ਮੰਗਤ ਰਾਮ ਪਾਸਲਾ
6 ਜੂਨ 1984 ਦੇ ਦਿਨ ਕੇਂਦਰੀ ਸਰਕਾਰ ਦੇ ਹੁਕਮਾਂ ਅਨੁਸਾਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਪਰ ਕੀਤੀ ਗਈ ਫੌਜੀ ਕਾਰਵਾਈ ਦੀ ਯਾਦ ਤਾਜ਼ਾ ਰੱਖਣ ਵਾਸਤੇ ਅਤੇ ਇਸ ਕਾਰਵਾਈ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਇਸ ਦਿਨ ਨੂੰ 'ਘੱਲੂਘਾਰਾ ਦਿਵਸ' ਦੇ ਤੌਰ 'ਤੇ ਵੱਖ ਵੱਖ ਸਿੱਖ ਸੰਗਠਨਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜ਼ੋਰ ਸ਼ੋਰ ਨਾਲ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਧਾਰਮਕ ਸਮਾਗਮ ਅਤੇ ਜਲੂਸ ਕੱਢੇ ਗਏ, ਜਿਸ ਵਿਚ ਇਸ ਮੰਦਭਾਗੀ ਕਾਰਵਾਈ ਵਿਚ ਮਰਨ ਵਾਲੇ ਅੱਤਵਾਦੀਆਂ ਦੀ ਯਾਦ ਵਿਚ ਨਾਅਰੇ ਬੁਲੰਦ ਕੀਤੇ ਗਏ ਤੇ ਸਰਕਾਰੀ ਕਾਰਵਾਈ ਦੀ ਨਿੰਦਿਆ ਕੀਤੀ ਗਈ। ਦੇਸ਼ ਦੇ ਵਿਧਾਨ ਵਿਚ ਦਰਜ ਅਧਿਕਾਰਾਂ ਮੁਤਾਬਕ ਹਰ ਸ਼ਹਿਰੀ ਤੇ ਸੰਸਥਾ ਆਪਣੀ ਆਸਥਾ ਤੇ ਸਮਝ ਅਨੁਸਾਰ ਕੋਈ ਧਾਰਮਕ, ਸਮਾਜਿਕ ਜਾਂ ਰਾਜਨੀਤਕ ਸਮਾਗਮ ਆਯੋਜਿਤ ਕਰ ਸਕਦੀ ਹੈ। ਪੰਤੂ ਅਜਿਹਾ ਕਰਦਿਆਂ ਇਹ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਅਜਿਹੇ ਪ੍ਰੋਗਰਾਮ ਰਾਹੀਂ ਕੋਈ ਫਿਰਕੂ ਉਤੇਜਨਾ, ਧਾਰਮਕ ਕੱਟੜਤਾ ਜਾਂ ਵੱਖ ਵੱਖ ਫਿਰਕਿਆਂ ਵਿਚ ਪਾੜਾ ਪਾਉਣ ਵਾਲੀਆਂ ਭਾਵਨਾਵਾਂ ਪੈਦਾ ਕਰਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ। ਜੇਕਰ ਅਜਿਹੇ ਮੌਕਿਆਂ ਨੂੰ ਪਿਛਲੇ ਸਮੇਂ ਵਿਚ ਵਾਪਰੀਆਂ ਘਟਨਾਵਾਂ ਦੇ ਕਾਰਨਾਂ ਨੂੰ ਗਹਿਰਾਈ ਨਾਲ ਘੋਖਣ ਤੇ ਜ਼ਿੰਮੇਵਾਰ ਤੱਤਾਂ ਵਿਰੁੱਧ ਉਂਗਲ ਧਰਕੇ ਭਵਿੱਖ ਲਈ ਕੋਈ ਹਾਂ-ਪੱਖੀ ਸਮਝਦਾਰੀ ਤਿਆਰ ਕੀਤੀ ਜਾਵੇ ਤਾਂ ਕਿ ਬੀਤੇ ਵਿਚ ਵਾਪਰੀਆਂ ਅਣਸੁਖਾਵੀਆਂ ਵਾਰਦਾਤਾਂ ਦੁਬਾਰਾ ਨਾ ਵਾਪਰ ਸਕਣ, ਤਦ ਇਹ ਵਧੇਰੇ ਸਾਰਥਿਕ ਤੇ ਲਾਹੇਵੰਦ ਸਿੱਧ ਹੋ ਸਕਦਾ ਹੈ।
ਹਰ ਸਹੀ ਸੋਚਣੀ ਵਾਲਾ ਅਤੇ ਲੋਕ ਹਿਤੈਸ਼ੀ ਵਿਅਕਤੀ ਪੰਜਾਬ ਅੰਦਰ ਦਹਿਸ਼ਤਗਰਦੀ ਦੇ ਕਾਲੇ ਦੌਰ ਦੇ ਡਰਾਉਣੇ ਸੁਪਨੇ ਭੁਲਣਾ ਚਾਹੁੰਦਾ ਹੈ, ਜਦੋਂ ਇਕ ਪਾਸੇ ਹਰ ਰੋਜ਼ ਹਥਿਆਰਬੰਦ ਲੋਕਾਂ ਵਲੋਂ ਧਰਮ ਅਧਾਰਤ ਰਾਜ 'ਖਾਲਿਸਤਾਨ' ਕਾਇਮ ਕਰਨ ਦੇ ਮਨੋਰਥ ਨਾਲ ਅਣਗਿਣਤ ਨਿਰਦੋਸ਼ ਲੋਕਾਂ ਤੇ ਉਨ੍ਹਾਂ ਦੀਆਂ ਫਿਰਕੂ ਹਿੰਸਕ ਕਾਰਵਾਈਆਂ ਦਾ ਵਿਰੋਧ ਕਰਨ ਵਾਲੀਆਂ ਸ਼ਕਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਸੀ (ਜਿਸ ਵਿਚ 300 ਤੋਂ ਵਧੇਰੇ ਕਮਿਊਨਿਸਟ ਆਗੂ ਤੇ ਕਾਰਕੁੰਨ ਸ਼ਾਮਲ ਹਨ) ਤੇ ਦੂਸਰੇ ਪਾਸੇ ਹਥਿਆਰਬੰਦ ਪੁਲੀਸ ਤੇ ਦੂਸਰੇ ਅਰਧ-ਸੈਨਿਕ ਬਲਾਂ ਵਲੋਂ ਹਿੰਸਕ ਕਾਰਵਾਈਆਂ ਵਿਚ ਜੁਟੇ ਲੋਕਾਂ ਨੂੰ ਹਰ ਢੰਗ ਨਾਲ ਨੱਪਣ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ। ਅਜਿਹਾ ਕਰਦਿਆਂ ਹੋਇਆਂ ਅਨੇਕਾਂ ਬੇਕਸੂਰ ਲੋਕ ਵੀ ਪੁਲਸ ਵਧੀਕੀਆਂ ਦਾ ਸ਼ਿਕਾਰ ਹੋ ਰਹੇ ਸਨ। ਸਰਕਾਰ, ਸਮੁੱਚਾ ਪ੍ਰਸ਼ਾਸਨ ਤੇ ਮੀਡੀਏ ਦਾ ਇਕ ਵੱਡਾ ਹਿੱਸਾ ਦੇਸ਼ ਵਿਰੋਧੀ ਤੱਤਾਂ ਸਾਹਮਣੇ ਲਗਭਗ ਹੱਥਿਆਰ ਸੁੱਟਣ ਦੀ ਅਵਸਥਾ ਵਿਚ ਪੁੱਜ ਗਿਆ ਸੀ। ਪੰਜਾਬ ਨੂੰ ਬਦਅਮਨੀ ਤੇ ਦਹਿਸ਼ਤਗਰਦੀ ਨੇ ਬੁਰੀ ਤਰ੍ਹਾਂ ਘੇਰ ਰੱਖਿਆ ਸੀ।
ਕੇਂਦਰੀ ਸਰਕਾਰ ਪੰਜਾਬ ਵਿਚ ਦੇਸ਼ ਵਿਰੋਧੀ ਹਥਿਆਰਬੰਦ ਅਨਸਰਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਕੋਈ ਰਾਜਸੀ ਪਹਿਲਕਦਮੀ ਲੈਣ ਦੀ ਥਾਂ ਆਪਣੇ ਸਿਆਸੀ ਹਿੱਤਾਂ ਨੂੰ ਬੜ੍ਹਾਵਾ ਦੇਣ ਲਈ ਬਲਦੀ ਉਪਰ ਤੇਲ ਪਾਉਣ ਦਾ ਕੰਮ ਕਰ ਰਹੀ ਸੀ। ਪੰਜਾਬ ਨਾਲ ਸੰਬੰਧਤ ਮੁੱਦੇ ਉਹਨਾਂ ਰਾਜਨੀਤਕ ਵਿਧੀਆਂ ਨਾਲ ਹੱਲ ਕਰਨ ਨਾਲ ਦੇਸ਼ ਵਿਰੋਧੀ ਤੱਤਾਂ ਨੂੰ ਆਮ ਲੋਕਾਂ ਨਾਲੋਂ ਨਿਖੇੜਨਾ ਸੌਖਾ ਹੋ ਜਾਂਦਾ, ਜਿਨ੍ਹਾਂ ਮੁੱਦਿਆਂ ਦੇ ਹੱਲ ਨਾ ਹੋਣ ਨੂੰ ਵੱਖਵਾਦੀ ਤੱਤ 'ਸਿੱਖਾਂ ਨਾਲ ਵਿਤਕਰਾ' ਦੱਸ ਰਹੇ ਸਨ। ਜਦੋਂ ਸਰਕਾਰਾਂ ਰਾਜਸੀ ਮਸਲਿਆਂ ਨੂੰ ਨਿਰੋਲ ਹਥਿਆਰਬੰਦ ਦਸਤਿਆਂ ਦੇ ਜਬਰ ਨਾਲ ਦਬਾਉਣ ਤੇ ਲਕੋਣ ਦਾ ਯਤਨ ਕਰਦੀਆਂ ਹਨ ਤਾਂ ਸਿੱਟੇ ਹਮੇਸ਼ਾਂ ਹੀ ਤਬਾਹਕੁੰਨ ਨਿਕਲਦੇ ਹਨ। ਅਜਿਹਾ ਹੀ ਪੰਜਾਬ ਵਿਚ ਵਾਪਰਿਆ। ਦਹਿਸ਼ਤਗਰਦਾਂ ਹੱਥੋਂ ਲਗਭਗ 30 ਹਜ਼ਾਰ ਬੇਗੁਨਾਹ ਲੋਕਾਂ ਦੀ ਜਾਨ ਲਈ ਗਈ, ਕਰੋੜਾਂ ਅਰਬਾਂ ਦੀ ਜਾਇਦਾਦ ਬਰਬਾਦ ਕੀਤੀ ਗਈ, ਹਜ਼ਾਰਾਂ ਹੱਸਦੇ ਵਸਦੇ ਘਰਾਂ ਨੂੰ ਉਜਾੜ ਦਿੱਤਾ ਗਿਆ ਅਤੇ ਪੰਜਾਬ ਦੇ ਸਮੁੱਚੇ ਸਮਾਜਿਕ ਤੇ ਸੱਭਿਆਚਾਰਕ ਤਾਣੇਬਾਣੇ ਨੂੰ ਬੁਰੀ ਤਰ੍ਹਾਂ ਉਲਝਾ ਕੇ ਰੱਖ ਦਿੱਤਾ ਗਿਆ। ਪੰਜਾਬ ਦੇ ਇਸ ਦੁਖਾਂਤਕ ਦੌਰ ਦਾ ਸਿਖਰ ਜੂਨ 1984 ਵਿਚ ਦਰਬਾਰ ਸਾਹਿਬ ਉਪਰ ਫੌਜੀ ਕਾਰਵਾਈ ਸੀ, ਜਿਥੇ ਜਰਨੈਲ ਸਿੰਘ ਭਿੰਡਰਾਵਾਲੇ ਤੇ ਉਸਦੇ ਸਾਥੀ ਪਨਾਹ ਲਈ ਬੈਠੇ ਸਨ। ਇਸ ਮੰਦਭਾਗੀ ਕਾਰਵਾਈ ਕਰਨ ਤੋਂ ਭਾਵੇਂ ਬਚਿਆ ਜਾ ਸਕਦਾ ਸੀ ਤੇ ਦਹਿਸ਼ਤਗਰਦੀ ਨਾਲ ਨਿਪਟਣ ਲਈ ਹੋਰ ਬਦਲਵੇਂ ਤਰੀਕੇ ਖੋਜੇ ਜਾ ਸਕਦੇ ਸਨ, ਪ੍ਰੰਤੂ ਇਸ ਪੱਖ ਬਾਰੇ ਕੇਂਦਰੀ ਸਰਕਾਰ ਦੇ ਇਰਾਦੇ ਨੇਕ ਨਹੀਂ ਸਨ ਤੇ ਉਹ ਪੰਜਾਬ ਦੇ ਦੁਖਾਂਤ ਵਿਚੋਂ ਕੁੱਝ ਹੋਰ ਹੀ ਲੱਭਣ ਦੀ ਤਾਕ ਵਿਚ ਸੀ।
ਪੰਜਾਬ ਦੀ ਤ੍ਰਾਸਦੀ ਨਾਲ ਹੀ 1984 ਦੌਰਾਨ ਦਿੱਲੀ ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਵਿਰੁੱਧ ਭੜਕੀ ਯੋਜਨਾਬੱਧ ਹਿੰਸਾ ਦਾ ਦੁਖਾਂਤ ਜੁੜਿਆ ਹੋਇਆ ਹੈ, ਜਿੱਥੇ ਹਾਕਮ ਧਿਰ ਤੇ ਪ੍ਰਸ਼ਾਸਨ ਦੀ ਸ਼ਹਿ ਉਤੇ ਫਸਾਦੀਆਂ ਹੱਥੋਂ 3000 ਦੇ ਕਰੀਬ ਸਿੱਖ ਜਨਸਮੂਹਾਂ ਦਾ ਦਿਨ ਦਿਹਾੜੇ ਕਤਲੇਆਮ ਕਰ ਦਿੱਤਾ ਗਿਆ। ਜਿਸ ਤਰ੍ਹਾਂ ਸਿੱਖ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਪੂਰੀ ਬੇਰਹਿਮੀ ਨਾਲ ਉਨ੍ਹਾਂ ਦੇ ਗਲਾਂ ਵਿਚ ਟਾਇਰ ਪਾ ਕੇ ਤੇ ਮਿੱਟੀ ਦਾ ਤੇਲ ਛਿੜਕ ਕੇ ਮਾਰਿਆ ਗਿਆ, ਉਹ ਘਟਨਾਵਾਂ ਯਾਦ ਕਰਕੇ ਅੱਜ ਵੀ ਹਰ ਇਨਸਾਨ ਦੀ ਅੱਖ ਨਮ ਹੋ ਜਾਂਦੀ ਹੈ। ਇਸਤੋਂ ਵੀ ਵੱਡੀ ਤ੍ਰਾਸਦੀ ਇਹ ਹੈ ਕਿ 29 ਸਾਲ ਬੀਤ ਜਾਣ ਦੇ ਬਾਵਜੂਦ ਨਿਰਦੋਸ਼ ਸਿੱਖਾਂ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਢੁਕਵੀਆਂ ਸਜ਼ਾਵਾਂ ਨਹੀਂ ਮਿਲੀਆਂ ਅਤੇ 1984 ਦੇ ਦੰਗਿਆਂ ਦੌਰਾਨ ਉਜੜੇ ਅਨੇਕਾਂ ਪੰਜਾਬੀ ਪਰਿਵਾਰ ਅੱਜ ਵੀ ਮੁੜ ਵਸੇਬੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਪੰਜਾਬ ਦੇ ਇਕ ਦਹਾਕੇ ਦੇ ਦੁਖਾਂਤ ਨਾਲ, ਜਿੱਥੇ ਅੱਤਵਾਦੀਆਂ ਹੱਥੋਂ ਹਜ਼ਾਰਾਂ ਲੋਕ ਸਦਾ ਦੀ ਨੀਂਦ ਸੁਆ ਦਿੱਤੇ ਗਏ ਤੇ 1984 ਦਾ 'ਬਲਿਊ ਸਟਾਰ' ਅਪਰੇਸ਼ਨ ਕੀਤਾ ਗਿਆ ਅਤੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ, ਨਾਲ ਦਿੱਲੀ ਵਿਚ 1984 ਦੇ ਦੰਗਿਆਂ ਦਾ ਦਿਲ ਦਹਿਲਾਉਣ ਵਾਲਾ ਇਕ ਹੋਰ ਸਾਕਾ ਜੁੜ ਗਿਆ। ਲੋੜ ਇਨ੍ਹਾਂ ਦੋਨਾਂ ਦੁਖਾਂਤਾਂ ਨਾਲ ਸੰਬੰਧਤ ਕੜੀਆਂ ਨੂੰ ਘੋਖਣ ਦੀ ਹੈ ਤਾਂ ਜੋ ਅਸਲੀਅਤ ਤੱਕ ਪੁੱਜਿਆ ਜਾ ਸਕੇ।
ਅੱਜ ਜਦੋਂ ਅਨੇਕਾਂ ਸਿੱਖ ਸੰਗਠਨਾਂ ਨੇ 6 ਜੂਨ ਨੂੰ 'ਘੱਲੂਘਾਰਾ ਦਿਵਸ' ਮਨਾਇਆ ਹੈ, ਤਦ ਇਸ ਸਾਰੇ ਦੁਖਾਂਤ ਬਾਰੇ ਗੰਭੀਰ ਸੰਵਾਦ ਰਚਾਉਣ ਦੀ ਥਾਂ ਕੁੱਝ ਲੋਕਾਂ ਵਲੋਂ 'ਖਾਲਿਸਤਾਨ ਜ਼ਿੰਦਾਬਾਦ' ਤੇ ਅਨੇਕਾਂ ਅੱਤਵਾਦੀਆਂ ਦੇ ਨਾਵਾਂ ਦੀ ਜੈ ਜੈ ਕਾਰ ਕੀਤੀ ਗਈ ਤੇ ਹਲਕੀ ਕਿਸਮ ਦੇ ਭੜਕਾਊ ਭਾਸ਼ਣ ਕੀਤੇ ਗਏ। ਉਹੀ ਪੁਰਾਣੀਆਂ ਘਸੀਆਂ ਪਿਟੀਆਂ ਦਲੀਲਾਂ 'ਸਿੱਖਾਂ ਨਾਲ ਵਿਤਕਰਾ' 'ਬੇਗਾਨਗੀ ਦੀ ਭਾਵਨਾ' ਆਦਿ ਦੁਹਰਾਕੇ ''ਸਿੱਖਾਂ ਲਈ ਵੱਖਰੇ ਰਾਜ'' ਦਾ ਰਾਗ ਅਲਾਪਿਆ ਗਿਆ। ਉਂਝ ਸਿਧਾਂਤਕ ਤੇ ਭਾਵਨਾਤਮਕ ਰੂਪ ਵਿਚ ਕਿਸੇ ਵੀ ਧਰਮ ਅਧਾਰਤ ਰਾਜ ਦਾ ਸੰਕਲਪ ਗੈਰ-ਜਮਹੂਰੀ ਤੇ ਲੋਕ ਵਿਰੋਧੀ ਹੈ। ਇਨ੍ਹਾਂ ਭੜਕਾਊ ਕਾਰਵਾਈਆਂ ਵਿਚ ਸਧਾਰਣ ਸਿੱਖਾਂ ਦੇ ਨਾਲ ਬਹੁਤ ਸਾਰੇ ਉਹ ਚਿਹਰੇ ਵੀ ਨਜ਼ਰ ਆਏ ਜਿਨ੍ਹਾਂ ਨੇ ਅੱਤਵਾਦੀ ਦੌਰ ਦੌਰਾਨ ਬਹੁਤ ਹੀ ਸ਼ੱਕੀ ਕਿਸਮ ਦੀ ਭੂਮਿਕਾ ਅਦਾ ਕੀਤੀ। ਇਕ ਪਾਸੇ ਵੱਖਰੇ ਖਾਲਿਸਤਾਨ ਦੀ ਮੰਗ ਤੇ ਬੇਦੋਸ਼ਿਆਂ ਦੇ ਕਤਲਾਂ ਨੂੰ ਸਰਾਹੁਣਾ ਅਤੇ ਬੇਗੁਨਾਹਾਂ ਦੇ ਕਾਤਲਾਂ ਨੂੰ 'ਜਰਨੈਲਾਂ' ਤੇ 'ਭਾਈ ਸਾਹਿਬਾਨਾਂ' ਦੇ ਰੁਤਬਿਆਂ ਨਾਲ ਨਿਵਾਜਣ ਦਾ ਕੰਮ ਇਹ ਭੱਦਰਪੁਰਸ਼ ਕਰਦੇ ਸਨ ਅਤੇ ਦੂਸਰੇ ਪਾਸੇ ਇਹ ਲੋਕ ਸਰਕਾਰੀ ਏਜੰਸੀਆਂ ਨਾਲ ਵੀ ਪੂਰੀ ਤਰ੍ਹਾਂ ਘਿਓ ਖਿਚੜੀ ਸਨ। ਬਹੁਤ ਸਾਰੇ ਅਜਿਹੇ ਸੱਜਣ ਵੀ ਦੇਖੇ ਗਏ ਜਿਨ੍ਹਾਂ ਨੇ ਖਾਲਿਸਤਾਨ ਦੀ ਮੰਗ ਲਈ ਚਲਾਈ ਗਈ ਹਿੰਸਕ ਲਹਿਰ ਵਿਚ ਲੋਕਾਂ ਦੇ ਭੋਲੇ ਭਾਲੇ ਧੀਆਂ ਪੁੱਤਰਾਂ ਨੂੰ ਤਾਂ ਬਲੀ ਦੀ ਬੂਥੇ ਦੇ ਦਿੱਤਾ ਤੇ ਆਪ ਲੁੱਟੀ ਧਨ ਦੌਲਤ ਨਾਲ ਮਾਲਾਮਾਲ ਹੋ ਗਏ। ਕਮਾਲ ਤਾਂ ਇਹ ਹੈ ਕਿ ਕਈ ਗਰਮ ਦਲੀਏ ਅਤੇ ਏ.ਕੇ. 47 ਚੁੱਕ ਕੇ ਬੇਗੁਨਾਹਾਂ ਦੇ ਖੂਨ ਨਾਲ ਹੋਲੀ ਖੇਡਣ ਵਾਲੇ ਕਥਿਤ 'ਖਾੜਕੂ' ਹਾਕਮ ਧਿਰਾਂ ਦੀਆਂ ਉਨ੍ਹਾਂ ਰਾਜਸੀ ਪਾਰਟੀਆਂ ਦੇ ''ਸਤਿਕਾਰਯੋਗ ਆਗੂ'' ਵੀ ਸੱਜ ਗਏ ਹਨ, ਜਿਨ੍ਹਾਂ ਨੂੰ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਉਹ ਜ਼ਿੰਮੇਵਾਰ ਦੱਸਦੇ ਸਨ। ਅੱਜ ਵੱਖਰੇ ਧਰਮ ਅਧਾਰਤ ਸਿੱਖ ਰਾਜ ਦੀ ਮੰਗ ਨੂੰ ਮੁੜ ਉਠਾਉਣਾ ਅਸਲ ਵਿਚ ਉਨ੍ਹਾਂ ਹਾਕਮਾਂ (ਦੇਸੀ ਤੇ ਵਿਦੇਸ਼ੀ) ਤੇ ਸਥਾਪਤ ਰਾਜ ਸੱਤਾ ਦੇ ਹੱਥਾਂ ਵਿਚ ਖੇਡਣਾ ਹੋਵੇਗਾ ਜਿਨ੍ਹਾਂ ਨੇ ਪਹਿਲਾਂ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਲਈ ਅਨੇਕਾਂ ਕੁਕਰਮ ਕੀਤੇ ਤੇ ਬਾਅਦ ਵਿਚ ਪੰਜਾਬ ਵਿਚਲੇ ਮਾਹੌਲ ਦਾ ਦੁਰਉਪਯੋਗ ਕਰਕੇ 1984 ਵਿਚ ਦਿੱਲੀ ਦੀਆਂ ਸੜਕਾਂ ਉਪਰ ਸਿੱਖ ਜਨਸਮੂਹਾਂ ਦਾ ਕਤਲੇਆਮ ਕੀਤਾ ਸੀ। ਮੁੜ ਉਸੇ ਮਾਹੌਲ ਨੂੰ ਸਿਰਜਣ ਵਾਸਤੇ ਹੀ ਪੰਜਾਬ ਅੰਦਰ ਕਈ ਫਿਰਕੂ ਹਿੰਦੂ ਸੰਗਠਨਾਂ ਵਲੋਂ 'ਘੱਲੂਘਾਰਾ ਦਿਵਸ' ਦੇ ਵਿਰੋਧ ਵਿਚ ਮੁਕਾਬਲੇ ਦੇ ਸਮਾਗਮ ਆਯੋਜਤ ਕਰਨ ਦੇ ਛਡਯੰਤਰ ਰਚੇ ਗਏ ਹਨ ਅਤੇ ਅੱਤਵਾਦੀ ਤੱਤਾਂ ਦੀ ਯਾਦ ਵਿਚ ਸ਼੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਅੰਦਰ ਯਾਦਗਾਰ ਉਸਾਰਨ ਦੇ ਮੁਕਾਬਲੇ ਵਿਚ ਸ਼੍ਰੀ ਦੁਰਗਿਆਨਾ ਮੰਦਿਰ ਦੇ ਪਰੀਸਰ ਵਿਚ ਸ਼ਹੀਦੀ ਸਮਾਰਕ ਬਣਾਉਣ ਦੇ ਐਲਾਨ ਕੀਤੇ ਜਾ ਰਹੇ ਹਨ। ਅੱਜ ਦੇ ਸਮੇਂ ਵਿਚ ਸਰਕਾਰਾਂ ਅਤੇ ਵੱਖ ਵੱਖ ਰੰਗਾਂ ਦੇ ਬੁਨਿਆਦਪ੍ਰਸਤ ਫਿਰਕੂ ਤੱਤਾਂ ਦੇ ਭੈੜੇ ਮਨਸੂਬਿਆਂ ਨੂੰ ਸਮਝਣ ਅਤੇ ਬੇਨਕਾਬ ਕਰਨ ਦੀ ਲੋੜ ਹੈ ਜੇਕਰ ਅਸੀਂ ਪੰਜਾਬ ਤੇ ਦਿੱਲੀ ਅੰਦਰ ਮਾਰੇ ਗਏ ਬੇਗੁਨਾਹ ਲੋਕਾਂ ਦੀ ਯਾਦ ਨੂੰ ਸੱਚੀ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ ਤੇ ਅਮਨ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣਾ ਚਾਹੁੰਦੇ ਹਾਂ। ਉਨ੍ਹਾਂ ਨਾਅਰਿਆਂ ਤੇ ਕਾਰਨਾਮਿਆਂ ਤੋਂ ਬਚਣਾ ਚਾਹੀਦਾ ਹੈ ਜਿਨ੍ਹਾਂ ਦੇ ਸਿੱਟੇ ਵਜੋਂ ਪੰਜਾਬ ਤੇ ਦਿੱਲੀ ਦੇ ਦੁਖਾਂਤ ਵਾਪਰੇ ਸਨ। ਇਹ ਜ਼ਿੰਮਾ ਸਮੂਹ ਪੰਜਾਬੀਆਂ ਅਤੇ ਦੇਸ਼ ਵਾਸੀਆਂ ਦਾ ਵੀ ਹੈ ਭਾਵੇਂ ਉਹ ਕਿਸੇ ਵੀ ਧਰਮ, ਜਾਤ, ਇਲਾਕੇ ਜਾਂ ਫਿਰਕੇ ਨਾਲ ਸੰਬੰਧ ਰੱਖਦੇ ਹੋਣ। ਇਸ ਕੰਮ ਵਿਚ ਖੱਬੀਆਂ ਤੇ ਅਗਾਂਹਵਧੂ ਸ਼ਕਤੀਆਂ ਨੂੰ ਵਧੇਰੇ ਸਾਰਥਕ ਤੇ ਆਗੂ ਭੂਮਿਕਾ ਅਦਾ ਕਰਨ ਦੀ ਲੋੜ ਹੈ। ਇਹ ਤਸੱਲੀ ਵਾਲੀ ਗੱਲ ਹੈ ਕਿ ਪੁਰਾਣੇ ਜ਼ਖਮਾਂ ਦੀ ਚੀਸ ਝੇਲ ਰਹੇ ਪੰਜਾਬੀ ਆਪਣੇ ਤਜ਼ਰਬਿਆਂ ਦੇ ਆਧਾਰ ਉਤੇ ਅੱਜ ਮੁੱਠੀ ਭਰ ਸ਼ਰਾਰਤੀ ਲੋਕਾਂ ਦੇ ਬਹਿਕਾਵੇ ਵਿਚ ਨਹੀਂ ਆ ਰਹੇ ਜੋ ਪੰਜਾਬ ਵਿਚ ਫਿਰਕੂ ਸਦਭਾਵਨਾ ਨੂੰ ਤਬਾਹ ਕਰਨ ਲਈ ਕਦੀ 'ਖਾਲਿਸਤਾਨ' ਤੇ ਕਦੀ 'ਹਿੰਦੂ ਰਾਜ' ਦੇ ਨਾਅਰੇ ਲਗਾਉਂਦੇ ਹਨ ਤੇ ਵੱਖ ਵੱਖ ਰੰਗਾਂ ਦੇ ਅੱਤਵਾਦੀ ਤੇ ਦਹਿਸ਼ਤਗਰਦਾਂ ਦੀਆਂ ਯਾਦਗਾਰਾਂ ਬਣਾਉਣ ਦੀ ਵਕਾਲਤ ਕਰ ਰਹੇ ਹਨ। ਆਮ ਲੋਕਾਂ ਅਤੇ ਖਾਸਕਰ ਧਾਰਮਕ ਘੱਟ ਗਿਣਤੀ ਨਾਲ ਸੰਬੰਧਤ ਜਨ ਸਮੂਹਾਂ ਨੂੰ ਭਵਿੱਖ ਵਿਚ ਸ਼ਰਾਰਤੀ ਤੱਤਾਂ ਬਾਰੇ ਵਧੇਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
No comments:
Post a Comment