ਕਾਮਰੇਡ ਸਤਿਆਪਾਲ ਡਾਂਗ
ਮਹਾਨ ਕਮਿਊਨਿਸਟ ਨੇਤਾ, ਮਜ਼ਦੂਰਾਂ-ਕਿਸਾਨਾਂ ਦੇ ਕਲਿਆਣ ਲਈ ਸਾਰਾ ਜੀਵਨ ਸਮਰਪਤ ਕਰਨ ਵਾਲੇ ਤੇ ਸਾਦਗੀ ਤੇ ਉਚੇ ਆਦਰਸ਼ਾਂ ਭਰਿਆ ਸੰਘਰਸ਼ਸ਼ੀਲ ਜੀਵਨ ਲੋਕਾਂ ਦੇ ਲੇਖੇ ਲਗਾਉਣ ਵਾਲੇ, ਸਾਥੀ ਸਤਿਆਪਾਲ ਡਾਂਗ ਮਿਲ ਗੇਟਾਂ, ਸੜਕਾਂ, ਜਨਤਕ ਇਕੱਠਾਂ, ਦੁਸ਼ਮਣਾਂ ਦੇ ਗੜ੍ਹਾਂ ਅਤੇ ਵਿਧਾਨ ਸਭਾ ਵਿਚ ਗਰਜਣ ਵਾਲਾ ਸਾਥੀ ਡਾਂਗ ਸਿਹਤ ਖਰਾਬ ਹੋ ਜਾਣ ਕਾਰਨ ਕੁੱਝ ਸਮੇਂ ਤੋਂ ਚੁਪ ਸੀ, ਅਜਿਹਾ ਦੇਖਣਾ ਡਾਢਾ ਦੁਖਦਾਈ ਜਾਪਦਾ ਸੀ।
ਸਾਥੀ ਸਤਿਆਪਾਲ ਡਾਂਗ ਜੀ ਆਜ਼ਾਦੀ ਅੰਦੋਲਨ ਦੌਰਾਨ ਹੀ ਰਾਜਨੀਤੀ ਵਿਚ ਕੁੱਦ ਪਏ ਸਨ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਜੰਗਲਾਂ ਵਿਚ ਰਿਆਸਤੀ ਰਾਜਿਆਂ ਵਿਰੁੱਧ ਲੜੀ ਗਈ ਹਥਿਆਰਬੰਦ ਜੰਗ (ਤਿਲੰਗਾਨਾ ਦਾ ਹਥਿਆਰਬੰਦ ਘੋਲ) ਵਿਚ ਵੀ ਆਪਣਾ ਬਣਦਾ ਹਿੱਸਾ ਪਾਇਆ। ਸਾਥੀ ਪੀ. ਸੁੰਦਰਈਆ, ਜੋ ਤਿਲੰਗਾਨਾ ਦੀ ਜੱਦੋ ਜਹਿਦ ਦੇ ਮੋਢੀ ਆਗੂਆਂ ਵਿਚੋਂ ਇਕ ਸਨ, ਨਾਲ ਬਾਹਾਂ ਵਿਚ ਬਾਹਾਂ ਪਾ ਕੇ ਜੰਗਲਾਂ ਵਿਚ ਜ਼ਬਰ ਦੀ ਤਪਸ਼ ਝੇਲਣ ਅਤੇ ਭੁੱਖੇ ਪੇਟ ਰਹਿ ਕੇ ਇੰਨਕਲਾਬ ਪ੍ਰਤੀ ਆਪਣੇ ਫਰਜ਼ਾਂ ਨੂੰ ਅਦਾ ਕਰਨ ਦਾ ਮਾਣ ਸਾਥੀ ਸਤਿਆਪਾਲ ਡਾਂਗ ਜੀ ਨੂੰ ਹਾਸਲ ਹੈ।
ਬੰਬਈ ਵਿਚਲੇ ਕਮਿਊਨਿਸਟ ਦਫਤਰ 'ਚੋਂ ਵਿਦਿਆਰਥੀ ਲਹਿਰ ਦੇ ਆਗੂ ਦੀ ਭੂਮਿਕਾ ਅਦਾ ਕਰਦਿਆਂ ਸਾਥੀ ਡਾਂਗ ਨੇ ਪਾਰਟੀ ਦੇ ਆਦੇਸ਼ ਅਨੁਸਾਰ ਪੰਜਾਬ ਅੰਦਰ ਕਿਰਤੀਆਂ ਦੇ ਵੱਡੇ ਕੇਂਦਰ ਛੇਹਰਟੇ (ਅੰਮ੍ਰਿਤਸਰ) ਨੂੰ ਆਪਣੀ ਕਰਮ-ਭੂਮੀ ਬਣਾਇਆ। ਕਾਮਰੇਡ ਬਿਮਲਾ ਡਾਂਗ ਜੀ ਨਾਲ ਵਿਆਹ ਕਰਾ ਕੇ ਇਹ ਜੋੜੀ ਸਮਾਜਿਕ ਤਬਦੀਲੀ ਦੇ ਜਰਨੈਲੀ ਰਾਹ ਉਤੇ ਇੰਜ ਤੁਰੀ ਕਿ ਝੱਟ ਹੀ ਆਪਣੇ ਅਮਲਾਂ ਰਾਹੀਂ ਇਹ ਸਮੂਹ ਕਿਰਤੀਆਂ ਦੀ ਅੱਖ ਦਾ ਤਾਰਾ ਬਣ ਗਈ। ਇਕ ਕਮਿਊਨਿਸਟ ਦੇ ਸ਼ਰੇਸ਼ਟ ਗੁਣਾਂ ਵਿਚ ਕਹਿਣੀ ਤੇ ਕਰਨੀ ਦਾ ਸੁਮੇਲ ਹੋਣਾ ਸ਼ਾਮਲ ਹੈ ਅਤੇ ਸਾਥੀ ਡਾਂਗ ਦੇ ਲੰਬੇ ਰਾਜਨੀਤਕ ਜੀਵਨ ਵਿਚੋਂ ਇਸ ਦੇ ਪਾੜੇ ਦੀ ਇਕ ਵੀ ਮਿਸਾਲ ਨਹੀਂ ਮਿਲਦੀ।
ਸਾਥੀ ਡਾਂਗ ਜੀ 1964 ਦੀ ਕਮਿਊਨਿਸਟ ਪਾਰਟੀ ਦੀ ਵੰਡ ਸਮੇਂ ਸੀ.ਪੀ.ਆਈ. ਨਾਲ ਰਹੇ ਤੇ ਪਾਰਟੀ ਦੀਆਂ ਉੱਚ ਕਮੇਟੀਆਂ ਵਿਚ ਚੁਣੇ ਗਏ। ਉਹ ਏਟਕ ਦੇ ਵੀ ਵੱਡੇ ਆਗੂ ਸਨ। ਸਾਡੇ ਸੀ.ਪੀ.ਆਈ. ਨਾਲ ਡੂੰਘੇ ਮਤਭੇਦ ਸਨ। ਪ੍ਰੰਤੂ ਜਿਸ ਤਰ੍ਹਾਂ ਟਰੇਡ ਯੂਨੀਅਨਾਂ ਅਤੇ ਦੋਨਾਂ ਪਾਰਟੀਆਂ ਦੇ ਸਾਂਝੇ ਘੋਲਾਂ ਦੌਰਾਨ ਸਾਥੀ ਡਾਂਗ ਜੀ ਨੇ ਸੁਹਿਰਦਤਾ, ਦਲੇਰੀ ਤੇ ਇਮਾਨਦਾਰੀ ਨਾਲ ਆਗੂ ਰੋਲ ਅਦਾ ਕੀਤਾ, ਉਹ ਬਹੁਤ ਹੀ ਨਿਵੇਕਲਾ ਤੇ ਪ੍ਰਭਾਵਿਤ ਕਰਨ ਵਾਲਾ ਸੀ।
ਸਾਥੀ ਸਤਿਆਪਾਲ ਡਾਂਗ ਨੇ ਪੰਜਾਬ ਅੰਦਰ ਅੱਤਵਾਦ ਦੇ ਖਤਰੇ ਦਾ ਆਪ ਤੇ ਦੂਸਰੀਆਂ ਦੇਸ਼ ਭਗਤਕ ਸ਼ਕਤੀਆਂ ਨਾਲ ਮਿਲ ਕੇ ਸਿਧਾਂਤਕ ਤੇ ਅਮਲੀ ਰੂਪ ਵਿਚ ਮੁਕਾਬਲਾ ਹੀ ਨਹੀਂ ਕੀਤਾ ਸਗੋਂ ਜਨ ਸਮੂਹਾਂ ਨੂੰ ਇਸ ਖਤਰੇ ਵਿਰੁੱਧ ਖੜੇ ਹੋਣ ਲਈ ਪ੍ਰੇਰਨਾ ਸਰੋਤ ਦਾ ਕੰਮ ਵੀ ਕੀਤਾ।
ਅਦਾਰਾ 'ਸੰਗਰਾਮੀ ਲਹਿਰ' ਕਮਿਊਨਿਸਟ ਸਫਾਂ ਨੂੰ ਸਾਥੀ ਡਾਂਗ ਦੇ ਆਦਰਸ਼ਕ ਜੀਵਨ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੰਦਾ ਹੈ ਅਤੇ ਉਹਨਾਂ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਦਾ ਹੈ।
ਸਾਥੀ ਜਗਜੀਤ ਸਿੰਘ ਲਾਇਲਪੁਰੀ
ਉਘੇ ਆਜ਼ਾਦੀ ਘੁਲਾਟੀਏ ਅਤੇ ਕਮਿਊਨਿਸਟ ਲਹਿਰ ਦੇ ਸਿਰਮੌਰ ਆਗੂ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ 27 ਮਈ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ।
95 ਵਰ੍ਹਿਆਂ ਦੇ ਸਾਥੀ ਲਾਇਲਪੁਰੀ ਨੇ ਆਪਣੇ ਜੀਵਨ ਦੇ 7 ਦਹਾਕਿਆਂ ਤੋਂ ਵੀ ਵੱਧ ਸਮਾਂ ਦੇਸ਼ ਦੀ ਆਜ਼ਾਦੀ ਲਈ ਅਤੇ ਮਜ਼ਦੂਰਾਂ ਤੇ ਕਿਸਾਨਾਂ ਦੀ ਪੂੰਜੀਵਾਦੀ ਲੁੱਟ-ਖਸੁੱਟ ਤੋਂ ਮੁਕਤੀ ਲਈ ਚੱਲੇ ਸੰਘਰਸ਼ ਦੇ ਲੇਖੇ ਲਾਇਆ। ਵਿਦਿਆਰਥੀ ਫਰੰਟ ਤੋਂ ਸ਼ੁਰੂ ਕਰਕੇ, ਸਾਥੀ ਲਾਇਲਪੁਰੀ ਨੇ ਕਮਿਊਨਿਸਟ ਲਹਿਰ ਨਾਲ ਸਬੰਧਤ ਹਰ ਮੋਰਚੇ 'ਤੇ ਪਾਰਟੀ ਵਲੋਂ ਮਿਲੀਆਂ ਜ਼ੁੰਮੇਵਾਰੀਆਂ ਨੂੰ ਦਰਿੜਤਾ ਪੂਰਬਕ ਨਿਭਾਇਆ ਅਤੇ ਲੋਕ ਸੇਵਾ ਦਾ ਇਕ ਮਾਣਮੱਤਾ ਰੀਕਾਰਡ ਕਾਇਮ ਕੀਤਾ। ਇਸ ਲੰਬੇ ਸੰਘਰਸ਼ਸ਼ੀਲ ਜੀਵਨ ਦੌਰਾਨ ਉਹਨਾਂ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਕੇਂਦਰੀ ਜਨਰਲ ਸਕੱਤਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਮਾਣ ਵੀ ਪ੍ਰਾਪਤ ਹੋਇਆ।
ਸਾਥੀ ਲਾਇਲਪੁਰੀ ਅਣਵੰਡੀ ਸੀ.ਪੀ.ਆਈ. ਵਿਚ ਵੀ ਪਾਰਟੀ ਦੇ ਸਿਰਮੌਰ ਆਗੂ ਸਨ। 1964 ਵਿਚ ਡਾਂਗੇਪੰਥੀ ਸੋਧਵਾਦ ਨਾਲੋਂ ਕਿਨਾਰਾਕਸ਼ੀ ਕਰਨ ਵਾਲੇ ਕੇਂਦਰੀ ਕੌਂਸਲ ਦੇ 32 ਆਗੂਆਂ ਵਿਚ ਵੀ ਉਹ ਸ਼ਾਮਲ ਸਨ। ਇਸ ਉਪਰੰਤ ਸੀ.ਪੀ.ਆਈ.(ਐਮ) ਦੇ ਝੰਡੇ ਹੇਠ ਕਾਇਮ ਕੀਤੀ ਗਈ ਨਵੀਂ ਇਨਕਲਾਬੀ ਪਾਰਟੀ ਦੀ ਉਸਾਰੀ ਵਿਚ ਵੀ ਸਾਥੀ ਲਾਇਲਪੁਰੀ ਨੇ ਉਘੀ ਭੂਮਿਕਾ ਨਿਭਾਈ।
ਉਹਨਾਂ ਨੇ ਪੰਜਾਬ ਅੰਦਰ ਸੀ.ਆਈ.ਟੀ.ਯੂ. ਦੇ ਪ੍ਰਧਾਨ ਵਜੋਂ ਵੀ ਕੰਮ ਕੀਤਾ ਅਤੇ ਹਰ ਜ਼ੁੰਮੇਵਾਰੀ ਨੂੰ ਬੜੀ ਨਿਡਰਤਾ, ਇਮਾਨਦਾਰੀ ਤੇ ਪ੍ਰਤੀਬੱਧਤਾ ਨਾਲ ਨਿਭਾਇਆ। ਇਸ ਤਰ੍ਹਾਂ ਸਾਥੀ ਲਾਇਲਪੁਰੀ ਦੇਸ਼ 'ਚੋਂ ਪੂੰਜੀਵਾਦ ਦਾ ਖਾਤਮਾ ਕਰਕੇ ਏਥੇ ਸਮਾਜਵਾਦ ਦੀ ਸਥਾਪਨਾ ਕਰਨ ਵਾਸਤੇ ਜੀਵਨ ਭਰ ਜੂਝਦੇ ਰਹੇ।
ਅਦਾਰਾ 'ਸੰਗਰਾਮੀ ਲਹਿਰ' ਉਹਨਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਅਤੇ ਉਹਨਾਂ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਦਾ ਹੈ।
No comments:
Post a Comment