ਛੱਜੂ ਰਾਮ ਰਿਸ਼ੀ
ਸੰਨ 2013 ਵਿੱਚ, ਇੱਕ ਪ੍ਰਾਈਵੇਟ ਕੰਪਨੀ ਵਲੋਂ ਪਿੰਡ ਗੋਬਿੰਦਪੁਰਾ ਜਿਲ੍ਹਾ ਮਾਨਸਾ ਵਿਖੇ ਸਥਾਪਤ ਕੀਤੇ ਜਾਣ ਵਾਲੇ ਤਾਪ ਬਿਜਲੀ ਘਰ ਵਾਸਤੇ, ਪੰਜਾਬ ਸਰਕਾਰ ਵਲੋਂ ਗੋਬਿੰਦਪੁਰਾ ਦੇ ਆਸ-ਪਾਸ ਦੇ ਪਿੰਡਾਂ ਦੀ 1237 ਏਕੜ, ਵਾਹੀਯੋਗ ਜ਼ਮੀਨ, ਕਿਸਾਨਾਂ ਦੀ ਮਰਜ਼ੀ ਤੋਂ ਬਗੈਰ, ਜਬਰਦਸਤੀ ਅਕੁਵਾਇਰ ਕਰਕੇ ਦੇਣ ਦੇ ਖਿਲਾਫ, ਮਜ਼ਦੂਰ-ਕਿਸਾਨਾਂ ਦੀਆਂ 17 ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਇਸ ਸਮੇਂ ਹੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਬੁਲਾਰਿਆਂ ਵਲੋਂ, ਇਹ ਗੱਲ ਬੜੇ ਜ਼ੋਰਦਾਰ ਢੰਗ ਨਾਲ ਉਠਾਈ ਗਈ ਸੀ ਕਿ ਬਠਿੰਡਾ-ਮਾਨਸਾ ਜ਼ਿਲ੍ਹਿਆਂ ਵਿੱਚ ਪਹਿਲਾਂ ਹੀ ਚਲ ਰਹੇ ਬਠਿੰਡਾ ਥਰਮਲ ਪਲਾਂਟ, ਲਹਿਰਾ-ਮੁਹੱਬਤ ਥਰਮਲ ਪਲਾਂਟ, ਲੱਗ ਰਹੀ ਰਿਫਾਇਨਰੀ (ਖਾਰੀ ਫੁੱਲੋ ਵਿਖੇ), ਬਣਾਂਵਾਲੀ ਥਰਮਲ ਪਲਾਂਟ, ਗਿੱਦੜਵਾਹਾ ਥਰਮਲ ਪਲਾਂਟ ਅਤੇ ਗੋਬਿੰਦਪੁਰਾ ਥਰਮਲ ਪਲਾਂਟ ਦੇ ਚਾਲੂ ਹੋਣ ਅਤੇ ਇਨ੍ਹਾਂ ਵਿੱਚ ਹਰ ਰੋਜ ਬਲਣ ਵਾਲੇ ਹਜ਼ਾਰਾਂ ਟਨ ਕੋਇਲੇ ਦੀ ਗਰਮੀ ਕਾਰਣ, ਇਨ੍ਹਾਂ ਜਿਲ੍ਹਿਆਂ ਵਿੱਚ ਤਾਪਮਾਨ ਵੱਧ ਜਾਵੇਗਾ। ਇਨ੍ਹਾਂ ਤੋਂ ਪੈਦਾ ਹੋਣ ਵਾਲੇ ਧੂੰਏ ਅਤੇ ਜਹਿਰੀਲੀਆਂ ਗੈਸਾਂ ਦੇ ਹਵਾ ਅਤੇ ਪਾਣੀ ਵਿੱਚ ਮਿਲਣ ਕਾਰਨ ਹਵਾ ਅਤੇ ਪਾਣੀ ਪ੍ਰਦੂਸ਼ਿਤ ਹੋ ਜਾਣਗੇ। ਵਾਤਾਵਰਣ ਦੇ ਪ੍ਰਦੂਸ਼ਿਤ ਹੋ ਜਾਣ ਕਾਰਨ ਇਨਸਾਨਾਂ, ਜੀਵ-ਜੰਤੂਆਂ ਅਤੇ ਦਰਖਤਾਂ ਤਕ ਦਾ ਜੀਵਨ ਖਤਰੇ ਵਿੱਚ ਪੈ ਜਾਵੇਗਾ। ਅਲਰਜੀ, ਸਾਹ ਦੀਆਂ ਬੀਮਾਰੀਆਂ, ਕੈਂਸਰ, ਕਾਲਾ ਪੀਲੀਆ ਅਤੇ ਹੋਰ ਭਿਆਨਕ ਬੀਮਾਰੀਆਂ ਵਿੱਚ ਵਾਧਾ ਹੋ ਜਾਵੇਗਾ। ਉਸ ਸਮੇਂ ਭਾਵੇਂ ਸਰਕਾਰ ਨੇ ਅਤੇ ਸਬੰਧਿਤ ਲੋਕਾਂ ਨੇ, ਇਸ ਗੱਲ ਦਾ ਬਣਦਾ ਨੋਟਿਸ ਨਹੀਂ ਲਿਆ ਅਤੇ ਨਾਂ ਹੀ ਕੋਈ ਰੋਕਥਾਮ ਦੇ ਢੁੱਕਵੇਂ ਪ੍ਰਬੰਧ ਕੀਤੇ।
ਪ੍ਰੰਤੂ ਰਿਫਾਇਨਰੀ ਦੇ ਚਾਲੂ ਹੋਣ ਤੋਂ ਕੁਝ ਅਰਸੇ ਬਾਅਦ ਹੀ ਇਸ ਦੇ ਭਿਆਨਕ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਇਨ੍ਹਾਂ ਪ੍ਰੋਜੈਕਟਾਂ ਦੇ ਨਾਲ ਲਗਦੇ ਪਿੰਡ ਹੀ ਨਹੀਂ ਸਗੋਂ ਲਗਭਗ ਸਾਰੇ ਹੀ ਪਿੰਡਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਕੈਂਸਰ, ਕਾਲਾ-ਪੀਲੀਆ ਅਤੇ ਹੋਰ ਭਿਆਨਕ ਰੋਗਾਂ ਦੇ ਸ਼ਿਕਾਰ ਹੋ ਗਏ ਹਨ। ਪਿਛਲੇ ਦਿਨੀਂ ਆਈ ਇੱਕ ਸਰਵੇ ਰਿਪੋਰਟ ਅਨੁਸਾਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਇਕੱਲੇ ਕੈਂਸਰ ਨਾਲ ਹਰ ਰੋਜ 18 ਮੌਤਾਂ ਹੋ ਜਾਂਦੀਆਂ ਹਨ। ਬਠਿੰਡਾ ਤੋਂ ਹਰ ਰੋਜ, ਕੈਂਸਰ ਦੇ ਮਰੀਜ਼ਾਂ ਦੀ ਭਰੀ ਇੱਕ ਗੱਡੀ ਬੀਕਾਨੇਰ ਜਾਂਦੀ ਹੈ (ਇਸ ਗੱਡੀ ਦਾ ਨਾਂ ਹੀ ਕੈਂਸਰ ਟਰੇਨ ਪੈ ਗਿਆਂ ਹੈ)। ਕਾਲਾ ਪੀਲੀਆ ਮਹਾਂਮਾਰੀ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਚਮੜੀ ਅਤੇ ਸਾਹ ਦੇ ਕਿਸੇ ਨਾ ਕਿਸੇ ਰੋਗ ਤੋਂ ਲਗਭਗ ਹਰ ਆਦਮੀ ਪੀੜਿਤ ਹੈ। ਫੈਕਟਰੀਆਂ 'ਚੋਂ ਨਿਕਲਦੇ ਰਸਾਇਣਾਂ ਦੀ ਰਹਿੰਦ-ਖੂਹੰਦ ਮਿਲੇ ਪਾਣੀ ਦੇ ਲਗਾਤਾਰ ਨਦੀਆਂ-ਨਾਲਿਆਂ (ਡਰੇਨਾਂ) ਅਤੇ ਨਹਿਰਾਂ ਵਿੱਚ ਸੁੱਟੇ ਜਾਣ ਕਾਰਨ, ਇਸ ਵਿੱਚ ਮਿਲ ਰਹੇ ਸ਼ਹਿਰਾਂ ਦੇ ਸੀਵਰੇਜ ਦੇ ਗੰਦ ਕਾਰਣ, ਰਿਫਾਇਨਰੀ, ਥਰਮਲ ਪਲਾਟਾਂ ਵਿਚੋਂ ਨਿਕਲਦੇ ਧੂੰਏਂ ਅਤੇ ਸੁਆਹ (ਰਾਖ) ਦੇ ਵਿਚ ਮਿਲਦੇ ਰਹਿਣ ਕਾਰਨ, ਇਨ੍ਹਾਂ ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਮੁਕੰਮਲ ਤੌਰ 'ਤੇ ਪ੍ਰਦੂਸ਼ਿਤ ਹੋ ਚੁੱਕਿਆ ਹੈ। ਲੋਕਾਂ ਨੂੰ ਪੀਣ ਯੋਗ ਸਾਫ ਪਾਣੀ ਨਾਂ ਮਿਲਣ ਕਾਰਨ ਇਹ ਜ਼ਹਿਰ ਮਿਲਿਆ ਪਾਣੀ ਪੀਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਦੁਧਾਰੂ ਪਸ਼ੂਆਂ ਵਲੋਂ ਪ੍ਰਦੂਸ਼ਿਤ ਪਾਣੀ ਪੀਣ ਕਾਰਨ, ਇਨ੍ਹਾਂ ਦੇ ਦੁੱਧ ਵਿੱਚ ਵੀ ਇਹ ਘਾਤਕ ਤੱਤ ਪ੍ਰਵੇਸ਼ ਕਰ ਜਾਂਦੇ ਹਨ। ਇਥੋਂ ਤੱਕ ਕਿ ਮਾਂਵਾਂ ਦੇ ਦੁੱਧ ਵੀ ਸੁਰੱਖਿਅਤ ਨਹੀਂ ਰਹੇ। ਦੂਸਰੇ ਪਾਸੇ ਆਦਮਖੋਰ ਕਾਰਪੋਰੇਟ ਘਰਾਣੇ ਅਤੇ ਕਾਰਖਾਨੇਦਾਰ, ਚੰਦ ਛਿੱਲੜਾਂ ਦੀ ਬਚਤ ਕਾਰਨ, ਕਾਰਖਾਨਿਆਂ/ ਪ੍ਰੋਜੈਕਟਾਂ ਵਿੱਚ ਟਰੀਟਸੈਂਟ ਪਲਾਂਟ ਲਾ ਕੇ, ਪਾਣੀ ਸਾਫ ਕਰਕੇ, ਨਹਿਰਾਂ, ਨਾਲਿਆਂ ਵਿੱਚ ਪਾਉਣ ਦੀ ਥਾਂ, ਇਹ ਗੰਦ ਸਿੱਧਾ ਹੀ ਨਾਲਿਆਂ ਵਿੱਚ ਸੁੱਟੀ ਜਾ ਰਹੇ ਹਨ। ਇਸ ਇਲਾਕੇ ਵਿੱਚ ਵੱਗਦੀ ਘੱਗਰ ਨਦੀ (ਨਾਲੀ) ਇਸ ਦਾ ਉਘੜਵਾਂ ਉਦਾਹਰਣ ਹੈ। ਇਹ ਲੋਕ ਦੁਸ਼ਮਣ, ਆਮ ਲੋਕਾਂ ਅਤੇ ਜੀਵ-ਜੰਤੂਆਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ। ਇਨ੍ਹਾਂ, ਦਰਿੰਦਿਆਂ ਖਿਲਾਫ, ਕੋਈ ਸਰਕਾਰ ਕਾਰਵਾਈ ਕਰਨ ਨੂੰ ਤਿਆਰ ਨਹੀਂ। ਮਨੁੱਖਤਾਂ ਦੇ ਕਾਤਲ ਸਮਾਜ ਵਿੱਚ ਸਨਮਾਨਤ ਵਿਅਕਤੀ ਬਣਕੇ ਘੁੰਮਦੇ ਹਨ ਕਿਉਂਕਿ ਇਨ੍ਹਾਂ ਦੀ ਸਰਕਾਰੇ ਦਰਬਾਰੇ ਪਹੁੰਚ ਹੈ। ''ਸਈਆਂ ਭਲੇ ਕੋਤਵਾਲ ਤੋਂ ਡਰ ਕਾਹੇ ਕਾ'' ਦੀ ਕਹਾਵਤ ਇਨ੍ਹਾਂ 'ਤੇ ਪੂਰੀ ਤਰ੍ਹਾਂ ਢੁੱਕਦੀ ਹੈ। ਲੋਕ ਚਾਹੇ ਜਿਊਣ, ਚਾਹੇ ਮਰਨ ਇਹਨਾਂ ਨੂੰ ਕੀ? ਕਿਉਂਕਿ ਇਨ੍ਹਾਂ ਦਾ ਮਤਲਬ ਤਾਂ ਸਿਰਫ ਆਪਣੀ ਤਿਜੌਰੀਆਂ ਭਰਨ ਨਾਲ ਹੈ।
ਪ੍ਰੰਤੂ ਹੁਣ ਲੋਕ ਇਸ ਵਰਤਾਰੇ ਪ੍ਰਤੀ ਸੁਚੇਤ ਹੋ ਰਹੇ ਹਨ ਅਤੇ ਇਸ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰ ਰਹੇ ਹਨ। ਪਿਛਲੇ ਦਿਨੀਂ ਪਿੰਡ ਕਣਕਵਾਲ ਅਤੇ ਫੁੱਲੋ-ਖਾਰੀ ਦੇ ਸਮੁੱਚੇ ਲੋਕਾਂ ਵਲੋਂ ਰਿਫਾਇਨਰੀ ਦੇ ਗੇਟ ਅੱਗੇ, ਰੇਲਵੇ ਲਾਇਨ ਉਪਰ ਧਰਨਾ ਲਾ ਕੇ, ਪੰਜਾਬ ਦੇ ਚੀਫ-ਸਕੱਤਰ ਨੂੰ ਖੁਦ ਚੱਲਕੇ ਆ ਕੇ, ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਮਜ਼ਬੂਰ ਕਰ ਦੇਣਾ ਇਸ ਦਾ ਸਬੂਤ ਹੈ। ਕਿਉਂਕਿ ਪਿਛਲੇ ਦਿਨੀਂ ਰਿਫਾਇਨਰੀ ਦੇ ਸਲਫਰ ਪਲਾਂਟ ਵਿੱਚ ਧਮਾਕਾ ਹੋ ਗਿਆ ਸੀ ਜਿਸ ਕਾਰਨ ਲੱਗੀ ਭਿਆਨਕ ਅੱਗ ਕਾਰਨ ਆਸ-ਪਾਸ ਦੇ ਪਿੰਡਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਡਰ ਦਾ ਵਾਤਾਵਰਣ ਬਣ ਗਿਆ। ਅੱਗ 'ਤੇ ਤਾਂ ਭਾਵੇਂ ਛੇਤੀ ਹੀ ਕਾਬੂ ਪਾ ਲਿਆ ਗਿਆ ਪਰ ਧਮਾਕੇ ਦੀ ਕੋਈ ਸੂਚਨਾਂ, ਲੋਕਾਂ ਨੂੰ ਨਾ ਦੇਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ। ਅਤੇ ਦੋਵਾਂ ਪਿੰਡਾਂ ਦੇ ਲੋਕਾਂ ਨੇ ਪੰਚਾਇਤ ਦੀ ਅਗਵਾਈ ਵਿੱਚ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ । ਲੋਕ ਮੰਗ ਕਰ ਰਹੇ ਸਨ ਕਿ ਸਾਡੇ ਪਿੰਡਾਂ ਨੂੰ ਮੌਜੂਦਾ ਥਾਂ ਤੋਂ ਉਜਾੜ ਕੇ ਕਿਸੇ ਢੁੱਕਵੀ ਸੁਰੱਖਿਅਤ ਥਾਂ ਤੇ ਵਸਾਇਆ ਜਾਵੇ।
ਭੈਅ ਤੇ ਸਹਿਮ ਏਨਾ ਸੀ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਆਪਣੇ ਬੱਚੇ ਤਕ ਰਿਸ਼ਤੇਦਾਰੀਆਂ ਵਿੱਚ ਭੇਜ ਦਿੱਤੇ ਅਤੇ 7 ਦਿਨ ਲਗਾਤਾਰ ਧਰਨਾ ਜਾਰੀ ਰੱਖਿਆ ਅਤੇ ਪੰਜਾਬ ਸਰਕਾਰ ਨੂੰ, ਚੀਫ ਸਕੱਤਰ ਨੂੰ ਭੇਜ ਕੇ, ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਮਜ਼ਬੂਰ ਕਰ ਦਿੱਤਾ। ਅਖ਼ਬਾਰਾਂ ਅਨੁਸਾਰ ਚੀਫ ਸਕੱਤਰ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਅਤੇ ਪਿੰਡਾਂ ਨੂੰ ਢੁੱਕਵੀ ਥਾਂ ਵਸਾਉਣ ਲਈ ਛੇਤੀ ਪ੍ਰੋਜੈਕਟ ਬਣਾਉਣ ਦਾ ਵਿਸ਼ਵਾਸ਼ ਦਿਵਾਇਆ ਹੈ। ਪ੍ਰੰਤੂ ਇਹ ਸਮੱਸਿਆ ਇਕੱਲੇ ਕਣਕਵਾਲ ਜਾਂ ਫੁੱਲੋਖਾਰੀ ਦੇ ਲੋਕਾਂ ਦੀ ਹੀ ਨਹੀਂ ਹੈ ਸਗੋਂ ਇਹ ਸਮੱਸਿਆ ਤਾਂ ਦੋਵਾਂ ਜ਼ਿਲ੍ਹਿਆਂ ਵਿੱਚ ਵੱਸਦੇ ਸਮੁੱਚੇ ਲੋਕਾਂ ਦੀ ਹੈ। ਕਿਉਂਕਿ ਇਨ੍ਹਾਂ ਥਰਮਲਾਂ ਅਤੇ ਰਿਫਾਇਨਰੀ ਦੇ ਧੂੰਏ ਅਤੇ ਸੁਆਹ ਨਾਲ ਫੈਲ ਰਹੀਆਂ ਬੀਮਾਰੀਆਂ ਅਤੇ ਧਰਤੀ ਹੇਠਲੇ ਪ੍ਰਦੂਸ਼ਿਤ ਪਾਣੀ ਨਾਲ ਫੈਲਣ ਵਾਲੀਆਂ ਬੀਮਾਰੀਆਂ ਤਾਂ ਸਮੁੱਚੇ ਮਾਲਵਾ ਖੇਤਰ ਨੂੰ ਹੀ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ। ਇਸ ਲਈ ਇਸ ਸਥਿਤੀ ਵਿੱਚ ਸੁਧਾਰ ਲਈ, ਸਾਰਿਆਂ ਨੂੰ ਮਿਲਕੇ ਜ਼ੋਰਦਾਰ ਸੰਘਰਸ਼ ਕਰਨ ਦੀ ਲੋੜ ਹੈ ਅਤੇ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਹੈ ਕਿ :
(1) ਲੋਕਾਂ ਨੂੰ ਪੀਣ-ਯੋਗ ਸਾਫ ਪਾਣੀ, ਮੁਫਤ ਮੁਹੱਈਆ ਕਰਵਾਇਆ ਜਾਵੇ।
(2) ਸਮੇਂ-ਸਮੇਂ ਤੇ ਲੋਕਾਂ ਲਈ ਮੁਫਤ ਮੈਡੀਕਲ ਚੈਕਅੱਪ ਕੈਂਪ ਲਾਏ ਜਾਣ।
(3) ਲੋਕਾਂ ਨੂੰ ਮੁਫਤ ਮੈਡੀਕਲ ਸਹਾਇਤਾ ਉਪਲੱਬਧ ਕਰਵਾਈ ਜਾਵੇ।
(4) ਇਲਾਕੇ ਵਿੱਚ ਘੱਟੋ-ਘੱਟ ਇੱਕ ਸਰਕਾਰੀ ਹਸਪਤਾਲ ਖੋਲ੍ਹਿਆ ਜਾਵੇ ਜਿਥੇ ਕੈਂਸਰ ਦੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾਵੇ।
(5) ਨਦੀਆਂ, ਨਾਲਿਆਂ ਅਤੇ ਨਹਿਰਾਂ ਵਿੱਚ, ਸਾਫ ਕੀਤੇ ਬਗੈਰ ਪਾਣੀ ਸੁੱਟਣ 'ਤੇ ਸਖ਼ਤੀ ਨਾਲ ਪਾਬੰਦੀ ਲਾਈ ਜਾਵੇ।
(6) ਹਵਾ, ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਪੁਖਤਾ ਪ੍ਰਬੰਧ ਕੀਤੇ ਜਾਣ।
(7) ਘੱਗਰ ਸਮੇਤ ਸਮੁੱਚੇ ਦਰਿਆਵਾਂ ਦੀ ਸਫਾਈ ਕਰਵਾਈ ਜਾਵੇ।
(ਸੰਗਰਾਮੀ ਲਹਿਰ - ਜੂਨ 2013)
No comments:
Post a Comment