17 ਮਜ਼ਦੂਰ-ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕੜਕਦੀ ਧੁੱਪ 'ਚ ਹਜ਼ਾਰਾਂ ਮਜ਼ਦੂਰਾਂ-ਕਿਸਾਨਾਂ ਵੱਲੋਂ ਕਈ ਥਾਈਂ ਰੋਸ ਪ੍ਰਦਰਸ਼ਨ
ਪੰਜਾਬ ਦੀਆਂ 17 ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ 'ਤੇ 7 ਜੂਨ ਨੂੰ ਦੁਆਬਾ ਜ਼ੋਨ ਦੇ ਹਜ਼ਾਰਾਂ ਮਜ਼ਦੂਰਾਂ ਕਿਸਾਨਾਂ ਵਲੋਂ ਜਲੰਧਰ, ਮਾਝਾ ਜ਼ੋਨ ਦੇ ਅੰਮ੍ਰਿਤਸਰ ਅਤੇ ਮਾਲਵਾ ਜ਼ੋਨ ਦੇ ਬਰਨਾਲਾ ਵਿਖੇ ਹਜ਼ਾਰਾਂ ਕਿਸਾਨਾਂ ਅਤੇ ਪੇਂਡੂ ਤੇ ਖੇਤ ਮਜ਼ਦੂਰਾਂ ਨੇ ਅੱਤ ਦੀ ਗਰਮੀ ਦੇ ਬਾਵਜੂਦ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਰੈਲੀਆਂ ਕਰਕੇ ਭਖਦੀਆਂ ਮੰਗਾਂ ਦੇ ਹੱਕ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤਰਨ ਤਾਰਨ ਜ਼ਿਲ੍ਹੇ ਦੇ ਜੀਉਬਾਲਾ ਕਾਂਡ ਨਾਲ ਸੰਬੰਧਤ ਗ੍ਰਿਫਤਾਰ ਸਮੁੱਚੇ ਕਿਸਾਨ ਆਗੂਆਂ ਨੂੰ ਬਿਨਾਂ ਸ਼ਰਤ ਫੌਰੀ ਰਿਹਾਅ ਕੀਤਾ ਜਾਵੇ। ਵੱਖ-ਵੱਖ ਜ਼ਿਲ੍ਹਾ ਕੇਂਦਰਾਂ ਤੇ ਜਮਹੂਰੀ ਢੰਗ ਨਾਲ ਆਪਣੀਆਂ ਮੰਗਾਂ ਲਈ ਇਕੱਠੇ ਹੋਣ 'ਤੇ ਲਾਈਆਂ ਰੋਕਾਂ ਫੌਰੀ ਖਤਮ ਕੀਤੀਆਂ ਜਾਣ। ਧਰਮ, ਜਾਤ ਅਤੇ ਲੋਡ ਦੀ ਸ਼ਰਤ ਖਤਮ ਕਰਕੇ ਬੇਰੁਜ਼ਗਾਰਾਂ, ਬੇਜ਼ਮੀਨੇ ਮਜ਼ਦੂਰਾਂ ਦੇ ਸਮੁੱਚੇ ਘਰੇਲੂ ਬਿਜਲੀ ਬਿੱਲ ਮਾਫ ਕੀਤੇ ਜਾਣ, ਕਿਸਾਨਾਂ ਦੀਆਂ ਬੰਬੀਆਂ ਵਾਂਗ ਹੀ ਮਜ਼ਦੂਰਾਂ ਦੇ ਬਿਜਲੀ ਬਕਾਏ ਬਿੱਲ ਬਿਨਾਂ ਸ਼ਰਤ ਮਾਫ ਕੀਤੇ ਜਾਣ, ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦੇਣੇ ਯਕੀਨੀ ਬਣਾਏ ਜਾਣ, ਖੁਦਕੁਸ਼ੀ ਕਰ ਗਏ ਕਿਸਾਨਾਂ-ਮਜ਼ਦੂਰਾਂ ਲਈ ਐਲਾਨਿਆਂ ਮੁਆਵਜ਼ਾ ਫੌਰੀ ਜਾਰੀ ਕੀਤਾ ਜਾਵੇ, ਮੈਨਸੇਂਟੋ ਕੰਪਨੀ ਨਾਲ ਕਿਸਾਨ ਵਿਰੋਧੀ ਬੀਜ ਖੋਜ ਸਮਝੌਤਾ ਰੱਦ ਕੀਤਾ ਜਾਵੇ, ਕਾਲਕੱਟ ਕਮੇਟੀ ਦੀ ਰਿਪੋਰਟ ਰੱਦ ਕੀਤੀ ਜਾਵੇ, ਕਿਸਾਨਾਂ ਨੂੰ ਦੁੱਧ ਸਮੇਤ ਸਾਰੀਆਂ ਜਿਣਸਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ, ਜਨਤਕ ਵੰਡ ਪ੍ਰਣਾਲੀ ਤਹਿਤ ਸਾਰੀਆਂ ਨਿੱਤ ਵਰਤੋਂ ਦੀਆਂ ਵਸਤੂਆਂ ਸਮੇਤ ਦੁੱਧ ਗਰੀਬਾਂ ਨੂੰ ਸਸਤੇ ਭਾਅ ਦਿੱਤੀਆਂ ਜਾਣ, ਮਨਰੇਗਾ ਤਹਿਤ ਸਾਲ-ਭਰ ਰੁਜ਼ਗਾਰ ਅਤੇ 300 ਰੁਪਏ ਦਿਹਾੜੀ ਦੇਣਾ ਯਕੀਨੀ ਬਣਾਇਆ ਜਾਵੇ, ਸ਼ਗਨ ਸਕੀਮ, ਬੁਢਾਪਾ, ਅੰਗਹੀਣ, ਵਿਧਵਾ ਪੈਨਸ਼ਨ ਵਾਧੇ ਸਮੇਤ ਪਿਛਲੇ ਕੇਸਾਂ ਦਾ ਫੌਰੀ ਨਿਪਟਾਰਾ ਕੀਤਾ ਜਾਵੇ।
ਜ਼ਿਲ੍ਹਾ ਪ੍ਰਸ਼ਾਸਕੀ ਦਫ਼ਤਰ ਜਲੰਧਰ ਵਿਖੇ ਹਜ਼ਾਰਾਂ ਮਜ਼ਦੂਰ ਕਿਸਾਨਾਂ, ਜਿਹਨਾਂ ਵਿੱਚ ਭਾਰੀ ਗਿਣਤੀ ਔਰਤਾਂ ਸ਼ਾਮਲ ਸਨ, ਵੱਲੋਂ ਕੜਕਦੀ ਧੁੱਪ ਵਿੱਚ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਜਬਰਦਸਤ ਰੋਸ ਧਰਨਾ ਦਿੱਤਾ। ਇਸ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਰਤੀ ਲੋਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠੇ ਹੋਏ ਜਿਥੋਂ ਰੋਹ-ਭਰਪੂਰ ਨਾਅਰੇਬਾਜ਼ੀ ਕਰਦੇ ਹੋਏ ਡੀ.ਸੀ. ਦਫਤਰ ਪੁੱਜੇ। ਰੋਸ ਧਰਨੇ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਸੰਘਰਸ਼ ਕਮੇਟੀ (ਕੰਵਲਪ੍ਰੀਤ ਪੰਨੂ) ਦੇ ਆਗੂਆਂ ਨੇ ਇੱਕ ਸਾਂਝੇ ਮਤੇ ਰਾਹੀਂ ਇਸ ਧਰਨੇ ਨੂੰ ਰੋਕਣ ਲਈ ਥਾਂ-ਥਾਂ ਪੁਲਸ ਨਾਕੇ ਲਾ ਕੇ ਮਜ਼ਦੂਰ ਕਿਸਾਨਾਂ ਨੂੰ ਖੱਜਲ-ਖੁਆਰ ਕਰਨ ਦੀ ਸਖਤ ਨਿੰਦਾ ਕੀਤੀ। ਭੱਖਦੀਆਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ 'ਚ ਆਗੂਆਂ ਨੇ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਤਰਸੇਮ ਪੀਟਰ, ਹਰਮੇਸ਼ ਮਾਲੜੀ, ਗੁਰਨਾਮ ਸਿੰਘ ਸੰਘੇੜਾ, ਬਲਵਿੰਦਰ ਸਿੰਘ ਬਾਜਵਾ, ਦਰਸ਼ਨ ਨਾਹਰ, ਕਸ਼ਮੀਰ ਘੁੱਗਸ਼ੋਰ, ਹਰਪਾਲ ਬਿੱਟੂ, ਜਸਵਿੰਦਰ ਸਿੰਘ ਢੇਸੀ, ਮਨਹੋਰ ਸਿੰਘ ਗਿੱਲ, ਬਲਵਿੰਦਰ ਸਿੰਘ ਭੁੱਲਰ, ਦਿਲਬਾਗ ਸਿੰਘ ਚੰਦੀ, ਕੁਲਦੀਪ ਸਿੰਘ ਬਾਂਗਰ, ਲਖਵਿੰਦਰ ਸਿੰਘ ਬਾਉਪੁਰ, ਪਰਮਜੀਤ ਰੰਧਾਵਾ, ਸੁਨਾਲੀ ਸ਼ਰਮਾ ਟੀਚਰ ਯੂਨੀਅਨ, ਸੰਤੋਖ ਸਿੰਘ ਬਿਲਗਾ, ਸੁਰਿੰਦਰ ਸਿੰਘ ਬੈਂਸ, ਪਰਮਜੀਤ ਸਿੰਘ ਬਾਬੂਪੁਰ, ਭੁਪਿੰਦਰ ਮਾਨ ਆਦਿ ਆਗੂਆਂ ਨੇ ਸੰਬੋਧਨ ਕੀਤਾ। ਮਾਝੇ ਦੇ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਤੋਂ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਧੰਨਵੰਤ ਸਿੰਘ ਖਤਰਾਏ ਕਲਾਂ, ਰਤਨ ਸਿੰਘ ਰੰਧਾਵਾ, ਅਸ਼ਵਨੀ ਕੁਮਾਰ, ਬਾਬਾ ਗੁਰਚਰਨ ਸਿੰਘ ਚੱਬਾ, ਗੁਰਸਾਹਿਬ ਸਿੰਘ ਚਾਟੀਵਿੰਡ, ਅਮਰੀਕ ਸਿੰਘ ਦਾਉਦ, ਹੀਰਾ ਸਿੰਘ ਚੱਕ ਸਕੰਦਰ, ਸਵਿੰਦਰ ਸਿੰਘ ਟਪਿਆਲਾ ਦੀ ਅਗਵਾਈ ਹੇਠ ਜਥੇਬੰਦੀਆਂ ਦੇ ਝੰਡੇ ਲੈ ਕੇ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ, ਜਿਥੇ ਲਗਾਤਾਰ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ-ਮਜ਼ਦੂਰ-ਮਾਰੂ ਨੀਤੀਆਂ ਖਿਲਾਫ ਨਾਹਰੇ ਗੂੰਜਦੇ ਰਹੇ। ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੁਬਾਈ ਮੀਤ ਪ੍ਰਧਾਨ ਦਤਾਰ ਸਿੰਘ, ਬੀ ਕੇ ਯੂ (ਉਗਰਾਹਾਂ) ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਕਿਸਾਨ ਸੰਘਰਸ ਕਮੇਟੀ ਪੰਜਾਬ ਦੇ ਸੂਬਾਈ ਕਨਵੀਨਰ ਕੰਵਲਜੀਤ ਸਿੰਘ ਪੰਨੂੰ, ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰੈੱਸ ਸਕੱਤਰ ਸਰਵਣ ਸਿੰਘ ਪੰਧੇਰ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੁਬਾਈ ਆਗੂ ਧਰਮਿੰਦਰ ਅਜਨਾਲਾ ਨੇ ਕਿਹਾ ਕਿ ਸਾਡਾ ਸੰਘਰਸ਼ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ਅਤੇ ਪੰਜਾਬ ਸਰਕਾਰ ਦੀ ਦਮਨਕਾਰੀ ਨੀਤੀ ਸੰਘਰਸ਼ ਨੂੰ ਦਬਾਅ ਨਹੀਂ ਸਕੇਗੀ।
ਇਸ ਮੌਕੇ ਰਘਵੀਰ ਸਿੰਘ, ਕਾਰਜ ਸਿੰਘ ਘਰਿਆਲਾ, ਬਾਜ ਸਿੰਘ ਸਹੂੰਗੜਾ, ਲਾਲ ਚੰਦ ਕਟਾਰੂਚੱਕ, ਬਲਵਿੰਦਰ ਸਿੰਘ, ਹਰਚਰਨ ਸਿੰਘ, ਪ੍ਰਗਟ ਸਿੰਘ ਜਾਮਾਰਾਏ, ਦਵਿੰਦਰ ਸਿੰਘ, ਸਤਨਾਮ ਸਿੰਘ ਝੰਡੇਰ, ਜਸਪਾਲ ਸਿੰਘ, ਅਰਸਾਲ ਸਿੰਘ ਸੰਧੂ, ਗੁਰਮੀਤ ਸਿੰਘ ਬਖਤਪੁਰ ਅਤੇ ਸੁਖਦੇਵ ਸਿੰਘ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਦਿਹਾਤੀ ਮਜ਼ਦੂਰ ਸਭਾ ਵੱਲੋਂ ਰੋਸ ਪ੍ਰਦਰਸ਼ਨ
ਕੋਟਕਪੂਰਾ ਨੇੜਲੇ ਪਿੰਡ ਖਾਰਾ ਵਿਖੇ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਮਜ਼ਦੂਰ ਨੌਜਵਾਨ ਸੁਖਰਾਮ ਕਾਲਾ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਜ਼ਿਲ੍ਹਾ ਇਕਾਈ ਫ਼ਰੀਦਕੋਟ ਦੇ ਵਰਕਰਾਂ ਵੱਲੋਂ ਸੂਬਾ ਸਕੱਤਰ ਜਗਜੀਤ ਸਿੰਘ ਜੱਸੇਆਣਾ ਦੀ ਅਗਵਾਈ ਹੇਠ ਥਾਣਾ ਸਿਟੀ ਕੋਟਕਪੂਰਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਮਜ਼ਦੂਰ ਨੂੰ ਜ਼ਖਮੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਜਥੇਬੰਦੀਆਂ ਦੇ ਆਗੂਆਂ ਸਰਵਸਾਥੀ ਜਗਜੀਤ ਸਿੰਘ ਜੱਸੇਆਣਾ, ਸੁਖਦੇਵ ਸਿੰਘ ਸਫਰੀ ਢਿਲਵਾਂ ਕਲਾਂ, ਬਲਕਾਰ ਸਿੰਘ ਔਲਖ ਨੇ ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਦੋਸ਼ੀ ਵਿਅਕਤੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀ ਵੱਲੋਂ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ।
ਦਿਹਾਤੀ ਮਜ਼ਦੂਰ ਸਭਾ ਦੇ ਦਬਾਅ ਹੇਠ ਥਾਣਾ ਸਿਟੀ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ । ਇਸ ਤੋਂ ਬਾਅਦ ਵਰਕਰਾਂ ਨੇ ਰੋਸ ਧਰਨਾ ਸਮਾਪਤ ਕੀਤਾ।
ਦਿਹਾਤੀ ਮਜ਼ਦੂਰ ਸਭਾ ਨੇ ਦਰਜ ਕਰਵਾਇਆ ਵਿਧਾਇਕ ਦੇ ਰਿਸ਼ਤੇਦਾਰ ਖਿਲਾਫ ਪਰਚਾ
ਇੱਕ ਸੇਵਾ-ਮੁਕਤ ਮੁਲਾਜ਼ਮ ਦੀ ਸਰੇਆਮ ਕੁੱਟਮਾਰ ਕਰਨ ਵਾਲੇ ਸਿਆਸੀ ਸ਼ਹਿ ਪ੍ਰਾਪਤ ਇੱਕ ਵਿਅਕਤੀ ਖ਼ਿਲਾਫ਼ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਕਾਨਵਾਂ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਥਾਣਾ ਕਾਨਵਾਂ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਕਾਮਰੇਡ ਲਾਲ ਚੰਦ ਕਟਾਰੂਚੱਕ ਕਰ ਰਹੇ ਸਨ। ਇਸ ਮੌਕੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਸਾਥੀ ਲਾਲ ਚੰਦ ਨੇ ਕਿਹਾ ਕਿ ਹਲਕਾ ਭੋਆ ਦੀ ਵਿਧਾਇਕਾ ਸੀਮਾ ਦੇਵੀ ਦੇ ਰਿਸ਼ਤੇਦਾਰ ਜੋਗਿੰਦਰਪਾਲ ਉਰਫ਼ ਪੰਮੀ ਵਾਸੀ ਪਿੰਡ ਕਟਾਰੂਚੱਕ ਵੱਲੋਂ ਹਲਕੇ ਅੰਦਰ ਗੁੰਡਾਗਰਦੀ ਕਰਦਿਆਂ ਜੋ ਦਹਿਸ਼ਤ ਫੈਲਾਈ ਜਾ ਰਹੀ ਹੈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਪੁਲਸ ਨੇ ਅਜਿਹੇ ਅਨਸਰਾਂ ਨੂੰ ਨੱਥ ਨਾ ਪਾਈ ਤਾਂ ਉਹ ਆਪਣੇ ਸੰਘਰਸ਼ ਨੂੰ ਵੱਡੀ ਪੱਧਰ 'ਤੇ ਲੈ ਕੇ ਜਾਣਗੇ। ਕਾਮਰੇਡ ਕਟਾਰੂਚੱਕ ਨੇ ਦੱਸਿਆ ਕਿ ਹਫ਼ਤਾ ਪਹਿਲਾਂ ਜੋਗਿੰਦਰਪਾਲ ਪੰਮੀ ਨੇ ਗੁੰਡਾਗਰਦੀ ਦਿਖਾਉਂਦਿਆਂ ਜੋਗਿੰਦਰਪਾਲ ਪੁੱਤਰ ਮਸਤ ਰਾਮ ਨਾਂਅ ਦੇ ਸੇਵਾ-ਮੁਕਤ ਮੁਲਾਜ਼ਮ ਨੂੰ ਬਿਨਾਂ ਵਜ੍ਹਾ ਸਰੇਆਮ ਕੁੱਟ ਦਿੱਤਾ ਸੀ, ਜਿਸ ਦੀ ਸ਼ਿਕਾਇਤ ਕਾਨਵਾਂ ਪੁਲਸ ਨੂੰ ਕੀਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਇਸ ਵਿਅਕਤੀ ਵੱਲੋਂ ਰਾਣੋ ਦੇਵੀ ਨਾਂਅ ਦੀ ਇਕ ਨਰਸ ਨੂੰ ਮੋਬਾਇਲ 'ਤੇ ਧਮਕੀਆਂ ਦਿੰਦਿਆਂ ਉਸ ਦੇ ਪਤੀ ਤਿਰਲੋਕ ਚੰਦ ਖ਼ਿਲਾਫ਼ ਮਾੜਾ ਚੰਗਾ ਬੋਲਿਆ ਅਤੇ ਉਸ ਦੀ ਬਦਲੀ ਕਰਵਾਉਣ ਦੀ ਧਮਕੀ ਦਿੱਤੀ ਗਈ। ਕਾਮਰੇਡ ਕਟਾਰੂਚੱਕ ਨੇ ਕਿਹਾ ਕਿ ਰਾਣੋ ਦੇਵੀ ਨੂੰ ਧਮਕਾਉਣ ਸੰਬੰਧੀ ਜਦੋਂ ਦੂਸਰੀ ਵਾਰ ਸ਼ਿਕਾਇਤ ਕੀਤੀ ਗਈ ਤਾਂ ਪੁਲਸ ਨੇ ਇਸ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਅਤੇ ਲਗਾਤਾਰ ਮਾਮਲੇ ਨੂੰ ਦਬਾਏ ਜਾਣ ਦਾ ਯਤਨ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਦੋਸ਼ੀ ਪੰਮੀ ਵਿਧਾਇਕਾ ਸੀਮਾ ਦੇਵੀ ਦਾ ਰਿਸ਼ਤੇਦਾਰ ਹੋਣ ਕਾਰਨ ਕਾਨਵਾਂ ਪੁਲਸ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਪਾਸਾ ਵੱਟ ਰਹੀ ਹੈ। ਕਾਮਰੇਡ ਕਟਾਰੂਚੱਕ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾਂਦਾ, ਉਹ ਧਰਨਾ ਨਹੀਂ ਚੁੱਕਣਗੇ। ਇਸ ਦੌਰਾਨ ਧਰਨਾਕਾਰੀਆਂ ਦੇ ਰੋਹ ਨੂੰ ਦੇਖਦਿਆਂ ਐਸ ਐਚ ਓ ਰਾਜ ਕੁਮਾਰ ਵੱਲੋਂ ਕਮਿਊਨਿਸਟ ਆਗੂਆਂ ਨਾਲ ਗੱਲਬਾਤ ਕੀਤੀ ਗਈ ਅਤੇ ਜੋਗਿੰਦਰ ਪਾਲ ਉਰਫ਼ ਪੰਮੀ ਖ਼ਿਲਾਫ਼ ਆਈਪੀਸੀ ਦੀ ਧਾਰਾ 323 ਦਾ ਪਰਚਾ ਦਰਜ ਕੀਤਾ ਗਿਆ।
ਇਸ ਉਪਰੰਤ ਪਿੰਡ ਵਾਸੀਆਂ ਵੱਲੋਂ ਧਰਨਾ ਖ਼ਤਮ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਸੀਟੂ ਆਗੂ ਕਾਮਰੇਡ ਨੱਥਾ ਸਿੰਘ, ਕਾਮਰੇਡ ਦੇਵ ਰਾਜ ਰਤਨਗੜ੍ਹ, ਵਿਜੇ ਕੁਮਾਰ ਕਟਾਰੂਚੱਕ, ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਜਨਕ ਕੁਮਾਰ, ਹਰਬੰਸ ਲਾਲ, ਸੁੱਖਾ ਕੁਮਾਰ, ਕਾਮਰੇਡ ਰਘਵੀਰ ਸਿੰਘ ਅਤੇ ਸਰਪੰਚ ਉਰਮਿਲਾ ਕੁਮਾਰੀ ਕਟਾਰੂਚੱਕ ਨੇ ਵੀ ਸੰਬੋਧਨ ਕੀਤਾ।
ਗੁਰਦਾਸਪੁਰ ਦਾ ਸੁੱਕਾ ਤਲਾਅ ਬਚਾਉਣ ਲਈ ਵਰ੍ਹਦੇ ਮੀਂਹ 'ਚ ਕਨਵੈਨਸ਼ਨ
ਗੁਰਦਾਸਪੁਰ 'ਚ 15 ਜੂਨ ਨੂੰ ਵਰ੍ਹਦੇ ਮੋਹਲੇਧਾਰ ਮੀਂਹ ਵਿੱਚ ਨਹਿਰੂ ਪਾਰਕ (ਸੁੱਕਾ ਤਲਾਅ) ਬਚਾਓ ਸੰਘਰਸ਼ ਕਮੇਟੀ ਵੱਲੋਂ ਰਾਮ ਸਿੰਘ ਦੱਤ ਯਾਦਗਾਰ ਹਾਲ ਵਿੱਚ ਕਨਵੈਨਸ਼ਨ ਕੀਤੀ ਗਈ। ਜਿਸ ਵਿਚ ਭਾਰੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਹੋਰ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਖਚਾਖਚ ਭਰੇ ਹਾਲ ਵਿੱਚ ਹੋਈ ਕਨਵੈਨਸ਼ਨ ਦੀ ਪ੍ਰਧਾਨਗੀ ਸਰਵਸਾਥੀ ਲਾਲ ਚੰਦ ਕਟਾਰੂਚੱਕ, ਰਣਬੀਰ ਸਿੰਘ, ਸਤਬੀਰ ਸਿੰਘ, ਸੁਭਾਸ਼ ਕੈਰੇ, ਦਲਜੀਤ ਸਿੰਘ, ਅਜੀਤ ਸਿੰਘ ਸਿੱਧਵਾਂ, ਸੁਖਦੇਵ ਸਿੰਘ ਭਾਗੋਕਾਵਾਂ, ਲਖਵਿੰਦਰ ਸਿੰਘ, ਪਰਮਿੰਦਰ ਸਿੰਘ, ਫਤਿਹ ਚੰਦ, ਅਮਰਜੀਤ ਸ਼ਾਸਤਰੀ, ਕੁਲਦੀਪ ਪੂਰੋਵਾਲ, ਧਿਆਨ ਸਿੰਘ ਠਾਕੁਰ, ਮੱਖਣ ਕੋਹਾੜ, ਕੁਲਵੰਤ ਰਾਜ, ਜਤਿੰਦਰ ਸ਼ਰਮਾ ਨੇ ਕੀਤੀ। ਕਨਵੈਨਸ਼ਨ ਵਿੱਚ ਬੁਲਾਰਿਆਂ ਨੇ ਵਾਤਾਵਰਣ, ਹਰਿਆਵਲ, ਆਮ ਲੋਕਾਂ ਅਤੇ ਜਨਤਕ ਸਮਾਜਿਕ ਤੇ ਜਥੇਬੰਦ ਸਰਗਰਮੀਆਂ ਦੇ ਕੇਂਦਰ ਹੋਣ ਦੇ ਮੱਦੇਨਜ਼ਰ ਸੁੱਕਾ ਤਲਾਅ ਨੂੰ ਹਰ ਕੀਮਤ ਤੇ ਬਚਾਅ ਕੇ ਰੱਖਣ 'ਤੇ ਜ਼ੋਰ ਦਿੱਤਾ। ਆਗੂਆਂ ਨੇ ਕਿਹਾ ਕਿ ਅੱਜ ਦੇ ਮਸ਼ੀਨੀ, ਉਦਯੋਗਿਕ ਤੇ ਵਪਾਰਕ ਦੌਰ ਵਿੱਚ ਜਿੱਥੇ ਕਾਰ ਪਾਰਕਿੰਗ ਬਣਾਉਣਾ ਸਮੇਂ ਦੀ ਲੋੜ ਹੈ, ਉੱਥੇ ਉਦਯੋਗੀਕਰਨ ਅਤੇ ਵੱਧ ਰਹੀ ਟਰਾਂਸਰਪੋਰਟ ਵਹੀਕਲਾਂ ਦੀ ਗਿਣਤੀ ਕਾਰਨ ਬੇਤਹਾਸ਼ਾ ਫੈਲ ਰਹੀ ਪ੍ਰਦੂਸ਼ਣ ਦੇ ਮੱਦੇਨਜ਼ਰ ਪਾਰਕਾਂ ਦੀ ਲੋੜ ਹੋਰ ਵਧੇਰੇ ਹੋ ਗਈ ਹੈ। ਸੁਪਰੀਮ ਕੋਰਟ ਵੱਲੋਂ ਵੀ ਰੂਲਿੰਗ ਦਿੱਤੀ ਜਾ ਚੁੱਕੀ ਹੈ ਕਿ ਪਾਰਕਾਂ ਨੂੰ ਕਿਸੇ ਵੀ ਦੂਸਰੇ ਮਕਸਦ ਲਈ ਨਾ ਵਰਤਿਆ ਜਾਵੇ, ਪ੍ਰੰਤੂ ਇਹ ਪੁਰਾਣਾ ਇਤਿਹਾਸਕ, ਖੁੱਲ੍ਹਾ ਤੇ ਹਰਿਆ ਭਰਿਆ ਪਾਰਕ ਪਾਰਕਿੰਗ ਦੇ ਨਾਂਅ 'ਤੇ ਖਤਮ ਕੀਤਾ ਜਾ ਰਿਹਾ ਹੈ।
ਸੁੱਕਾ ਤਲਾਅ ਜਿਉਂ ਦਾ ਤਿਉਂ ਬਰਕਰਾਰ ਰੱਖਣ ਲਈ ਬਦਲਵੀਆਂ ਅਨੇਕਾਂ ਥਾਵਾਂ ਜਿਵੇਂ ਪੁਰਾਣਾ ਸਿਟੀ ਥਾਣਾ, ਪੁਰਾਣਾ ਜ਼ਿਲ੍ਹਾ ਪ੍ਰੀਸ਼ਦ, ਫਾਇਰਬ੍ਰਿਗੇਡ ਸਥਾਨ, ਡਾਕਖਾਨੇ ਅਤੇ ਸਿਟੀ ਥਾਣੇ ਵਿਚਲੇ ਢੱਠੇ ਕੁਆਰਟਰਾਂ ਦੀ ਥਾਂ ਆਦਿ ਅਨੇਕਾਂ ਥਾਂ ਹੋ ਸਕਦੇ ਹਨ। ਇਹ ਲੋੜ ਸਮੁੱਚੇ ਜ਼ਿਲ੍ਹੇ ਦੀ ਹੈ, ਜਿੱਥੇ ਲੋਕ ਨਿੱਤ ਦਿਨ ਥਾਣੇ, ਕਚਹਿਰੀ, ਤਹਿਸੀਲ ਆਉਂਦੇ ਹਨ, ਆਮ ਲੋਕ ਸਵੇਰੇ ਸੈਰ ਕਰਦੇ, ਬੱਚੇ ਕਸਰਤ ਕਰਦੇ, ਖੇਡਦੇ ਹਨ, ਉੱਥੇ ਜਨਤਕ ਜਥੇਬੰਦੀਆਂ ਲਈ ਇਸ ਤੋਂ ਇਲਾਵਾ ਹੋਰ ਕੋਈ ਸਥਾਨ ਨਹੀਂ ਹੈ। ਇਸ ਕਨਵੈਨਸ਼ਨ ਵਿੱਚ ਫੈਸਲਾ ਕੀਤਾ ਗਿਆ ਕਿ ਸੁੱਕੇ ਤਲਾਅ ਨੂੰ ਬਚਾਉਣ ਲਈ ਜਾਗਰੂਕਤਾ ਲਹਿਰ ਚਲਾਈ ਜਾਵੇਗੀ। ਇਸ ਲਈ ਵੱਖ-ਵੱਖ ਕਲੱਬਾਂ, ਵਪਾਰਕ ਮੰਡਲਾਂ, ਪਤਵੰਤੇ ਸੱਜਣਾਂ ਅਤੇ ਜਥੇਬੰਦੀਆਂ ਨੂੰ ਮਿਲ ਕੇ ਇਸ ਸੰਬੰਧੀ ਹਲਕਾ ਵਿਧਾਇਕ ਸ੍ਰੀ ਬੱਬੇਹਾਲੀ ਨੂੰ ਵੀ ਦੁਬਾਰਾ ਮਿਲਿਆ ਜਾਵੇਗਾ। ਇਸ ਸਮੇਂ ਦੌਰਾਨ ਡਿਪਟੀ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨੂੰ ਵੀ ਮੰਗ ਪੱਤਰ ਦਿੱਤੇ ਜਾਣਗੇ।
ਇਸ ਕਨਵੈਨਸ਼ਨ ਵਿੱਚ ਮਿਡ-ਡੇ-ਮੀਲ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਕਿਸਾਨ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਸਰਵ ਭਾਰਤ ਨੌਜਵਾਨ ਸਭਾ, ਪੰਜਾਬ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਐੱਸ ਸੀ/ਬੀ ਸੀ ਅਧਿਆਪਕ ਯੂਨੀਅਨ, ਸੀਟੂ, ਡੀ ਈ ਐੱਫ, ਪੀ ਐੱਸ ਐੱਸ ਐੱਫ, ਗੌਰਮਿੰਟ ਟੀਚਰਜ਼ ਯੂਨੀਅਨ, ਜੇ ਪੀ ਐੱਮ ਓ, ਟੀ ਐੱਸ ਯੂ, ਏਟਕ ਆਦਿ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਅਬਾਦਕਾਰਾਂ ਦੇ ਉਜਾੜੇ ਵਿਰੁੱਧ ਡੀ.ਸੀ. ਦਫਤਰ ਅੱਗੇ ਧਰਨਾ
ਅਬਾਦਕਾਰਾਂ ਦੇ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਵਲੋਂ ਕੀਤੇ ਜਾ ਰਹੇ ਉਜਾੜੇ ਨੂੰ ਰੁਕਵਾਉਣ, ਉਹਨਾਂ ਦੀ ਰੋਟੀ ਰੋਜ਼ੀ ਦੀ ਰਾਖੀ ਤੇ ਅਬਾਦਕਾਰਾਂ ਦੀਆਂ ਜ਼ਮੀਨਾਂ ਪੱਕੀਆਂ ਕਰਵਾਉਣ ਅਤੇ ਇਹਨਾਂ ਖਿਲਾਫ ਬਣਾਏ ਝੂਠੇ ਪੁਲਸ ਕੇਸ ਰੱਦ ਕਰਵਾਉਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਅਬਾਦਕਾਰ ਆਗੂਆਂ ਮਹਿੰਦਰ ਸਿੰਘ ਟਾਹਲੀ, ਸੁਖਜਿੰਦਰ ਸਿੰਘ ਬਿੱਬਲ ਭੂਲਪੂਰ, ਰੌਸ਼ਨ ਸਿੰਘ ਗੰਦੋਵਾਲ, ਬਲਜੀਤ ਸਿੰਘ ਫੱਡਾ ਕੁੱਲਾ ਤੇ ਜੈਮਲ ਸਿੰਘ ਗੰਦੋਵਾਲ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਟਾਹਲੀ, ਰੜ੍ਹਾ, ਫੱਤਾ ਭਲਾ, ਸਲੇਮਪੁਰਾ, ਅਬਦਾਲਪੁਰ, ਗੰਦੋਵਾਲ, ਭੂਲਪੁਰ ਆਦਿ ਦੇ ਸੈਂਕੜੇ ਅਬਾਦਕਾਰਾਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਫਤਰ ਸਾਹਮਣੇ 5 ਜੂਨ ਨੂੰ ਰੋਹ ਭਰਿਆ ਧਰਨਾ ਦਿੱਤਾ ਅਤੇ ਮੁਜ਼ਾਹਰਾ ਕੀਤਾ।
ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰਧਾਨ ਸਵਰਨ ਸਿੰਘ ਮੁਕੇਰੀਆਂ ਤੇ ਯੋਧ ਸਿੰਘ ਨੇ ਕਿਹਾ ਕਿ ਉਪਰੋਕਤ ਪਿੰਡਾਂ ਦੇ ਅਬਾਦਕਾਰਾਂ ਨੇ ਕਈ ਦਹਾਕੇ ਪਹਿਲਾਂ ਉਸ ਸਮੇਂ ਦੀ ਪੰਜਾਬ ਸਰਕਾਰ ਦੇ ਕਹਿਣ 'ਤੇ ਕਿ ਜ਼ਿਆਦਾ ਅੰਨ ਪੈਦਾ ਕਰੋ (7ਗਰਮ ਠਰਗਕ ਰਿਰਦ) ਦੇ ਨਾਹਰੇ ਹੇਠ ਗੈਰ ਮੁਮਕਿਨ ਤੇ ਘਟੀਆ ਨਿਕਾਸੀ ਜ਼ਮੀਨਾਂ ਵਿਚੋਂ ਬੇਲਾ ਪੁੱਟ ਕੇ ਆਪਣੀ ਲਹੂ ਪਸੀਨੇ ਦੀ ਕਮਾਈ ਲਾ ਕੇ ਅਬਾਦ ਕੀਤੀਆਂ ਸਨ, ਜਿਹਨਾਂ ਵਿਚ ਹੁਣ 2-2 ਫਸਲਾਂ ਪੈਦਾ ਹੋ ਰਹੀਆਂ ਹਨ ਪ੍ਰੰਤੂ ਹੁਣ ਪੰਜਾਬ ਸਰਕਾਰ ਜੰਗਲਾਤ ਲਾਉਣ ਦੇ ਬਹਾਨੇ ਅਬਾਦਕਾਰਾਂ ਨੂੰ ਉਜਾੜ ਕੇ ਅਜਿਹੀਆਂ ਜਰਖੇਜ ਜ਼ਮੀਨਾਂ ਦੇਸੀ ਤੇ ਵਿਦੇਸ਼ੀ ਪ੍ਰਾਈਵੇਟ ਕੰਪਨੀਆਂ ਨੂੰ ਦੇਣਾ ਚਾਹੁੰਦੀ ਹੈ। ਅਜਿਹਾ ਜਮਹੂਰੀ ਕਿਸਾਨ ਸਭਾ ਕਦੇ ਨਹੀਂ ਹੋਣ ਦੇਵੇਗੀ ਅਤੇ ਅਬਾਦਕਾਰ ਵਿਰੋਧੀ ਨੀਤੀ ਨੂੰ ਪਹਿਲਾਂ ਹੀ ਪੰਜਾਬ ਭਰ 'ਚ ਤਹਿਸੀਲ ਅਜਨਾਲਾ ਦੇ ਪਿੰਡ ਟਨਾਣਾਂ-ਘੋਗਾ, ਲੁਧਿਆਣਾ ਜ਼ਿਲ੍ਹੇ ਦੇ ਸਿਧਵਾਂ ਬੇਟ ਇਲਾਕੇ 'ਚ ਕੋਟ ਉਮਰਾ, ਪਠਾਨਕੋਟ ਜ਼ਿਲ੍ਹੇ 'ਚ ਪਿੰਡ ਫੂੱਲੜਾ ਤੇ ਰੋਪੜ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਭਾਂਜ ਦਿੱਤੀ ਹੈ ਅਤੇ ਹਜ਼ਾਰਾਂ ਏਕੜ ਜ਼ਮੀਨ ਦੀ ਲੋਕ ਅਧਾਰਿਤ ਘੋਲ ਕਰਕੇ ਰਾਖੀ ਕੀਤੀ ਹੈ। ਸਮੂਹ ਆਗੂਆਂ ਨੇ ਪੀੜਤ ਅਬਾਦਕਾਰਾਂ ਨੂੰ ਅਪੀਲ ਕੀਤੀ ਕਿ ਜਥੇਬੰਦ ਹੋ ਕੇ ਵਿਸ਼ਾਲ ਏਕਾ ਉਸਾਰ ਕੇ ਆਪਣੇ ਹੱਕਾਂ ਦੀ ਰਾਖੀ ਕਰੋ।
ਇਸ ਮੌਕੇ ਉਘੇ ਮੁਲਾਜ਼ਮ ਆਗੂ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਸੰਘਰਸ਼ ਦੇ ਮੋਰਚੇ ਤੋਂ ਬਿਨਾਂ ਆਬਾਦਕਾਰ ਆਪਣੀ ਰੋਜ਼ੀ-ਰੋਟੀ ਦੇ ਸਾਧਨ, ਜ਼ਮੀਨ ਨੂੰ ਬਚਾਅ ਕੇ ਨਹੀਂ ਰੱਖ ਸਕਣਗੇ। ਵੱਖ ਵੱਖ ਭਰਾਤਰੀ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੀਨੀਅਰ ਆਗੂ ਗੁਰਦਿਆਲ ਸਿੰਘ ਘੁਮਾਣ; ਦਿਹਾਤੀ ਮਜਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਖੈਰੜ ਤੇ ਜਨਰਲ ਸਕੱਤਰ ਪਿਆਰਾ ਸਿੰਘ ਪਰਖ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਗੰਗਾ ਪ੍ਰਸ਼ਾਦ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾ ਜਨਰਲ ਸਕੱਤਰ ਬੀਬੀ ਬਿਮਲਾ ਦੇਵੀ, ਪ੍ਰੈਸ ਸਕੱਤਰ ਬੀਬੀ ਨੀਲਮ ਘੁਮਾਣ, ਜੀ.ਟੀ.ਯੂ. ਦੇ ਸਾਬਕਾ ਪ੍ਰਧਾਨ ਪ੍ਰਿੰਸੀਪਲ ਪਿਆਰਾ ਸਿੰਘ, ਅਬਾਦਕਾਰ ਆਗੂ ਮਨਮੋਹਨ ਸਿੰਘ ਫੱਤਾ ਕੁੱਲਾ, ਬਲਜੀਤ ਸਿੰਘ, ਬੀਬੀ ਸੁਰੇਸ਼ ਕੌਰ, ਨੌਜਵਾਨ ਆਗੂ ਰਣਜੀਤ ਸਿੰਘ ਮਾੜੀ ਬੁੱਚੀਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਅਬਾਦਕਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਹਿੱਤਾਂ ਦੀ ਡੱਟ ਕੇ ਰਾਖੀ ਕੀਤੀ ਜਾਵੇਗੀ। ਅੰਤ 'ਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਸਮੂਹ ਆਗੂਆਂ ਨੇ ਕਿਹਾ ਕਿ ਜੇਕਰ ਆਬਾਦਕਾਰਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
No comments:
Post a Comment