ਮੰਗਤ ਰਾਮ ਪਾਸਲਾ
15 ਅਗਸਤ ਨੂੰ ਦਿੱਲੀ ਦੇ ਲਾਲ ਕਿਲੇ ਉਪਰ ਭਾਰਤ ਦੇ ਪ੍ਰਧਾਨ ਮੰਤਰੀ ਨੇ 66ਵੀਂ ਵਾਰ ਤਿਰੰਗਾ ਝੰਡਾ ਝੁਲਾਉਣ ਦੀ ਨੀਰਸ ਰਸਮ ਪੂਰੀ ਕਰਨੀ ਹੈ। ਉਹ ਵੀ ਉਸ ਸਰਕਾਰ ਦੇ ਪ੍ਰਧਾਨ ਮੰਤਰੀ ਨੇ, ਜਿਸ ਨੇ ਆਪਣੇ ਕਾਰਜ ਕਾਲ ਵਿਚ ਦੇਸ਼ ਦੀ ਆਜ਼ਾਦੀ ਲਈ ਜੂਝਣ ਤੇ ਜਾਨਾਂ ਵਾਰਨ ਵਾਲੇ ਲੱਖਾਂ ਦੇਸ਼ ਭਗਤਾਂ ਦੇ ਆਜ਼ਾਦੀ, ਬਰਾਬਰਤਾ ਅਤੇ ਹਕੀਕੀ ਜਮਹੂਰੀਅਤ ਵਾਲਾ ਸਾਸ਼ਨ ਸਥਾਪਤ ਕਰਨ ਦੇ ਸੁਪਨੇ ਲੀਰੋ ਲੀਰ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਵੀ ਉਹ ਹੈ ਜਿਸਨੇ ਕਦੀ ਲੋਕਾਂ ਰਾਹੀ ਸਿੱਧੇ ਰੂਪ ਵਿਚ ਚੁਣੇ ਜਾਣ 'ਤੇ ਇਹ ਅਹੁਦਾ ਹਾਸਲ ਨਹੀਂ ਕੀਤਾ ਬਲਕਿ ਅਸਿੱਧੇ ਢੰਗ ਨਾਲ, (ਅਸਾਮ ਦੇ ਅਸੈਂਬਲੀ ਮੈਂਬਰਾਂ ਦੀਆਂ ਵੋਟਾਂ ਰਾਹੀਂ ਰਾਜ ਸਭਾ ਦੇ ਮੈਂਬਰ ਬਣਕੇ), ਸਾਰੀਆਂ ਲੋਕ ਰਾਜੀ ਤੇ ਸੰਵਿਧਾਨਕ ਪਰੰਪਰਾਵਾਂ ਛਿੱਕੇ ਟੰਗ ਕੇ ਇਹ ਪਦਵੀ ਹਥਿਆਈ ਹੈ। ਇਸ ਲਈ ਜਦੋਂ ਵੀ ਪ੍ਰਧਾਨ ਮੰਤਰੀ ਪਾਰਲੀਮੈਂਟ ਜਾਂ ਇਸਤੋਂ ਬਾਹਰ ਆਪਣੀਆਂ ਮਸਕਰੀ ਅੱਖਾਂ ਨਾਲ ਆਪਣੀ ਸਰਕਾਰ ਦੀਆਂ ਨੀਤੀਆਂ ਅਤੇ 'ਪ੍ਰਾਪਤੀਆਂ' ਗਿਣਾ ਰਿਹਾ ਹੁੰਦਾ ਹੈ ਤਦ ਇੰਝ ਜਾਪਦਾ ਹੈ ਜਿਵੇਂ ਉਹ ਭਾਰਤੀ ਲੋਕਾਂ (ਜਿਨ੍ਹਾਂ ਦਾ ਉਹ ਨੁਮਾਇੰਦਾ ਹੀ ਨਹੀਂ ਹੈ) ਨਾਲੋਂ ਜ਼ਿਆਦਾ ਸਾਮਰਾਜੀ ਆਕਿਆਂ ਨੂੰ ਸੰਬੋਧਤ ਹੋ ਰਿਹਾ ਹੋਵੇ। ਅਜੋਕੀ ਕੇਂਦਰੀ ਸਰਕਾਰ ਦੀ ਨੀਤੀ ਦਾ ਹਰ ਹਿੱਸਾ ਸਾਮਰਾਜ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਵਾਲਾ ਅਤੇ ਜਨ ਸਧਾਰਣ ਉਪਰ ਵਧੇਰੇ ਆਰਥਿਕ ਬੋਝ ਲੱਦਣ ਵਾਲਾ ਹੁੰਦਾ ਹੈ।
15 ਅਗਸਤ ਨੂੰ ਦੇਸ਼ ਦੀ ਤਰੱਕੀ ਬਾਰੇ ਉਹੀ ਪੁਰਾਣੇ ਘਸੇ ਪਿਟੇ ਤੇ ਥੋਥੇ ਦਾਅਵੇ ਕੀਤੇ ਜਾਣਗੇ, ਭਵਿੱਖ ਲਈ ਹਵਾਈ ਤੇ ਫੁਕਰੇ ਵਾਅਦੇ ਹੋਣਗੇ ਅਤੇ ਨਿਪੁੰਸਕ ਦੇਸ਼ ਭਗਤੀ ਨਾਲ ਲਿਬਰੇਜ਼ 'ਜੈ ਹਿੰਦ' ਦੇ ਉਕਾਊ ਨਾਅਰੇ ਲਗਾਏ ਜਾਣਗੇ, ਲਾਲ ਕਿਲੇ ਦੀ ਫਸੀਲ ਤੋਂ। ਸਰੋਤੇ ਹੋਣਗੇ ਕੇਂਦਰੀ ਸਰਕਾਰ ਦੇ ਦਰਬਾਰੀ, ਕਾਰਪੋਰੇਟ ਘਰਾਣਿਆਂ ਦੇ ਬੁਲਾਰੇ, ਕੁਕਰਮੀ ਢੰਗਾਂ ਨਾਲ ਚੋਣਾਂ ਜਿੱਤ ਕੇ ਬਣੇ ਹਾਕਮ ਧਿਰ ਦੇ ਸਾਂਸਦ ਅਤੇ ਮੁੱਠੀ ਭਰ ਵਿਦੇਸ਼ੀ ਮਹਿਮਾਨ। ਇਸ ਤੋਂ ਬਿਨਾਂ ਤਿਹਾਏ ਤੇ ਹੁੰਮਸ ਦੀ ਤਪਸ਼ ਝੇਲ ਰਹੇ ਸਕੂਲੀ ਬਾਲ ਅਤੇ ਸਰਕਾਰੀ ਖਰਚਿਆਂ ਉਪਰ ਕੀਤੇ ਭਾੜੇ ਦੇ ਬੈਂਡ ਬਾਜੇ ਵਾਲੇ। ਇਸ ਸਭ ਰੌਲੇ ਗੌਲੇ ਵਿਚ ਦੇਸ਼ ਦਾ ਸਧਾਰਣ ਵਿਅਕਤੀ ਗਾਇਬ ਹੈ, ਜੋ ਗਰੀਬੀ, ਮਹਿੰਗਾਈ, ਬੇਕਾਰੀ, ਅਨਪੜ੍ਹਤਾ, ਕੁਪੋਸ਼ਣ ਅਤੇ ਤਰ੍ਹਾਂ ਤਰ੍ਹਾਂ ਦੀਆਂ ਮਾਰੂ ਬਿਮਾਰੀਆਂ ਦੀ ਜੂਨ ਹੰਢਾ ਰਿਹਾ ਹੈ। ਇਸ ਸਾਰੇ ਉਸ਼ਟੰਡ ਨੂੰ ਆਜ਼ਾਦੀ ਦਿਵਸ ਦੇ ਜਸ਼ਨਾਂ ਦਾ ਨਾਮ ਦਿੱਤਾ ਗਿਆ ਹੈ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਜਿਨ੍ਹਾਂ ਹੁਕਮਰਾਨਾਂ (ਕਾਂਗਰਸ, ਭਾਜਪਾ ਸਮੇਤ ਅਨੇਕਾਂ ਸਰਮਾਏਦਾਰ ਪਾਰਟੀਆਂ ਨਾਲ ਸੰਬੰਧਤ) ਨੇ ਦੇਸ਼ ਦੀ ਸੱਤਾ ਸੰਭਾਲੀ ਹੈ, ਉਨ੍ਹਾਂ ਦੀਆਂ ਨੀਤੀਆਂ ਸਦਕਾ ਭਾਵੇਂ ਦੇਸ਼ ਦਿਖਾਵੇ ਮਾਤਰ ਫਰੇਬੀ ਏਕਤਾ ਦੇ ਬੰਧਨਾਂ ਵਿਚ ਬੱਝਾ ਹੋਇਆ ਜਾਪਦਾ ਹੈ ਪ੍ਰੰਤੂ ਅੰਦਰੂਨੀ ਤੌਰ 'ਤੇ ਖਖੜੀਆਂ ਖਖੜੀਆਂ ਹੋਇਆ ਪਿਆ ਹੈ। ਅੰਗਰੇਜ਼ੀ ਸਾਮਰਾਜ ਵਿਰੁੱਧ ਲੜੇ ਗਏ ਆਜ਼ਾਦੀ ਦੇ ਸੰਗਰਾਮ ਵਿਚ ਭਾਰਤ ਦੇ ਲੋਕ, ਜੋ ਵੱਖ ਵੱਖ ਇਲਾਕਿਆਂ, ਰਿਆਸਤਾਂ, ਧਰਮਾਂ, ਬੋਲੀਆਂ, ਖਿੱਤਿਆਂ ਅਤੇ ਰਸਮਾਂ ਰਿਵਾਜਾਂ ਵਿਚ ਬੱਝੇ ਹੋਏ ਸਨ, ਸਾਰੀਆਂ ਵੱਟਾਂ ਬੰਨ੍ਹੇ ਤੋੜਕੇ ਇਕਮੁੱਠ ਹੋਏ ਸਨ। ਉਹ ਅੱਜ ਫੇਰ ਆਪਣੀਆਂ ਉਮੀਦਾਂ ਨੂੰ ਬੂਰ ਨਾ ਪੈਂਦਾ ਦੇਖ ਕੇ, ਏਕਤਾ ਦੇ ਸ਼ਾਹ ਰਾਹ ਤੋਂ ਪਰਾਂਹ ਹਟਕੇ ਪੰਗਡੰਡੀਆਂ ਉਪਰ ਤੁਰਦਿਆਂ ਆਪਣੀਆਂ ਹੋਣੀਆਂ ਦੀ ਤਲਾਸ਼ ਕਰਨ ਲੱਗ ਪਏ ਹਨ। ਦੇਸ਼ ਦੇ ਉਤਰ ਪੂਰਬੀ ਹਿੱਸੇ ਦੇ ਲੋਕ, ਸੁੰਦਰ ਕਸ਼ਮੀਰ ਵਾਦੀ ਦੇ ਵਸਨੀਕ ਅਤੇ ਕੇਂਦਰੀ ਭਾਰਤ ਦੇ ਜੰਗਲਾਂ ਵਿਚ ਜੀਵਨ ਬਤੀਤ ਕਰ ਰਹੇ ਆਦਿਵਾਸੀ ਆਪਣੇ ਆਪ ਨੂੰ ਦੇਸ਼ ਤੋਂ ਅਲੱਗ ਥਲੱਗ ਹੋਏ ਮਹਿਸੂਸ ਕਰ ਰਹੇ ਹਨ ਕਿਉਂਕਿ ਨਕਸ਼ੇ ਉਤੇ ਪ੍ਰਾਂਤਕ ਲਕੀਰਾਂ ਵਾਲਾ ਭਾਰਤ ਉਨ੍ਹਾਂ ਨੂੰ ਜੀਉਣ ਤੇ ਮਾਨਣ ਯੋਗ ਜ਼ਿੰਦਗੀ ਨਹੀਂ ਦੇ ਸਕਿਆ। ਨਾਲ ਹੀ ਮੌਜੂਦਾ ਢਾਂਚਾ ਉਨ੍ਹਾਂ ਉਪਰ ਨਿੱਤ ਨਵੇਂ ਦਿਨ ਮੁਸੀਬਤਾਂ ਤੇ ਜ਼ੁਲਮਾਂ ਦੇ ਪਹਾੜ ਲੱਦੀ ਜਾ ਰਿਹਾ ਹੈ। ਮੌਜੂਦਾ ਢਾਂਚਾ ਸਵੈਮਾਨ, ਆਜ਼ਾਦੀ, ਘਰਾਂ ਜੋਗੀ ਜਮੀਨ, ਰਜਵੀਂ ਰੋਟੀ, ਵਿੱਦਿਆ, ਸਿਹਤ ਸਹੂਲਤਾਂ ਵਰਗੀਆਂ ਬੁਨਿਆਦੀ ਮੰਗਾਂ ਲਈ ਜੂਝਣ ਵਾਲੇ ਇਨ੍ਹਾਂ ਖਿੱਤਿਆਂ ਦੇ ਲੋਕਾਂ ਨਾਲ ਭਾਰਤੀ ਫੌਜ ਤੇ ਹੋਰ ਅਰਧ ਸੈਨਿਕ ਬਲ, ਸਰਕਾਰੀ ਹਦਾਇਤਾਂ ਅਨੁਸਾਰ, ਦੇਸ਼ ਧ੍ਰੋਹੀਆਂ ਨਾਲ ਕੀਤਾ ਜਾਣ ਵਾਲਾ ਵਿਵਹਾਰ ਕਰਦੇ ਹਨ ਜਿਸਦੇ ਲਈ ਸਰਕਾਰ ਵਲੋਂ ਉਨ੍ਹਾਂ ਦੀ ਭਾਰੀ ਸ਼ਲਾਘਾ ਵੀ ਕੀਤੀ ਜਾਂਦੀ ਹੈ।
ਸਾਮਰਾਜ ਦੀ ਸ਼ਹਿ ਨਾਲ ਆਜ਼ਾਦੀ ਸੰਗਰਾਮ ਵਿਚ ਫੁੱਟ ਪਾਉਣ ਵਾਲੀਆਂ ਵੱਖ ਵੱਖ ਰੰਗਾਂ ਦੀਆਂ ਫਿਰਕੂ ਸ਼ਕਤੀਆਂ (ਆਰ.ਐਸ.ਐਸ., ਹਿੰਦੂ ਮਹਾਂ ਸਭਾ, ਮੁਸਲਿਮ ਲੀਂਗ ਇਤਿਆਦੀ) ਲੋਕਾਂ ਨੂੰ ਪਾੜ ਕੇ ਉਨ੍ਹਾਂ ਦੀ ਏਕਤਾ ਤੋੜਨ ਦਾ ਜੋ ਕੰਮ ਅੰਗਰੇਜ਼ੀ ਰਾਜ ਦੇ ਦੌਰ ਵਿਚ ਸਿਰੇ ਨਹੀਂ ਚਾੜ੍ਹ ਸਕੀਆਂ, ਅਜੋਕੇ ਹਾਕਮਾਂ ਦੇ ਲੋਕ ਦੋਖੀ ਤੇ ਦੇਸ਼ ਵਿਰੋਧੀ ਕਦਮਾਂ ਸਦਕਾ ਅੱਜ ਦੇਸ਼ ਦੇ ਹਰ ਕੋਨੇ ਵਿਚ ਹੁੜਦੰਗ ਮਚਾ ਰਹੀਆਂ ਹਨ। ਇਨ੍ਹਾਂ ਹਿਟਲਰਸ਼ਾਹੀ ਧਾਰਮਿਕ ਮੂਲਵਾਦੀ ਸ਼ਕਤੀਆਂ ਵਲੋਂ ਦੇਸ਼ ਦੀ ਰਾਜ ਸੱਤਾ ਦੀ ਵਾਗਡੋਰ ਸੰਭਾਲਣ ਦੇ ਸੰਭਾਵੀ ਖਤਰੇ ਨੂੰ ਵੀ ਘਟਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਫਿਰਕੂ, ਫਾਸ਼ੀਵਾਦੀ ਤੇ ਸਾਮਰਾਜ ਭਗਤ ਇਹ ਤਾਕਤਾਂ ਸਮੁੱਚੇ ਦੇਸ਼ ਨੂੰ ਆਰਥਿਕ, ਸਮਾਜਿਕ ਤੇ ਸਭਿਆਚਾਰਕ ਭਾਵ ਹਰ ਪੱਖ ਤੋਂ ਤਬਾਹ ਕਰਨ ਉਪਰ ਤੁਲੀਆਂ ਹੋਈਆਂ ਹਨ ਅਤੇ ਦੇਸ਼ ਦੇ ਜਮਹੂਰੀ ਤੇ ਧਰਮ ਨਿਰਪੱਖ ਤਾਣੇਬਾਣੇ ਦੇ ਜੜ੍ਹੀਂ ਤੇਲ ਦੇਣ ਲਈ ਹਰ ਪਾਪੜ ਵੇਲ ਰਹੀਆਂ ਹਨ। ਦੇਸ਼ ਦਾ ਰਾਜ ਭਾਗ ਚਲਾ ਰਹੇ ਰਾਜਨੀਤੀਵਾਨਾਂ ਦੀਆਂ ਲੋਕ ਵਿਰੋਧੀ ਤੇ ਗੈਰ ਜਮਹੂਰੀ ਨੀਤੀਆਂ ਅਤੇ ਜਨਤਾ ਵਿਚ ਪੈਰ ਪਸਾਰ ਰਹੀਆਂ ਧਾਰਮਕ ਕੱਟੜਵਾਦੀ ਤਾਕਤਾਂ ਦੀਆਂ ਫਿਰਕੂ ਤੇ ਹਿੰਸਕ ਕਾਰਵਾਈਆਂ ਦੇ ਮੱਦੇਨਜ਼ਰ ਦੇਸ਼ ਦੀਆਂ ਸਮੁੱਚੀਆਂ ਧਾਰਮਕ ਤੇ ਇਲਾਕਾਈ ਘੱਟ ਗਿਣਤੀਆਂ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦੀਆਂ ਹਨ?
ਦਲਿਤਾਂ, ਪਛੜੀਆਂ ਸ਼੍ਰੇਣੀਆਂ ਤੇ ਹੋਰ ਹੇਠਲੇ ਤਬਕਿਆਂ ਨਾਲ ਸੰਬੰਧਤ ਲੋਕ ਅੱਜ ਪਹਿਲੇ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਅਸੁਰੱਖਿਅਤ ਤੇ ਮੁਸੀਬਤਾਂ ਵਿਚ ਘਿਰੇ ਹੋਏ ਮਹਿਸੂਸ ਕਰਦੇ ਹਨ ਅਤੇ ਸਮਾਜਿਕ ਜਬਰ ਦਾ ਅਸਹਿ ਸੇਕ ਝੇਲ ਰਹੇ ਹਨ। ਨਵਉਦਾਰਵਾਦੀ ਨੀਤੀਆਂ ਦੇ ਲਾਗੂ ਹੋਣ ਨਾਲ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੇ ਦੌਰ ਵਿਚ ਸਰਕਾਰਾਂ ਵੱਲੋਂ ਭੁਖਮਰੀ ਵਰਗਾ ਜੀਵਨ ਬਤੀਤ ਕਰਨ ਦੇ ਸਮਰੱਥ ਬਣਾਈ ਰੱਖਣ ਲਈ ਦਿੱਤੀਆਂ ਜਾਂਦੀਆਂ ਨਿਗੂਣੀਆਂ ਤੇ ਗੈਰ ਤਸੱਲੀਬਖਸ਼ ਆਰਥਿਕ ਤੇ ਸਮਾਜਿਕ ਸਹੂਲਤਾਂ ਵੀ ਦਿਨੋਂ ਦਿਨ ਅਲੋਪ ਹੋ ਰਹੀਆਂ ਹਨ। ਵਿੱਤੀ ਪੂੰਜੀ ਦੇ ਦੌਰ ਵਿਚ ਗਲੇ ਸੜੇ ਤੇ ਨਿਘਾਰਗ੍ਰਸਤ ਪੱਛਮੀ ਸੱਭਿਆਚਾਰ ਦੀ ਆਮਦ ਕਰਕੇ ਦੇਸ਼ ਦੀਆਂ ਔਰਤਾਂ ਉਪਰ ਹੋਣ ਵਾਲੇ ਅੱਤਿਆਚਾਰਾਂ ਦੀ ਮਾਤਰਾ ਵਿਚ ਕਈ ਗੁਣਾਂ ਹੋਰ ਵਾਧਾ ਹੋ ਗਿਆ ਹੈ ਤੇ ਸਮੁੱਚਾ ਪ੍ਰਸ਼ਾਸਨ ਇਨ੍ਹਾਂ ਹੋ ਰਹੇ ਕੁਕਰਮਾਂ ਨੂੰ ਚੁੱਪਚਾਪ ਤਮਾਸ਼ਬੀਨ ਬਣਕੇ ਦੇਖੀ ਜਾ ਰਿਹਾ ਹੈ। ਦੇਸ਼ ਦਾ ਮੌਜੂਦਾ ਰਾਜਨੀਤਕ ਤੇ ਆਰਥਿਕ ਢਾਂਚਾ ਅਤੇ ਪ੍ਰਚਲਤ ਨਿਆਂਪ੍ਰਣਾਲੀ ਔਰਤਾਂ ਤੇ ਹੋਰ ਮਿਹਨਤਕਸ਼ ਲੋਕਾਂ ਉਪਰ ਹੋ ਰਹੇ ਜ਼ੁਲਮਾਂ ਨੂੰ ਰੋਕਣ ਵਿਚ ਅਸਫਲ ਸਿੱਧ ਹੋ ਰਹੇ ਹਨ; ਬਲਕਿ ਇਨ੍ਹਾਂ ਜ਼ੁਲਮਾਂ ਨੂੰ ਖਤਰਨਾਕ ਹੱਦ ਤੱਕ ਵਧਾਉਣ ਲਈ ਇਹ ਆਪ ਵੀ ਜ਼ਿੰਮੇਵਾਰ ਹਨ। ਸਿਰਫ ਇਕ ਹੱਦ ਤੱਕ ਕੁੱਝ ਤਸੱਲੀ ਵਾਲੀ ਗੱਲ ਇਹ ਹੈ ਕਿ ਹੁਣ ਜਨਸਮੂਹਾਂ ਦਾ ਚੌਖਾ ਭਾਗ ਇਸ ਅਨਿਆਂ ਵਿਰੁੱਧ ਸੜਕਾਂ ਉਪਰ ਨਿਕਲ ਕੇ ਵਿਰੋਧ ਕਰਨ ਦੇ ਰਾਹ ਤੁਰਨਾ ਸ਼ੁਰੂ ਹੋਇਆ ਹੈ।
ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਦੱਬੇ ਕੁਚਲੇ ਲੋਕਾਂ, ਮਜ਼ਦੂਰਾਂ, ਦਲਿਤਾਂ, ਆਦਿਵਾਸੀਆਂ, ਔਰਤਾਂ, ਗਰੀਬ ਕਿਸਾਨਾਂ ਨੇ ਆਪਣੇ ਅੰਦਰਲੀਆਂ ਸਾਰੀਆਂ ਤ੍ਰੇੜਾਂ ਨੂੰ ਮੇਟਦਿਆਂ ਹੋਇਆਂ ਅੰਗਰੇਜ਼ੀ ਸਾਮਰਾਜ ਵਿਰੁੱਧ ਫੌਲਾਦੀ ਏਕਤਾ ਉਸਾਰ ਕੇ ਸੁਤੰਤਰਤਾ ਸੰਗਰਾਮ ਵਿਚ ਹਿੱਸਾ ਲਿਆ ਸੀ, ਅੱਜ ਭਾਰਤੀ ਹੁਕਮਰਾਨਾਂ ਦੀਆਂ ਅਮੀਰਪੱਖੀ ਤੇ ਲੋਕ ਵਿਰੋਧੀ ਨੀਤੀਆਂ ਅਤੇ ਸਾਮਰਾਜੀ ਆਕਿਆਂ ਨਾਲ ਮਿਲੀਭੁਗਤ ਸਦਕਾ ਮਾਯੂਸ ਲਾਚਾਰ ਅਤੇ ਠੱਗੇ ਗਏ ਮਹਿਸੂਸ ਕਰ ਰਹੇ ਹਨ। ਫੁੱਟਪਾਊ ਤੇ ਵੰਡਵਾਦੀ ਸ਼ਕਤੀਆਂ ਇਸ ਸਥਿਤੀ ਦਾ ਲਾਹਾ ਲੈ ਕੇ ਮਿਹਨਤਕਸ਼ਾਂ ਵਿਚ ਫੁੱਟ ਦੇ ਬੀਜ ਬੀਜਕੇ ਉਨ੍ਹਾਂ ਦੀ ਏਕਤਾ ਤੇ ਭਰਾਤਰੀ ਭਾਵ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਦੇਸ਼ ਦੇ ਕਾਰਪੋਰੇਟ ਘਰਾਣੇ, ਭਰਿਸ਼ਟ ਹਾਕਮ ਤੇ ਵਿਦੇਸ਼ੀ ਲੁਟੇਰੀਆਂ ਸ਼ਕਤੀਆਂ ਇਨ੍ਹਾਂ ਪ੍ਰਸਥਿਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਹਨ।
ਧਿਆਨ ਨਾਲ ਦੇਖੀਏ ਕਿ 66 ਸਾਲਾਂ ਦੀ ਆਜ਼ਾਦੀ ਤੋਂ ਬਾਅਦ
ਦੇਸ਼ ਨੇ ਪੂੰਜੀਵਾਦੀ ਲੀਹਾਂ ਉਪਰ ਜੋ ਆਰਥਿਕ ਵਿਕਾਸ ਕੀਤਾ ਹੈ, ਉਸ ਕਾਰਨ ਗਰੀਬੀ ਤੇ ਅਮੀਰੀ ਦਾ ਪਾੜਾ ਹੋਰ ਕਿੰਨਾ ਵਧਿਆ ਹੈ। ਮੁੱਠੀ ਭਰ ਲੋਕ ਦੇਸ਼ ਦੀ ਧਨ ਦੌਲਤ ਦੇ ਮਾਲਕ ਬਣੀ ਬੈਠੇ ਹਨ ਤੇ 77 ਫੀਸਦੀ ਲੋਕ 20 ਰੁਪਏ ਪ੍ਰਤੀ ਦਿਨ ਆਮਦਨ ਉਪਰ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ।
ਸਾਮਰਾਜੀ ਸ਼ਕਤੀਆਂ, ਜਿਨ੍ਹਾਂ ਤੋਂ ਨਿਜਾਤ ਹਾਸਲ ਕਰਨ ਲਈ ਕਰੋੜਾਂ ਭਾਰਤੀਆਂ ਨੇ ਲਹੂਵੀਟਵਾਂ ਸੰਗਰਾਮ ਕਰਕੇ ਆਜ਼ਾਦੀ ਹਾਸਲ ਕੀਤੀ ਸੀ, ਅੱਜ ਫੇਰ ਭਾਰਤ ਨੂੰ ਹਰ ਖੇਤਰ ਵਿਚ ਆਪਣੇ ਅਧੀਨ ਕਰਨ ਲਈ ਯਤਨਸ਼ੀਲ ਹਨ ਤੇ ਭਾਰਤੀ ਹਾਕਮਾਂ ਦੀ ਮਿਲੀਭੁਗਤ ਰਾਹੀਂ ਇਸ ਮੰਤਵ ਵਿਚ ਕਾਫੀ ਹੱਦ ਤੱਕ ਕਾਮਯਾਬ ਹੋ ਰਹੀਆਂ ਹਨ।
ਸਧਾਰਨ ਲੋਕ ਲੱਕ ਤੋੜ ਮਹਿੰਗਾਈ, ਬੇਕਾਰੀ, ਭੁਖਮਰੀ, ਗਰੀਬੀ ਆਦਿ ਤੋਂ ਬੁਰੀ ਤਰ੍ਹਾਂ ਪੀੜਤ ਹਨ। 52% ਬੱਚੇ, ਕੁਪੋਸ਼ਨ ਦਾ ਸ਼ਿਕਾਰ ਹਨ।
ਨੌਜਵਾਨਾਂ ਦਾ ਵੱਡਾ ਤਬਕਾ ਵਿਦਿਆ ਤੇ ਰੁਜ਼ਗਾਰ ਪ੍ਰਾਪਤੀ ਤੋਂ ਮਹਿਰੂਮ ਹੋ ਕੇ ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਅਸਮਾਜਿਕ ਗਤੀਵਿਧੀਆਂ ਵਿਚ ਸ਼ਿਰਕਤ ਕਰ ਰਿਹਾ ਹੈ। ਨਸ਼ਾ-ਵਿਉਪਾਰ ਵਿਚ ਹੁਕਮਰਾਨਾਂ ਤੇ ਅਫਸਰਸ਼ਾਹੀ ਦੀ ਚਾਂਦੀ ਬਣੀ ਹੋਈ ਹੈ।
ਦੇਸ਼ ਦੀਆਂ ਧਾਰਮਕ ਤੇ ਦੂਸਰੀਆਂ ਘੱਟ ਗਿਣਤੀਆਂ ਅੰਦਰ ਹਰ ਖੇਤਰ ਵਿਚ ਵਿਤਕਰਾ ਤੇ ਅਨਿਆਂ ਹੋਣ ਕਾਰਨ ਭਾਰੀ ਬੇਗਾਨਗੀ ਦੀ ਭਾਵਨਾ ਪਾਈ ਜਾ ਰਹੀ ਹੈ।
ਔਰਤਾਂ ਉਪਰ ਅੱਤਿਆਚਾਰਾਂ ਦੀ ਇੰਤਹਾ ਹੋ ਗਈ ਹੈ। ਔਰਤਾਂ ਤੇ ਬੱਚਿਆਂ ਨਾਲ ਦਿਲ ਹਿਲਾ ਦੇਣ ਵਾਲੀਆਂ ਬਲਾਤਕਾਰ ਦੀਆਂ ਘਟਨਾਵਾਂ ਦਿਨ ਦਿਹਾੜੇ ਵਾਪਰ ਰਹੀਆਂ ਹਨ।
ਦਲਿਤਾਂ, ਆਦਿਵਾਸੀਆਂ, ਪਛੜੀਆਂ ਜਾਤੀਆਂ ਨਾਲ ਸੰਬੰਧਤ ਲੋਕ ਭਾਰੀ ਸਮਾਜਿਕ ਜਬਰ ਝੇਲਣ ਲਈ ਮਜ਼ਬੂਰ ਹਨ। ਉਨ੍ਹਾਂ ਨੂੰ ਜਲ, ਜੰਗਲ ਤੇ ਜ਼ਮੀਨ ਤੋਂ ਵਿਰਵੇ ਕਰਕੇ ਭੁੱਖੇ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਸਰਮਾਏਦਾਰੀ ਆਰਥਿਕ ਉਨਤੀ ਅਧੀਨ ਮੁਨਾਫੇ ਦੀ ਹੋੜ ਨੇ ਸਮੁੱਚੇ ਵਾਤਾਵਰਨ ਨੂੰ ਪ੍ਰਦੂਸ਼ਤ ਕਰ ਦਿੱਤਾ ਹੈ ਜਿਸਦੇ ਸਿੱਟੇ ਵਜੋਂ ਫੈਕਟਰੀਆਂ ਵਿਚੋਂ ਨਿਕਲਣ ਵਾਲੀਆਂ ਜਹਿਰੀਲੀਆਂ ਗੈਸਾਂ ਤੇ ਜ਼ਹਿਰੀਲੇ ਪਾਣੀ ਕਾਰਨ ਧਰਤੀ ਦੀ ਭਾਰੀ ਤਬਾਹੀ ਹੋ ਰਹੀ ਹੈ। ਇਸ ਨਾਲ ਧਰਤੀ ਹੇਠਲਾ ਪਾਣੀ ਪੀਣ ਦੇ ਯੋਗ ਨਹੀਂ ਰਿਹਾ।
ਨਿਘਾਰਗ੍ਰਸਤ ਪੂੰਜੀਵਾਦੀ ਪ੍ਰਬੰਧ ਵਲੋਂ ਚੇਤਨ ਰੂਪ ਵਿਚ ਹਨੇਰਵਿਰਤੀ, ਅੰਧਵਿਸ਼ਵਾਸੀ, ਕਰਮਕਾਂਡੀ ਤੇ ਕਿਸਮਤਵਾਦੀ ਕਥਿਤ ਧਾਰਮਿਕ ਪ੍ਰਚਾਰ ਰਾਹੀਂ ਲੋਕਾਂ ਨੂੰ ਗੁਲਾਮ ਮਾਨਸਿਕਤਾ, ਢਾਊ ਤੇ ਨਿਰਾਸ਼ਾਵਾਦੀ ਸੋਚ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਇਨ੍ਹਾਂ ਚਿੰਤਾਜਨਕ ਅਵਸਥਾਵਾਂ ਵਿਚ 15 ਅਗਸਤ ਨੂੰ ਪ੍ਰਧਾਨ ਮੰਤਰੀ ਵਲੋਂ ਦੇਸ਼ ਦੇ ਤੇਜ਼ ਆਰਥਿਕ ਵਿਕਾਸ ਦੇ ਮਾਰੇ ਜਾਣ ਵਾਲੇ ਦਮਗਜਿਆਂ ਅਤੇ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਦੇ ਫੋਕੇ ਤੇ ਧੋਖੇ ਭਰੇ ਨਾਅਰਿਆਂ ਨਾਲ ਸਮੂਹ ਅਗਾਂਹਵਧੂ ਤੇ ਖੱਬੇ ਪੱਖੀ ਸ਼ਕਤੀਆਂ ਤੇ ਸਾਰੇ ਮਿਹਨਤਕਸ਼ ਲੋਕਾਂ ਵਿਚ ਵਿਦਰੋਹ ਤੇ ਗੁੱਸੇ ਦੀ ਅੱਗ ਮੱਚਣੀ ਚਾਹੀਦੀ ਹੈ ਤੇ ਇਕਜੁਟ ਸੰਘਰਸ਼ਾਂ ਰਾਹੀਂ ਮੌਜੂਦਾ ਲੁਟੇਰੇ ਪ੍ਰਬੰਧ ਨੂੰ ਬਦਲ ਕੇ ਸਾਂਝੀਵਾਲਤਾ ਵਾਲਾ ਸਮਾਜ ਸਿਰਜਣ ਦੀ ਚੇਸ਼ਟਾ ਤਿੱਖੀ ਹੋਣੀ ਚਾਹੀਦੀ ਹੈ।
ਤਦ ਹੀ ਅਸੀਂ ਉਸ 15 ਅਗਸਤ ਦੀ ਆਜ਼ਾਦੀ ਦੇ ਜਸ਼ਨਾਂ ਨੂੰ ਮਨਾਉਣ ਦੀ ਆਸ ਕਰ ਸਕਦੇ ਹਾਂ ਜਿਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਪੂਰਨ ਰੂਪ ਵਿਚ ਬੰਦ ਹੋਵੇ ਤੇ ਧਨ ਦੌਲਤ ਪੈਦਾ ਕਰਨ ਵਾਲੇ ਮਿਹਨਤਕਸ਼ ਲੋਕ ਰਾਜ ਸੱਤਾ ਉਪਰ ਕਬਜ਼ਾ ਕਰਕੇ ਆਪਣੀ ਹੋਣੀ ਦੇ ਆਪ ਮਾਲਕ ਬਣਨ।
(ਸੰਗਰਾਮੀ ਲਹਿਰ, ਅਗਸਤ 2013)
No comments:
Post a Comment