ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਤਲਵਾੜਾ ਵਿਚ ਪੈਂਦੇ ਪਿੰਡ ਧਰਮਪੁਰ ਵਿਖੇ ਉੱਘੇ ਦੇਸ਼ ਭਗਤ ਤੇ ਕਮਿਊਨਿਸਟ ਕਰਾਂਤੀਕਾਰੀ ਕਾਮਰੇਡ ਪੰਡਿਤ ਕਿਸ਼ੋਰੀ ਲਾਲ ਦੀ ਯਾਦ ਵਿਚ ਚੌਥਾ ਸਲਾਨਾ ਸਮਾਗਮ ਇਲਾਕੇ ਦੀ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਵਲੋਂ 12 ਮਈ ਨੂੰ ਮਨਾਇਆ ਗਿਆ। ਚੀਲ੍ਹਾਂ ਅਤੇ ਹੋਰ ਰੁੱਖਾਂ ਨਾਲ ਘਿਰੇ ਹੋਏ ਇਸ ਘੁੱਗ ਵਸਦੇ ਪਿੰਡ ਵਿਚ ਇਲਾਕੇ ਦੇ ਮਾਣ-ਮਤੇ ਲੋਕ ਆਪਣੇ ਹੀਰੋ ਨੂੰ ਯਾਦ ਕਰਨ ਲਈ ਲੋਹੜੇ ਦੀ ਗਰਮੀ ਦੀ ਭੋਰਾ ਵੀ ਪਰਵਾਹ ਨਾ ਕਰਦੇ ਹੋਏ ਸੈਂਕੜਿਆਂ ਦੀ ਗਿਣਤੀ ਵਿੱਚ ਹਾਜ਼ਰ ਹੋਏ। ਪੰਡਿਤ ਕਿਸ਼ੋਰੀ ਲਾਲ ਭਾਵੇਂ ਸਾਰੇ ਪੰਜਾਬੀਆਂ ਅਤੇ ਪੰਜਾਬ ਤੋਂ ਬਾਹਰ ਵਸਦੇ ਲੋਕਾਂ ਦੇ ਮਹਿਬੂਬ, ਕਰਾਂਤੀਕਾਰੀ ਸਨ ਪਰ ਇਲਾਕੇ ਦੇ ਲੋਕ ਉਹਨਾਂ 'ਤੇ ਆਪਣੇ ਵਧੇਰਾ ਹੱਕ ਸਮਝਦੇ ਹਨ। ਇਸ ਲਈ ਉਹਨਾਂ ਦਾ ਇਸ ਸਮਾਗਮ ਲਈ ਉਤਸਾਹ ਹਰ ਸਾਲ ਵਧਦਾ ਜਾ ਰਿਹਾ ਹੈ। ਇਸ ਸਮਾਗਮ ਦੀ ਇਕ ਵਿਸ਼ੇਸ਼ ਗੱਲ ਇਹ ਵੀ ਹੈ ਕਿ ਪਿੰਡ ਦੀ ਸ਼੍ਰੀ ਦੁਰਗਾ ਮੰਦਰ ਕਮੇਟੀ ਇਹ ਸਮਾਗਮ ਨੂੰ ਆਪਣਾ ਫੰਕਸ਼ਨ ਸਮਝਦੀ ਹੈ ਅਤੇ ਹਰ ਤਿਆਰੀ ਵਿਚ ਮੁਹਰੇ ਹੁੰਦੀ ਹੈ। ਇਸ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਦਾ ਵੀ ਇਸ ਸਮਾਗਮ ਵਿਚ ਸਰਾਹੁਣਯੋਗ ਸਹਿਯੋਗ ਹੁੰਦਾ ਹੈ।
ਇਸੇ ਤਰ੍ਹਾਂ ਇਸ ਸਮਾਗਮ ਨੂੰ ਕਾਮਰੇਡ ਮੰਗਤ ਰਾਮ ਪਾਸਲਾ ਸਕੱਤਰ ਸੀ.ਪੀ.ਐਮ ਪੰਜਾਬ, ਡਾਕਟਰ ਰਘਵੀਰ ਕੌਰ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਕਾਮਰੇਡ ਗੁਰਮੀਤ ਢੱਡਾ, ਕਾਮਰੇਡ ਜਸਵਿੰਦਰ ਸਿੰਘ ਢੇਸੀ, ਸੁਨੀਤਾ ਜੈਨ, ਕਾਮਰੇਡ ਗੁਰਵਿੰਦਰ ਸਿੰਘ, ਕਾਮਰੇਡ ਗਿਆਨ ਸਿੰਘ ਗੁਪਤਾ, ਮਾਸਟਰ ਸ਼ਿਵ ਕੁਮਾਰ ਜਨਰਲ ਸਕੱਤਰ ਜੀ.ਟੀ.ਯੂ ਪੰਜਾਬ, ਕਾਮਰੇਡ ਬਲਦੇਵ ਸਿੰਘ ਭਵਕੌਰ, ਕਾਮਰੇਡ ਖੁਸ਼ੀ ਰਾਮ ਨੇ ਸੰਬੋਧਨ ਕੀਤਾ। ਕਾਮਰੇਡ ਮੰਗਤ ਰਾਮ ਪਾਸਲਾ ਤੇ ਇੱਕਠ ਵਿਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਉਹਨਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹਨਾ ਨੂੰ ਪੰਡਿਤ ਜੀ ਨਾਲ ਕਈ ਵਰ੍ਹੇ ਕੰਮ ਕਰਨ ਦਾ ਮੌਕਾ ਹਾਸਲ ਹੋਇਆ। ਆਪਣੇ ਭਾਸ਼ਨ ਵਿਚ ਉਹਨਾਂ ਨੇ ਸਰਮਾਏਦਾਰ-ਜਗੀਰਦਾਰ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਪੈਦਾ ਹੋਏ ਮਸਲਿਆਂ, ਗਰੀਬੀ, ਬੇਰੋਜ਼ਗਾਰੀ ਤੇ ਭਰਿਸ਼ਟਾਚਾਰ ਦਾ ਜਿਕਰ ਕਰਦੇ ਹੋਏ ਕਿਹਾ ਕਿ ਪੰਡਿਤ ਜੀ ਸਮੇਤ ਹੋਰ ਸ਼ਹੀਦਾਂ, ਗ਼ਦਰੀ ਬਾਬਿਆਂ, ਦੇਸ਼ ਭਗਤਾਂ ਤੇ ਆਮ ਲੋਕਾਂ ਦਾ ਅਜ਼ਾਦੀ ਦਾ ਸੁਪਨਾ ਇਨ੍ਹਾਂ ਭਰਿਸ਼ਟ ਹਾਕਮਾਂ ਨੇ ਚਕਨਾਚੂਰ ਕਰ ਦਿੱਤਾ ਹੈ ਅਤੇ ਉਹਨਾਂ ਵਿਚ ਨਿਰਾਸ਼ਾ ਦੇ ਨਾਲ-ਨਾਲ ਗੁੱਸੇ ਦੀ ਭਾਵਨਾ ਵੀ ਵੱਧ ਰਹੀ ਹੈ। ਆਜ਼ਾਦੀ ਦੇ 67 ਵਰ੍ਹਿਆਂ ਬਾਅਦ ਵੀ ਲੋਕਾਂ ਨੂੰ ਜੀਵਨ ਦੀਆਂ ਮੁੱਢਲੀਆਂ ਸਹੂਲਤਾ ਤੋਂ ਵਾਂਝਾ ਰੱਖਣ ਵਾਲੀਆਂ ਇਹ ਸਰਕਾਰਾਂ ਅੱਜ ਸਾਮਰਾਜੀ ਨਿਰਦੇਸ਼ਤ ਨੀਤੀਆਂ ਨੂੰ ਲਾਗੂ ਕਰਕੇ ਦੇਸ਼ ਨੂੰ ਤੇਜ਼ੀ ਨਾਲ ਤਬਾਹੀ ਵੱਲ ਧੱਕ ਰਹੀਆਂ ਹਨ। ਇਸ ਸਥਿਤੀ ਦਾ ਟਾਕਰਾ ਕਰਨ ਲਈ ਕਿਸਾਨਾਂ, ਮਜ਼ਦੂਰਾਂ, ਖੇਤ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ਤੇ ਹੋਰ ਮਿਹਨਤਕਸ਼ ਲੋਕਾਂ ਨੂੰ ਇਕੱਠੇ ਹੋ ਕੇ ਸਾਂਝੇ ਜਨਤਕ ਸੰਘਰਸ਼ ਉਸਾਰਨੇ ਹੋਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਤਲਵਾੜਾ ਅਤੇ ਸ਼੍ਰੀ ਦੁਰਗਾ ਮੰਦਰ ਕਮੇਟੀ ਧਰਮਪੁਰਾ ਦੇ ਮੈਂਬਰਾਂ ਨੂੰ ਗਦਰ ਲਹਿਰ ਦੀ 100ਵੀਂ ਵਰ੍ਹੇ ਗੰਢ 'ਤੇ ਜਾਰੀ ਕੀਤਾ ਕਲੰਡਰ ਦੇ ਕੇ ਸਨਮਾਨਤ ਕੀਤਾ। ਸ਼ਿਵ-ਮਨਜੋਤ ਲੁਧਿਆਣਾ ਦੀ ਗਾਇਕ ਜੋੜੀ ਨੇ ਆਪਣੇ ਗੀਤਾਂ ਰਾਹੀਂ, ਨਵ ਚਿੰਤਨ ਕਲਾ ਮੰਚ ਨੇ ਆਪਣੇ ਇਨਕਲਾਬੀ ਨਾਟਕ ਰਾਹੀਂ ਅਤੇ ਕੋਰੀਓਗਰਾਫੀ ਰਾਹੀਂ ਸਰੋਤਿਆ ਨੂੰ ਲੀਨ ਰੱਖਿਆ। ਲੰਗਰ ਦਾ ਸ਼ਾਨਦਾਰ ਪ੍ਰਬੰਧ ਸ਼੍ਰੀ ਦੁਰਗਾ ਮੰਦਰ ਕਮੇਟੀ ਵਲੋਂ ਕੀਤਾ ਗਿਆ। ਤਿਆਰੀ ਤੇ ਪ੍ਰਬੰਧਕੀ ਕਮੇਟੀ ਮੈਂਬਰਾਂ, ਮਾਸਟਰ ਜਸਬੀਰ ਤਲਵਾੜਾ, ਮਾਸਟਰ ਅਮਰਿੰਦਰ, ਮਾਸਟਰ ਸ਼ਸ਼ੀਕਾਂਤ, ਮਾਸਟਰ ਯਾਦਵਿੰਦਰ ਹਲੇਰ, ਮਾਸਟਰ ਰਾਜ ਕੁਮਾਰ ਤੇ ਸਾਥੀ ਪਿਆਰਾ ਸਿੰਘ, ਰਜੀਵ ਸ਼ਰਮਾ, ਸਾਥੀ ਗੁਰਦੇਵ ਦੱਤ ਸ਼ਰਮਾ, ਬਾਬੂ ਚੰਦਰ ਭਾਨ, ਸੁਰੇਸ਼ ਪਰਮਾਰ ਪ੍ਰਧਾਨ ਸ਼੍ਰੀ ਦੁਰਗਾ ਮੰਦਰ ਕਮੇਟੀ, ਮਿੱਕੀ ਡੋਗਰਾ, ਲੇਖ ਰਾਜ, ਸੂਰਜ ਸ਼ਰਮਾ, ਕਾਮਰੇਡ ਸ਼ਮਸ਼ੇਰ ਸਿੰਘ, ਕਾਮਰੇਡ ਸੁਖਦੇਵ ਸਿੰਘ, ਬਿਆਸ ਦੇਵ ਨੇ ਇਸ ਫੰਕਸ਼ਨ ਨੂੰ ਹਰ ਪੱਖ ਤੋਂ ਸਫਲ ਬਨਾਉਣ ਲਈ ਪੂਰੇ ਉਪਰਾਲੇ ਕੀਤੇ। ਨੌਜਵਾਨ ਦੀਪਕ ਜਰਿਆਲ ਨੇ ਆਏ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 'ਬਾਬਾਣੀ ਕਹਾਣੀਆਂ' ਤਾਂ ਪੁੱਤ ਸਪੁੱਤ ਹੀ ਕਰਦੇ ਹਨ ਅਤੇ ਉਹਨਾਂ ਦੇ ਦੱਸੇ ਮਾਰਗ 'ਤੇ ਚਲਦੇ ਹੋਏ ਹੀ ਉਹਨਾਂ ਦੇ ਅਸਲੀ ਵਾਰਸ ਬਣਦੇ ਹਨ।
No comments:
Post a Comment