Sunday 10 November 2013

ਅਕਤੂਬਰ ਇਨਕਲਾਬ ਦੇ ਸਬਕ ਤੇ ਸੇਧਾਂ

ਮੰਗਤ ਰਾਮ ਪਾਸਲਾ

7 ਨਵੰਬਰ 1917 ਦਾ ਦਿਨ (ਅਕਤੂਬਰ ਇਨਕਲਾਬ) ਦੁਨੀਆਂ ਦੇ ਇਤਿਹਾਸ ਵਿਚ ਇਕ ਬਹੁਤ ਹੀ ਮਹੱਤਵਪੂਰਣ ਘਟਨਾ ਦੇ ਤੌਰ ਉਤੇ ਜਾਣਿਆ ਜਾਂਦਾ ਹੈ। ਇਸ ਦਿਨ, ਲੱਖਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿਚ, ਪਹਿਲੀ ਵਾਰ ਸੋਵੀਅਤ ਰੂਸ ਅੰਦਰ ਹਾਕਮ ਲੁਟੇਰੀਆਂ ਜਮਾਤਾਂ ਤੋਂ ਇਨਕਲਾਬੀ ਢੰਗ ਨਾਲ ਸੱਤਾ ਹਥਿਆ ਕੇ ਕਿਰਤੀ ਵਰਗ ਨੇ ਆਪ ਆਪਣੇ ਹੱਥਾਂ ਵਿਚ ਲਈ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਵਾਲੇ ਪਹਿਲੇ ਸਮਾਜਵਾਦੀ ਪ੍ਰਬੰਧ ਦੀ ਸ਼ੁਰੂਆਤ ਸੰਸਾਰ ਦੇ ਨਕਸ਼ੇ ਉਪਰ ਉਭਰੀ। ਇਹ ਘਟਨਾ ਦੋਵਾਂ ਧਿਰਾਂ ਲਈ ਅਚੰਭਤ ਕਰਨ ਵਾਲੀ ਸੀ। ਲੋਟੂ ਧਿਰਾਂ ਲਈ ਇਸ ਪੱਖੋਂ ਹੈਰਾਨਕੁਨ ਸੀ ਕਿ ਯੁਗਾਂ ਯੁਗਾਂ ਤੋਂ ਪੈਦਾਵਾਰੀ ਸਾਧਨਾਂ ਉਪਰ ਉਸਦੇ ਕਬਜ਼ੇ ਦਾ ਅੰਤ ਤੇ ਕਿਰਤੀ ਵਰਗ ਦਾ ਇਕ ਸ਼ਾਸਕ ਵਰਗ ਦੇ ਰੂਪ ਵਿਚ ਉਭਾਰ, ਅਤੇ ਸੰਸਾਰ ਭਰ ਦੀ ਸਦੀਆਂ ਤੋਂ ਲੁੱਟੀ ਪੁੱਟੀ ਜਾ ਰਹੀ ਲੋਕਾਈ ਲਈ ਇਸ ਪੱਖੋਂ ਨਿਵੇਕਲੀ ਤੇ ਅਚੰਭਿਤ ਕਰਨ ਵਾਲੀ ਘਟਨਾ ਸੀ ਕਿ ਧਰਤੀ ਉਪਰ ਮਨੁੱਖੀ ਹੋਂਦ ਦੇ ਸ਼ੁਰੂਆਤੀ ਦੌਰ ਤੋਂ ਲੈ ਕੇ ਨਵੰਬਰ 1917 ਤੱਕ ਇਸ ਪ੍ਰਚਲਤ ਮਿੱਥ ਦਾ ਟੁਟਣਾ ਕਿ ''ਰਾਜਿਆਂ ਦੇ ਪੁਤਰਾਂ ਨੇ ਰਾਜ ਕਰਨਾ ਹੁੰਦਾ ਹੈ ਤੇ ਘਾਹੀਆਂ ਦੇ ਪੁੱਤਰਾਂ ਨੇ ਘਾਹ ਹੀ ਖੋਤਣਾ ਹੁੰਦਾ ਹੈ।'' ਇਥੇ ਇਸਦੇ ਵਿਪਰੀਤ ਵਾਪਰ ਗਿਆ ਤੇ ਰਾਜ ਸੱਤਾ ਉਪਰ ਕਿਰਤੀ ਕਿਸਾਨਾਂ ਦਾ ਕਬਜ਼ਾ ਸਥਾਪਤ ਹੋ ਗਿਆ। ਕਿਉਂਕਿ ਨਵੇਂ ਪ੍ਰਬੰਧ ਵਿਚ ਜਿੱਥੇ ਸਭ ਨੇ ਕੰਮ ਕਰਨਾ ਹੋਵੇਗਾ, ਉਥੇ ਵਿਹਲੜ ਤੇ ਲੁਟੇਰੇ ਤੱਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਕਰਕੇ ਅਕਤੂਬਰ ਇਨਕਲਾਬ ਨੇ ਦੁਨੀਆਂ ਭਰ ਦੇ ਪੂੰਜੀਪਤੀਆਂ, ਰਜਵਾੜਿਆਂ ਤੇ ਧਨ ਕੁਬੇਰਾਂ ਦੀਆਂ ਨੀਂਦਾਂ ਉਡਾ ਦਿੱਤੀਆਂ ਅਤੇ ਦਸਾਂ ਨਹੂੰਆਂ ਦੀ ਕਿਰਤ ਕਰਕੇ ਭੁੱਖਾਂ ਕੱਟਣ ਵਾਲੇ ਭਾਈ ਲਾਲੋਆਂ ਦੇ ਘਰਾਂ ਵਿਚ ਨਵੀਆਂ ਆਸਾਂ ਦੀਆਂ ਰੌਸ਼ਨੀਆਂ ਦੀ ਸ਼ਹਿਬਰ ਲਗਾ ਦਿੱਤੀ। 
ਸੋਵੀਅਤ ਯੂਨੀਅਨ ਵਿਚ ਜਾਰਸ਼ਾਹੀ ਤੇ ਪੂੰਜੀਵਾਦ ਦਾ ਖਾਤਮਾ ਕਰਕੇ ਮਜ਼ਦੂਰ-ਕਿਸਾਨ ਦੀ ਲੜਾਕੂ ਤੇ ਅਟੁੱਟ ਏਕਤਾ ਦੇ ਹਥਿਆਰ ਰਾਹੀਂ ਪਹਿਲੇ ਸਮਾਜਵਾਦੀ ਪ੍ਰਬੰਧ ਵਿਚ ਨਰੋਏ ਸਮਾਜ ਦੀ ਨੀਂਹ ਰੱਖਣ ਵਿਚ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ), ਜਿਸਦੀ ਅਗਵਾਈ ਸਾਥੀ ਵੀ.ਆਈ.ਲੈਨਿਨ ਕਰ ਰਿਹਾ ਸੀ, ਦੇ ਝੰਡੇ ਹੇਠਾਂ ਲਖੂਖਾਂ ਕਿਰਤੀਆਂ, ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਨੇ ਆਪਣੀ ਸਰਗਰਮ ਸ਼ਮੂਲੀਅਤ ਰਾਹੀਂ ਮਹੱਤਵਪੂਰਨ ਸ਼ਾਨਦਾਰ ਭੂਮਿਕਾ ਅਦਾ ਕੀਤੀ। ਹਾਕਮ ਦੁਸ਼ਮਣ ਜਮਾਤਾਂ ਦੇ ਹਰ ਜਬਰ ਦਾ ਟਾਕਰਾ ਪੂਰੀ ਸਿਦਕਦਿਲੀ ਨਾਲ ਪ੍ਰਭਾਵਸ਼ਾਲੀ ਤੇ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਅਤੇ ਇਸ ਇਨਕਲਾਬੀ ਘੋਲ ਵਿਚ ਅਣਗਿਣਤ ਲੋਕਾਂ ਨੇ ਆਪਣੀਆਂ ਜਾਨਾਂ ਦੀ ਆਹੁਤੀ ਪਾਈ। 
ਨਵ-ਜਨਮੇ ਇਸ  ਕਿਰਤੀ ਰਾਜ ਨੂੰ ਸੰਸਾਰ ਭਰ ਦੇ ਲੁਟੇਰੇ ਪੂੰਜੀਪਤੀ ਵਰਗ ਨੇ ਜੰਮਦਿਆਂ ਹੀ ਗਲਾ ਘੁੱਟ ਕੇ ਮਾਰਨ ਦਾ ਹਰ ਯਤਨ ਕੀਤਾ। ਆਰਥਿਕ ਨਾਕਾਬੰਦੀ ਕਰਕੇ ਨਵੇਂ ਪੁੰਗਰ ਰਹੇ ਇਸ ਬੂਟੇ ਨੂੰ ਸੁਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਸੋਵੀਅਤ ਯੂਨੀਅਨ ਦੇ ਅੰਦਰੂਨੀ ਦੁਸ਼ਮਣਾਂ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ, ਸਮਾਜਵਾਦ ਦੇ ਨਵ-ਜਨਮੇ ਬੱਚੇ ਨੂੰ ਜ਼ਹਿਰ ਦੇ ਕੇ ਮਾਰਨ ਦੀ। ਕਮਿਊਨਿਸਟ ਪਾਰਟੀ ਦੇ ਅੰਦਰ ਘੁਸੇ ਉਲਟ ਇਨਕਲਾਬੀ ਤੱਤਾਂ ਨੇ ਪਾਰਟੀ ਨੂੰ ਠੀਕ ਵਿਗਿਆਨਕ ਸੇਧ ਤੋਂ ਭਟਕਾ ਕੇ ਕੁਰਾਹੇ ਪਾਉਣ ਦਾ ਹਰ ਉਪਰਾਲਾ ਕੀਤਾ ਤੇ ਇਨਕਲਾਬੀ ਤੇ ਸੁਯੋਗ ਲੀਡਰਸ਼ਿਪ ਉਪਰ ਹਰ ਸੰਭਵ ਹਮਲਾ ਕਰਕੇ ਉਨ੍ਹਾਂ ਨੂੰ ਲੋਕਾਂ ਵਿਚੋਂ ਨਿਖੇੜਨ ਦਾ ਘਟੀਆ ਤੋਂ ਘਟੀਆ ਛਡਯੰਤਰ ਰਚਿਆ। 
ਪ੍ਰੰਤੂ ਇਨ੍ਹਾਂ ਸਾਰੀਆਂ ਔਕੜਾਂ, ਭੜਕਾਹਟਾਂ ਤੇ ਦੁਸ਼ਮਣ ਜਮਾਤਾਂ ਦੇ ਮਾਰੂ ਹਮਲਿਆਂ ਨੂੰ ਪਛਾੜਦੇ ਹੋਏ ਸੋਵੀਅਤ ਯੂਨੀਅਨ ਨੇ ਲਗਭਗ 70 ਵਰ੍ਹੇ ਸਮਾਜਵਾਦੀ ਵਿਵਸਥਾ ਰਾਹੀਂ ਕੇਵਲ ਇਕੱਲੇ ਸੋਵੀਅਤ ਯੂਨੀਅਨ ਦੇ ਵਸਨੀਕਾਂ ਨੂੰ ਹੀ ਹਰ ਕਿਸਮ ਦੀ ਲੁੱਟ ਖਸੁੱਟ ਖਤਮ ਕਰਕੇ ਅਤੇ ਘੋਰ ਗਰੀਬੀ ਤੇ ਕੰਗਾਲੀ ਤੋਂ ਮੁਕਤੀ ਦੁਆ ਕੇ ਤੇਜ਼ ਆਰਥਿਕ ਵਿਕਾਸ, ਸਰਵ ਪੱਖੀ ਉਨਤੀ ਤੇ ਉਚੇਰਾ ਜੀਵਨ ਪੱਧਰ ਪ੍ਰਦਾਨ ਨਹੀਂ ਕੀਤਾ ਸਗੋਂ ਸੰਸਾਰ ਭਰ ਵਿਚ ਕੌਮੀ ਅਜ਼ਾਦੀਆਂ ਪ੍ਰਾਪਤ ਕਰਨ ਹਿੱਤ ਵਿੱਢੇ ਗਏ ਘੋਲਾਂ ਅਤੇ ਵੱਖ ਵੱਖ ਦੇਸ਼ਾਂ ਅੰਦਰ ਆਰਥਿਕ ਲੁੱਟ ਖਸੁੱਟ ਦੇ ਖਾਤਮੇਂ ਲਈ ਸੰਘਰਸ਼ਸ਼ੀਲ ਤਾਕਤਾਂ ਦੀ ਭਰਪੂਰ ਹੌਸਲਾ ਅਫਜ਼ਾਈ ਤੇ ਸਹਾਇਤਾ ਵੀ ਕੀਤੀ। ਇਹ ਸੋਵੀਅਤ ਯੂਨੀਅਨ ਵਿਚ ਉਸਰੇ ਸਮਾਜਵਾਦੀ ਪ੍ਰਬੰਧ ਦੀ ਸ਼ਕਤੀ ਹੀ ਸੀ ਜਿਸਨੇ ਸੰਸਾਰ ਭਰ ਵਿਚ ਗੁਲਾਮ ਦੇਸ਼ਾਂ ਨੂੰ ਅਜ਼ਾਦੀ ਦੀ ਰੌਸ਼ਨੀ ਦਿਖਾਉਣ, ਹਿਟਲਰ ਤੇ ਉਸਦੇ ਹਮਜੋਲੀਆਂ ਦੇ ਫਾਸ਼ੀਵਾਦੀ ਇੰਜਨ ਨੂੰ ਠੱਲ ਪਾ ਕੇ ਇਸ ਅਮਾਨਵੀ ਵਰਤਾਰੇ ਦਾ ਖਾਤਮਾ ਕਰਨ ਅਤੇ ਇਕ ਮਜ਼ਬੂਤ ਤੇ ਸ਼ਕਤੀਸ਼ਾਲੀ ਸੰਸਾਰ ਵਿਆਪੀ ਸਮਾਜਵਾਦੀ ਕੈਂਪ ਸਥਾਪਤ ਕਰਨ ਵਿਚ ਮਹੱਤਵਪੂਰਨ ਤੇ ਆਗੂ ਰੋਲ ਅਦਾ ਕੀਤਾ। ਸਮਾਜਵਾਦੀ ਸੋਵੀਅਤ ਯੂਨੀਅਨ ਵਿਚ ਮਿਹਨਤਕਸ਼ ਲੋਕਾਂ ਨੂੰ ਦਿੱਤੀਆਂ ਗਈਆਂ ਆਰਥਿਕ ਤੇ ਸਮਾਜਿਕ ਸਹੂਲਤਾਂ ਦੀ ਰੌਸ਼ਨੀ ਵਿਚ ਸਰਮਾਏਦਾਰ ਦੇਸ਼ਾਂ ਦੇ ਹਾਕਮਾਂ ਵਲੋਂ ਵੀ ਆਪੋ ਆਪਣੇ ਦੇਸ਼ ਦੇ ਕਿਰਤੀਆਂ ਲਈ ਕੁਝ ਆਰਥਿਕ ਤੇ ਸਮਾਜਿਕ ਸੁਵਿਧਾਵਾਂ ਦਾ ਐਲਾਨ ਕੀਤਾ ਗਿਆ। ਇਸ ਪਿਛੇ ਲੁਟੇਰੀਆਂ ਹਾਕਮ ਜਮਾਤਾਂ ਦੇ ਅੰਦਰ ਉਠਿਆ ਇਹ ਡਰ ਸੀ ਕਿ ਕਿਤੇ ਸਰਮਾਏਦਾਰ ਦੇਸ਼ਾਂ ਦੇ ਕਿਰਤੀ ਸਮਾਜਵਾਦੀ ਵਿਵਸਥਾ ਤੋਂ ਪ੍ਰਭਾਵਤ ਹੋ ਕੇ ਇਨਕਲਾਬੀ ਸੰਘਰਸ਼ਾਂ ਦੇ ਰਾਹੇ ਨਾਂ ਪੈ ਜਾਣ। 'ਸਮਾਜਵਾਦ ਅੰਦਰ ਹੀ ਗਰੀਬੀ ਅਮੀਰੀ ਵਿਚਲੇ ਪਾੜੇ ਦਾ ਖਾਤਮਾ ਸੰਭਵ ਹੈ', 'ਮਨੂੱਖ ਹੱਥੋਂ ਮਨੁੱਖ ਦੀ ਲੁੱਟ ਕੁਦਰਤੀ ਨਹੀਂ ਸਗੋਂ ਮਾਨਵੀ ਵਰਤਾਰਾ ਹੈ, ਜਿਸਨੂੰ ਇਨਕਲਾਬੀ ਤਬਦੀਲੀ ਨਾਲ ਖਤਮ ਕਰਕੇ ਸਾਂਝੀਵਾਲਤਾ ਦੇ ਸਿਧਾਂਤ ਉਪਰ ਅਧਾਰਤ ਸਮਾਜ ਸਿਰਜਿਆ ਜਾ ਸਕਦਾ ਹੈ', 'ਲੁਟੇਰੇ ਪੂੰਜੀਵਾਦੀ ਪ੍ਰਬੰਧ ਦਾ ਖਾਤਮਾ ਸੰਭਵ ਤੇ ਅਟੱਲ ਹੈ ਤੇ ਸੋਵੀਅਤ ਯੂਨੀਅਨ ਇਸਦੀ ਉਘੜਵੀਂ ਤੇ ਜੀਉਂਦੀ ਜਾਗਦੀ ਉਦਾਹਰਣ ਹੈ' ਆਦਿ ਵਰਗੇ ਨਰੋਏ ਵਿਚਾਰ ਦੁਨੀਆਂ ਦੇ ਵੱਡੇ ਹਿੱਸੇ ਦੇ ਲੋਕਾਂ ਦੇ ਦਿਲੋ ਦਿਮਾਗ ਵਿਚ ਘਰ ਕਰ ਗਏ। ਅਕਤੂਬਰ ਇਨਕਲਾਬ ਮਨੁੱਖ ਦੀ ਮੁਕਤੀ ਦਾ ਪ੍ਰਤੀਕ ਬਣ ਕੇ ਸਦਾ-ਸਦਾ ਲਈ ਮਨੁੱਖੀ ਇਤਿਹਾਸ ਦੇ ਪੰਨਿਆਂ ਉਪਰ ਡੂੰਘਾ ਉੱਕਰਿਆ ਗਿਆ ਹੈ। 
ਇਹ ਅਗਾਂਹਵਧੂ ਤੇ ਖੱਬੀ ਸੋਚਣੀ ਵਾਲੀਆਂ ਸਾਰੀਆਂ ਧਿਰਾਂ ਲਈ ਡੂੰਘੀ ਚਿੰਤਾ ਤੇ ਵਿਚਾਰਨ ਦਾ ਵਿਸ਼ਾ ਹੈ ਕਿ ਲਗਾਤਾਰ ਸੱਤ ਦਹਾਕਿਆਂ ਬਾਅਦ ਜਿਸ ਦੇਸ਼ ਵਿਚ ਪੂੰਜੀਵਾਦ ਦਾ ਖਾਤਮਾ ਕਰਕੇ ਸਮਾਜਵਾਦੀ ਪ੍ਰਬੰਧ ਦੀ ਨੀਂਹਾਂ ਰੱਖੀਆਂ ਗਈਆਂ ਸਨ, ਉਸੇ ਧਰਤੀ ਉਪਰ ਸਮਾਜਵਾਦੀ ਪ੍ਰਬੰਧ ਨੂੰ ਢਹਿ ਢੇਰੀ ਕਰਕੇ ਸਰਮਾਏਦਾਰੀ ਲੁਟੇਰਾ ਨਿਜ਼ਾਮ ਮੁੜ ਸਥਾਪਤ ਕਿਵੇਂ ਹੋ ਗਿਆ ਹੈ? ਕਿਰਤ ਸ਼ਕਤੀ ਦੇ ਪ੍ਰਤੀਕ ਲਾਲ ਝੰਡੇ ਨੂੰ ਉਤਾਰ ਕੇ ਜਾਰਸ਼ਾਹੀ ਦਾ ਝੰਡਾ, ਜੋ ਲੋਕਾਂ ਉਪਰ ਜ਼ੁਲਮ ਢਾਹੁਣ ਕਾਰਨ ਨਫਰਤ ਦਾ ਚਿੰਨ ਬਣ ਗਿਆ ਸੀ, ਮਾਸਕੋ ਦੇ ਕਰੈਮਲਿਨ ਹਾਲ ਉਪਰ ਫੇਰ ਤੋਂ ਝੁਲਣਾ ਕਿਵੇਂ ਸੰਭਵ ਬਣਿਆ? ਦੁਨੀਆਂ ਭਰ ਦੇ ਸਮੁੱਚੇ ਕਿਰਤੀ ਵਰਗ ਤੇ ਅਗਾਂਹਵਧੂ ਲੋਕਾਂ ਨੂੰ ਇਸ ਘਟਨਾ ਉਪਰ ਭਾਰੀ ਅਫਸੋਸ ਹੋਇਆ ਹੈ। ਰੂਸ ਵਿਚ ਵਾਪਰੀਆਂ ਉਪਰੋਕਤ ਘਟਨਾਵਾਂ ਨੂੰ ਪੂਰੀ ਡੂੰਘਾਈ, ਗੰਭੀਰਤਾ ਤੇ ਆਪਾ ਪੜਚੋਲ ਦੇ ਢੰਗ ਨਾਲ ਵਿਗਿਆਨਕ ਨਜ਼ਰੀਏ ਤੋਂ ਵਾਚਣਾ ਹੋਵੇਗਾ। ਇਸ ਪਿਛਲਖੁਰੀ ਇਤਿਹਾਸਕ ਘਟਨਾ ਨੂੰ ਜਿੰਨੀ ਗੰਭੀਰਤਾ ਨਾਲ ਲੁਟੇਰੀਆਂ ਧਿਰਾਂ ਨੇ ਵਿਚਾਰਿਆ ਤੇ ਪ੍ਰਚਾਰਿਆ ਹੈ, ਸ਼ਾਇਦ ਮਾਰਕਸਵਾਦ-ਲੈਨਿਨਵਾਦ ਦਾ ਦਮ ਭਰਨ ਵਾਲੀਆਂ ਤਾਕਤਾਂ ਨੇ ਇਸ ਘਟਨਾ ਨੂੰ ਓਨੀ ਸੰਜੀਦਗੀ ਤੇ ਅਲੋਚਨਾਤਮਕ ਨਜ਼ਰੀਏ ਨਾਲ ਨਾਂ ਘੋਖਿਆ ਹੈ ਤੇ ਨਾਂ ਹੀ ਇਸਤੋਂ ਲੋੜੀਂਦੇ ਭਵਿੱਖੀ ਸਿੱਟੇ ਕੱਢੇ ਹਨ ਤਾਂ ਕਿ ਭਵਿੱਖ ਵਿਚ ਅਜਿਹੇ ਵਰਤਾਰੇ ਮੁੜ ਨਾ ਵਾਪਰਨ। 
ਅਕਤੂਬਰ ਇਨਕਲਾਬ ਦੀ 96ਵੀਂ ਵਰ੍ਹੇ ਗੰਢ ਉਪਰ ਜੇਕਰ ਅਸੀਂ ਇਸ ਮਹੱਤਵਪੂਰਨ ਨਿਵੇਕਲੀ ਤੇ ਇਤਿਹਾਸਕ ਘਟਨਾ ਪਿੱਛੇ ਮਾਣ ਕਰਨ ਯੋਗ ਸੰਘਰਸ਼ਾਂ ਦੇ ਪੰਨਿਆਂ ਉਪਰ ਉੱਕਰਿਆ ਸੱਚ ਗ੍ਰਹਿਣ ਕਰ ਸਕੀਏ ਤੇ ਉਸ ਉਪਰ ਅਮਲ ਕਰਨ ਲਈ ਵਧੇਰੇ ਪ੍ਰਤੀਬੱਧਤਾ ਦਾ ਐਲਾਨ ਕਰੀਏ ਅਤੇ ਜਿਨ੍ਹਾਂ ਕਾਰਨਾਂ ਕਰਕੇ ਇਨਕਲਾਬੀ ਸ਼ਕਤੀਆਂ ਦਾ ਇਹ ਧਰਤੀ ਉਪਰਲਾ ਸਵਰਗ ਰੂਪੀ ਸਿਰਜਿਆ ਆਰਥਕ-ਸਮਾਜਿਕ ਢਾਂਚਾ ਤਾਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੋ ਗਿਆ ਹੈ, ਉਨ੍ਹਾਂ ਉਪਰ ਉਂਗਲ ਧਰਕੇ ਭਵਿੱਖ ਵਿਚ ਉਨ੍ਹਾਂ ਦੀ ਸੁਧਾਈ ਕਰੀਏ, ਤਦ ਇਹ 1917 ਵਿਚ ਆਏ ਪਹਿਲੇ ਸਮਾਜਵਾਦੀ ਇਨਕਲਾਬ ਪ੍ਰਤੀ ਹਕੀਕੀ ਰੂਪ ਵਿਚ ਸੱਚੀ ਸੁੱਚੀ ਭਾਵਨਾ ਦਾ ਪ੍ਰਗਟਾਵਾ ਹੋਵੇਗਾ। 
ਨਿਰਸੰਦੇਹ, ਸੋਵੀਅਤ ਯੂਨੀਅਨ ਵਿਚ ਸਮਾਜਵਾਦ ਨੂੰ ਵੱਜੀਆਂ ਪਛਾੜਾਂ ਮਾਰਕਸਵਾਦੀ ਫਲਸਫੇ ਦੀ ਨਾਕਾਮਯਾਬੀ ਨੂੰ ਕਦਾਚਿੱਤ ਨਹੀਂ ਦਰਸਾਉਂਦੀਆਂ ਬਲਕਿ ਇਕ ਖਾਸ ਕਿਸਮ ਦੇ ਸਮਾਜਵਾਦੀ ਢਾਂਚੇ ਵਿਚ ਸਿਧਾਂਤਕ, ਰਾਜਨੀਤਕ ਤੇ ਆਰਥਿਕ ਖੇਤਰਾਂ ਵਿਚ ਆਈਆਂ ਘਾਟਾਂ, ਵਿਗਾੜਾਂ ਤੇ ਨੁਕਸਾਂ ਨੂੰ ਰੂਪਮਾਨ ਕਰਦੀਆਂ ਹਨ। ਹਕੀਕਤ ਇਹ ਹੈ ਕਿ ਸੰਸਾਰ ਪੱਧਰ ਉਪਰ ਚਲ ਰਹੇ ਵਿਕਰਾਲ ਪੂੰਜੀਵਾਦੀ ਸੰਕਟ ਦੌਰਾਨ, ਮਾਰਕਸਵਾਦ-ਲੈਨਿਨਵਾਦ ਦੀ ਪ੍ਰਸੰਗਤਾ ਵਿਚ ਹੋਰ ਵਾਧਾ ਤੇ ਖਿੱਚ ਪੈਦਾ ਹੋਈ ਹੈ। ਕਾਫੀ ਸਮੇਂ ਤੋਂ (ਭਾਵ 1990 ਵਿਚ ਸੋਵੀਅਤ ਯੂਨੀਅਨ ਦੇ ਬਿਖਰਾਅ ਤੋਂ ਕਾਫੀ ਪਹਿਲਾਂ) ਵਿਚਾਰਧਾਰਕ ਖੇਤਰ ਵਿਚ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਮਾਰਕਸਵਾਦ-ਲੈਨਿਨਵਾਦ ਦੀਆਂ ਬੁਨਿਆਦੀ ਸਥਾਪਨਾਵਾਂ ਦੀ ਅਣਦੇਖੀ ਕਰਕੇ ਜਮਾਤੀ ਭਿਆਲੀ (ਪੁਰਅਮਨ ਸਹਿਹੋਂਦ, ਪੁਰਅਮਨ ਮੁਕਾਬਲਾ ਤੇ ਪੁਰਅਮਨ ਤਬਦੀਲੀ) ਦੇ ਕੁਰਾਹੇ ਪਈ ਹੋਈ ਸੀ। ਆਪਣੇ ਕੌਮੀ ਹਿਤਾਂ ਖਾਤਰ ਉਸਨੇ ਸੰਸਾਰ ਪੱਧਰ ਦੀਆਂ ਸਾਮਰਾਜੀ ਸ਼ਕਤੀਆਂ ਦੇ ਧਾੜਵੀ ਤੇ ਲੁਟੇਰੇ ਕਿਰਦਾਰ ਨੂੰ ਅਣਡਿੱਠ ਕਰਕੇ ਉਸ ਵਿਰੁੱਧ ਲੋੜੀਂਦੇ ਸੰਘਰਸ਼ ਕਰਨ ਨੂੰ ਕਮਜ਼ੋਰ ਕਰਨ ਅਤੇ ਦੂਸਰੇ ਦੇਸ਼ਾਂ ਦੀਆਂ ਮਿੱਤਰ ਕਮਿਊਨਿਸਟ ਪਾਰਟੀਆਂ ਨੂੰ ਉਨ੍ਹਾਂ ਦੇ ਆਪਣੇ ਦੇਸ਼ਾਂ ਦੀਆਂ ਠੋਸ ਹਾਲਤਾਂ ਦੇ ਅਨੁਕੂਲ ਇਨਕਲਾਬੀ ਯੁਧ ਨੀਤੀ ਤੇ ਦਾਅਪੇਚ ਘੜਨ ਦੀ ਅਗਵਾਈ  ਦੇਣ ਦੀ ਥਾਂ ਹਾਕਮ ਜਮਾਤਾਂ ਦੀਆਂ ਪਿੱਛਲੱਗੂ ਬਣਾਉਣ ਜਾਂ ਸੋਵੀਅਤ ਪੁਜੀਸ਼ਨਾਂ ਨੂੰ ਪੱਠੇ ਪਾਉਂਦੇ ਮਾਅਰਕੇਬਾਜ਼ ਦਾਅਪੇਚ ਅਪਣਾਉਣ ਲਈ ਦਬਾਅ ਪਾਉਣ ਦੀ ਨੀਤੀ ਅਪਣਾਈ। ਸਮਾਜਵਾਦੀ ਪ੍ਰਬੰਧ ਹੇਠ ਮਜ਼ਦੂਰ-ਕਿਸਾਨ ਏਕਤਾ ਦੇ ਆਧਾਰ ਉਪਰ ਮਜ਼ਦੂਰ ਜਮਾਤ ਦੀ ਡਿਕਟੇਟਰਸ਼ਿਪ ਨੂੰ ਸਮੁੱਚੀ ਮਿਹਨਤਕਸ਼ ਲੋਕਾਈ ਦੀ ਹਕੀਕੀ ਜਮਹੂਰੀਅਤ ਤਕ ਦਾ ਪਸਾਰ ਕਰਨ ਦੀ ਥਾਂ ਕਿਰਤੀ ਲੋਕਾਂ ਦੀ ਸਮਾਜਵਾਦੀ ਪ੍ਰਬੰਧ ਨੂੰ ਚਲਾਉਣ ਵਿਚ ਭਾਗੀਦਾਰੀ ਨੂੰ ਸੀਮਤ ਕਰ ਦਿੱਤਾ ਗਿਆ। ਇਹ ਹੌਲੀ-ਹੌਲੀ ਕਿਰਤੀ ਜਮਾਤ ਦੀ ਥਾਂ ਕਮਿਊਨਿਸਟ ਪਾਰਟੀ ਦੀ 'ਤਾਨਾਸ਼ਾਹੀ' ਬਣ ਗਈ ਜੋ ਅੱਗੇ ਜਾ ਕੇ ਇਕ 'ਜੁੰਡਲੀ' ਦੇ ਹੱਥਾਂ ਵਿਚ ਸਮੁੱਚੀ ਸੱਤਾ ਦੇ ਕੇਂਦਰੀਰਨ ਦੇ ਰੂਪ ਵਿਚ ਤਬਦੀਲ ਹੋ ਗਈ। ਇਸ ਵਰਤਾਰੇ ਨਾਲ ਜਨ ਸਧਾਰਨ, ਜਿਸਦੇ ਸਮੁੱੱਚੇ ਹਿੱਤਾਂ ਦੀ ਰਖਵਾਲੀ ਅਤੇ ਬੜ੍ਹਾਵਾ ਦੇਣ ਦਾ ਸਮਾਜਵਾਦੀ ਪ੍ਰਬੰਧ ਦਮ ਭਰਦਾ ਹੈ, ਕਮਿਊਨਿਸਟ ਪਾਰਟੀ ਤੇ ਸੋਵੀਅਤ ਸਰਕਾਰ ਤੋਂ ਨਿਰਾਸ਼ ਹੋ ਕੇ ਅਲੱਗ ਥਲੱਗ ਹੋ ਗਿਆ ਤੇ ਸੋਵੀਅਤ ਪ੍ਰਬੰਧ ਤੇ ਲੀਡਰਸ਼ਿਪ ਉਪਰ ਉਸਦੀ ਭਰੋਸੇਯੋਗਤਾ ਉੱਡਪੁੱਡ ਗਈ। ਮਾਰਕਸਵਾਦ-ਲੈਨਿਨਵਾਦ ਦੀ ਵਿਗਿਆਨਕ ਵਿਧੀ ਤਿਆਗ ਕੇ 'ਆਗੂਆਂ' ਦੇ ਗੁਣਗਾਨ ਕਰਨ, ਸੱਤਾ ਤੋਂ ਲਾਹਾ ਲੈਣ ਲਈ ਅਸੂਲਾਂ ਨੂੰ ਤਿਲਾਂਜਲੀ ਦੇ ਕੇ 'ਚਾਪਲੂਸੀ', 'ਧੜੇਬੰਦੀ', 'ਅਫਸਰਸ਼ਾਹੀ ਰੁਝਾਨਾਂ' ਅਤੇ 'ਰਾਜਨੀਤਕ ਬਦਲਾਖੋਰੀ' ਵਰਗੇ ਅਣਵਿਗਿਆਨਕ ਤੇ ਮੌਕਾਪ੍ਰਸਤ ਅਮਲਾਂ ਨੂੰ ਅਪਣਾ ਲਿਆ ਗਿਆ। ਸੋਵੀਅਤ ਲੋਕਾਂ ਦਾ ਵਿਚਾਰਧਾਰਕ ਤੇ ਰਾਜਨੀਤਕ ਪੱਧਰ ਉਚਿਆਉਣ ਲਈ ਉਨ੍ਹਾਂ ਦੀ ਸਰਕਾਰੀ ਤੇ ਸਮਾਜਕ ਕੰਮਾਂ ਵਿਚ ਸਰਗਰਮ ਭਾਗੀਦਾਰੀ ਤੇ ਲਾਮਬੰਦੀ ਛੱਡਕੇ ਸਾਰਾ ਕੰਮ ਸਰਕਾਰ ਤੇ ਇਸਦੀ ਅਫਸਰਸ਼ਾਹੀ ਉਪਰ ਨਿਰਭਰ ਬਣਾ ਦਿੱਤਾ ਗਿਆ। ਇਸ ਸਭ ਕੁਝ ਦਾ ਨਤੀਜਾ ਅੱਜ ਸਾਰੇ ਸੰਸਾਰ ਦੇ ਸਾਹਮਣੇ ਹੈ, ਜਦੋਂ 7 ਦਹਾਕਿਆਂ ਤੋਂ ਲੋਕ ਹਿਤਾਂ ਦੀ ਪਹਿਰੇਦਾਰੀ ਦਾ ਦਾਅਵਾ ਕਰਨ ਵਾਲਾ ਰਾਜਨੀਤਕ ਢਾਂਚਾ ਆਪਣੀਆਂ ਅੰਦਰੂਨੀ ਕਮਜ਼ੋਰੀਆਂ ਤੇ ਬਾਹਰੀ ਦੁਸ਼ਮਣਾਂ ਦੀਆਂ ਚਾਲਾਂ ਦਾ ਸਾਹਮਣਾ ਨਾ ਕਰ ਸਕਿਆ ਤੇ ਪੂੰਜੀਵਾਦ ਦੀ ਬਹਾਲੀ ਦੇ ਰੂਪ ਵਿਚ ਤਬਦੀਲ ਹੋ ਗਿਆ। 
ਅੱਜ ਜਦੋਂ ਸਾਡੇ ਦੇਸ਼ ਦੇ ਕਰੋੜਾਂ ਲੋਕਾਂ ਦੇ ਹਿੱਤਾਂ ਦੀ ਅਣਦੇਖੀ ਕਰਕੇ ਭਾਰਤੀ ਹਾਕਮ, ਸਾਮਰਾਜੀ ਸ਼ਕਤੀਆਂ ਸਾਹਮਣੇ ਗੋਡੇ ਟੇਕ ਕੇ ਉਨ੍ਹਾਂ ਦੀ ਲੁੱਟ ਖਸੁੱਟ ਲਈ ਰਾਹ ਪੱਧਰਾ ਕਰ ਰਹੇ ਹਨ ਅਤੇ ਅੰਦਰੂਨੀ ਲੁਟੇਰਿਆਂ ਦੇ ਮੁਨਾਫਿਆਂ ਵਿਚ ਬੇਬਹਾ ਵਾਧਾ ਕਰਕੇ ਪੂੰਜੀ ਨੂੰ ਚੰਦ ਹੱਥਾਂ ਵਿਚ ਕੇਂਦਰਤ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਹੇ ਹਨ ਤਦ ਸਾਨੂੰ, ਜੋ ਮਿਹਨਤਕਸ਼ ਲੋਕਾਂ ਦੇ ਹੱਕ ਵਿਚ ਸੱਤਾ ਦੀ ਤਬਦੀਲੀ ਲੋਚਦੇ ਹਾਂ, ਅਕਤੂਬਰ ਇਨਕਲਾਬ ਦੀਆਂ ਪ੍ਰਾਪਤੀਆਂ ਤੇ ਸੋਵੀਅਤ ਕਮਿਊਨਿਸਟ ਪਾਰਟੀ ਵਿਚ ਆਈਆਂ ਥਿੜਕਣਾਂ ਤੇ ਗਿਰਾਵਟਾਂ ਜਿਨ੍ਹਾਂ ਕਾਰਨ ਉਥੋਂ ਦਾ ਸਮਾਜਵਾਦੀ ਢਾਂਚਾ ਤਹਿਸ ਨਹਿਸ ਹੋਇਆ, ਦਾ ਸੰਤੁਲਤ ਮੁਲਾਂਕਣ ਕਰਕੇ ਇਨਕਲਾਬੀ ਲਹਿਰ ਨੂੰ ਹੋਰ ਮਜ਼ਬੂਤ ਤੇ ਵਿਸ਼ਾਲ ਕਰਨ ਵਿਚ ਵਧੇਰੇ ਸ਼ਕਤੀ ਨਾਲ ਜੁਟ ਜਾਣਾ ਚਾਹੀਦਾ ਹੈ। ਸਾਰੇ ਦਾਅਵਿਆਂ ਦੇ ਬਾਵਜੂਦ ਨਾ ਤਾਂ ਪੂੰਜੀਵਾਦੀ ਢਾਂਚਾ ਸੰਕਟਮੁਕਤ ਹੈ ਅਤੇ ਨਾ ਹੀ ਮਨੁੱਖਤਾ ਨੂੰ ਘੋਰ ਗਰੀਬੀ ਤੇ ਮੰਦਹਾਲੀ ਤੋਂ ਬਿਨਾਂ ਹੋਰ ਕੁਝ ਦੇਣ ਦੇ ਸਮਰੱਥ ਹੈ। ਇਸ ਲੁਟੇਰੇ ਢਾਂਚੇ ਦਾ ਸਮਾਜਵਾਦੀ ਪ੍ਰਬੰਧ ਹੀ ਯੋਗ ਵਿਕਲਪ ਹੈ, ਜੋ ਹਰ ਕਿਸਮ ਦੀ ਲੁਟ-ਖਸੁੱਟ ਖਤਮ ਕਰਕੇ ਸਮਾਜ ਨੂੰ ਸਰਵਪੱਖੀ ਵਿਕਾਸ ਦੇ ਗਾਡੀ ਰਾਹੇ ਪਾ ਸਕਦਾ ਹੈ। ਅਜਿਹੇ ਬਰਾਬਰਤਾ ਅਧਾਰਤ ਪ੍ਰਬੰਧ ਦੀ ਕਾਇਮੀ ਵਾਸਤੇ ਕੀਤੇ ਜਾਣ ਵਾਲੇ ਦ੍ਰਿੜ ਸੰਘਰਸ਼ ਲਈ 1917 ਦਾ ਅਕਤੂਬਰ ਇਨਕਲਾਬ ਸਾਡੇ ਲਈ ਇਕ ਪ੍ਰੇਰਨਾ ਸਰੋਤ ਬਣ ਸਕਦਾ ਹੈ।

No comments:

Post a Comment