (ਪੂੰਜੀਵਾਦੀ ਜਮਹੂਰੀਅਤ) ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ। ਲੋਕਾਂ ਵਲੋਂ ਜਿੱਤੇ ਸਾਰੇ ਹੱਕ ਤੇ ਜਮਹੂਰੀ ਅਧਿਕਾਰ ਇਕ ਇਕ ਕਰਕੇ ਖੋਹੇ ਜਾ ਰਹੇ ਹਨ ਅਤੇ ਇਹ ਰਸਮੀ ਜਮਹੂਰੀਅਤ ਵੀ ਪੂਰੀ ਤਰ੍ਹਾਂ ਮਖ਼ੌਲ ਬਣਦੀ ਜਾ ਰਹੀ ਹੈ। ਦੇਸ਼ ਦੇ ਸੰਵਿਧਾਨ ਵਿਚ ਅੰਕਿਤ ਸਰਵਮੱਤ ਅਧਿਕਾਰ ਰਾਹੀਂ ਵਿਧਾਨ ਸਭਾਵਾਂ, ਲੋਕ ਸਭਾ ਤੇ ਹੋਰ ਪਬਲਿਕ ਅਦਾਰਿਆਂ ਦੇ ਮੈਂਬਰਾਂ ਦੀ ਚੋਣ ਕਰਨੀ, ਹੁਣ ਕੇਵਲ ਕਾਗਜ਼ਾਂ ਤੱਕ ਸਿਮਟ ਕੇ ਰਹਿ ਗਈ ਹੈ। ਇਹਨਾਂ ਉੱਚ ਅਦਾਰਿਆਂ ਦੇ ਮੈਂਬਰਾਂ ਦੀ ਚੋਣ ਲਈ ਕਰਵਾਈਆਂ ਜਾਂਦੀਆਂ ਚੋਣਾਂ 'ਚ ਜਿਸ ਤਰ੍ਹਾਂ ਭਰਿਸ਼ਟਾਚਾਰ, ਧਿੰਗੋਜੋਰੀ, ਧੋਖੇਬਾਜ਼ੀ, ਧਰਮ ਤੇ ਜਾਤਪਾਤ ਦੀ ਵਰਤੋਂ ਲਗਾਤਾਰ ਵੱਧਦੀ ਜਾ ਰਹੀ ਹੈ, ਆਮ ਆਦਮੀ ਲਈ ਇਹ ਚੋਣ ਲੜਣੀ ਪੂਰੀ ਤਰ੍ਹਾਂ ਵਸੋਂ ਬਾਹਰ ਹੋ ਗਈ ਹੈ। ਜਮਹੂਰੀਅਤ ਦੀ ਇਹ ਇਕ ਸਥਾਪਤ ਵਿਵਸਥਾ ਹੈ ਕਿ ਇਹਨਾਂ ਅਦਾਰਿਆਂ ਲਈ ਬਹੁਸੰਮਤੀ ਸੀਟਾਂ ਜਿੱਤਣ ਵਾਲੀ ਪਾਰਟੀ/ਗਰੁੱਪ/ਗਠਜੋੜ ਦੇ ਮੈਂਬਰਾਂ ਨੇ, ਚੋਣ ਜਿੱਤਣ ਪਿਛੋਂ ਆਪਣੇ ਲੀਡਰ ਦੀ ਚੋਣ ਕਰਨੀ ਹੁੰਦੀ ਹੈ, ਜਿਸ ਨੇ ਅੱਗੋਂ ਆਪਣੀ ਕੈਬਨਿਟ ਚੁਨਣੀ ਹੁੰਦੀ ਹੈ। ਐਪਰ ਏਥੇ ਜਮਹੂਰੀ ਕਦਰਾਂ ਕੀਮਤਾਂ ਵਿਚ ਆਏ ਨਿਘਾਰ ਨੇ ਹਾਲਤ ਇੱਥੇ ਲੈ ਆਂਦੀ ਹੈ ਕਿ ਵੋਟਾਂ ਪੈਣ ਤੋਂ ਪਹਿਲਾਂ, ਇੱਥੋਂ ਤੱਕ ਕਿ ਚੋਣਾਂ ਦਾ ਐਲਾਨ ਹੋਣ ਤੋਂ ਵੀ ਪਹਿਲਾਂ ਹੀ, ਦੇਸ਼ ਦੇ ਪ੍ਰਧਾਨ ਮੰਤਰੀ ਦਾ ਐਲਾਨ ਕੀਤਾ ਜਾ ਰਿਹਾ ਹੈ। ਇਹ ਜੇਕਰ, ਜਮਹੂਰੀਅਤ ਅਤੇ ਲੋਕਾਂ ਦੇ ਹੱਕਾਂ 'ਤੇ ਵਾਰ ਨਹੀਂ ਤਾਂ ਹੋਰ ਕੀ ਹੈ? ਇਸ ਤਰ੍ਹਾਂ ਤਾਂ ਸਿਰਫ ਫਾਸ਼ੀਵਾਦ ਦੌਰਾਨ ਹੀ ਹੁੰਦਾ ਹੈ ਕਿ ਨੇਤਾ ਪਹਿਲਾਂ ਸੱਜ ਜਾਂਦਾ ਹੈ, ਜਿਵੇਂ ਕਿ ਜਰਮਨੀ ਵਿਚ ਨਾਜ਼ੀਵਾਦ ਦੇ ਦੌਰ ਦੌਰਾਨ ਹਿਟਲਰ ਦੇਸ਼ ਦਾ ਮੁਖੀ ਬਣ ਗਿਆ ਸੀ, ਜਿਸ ਨੇ ਸਰੇਆਮ ਇਹ ਐਲਾਨ ਕੀਤਾ ਸੀ ਕਿ ''ਮੈਂ ਹੀ ਜਰਮਨੀ ਹਾਂ, ਅਤੇ ਜਰਮਨੀ ਦਾ ਭਾਵ ਕੇਵਲ ਮੈਂ ਹੀ ਹਾਂ।'' ਕਿਸੇ ਦੇਸ਼ ਦੇ ਲੋਕਾਂ ਨੂੰ ਪਾਰਟੀ ਜਾਂ ਵਿਚਾਰਧਾਰਾ ਦੁਆਲੇ ਰੈਲੀ ਕਰਨ ਦੀ ਥਾਂ ਇਕ ਵਿਅਕਤੀ ਦੁਆਲੇ ਰੈਲੀ ਕਰਨਾ ਜਮਹੂਰੀਅਤ ਨਹੀਂ ਹੁੰਦਾ ਸਗੋਂ ਫਾਸ਼ੀਵਾਦ ਦਾ ਸੰਕੇਤ ਹੀ ਹੁੰਦਾ ਹੈ; ਜਿਸ ਦਾ 21ਵੀਂ ਸਦੀ ਵਿਚ ਭਾਰਤ ਅੰਦਰ 'ਮੋਦੀਵਾਦ' ਵਜੋਂ ਨਾਮਕਰਨ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ।
ਸਾਡੇ ਦੇਸ਼ 'ਚ 2014 'ਚ ਹੋਣ ਵਾਲੀਆਂ ਲੋਕ ਸਭਾਈ ਚੋਣਾਂ ਲਈ ਸੱਤਾ ਦੇ ਮੁੱਖ ਦਾਅਵੇਦਾਰ ਦੋਹਾਂ ਗਠਜੋੜਾਂ, ਯੂ.ਪੀ.ਏ. ਅਤੇ ਬੀ.ਜੇ.ਪੀ., ਨੇ ਪ੍ਰਧਾਨ ਮੰਤਰੀ ਬਨਾਉਣ ਦਾ ਐਲਾਨ ਕਈ ਮਹੀਨੇ ਪਹਿਲਾਂ ਹੀ ਕਰ ਦਿੱਤਾ ਹੈ। ਯੂ.ਪੀ.ਏ., ਕਾਂਗਰਸ ਪਾਰਟੀ ਦੇ 'ਰਾਜਕੁਮਾਰ' ਰਾਹੁਲ ਗਾਂਧੀ ਨੂੰ ਅਤੇ ਬੀ.ਜੇ.ਪੀ. ਨਰਿੰਦਰ ਮੋਦੀ ਨੂੰ ਆਪਣੇ ਆਪਣੇ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰ ਰਹੀ ਹੈ। ਇਹ, ਜੇਕਰ ਦੁਖਾਂਤ ਨਹੀਂ ਤਾਂ ਹੋਰ ਕੀ ਹੈ? ਬੀ.ਜੇ.ਪੀ. ਨੇ ਤਾਂ ਇਸ ਪ੍ਰਸਪਰ ਮੁਕਾਬਲੇ ਵਿਚ ਇਕ ਸਿਫਤੀ ਛਾਲ ਮਾਰੀ ਹੈ। ਉਸ ਨੇ, ਨਰਿੰਦਰ ਮੋਦੀ ਦੇ ਰੂਪ ਵਿਚ ਇਕ ਅਜਿਹਾ ਨਾਂਅ ਦੇਸ਼ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਹੈ, ਜਿਹੜਾ ਦੇਸ਼ ਅਤੇ ਵਿਦੇਸ਼ਾਂ ਅੰਦਰ ਵੀ ਫਿਰਕਾਪ੍ਰਸਤੀ ਦਾ ਇਕ ਚਿੰਨ੍ਹ ਬਣ ਚੁੱਕਾ ਹੈ ਅਤੇ ਜਿਸ ਦੀ ਸ਼ਹਿ 'ਤੇ 2002 ਵਿਚ ਗੁਜਰਾਤ ਅੰਦਰ ਹਜ਼ਾਰਾਂ ਨਿਰਦੋਸ਼ ਮੁਸਲਮਾਨ ਭਰਾਵਾਂ ਦੇ ਕਤਲ ਹੋਏ ਸਨ। ਮੋਦੀ ਉਹ ਵਿਅਕਤੀ ਹੈ ਜੋ ਸ਼ਰੇਆਮ ਭੜਕਾਊ ਭਾਸ਼ਨ ਦਿੰਦਾ ਹੈ ਅਤੇ ਆਪਣੇ ਡਿਕਟੇਟਰਾਨਾਂ ਅਤੇ ਫਾਸ਼ੀ ਵਤੀਰੇ ਲਈ ਪੂਰੀ ਤਰ੍ਹਾਂ ਬਦਨਾਮ ਹੈ ਅਤੇ ਜਿਸ ਵਿਰੁੱਧ ਕਈ ਕੇਸ ਸੁਪਰੀਮ ਕੋਰਟ ਤੋਂ ਇਲਾਵਾ ਦੇਸ਼ ਦੀਆਂ ਕਈ ਅਦਾਲਤਾਂ ਵਿਚ ਚਲ ਰਹੇ ਹਨ। ਸੁਪਰੀਮ ਕੋਰਟ ਦੇ ਆਦੇਸ਼ਾਂ ਨਾਲ ਕੁਝ ਕੇਸ ਇਸ ਕਰਕੇ ਵੀ ਗੁਜਰਾਤ ਤੋਂ ਬਾਹਰ ਟਰਾਂਸਫਰ ਕਰ ਦਿੱਤੇ ਗਏ ਸਨ ਕਿਉਂਕਿ ਨਰਿੰਦਰ ਮੋਦੀ ਵਲੋਂ ਆਪਣੇ ਡਿਕਟੇਟਰਾਨਾ ਵਤੀਰੇ ਰਾਹੀਂ ਗੁਜਰਾਤ ਦੀਆਂ ਅਦਾਲਤਾਂ ਨੂੰ ਪ੍ਰਭਾਵਤ ਕਰਨ ਦਾ ਡਰ ਸੀ। ਸਮੁੱਚੇ ਦੇਸ਼ 'ਚ ਹੀ, ਹਰ ਦੇਸ਼ ਭਗਤ ਤੇ ਧਰਮ ਨਿਰਪੱਖ ਵਿਅਕਤੀ ਨਰਿੰਦਰ ਮੋਦੀ ਦੀ 2002 ਦੇ ਗੁਜਰਾਤ ਦੰਗਿਆਂ ਵਿਚ ਮਿਲੀਭਗਤ ਤੋਂ ਪੂਰੀ ਤਰ੍ਹਾਂ ਜਾਣੂ ਹੈ। ਜਦੋਂ ਉਸ ਦੀ ਇਸ ਭੂਮਿਕਾ ਤੋਂ, ਬੀ.ਜੇ.ਪੀ. ਨੂੰ ਛੱਡ ਕੇ ਹੋਰ ਕੋਈ ਵਿਅਕਤੀ ਵੀ ਇਨਕਾਰ ਨਹੀਂ ਕਰਦਾ ਤਾਂ ਫਿਰ ਬੀ.ਜੇ.ਪੀ. ਵਲੋਂ ਅਜਿਹੇ ਬਦਨਾਮ ਵਿਅਕਤੀ ਨੂੰ ਪ੍ਰਧਾਨ ਮੰਤਰੀ ਵਜੋਂ ਉਭਾਰਨ ਪਿਛੇ ਕੀ ਸੋਚ ਤੇ ਕਾਰਕ ਕੰਮ ਕਰ ਰਹੇ ਹਨ? ਸਪੱਸ਼ਟ ਹੈ ਕਿ ਕਾਂਗਰਸ ਵਾਂਗ ਹੀ ਹਰ ਪੱਖੋਂ ਬਦਨਾਮ ਹੋਈ, ਲੋਕਾਂ ਤੋਂ ਟੁੱਟ ਰਹੀ ਅਤੇ ਅੰਦਰੂਨੀ ਫੁੱਟ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਈ ਇਹ ਪਾਰਟੀ, ਆ ਰਹੀਆਂ ਲੋਕ ਸਭਾ ਚੋਣਾਂ ਵਿਚ ਕੇਵਲ ਨੰਗੀ ਚਿੱਟੀ ਫਿਰਕਾਪ੍ਰਸਤੀ ਉਭਾਰ ਕੇ ਹੀ ਦੇਸ਼ ਦੇ ਲੋਕਾਂ ਅੰਦਰ ਧਰਮ ਦੇ ਆਧਾਰ 'ਤੇ ਵੰਡੀਆਂ ਪਾ ਕੇ ਰਾਜ ਸੱਤਾ ਦੀ ਪੌੜੀ ਚੜ੍ਹਨ ਦਾ ਹਰ ਹੀਲਾ ਵਰਤਣ 'ਤੇ ਉਤਾਰੂ ਹੈ। ਅਜਿਹੇ ਮਨਹੂਸ ਤੇ ਦੇਸ਼ ਵਿਰੋਧੀ ਕਾਰਜ ਲਈ ਭਲਾ ਮੋਦੀ ਤੋਂ ਵੱਧ 'ਢੁਕਵਾਂ' ਹੋਰ ਕਿਹੜਾ ਵਿਅਕਤੀ ਹੋ ਸਕਦਾ ਹੈ, ਜੋ ਪਹਿਲਾਂ ਹੀ ਅਜਿਹੇ ਕਾਰੇ ਲਈ ਸਮੁੱਚੇ ਦੇਸ਼ ਅੰਦਰ 'ਪ੍ਰਸਿੱਧੀ' ਹਾਸਲ ਕਰ ਚੁੱਕਾ ਹੈ। 
ਉਸ ਦੇ ਬਦਨਾਮ ਕਿਰਦਾਰ ਨੂੰ ਅਤੇ ਸਾਰੇ ਪਾਸੇ ਤੋਂ ਵਿਰੋਧ ਨੂੰ ਵੇਖ ਕੇ, ਫਿਰਕਾਪ੍ਰਸਤ ਬੀ.ਜੇ.ਪੀ. ਹੁਣ ਉਸ ਨੂੰ 'ਵਿਕਾਸ ਦਾ ਮਸੀਹਾ' ਬਣਾ ਕੇ ਪੇਸ਼ ਕਰ ਰਹੀ ਹੈ ਅਤੇ ਇਸ ਨੂੰ ਵਿਕਾਸ ਦੇ 'ਨਰਿੰਦਰ ਮੋਦੀ ਮਾਡਲ' ਵਜੋਂ ਧੁਮਾ ਰਹੀ ਹੈ। ਗੁਜਰਾਤ ਦੇ 'ਵਿਕਾਸ' ਬਾਰੇ ਪ੍ਰਚਾਰ ਨੂੰ ਵੇਖ ਕੇ ਤਾਂ ਗੋਬਲਜ਼ ਦਾ ਸਿਰ ਵੀ ਸ਼ਰਮ ਨਾਲ ਝੁੱਕ ਗਿਆ ਹੋਵੇਗਾ ਕਿ ਬੀ.ਜੇ.ਪੀ. ਵਾਲੇ ਤਾਂ ਉਸ ਦੇ ਵੀ ਉਸਤਾਦ ਹਨ। ਉਂਝ, ਗੁਜਰਾਤ ਦੇ ਵਿਕਾਸ ਦੇ ਮਾਡਲ, ਜਿਸ ਵਿਚ 2002 ਦਾ ਘਲੂਘਾਰਾ ਵੀ ਸ਼ਾਮਲ ਹੈ, ਬਾਰੇ ਅਖਬਾਰਾਂ ਵਿਚ ਬਹੁਤ ਕੁੱਝ ਛਪ ਗਿਆ ਹੈ। ਕੁਝ ਜਰਨਲਿਸਟਾਂ ਤੇ ਪੱਤਰਕਾਰਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ 'ਮਨਮੋਹਨ ਸਿੰਘ ਮਾਡਲ' ਤੇ 'ਨਰਿੰਦਰ ਮੋਦੀ ਮਾਡਲ' ਵਿਚ ਰਤਾ ਵੀ ਅੰਤਰ ਨਹੀਂ ਹੈ। ਦੋਵੇਂ ਮਾਡਲ ਹੀ ਕਾਰਪੋਰੇਟ ਘਰਾਣਿਆਂ ਨੂੰ ਮਾਲਾ-ਮਾਲ ਕਰਨ ਅਤੇ ਗਰੀਬਾਂ ਨੂੰ ਹੋਰ ਗਰੀਬ ਕਰਨ ਅਤੇ ਉਹਨਾਂ ਦੇ ਜਿਸਮ ਵਿਚੋਂ ਖੂਨ ਦਾ ਆਖਰੀ ਤੁਪਕਾ ਵੀ ਨਿਚੋੜਨ ਵੱਲ ਸੇਧਿਤ ਹਨ। ਦੋਵੇਂ ਮਾਡਲ ਨਵਉਦਾਰਵਾਦੀ ਨੀਤੀਆਂ ਦੇ ਵੱਡੇ ਸਮੱਰਥਕ ਹਨ ਅਤੇ ਧਾੜਵੀਂ ਬਦੇਸ਼ੀ ਕੰਪਨੀਆਂ ਨੂੰ ਦੇਸ਼ ਅੰਦਰ ਸਿੱਧਾ ਪੂੰਜੀ ਨਿਵੇਸ਼ ਕਰਨ ਦੀ ਖੁਲ੍ਹ ਦੇਣ ਵਾਲੇ ਦੇਸ਼ ਵਿਰੋਧੀ ਤੇ ਲੋਕ ਵਿਰੋਧੀ ਹਨ। ਦੋਵੇਂ ਮਾਡਲ ਹੀ ਦੋ ਤਰ੍ਹਾਂ ਦਾ ਭਾਰਤ ਉਸਾਰਨਾ ਚਾਹੁੰਦੇ ਹਨ ਜਿਸ ਵਿਚ ਇਕ ਪਾਸੇ ਉਚੀਆਂ ਬਿਲਡਿੰਗ ਵਾਲੇ ਮਾਲਾਂ, ਦਿਓ ਕੱਦ ਸਟੋਰਾਂ, ਕੁਝ 6-8 ਮਾਰਗੀ ਸੜਕਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਦੁਨੀਆਂ ਦੇ ਚੋਣਵੇਂ ਪੂੰਜੀਪਤੀਆਂ ਵਿਚ ਸ਼ਾਮਲ ਕਰਨ ਦਾ ਭਾਰਤ ਹੋਵੇ ਅਤੇ ਦੂਜੇ ਪਾਸੇ 80 ਕਰੋੜ ਤੋਂ ਵੀ ਵੱਧ ਅਤਿ ਨੀਵੇਂ ਪੱਧਰ ਦੀ ਜ਼ਿੰਦਗੀ ਬਤੀਤ ਕਰਨ ਵਾਲੇ ਲੋਕ, ਝੁੱਗੀਆਂ ਝੌਪੜੀਆਂ ਅਤੇ ਗੰਦੀਆਂ ਬਸਤੀਆਂ ਅੰਦਰ ਪਸ਼ੂਆਂ ਵਰਗੀ ਜ਼ਿੰਦਗੀ ਬਤੀਤ ਕਰਨ ਵਾਲੇ, ਬੇਰੁਜ਼ਗਾਰੀ ਦੇ ਦੈਂਤ ਦਾ ਚਾਰਾ ਬਣਨ ਵਾਲੇ ਕਰੋੜਾਂ ਨੌਜਵਾਨਾਂ ਅਤੇ ਮਹਿੰਗਾਈ ਦੀ ਚੱਕੀ 'ਚ ਪੀਸੇ ਜਾਣ ਤੇ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਣ ਵਾਲੇ ਅਤੇ ਜੀਵਨ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਵੀ ਨਾ ਹੋਣ ਕਾਰਨ ਸਮਾਜ ਵਿਰੋਧੀ ਧੰਦਿਆਂ ਤੇ ਹਰ ਤਰ੍ਹਾਂ ਦੀ ਨਸ਼ਾਖੋਰੀ ਦਾ ਸ਼ਿਕਾਰ ਬਣਨ ਵਾਲੇ ਕਰੋੜਾਂ ਨੌਜਵਾਨਾਂ ਵਾਲਾ ਭਾਰਤ। ਇਹ ਅਜਿਹੀ ਸਥਿਤੀ ਹੈ ਜਿਸ ਬਾਰੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਨੇ ਬਹੁਤ ਪਹਿਲਾਂ ਹੀ ਲਿਖਿਆ ਸੀ : 

ਦੋ ਟੋਟਿਆਂ ਦੇ ਵਿਚ ਭੋਂ ਟੁੱਟੀ, 
ਇਕ ਮਹਿਲਾਂ ਦਾ ਇਕ ਢੋਕਾਂ ਦਾ,
ਦੋ ਧੜਿਆਂ ਵਿਚ ਖਲਕਤ ਵੰਡੀ
ਇਕ ਲੋਕਾਂ ਦਾ ਇਕ ਜੋਕਾਂ ਦਾ। 
ਕੁਝ ਖਾਈਆਂ ਵਿੱਥਾਂ ਵਰਨ ਦੀਆਂ 
ਕੁਝ ਵਾਹੀਆਂ ਲੀਕਾਂ ਧਰਮ ਦੀਆਂ,
ਫਿਰ ਕੰਧਾਂ ਕਰਮ ਕੁਕਰਮ ਦੀਆਂ
ਫਿਰ ਧੁੰਧਾਂ ਅੰਨ੍ਹੇ ਭਰਮ ਦੀਆਂ। 
ਫਿਰ ਵਿੱਥਾਂ ਲਿਪੀ ਜ਼ੁਬਾਨ ਦੀਆਂ। 
ਫਿਰ ਪਹਿਰਾਵੇ ਤੇ ਵੇਸ ਦੀਆਂ, 
ਫਿਰ ਸਭਿਤਾ, ਸਭਿਆਚਾਰ ਦੀਆਂ, 
ਫਿਰ ਦੇਸ਼ ਅਤੇ ਪਰਦੇਸ ਦੀਆਂ।
ਜਨਤਾ ਨੂੰ ਥਹੁ ਨਾ ਲੱਗਣ ਦਿੱਤਾ
ਇਹਨਾਂ ਜਾਦੂਗਰ ਵਿੱਥਕਾਰਾਂ ਨੇ,
ਅਸਲੀਅਤ ਵਿਚ ਨੇ ਦੋ ਵਿੱਥਾਂ,
ਬਾਕੀ ਸਭ ਕੂੜੀਆਂ ਪਾੜਾਂ ਨੇ। 
ਇੱਥੇ ਗੁਜਰਾਤ ਮਾਡਲ ਦੀ ਸੰਖੇਪ ਵਿਚ ਚਰਚਾ ਕਰਨੀ ਵੀ ਜ਼ਰੂਰੀ ਹੈ ਤਾਂ ਜੋ ਆਮ ਲੋਕਾਂ ਨੂੰ ਗੁਜਰਾਤ ਮਾਡਲ ਬਾਰੇ ਧੁਮਾਏ ਜਾ ਰਹੇ ਗੋਬਲੀ ਝੂਠ ਬਾਰੇ ਪਤਾ ਲੱਗ ਸਕੇ। ਗੁਜਰਾਤ ਅੰਦਰ ਨਰਿੰਦਰ ਮੋਦੀ ਦੀ ਅਗਵਾਈ ਵਿਚ ਬੀ.ਜੇ.ਪੀ. ਦੀ ਹਕੂਮਤ ਨੂੰ 10 ਸਾਲਾਂ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਅੱਜ ਵੀ ਗੁਜਰਾਤ ਦੇ ਵਿਕਾਸ ਦੀ ਸਥਿਤੀ ਇਹ ਹੈ : 
ਭੁੱਖ ਦੇ ਸੂਚਕ ਅੰਕ (2009) ਅਨੁਸਾਰ ਭਾਰਤ ਦੇ ਸਭ ਤੋਂ ਉਪਰਲੇ 17 ਰਾਜਾਂ ਵਿਚੋਂ ਗੁਜਰਾਤ ਦਾ ਦਰਜਾ 14ਵਾਂ ਹੈ, ਕੇਵਲ ਤਿੰਨ ਰਾਜ ਹੀ ਉਸ ਤੋਂ ਹੇਠਾਂ ਹਨ। 

ਔਰਤਾਂ ਵਿਚ ਖੂਨ ਦੀ ਕਮੀ ਨੂੰ ਵੇਖਿਆ ਜਾਵੇ ਤਾਂ ਦੇਸ਼ ਦੇ 20 ਪ੍ਰਮੁੱਖ ਰਾਜਾਂ ਵਿਚੋਂ ਗੁਜਰਾਤ ਦਾ ਨੰਬਰ ਇਕ ਹੈ, ਭਾਵ ਗੁਜਰਾਤ ਅੰਦਰ ਔਰਤਾਂ 'ਚ ਖ਼ੂਨ ਦੀ ਕਮੀ (ਅਨੀਮੀਆ) ਦੀ ਅਹੁਰ ਸਾਰੇ ਦੇਸ਼ ਵਿਚੋਂ ਸਭ ਤੋਂ ਵੱਧ ਹੈ। 

ਇਸ ਤਰ੍ਹਾਂ ਹੀ ਬੱਚਿਆਂ ਵਿਚ ਖੂਨ ਦੀ ਕਮੀ ਦੇ ਅਧਾਰ 'ਤੇ ਗੁਜਰਾਤ ਉਪਰਲੇ 20 ਰਾਜਾਂ ਵਿਚੋਂ 16ਵੇਂ ਨੰਬਰ 'ਤੇ ਹੈ। 

ਬੱਚਿਆਂ 'ਚ ਕੁਪੋਸ਼ਨ (Malnutrition) ਦੇ ਅਧਾਰ 'ਤੇ ਗੁਜਰਾਤ ਦਾ ਨੰਬਰ ਚੌਹਦਵਾਂ ਹੈ। 

ਸਿਹਤ, ਸਿੱਖਿਆ, ਪੇਂਡੂ ਵਿਕਾਸ ਉਪਰ ਖਰਚ ਕਰਨ ਦੇ ਮਾਮਲੇ ਵਿਚ ਦੇਸ਼ ਦੇ ਪ੍ਰਮੁੱਖ 20 ਰਾਜਾਂ ਵਿਚੋਂ ਗੁਜਰਾਤ 15ਵੇਂ ਨੰਬਰ 'ਤੇ ਹੈ, ਸਿਰਫ 5 ਹੀ ਇਸ ਤੋਂ ਫਾਡੀ ਹਨ। 

2009 ਦੇ ਅੰਕੜਿਆਂ ਅਨੁਸਾਰ ਹੀ ਬੱਚਿਆਂ ਨੂੰ ਜਨਮ ਦੇਣ ਵੇਲੇ ਮਰਨ ਵਾਲੀਆਂ ਔਰਤਾਂ ਦੀ ਗਿਣਤੀ ਕੇਰਲ ਦੇ ਟਾਕਰੇ ਵਿਚ ਗੁਜਰਾਤ ਅੰਦਰ ਤਿੰਨ ਗੁਣਾ ਹੈ। ਇਸ ਤਰ੍ਹਾਂ ਹੀ ਨਵੇਂ ਜੰਮੇ ਬੱਚਿਆਂ ਚੋਂ ਮਰਨ ਵਾਲੇ ਬੱਚਿਆਂ ਦੀ ਕੇਰਲ ਵਿਚ ਗਿਣਤੀ ਦੇ ਟਾਕਰੇ ਵਿਚ ਗੁਜਰਾਤ 'ਚ ਇਹ ਗਿਣਤੀ 4 ਗੁਣਾ ਹੈ। 

ਇਹ ਹੈ ਗੁਜਰਾਤ ਦੇ ਵਿਕਾਸ ਮਾਡਲ ਦੀਆਂ ਕੁੱਝ ਹਕੀਕਤਾਂ ਜੋ 2010-11 ਦੇ ਆਰਥਕ ਸਰਵੇਖਣ ਦੇ ਸਰਕਾਰੀ ਅੰਕੜਿਆਂ 'ਤੇ ਅਧਾਰਤ ਹਨ। 
ਪੂੰਜੀਪਤੀ ਵਰਗ ਤੇ ਉਹਨਾਂ ਦੇ ਕੰਟਰੋਲ ਹੇਠਲਾ ਸਮੁੱਚਾ ਮੀਡੀਆ, ਪੂਰੇ ਜੋਰ ਸ਼ੋਰ ਨਾਲ ਝੂਠੇ ਪ੍ਰਚਾਰ ਰਾਹੀਂ ਉਸ ਦੀਆਂ ਸਿਫਤਾਂ ਦੇ ਪੁਲ ਬੰਨ ਰਹੇ ਹਨ ਅਤੇ ਇਹ ਵੀ ਪ੍ਰਚਾਰ ਕਰ ਰਹੇ ਹਨ ਕਿ ਹੁਣ ਕੇਵਲ ਮੋਦੀ ਹੀ ਦੇਸ਼ ਅੰਦਰ ਚਲ ਰਹੀਆਂ ਲੋਕ ਲਹਿਰਾਂ ਨੂੰ ਨੰਗੇ ਚਿੱਟੇ ਜਬਰ ਰਾਹੀਂ ਦਬਾਅ ਸਕਦਾ ਹੈ। ਮੱਧਵਰਗੀ ਵਸੋਂ ਵਿਚਲਾ, ਪੇਤਲੀ ਰਾਜਨੀਤਕ ਸਮਝ ਰੱਖਣ ਵਾਲਾ ਕੁਝ ਵਰਗ ਵੀ ਮੋਦੀ ਦੇ ਹੱਕ ਵਿਚ ਚਲਾਏ ਜਾ ਰਹੇ ਇਸ ਕਪਟੀ ਪ੍ਰਚਾਰ ਤੋਂ ਪ੍ਰਭਾਵਤ ਹੋ ਰਿਹਾ ਹੈ। 
ਆਉਂਦੀਆਂ ਲੋਕ ਸਭਾ ਚੋਣਾਂ ਵਿਚ ਬੀ.ਜੇ.ਪੀ. ਤੇ ਸਰਮਾਏਦਾਰ ਮੀਡੀਏ ਵਲੋਂ, ਇਹਨਾਂ ਚੋਣਾਂ ਨੂੰ ਮੋਦੀ ਵਰਗੇ ਬਦਨਾਮ ਤੇ ਫਿਰਕਾਪ੍ਰਸਤ ਵਿਅਕਤੀ ਦੁਆਲੇ ਘੁੰਮਾਉਣਾ ਇਕ ਬੜਾ ਹੀ ਖਤਰਨਾਕ ਰੁਝਾਨ ਹੈ, ਜਿਸ ਦਾ ਸਮੁੱਚੇ ਦੇਸ਼ ਭਗਤ, ਜਮਹੂਰੀ ਅਤੇ ਧਰਮ ਨਿਰਪੱਖ ਲੋਕਾਂ ਵਲੋਂ ਹਰ ਪੱਖ ਤੋਂ ਵਿਰੋਧ ਕਰਨਾ ਬਹੁਤ ਹੀ ਲਾਜ਼ਮੀ ਹੈ। ਇਸ ਸੰਦਰਭ ਵਿਚ ਖੱਬੇ ਪੱਖੀ ਦਲਾਂ ਦੀ ਭੂਮਿਕਾ ਕਾਫੀ ਕਾਰਆਮਦ ਸਾਬਤ ਹੋ ਸਕਦੀ ਹੈ, ਪਰ ਇਸ ਇਤਿਹਾਸਕ ਕਾਰਜ ਲਈ ਉਹਨਾਂ ਦੀ ਇਕਜੁਟਤਾ ਤੇ ਵਿਕਾਸ ਦੇ ਬਦਲਵੇਂ ਲੋਕ ਪੱਖੀ ਪ੍ਰੋਗਰਾਮ 'ਤੇ ਅਧਾਰਤ ਸਾਂਝੀ ਪ੍ਰਭਾਵਸ਼ਾਲੀ ਦਖਲ-ਅੰਦਾਜ਼ੀ ਇਕ ਲਾਜ਼ਮੀ ਸ਼ਰਤ ਹੈ। ਸਿਆਸਤ ਦੇ 'ਮੋਦੀਕਰਨ' ਤੇ 'ਰਾਹੁਲਕਰਨ' ਦੋਹਾਂ ਦਾ ਵਿਰੋਧ ਕਰਨਾ ਹੀ ਦੇਸ਼ ਦੇ ਕਿਰਤੀ ਲੋਕਾਂ ਦੇ ਹਿੱਤਾਂ ਵਿਚ ਹੈ। 

No comments:

Post a Comment