ਬੋਧ ਸਿੰਘ ਘੁੰਮਣ
ਸਾਡੇ ਦੇਸ਼ 'ਚ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਅਤੇ ਪੜ੍ਹੀ ਲਿਖੀ ਦਰਮਿਆਨੀ ਜਮਾਤ ਦੇ ਲੋਕਾਂ ਵਿਚ ਕਰਿਕਟ ਦਾ ਬੁਖ਼ਾਰ ਸਦਾ ਹੀ ਜ਼ੋਰਾਂ 'ਤੇ ਰਹਿੰਦਾ ਹੈ। ਟੈਲੀਵਿਜ਼ਨ ਤੇ ਵਿਖਾਏ ਜਾ ਰਹੇ ਮੈਚ ਭਾਵੇਂ ਉਹ ਵਿਸ਼ਵ ਕੱਪ ਹੋਵੇ ਜਾਂ ਦੂਜੇ ਦੇਸ਼ਾਂ ਨਾਲ ਖੇਡੇ ਜਾ ਰਹੇ ਮੈਚ ਹੋਣ ਜਾਂ 'ਇੰਡੀਅਨ ਪ੍ਰੀਮੀਅਰ ਲੀਗ' ਦੇ ਮੈਚ ਹੋਣ, ਦਿਨ ਹੋਵੇ ਜਾਂ ਰਾਤ ਹੋਵੇ, ਇਹ ਲੋਕ ਆਪਣੇ ਟੈਲੀਵਿਜ਼ਨ ਸੈੱਟਾਂ ਨਾਲ ਚੰਬੜੇ ਵੇਖੇ ਜਾ ਸਕਦੇ ਹਨ। ਫਿਰ ਸਾਹ ਤੱਕ ਨਹੀਂ ਲੈਂਦੇ, ਆਪਣੀ ਟੀਮ ਜਾਂ ਆਪਣੇ ਮਨਪਸੰਦ ਖਿਡਾਰੀ ਵਲੋਂ ਚੌਕਾ/ਛੱਕਾ ਮਾਰਨ 'ਤੇ ਚੀਕਾਂ ਸੁਣ ਸਕਦੇ ਹੋ ਤੇ ਮੈਚ ਦੀ ਸਮਾਪਤੀ ਪਿਛੋਂ ਮੈਚ ਜਿੱਤ ਜਾਣ ਦੀ ਹਾਲਤ ਵਿਚ, ਪਟਾਖੇ ਚਲਦੇ ਵੀ ਸੁਣ ਤੇ ਵੇਖ ਸਕਦੇ ਹੋ। ਕਈ ਤਾਂ ਇਥੋਂ ਤੱਕ ਆਖਦੇ ਹਨ ਕਿ ਸਾਡੇ ਉਪ ਮਹਾਂਦੀਪ ਵਿਚ ਕਰਿਕਟ ਹੁਣ ਨਿਰੀ ਖੇਡ ਨਹੀਂ ਰਹੀ, ਇਹ 'ਧਰਮ' ਬਣ ਗਈ ਹੈ। ਆਧੁਨਿਕ ਮੀਡੀਏ ਨੇ ਇਸ ਖੇਡ ਨੂੰ ਉਭਾਰਨ ਤੇ ਸ਼ਾਵਨਵਾਦੀ ਪਹੁੰਚ ਪ੍ਰਦਾਨ ਕਰਨ ਵਿਚ ਵੀ ਭਾਰੀ ਰੋਲ ਅਦਾ ਕੀਤਾ ਹੈ। ਭਾਰਤ ਦੀ ਸਰਕਾਰ ਤੇ ਭਾਰਤੀ ਕਰਿਕਟ ਬੋਰਡ, ਭਾਰਤ-ਪਾਕਿਸਤਾਨ ਦਰਮਿਆਨ ਹੋਣ ਵਾਲੇ ਮੈਚਾਂ ਨੂੰ ਸ਼ਾਵਨਵਾਦ ਭੜਕਾਉਣ ਲਈ ਵਰਤਦੇ ਹਨ। ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਖੇਡ ਨਾ ਹੋ ਰਹੀ ਹੋਵੇ, ਸਰਹੱਦ 'ਤੇ ਜੰਗ ਲੜੀ ਜਾ ਰਹੀ ਹੋਵੇ। ਲੋਕਾਂ ਦੀਆਂ ਭਾਵਨਾਵਾਂ ਨੂੰ ਕੁਮੈਂਟਰੀ ਕਰਨ ਵਾਲਿਆਂ ਵਲੋਂ ਸਿਰੇ ਦੀ ਜਨੂੰਨੀ ਭੜਕਾਹਟ ਪ੍ਰਦਾਨ ਕੀਤੀ ਜਾਂਦੀ ਹੈ। ਇਹ ਦੁੱਖ ਦੀ ਗੱਲ ਹੈ ਕਿ ਦੋ ਗਵਾਂਢੀ ਦੇਸ਼, ਜਿਹਨਾ ਦਾ ਕਲਚਰ ਵੀ ਸਾਂਝਾ ਹੈ ਤੇ ਦੋਵੇਂ ਹੀ ਗਰੀਬ ਹਨ, ਉਥੇ ਕਰਿਕਟ ਮੈਚ ਉਹਨਾਂ ਵਿਚ ਦੁਫੇੜ ਤੇ ਨਫਰਤ ਪੈਦਾ ਕਰਨ ਲਈ ਵਰਤੇ ਜਾਂਦੇ ਹਨ। ਇਹ ਸ਼ਰਮ ਵਾਲੀ ਗੱਲ ਹੈ। ਪਰ ਭਾਰਤੀ ਹਾਕਮ, ਇਸ ਨੂੰ ਦੇਸ਼ਾਂ ਵਿਚ ਤੇ ਲੋਕਾਂ ਵਿਚ ਫੁੱਟ ਪਾਉਣ ਲਈ ਬਾਖ਼ੂਬੀ ਵਰਤ ਕੇ ਸਿਆਸੀ ਲਾਹਾ ਕੱਢਦੇ ਹਨ। ਐਪਰ ਸਕੈਂਡਲਾਂ ਲਈ ਪ੍ਰਸਿੱਧ ਹੋਏ ਸਾਡੇ ਦੇਸ਼ ਵਿਚ ਹੁਣ ਅਨੇਕਾਂ ਸਕੈਂਡਲਾਂ ਪਿਛੋਂ ਕ੍ਰਿਕਟ ਸਕੈਂਡਲ ਵੀ ਬੇਨਕਾਬ ਹੋਇਆ ਹੈ, ਜਿਸ ਨੇ ਇਸ ਦੇ ਸ਼ੌਕੀਨ ਲੋਕਾਂ ਨੂੰ ਨਿਰਾਸ਼ ਕੀਤਾ ਹੈ ਅਤੇ ਇਸ ਖੇਡ ਦੀ ਲੋਕ-ਪ੍ਰਿਅਤਾ ਨੂੰ ਵੀ ਸੱਟ ਵੱਜੀ ਹੈ। ਇੱਥੇ ਅਸੀਂ ਇਸ ਸਕੈਂਡਲ ਬਾਰੇ ਅਤੇ ਵਿਸ਼ੇਸ਼ ਕਰਕੇ ਇਸ ਦੇ ਕਾਰਨਾਂ ਬਾਰੇ ਹੀ ਸੰਖੇਪ ਵਿਚ ਵਿਚਾਰ-ਵਟਾਂਦਰਾ ਕਰ ਰਹੇ ਹਾਂ।
ਕਰਿਕਟ ਮੈਨੇਜਮੈਂਟ
ਸਾਡੇ ਦੇਸ਼ ਅੰਦਰ ਕਰਿਕਟ ਦੀ ਮੈਨੇਜਮੈਂਟ ਭਾਰਤੀ ਕਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਲੋਂ ਕੀਤੀ ਜਾਂਦੀ ਹੈ। ਇਸ ਦੇ ਅਹੁਦੇਦਾਰ ਆਮ ਕਰਕੇ ਵੱਡੇ ਵੱਡੇ ਕਾਰੋਬਾਰੀ, ਰਾਜਨੀਤੀਵਾਨ ਅਤੇ ਆਈ.ਏ. ਐਸ./ਆਈ.ਪੀ.ਐਸ. ਅਧਿਕਾਰੀ ਹੁੰਦੇ ਹਨ ਜੋ ਇਸ ਅਮੀਰ ਬੋਰਡ ਦੇ ਕਰੋੜਾਂ ਰੁਪਇਆਂ ਨਾਲ ਐਸ਼ਾਂ ਕਰਦੇ ਹਨ, ਵਿਦੇਸ਼ਾਂ ਵਿਚ ਸੈਰਾਂ ਕਰਦੇ ਹਨ ਅਤੇ ਮਨਮਰਜ਼ੀ ਵੀ ਕਰਦੇ ਹਨ। ਇਸ ਬੋਰਡ ਦੀ ਮੈਨੇਜਮੈਂਟ ਵਿਚ ਕ੍ਰਿਕੱਟ ਦੇ ਪੁਰਾਣੇ ਪ੍ਰਸਿੱਧ ਖਿਡਾਰੀਆਂ ਦਾ ਕਦੇ ਵੀ ਕੋਈ ਨੁਮਾਇੰਦਾ ਸ਼ਾਮਲ ਨਹੀਂ ਹੋ ਸਕਿਆ ਕਿਉਂਕਿ ਸ਼ਕਤੀਸ਼ਾਲੀ ਤੇ ਅਮੀਰ ਵਿਅਕਤੀ ਉਹਨਾਂ ਦੇ ਪੈਰ ਹੀ ਨਹੀਂ ਲੱਗਣ ਦਿੰਦੇ। ਜੇਕਰ ਖਿਡਾਰੀਆਂ ਦੀ ਚੋਣ ਕਰਨ ਲਈ ਬਣਾਈ ਗਈ ਚੋਣ ਕਮੇਟੀ ਵਿਚ ਪੁਰਾਣੇ ਕ੍ਰਿਕੱਟ ਖਿਡਾਰੀ ਹੁੰਦੇ ਵੀ ਹਨ ਤਾਂ ਵੀ ਉਹ ਕੇਵਲ ਨਾਮ-ਨਿਹਾਦ ਚੋਣਕਾਰ ਹੀ ਹੁੰਦੇ ਹਨ, ਉਹਨਾਂ ਦੀ ਕੋਈ ਪਾਵਰ ਨਹੀਂ ਹੈ ਅਤੇ ਕਰਿਕਟ ਕੰਟਰੋਲ ਬੋਰਡ ਦਾ ਪ੍ਰਧਾਨ ਜਾਂ ਹੋਰ ਅਹੁਦੇਦਾਰ ਪੂਰੀ ਮਨਮਰਜ਼ੀ ਕਰਦੇ ਹਨ। ਇਸ ਤੱਥ ਨੂੰ ਕ੍ਰਿਕੱਟ ਦੇ ਇਕ ਮਹਾਨ ਖਿਡਾਰੀ ਮਹਿੰਦਰ ਅਮਰਨਾਥ ਨੇ ਪਿਛੇ ਜਿਹੇ ਹੀ ਪਬਲਿਕ ਵਿਚ ਬੇਨਕਾਬ ਕੀਤਾ ਸੀ ਅਤੇ ਉਹ ਹੁਣ ਇਕ ਕਿਤਾਬ ਵੀ ਲਿਖ ਰਿਹਾ ਹੈ। ਇਸ ਬੋਰਡ ਵਿਚ ਪੂਰੀ ਹਨੇਰਗਰਦੀ ਹੈ ਤੇ ਲੋਕਾਂ ਦਾ ਇਥੋਂ ਤੱਕ ਕਿ ਸਰਕਾਰ ਦਾ ਵੀ ਕਾਨੂੰਨੀ ਤੌਰ 'ਤੇ ਕੋਈ ਦਖਲ ਨਹੀਂ ਹੈ। ਇਹ ਬੋਰਡ ਪੈਸੇ ਬਨਾਉਣ ਵਾਲੀ ਮਸ਼ੀਨ ($ਰਅਕਖ ਠਜਅਵਜਅਪ ਠ਼ਫੀਜਅਕ) ਹੈ ਅਤੇ ਕੌਮੀ ਟੀਮ ਲਈ ਚੁਣੇ ਜਾਂਦੇ ਅਤੇ ਆਈ.ਪੀ.ਐਲ. ਖੇਡ ਰਹੇ ਖਿਡਾਰੀਆਂ ਨੂੂੰ ਵੀ ਭਾਰੀ ਰਕਮਾਂ ਮਿਲਦੀਆਂ ਹਨ, ਜਾਂ ਕਹਿ ਲਵੋ ਕਿ ਉਹਨਾਂ ਦੇ ਪੋਂ-ਬਾਰਾਂ ਹਨ। ਹਾਕੀ ਸਾਡੀ ਕੌਮੀ ਖੇਡ ਤਾਂ ਹੈ ਪਰ ਕਰਿਕਟ ਖਿਡਾਰੀਆਂ ਦੇ ਟਾਕਰੇ ਵਿਚ ਹਾਕੀ ਖੇਡ ਰਹੇ ਖਿਡਾਰੀਆਂ ਨੂੰ ਮਿਲਣ ਵਾਲੀ ਰਾਸ਼ੀ ਦਾ ਮੁਕਾਬਲਾ ਕਰਨਾ ਮੂਰਖਤਾ ਵੱਲ ਗੱਲ ਹੋਵੇਗੀ।
ਆਈ.ਪੀ.ਐਲ. ਦਾ ਗਠਨ
2008 ਵਿਚ ਭਾਰਤੀ ਕਰਿਕਟ ਬੋਰਡ ਨੇ ਹੋਰ ਵਧੇਰੇ ਪੈਸੇ ਕਮਾਉਣ ਲਈ ਆਈ.ਪੀ.ਐਲ. (ਇੰਡੀਅਨ ਪ੍ਰੀਮੀਅਰ ਲੀਗ), ਜਿਸ ਨੂੰ ਹੁਣ 'ਇੰਡੀਅਨ ਪਰੋਫਿਟੀਅਰਜ਼ ਲੀਗ' ਆਖਿਆ ਜਾ ਰਿਹਾ ਹੈ, ਦਾ ਗਠਨ ਕੀਤਾ ਸੀ, ਜਿਸ ਵਿਚ ਵੱਖ ਵੱਖ ਕਲੱਬਾਂ ਬਣਾ ਕੇ ਦੇਸ਼ ਵਿਦੇਸ਼ ਦੇ ਖਿਡਾਰੀਆਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ ਕਰਕੇ ਉਹਨਾਂ ਨੂੰ ਖਰੀਦਿਆ ਜਾਂਦਾ ਹੈ ਅਤੇ ਉਹ ਬਿਜਨੈਸਮੈਨਾਂ ਦੀਆਂ ਇਹਨਾਂ ਕਲੱਬਾਂ ਦੀ ਜਿਨਸ ਬਣ ਕੇ ਖੇਡਦੇ ਹਨ। ਕਰਿਕਟ ਵਿਚ ਮਾੜੇ ਮੋਟੇ ਸਕੈਂਡਲ ਪਹਿਲਾਂ ਵੀ ਉਭਰਦੇ ਰਹੇ ਹਨ ਪਰ ਆਈ.ਪੀ.ਐਲ. ਵਿਚ ਤਾਂ ਸਕੈਂਡਲਾਂ ਦਾ ਇਕ ਵੱਡਾ ਲਾਵਾ ਫੁੱਟ ਪਿਆ ਹੈ, ਜਿਸ ਨੇ ਹਰ ਇਕ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਇਸ ਖੇਡ ਵਿਚ ਫੈਲੇ ਭਰਿਸ਼ਟਾਚਾਰ ਦੇ ਪੋਤੜੇ ਪੂਰੀ ਤਰ੍ਹਾਂ ਨੰਗੇ ਹੋ ਕੇ ਲੋਕਾਂ ਸਾਹਮਣੇ ਆ ਗਏ ਹਨ।
ਮੌਜੂਦਾ ਸਕੈਂਡਲ
ਮੌਜੂਦਾ ਸਕੈਂਡਲ, ਜੋ ਬਹੁਤ ਵੱਡਾ ਤੇ ਵਿਆਪਕ ਹੈ, ਅਸੀਂ ਇਸ ਨੂੰ ਸੌਖੀ ਬੋਲੀ ਵਿਚ 'ਨੂਰਾ ਕੁਸ਼ਤੀ' ਆਖ ਸਕਦੇ ਹਾਂ। ਇਸ ਦਾ ਭਾਵ ਹੈ ਕਿ ਖੇਡ ਨੂੰ ਖੇਡ ਦੀ ਭਾਵਨਾ ਵਿਚ ਖੇਡਣ ਦੀ ਥਾਂ ਆਪਸ ਵਿਚ ਰਲ ਕੇ ਖੇਡਣਾ ਤੇ ਪੈਸੇ ਲੈ ਕੇ ਵਿਕ ਜਾਣਾ। ਇਸ ਨੂੰ ਕਰਿਕਟ ਦੀ ਸ਼ਬਦਾਵਲੀ ਵਿਚ 'ਮੈਚ ਫਿਕਸਿੰਗ' ਜਾਂ ਸਪਾਟ ਫਿਕਸਿੰਗ ਆਖਦੇ ਹਨ। ਵਿਰੋਧੀ ਟੀਮਾਂ ਦੇ ਖਿਡਾਰੀ, ਮੈਚ ਤੋਂ ਪਹਿਲਾਂ ਹੀ ਸੱਟੇਬਾਜਾਂ ਕੋਲ ਵਿਕ ਜਾਂਦੇ ਹਨ। ਮਿਸਾਲ ਵਜੋਂ ਆਈ.ਪੀ.ਐਲ. ਦੀ ਇਕ ਟੀਮ 'ਰਾਜਸਥਾਨ ਰਾਇਲਜ਼' ਦੇ ਤਿੰਨ ਗੇਂਦਬਾਜ (2ਰਮ;ਕਗਤ) ਸੱਟੇਬਾਜਾਂ ਕੋਲੋਂ ਲੱਖਾਂ ਰੁਪਇਆਂ ਦੀਆਂ ਭਾਰੀ ਰਕਮਾਂ ਲੈ ਕੇ ਵਿਕ ਗਏ ਤੇ ਉਹਨਾ ਨੇ ਵਿਰੋਧੀ ਟੀਮ ਨਾਲ ਰਲਕੇ ਖੇਡਣਾ ਤਹਿ ਕਰ ਲਿਆ।
ਇਹ ਖਿਡਾਰੀ ਕਿਸੇ ਤਰ੍ਹਾਂ ਅੜਿਕੇ ਆ ਗਏ ਅਤੇ ਪੁਲਿਸ ਦੀ ਪੜਤਾਲ ਵਿਚ ਹੋਰ ਕਈ ਵੀ ਇਸ ਸੱਟੇਬਾਜ਼ੀ ਦੇ ਧੰਦੇ ਵਿਚ ਫੜੇ ਗਏ। ਇਸ ਸਕੈਂਡਲ 'ਚ ਇਹਨਾਂ ਤਿੰਨ ਖਿਡਾਰੀਆਂ ਤੋਂ ਇਲਾਵਾ 'ਰਾਜਸਥਾਨ ਰਾਇਲਜ਼' ਦੀ ਮਾਲਕਣ ਦਾ ਪਤੀ ਵੀ ਸ਼ਾਮਲ ਹੈ। ਇਕ ਹੋਰ ਟੀਮ 'ਚਨੱਈ ਸੁਪਰ ਕਿੰਗਜ਼' ਦੇ ਮਾਲਕ ਅਤੇ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਐਸ.ਸ਼੍ਰੀ ਨਿਵਾਸਨ ਦਾ ਜੁਆਈ ਵੀ ਸੱਟੇਬਾਜ਼ੀ ਵਿਚ ਸ਼ਾਮਲ ਹੈ। ਇਸ ਸੱਟੇਬਾਜ਼ੀ ਦੇ ਗੈਰ-ਕਾਨੂੰਨੀ ਧੰਦੇ ਵਿਚ ਮਸ਼ਹੂਰ ਪਹਿਲਵਾਨ ਤੇ ਫਿਲਮ ਐਕਟਰ ਮਰਹੂਮ ਦਾਰਾ ਸਿੰਘ ਦਾ ਮੁੰਡਾ ਸ਼ਾਮਲ ਹੈ ਅਤੇ ਇਸ ਦੀਆਂ ਜੜ੍ਹਾਂ 'ਅੰਡਰ-ਵਰਲਡ' ਤੱਕ ਜਾਂਦੀਆਂ ਦੱਸੀਆਂ ਹਨ ਜਿਹੜੇ ਸੱਟੇਬਾਜ਼ੀ ਤਾਂ ਕਰਦੇ ਹਨ ਪਰ ਨਾਲ ਹੀ ਖਿਡਾਰੀਆਂ ਨੂੰ ਡਰਾ ਧਮਕਾ ਕੇ ਮੈਚ-ਫਿਕਸਿੰਗ ਵਿਚ ਸ਼ਾਮਲ ਕਰ ਲੈਂਦੇ ਹਨ। ਸਕੈਂਡਲ ਵਿਚ ਫੜੇ ਗਏ ਕੁੱਝ ਖਿਡਾਰੀ ਤੇ ਪ੍ਰਬੰਧਕ ਇਸ ਸਮੇਂ ਪੁਲਿਸ ਹਿਰਾਸਤ ਵਿਚ ਹਨ ਤੇ ਪੁੱਛਗਿੱਛ ਹੋ ਰਹੀ ਹੈ ਤੇ ਲੱਗਦਾ ਹੈ ਕਿ ਬੇਨਕਾਬ ਤਾਂ ਭਾਵੇਂ ਹੋਰ ਵੀ ਕਾਫੀ ਕੁੱਝ ਹੋ ਜਾਵੇ ਪਰ ਅੰਤ ਵਿਚ ਵਿਗੜਨਾ ਕਿਸੇ ਦਾ ਵੀ ਕੁੱਝ ਨਹੀਂ ਹੈ। ਇਸ ਸਕੈਂਡਲ ਵਿਚ ਖਿਡਾਰੀਆਂ, ਸੱਟੇਬਾਜ਼ਾਂ, ਟੀਮ ਮਾਲਕਾਂ, ਅੰਪਾਇਰਾਂ, ਅੰਡਰ ਵਰਲਡ ਦਾ ਇਕ ਐਸਾ ਇਕਜੁਟ ਤੇ ਸੰਗਠਿਤ ਗ੍ਰੋਹ ਹੈ ਕਿ ਉਹਨਾਂ ਦੀਆਂ ਜੜ੍ਹਾਂ 'ਤੇ ਪਹੁੰਚ ਧੁਰ ਰਾਜਨੀਤੀਵਾਨਾਂ ਤੇ ਪੁਲਿਸ ਅਧਿਕਾਰੀਆਂ ਤੱਕ ਹੈ, ਇਸ ਲਈ ਉਹਨਾਂ ਦਾ ਵਾਲ ਵੀ ਵਿੰਗਾ ਨਾ ਹੋਣ ਦੀ ਆਸ ਹੈ ਜਿਵੇਂ ਕਿ ਦੇਸ਼ ਅੰਦਰ ਹੋਰ ਅਨੇਕਾਂ ਸਕੈਂਡਲਾਂ ਦੇ ਸਬੰਧ ਵਿਚ ਨਿਰੰਤਰ ਹੁੰਦਾ ਆਇਆ ਹੈ। 2007 ਦੇ ਕਰਿਕਟ ਵਿਸ਼ਵ ਕੱਪ ਵਿਚ ਜਦੋਂ 18 ਮਾਰਚ 2007 ਨੂੰ ਪਾਕਿਸਤਾਨ ਦੀ ਸ਼ਕਤੀਸ਼ਾਲੀ ਟੀਮ, ਆਇਰਲੈਂਡ ਵਰਗੀ ਕੰਮਜ਼ੋਰ ਟੀਮ ਤੋਂ ਹਾਰ ਗਈ ਤਾਂ ਸਾਫ ਵਿਖਾਈ ਦਿੰਦਾ ਸੀ ਕਿ ਸੱਟੇਬਾਜਾਂ ਨੇ ਆਪਣਾ ਰੰਗ ਵਿਖਾਇਆ ਹੈ। ਇਸ ਸੱਟੇਬਾਜ਼ੀ ਵਿਚ ਟੀਮ ਦੇ ਕੁੱਝ ਖਿਡਾਰੀ ਵੀ ਸਪੱਸ਼ਟ ਸ਼ਾਮਲ ਸਨ। 18 ਮਾਰਚ ਦੀ ਰਾਤ ਨੂੰ ਹੀ ਪਾਕਿਸਤਾਨ ਦੀ ਕੌਮੀ ਕਰਿਕਟ ਟੀਮ ਦੇ ਮੁੱਖ ਕੋਚ ਬਾਬ ਵੂਮਰ ਨੂੰ ਹੋਟਲ ਵਿਚ ਗਲਾ ਘੁਟ ਕੇ ਮਾਰ ਦਿੱਤਾ ਸੀ। ਲੋਕਾਂ ਤੇ ਵਿਸ਼ਵ ਕਰਿਕਟ ਵਿਚ ਇਹ ਆਮ ਰਾਇ ਸੀ ਕਿ ਕੋਚ ਇਕ ਸ਼ਰੀਫ ਇਨਸਾਨ ਸੀ ਤੇ ਉਸ ਨੂੰ ਇਸ ਸੱਟੇਬਾਜ਼ੀ ਦਾ ਪਤਾ ਚਲ ਗਿਆ ਸੀ। ਇਸ ਕਰਕੇ ਸੱਟੇਬਾਜ਼ਾਂ, ਦੋਸ਼ੀ ਕ੍ਰਿਕੱਟ ਖਿਡਾਰੀਆਂ ਨੇ ਅੰਡਰਵਰਲਡ ਦੀ ਮਦਦ ਨਾਲ ਕੋਚ ਦਾ ਕਤਲ ਕਰ ਦਿੱਤਾ ਸੀ। ਇਸ ਹੱਦ ਤੱਕ ਇਸ ਖੇਡ ਵਿਚ ਪੈਸਾ ਤੇ ਜ਼ੁਰਮ ਸ਼ਾਮਲ ਹੋ ਚੁੱਕੇ ਹਨ।
ਪੂੰਜੀਵਾਦੀ ਪ੍ਰਬੰਧ ਦਾ ਕੋਹੜ
ਇਹ ਸਕੈਂਡਲ ਵੀ ਗਲੇ-ਸੜੇ ਪੂੰਜੀਵਾਦੀ ਪ੍ਰਬੰਧ ਦੀ ਕੁੱਖ ਚੋਂ ਪੈਦਾ ਹੋਈ ਸੰਤਾਨ ਹੀ ਹੈ। ਇਸ ਪ੍ਰਬੰਧ ਵਿਚ ਸਭ ਕੁੱਝ ਜਿਨਸ (3ਰਠਠਰਦਜਵਖ) ਬਣਾ ਦਿੱਤਾ ਜਾਂਦਾ ਹੈ ਤੇ ਜਿਨਸ ਦਾ ਮੰਡੀ ਵਿਚ ਭਾਰੀ ਮੁਨਾਫਾ ਕਮਾਇਆ ਜਾਂਦਾ ਹੈ। ਇਥੇ ਸਾਇੰਸਦਾਨਾਂ, ਡਾਕਟਰਾਂ, ਇੰਜੀਨੀਅਰਾਂ, ਪ੍ਰੋਫੈਸਰਾਂ, ਅਧਿਆਪਕਾਂ, ਖਿਡਾਰੀਆਂ, ਟੈਕਨੀਸ਼ਨਾਂ ਸਮੇਤ ਸਾਰੇ ਕਿਰਤੀ ਕਾਮੇ ਵੀ 'ਜਿਨਸ' ਹੀ ਹਨ ਤੇ ਇਸ ਭਿਅੰਕਰ ਖੂੰਖਾਰ ਤੇ ਬੇਰਹਿਮ ਮੰਡੀ 'ਚ ਰੋਜ਼ ਵਿਕਦੇ ਹਨ।
ਖੇਡਾਂ ਨੂੰ ਮਨ ਪ੍ਰਚਾਵੇ ਅਤੇ ਸਰੀਰਕ ਤੇ ਮਾਨਸਿਕ ਵਿਕਾਸ ਦਾ ਸਾਧਨ ਮੰਨਿਆ ਜਾਂਦਾ ਸੀ ਪਰ ਇਸ ਨੂੰ ਜਿਨਸ ਵਿਚ ਬਦਲ ਦਿੱਤੇ ਜਾਣ ਕਰਕੇ ਖਿਡਾਰੀ, ਧੋਖੇਬਾਜ਼ੀ ਤੇ ਵੇਸਵਾਗਿਰੀ ਤੱਕ ਪੁੱਜ ਗਏ ਹਨ। ਸਾਰੇ ਹੀ ਦੇਸ਼ਾਂ ਵਿਚ ਕਰਿਕਟ ਸਕੈਂਡਲ ਕਿਸੇ ਨਾ ਕਿਸੇ ਰੂਪ ਵਿਚ ਬੇਨਕਾਬ ਹੋ ਰਹੇ ਹਨ। ਜਿਨਸ ਦੇ ਤੌਰ 'ਤੇ ਮਹਿੰਗੇ ਭਾਅ ਵੇਚਣ ਲਈ ਤੇ ਵੱਧ ਤੋਂ ਵੱਧ ਪੈਸੇ ਕਮਾਉਣ ਲਈ ਕਾਫੀ ਖਿਡਾਰੀਆਂ ਵਲੋਂ ਇਹ ਕੁੱਝ ਕੀਤਾ ਜਾਂਦਾ ਹੈ :
੪ ਜਿੱਤ ਲਈ ਖਿਡਾਰੀ ਵਰਜਿਤ ਤੇ ਖਤਰਨਾਕ ਨਸ਼ਿਆਂ ਦੀ ਵਰਤੋਂ ਕਰਦੇ ਹਨ। ਅਜਿਹੇ ਨਸ਼ੇ ਖਿਡਾਰੀ ਦੀ ૿ਕਗਰਿਗਠ਼ਅਫਕ 'ਚ ਅਸਥਾਈ ਵਾਧਾ ਕਰ ਦਿੰਦੇ ਹਨ ਪਰ ਉਸ ਦੇ ਸਰੀਰ ਦਾ ਸੱਤਿਆਨਾਸ਼ ਕਰ ਦਿੰਦੇ ਹਨ।
੪ ਪੈਸੇ ਲੈ ਕੇ ਆਪ ਹੀ ਆਪਣੀ ਟੀਮ ਨੂੰ ਹਰਾ ਦਿੱਤਾ ਜਾਂਦਾ ਹੈ।
੪ ਗੇਮ ਦੇ ਅੰਪਾਇਰ ਖਰੀਦ ਲਏ ਜਾਂਦੇ ਹਨ।
੪ ਵਿਰੋਧੀ ਖਿਡਾਰੀਆਂ ਨੂੰ ਠਿੱਬੀ ਮਾਰਨ ਤੇ ਬੇਹਥਿੱਆਰਾ ਕਰਨ ਲਈ ਘਟੀਆ ਤੋਂ ਘਟੀਆ ਅਨੈਤਿਕ ਢੰਗ ਤਰੀਕੇ ਅਪਨਾਏ ਜਾਂਦੇ ਹਨ।
ਆਈ.ਪੀ.ਐਲ. ਦੇ ਇਸ ਸਕੈਂਡਲ ਵਿਚ ਸ਼ਾਮਲ ਅਤੇ ਹੁਣ ਤੱਕ ਫੜੇ ਗਏ ਖਿਡਾਰੀਆਂ ਅਤੇ ਕੁਝ ਸੱਟੇਬਾਜ਼ਾਂ ਕੋਲੋਂ ਲੱਖਾਂ ਰੁਪਏ ਬਰਾਮਦ ਹੋਏ ਹਨ। ਕਰੋੜਾਂ ਰੁਪਇਆਂ ਦਾ ਅਦਾਨ-ਪ੍ਰਦਾਨ ਹੋਇਆ ਦੱਸਿਆ ਜਾ ਰਿਹਾ ਹੈ। ਕੁੱਝ ਵੀ.ਡੀ.ਓਜ਼ ਵੀ ਪ੍ਰਾਪਤ ਹੋਏ ਹਨ, ਜਿੱਥੇ ਖਿਡਾਰੀਆਂ ਨੂੰ ਰਾਤ ਨੂੰ ਰੰਗਰਲੀਆਂ ਮਨਾਉਣ ਲਈ ਸੱਟੇਬਾਜ਼ਾਂ ਵਲੋਂ ਹੋਟਲਾਂ ਵਿਚ ਲੜਕੀਆਂ ਵੀ ਸਪਲਾਈ ਕੀਤੀਆਂ ਗਈਆਂ ਸਨ।
ਸਮਾਜਵਾਦੀ ਦੇਸ਼ਾਂ ਦਾ ਬਦਲਵਾਂ ਖੇਡ-ਪ੍ਰਬੰਧ
ਪੂੰਜੀਵਾਦੀ ਦੇਸ਼ਾਂ ਦੇ ਇਸ ਭਰਿਸ਼ਟ ਤੇ ਮੁਨਾਫਾਖੋਰੀ ਵਾਲੇ ਖੇਡ ਪ੍ਰਬੰਧ ਦੇ ਟਾਕਰੇ ਵਿਚ ਸਾਬਕਾ ਸੋਵੀਅਤ ਯੂਨੀਅਨ ਅਤੇ ਪੂਰਬੀ ਯੂਰਪ ਦੇ ਸਾਬਕਾ ਸਮਾਜਵਾਦੀ ਦੇਸ਼ਾਂ ਵਿਚ ਇਕ ਸ਼ਾਨਦਾਰ ਤੇ ਲੋਕਪੱਖੀ ਖੇਡ ਪ੍ਰਬੰਧ ਦਾ ਗਠਨ ਕਰਕੇ ਇਸ ਨੂੰ ਸਫਲਤਾ ਸਹਿਤ ਚਲਾਇਆ ਗਿਆ ਸੀ। ਇਸ ਪ੍ਰਬੰਧ ਕਰਕੇ ਸੋਵੀਅਤ ਯੂਨੀਅਨ ਸਮੇਤ, ਪੂਰਬੀ ਜਰਮਨੀ ਤੇ ਹੋਰ ਛੋਟੇ ਛੋਟੇ ਦੇਸ਼ ਵੀ ਅਮਰੀਕਾ ਨੂੰ ਉਲੰਪਿਕਸ ਮੁਕਾਬਲਿਆਂ ਵਿਚ ਪਛਾੜ ਦਿੰਦੇ ਸਨ। ਇਹ ਪ੍ਰਬੰਧ ਅੱਜ ਵੀ ਚੀਨ ਤੇ ਕਿਊਬਾ ਵਿਚ ਚਾਲੂ ਹੈ ਅਤੇ ਉੱਥੇ ਖੇਡਾਂ ਦੇ ਵਿਕਾਸ ਵਿਚ ਭਾਰੀ ਵਾਧਾ ਹੋਇਆ ਹੈ। ਚੀਨ ਇਸ ਸਮੇਂ ਵਿਸ਼ਵ ਖੇਡ ਮੁਕਾਬਲਿਆਂ ਵਿਚ ਚੋਟੀ 'ਤੇ ਹੈ। ਇਸ ਖੇਡ ਪ੍ਰਬੰਧ ਅਧੀਨ ਖਿਡਾਰੀਆਂ ਦੀ ਚੋਣ ਛੋਟੀ ਉਮਰ 'ਚ ਹੀ ਤੇ ਹਰ ਪੱਧਰ 'ਤੇ ਸਮੁੱਚੇ ਦੇਸ਼ ਵਿਚੋਂ ਕੀਤੀ ਜਾਂਦੀ ਹੈ ਤੇ ਖਿਡਾਰੀਆਂ ਦੀ ਪਾਲਣਾ-ਪੋਸਣਾ, ਕੋਚਿੰਗ ਆਦਿ ਦਾ ਸਾਰਾ ਖਰਚ ਸਰਕਾਰ ਦਿੰਦੀ ਹੈ। ਪੇਸ਼ਾਵਰ ਖੇਡਾਂ, ਜਿਵੇਂ ਟੈਨਿਸ ਆਦਿ ਵਿਚ ਖਿਡਾਰੀ ਵਲੋਂ ਜਿੱਤੀ ਇਨਾਮੀ ਰਾਸ਼ੀ ਦਾ ਕੁਝ ਹਿੱਸਾ ਸਰਕਾਰੀ ਖਜਾਨੇ ਵਿਚ ਜਾਂਦਾ ਹੈ। ਸਿੱਟੇ ਵਜੋਂ ਉੱਥੇ ਖਿਡਾਰੀ ਕਦੇ ਵੀ ਵੇਸਵਾਵਾਂ ਨਹੀਂ ਸਨ ਬਣੇ, ਜਿਨਸ ਨਹੀਂ ਸਨ ਬਣੇ ਅਤੇ ਖੇਡਾਂ ਦਾ ਮਿਆਰ ਉੱਚਾ ਹੋਣ ਦੇ ਨਾਲ ਨਾਲ ਖਿਡਾਰੀਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਵੀ ਉਚਾਈਆਂ ਦੀਆਂ ਮੰਜ਼ਿਲਾਂ ਛੂਹ ਗਿਆ ਸੀ।
ਐਪਰ ਸਾਡੇ ਦੇਸ਼ ਅੰਦਰ ਗਲਿਆਂ ਸੜਿਆ ਤੇ ਲੋਕ ਵਿਰੋਧੀ ਪ੍ਰਬੰਧ ਹੋਣ ਕਰਕੇ ਵੱਖ ਵੱਖ ਸਾਰੇ ਹੀ ਖੇਤਰਾਂ ਵਿਚ ਭਰਿਸ਼ਟਾਚਾਰ ਪ੍ਰਧਾਨ ਹੋ ਗਿਆ ਹੈ, ਨਸ਼ਾਖੋਰੀ ਸਿਖਰਾਂ 'ਤੇ ਹੈ ਜੋ ਜਵਾਨੀ ਨੂੰ ਤਬਾਹ ਕਰ ਰਹੀ ਹੈ ਅਤੇ ਨੌਜਵਾਨ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਹ ਖੇਡਾਂ ਵਿਚ ਹਿੱਸਾ ਲੈਣ ਦੀ ਥਾਂ ਨਿਰਾਸ਼ ਹੋ ਕੇ ਭਟਕਣ ਕਰਕੇ ਸਮਾਜ ਵਿਰੋਧੀ ਕਾਰਵਾਈਆਂ ਵਿਚ ਸ਼ਾਮਲ ਹੋ ਰਹੇ ਹਨ। ਕੋਈ ਵੀ ਭਵਿੱਖ ਨਾ ਹੋਣ ਕਰਕੇ ਉਹ ਹਨੇਰੇ ਦੀ ਖੱਡ ਵਿਚ ਡਿਗ ਰਹੇ ਹਨ। ਇਸ ਸਥਿਤੀ ਵਿਚ ਦੇਸ਼ ਅੰਦਰ ਉਭਰੇ ਵੱਖ ਵੱਖ ਸਕੈਂਡਲਾਂ ਸਮੇਤ ਇਸ ਕਰਿਕਟ ਸਕੈਂਡਲ ਦਾ ਨੋਟਿਸ ਲੈਣਾ ਤੇ ਇਸ ਵਿਰੁੱਧ ਆਵਾਜ਼ ਉਚੀ ਕਰਨੀ ਤਾਂ ਬਣਦੀ ਹੀ ਹੈ। ਐਪਰ ਸਮਾਜਕ ਤਬਦੀਲੀ ਹੀ ਇਕੋ ਇਕ ਇਲਾਜ ਹੈ ਜਿਸ ਨਾਲ ਇਹ ਸਾਰੇ ਕੋਹੜ ਦੂਰ ਹੋ ਸਕਦੇ ਹਨ। ਹਰ ਖੇਤਰ ਵਿਚ ਬਿਹਤਰੀ ਚਾਹੁਣ ਵਾਲੇ ਅਤੇ ਇਕ ਭਰਪੂਰ, ਸਾਵਾਂ ਪੱਧਰਾ ਤੇ ਖੁਸ਼ਹਾਲ ਜੀਵਨ ਜਿਊਣ ਦੇ ਚਾਹਵਾਨ ਜਨ ਸਮੂਹਾਂ ਲਈ ਇਹ ਜ਼ਰੂਰੀ ਹੈ ਕਿ ਉਹ ਇਸ ਇਨਕਲਾਬੀ ਸਮਾਜਕ ਤਬਦੀਲੀ ਲਈ ਲੜਨ। ਇਸ ਲੋਕ ਵਿਰੋਧੀ ਪ੍ਰਬੰਧ ਨੂੰ ਜਿਹੜਾ ਸਾਇੰਸਦਾਨਾਂ ਤੋਂ ਲੈ ਕੇ ਕਿਰਤੀਆਂ ਤੱਕ ਸਭ ਨੂੰ ਦਿਹਾੜੀਦਾਰ ਅਤੇ ਮੰਡੀ ਦੀ ਜਿਨਸ ਵਿਚ ਬਦਲ ਦਿੰਦਾ ਹੈ, ਖਿਡਾਰੀਆਂ ਨੂੰ ਅਪਰਾਧੀ ਤੇ ਵੇਸਵਾਵਾਂ ਬਣਾ ਦਿੰਦਾ ਹੈ, ਜਵਾਨੀ ਨੂੰ ਬੇਰੁਜ਼ਗਾਰ ਰੱਖਕੇ ਤੇ ਨਸ਼ਿਆਂ ਵਿਚ ਗੁਲਤਾਨ ਕਰਕੇ ਸਮਾਜ ਵਿਰੋਧੀ ਅਨਸਰਾਂ ਦੀ ਕਤਾਰ ਵਿਚ ਸ਼ਾਮਲ ਹੋਣ ਲਈ ਮਜ਼ਬੂਰ ਕਰਦਾ ਹੈ; ਚਲਦਾ ਕਰਨ ਨਾਲ ਹੀ ਸਾਰੀਆਂ ਬਿਮਾਰੀਆਂ ਦਾ ਖਾਤਮਾ ਹੋ ਸਕਦਾ ਹੈ :
ਮਜ਼ਦੂਰੋ, ਕਿਰਤੀਓ ਤੇ ਕਿਰਸਾਨੋ!!
ਪਾਹੜੂਓ, ਬੁਧੀਜੀਵੋ ਤੇ ਵਿਦਵਾਨੋ!!
ਜ਼ਿੰਦਗੀ ਦੇ ਕਦਰਦਾਨੋ!!
ਆਵਾਜ਼ ਬੁਲੰਦ ਕਰੋ!
ਤੇ ਇਸ ਪ੍ਰਬੰਧ ਦੀ
ਅਰਥੀ ਦਾ ਪ੍ਰਬੰਧ ਕਰੋ!!
(ਸੰਗਰਾਮੀ ਲਹਿਰ, ਜੁਲਾਈ 2013)
No comments:
Post a Comment