Wednesday, 3 July 2013

ਸ਼ਹੀਦ ਟੀ.ਪੀ.ਚੰਦਰਸ਼ੇਖਰਨ ਦੀ ਪਹਿਲੀ ਬਰਸੀ 'ਤੇ

ਮੰਗਤ ਰਾਮ ਪਾਸਲਾ

ਕੇਰਲਾ ਦੇ ਕਾਲੀਕਟ (ਕੋਜ਼ੀਕੋਡ), ਜ਼ਿਲ੍ਹੇ ਵਿਚ ਇਕ ਕਸਬਾ ਹੈ ਓਚੀਅਮ, ਜਿਸਨੂੰ ਪ੍ਰਾਂਤ ਅੰਦਰ ਕਮਿਊਨਿਸਟ ਲਹਿਰ ਦੀ ਨੀਂਹ ਰੱਖਣ ਦਾ ਮਾਣ ਹਾਸਲ ਹੈ। ਇਥੇ ਹੀ 1950 ਵਿੱਚ ਵਾਪਰੇ ਗੋਲੀ ਕਾਂਡ ਦੌਰਾਨ ਕਮਿਊਨਿਸਟ ਲਹਿਰ ਲਈ ਜਾਨਾਂ ਵਾਰਨ ਵਾਲੇ 9 ਸ਼ਹੀਦਾਂ ਦੀ ਯਾਦਗਾਰ ਹੈ। ਇਸ ਗੋਲੀਕਾਂਡ ਵਿਚ ਜਖ਼ਮੀ ਹੋਇਆ ਇਕ ਕਮਿਊਨਿਸਟ ਯੋਧਾ ਅੱਜ ਵੀ ਜੀਉਂਦਾ ਜਾਗਦਾ ਹੈ, ਅਤੇ ਆਪਣੇ ਸਰੀਰ ਵਿੱਚ ਦੁਸ਼ਮਣ ਦੀਆਂ ਗੋਲੀਆਂ ਦੇ ਛੱਰਿਆਂ ਨੂੰ ਸਾਂਭੀ ਬੈਠਾ ਹੈ। ਇਸੇ ਇਲਾਕੇ ਵਿਚ ਸੀ.ਪੀ.ਆਈ.(ਐਮ) ਦੀ ਜਮਾਤੀ  ਭਿਆਲੀ  ਦੀ ਮੌਕਾਪ੍ਰਸਤ ਰਾਜਸੀ ਲਾਈਨ ਅਤੇ ਇਸ ਪਾਰਟੀ ਦੀ ਕੇਰਲਾ ਇਕਾਈ ਦੇ ਉਚ ਆਗੂਆਂ ਦੇ ਗੈਰਕਮਿਊਨਿਸਟ ਕਿਰਦਾਰ ਵਿਰੁੱਧ ਮਾਰਕਸਵਾਦ-ਲੈਨਿਨਵਾਦ ਦਾ ਇਨਕਲਾਬੀ ਝੰਡਾ ਬੁਲੰਦ ਕਰਨ ਵਾਲੇ ਸਾਥੀ ਟੀ.ਪੀ ਚੰਦਰਸ਼ੇਖਰਨ ਦਾ 4 ਮਈ 2012 ਦੀ ਰਾਤ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਕਾਤਲ ਭਾੜੇ ਉਤੇ ਕੀਤੇ ਗਏ ਸਨ। ਇਸ ਅਤੀ ਘਿਨਾਉਣੇ ਜ਼ੁਰਮ ਨੂੰ ਵਿਉਂਤਣ ਪਿਛੇ ਸੀ.ਪੀ.ਆਈ.(ਐਮ) ਦੇ ਸਥਾਨਕ ਤੇ ਸੂਬਾਈ  ਆਗੂਆਂ ਦਾ ਸਪੱਸ਼ਟ ਹੱਥ ਹੋਣ ਬਾਰੇ ਕੇਰਲਾ ਦਾ ਬੱਚਾ-ਬੱਚਾ ਦੁਹਾਈ ਦੇ ਰਿਹਾ ਹੈ। ਸੱਚ ਨੂੰ ਦਬਾਉਣ ਵਾਸਤੇ ਲੁਟੇਰੀਆਂ ਹਾਕਮ ਜਮਾਤਾਂ ਤਾਂ ਹਰ ਹੱਥਕੰਡਾ ਵਰਤ ਕੇ ਕਮਿਊਨਸਟਾਂ ਉਪਰ ਅੰਨ੍ਹਾ ਜਬਰ ਕਰਦੀਆਂ ਹੀ ਰਹੀਆਂ ਹਨ, ਪ੍ਰੰਤੂ ਆਪਣੇ ਆਪ ਨੂੰ ਖੱਬੀ ਲਹਿਰ ਦੀ ਸਭ ਤੋਂ ਵੱਧ ਤਾਕਤਵਰ ਧਿਰ ਹੋਣ ਦਾ ਦਾਅਵਾ ਕਰਨ ਵਾਲੀ ਇਹ ਨਾਮ ਨਿਹਾਦ ਕਮਿਊਨਿਸਟ ਪਾਰਟੀ-ਸੀ.ਪੀ.ਆਈ.(ਐਮ), ਅਜਿਹਾ ਕਾਲਾ ਕਾਰਨਾਮਾ ਵੀ ਕਰ ਸਕਦੀ ਹੈ, ਇਹ ਗੱਲ ਅਚੰਭੇ ਵਾਲੀ ਹੈ। ਸੀ.ਪੀ.ਆਈ.(ਐਮ) ਦੇ ਇਸ ਕਾਰੇ ਨੇ ਕੇਰਲਾ ਪ੍ਰਾਂਤ ਵਿਚ ਇਕ ਨਵੀਂ ਕਿਸਮ ਦਾ ਇਤਿਹਾਸ ਰਚਿਆ ਹੈ। 
4 ਮਈ 2013 ਨੂੰ ਸ਼ਹੀਦ ਸਾਥੀ ਟੀ.ਪੀ.ਚੰਦਰਸੇਖ਼ਰਨ ਦੀ ਪਹਿਲੀ ਬਰਸੀ ਸੀ। ਸਵੇਰੇ 9 ਵਜੇ ਸ਼ਹੀਦ ਦੇ ਘਰ ਆਉਣ ਵਾਲੇ ਲੋਕਾਂ ਦਾ ਤਾਂਤਾ ਲੱਗਾ ਹੋਇਆ ਸੀ। ਹਜ਼ਾਰਾਂ ਮਰਦ, ਔਰਤਾਂ ਅਤੇ ਬੱਚੇ ਸ਼ਹੀਦ ਦੇ ਬਣਾਏ ਬੁੱਤ ਉਪਰੋਂ ਪਰਦਾ ਉਠਾਉਣ ਦੀ ਕਾਰਵਾਈ ਨੂੰ ਦੇਖਣ ਵਾਸਤੇ ਇਸ ਤਰ੍ਹਾਂ ਆ ਰਹੇ ਸਨ ਜਿਵੇਂ ਕੋਈ ਤੀਰਥ ਯਾਤਰੀ ਕਿਸੇ ਧਾਰਮਿਕ ਅਸਥਾਨ ਦੇ ਦਰਸ਼ਨਾਂ ਨੂੰ ਚਾਲੇ ਪਾ ਰਹੇ ਹੋਣ। ਸਾਥੀ ਚੰਦਰਸ਼ੇਖਰਨ ਦੀ ਧਰਮ ਪਤਨੀ ਕਾਮਰੇਡ ਰੇਮਾ,  ਉਹਨਾਂ ਦਾ ਨੌਜਵਾਨ ਪੁੱਤਰ ਅਤੇ ਅੱਖਾਂ ਦੀ ਜੋਤ ਗੁਆ ਚੁੱਕੀ ਬੁੱਢੀ ਮਾਂ ਬੁਤ ਕੋਲ ਖਲੋ ਕੇ ਉਨ੍ਹਾਂ ਨੌਜਵਾਨ ਵਲੰਟੀਅਰਾਂ ਦੀ ਉਡੀਕ ਕਰਨ ਵਾਲਿਆਂ ਵਿਚ ਸ਼ਾਮਲ  ਸਨ, ਜੋ ਸ਼ਹਾਦਤ ਪ੍ਰਾਪਤ ਕਰਨ ਵਾਲੀ ਜਗ੍ਹਾ ਤੋਂ ਇਕ ਮਸ਼ਾਲ ਲੈ ਕੇ ਦੌੜਦੇ ਹੋਏ ਇਥੇ ਪੁੱਜਣੇ ਸਨ। ਬੈਂਡ ਦੀਆਂ ਇਨਕਲਾਬੀ ਧੁੰਨਾਂ ਨਾਲ ਕਦਮ ਤਾਲ ਕਰਕੇ ਦੌੜਦੇ ਹੋਏ ਵਲੰਟੀਅਰ ਜਦ ਬੁੱਤ ਸਾਹਮਣੇ ਲੱਗੇ ਫੁਆਰੇ ਕੋਲ ਪੁੱਜੇ ਜਿੱਥੇ ਕਿ ਸ਼ਹੀਦੀ ਸਥਾਨ ਤੋਂ ਲਿਆਂਦੀ ਗਈ ਮਸ਼ਾਲ ਨਾਲ ਇਕ ਹੋਰ ਸ਼ਮਾ ਰੌਸ਼ਨ ਕਰਕੇ ਇਨਕਲਾਬੀ ਕਿਰਨਾਂ ਨੂੰ ਸਮੁੱਚੀ ਫਿਜ਼ਾ ਵਿਚ ਬਿਖੇਰਨਾ ਸੀ, ਤਦ ਸਮੁੱਚਾ ਮਹੌਲ, ''ਸ਼ਹੀਦ ਸਾਥੀ ਟੀ.ਪੀ. ਚੰਦਰਸ਼ੇਖਰਨ ਨੂੰ 'ਲਾਲ ਸਲਾਮ', ''ਇਨਕਲਾਬ-ਜ਼ਿੰਦਾਬਾਦ', ''ਸ਼ਹੀਦ ਸਾਥੀ  ਸ਼ੇਖਰਨ ਦੇ ਕਾਤਲ ਮੁਰਦਾਬਾਦ' ਦੇ ਨਾਅਰਿਆਂ ਨਾਲ ਗੂੰਜ ਉਠਿਆ। ਦੇਸ਼ ਵਿਚ ਕਮਿਊਨਿਸਟ ਪਾਰਟੀ ਦੀ ਪਹਿਲੀ ਕਾਂਗਰਸ ਵਿਚ ਡੈਲੀਗੇਟ ਦੇ ਤੌਰ 'ਤੇ ਹਾਜ਼ਰ ਹੋਏ ਸਾਥੀ ਬਰਲਿਨ ਨੇ ਸ਼ਮਾ ਰੌਸ਼ਨ ਕਰਕੇ ਸ਼ਹੀਦ ਦੇ ਬੁੱਤ ਤੋਂ ਪਰਦਾ ਉਠਾਉਣ ਦੀ ਰਸਮ ਅਦਾ ਕੀਤੀ।
ਸਾਥੀ ਟੀ.ਪੀ. ਚੰਦਰਸ਼ੇਖਰਨ ਦਾ ਸਥਾਪਤ ਕੀਤਾ ਬੁੱਤ ਇਸ ਤਰ੍ਹਾਂ ਦੇ ਇਸ਼ਾਰੇ ਕਰਦਾ ਜਾਪਿਆ ਜਿਵੇਂ ਕਿ ਉਹ ਕਹਿ ਰਿਹਾ ਹੋਵੇ ਕਿ ''ਕਾਤਲੋ! ਜਿੰਨਾ ਮਰਜ਼ੀ ਜ਼ੋਰ ਲਗਾ ਲਓ, ਤੁਸੀਂ ਮੈਨੂੰ ਮਾਰ ਸਕਦੇ ਹੋ ਪ੍ਰੰਤੂ ਮੇਰੇ ਵਿਚਾਰਾਂ ਨੂੰ ਨਹੀਂ ਮਿਟਾ ਸਕਦੇ। ਮੈਂ ਇਨਕਲਾਬੀ ਵਿਚਾਰਾਂ ਦੇ ਰੂਪ ਵਿਚ ਸਦਾ ਸਦਾ ਲਈ ਤੁਹਾਡੇ ਵਿਰੁੱਧ ਜੂਝਦਾ ਰਹਾਂਗਾ! ਪੂੰਜੀਵਾਦ ਦੀ ਹਾਰ ਤੇ ਮਜ਼ਦੂਰ ਜਮਾਤ ਦੀ ਜਿੱਤ ਯਕੀਨੀ ਹੈ।'' ਇਥੇ ਹੀ ਸ਼ਹੀਦ ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਯਾਦ ਵਿਚ ਇਕ ਸੰਖੇਪ ਸ਼ਰਧਾਂਜਲੀ ਸਮਾਗਮ ਹੋਇਆ। 
ਸ਼ਾਮ ਦੇ 5 ਵਜੇ ਓਚੀਅਮ ਇਲਾਕੇ ਵਿਚ ਹਜ਼ਾਰਾਂ ਵਰਦੀਧਾਰੀ ਕਮਿਊਨਿਸਟ ਵਲੰਟੀਅਰ (ਲਾਲ ਕਮੀਜਾਂ ਤੇ ਖਾਕੀ ਪੈਂਟ ਨੌਜਵਾਨ ਲੜਕਿਆਂ ਨੇ ਅਤੇ ਲਾਲ ਸਾੜੀਆਂ ਤੇ ਸੂਟ, ਸੂਹੀ ਵਿਚਾਰਧਾਰਾ ਨਾਲ ਸਰਸ਼ਾਰ ਬੱਚੀਆਂ ਨੇ ਪਹਿਨੀ ਹੋਈ ਸੀ) ਨੇ ਦਿਲ ਖਿੱਚਵਾਂ ਵਿਸ਼ਾਲ ਮਸ਼ਾਲ ਮਾਰਚ ਕੀਤਾ। ਸੋਗਮਈ ਪ੍ਰੰਤੂ ਇਨਕਲਾਬੀ ਧੁੰਨਾਂ ਨਾਲ ਤਾਲ ਦਿੰਦੇ ਵਲੰਟੀਅਰਾਂ ਦੇ ਪੈਰਾਂ ਦੇ ਖੜਾਕ ਨਾਲ ਸਮੁੱਚੇ ਵਾਤਾਵਰਨ ਵਿਚ ਪੈਦਾ ਹੋਈਆਂ ਸਮਾਜਿਕ ਤਬਦੀਲੀ ਦੀਆਂ ਤਰੰਗਾਂ  ਦਾ ਅਹਿਸਾਸ ਅੱਖਾਂ  ਨਾਲ ਦੇਖ ਕੇ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਸੀ, ਸ਼ਇਦ  ਵਰਨਣ ਕਰਨਾ ਮੁਸ਼ਕਿਲ ਹੋਵੇ। ਹੋਰ ਹਜ਼ਾਰਾਂ ਲੋਕ ਇਨ੍ਹਾਂ ਵਲੰਟੀਅਰਾਂ ਪਿੱਛੇ ਸ਼ਾਨਦਾਰ ਜਲੂਸ ਵਿਚ ਸ਼ਾਮਿਲ ਸਨ ਜੋ ਸ਼ਹੀਦ ਚੰਦਰਸ਼ੇਖਰਨ ਨੂੰ ਲਾਲ ਸਲਾਮ!, ਇਨਕਲਾਬ ਜਿੰਦਾਬਾਦ!, ਮਾਰਕਸਵਾਦ-ਲੈਨਿਨਵਾਦ ਜਿੰਦਾਬਾਦ! ਆਦਿ ਵਰਗੇ ਅਸਮਾਨ ਗੁੰਜਾਊ ਨਾਅਰੇ ਬੁਲੰਦ ਕਰ ਰਹੇ ਸਨ।
ਸ਼ਾਮ ਦੇ 7 ਵਜੇ ਲੋਕਾਂ ਦਾ ਇਹ ਸਾਰਾ ਹਜ਼ੂਮ ਇਕ ਵੱਡੇ ਮੈਦਾਨ ਵਿਚ ਆ ਜੁੜਿਆ ਜਿਥੇ ਸ਼ਹੀਦ ਚੰਦਰਸ਼ੇਖਰਨ ਦੀ ਕੁਰਬਾਨੀ ਨੂੰ ਦਰਸਾਉਦਾ ਹੋਇਆ ਇਕ ਵਿਸ਼ਾਲ ਮੰਚ ਤਿਆਰ ਕੀਤਾ ਗਿਆ ਸੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿਚ ਉਚ ਵਿੱਦਿਆ ਹਾਸਲ ਕਰਕੇ ਇਨਕਲਾਬੀ ਲਹਿਰ ਵਿਚ ਸ਼ਾਮਲ ਹੋਏ ਸਾਥੀ ਪ੍ਰਸਨਜੀਤ ਬੋਸ, ਸਾਥੀ ਹਰੀਹਰਨ ਜਨਰਲ ਸਕੱਤਰ ਲੈਫਟ ਕੋਆਰਡੀਨੇਸ਼ਨ ਕਮੇਟੀ ਕੇਰਲਾ, ਸ਼ਹੀਦ ਦੀ ਧਰਮ ਪਤਨੀ ਕਾਮਰੇਡ ਰੇਮਾ, ਇਸ ਰਿਪੋਰਟ ਦੇ ਲੇਖਕ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਇਸ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕੀਤਾ। ਸਭ ਦਾ ਸਾਂਝਾ ਵਿਸ਼ਾ ਸੀ ਸਾਥੀ ਚੰਦਰਸ਼ੇਖਰਨ  ਦੀ ਸ਼ਹਾਦਤ, ਉਸਦੀ ਮਾਰਕਸੀ ਸੋਚ ਤੇ ਇੰਨਕਲਾਬੀ ਅਮਲ। ਸਭ ਨੇ ਇਸ ਕਤਲ ਦੇ ਜਿੰਮੇਵਾਰ ਲੋਕਾਂ ਲਈ ਢੁਕਵੀਂ ਸਜ਼ਾ ਦੀ ਮੰਗ ਕੀਤੀ। ਸ਼ਹੀਦ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਨਕਲਾਬੀ ਸਿਧਾਂਤ (ਮਾਰਕਸਵਾਦ-ਲੈਨਿਨਵਾਦ)  ਦਾ ਝੰਡਾ ਬੁਲੰਦ ਰੱਖਣ ਦਾ ਸੱਦਾ ਦਿੱਤਾ ਗਿਆ। ਰਾਤ ਨੂੰ 10.15 ਵਜੇ ਜਿਸ ਸਮੇਂ ਸ਼ਹੀਦ ਚੰਦਰਸ਼ੇਖਰਨ ਨੇ ਸ਼ਹਾਦਤ ਦਾ ਜਾਮ ਪੀਤਾ ਸੀ, ਐਨ ਉਸੇ ਵਕਤ ਸਮਾਗਮ ਵਿਚ ਇੱਕ ਸ਼ਹੀਦੀ ਗੀਤ ਗਾਇਆ ਗਿਆ ਜਿਸਨੂੰ ਹਜ਼ਾਰਾਂ ਲੋਕਾਂ ਨੇ ਖੜੇ ਹੋ ਕੇ ਸੁਣਿਆ ਤੇ ਸ਼ਹੀਦ ਦੀ ਯਾਦ ਵਿਚ ਨਾਅਰੇ ਬੁਲੰਦ ਕੀਤੇ। ਮੈਨੂੰ ਵੀ ਇਸ ਯਾਦਗਾਰੀ ਸਮਾਗਮ ਵਿਚ ਬੋਲਣ ਦਾ ਮੌਕਾ ਮਿਲਿਆ ਜੋ ਮੇਰੇ ਰਾਜਸੀ ਜੀਵਨ ਦੀ ਇਕ ਯਾਦਗਾਰੀ ਘਟਨਾ ਬਣਕੇ ਮੇਰੇ ਮਨ ਉਪਰ ਸਦੀਵੀ ਤੌਰ 'ਤੇ ਉਕਰਿਆ ਗਿਆ ਹੈ। 
ਕੇਰਲਾ ਦੀ ਲੈਫਟ ਕੋਆਰਡੀਨੇਸ਼ਨ  ਕਮੇਟੀ ਅਤੇ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ (ਆਰ.ਐਮ.ਪੀ) ਵਲੋਂ ਸ਼ਹੀਦ ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਯਾਦ ਵਿਚ ਪੂਰਾ ਹਫਤਾ ਵੱਖ-ਵੱਖ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ; ਜਿਸ ਵਿਚ ਆਲ ਇੰਡੀਆ ਲੈਫਟ ਕੋ-ਆਰਡੀਨੇਸ਼ਨ, ਲੈਫਟ ਕੁਲੈਕਟਿਵ ਦਿੱਲੀ, ਮਾਰਕਸਵਾਦੀ ਕਮਿਊਨਿਸਟ ਪਾਰਟੀ ਤਾਮਿਲਨਾਡੂ ਤੇ ਕਾਮਰੇਡ ਗੋਦਾਵਰੀ ਪਰੂਲੇਕਰ ਮੰਚ ਮਹਾਂਰਾਸ਼ਟਰਾ ਦੇ ਵੱਖ-ਵੱਖ ਆਗੂਆਂ ਨੇ ਭਾਗ ਲਿਆ। 'ਅਜੋਕੀ ਅਵਸਥਾ ਅਤੇ ਖੱਬੀ ਲਹਿਰ ਦਾ ਭਵਿੱਖ' ਵਿਸ਼ੇ ਉਪਰ 2 ਮਈ 2013 ਨੂੰ ਕਾਲੀਕਟ ਵਿਖੇ ਇਕ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਉਪਰੋਕਤ ਆਗੂਆਂ/ਖੱਬੇ ਪੱਖੀ ਬੁੱਧੀਜੀਵੀਆਂ ਤੋਂ ਬਿਨਾਂ ਕੇਰਲਾ ਦੀ ਸੀ.ਪੀ.ਆਈ ਦੇ ਇਕ ਸੂਬਾਈ ਆਗੂ ਵਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਇਨ੍ਹਾਂ ਸ਼ਰਧਾਂਜਲੀ ਸਮਾਗਮਾਂ ਸਮੇਂ ਸ਼ਹੀਦ ਸਾਥੀ ਟੀ.ਪੀ.ਚੰਦਰਸ਼ੇਖਰਨ ਦੇ ਜੀਵਨ ਬਾਰੇ ਖੂਬਸੂਰਤ ਲੇਖਾਂ ਅਤੇ ਸ਼ਹੀਦ ਨੂੰ ਸਮਰਪਿਤ ਕਵਿਤਾਵਾਂ ਦੀਆਂ ਕਈ ਕਿਤਾਬਾਂ ਜਾਰੀ ਕੀਤੀਆਂ ਗਈਆਂ।    
ਕੇਰਲਾ ਵਿਚ ਕਮਿਊਨਿਸਟ ਪਾਰਟੀ ਦੀ ਨੀਂਹ ਆਜ਼ਾਦੀ ਦੀ ਲੜਾਈ ਦੌਰਾਨ ਹੀ ਰੱਖੀ ਗਈ ਸੀ। ਅਸਲ ਵਿਚ ਭਾਰਤ ਦੀ ਆਜ਼ਾਦੀ ਲਈ ਲੜੇ ਜਾ ਰਹੇ ਸੰਗਰਾਮ ਦੀ ਕੇਰਲਾ ਅੰਦਰ ਵਾਗਡੋਰ ਮੁੱਖ ਰੂਪ ਵਿਚ ਕਮਿਊਨਿਸਟ ਅਤੇ ਹੋਰ ਅਗਾਂਹਵਧੂ ਆਗੂਆਂ ਦੇ ਹੱਥਾਂ ਵਿਚ ਹੀ ਸੀ। ਇਨ੍ਹਾਂ ਵਿਚ ਸਾਥੀ ਈ.ਐਮ.ਐਸ. ਨੰਬੂਦਰੀਪਾਦ, ਏ.ਕੇ. ਗੋਪਾਲਨ ਤੇ ਕਰਿਸ਼ਨਾ ਪਿੱਲੇ ਦੇ ਨਾਮ ਵਰਨਣਯੋਗ ਹਨ। ਇਨ੍ਹਾਂ ਆਗੂਆਂ ਅਤੇ ਹੋਰ ਅਣਗਿਣਤ ਕਮਿਊਨਿਸਟਾਂ ਦਾ ਕੁਰਬਾਨੀਆਂ ਭਰਿਆ ਇਨਕਲਾਬੀ ਤੇ ਸਾਦਾ ਜੀਵਨ ਇਕੱਲੇ ਕੇਰਲਾ ਵਾਸੀਆਂ ਲਈ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਲਈ ਪ੍ਰੇਰਨਾ ਦਾ ਸਰੋਤ ਹੈ। ਕਮਿਊਨਿਸਟ ਲਹਿਰ ਦੀ ਮਜ਼ਬੂਤੀ ਤੇ ਲੋਕਾਂ ਵਿਚ ਪਕੜ ਦਾ ਅੰਦਾਜ਼ਾ, ਇਸ ਤੱਥ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ 1957 ਵਿਚ ਚੁਣੀ ਹੋਈ ਪਹਿਲੀ ਸੂਬਾਈ ਕਮਿਊਨਿਸਟ ਸਰਕਾਰ ਕੇਰਲਾ ਪ੍ਰਾਂਤ ਅੰਦਰ ਹੀ ਹੋਂਦ ਵਿਚ ਆਈ ਸੀ। ਸਾਥੀ ਨੰਬੂਦਰੀਪਾਦ ਦੇਸ਼ ਦੇ ਪਹਿਲੇ ਕਮਿਊਨਿਸਟ ਮੁੱਖ ਮੰਤਰੀ ਬਣੇ। ਪ੍ਰੰਤੂ ਇਹ ਬਦਕਿਸਮਤੀ ਦੀ ਗੱਲ ਹੈ ਕਿ ਹਜ਼ਾਰਾਂ ਲੋਕਾਂ ਦੇ ਖੂਨ ਪਸੀਨੇ ਨਾਲ ਉਸਰੀ ਕਮਿਊਨਿਸਟ ਲਹਿਰ ਨੂੰ ਅੱਜ ਦੀ ਸੀ.ਪੀ.ਆਈ. (ਐਮ) ਦੀ ਮੌਕਾਪ੍ਰਸਤ ਰਾਜਨੀਤੀ ਤੇ ਬੌਣੀ ਲੀਡਰਸ਼ਿਪ ਨੇ ਤਬਾਹ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸੇ ਸੰਦਰਭ ਵਿਚ ਜਦੋਂ ਸਾਥੀ ਟੀ.ਪੀ.ਚੰਦਰਸ਼ੇਖਰਨ ਨੇ 2008 ਵਿਚ ਸੀ.ਪੀ.ਆਈ.(ਐਮ) ਦੇ ਵਿਚਾਰਧਾਰਕ ਤੇ ਰਾਜਨੀਤਕ ਭਟਕਾਅ ਵਿਰੁੱਧ ਬਗਾਵਤ ਦਾ ਝੰਡਾ ਚੁੱਕਿਆ, ਤਦ ਇਸ ਕਦਮ ਨੂੰ ਵੱਡੀ ਪੱਧਰ ਉਤੇ ਸਰਾਹਿਆ ਗਿਆ। ਇਸੇ ਅਸੂਲਪ੍ਰਸਤੀ ਉਤੇ ਖੜ੍ਹੇ ਹੋਣ ਕਾਰਨ ਸਾਰੇ ਕੇਰਲਾ ਦੇ ਅਗਾਂਹਵਧੂ ਤੇ ਖੱਬੇ ਪੱਖੀ ਲੋਕਾਂ ਦਾ ਧਿਆਨ ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਸ਼ਹੀਦੀ ਨੇ ਆਪਣੇ ਵੱਲ ਖਿੱਚਿਆ। ਇਸ ਸ਼ਹੀਦੀ ਤੋਂ ਬਾਅਦ ਸਾਥੀ ਚੰਦਰਸ਼ੇਖਰਨ ਵਲੋਂ ਸਥਾਪਤ ਕੀਤੀ ਗਈ ਕਮਿਊਨਿਸਟ ਪਾਰਟੀ (ਰੈਵੀਲਿਊਸ਼ਨਰੀ ਮਾਰਕਸਿਸਟ ਪਾਰਟੀ-ਆਰ.ਐਮ.ਪੀ.) ਆਪਣੀ ਇਨਕਲਾਬੀ ਰਾਜਨੀਤੀ ਸਦਕਾ ਇਕ ਜ਼ਿਲ੍ਹੇ ਤੋਂ ਬਾਅਦ ਦੂਸਰੇ ਜ਼ਿਲ੍ਹੇ ਵਿਚ ਫੈਲਦੀ ਹੋਈ ਪੂਰੇ ਕੇਰਲਾ ਦੇ ਲੋਕਾਂ ਵਿਚ ਆਪਣੇ ਪੈਰ ਜਮਾ ਰਹੀ ਹੈ। ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਮੌਜੂਦਾ ਸਰਕਾਰਾਂ ਦੀਆਂ ਨਵਉਦਾਰਵਾਦੀ ਨੀਤੀਆਂ ਤੋਂ ਆਮ ਲੋਕ ਡਾਢੇ ਦੁਖੀ ਹਨ। ਉਹ ਇਨ੍ਹਾਂ ਨੀਤੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਇਸ ਕੰਮ ਲਈ ਅੱਜ ਸਮੁੱਚੀਆਂ ਖੱਬੇ ਪੱਖੀ ਜਮਹੂਰੀ ਅਤੇ ਹੋਰ ਸੰਘਰਸ਼ਸ਼ੀਲ ਅਗਾਂਹਵਧੂ ਸ਼ਕਤੀਆਂ ਦੀ ਏਕਤਾ ਤੇ ਸਾਂਝੇ ਸੰਘਰਸ਼ ਦੀ ਵੱਡੀ ਜ਼ਰੂਰਤ ਹੈ ਤਾਂ ਕਿ ਮੌਜੂਦਾ ਸਾਮਰਾਜ ਨਿਰਦੇਸ਼ਤ ਆਰਥਿਕ ਨੀਤੀਆਂ ਦੇ ਮੁਕਾਬਲੇ ਵਿਚ ਇਕ ਦੇਸ਼ ਪੱਧਰੀ ਲੋਕ ਪੱਖੀ ਮੁਤਬਾਦਲ ਉਸਾਰਿਆ ਜਾ ਸਕੇ। ਅਜਿਹਾ ਮੁਤਬਾਦਲ ਹੀ ਵਧ ਰਹੀ ਮਹਿੰਗਾਈ, ਗਰੀਬੀ, ਬੇਕਾਰੀ, ਭਰਿਸ਼ਟਾਚਾਰ, ਅਨਪੜ੍ਹਤਾ ਤੇ ਸਰਕਾਰ ਦੀਆਂ ਵੱਧ ਰਹੀਆਂ ਗੈਰ-ਜਮਹੂਰੀ 'ਕਾਰਵਾਈਆਂ' ਨੂੰ ਠੱਲ੍ਹ ਪਾ ਸਕਦਾ ਹੈ। ਰਵਾਇਤੀ ਖੱਬੀ ਧਿਰ, ਖਾਸਕਰ ਸੀ.ਪੀ.ਆਈ. (ਐਮ), ਇਹ ਸਾਰਾ ਕੁੱਝ ਕਰਨ ਦੇ ਯੋਗ ਸਿੱਧ ਨਹੀਂ ਹੋ ਰਹੀ, ਬਲਕਿ ਪਾਰਲੀਮਾਨੀ ਮੌਕਾਪ੍ਰਸਤੀ ਦੇ ਕੁਰਾਹੇ ਪੈ ਕੇ ਪੂਰੀ ਤਰ੍ਹਾਂ ਸੋਸ਼ਲ ਡੈਮੋਕਰੇਟਿਕ ਪਾਰਟੀ ਵਿਚ ਤਬਦੀਲ ਹੋ ਗਈ ਹੈ। ਇਸ ਲਈ ਅੱਜ ਦੇਸ਼ ਪੱਧਰ 'ਤੇ ਮਾਰਕਸਵਾਦ ਲੈਨਿਨਵਾਦ ਦੀ ਵਿਗਿਆਨਕ ਵਿਚਾਰਧਾਰਾ ਉਪਰ ਅਧਾਰਤ ਇਕ ਇਨਕਲਾਬੀ ਕਮਿਊਨਿਸਟ ਪਾਰਟੀ ਦੀ ਉਸਾਰੀ ਸਮੇਂ ਦੀ ਮੁੱਖ ਲੋੜ ਬਣ ਗਈ ਹੈ, ਜੋ ਜਮਾਤੀ ਸੰਘਰਸ਼ਾਂ ਦੀ ਅਲੰਬਰਦਾਰ ਬਣਕੇ ਦੇਸ਼ ਪੱਧਰ ਉਪਰ ਇਕ ਮਜ਼ਬੂਤ ਇਨਕਲਾਬੀ ਲਹਿਰ ਖੜੀ ਕਰਨ ਦੇ ਸਮਰਥ ਹੋਵੇ। ਨਾਲ ਹੀ ਅਜੇਹੀ ਕ੍ਰਾਂਤੀਕਾਰੀ ਪਾਰਟੀ ਜ਼ਿੰਮੇ ਸਮੂਹ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਇਕਜੁਟ ਕਰਕੇ ਸਾਂਝੇ ਜਨਤਕ ਘੋਲ ਤੇਜ਼ ਕਰਨ ਦੀ ਜ਼ਿੰਮੇਵਾਰੀ ਵੀ ਆਉਂਦੀ ਹੈ। ਇਸੇ ਕਾਰਨ ਮਿਹਨਤਕਸ਼ ਲੋਕ ਕਮਿਊਨਿਸਟ ਲਹਿਰ ਦੇ ਸਭ ਤੋਂ ਵੱਧ ਮਜ਼ਬੂਤ ਪ੍ਰਾਂਤ ਕੇਰਲਾ ਅੰਦਰ ਸ਼ਹੀਦ ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਸ਼ਹਾਦਤ ਦੀ ਵਿਰਾਸਤ ਨੂੰ ਅੱਗੇ ਤੋਰ ਕੇ ਇਕ ਮਜ਼ਬੂਤ ਇਨਕਲਾਬੀ ਲਹਿਰ ਖੜ੍ਹੀ ਕਰਨ ਲਈ ਲਾਮਬੰਦ ਹੋ ਰਹੇ ਹਨ, ਭਾਵੇਂ ਕਿ ਇਹ ਕੰਮ ਬਹੁਤ ਜ਼ੋਖਮ ਭਰਿਆ ਹੈ। ਵਿਚਾਰਧਾਰਕ ਤੌਰ 'ਤੇ ਆਏ ਸੱਜੇ ਤੇ ਖੱਬੇ ਪੱਖੀ ਵਿਗਾੜਾਂ ਵਿਰੁੱਧ ਸੰਘਰਸ਼ ਕਰਦਿਆਂ ਹੋਇਆਂ ਜੇਕਰ ਇਕ ਹਕੀਕੀ ਇਨਕਲਾਬੀ ਲਹਿਰ ਦੀ ਉਸਾਰੀ ਨਾ ਕੀਤੀ ਗਈ ਤਾਂ ਦੇਸ਼ ਵਿਚ ਮੌਜੂਦਾ ਯੂ.ਪੀ.ਏ. ਸਰਕਾਰ ਦੀਆਂ ਨੀਤੀਆਂ ਤੋਂ  ਬਦਜ਼ਨ ਲੋਕਾਂ ਦੁਆਰਾ ਹਾਕਮਾਂ ਵਿਰੁੱਧ ਸਿਰਜੇ ਜਾ ਰਹੇ ਰਾਜਸੀ ਖਲਾਅ ਨੂੰ ਸੱਜੇ ਪੱਖੀ ਫਿਰਕੂ ਫਾਸ਼ੀਵਾਦੀ ਤਾਕਤਾਂ ਵੀ ਭਰ ਸਕਦੀਆਂ ਹਨ, ਜੋ ਦੇਸ਼ ਦੀ ਜਮਹੂਰੀ ਲਹਿਰ ਤੇ ਧਰਮ ਨਿਰਪੱਖ ਸਮਾਜੀ ਤਾਣੇਬਾਣੇ ਲਈ ਡਾਢਾ ਹਾਨੀਕਾਰਕ ਸਿੱਧ ਹੋਵੇਗਾ। 
ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਸ਼ਹਾਦਤ ਸਾਡੇ ਤੋਂ ਇਨਕਲਾਬੀ ਲਹਿਰ ਵਿਕਸਤ ਕਰਨ ਲਈ ਹੋਰ ਪਹਿਲਕਦਮੀਆਂ ਤੇ ਕੁਰਬਾਨੀਆਂ ਦੀ ਮੰਗ ਕਰਦੀ ਹੈ। ਸਾਥੀ ਚੰਦਰਸ਼ੇਖਰਨ ਦੀ ਸ਼ਹਾਦਤ ਕੇਰਲਾ ਤੱਕ ਹੀ ਸੀਮਤ ਨਹੀਂ ਹੈ ਬਲਕਿ ਉਹ ਦੇਸ਼ ਪੱਧਰ ਦਾ ਲਾਸਾਨੀ ਸ਼ਹੀਦ ਕਮਿਊਨਿਸਟ ਯੋਧਾ ਹੈ, ਜੋ ਨੌਜਵਾਨ ਪੀੜ੍ਹੀ ਲਈ ਇਕ ਪ੍ਰੇਰਨਾ ਸਰੋਤ ਦੇ ਤੌਰ 'ਤੇ ਉਭਰਿਆ ਹੈ ਅਤੇ ਪੰਜਾਬੀ ਦੇ ਉਘੇ ਗਜ਼ਲਗੋ ਡਾ. ਜਗਤਾਰ ਦੇ ਸ਼ਬਦਾਂ ਵਿਚ ਲੋਕਾਂ ਨੂੰ ਇਹ ਸੱਦਾ ਦਿੰਦਾ ਦਿਖਾਈ ਦੇ ਰਿਹਾ ਹੈ :
ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ
(
ਸੰਗਰਾਮੀ ਲਹਿਰ - ਜੂਨ 2013)

No comments:

Post a Comment