Thursday 6 February 2014

ਜਨਤਕ ਲਾਮਬੰਦੀ (ਸੰਗਰਾਮੀ ਲਹਿਰ, ਫਰਵਰੀ 2014)

ਜਗਰਾਓਂ ਥਾਣੇ ਅੰਦਰ ਮਾਰੇ ਗਏ ਮਜ਼ਦੂਰ ਦੀ ਮੌਤ ਵਿਰੁੱਧ ਦਿਹਾਤੀ ਮਜ਼ਦੂਰ ਸਭਾ ਦਾ ਸੰਘਰਸ਼ 

ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦੇ ਦੂਸਰੀ ਵਾਰ ਰਾਜਸੱਤਾ ਸੰਭਾਲਣ ਉਪਰੰਤ ਵਿਧਾਨ ਸਭਾ ਹਲਕੇ ਅਨੁਸਾਰ ਡੀ.ਐਸ.ਪੀ. ਲਾ ਕੇ ਅਤੇ ਉਸ ਨੂੰ ਐਮ.ਐਲ.ਏ. ਜਾਂ ਪਾਰਟੀ ਦੇ ਹਲਕਾ ਇਨਚਾਰਜ ਅਧੀਨ ਸਿੱਧਾ ਕਰ ਦੇਣ ਤੋਂ ਬਾਅਦ ਪੁਲਸ ਸਿਰਫ ਅਕਾਲੀ ਪਾਰਟੀ ਦੀ ਹੀ ਬਣ ਕੇ ਰਹਿ ਗਈ ਹੈ। ਆਮ ਲੋਕਾਂ ਉਤੇ ਜ਼ੁਲਮ ਢਾਹੁਣਾ ਉਹਨਾਂ ਲਈ ਆਮ ਗਲ ਬਣ ਗਈ ਹੈ। ਇਸ ਦੀ ਇਕ ਮਿਸਾਲ ਪਿਛਲੇ ਦਿਨੀਂ ਜਗਰਾਵਾਂ ਵਿਚ ਵੇਖਣ ਨੂੰ ਮਿਲੀ। ਜਗਰਾਵਾਂ ਵਿਚ ਰਹਿਣ ਵਾਲੇ ਝੁਗੀਆਂ ਝੌਂਪੜੀਆਂ ਦੇ ਵਾਸੀ ਗਰੀਬ ਲੋਕਾਂ ਵਿਚੋਂ ਇਕ ਮਨਜੀਤ ਸਿੰਘ ਮੀਤਾ ਨੂੰ ਜਗਰਾਵਾਂ ਦੇ ਸਿਟੀ ਥਾਣੇ ਦੀ ਪੁਲਸ ਨੇ ਕਿਸੇ ਚਹੇਤੇ ਵਲੋਂ ਕੀਤੀ ਗਈ ਚੋਰੀ ਦੀ ਰਿਪੋਰਟ ਦੇ ਆਧਾਰ 'ਤੇ 7 ਜਨਵਰੀ ਨੂੰ ਫੜ ਲਿਆ। ਉਸ ਵਲੋਂ ਚੋਰੀ ਕਰਨ ਦਾ ਇਕਬਾਲ ਨਾ ਕਰਨ 'ਤੇ ਉਸ ਨੂੰ ਬੇਤਹਾਸ਼ਾ ਮਾਰਿਆ ਕੁੱਟਿਆ ਗਿਆ। 8 ਜਨਵਰੀ ਨੂੰ ਵੀ ਉਸ ਉਤੇ ਤਸ਼ੱਦਦ ਜਾਰੀ ਰਿਹਾ। ਜਿਸ ਨੂੰ ਨਾ ਸਹਾਰਦਿਆਂ ਹੋਇਆ ਉਸ ਦੀ ਥਾਣੇ ਦੀ ਕੁਟਮਾਰ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਦੇ ਵਾਰਸਾਂ ਨੂੰ ਰਾਤ ਸਮੇਂ ਇਹ ਕਹਿ ਕੇ ਸੱਦ ਲਿਆ ਕਿ ਉਕਤ ਮੀਤੇ ਨੇ ਜਹਿਰ ਖਾ ਲਈ ਹੈ ਤੇ ਉਹ ਹਸਪਤਾਲ ਜਾ ਕੇ ਮਰ ਗਿਆ ਹੈ। ਉਸ ਦੀ ਲਾਸ਼ ਲੈ ਜਾਓ। ਉਹ ਵਿਚਾਰੇ ਡਰ ਤਾਂ ਗਏ ਪਰ ਲਾਸ਼ ਲੁਧਿਆਣੇ ਹਸਪਤਾਲ ਹੋਣ ਕਰਕੇ ਲਿਆ ਨਾ ਸਕੇ। ਇੰਨੇ ਸਮੇਂ ਵਿਚ ਮੀਤੇ ਦੇ ਮਾਤਾ ਪਿਤਾ ਜੋ ਰਈਆ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਰਹਿੰਦੇ ਸਨ। ਉਹਨਾਂ ਨੇ ਦਿਹਾਤੀ ਮਜ਼ਦੂਰ ਸਭਾ ਨਾਲ ਸੰਪਰਕ ਕੀਤਾ। ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਗੁਰਨਾਮ ਸਿੰਘ ਦਾਊਦ, ਸੂਬਾਈ ਮੀਤ ਪ੍ਰਧਾਨ ਸਾਥੀ ਅਮਰੀਕ ਸਿੰਘ ਦਾਊਦ ਨੇ ਸਲਾਹ ਕਰਕੇ ਪੁਲਸ ਦੀ ਇਸ ਵਹਿਸ਼ੀਆਨਾਂ ਕਾਰਵਾਈ ਵਿਰੁੱਧ ਸੰਘਰਸ਼ ਕਰਨ ਦਾ ਫੈਸਲਾ ਕਰ ਲਿਆ। ਨਕੋਦਰ ਲਾਗੇ ਮਾਹੂੰਵਾਲ ਰਹਿੰਦੇ ਸੂਬਾ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ ਨਾਲ ਵੀ ਸੰਪਰਕ ਕੀਤਾ ਗਿਆ ਅਤੇ ਰਈਆ ਤੋਂ ਝੁਗੀ ਝੌਂਪੜੀ ਦੇ ਵਾਸੀ ਤੇ ਦਿਹਾਤੀ ਮਜ਼ਦੂਰ ਸਭਾ ਦੇ ਸਾਥੀ ਦੋ ਗੱਡੀਆਂ ਮਜ਼ਦੂਰਾਂ ਦੀਆਂ ਲੈ ਕੇ ਜਗਰਾਵਾਂ ਪਹੁੰਚ ਗਏ। ਸਾਥੀ ਦਰਸ਼ਨ ਨਾਹਰ ਨੇ ਵੀ ਦੋ ਗੱਡੀਆਂ ਮਜ਼ਦੂਰਾਂ ਦੀਆਂ ਲੈ ਕੇ ਸੰਘਰਸ਼ ਵਿਚ ਸ਼ਮੂਲੀਅਤ ਕੀਤੀ। ਜਮਹੂਰੀ ਕਿਸਾਨ ਸਭਾ ਦੇ ਸਾਥੀ ਗੁਰਨਾਮ ਸਿੰਘ ਸੰਘੇੜਾ, ਸਾਥੀ ਮਨੋਹਰ ਸਿੰਘ ਗਿੱਲ ਅਤੇ ਹੋਰ ਬਹੁਤ ਸਾਰੇ ਆਗੂ ਤੇ ਵਰਕਰ ਵੀ ਜਗਰਾਵਾਂ ਪਹੁੰਚ ਗਏ। ਇੰਨੇ ਸਮੇਂ ਵਿਚ ਪੁਲਸ ਨੇ ਆਪਣੇ ਟਾਊਟਾਂ ਰਾਹੀਂ ਪੀੜਤ ਧਿਰ 'ਤੇ ਰਾਜੀਨਾਮਾ ਕਰਨ ਲਈ ਦਬਾਅ ਵੀ ਪਾਇਆ ਤੇ ਕੁਝ ਲਾਲਚ ਦੇਣ ਦਾ ਵੀ ਯਤਨ ਕੀਤਾ। ਪਰ ਰਈਆ ਤੋਂ ਗਏ ਮਨਜੀਤ ਸਿੰਘ ਮੀਤਾ ਦੇ ਵਾਰਸਾਂ ਤੇ ਰਿਸ਼ਤੇਦਾਰਾਂ ਦਾ ਦਿਹਾਤੀ ਮਜ਼ਦੂਰ ਸਭਾ ਵਿਚ ਵਿਸ਼ਵਾਸ ਹੋਣ ਕਰਕੇ ਪੁਲਸ ਦੀ ਅੰਦਰ ਖਾਤੇ ਸਮਝੌਤਾ ਕਰਨ ਦੀ ਇਹ ਨੀਤੀ ਸਿਰੇ ਨਾ ਚੜ੍ਹ ਸਕੀ। ਦੂਜੇ ਪਾਸੇ ਲੋਕਾਂ ਦਾ ਗੁੱਸੇ ਵਿਚ ਭਰਿਆ ਹੋਇਆ ਇਕੱਠ ਮੁਜ਼ਾਹਰੇ ਦੇ ਰੂਪ ਵਿਚ ਸਬੰਧਤ ਸਿਟੀ ਥਾਣੇ ਅੱਗੇ ਜਾ ਕੇ ਧਰਨੇ 'ਤੇ ਬੈਠ ਗਿਆ। ਜ਼ੋਰਦਾਰ ਨਾਹਰੇਬਾਜ਼ੀ ਪੁਲਸ ਦੇ ਖਿਲਾਫ ਕੀਤੀ ਗਈ। ਵੱਡੀ ਗਿਣਤੀ ਵਿਚ ਲੋਕ ਧਰਨੇ ਵਿਚ ਦੇਰ ਰਾਤ ਤੱਕ ਬੈਠੇ ਰਹੇ। ਰਾਤ ਪੈਣ 'ਤੇ ਆਗੂਆਂ ਨੇ ਰਾਤ ਦੇ ਲੰਗਰ ਅਤੇ ਸ਼ਮਿਆਨੇ ਦਾ ਪ੍ਰਬੰਧ ਕਰਨ ਦਾ ਫੈਸਲਾ ਕਰਕੇ ਧਰਨਾ ਲਗਾਤਾਰ ਚਲਾਉਣ ਦਾ ਫੈਸਲਾ ਕਰ ਲਿਆ। ਜਿਸ ਤੋਂ ਘਬਰਾ ਕੇ ਪੁਲਸ ਦੇ ਅਫਸਰਾਂ ਨੇ ਗਲਬਾਤ ਚਲਾਉਣ ਦਾ ਰਾਹ ਅਖਤਿਆਰ ਕੀਤਾ। ਕਾਫੀ ਸਮਾਂ ਗਲਬਾਤ ਕਰਨ ਤੋਂ ਬਾਅਦ ਫੈਸਲਾ ਹੋਇਆ ਕਿ ਮ੍ਰਿਤਕ ਦੇ ਵਾਰਸਾਂ ਨੂੰ 5 ਲੱਖ ਰੁਪਏ ਨਕਦ ਦਿੱਤੇ ਜਾਣਗੇ ਅਤੇ ਸਬੰਧਤ ਦੋਸ਼ੀ ਮੁਲਾਜ਼ਮ ਤੁਰੰਤ ਸਸਪੈਂਡ ਕੀਤੇ ਜਾਣਗੇ। ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇਗ। ਸੋ ਲੋਕਾਂ ਦੇ ਇਸ ਸੰਘਰਸ਼ ਨਾਲ ਮਨਜੀਤ ਸਿੰਘ ਮੀਤਾ ਤਾਂ ਵਾਪਿਸ ਨਹੀਂ ਆਵੇਗਾ ਪਰ ਉਸ ਦੀਆਂ 1 ਸਾਲ, 2 ਸਾਲ ਤੇ 6-7 ਸਾਲ ਦੀਆਂ ਤਿੰਨ ਲੜਕੀਆਂ, ਉਸ ਦੀ 25-26 ਸਾਲ ਦੀ ਪਤਨੀ ਅਤੇ ਬਜ਼ੁਰਗ ਮਾਤਾ ਪਿਤਾ ਲਈ ਰੋਟੀ ਦੇ ਖਰਚ ਦਾ ਕੁਝ ਨਾਂ ਕੁੱਝ ਤੁਰੰਤ ਪ੍ਰਬੰਧ ਜ਼ਰੂਰ ਕਰਵਾ ਲਿਆ ਗਿਆ। ਇਹ ਨਿਸ਼ਚੇ ਹੀ ਲੋਕ ਸੰਘਰਸ਼ ਅਤੇ ਦਿਹਾਤੀ ਮਜ਼ਦੁਰ ਸਭਾ ਦੀ ਸੰਘਰਸ਼ਮਈ ਸੋਚ ਦੀ ਵੱਡੀ ਜਿੱਤ ਹੈ। ਜਮਹੂਰੀ ਕਿਸਾਨ ਸਭਾ ਨੇ ਵੀ ਆਪਣਾ ਪੂਰਾ ਯੋਗਦਾਨ ਇਸ ਸੰਘਰਸ਼ ਵਿਚ ਪਾ ਕੇ ਜਿੱਤ ਨੂੰ ਯਕੀਨੀ ਬਣਾ ਦਿੱਤਾ। 
ਰਿਪੋਰਟ : ਗੁਰਨਾਮ ਸਿੰਘ ਦਾਊਦ


ਪ੍ਰਾਪਰਟੀ ਟੈਕਸ ਵਿਰੁੱਧ ਥਾਂ ਥਾਂ ਮੁਜ਼ਾਹਰੇ 

ਬਟਾਲਾ :  ਜੇ.ਪੀ.ਐਮ.ਓ. ਵਲੋਂ ਪ੍ਰਾਪਰਟੀ ਟੈਕਸ, ਬਿਜਲੀ ਮਹਿਕਮੇ ਵਲੋਂ ਕੀਤੀ ਜਾ ਰਹੀ ਲੁੱਟ, ਗੁੰਡਾਗਰਦੀ ਖਿਲਾਫ ਰੋਸ ਰੈਲੀ ਤੇ ਮੁਜ਼ਾਹਰਾ ਕੀਤਾ। 
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਤਹਿਸੀਲ ਬਟਾਲਾ ਵਲੋਂ ਪ੍ਰਾਪਰਟੀ ਟੈਕਸ, ਬਿਜਲੀ ਮਹਿਕਮੇਂ ਵਲੋਂ ਕੀਤੀ ਜਾ ਰਹੀ ਲੁੱਟ, ਵੱਧ ਰਹੀ ਗੁੰਡਾਗਰਦੀ, ਮਹਿੰਗਾਈ, ਬੇਰੁਜ਼ਗਾਰੀ, ਭਰਿਸ਼ਟਾਚਾਰ ਅਤੇ ਅਮਨ ਕਾਨੂੰਨ ਦੀ ਖਰਾਬ ਹਾਲਤ ਵਿਰੁੱਧ 11 ਜਨਵਰੀ ਨੂੰ ਰੋਸ ਰੈਲੀ ਤੇ ਮੁਜ਼ਾਹਰਾ ਸਾਥੀ ਸੁੱਚਾ ਸਿੰਘ ਠੱਠਾ, ਰਣਜੀਤ ਸਿੰਘ ਗੱਗੋਵਾਲ, ਜਗੀਰ ਸਿੰਘ ਕਿਲਾ ਲਾਲ ਸਿੰਘ, ਗੁਰਪ੍ਰੀਤ ਸਿੰਘ ਸਰੂਪਵਾਲੀ ਕਲਾਂ ਅਤੇ ਮਾਨਾ ਮਸੀਹ ਬਾਲੇਵਾਲ ਦੀ ਸਾਂਝੀ ਪ੍ਰਧਾਨਗੀ ਹੇਠ ਕੀਤਾ ਗਿਆ। 
ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜੇ.ਪੀ.ਐਮ.ਓ. ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਰਘਬੀਰ ਸਿੰਘ ਪਕੀਵਾਂ ਨੇ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨਵਉਦਾਰਵਾਦੀ ਨੀਤੀਆਂ ਰਾਹੀਂ ਕਿਰਤੀ ਲੋਕਾਂ ਦਾ ਜੀਵਨ ਜਿਉਣਾ ਮੁਹਾਲ ਹੋ ਰਿਹਾ ਹੈ। ਉਹਨਾਂ ਪਾਸੋਂ ਸਸਤੀ ਵਿਦਿਆ, ਸਿਹਤ ਸੇਵਾਵਾਂ ਤੇ ਪੀਣ ਵਾਲੇ ਪਾਣੀ ਤੱਕ ਦੀਆਂ ਸਹੂਲਤਾਂ ਖੁਸ ਗਈਆਂ ਹਨ, ਉਹਨਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਸਰਕਾਰ ਉਹਨਾਂ ਤੇ ਬਿਜਲੀ ਦੀਆਂ ਵਧੀਆਂ ਦਰਾਂ, ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਅਤੇ ਪ੍ਰਾਪਰਟੀ ਟੈਕਸ ਆਦਿ ਦਾ ਭਾਰ ਪਾ ਰਹੀ ਹੈ। ਪ੍ਰਾਪਰਟੀ ਟੈਕਸ ਲੋਕਾਂ ਉਪਰ ਲੱਗਿਆ ਜਜੀਆ ਤੇ ਜ਼ੁਲਮ ਹੈ ਜੋ ਬਿਲਕੁਲ ਖਤਮ ਹੋਣਾ ਚਾਹੀਦਾ ਹੈ।
ਜਮਹੂਰੀ ਕਿਸਾਨ ਸਭਾ ਦੇ ਆਗੂਆਂ ਸੰਤੋਖ ਸਿੰਘ ਔਲਖ ਤੇ ਸੁਰਜੀਤ ਸਿੰਘ ਘੁਮਾਣ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਗੁਰਦਿਆਲ ਸਿੰਘ ਘੁਮਾਣ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਰਜਵੰਤ ਕੌਰ ਅਤੇ ਗੁਰਪ੍ਰੀਤ ਸਿੰਘ ਰੰਗੀਲਪੁਰ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸ਼ਿੰਦਾ ਛਿੱਥ ਨੇ ਵੀ ਸੰਬੋਧਨ ਕੀਤਾ। 

ਪਠਾਨਕੋਟ : ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਸਰਕਾਰ ਵੱਲੋਂ 17 ਜਨਵਰੀ ਨੂੰ ਲਗਾਏ ਪ੍ਰਾਪਰਟੀ ਟੈਕਸ, ਪਲਾਟ ਰਜਿਸਟ੍ਰੇਸ਼ਨ ਟੈਕਸ ਵਿਰੁੱਧ ਧਿਆਨ ਸਿੰਘ, ਥੁੜੂ ਰਾਮ, ਮਾਸਟਰ ਸੁਭਾਸ਼ ਸ਼ਰਮਾ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਇੱਕ ਧਰਨਾ ਦਿੱਤਾ ਗਿਆ ਤੇ ਬਜ਼ਾਰਾਂ ਵਿੱਚ ਮੁਜ਼ਾਹਰਾ ਵੀ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਅਮਰੀਕ ਸਿੰਘ, ਲਾਲ ਚੰਦ ਕਟਾਰੂ ਚੱਕ, ਉਂਕਾਰ ਸਿੰਘ, ਸ਼ਿਵ ਕੁਮਾਰ, ਬਲਬੀਰ ਕੁਮਾਰ, ਦਲਬੀਰ ਸਿੰਘ, ਨੱਥਾ ਸਿੰਘ, ਇਕਬਾਲ, ਸਤਿਆ ਦੇਵ ਸੈਣੀ, ਮਾਸਟਰ ਜਨਕ ਕੁਮਾਰ ਨੇ ਪੰਜਾਬ ਸਰਕਾਰ ਦੀ ਜ਼ੋਰਦਾਰ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਟੈਕਸਾਂ 'ਤੇ ਟੈਕਸ ਲਗਾ ਕੇ ਲੋਕਾਂ ਦਾ ਕਚੂੰਮਰ ਕੱਢ ਰਹੀ ਹੈ। ਸਰਕਾਰ ਦੀਆਂ ਨੀਤੀਆਂ ਅਮਰੀਕੀ ਸਾਮਰਾਜ ਦੇ ਦਬਾਅ ਥੱਲੇ ਲਾਗੂ ਕੀਤੀਆਂ ਜਾ ਰਹੀਆਂ ਹਨ। ਇਸ ਰੈਲੀ ਨੂੰ ਹਰਜਿੰਦਰ ਸਿੰਘ, ਰਘਬੀਰ ਸਿੰਘ, ਵੀ ਪੀ ਸੈਣੀ, ਜਗਦੀਸ਼, ਪ੍ਰੇਮ ਸਾਗਰ, ਬਲਵੰਤ ਸਿੰਘ, ਸਤਨਾਮ ਸਿੰਘ, ਅਜੀਤ ਕੁਮਾਰ, ਦਲਵਿੰਦਰ ਸਿੰਘ, ਮੰਗਤ ਸਿੰਘ ਤੇ ਮਹਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ। 

ਰਈਆ : ਪ੍ਰਾਪਰਟੀ ਟੈਕਸ ਦੇ ਰੂਪ ਵਿਚ ਪੰਜਾਬ ਸਰਕਾਰ ਵਲੋਂ ਲਾਏ ਗਏ ਭਾਰੀ ਟੈਕਸਾਂ ਦੇ ਖਿਲਾਫ ਪ੍ਰਾਪਰਟੀ ਟੈਕਸ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ 'ਤੇ 17 ਜਨਵਰੀ ਨੂੰ ਰਈਆ ਵਿਖੇ ਸੀ.ਪੀ.ਐਮ. ਪੰਜਾਬ ਦੇ ਜ਼ਿਲ੍ਹਾ ਕਮੇਟੀ ਮੈਂਬਰ ਸਾਥੀ ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਤਿੰਮੋਵਾਲ, ਸਾਥੀ ਹਰਪ੍ਰੀਤ ਸਿੰਘ ਬੁਟਾਰੀ ਦੀ ਅਗਵਾਈ ਵਿਚ ਸੈਂਕੜੇ ਸਾਥੀਆਂ ਦਾ ਇਕੱਠ ਤੇ ਜਲਸਾ ਕੀਤਾ ਗਿਆ। ਜਲਸੇ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਖੇਤਰ ਦੇ ਸਾਰੇ ਲੋਕਾਂ ਉਪਰ ਪ੍ਰਾਪਰਟੀ ਟੈਕਸ ਦੇ ਨਾਂਅ ਤੇ ਬੇਤਹਾਸ਼ਾ ਭਾਰ ਪਾ ਰਹੀ ਹੈ। 50 ਗਜ ਤੋਂ ਲੈ ਕੇ ਉਪਰ ਵਾਲੇ ਸਾਰੇ ਪਲਾਟਾਂ ਉਤੇ ਟੈਕਸ ਲਾ ਦਿਤਾ ਗਿਆ ਹੈ। ਲੋਕ ਆਪਣੇ ਹੀ ਘਰ ਦਾ ਟੈਕਸ ਦੇ ਰੂਪ ਵਿਚ ਹਰ ਸਾਲ ਕਿਰਾਇਆ ਦਿਆ ਕਰਨਗੇ। ਇਸ ਤਰ੍ਹਾਂ ਆਪਣੇ ਹੀ ਘਰ ਵਿਚ ਲੋਕਾਂ ਨੂੰ ਕਿਰਾਏਦਾਰ ਬਣਾਇਆ ਜਾ ਰਿਹਾ ਹੈ।  ਇਸ ਮੌਕੇ ਬਜਾਰਾਂ 'ਚ ਮਾਰਚ ਕਰਨ ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ।

ਬਰਨਾਲਾ : ਅਕਾਲੀ-ਭਾਜਪਾ ਗੱਠਜੋੜ ਵੱਲੋਂ ਪਲਾਟਾਂ ਦੀ ਰੈਗੂਲਾਈਜੇਸ਼ਨ ਫ਼ੀਸ ਅਤੇ ਪ੍ਰਾਪਰਟੀ ਟੈਕਸ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਬਰਨਾਲਾ ਵਿਖੇ ਸਥਾਨਕ ਪ੍ਰਾਪਰਟੀ ਟੇੈਕਸ ਅਤੇ ਪਲਾਟ ਹੋਲਡਰ ਸੰਘਰਸ਼ ਕਮੇਟੀ ਵੱਲੋਂ ਡੀ ਸੀ ਬਰਨਾਲਾ ਦੇ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇઠਨੂੰઠਹਰਚਰਨઠਸਿੰਘ ਚੰਨਾ, ਗੁਰਮੀਤ ਸੁੱਖਪੁਰ, ਰਾਮઠ ਲਾਲઠਬਦਰਾ, ਪ੍ਰੇਮ ਕੁਮਾਰ, ਅਨਿਲ ਕੁਮਾਰ, ਖ਼ੁਸ਼ੀਆ ਸਿੰਘ ਨੇ ਸੰਬੋਧਨ ਕੀਤਾ। ਧਰਨੇ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਾਂਅ ਡੀਸੀ ਦਫ਼ਤਰ ਬਰਨਾਲਾ ਨੂੰ ਮੰਗ ਪੱਤਰ ਵੀ ਦਿੱਤਾ।

ਫ਼ਰੀਦਕੋਟ ਵਿਖੇ ਵੱਖ-ਵੱਖ ਕਿਸਾਨ, ਮਜ਼ਦੂਰ ਅਤੇ ਵਿਦਿਆਰਥੀ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਲਾਏ ਜਾਇਦਾਦ ਟੈਕਸ ਖਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਅਤੇ ਰੈਲੀ ਕੀਤੀ ਗਈ ਅਤੇ ਸਰਕਾਰ ਖਿਲਾਫ਼ ਨਾਹਰੇਬਾਜ਼ੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਦਿਹਾਤੀ ਮਜਦੂਰ ਸਭਾ, ਕੈਂਸਰ ਵਿਰੋਧੀ ਜਾਗ੍ਰਿਤੀ ਮੰਚ, ਪੰਜਾਬ ਸਟੂਡੈਂਟਸ ਯੂਨੀਅਨ, ਜਮਹੂਰੀ ਕਿਸਾਨ ਸਭਾ, ਕੁਲ ਹਿੰਦ ਨਿਰਮਾਣ ਉਸਾਰੀ ਮਜ਼ਦੂਰ ਯੂਨੀਅਨ, ਪੀ.ਐੱਸ.ਯੂ, ਟੀ.ਐੱਸ.ਯੂ, ਐੱਨ.ਜ਼ੈੱਡ ਬੀਮਾ ਕਰਮਚਾਰੀ ਐਸੋਸੀਏਸ਼ਨ ਦੇ ਆਗੂਆਂ ਨੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਣੂ ਕਰਵਾਇਆ ਅਤੇ ਜਾਇਦਾਦ ਟੈਕਸ ਖਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ। ਇਹ ਮੁਜ਼ਾਹਰਾ ਭਾਈ ਘਨਈਆ ਚੌਂਕ, ਘੰਟਾ ਘਰ ਚੌਕ, ਮੇਨ ਬਜ਼ਾਰ, ਸ਼ਹੀਦ ਭਗਤ ਸਿੰਘ ਪਾਰਕ, ਹੁੱਕੀ ਚੌਕ, ਸਰਕੂਲਰ ਰੋਡ, ਸਰਾਫਾ ਬਜਾਰ ਤੋਂ ਇਲਾਵਾ ਸ਼ਹਿਰ ਭਰ 'ਚੋਂ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦਫਤਰ ਵਿਖੇ ਸਮਾਪਤ ਹੋਇਆ।  


ਕਾਦੀਆਂ ਥਾਣੇ ਅੱਗੇ ਪਾਰਟੀ ਵਲੋਂ ਵਿਸ਼ਾਲ ਧਰਨਾ
ਸੀ ਪੀ ਐਮ ਪੰਜਾਬ ਦੀ ਜ਼ਿਲ੍ਹਾ ਕਮੇਟੀ ਗੁਰਦਾਸਪੁਰ ਨੇ ਲਗਾਤਾਰ ਵਧ ਰਹੀ ਗੁੰਡਾਗਰਦੀ ਅਤੇ ਨਸ਼ੇ ਦੇ ਵਪਾਰੀਆਂ ਵੱਲੋਂ ਨੌਜੁਆਨਾਂ ਦੀ ਕੀਤੀ ਜਾ ਰਹੀ ਤਬਾਹੀ ਵਿਰੁੱਧ ਕਾਦੀਆਂ ਵਿਖੇ 24 ਜਨਵਰੀ ਨੂੰ ਰੋਸ ਰੈਲੀ ਕੀਤੀ ਅਤੇ ਮੁਜ਼ਾਹਰਾ ਕਰਕੇ ਥਾਣੇ ਸਾਹਮਣੇ ਜ਼ੋਰਦਾਰ ਧਰਨਾ ਦਿੱਤਾ। ਇਸ ਧਰਨੇ ਅਤੇ ਮੁਜ਼ਾਹਰੇ ਦੀ ਅਗਵਾਈ ਸੰਤੋਖ ਸਿੰਘ ਔਲਖ, ਅਜੀਤ ਸਿੰਘ ਸਿਧਵਾਂ ਅਤੇ ਸ਼ਿਵ ਕੁਮਾਰ ਪਠਾਨਕੋਟ ਨੇ ਕੀਤੀ। ਮੁਜ਼ਾਹਰਾਕਾਰੀ 5 ਜਨਵਰੀ ਨੂੰ ਅਜੀਤ ਸਿੰਘ ਠੱਕਰ ਸੰਧੂ ਦੇ ਘਰ ਰਾਤ ਨੂੰ ਹਮਲਾ ਕਰਨ ਅਤੇ ਉਸ ਦੇ ਗੰਨਮੈਨ ਦੀ ਅਸਾਲਟ ਰਾਈਫ਼ਲ ਖੋਹਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕਰ ਰਹੇ ਸਨ। ਇਸ ਤੋਂ ਬਿਨਾਂ ਬਟਾਲਾ ਕੈਂਪ ਦੇ ਵਾਸੀ ਮਲਕੀਅਤ ਰਾਮ ਦੀ ਲੱਤ ਅਤੇ ਬਾਂਹ ਤੋੜਨ ਵਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਸੀ। ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੀ ਪੀ ਐਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਰਘਬੀਰ ਸਿੰਘ ਪਕੀਵਾਂ ਅਤੇ ਐਕਟਿੰਗ ਜ਼ਿਲ੍ਹਾ ਸਕੱਤਰ ਲਾਲ ਚੰਦ ਕਟਾਰੂਚੱਕ ਨੇ ਸਿਆਸੀ  ਦਬਾਅ ਅਧੀਨ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਲਈ ਪੁਲਸ ਅਧਿਕਾਰੀਆਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਅਤੇ ਪੁਲਸ ਦੀ ਸ਼ਹਿ ਨਾਲ ਗੁੰਡੇ ਦਨਦਨਾਉਂਦੇ ਫ਼ਿਰਦੇ ਹਨ। ਲੋਕਾਂ ਦੀਆਂ ਧੀਆਂ-ਭੈਣਾਂ ਅਤੇ ਇਨਸਾਫ਼ ਪਸੰਦ ਲੋਕਾਂ ਦੀ ਇੱਜ਼ਤ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਗੁੰਡਾਗਰਦੀ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲੇ ਅਨਸਰਾਂ ਵਿਰੁੱਧ ਸੰਘਰਸ਼ ਕਰਨ ਲਈ ਲਾਮਬੰਦ ਹੋਣ। ਧਰਨੇ ਨੂੰ ਉਪਰੋਕਤ ਆਗੂਆਂ ਤੋਂ ਬਿਨਾਂ ਸਰਵਸਾਥੀ ਅਜੀਤ ਸਿੰਘ ਸਿੱਧਵਾਂ, ਜਗਜੀਤ ਸਿੰਘ ਕਲਾਨੌਰ, ਅਜੀਤ ਸਿੰਘ ਠੱਕਰਸੰਧੂ, ਮਨਜੀਤ ਸਿੰਘ ਕਾਦੀਆਂ, ਰਿਟਾਇਰਡ ਹੈਡਮਾਸਟਰ ਸੁਰਜੀਤ ਸਿੰਘ ਘੁਮਾਣ, ਗੁਰਦਿਆਲ ਸਿੰਘ ਘੁਮਾਣ, ਦਰਸ਼ਨ ਸਿੰਘ ਡੇਹਰੀਵਾਲ, ਕਿਰਨ, ਦਲਬੀਰ ਸਿੰਘ ਪਠਾਨਕੋਟ, ਬੀਬੀ ਨੀਲਮ ਘੁਮਾਣ, ਜਸਵੰਤ ਸਿੰਘ ਬੁੱਟਰ, ਸ਼ਿੰਦਾ ਛਿੱਥ, ਜਗੀਰ ਸਿੰਘ ਕਿਲ੍ਹਾ ਲਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

No comments:

Post a Comment