Thursday, 4 July 2013

ਸੰਮਤੀ ਚੋਣਾਂ 'ਚ ਸੀ.ਪੀ.ਐਮ. ਪੰਜਾਬ ਦੀ ਕਾਰਗੁਜ਼ਾਰੀ

ਪਿਛਲੇ ਦਿਨੀਂ ਪੰਜਾਬ ਅੰਦਰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਨਿਕਲ ਚੁੱਕੇ ਹਨ। ਪ੍ਰਾਂਤ ਅੰਦਰ ਰਾਜ ਕਰਦੀ ਧਿਰ, ਅਕਾਲੀ-ਭਾਜਪਾ ਗਠਜੋੜ ਦੀਆਂ ਸਿਰੇ ਦੀਆਂ ਗੈਰ ਜਮਹੂਰੀ ਕਾਰਵਾਈਆਂ ਅਤੇ ਨੰਗੀਆਂ-ਚਿੱਟੀਆਂ ਧੱਕੇਸ਼ਾਹੀਆਂ ਦੀ ਬਦੌਲਤ ਬਹੁਤੀਆਂ ਥਾਵਾਂ 'ਤੇ ਏਸੇ ਗਠਜੋੜ ਨੇ ਜਿੱਤਾਂ ਹਾਸਲ ਕੀਤੀਆਂ ਹਨ। 
ਸਾਡੀ ਪਾਰਟੀ ਦੀ ਚੋਣਾਂ ਬਾਰੇ ਸਪੱਸ਼ਟ ਸਮਝਦਾਰੀ ਹੈ ਕਿ ਬੁਰਜ਼ਵਾ ਜਮਹੂਰੀਅਤ ਦੇ ਰਾਜਨੀਤਕ ਢਾਂਚੇ ਅੰਦਰ ਹੁੰਦੀਆਂ ਚੋਣਾਂ ਤੇ ਉਹਨਾਂ ਚੋਣਾਂ ਰਾਹੀਂ ਬਣਦੀਆਂ ਰਾਜਨੀਤਕ ਸੰਸਥਾਵਾਂ ਵੀ ਜਮਾਤੀ ਸੰਘਰਸ਼ ਦੇ ਅਖਾੜੇ ਬਣ ਸਕਦੀਆਂ ਹਨ। ਪ੍ਰੰਤੂ ਕਮਿਊਨਿਸਟਾਂ ਨੂੰ ਇਹਨਾਂ ਵਿਚ ਉਸੇ ਹੱਦ ਤੱਕ ਸਰਗਰਮ ਹੋਣਾ ਚਾਹੀਦਾ ਹੈ, ਜਿਸ ਹੱਦ ਤੱਕ ਕਿ ਇਹ ਸਰਗਰਮੀ ਜਮਾਤੀ ਸੰਘਰਸ਼ ਦੇ ਹੋਰ ਤੇ ਵੱਧ ਮਹੱਤਵਪੂਰਨ ਖੇਤਰਾਂ ਵਿਚਲੀ ਸਰਗਰਮੀ ਨੂੰ ਪ੍ਰਭਾਵਤ ਨਾ ਕਰੇ। 
ਇਸ ਸਮਝਦਾਰੀ ਅਨੁਸਾਰ ਹੀ ਪੰਚਾਇਤੀ ਰਾਜ ਸੰਸਥਾਵਾਂ ਦੀ ਹੋਣ ਵਾਲੀਆਂ ਇਹਨਾਂ ਚੋਣਾਂ ਵਿਚ ਹਿੱਸਾ ਲੈਣ ਬਾਰੇ ਪਾਰਟੀ ਦੀ ਸੂਬਾ ਕਮੇਟੀ ਨੇ 16-17 ਅਪ੍ਰੈਲ 2013 ਨੂੰ ਹੋਈ ਮੀਟਿੰਗ ਵਿਚ ਲੋੜੀਂਦੇ ਫੈਸਲੇ ਕੀਤੇ ਸਨ। ਫੈਸਲਾ ਕੀਤਾ ਗਿਆ ਸੀ ਕਿ ਪਾਰਟੀ ਦੇ ਜਥੇਬੰਦਕ ਅਧਾਰਤ ਤੇ ਸਿਆਸੀ ਪ੍ਰਭਾਵ ਅਨੁਸਾਰ ਇਹਨਾਂ ਚੋਣਾਂ ਵਿਚ ਭਾਗ ਤਾਂ ਜ਼ਰੂਰ ਲਿਆ ਜਾਵੇ ਪ੍ਰੰਤੂ ਕੋਈ ਵੀ ਸੂਬਾ ਕਮੇਟੀ ਮੈਂਬਰ, ਕੁਲਵਕਤੀ ਜਾਂ ਜ਼ਿਲ੍ਹਾ ਸਕੱਤਰੇਤ ਮੈਂਬਰ ਪੰਚ ਜਾਂ ਸਰਪੰਚ ਦੀ ਚੋਣ ਨਾ ਲੜੇ, ਕਿਉਂਕਿ ਅਜੇਹੀ ਜ਼ੁੱਮੇਵਾਰੀ ਲੈਣ ਨਾਲ ਸਬੰਧਤ ਸਾਥੀ ਦੀਆਂ ਨਿਸ਼ਚਤ ਹੋਰ ਪਾਰਟੀ ਸਰਗਰਮੀਆਂ ਲਾਜ਼ਮੀ ਸੀਮਤ ਹੋ ਜਾਂਦੀਆਂ ਹਨ। ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਦੀ ਚੋਣ ਲੜਨ ਲਈ ਸੂਬਾ ਸਕੱਤਰੇਤ ਦੀ ਸਲਾਹ ਨਾਲ ਇਸ ਬੰਦਸ਼ ਤੋਂ ਛੋਟ ਦੇਣ ਦਾ ਵੀ ਫੈਸਲਾ ਕੀਤਾ ਗਿਆ। ਇਹ ਫੈਸਲਾ ਵੀ ਕੀਤਾ ਗਿਆ ਸੀ ਕਿ ਇਹਨਾਂ ਚੋਣਾਂ ਵਿਚ ਹਿੱਸਾ ਲੈਣ ਵਾਸਤੇ ਹੋਰ ਖੱਬੀਆਂ ਪਾਰਟੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਇਕਸੁਰ ਕਰਨ ਲਈ ਉਪਰਾਲੇ ਕੀਤੇ ਜਾਣ ਪ੍ਰੰਤੂ ਇਸ ਮੰਤਵ ਲਈ ਅਕਾਲੀ ਦਲ, ਭਾਜਪਾ, ਕਾਂਗਰਸ ਪਾਰਟੀ ਜਾਂ ਹਾਕਮ ਜਮਾਤਾਂ ਦੀ ਕਿਸੇ ਹੋਰ ਪਾਰਟੀ ਨਾਲ ਕੋਈ ਗੱਠਜੋੜ ਨਾ ਕੀਤਾ ਜਾਵੇ ਅਤੇ ਨਾ ਹੀ ਕਿਸੇ ਕੁਰੱਪਟ ਅਨਸਰ ਨਾਲ ਸਾਂਝ ਬਣਾਈ ਜਾਵੇ। 
ਇਸ, ਉਪਰੋਕਤ, ਸਮਝਦਾਰੀ ਦੀਆਂ ਬੰਦਸ਼ਾਂ ਅਤੇ ਪਾਰਟੀ ਦੀ ਜਥੇਬੰਦਕ ਉਸਾਰੀ ਨਾਲ ਸਬੰਧਤ ਹੋਰ ਰੁਝੇਵਿਆਂ ਕਾਰਨ ਪਾਰਟੀ ਲਈ ਇਹਨਾਂ ਚੋਣਾਂ ਵਿਚ ਵਧੇਰੇ ਸ਼ਮੂਲੀਅਤ ਕਰਨੀ ਕਾਫੀ ਮੁਸ਼ਕਲ ਸੀ। ਇਸ ਤੋਂ ਬਿਨਾਂ, ਰਵਾਇਤੀ ਕਮਿਊਨਿਸਟ ਪਾਰਟੀਆਂ, ਪੀ.ਪੀ.ਪੀ. ਰਾਹੀਂ, ਪਹਿਲਾਂ ਹੀ ਕਾਂਗਰਸ ਪਾਰਟੀ ਨਾਲ ਹੱਥ ਮਿਲਾ ਚੁੱਕੀਆਂ ਸਨ। ਇਸ ਲਈ ਇਹਨਾ ਚੋਣਾਂ ਵਾਸਤੇ ਖੱਬੀਆਂ ਸ਼ਕਤੀਆਂ ਨੂੰ ਇਕਜੁਟ ਕਰਨ ਦੀਆਂ ਬਹੁਤੀਆਂ ਸੰਭਾਵਨਾਵਾਂ ਵੀ ਨਹੀਂ ਸਨ ਦਿਸਦੀਆਂ। ਇਹਨਾਂ ਹਾਲਤਾਂ ਵਿਚ ਸੀ.ਪੀ.ਐਮ. ਪੰਜਾਬ ਨੇ ਸੰਮਤੀ ਚੋਣਾਂ ਲਈ ਸਿਰਫ ਜਲੰਧਰ ਜ਼ਿਲ੍ਹੇ ਵਿਚ 5 ਥਾਵਾਂ 'ਤੇ ਅਤੇ ਰੋਪੜ ਜ਼ਿਲ੍ਹੇ ਵਿਚ ਦੋ ਥਾਵਾਂ 'ਤੇ, ਕੁਲ 7 ਉਮੀਦਵਾਰ ਹੀ ਖੜੇ ਕੀਤੇ ਸਨ। 
ਜਲੰਧਰ ਜ਼ਿਲ੍ਹੇ ਵਿਚ ਪਾਰਟੀ ਦੇ ਤਿੰਨ ਉਮੀਦਵਾਰ ਜੇਤੂ ਰਹੇ ਹਨ। ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ : 
1. ਦੋਸਾਂਝ ਕਲਾਂ : ਏਥੇ ਪਾਰਟੀ ਦੇ ਉਮੀਦਵਾਰ ਮਾਸਟਰ ਸ਼ਿੰਗਾਰਾ ਸਿੰਘ ਨੇ 1211 ਵੋਟਾਂ ਪ੍ਰਾਪਤ ਕੀਤੀਆਂ ਅਤੇ ਨੇੜਲੇ ਵਿਰੋਧੀ, ਅਕਾਲੀ ਉਮੀਦਵਾਰ ਨਾਲੋਂ 454 ਵੋਟਾਂ ਵੱਧ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਅਕਾਲੀ ਉਮੀਦਵਾਰ ਨੂੰ 757 ਵੋਟਾਂ ਅਤੇ ਤੀਜੇ ਸਥਾਨ 'ਤੇ ਰਹੇ ਕਾਂਗਰਸੀ ਉਮੀਦਵਾਰ ਨੂੰ 526 ਵੋਟਾਂ ਮਿਲੀਆਂ। 
ਰੁੜਕਾ ਕਲਾਂ : ਏਥੇ ਪਾਰਟੀ ਦੇ ਉਮੀਦਵਾਰ ਕਾਮਰੇਡ ਨਿਰਮਲ ਰਾਮ ਪੰਚਾਇਤ ਮੈਂਬਰ ਨੇ 1296 ਵੋਟਾਂ ਪ੍ਰਾਪਤ ਕਰਕੇ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਨੂੰ 43 ਵੋਟਾਂ ਦੇ ਫਰਕ ਨਾਲ ਹਰਾਇਆ। ਏਥੇ ਸਾਡੀ ਪਾਰਟੀ ਦੇ ਉਮੀਦਵਾਰ ਨੂੰ ਸੀ.ਪੀ.ਆਈ. ਅਤੇ ਸੀ.ਪੀ.ਆਈ. (ਐਮ) ਦਾ ਸਮਰਥਨ ਵੀ ਪ੍ਰਾਪਤ ਸੀ। ਸਾਡੀ ਪਾਰਟੀ ਦੇ ਵਰਕਰਾਂ ਵਲੋਂ ਵੀ ਲਾਗਲੇ ਹਲਕੇ ਬੰਡਾਲਾ ਵਿਚ ਸੀ.ਪੀ.ਆਈ.(ਐਮ) ਦੇ ਉਮੀਦਵਾਰ ਨੂੰ ਭਰਪੂਰ ਸਮਰਥਨ ਦੇਕੇ ਜੇਤੂ ਬਣਾਇਆ ਗਿਆ। ਰਾਜਨੀਤਕ ਦਰਿਸ਼ਟੀਕੋਨ ਤੋਂ ਖੱਬੀ ਲਹਿਰ ਦੇ ਵਿਕਾਸ ਲਈ ਇਹ ਇਕ ਚੰਗਾ ਸ਼ਗਨ ਹੈ। 
ਮੇਹਰਾਂ : ਤਹਿਸੀਲ ਮਹਿਤਪੁਰ ਵਿਚ ਪੈਂਦੇ ਹਲਕੇ ਮੇਹਰਾਂ ਵਿਖੇ ਪਾਰਟੀ ਦੇ ਉਮੀਦਵਾਰ ਸਾਥੀ ਪੰਜਾ ਸਿੰਘ ਨੇ 1064 ਵੋਟਾਂ ਹਾਸਲ ਕੀਤੀਆਂ ਅਤੇ ਉਸਨੇ 96 ਵੋਟਾਂ ਦੇ ਫਰਕ ਨਾਲ ਅਕਾਲੀ ਉਮੀਦਵਾਰ ਨੂੰ ਹਰਾਇਆ। 
ਉਪਰੋਕਤ ਤੋਂ ਬਿਨਾਂ ਪਾਰਟੀ ਦੇ ਦੋ ਹੋਰ ਉਮੀਦਵਾਰ ਸਨ। ਆਲੋਵਾਲ ਹਲਕੇ ਤੋਂ ਕਾਮਰੇਡ ਗੁਰਦਾਵਰ ਸਿੰਘ ਭੱਟੀ ਅਤੇ ਆਧੀ ਤੋਂ ਕਾਮਰੇਡ ਸੰਤੋਖ ਸਿੰਘ, ਜਿਹਨਾਂ ਨੂੰ ਕਰਮਵਾਰ 325 ਅਤੇ 346 ਵੋਟਾਂ ਮਿਲੀਆਂ। 
ਰੋਪੜ ਜ਼ਿਲ੍ਹੇ ਵਿਚ ਹਲਕਾ ਅਬਿਆਨਾ ਕਲਾਂ ਤੋਂ ਕਾਮਰੇਡ ਮੋਹਨ ਸਿੰਘ ਧਮਾਣਾ ਨੇ 1384 ਵੋਟਾਂ ਹਾਸਲ ਕੀਤੀਆਂ, ਪ੍ਰੰਤੂ ਉਹ ਹਾਕਮ ਅਕਾਲੀ ਦਲ ਦੇ ਉਮੀਦਵਾਰ ਤੋਂ 166 ਵੋਟਾਂ ਦੇ ਫਰਕ ਨਾਲ ਹਾਰ ਗਏ। ਏਸੇ ਤਰ੍ਹਾਂ ਹਲਕਾ ਛੋਟੇਵਾਲ (ਨੰਗਲ) ਤੋਂ ਬੀਬੀ ਦਰਸ਼ਨ ਕੌਰ ਨੇ 1371 ਵੋਟਾਂ ਪ੍ਰਾਪਤ ਕੀਤੀਆਂ ਪ੍ਰੰਤੂ ਉਹਨਾਂ ਨੂੰ ਹਾਕਮ ਭਾਜਪਾ ਦੀ ਜੇਤੂ ਉਮੀਦਵਾਰ ਨਾਲੋਂ 95 ਵੋਟਾਂ ਘੱਟ ਮਿਲੀਆਂ। 
ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਵੀ ਸਾਡੀ ਪਾਰਟੀ ਦੇ ਸਾਥੀਆਂ ਨੇ ਹਲਕਾ ਮੜੂਲੀ ਬਰਾਹਮਣਾ ਵਿਚ ਇਕ ਆਜ਼ਾਦ ਉਮੀਦਵਾਰ ਵੀਰਭਾਨ ਦੀ ਮਦਦ ਕੀਤੀ ਜਿਹੜਾ ਕਿ ਭੱਠਾ ਮਜ਼ਦੂਰਾਂ ਦਾ ਆਗੂ ਹੈ। ਉਸਨੇ ਸੀ.ਪੀ.ਆਈ.(ਐਮ) ਤੋਂ ਬਾਗੀ ਹੋ ਕੇ ਇਹ ਚੋਣ ਲੜੀ ਹੈ। ਉਸਨੂੰ 233 ਵੋਟਾਂ ਮਿਲੀਆਂ ਜਦੋਂਕਿ ਏਸੇ ਹਲਕੇ ਤੋਂ ਸੀ.ਪੀ.ਆਈ.(ਐਮ) ਦੇ ਆਫੀਸ਼ੀਅਲ ਉਮੀਦਵਾਰ ਨੂੰ ਸਿਰਫ 71 ਵੋਟਾਂ ਨਾਲ ਹੀ ਸਬਰ ਕਰਨਾ ਪਿਆ।

No comments:

Post a Comment