ਕੁਦਰਤ ਦਾ ਸੰਤੁਲਨ ਨਾ ਵਿਗਾੜੋ
16 ਜੂਨ ਨੂੰ ਉਤਰਾਖੰਡ ਵਿਚ ਅਤੇ ਹਿਮਾਚਲ ਵਿਚ ਬਾਰਸ਼ ਪੈਣ ਨਾਲ ਇਹਨਾ ਪ੍ਰਾਂਤਾਂ ਦੇ ਕਈ ਇਲਾਕਿਆਂ ਵਿਚ ਭਾਰੀ ਤਬਾਹੀ ਹੋਈ ਹੈ। ਕੇਦਾਰਨਾਥ ਦਾ ਆਲਾ ਦੁਆਲਾ, ਗੌਰੀਕੁੰਡ, ਜੋਸ਼ੀ ਮੱਠ, ਗੋਵਿੰਦਘਾਟ ਅਤੇ ਰੁਦਰ ਪਰਯਾਗ ਇਸ ਤਬਾਹੀ ਦਾ ਮੁੱਖ ਕੇਂਦਰ ਬਣੇ ਹਨ। ਬੱਦਲ ਅਤੇ ਗਲੇਸ਼ੀਅਰ ਦੇ ਫਟਣ ਨਾਲ ਜਿਹੜੀ ਅਣਕਿਆਸੀ ਤਬਾਹੀ ਹੋਈ ਹੈ, ਉਸ ਨੂੰ ਅਖਬਾਰਾਂ ਵਿਚ ਪੜ੍ਹ ਕੇ ਅਤੇ ਟੀ.ਵੀ. 'ਤੇ ਵੇਖ ਕੇ ਦਿਲ ਕੰਬ ਉਠਦਾ ਹੈ ਅਤੇ ਹਰ ਸੰਵੇਦਨਸ਼ੀਲ ਵਿਅਕਤੀ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਵੱਖ ਵੱਖ ਅਨੁਮਾਨਾਂ ਅਨੁਸਾਰ ਘੱਟੋ ਘੱਟ 15,000-20,000 ਵਿਅਕਤੀ ਮਰ ਗਏ ਹਨ, ਪਿੰਡ ਤਬਾਹ ਹੋ ਗਏ ਹਨ, ਘਰ ਉਜੜ ਗਏ ਹਨ, ਸਮੁੱਚੀਆਂ ਸੜਕਾਂ ਪੂਰੀ ਤਰ੍ਹਾਂ ਟੁੱਟ ਗਈਆਂ ਹਨ ਅਤੇ ਕੁੱਲ ਮਾਲੀ ਨੁਕਸਾਨ ਦਾ ਤਾਂ ਅਜੇ ਅੰਦਾਜ਼ਾ ਹੀ ਨਹੀਂ ਲਗ ਸਕਦਾ। 13,000 ਵਿਅਕਤੀ ਅਜੇ ਲਾਪਤਾ ਦੱਸੇ ਜਾਂਦੇ ਹਨ ਅਤੇ 50,000 ਦੇ ਲਗਭਗ ਅਜਿਹੀਆਂ ਥਾਵਾਂ 'ਤੇ ਫਸੇ ਹਨ ਜਿਥੋਂ ਨਿਕਲਣਾ ਬਹੁਤ ਹੀ ਕਠਿਨ ਸਾਬਤ ਹੋ ਰਿਹਾ ਹੈ। ਰਾਹਤ-ਕਾਰਜ ਨਾਕਾਫੀ ਤੇ ਢਿੱਲੇ ਹਨ ਅਤੇ ਫਸੇ ਹੋਏ ਬਹੁਤੇ ਲੋਕਾਂ ਨੂੰ ਖਾਣਪੀਣ ਦੀਆਂ ਵਸਤਾਂ ਨਹੀਂ ਪੁੱਜ ਰਹੀਆਂ। ਭੁੱਖ ਨਾਲ ਵੀ ਮੌਤਾਂ ਹੋ ਰਹੀਆਂ ਹਨ। ਸਥਾਨਕ ਵਸੋਂ ਜਿਹੜੀ ਇਸ ਤਬਾਹੀ ਦਾ ਸ਼ਿਕਾਰ ਹੋਈ ਹੈ, ਉਹ ਅਧਿਕਤਰ ਗਰੀਬ ਹੀ ਹੈ, ਉਸ ਦੀ ਮੌਜੂਦਾ ਪੀੜ੍ਹੀ ਤਾਂ ਸ਼ਾਇਦ ਹੁਣ ਉਮਰ ਭਰ ਹੀ ਮੁੜ ਪੈਰਾਂ 'ਤੇ ਨਾ ਆ ਸਕੇ। ਧਾਰਮਕ ਸਥਾਨ ਵੇਖਣ ਆਏ ਸੈਲਾਨੀ ਵੀ ਇਸ ਤਬਾਹੀ ਦਾ ਸ਼ਿਕਾਰ ਹੋਏ ਹਨ। ਕਹਿਰ ਇਹ ਹੈ ਕਿ ਮੇਰੇ ਦੇਸ਼ ਦੇ ਭੋਲੇ ਭਾਲੇ ਲੋਕ ਇਸ ਤਬਾਹੀ ਨੂੰ ਨਿਰੋਲ ਕੁਦਰਤੀ ਆਫਤ ਤੇ ਰੱਬ ਦੀ ਕਰੋਪੀ ਸਮਝ ਰਹੇ ਹਨ। ਤਬਾਹੀ ਦਾ ਸ਼ਿਕਾਰ ਹੋਏ ਲੋਕਾਂ ਦੇ ਇਹਨਾਂ ਵਿਚਾਰਾਂ ਦੀ ਓਟ ਵਿਚ ਮੌਜੂਦਾ ਹਾਕਮਾਂ ਦੀ ਨਾਅਹਿਲੀਅਤ ਅਤੇ ਸੰਗਦਿਲੀ 'ਤੇ ਪਰਦਾ ਪੈ ਜਾਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਤਬਾਹੀ ਕੁਦਰਤੀ ਆਫਤ ਦੇ ਰੂਪ ਵਿਚ ਆਈ ਹੈ ਪਰ ਇਹ ਕਿਸੇ ਦੇਵੀ-ਦੇਵਤੇ ਜਾਂ ਰੱਬ ਦੀ ਕਰੋਪੀ ਦੀ ਉਪਜ ਬਿਲਕੁਲ ਨਹੀਂ ਹੈ। ਇਸ ਦਾ ਮੁੱਖ ਕਾਰਨ ਮਨੁੱਖ ਦੀ ਕੁਦਰਤ ਨਾਲ ਛੇੜਛਾੜ, ਪਹਿਲਾਂ ਖੜ੍ਹੇ ਕੁਦਰਤੀ ਜੰਗਲਾਂ ਦੀ ਤਬਾਹੀ, ਨਜਾਇਜ਼ ਖਾਨ-ਖੁਦਾਈ (Mining), ਮਨੁੱਖਾਂ ਦਾ ਲਾਲਚ ਅਤੇ ਪਹਾੜਾਂ ਉਪਰਲੇ ਰਕਬਿਆਂ ਵਿਚ ਪੌਦੇ ਨਾ ਉਗਾਉਣੇ ਤੇ ਭੂਮੀ ਸੁਰੱਖਿਆ ਦੇ ਕੰਮ ਲੋੜੀਂਦੀ ਮਾਤਰਾ ਤੇ ਸਹੀ ਢੰਗ ਨਾਲ ਨਾ ਕਰਨਾ ਆਦਿ ਹਨ। ਕੁਦਰਤ 'ਚ ਵਾਜਬ ਮਨੁੱਖੀ ਲੋੜਾਂ ਪੂਰੀਆਂ ਕਰਨ ਲਈ ਤਾਂ ਸਭ ਕੁੱਝ ਹੈ ਪਰ ਮਨੁੱਖਾਂ ਦੀ ਹਵਸ ਤੇ ਲਾਲਸਾ ਪੂਰਾ ਕਰਨਾ ਅਸੰਭਵ ਕੰਮ ਹੈ। ਹਰ ਵਰ੍ਹੇ ਠੇਕੇਦਾਰ, ਰਾਜਨੀਤੀਵਾਨ ਤੇ ਅਫਸਰਸ਼ਾਹੀ ਦੀ ਲੁਟੇਰੀ ਧਾੜ ਮਿਲ ਕੇ ਕਰੋੜਾਂ ਦਰੱਖਤ ਨਾਜਾਇਜ਼ ਕਟਵਾਉਂਦੇ ਹਨ ਅਤੇ ਪੈਸੇ ਜੇਬਾਂ 'ਚ ਪਾ ਲੈਂਦੇ ਹਨ। ਦਰਿਆਵਾਂ ਵਿਚੋਂ ਅਤੇ ਜੰਗਲਾਂ ਵਿਚੋਂ ਨਜ਼ਾਇਜ਼ ਖਾਨ ਖੁਦਾਈ (Mining) ਵੱਡੀ ਪੱਧਰ 'ਤੇ ਹੁੰਦੀ ਹੈ ਅਤੇ ਇਹ ਆਮ ਵਰਤਾਰਾ ਹੈ। ਨੰਗੇ ਹੋਏ ਤੇ ਲਗਾਤਾਰ ਹੋਰ ਨੰਗੇ ਹੋ ਰਹੇ ਪਹਾੜਾਂ ਨੂੰ ਰੁੜ੍ਹਨ ਤੋਂ ਬਚਾਉਣ ਲਈ ਲੋੜੀਂਦੇ ਕੀਤੇ ਜਾ ਰਹੇ ਕੰਮ ਪੂਰੀ ਮਾਤਰਾ ਵਿਚ ਨਹੀਂ ਕਰਵਾਏ ਜਾਂਦੇ ਅਤੇ ਜਿਹੜੇ ਅੱਧ-ਪਚੱਧ ਕਰਵਾਏ ਵੀ ਜਾਂਦੇ ਹਨ ਉਹਨਾਂ ਲਈ ਰਾਖਵੀਆਂ ਰਕਮਾਂ ਵੀ ਹੜੱਪ ਲਈਆਂ ਜਾਂਦੀਆਂ ਹਨ ਅਤੇ ਇਹ ਕੰਮ ਹਰ ਸਾਲ ਹੀ ਖਤਮ ਹੋ ਜਾਂਦੇ ਹਨ। ਜੇਕਰ ਇਹ ਪਹਾੜ ਜੰਗਲਾਂ ਨਾਲ ਪੂਰੀ ਤਰ੍ਹਾਂ ਢੱਕੇ ਹੋਣ, ਭਾਵ ਉਪਰ ਦਰੱਖਤ, ਹੇਠਾਂ ਝਾੜੀਆਂ ਅਤੇ ਫਿਰ ਜ਼ਮੀਨ ਤੇ ਘਾਹ ਦੇ ਰੂਪ ਵਿਚ ਤਿੰਨ ਪੱਧਰੀ ਰੁਕਾਵਟਾਂ ਹੋਣ, ਤਾਂ ਨਾ ਬਾਰਸ਼ ਤਬਾਹੀ ਕਰ ਸਕੇਗੀ ਤੇ ਨਾ ਹੀ ਭੂਮੀ ਰੋੜ੍ਹ ਹੋਵੇਗਾ। ਇਸ ਨਾਲ ਹੜ੍ਹਾਂ ਦਾ ਖਤਰਾ ਤਾਂ ਲਗਭਗ ਖਤਮ ਹੀ ਹੋ ਜਾਵੇਗਾ ਕਿਉਂਕਿ ਬਾਰਸ਼ ਦਾ ਪਾਣੀ ਦਰੱਖਤਾਂ, ਝਾੜੀਆਂ, ਘਾਹ ਅਤੇ ਭੂਮੀ ਸੁਰੱਖਿਆ ਦੇ ਕੰਮਾਂ ਨਾਲ ਰੁਕ ਕੇ ਘੱਟ ਸਪੀਡ ਵਿਚ ਹੇਠਾਂ ਜਾਵੇਗਾ, ਜਿਹੜਾ ਰਿਸਕੇ ਕਾਫੀ ਜ਼ਮੀਨ ਵਿਚ ਚਲਾ ਜਾਵੇਗਾ ਅਤੇ ਇਹ ਪਹਾੜਾਂ ਉਪਰ ਭੂਮੀ ਰੋੜ੍ਹ ਵੀ ਨਹੀਂ ਕਰ ਸਕੇਗਾ। ਸਿੱਟੇ ਵਜੋਂ ਮੈਦਾਨੀ ਇਲਾਕਿਆਂ ਵਿਚ ਨਦੀਆਂ ਕਿਨਾਰੇ ਵਸੇ ਪਿੰਡਾਂ, ਇਹਨਾਂ ਦੇ ਦੁਆਲੇ ਦੀਆਂ ਉਪਜਾਊ ਜ਼ਮੀਨਾਂ ਅਤੇ ਸੜਕਾਂ ਵੀ ਤਬਾਹ ਹੋਣ ਤੋਂ ਬਚ ਜਾਣਗੀਆਂ।
ਸਾਡੇ ਗੁਵਾਂਢੀ ਦੇਸ਼ ਚੀਨ ਨੇ ਸਾਡੇ ਤੋਂ 2 ਵਰ੍ਹੇ ਪਿਛੋਂ ਆਜ਼ਾਦ ਹੋ ਕੇ ਜੰਗਲਾਂ ਦੀ ਸੰਭਾਲ ਤੇ ਨਵੇਂ ਜੰਗਲ ਲਾਉਣ ਵਿਚ ਰਿਕਾਰਡ ਤੋੜ ਤੇ ਕ੍ਰਿਸ਼ਮਈ ਕੰਮ ਕੀਤੇ ਹਨ ਅਤੇ ਕੁਦਰਤੀ ਆਫਤਾਂ 'ਤੇ ਵੱਡੀ ਹੱਦ ਤੱਕ ਕਾਬੂ ਪਾ ਲਿਆ ਹੈ। ਜੇ ਕਦੇ ਕੋਈ ਘਟਨਾ ਹੋਈ ਵੀ ਹੈ ਤਾਂ ਉਸ ਲਈ ਲੋੜੀਂਦੇ ਉਪਰਾਲੇ ਤੁਰੰਤ ਕੀਤੇ ਹਨ ਤੇ ਜਾਨੀ ਤੇ ਮਾਲੀ ਨੁਕਸਾਨ ਨੂੰ ਵੱਡੀ ਪੱਧਰ 'ਤੇ ਘਟਾ ਦਿੱਤਾ ਗਿਆ ਹੈ। ਜਪਾਨ ਵਿਚ ਹੋਏ ਵੱਡੇ ਹਾਦਸੇ ਨੂੰ ਜਿਵੇਂ ਸਰਕਾਰ ਤੇ ਲੋਕਾਂ ਨੇ ਨਜਿੱਠ ਕੇ ਨਥਿੱਆ ਉਹ ਵੀ ਸਾਡੇ ਸਾਹਮਣੇ ਹੈ। ਐਪਰ ਸਾਡੇ ਦੇਸ਼ ਦੀ ਸਰਕਾਰ ਤਾਂ ਦੁਨੀਆਂ ਦੇ ਸਭ ਤੋਂ ਵੱਡੇ ਧਾੜਵੀ ਅਮਰੀਕੀ ਸਾਮਰਾਜ ਦੀਆਂ ਨੀਤੀਆਂ 'ਤੇ ਚਲ ਰਹੀ ਹੈ ਅਤੇ ਦੇਸ਼ ਦੇ ਸਾਰੇ ਕੁਦਰਤੀ ਵਸੀਲੇ ਜੰਗਲ, ਜਲ, ਜ਼ਮੀਨ, ਖਾਨਾ ਆਦਿ ਬਦੇਸ਼ੀ ਲੁਟੇਰਿਆਂ ਦੇ ਹਵਾਲੇ ਕਰ ਰਹੀ ਹੈ। ਫਿਰ ਕੌਣ ਬਚਾਅ ਸਕਦਾ ਹੈ ਸਾਨੂੰ ਕੁਦਰਤੀ ਆਫਤਾਂ ਤੋਂ?
ਸਾਡੀ ਧਰਤੀ ਦੀ ਉਮਰ 450 ਕਰੋੜ ਸਾਲ ਹੈ ਅਤੇ ਮਨੁੱਖ ਦੀ ਆਮਦ 20 ਲੱਖ ਸਾਲ ਤੋਂ ਹੈ। ਖੇਤੀਬਾੜੀ ਤਾਂ ਕੇਵਲ 10-12000 ਸਾਲ ਤੋਂ ਹੈ। ਖੇਤੀਬਾੜੀ ਅਤੇ ਸ਼ਹਿਰੀਕਰਨ ਤੋਂ ਪਹਿਲਾਂ ਅਤੇ ਪਿਛੋਂ ਵੀ ਸਾਡੀ ਧਰਤੀ ਜੰਗਲਾਂ ਨਾਲ ਲੋੜੀਂਦੀ ਮਾਤਰਾ ਵਿਚ ਢੱਕੀ ਹੋਈ ਸੀ। ਕੋਈ ਕੁਦਰਤੀ ਆਫਤ ਲਾਗੇ ਢੁਕਦੀ ਨਹੀਂ ਸੀ। ਪ੍ਰੰਤੂ ਪਿਛਲੇ 100 ਵਰ੍ਹਿਆਂ ਤੋਂ ਧਰਤੀ 'ਤੇ ਭਾਰੀ ਤਬਾਹੀ ਹੋਈ ਹੈ, ਜਿਸ ਦੇ ਸਿੱਟੇ ਵਜੋਂ ਅੱਜ ਕੁਦਰਤੀ ਆਫਤਾਂ ਦਾ ਬੋਲਬਾਲਾ ਹੋ ਗਿਆ ਹੈ ਤੇ ਧਰਤੀ ਦੀ ਹੋਂਦ ਤੇ ਮਨੁੱਖ ਜਾਤੀ ਦੀ ਹੋਂਦ ਨੂੰ ਪੂਰਾ ਖਤਰਾ ਦਰਪੇਸ਼ ਹੈ। ਮਾਹਰਾਂ ਦਾ ਅਨੁਮਾਨ ਹੈ ਕਿ ਜੇਕਰ ਪਿਛਲੇ 100 ਵਰ੍ਹਿਆਂ ਦੀ ਤਬਾਹੀ ਵਾਲਾ ਮੁਹਾਣ 50 ਵਰ੍ਹੇ ਵੀ ਹੋਰ ਰਹਿ ਗਿਆ ਤਾਂ ਫਿਰ ਇਹ ਪਲੈਨਟ ਬਚਾਉਣਾ ਮੁਸ਼ਕਲ ਹੋ ਜਾਵੇਗਾ। ਮਾਹਰਾਂ ਦੀ ਇਹ ਵੀ ਰਾਇ ਹੈ ਕਿ ਕੁਦਰਤ ਦਾ ਸੰਤੁਲਨ ਕਾਇਮ ਰੱਖਣ ਲਈ ਧਰਤੀ ਦੇ ਇਕ ਤਿਹਾਈ ਹਿੱਸੇ ਤੇ ਭਰਪੂਰ ਵਣਾਂ ਦਾ ਹੋਣਾ ਬਹੁਤ ਲਾਜ਼ਮੀ ਹੈ, ਜਿਸ ਨਾਲ ਧਰਤੀ ਦਾ ਤਬਾਹ ਹੋ ਰਿਹਾ ਪਰਿਆਵਰਨ ਵੀ ਬਚੇਗਾ ਤੇ ਕੁਦਰਤੀ ਆਫਤਾਂ ਤੋਂ ਵੀ ਬਚਾਅ ਰਹੇਗਾ। ਐਪਰ ਮਾਹਰਾਂ ਦੀ ਇਸ ਰਾਇ ਦੀ ਉੱਕਾ ਹੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ ਤੇ ਜੰਗਲਾਂ ਹੇਠੋਂ ਰਕਬਾ ਲਗਾਤਾਰ ਘੱਟ ਰਿਹਾ ਹੈ।
ਉਤਰਾਆਂਚਲ ਤੇ ਹਿਮਾਚਲ 'ਚ ਹੋਈ ਇਸ ਤਬਾਹੀ ਪਿਛੋਂ ਪਹਾੜ ਸਾਨੂੰ ਪੁਕਾਰ ਪੁਕਾਰ ਕੇ ਕਹਿ ਰਹੇ ਹਨ ਕਿ, ''ਸਾਨੂੰ ਬਚਾਓ, ਜੰਗਲ ਬਚਾਓ, ਨਹੀਂ ਤਾਂ ਤੁਸੀਂ ਵੀ ਨਹੀਂ ਬਚ ਸਕੋਗੇ।'' ਹੁਣ ਹੋਰ ਦੇਰ ਕਰਨੀ ਆਪਣੀ ਹੋਂਦ ਨੂੰ ਖਤਰਾ ਪੇਸ਼ ਕਰਨ ਦੇ ਤੁਲ ਹੋਵੇਗਾ ਅਤੇ ਸਰਕਾਰ ਤੇ ਦਬਾਅ ਪਾ ਕੇ ਜੰਗਲਾਂ ਤੇ ਪਰਿਆਵਰਨ ਦੀ ਰਾਖੀ ਲਈ ਇਕ ਲੰਮੇ ਸਮੇਂ ਦੀ ਸਰਬੰਗੀ ਨੀਤੀ ਬਣਾਉਣੀ ਹੋਵੇਗੀ ਤੇ ਉਸ ਨੂੰ ਧਾਰਮਕ ਇਸ਼ਟ ਵਾਂਗ ਲਾਗੂ ਕਰਨਾ ਹੋਵੇਗਾ। ਅਜਿਹਾ ਨਾ ਕਰਨ ਦੇ ਸਿੱਟੇ ਅਣਕਿਆਸੇ ਤੇ ਸਿਰੇ ਦੇ ਤਬਾਹਕੁੰਨ ਹੋਣਗੇ। ਜੰਗਲ ਰਾਤੋ ਰਾਤ ਨਹੀਂ ਉਗਾਏ ਜਾ ਸਕਦੇ ਇਸ ਲਈ ਹੁਣ ਹੀ ਜੁਟਣਾ ਹੋਵੇਗਾ ਨਹੀਂ ਤਾਂ ਫਿਰ ਕਦੇ ਵੀ ਨਹੀਂ। ਮਨੁੱਖ ਜਾਤੀ ਦੀ ਹੋਂਦ ਲਈ ਇਹ ਕੰਮ ਜਨ ਚੇਤਨਾ ਤੇ ਜਨ ਸਮੂਹਾਂ ਦੀ ਸ਼ਮੂਲੀਅਤ ਨਾਲ ਹੀ ਸਫਲ ਹੋ ਸਕਦਾ ਹੈ।
- ਬੋਧ ਸਿੰਘ ਘੁੰਮਣ
No comments:
Post a Comment