Thursday, 4 July 2013

ਸਰਬਜੀਤ, ਸਰਹੱਦ ਤੇ ਸੁਹਿਰਦਤਾ

ਇੰਦਰਜੀਤ ਚੁਗਾਵਾਂ

ਸਾਰੇ ਪੰਜਾਬ, ਸਾਰੇ ਦੇਸ਼ 'ਚ ਮਾਤਮ! ਹਰ ਇੱਕ ਦੀ ਜ਼ੁਬਾਨ 'ਤੇ ਇੱਕੋ ਨਾਂਅ ਹੈ ਸਰਬਜੀਤ, ਸਰਬਜੀਤ!!  23 ਸਾਲ ਤੱਕ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਰੁਲਦਾ ਰਿਹਾ ਸਰਬਜੀਤ। ਉਸ ਦੀ ਰਿਹਾਈ ਲਈ ਉਸ ਦੇ ਪਰਵਾਰ, ਖਾਸਕਰ ਉਸਦੀ ਭੈਣ ਦਲਬੀਰ ਕੌਰ ਨੇ, ਮੀਡੀਆ ਸਹਾਰੇ ਤੇ ਹੋਰ ਸੁਹਿਰਦ ਸੰਸਥਾਵਾਂ, ਵਿਅਕਤੀਆਂ ਨਾਲ ਮਿਲ ਕੇ ਚਿਰਾਂ ਤੋਂ ਇੱਕ ਜ਼ੋਰਦਾਰ ਮੁਹਿੰਮ ਚਲਾਈ ਹੋਈ ਸੀ। ਇਸ ਮੁਹਿੰਮ ਦੇ ਦਬਾਅ ਹੇਠ ਭਾਰਤ ਸਰਕਾਰ ਵੀ ਆਈ ਤੇ ਪਾਕਿਸਤਾਨ ਦੀ ਸਰਕਾਰ ਵੀ। ਭਾਰਤ ਸਰਕਾਰ ਦੇ ਮੰਤਰੀਆਂ-ਸੰਤਰੀਆਂ ਨੂੰ ਇਸੇ ਦਬਾਅ ਹੇਠ ਦਲਬੀਰ ਕੌਰ, ਸਰਬਜੀਤ ਦੀ ਪਤਨੀ ਤੇ ਉਸ ਦੀਆਂ ਬੇਟੀਆਂ ਨੂੰ ਮੁਲਾਕਾਤ ਦਾ ਸਮਾਂ ਦੇਣਾ ਪਿਆ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨੂੰ ਵੀ ਸਰਬਜੀਤ ਦੀ ਰਿਹਾਈ ਦਾ ਮੁੱਦਾ ਪਾਕਿਸਤਾਨ  ਕੋਲ ਉਠਾਉਣਾ ਪਿਆ। ਇਸੇ ਮੁਹਿੰਮ ਕਾਰਨ ਬਣੇ ਕੌਮਾਂਤਰੀ ਦਬਾਅ ਹੇਠ ਆ ਕੇ ਪਾਕਿਸਤਾਨ ਸਰਕਾਰ ਦਲਬੀਰ ਕੌਰ ਨੂੰ ਵੀਜ਼ਾ ਦੇਣ ਲਈ ਮਜਬੂਰ ਹੋਈ ਤੇ ਸਰਬਜੀਤ ਦੀ ਰਿਹਾਈ ਦੇ ਐਲਾਨ ਤੱਕ ਚਲੀ ਗਈ, ਭਾਵੇਂ ਪੰਜ ਘੰਟੇ ਬਾਅਦ ਆਪਣੀਆਂ 'ਮਜਬੂਰੀਆਂ' ਕਾਰਨ ਮੁੱਕਰ ਵੀ ਗਈ। ਰਿਹਾਈ ਦੀਆਂ ਇਹ ਕੋਸ਼ਿਸ਼ਾਂ, ਬਸ ਕੋਸ਼ਿਸ਼ਾਂ ਹੀ ਰਹਿ ਗਈਆਂ। ਜੇਲ੍ਹ ਅੰਦਰ ਹੋਏ ਇੱਕ ਜਬਰਦਸਤ ਹਮਲੇ ਦੌਰਾਨ ਸਰਬਜੀਤ ਗੰਭੀਰ ਜ਼ਖਮੀ ਹੋ ਗਿਆ। ਜਿੰਨੀ ਤੇਜ਼ੀ ਨਾਲ ਸਰਬਜੀਤ ਦੇ ਜ਼ਖਮੀ ਹੋਣ ਦੀ ਖ਼ਬਰ ਫੈਲੀ, ਉਸ ਤੋਂ ਵੱਧ ਤੇਜ਼ੀ ਨਾਲ ਸਰਬਜੀਤ ਦੇ ਪਰਵਾਰ ਨਾਲ ਸੱਤਾਧਾਰੀ ਧਿਰਾਂ ਦੀ 'ਸੁਹਿਰਦਤਾ' ਦੀ ਲਹਿਰ ਵੀ ਫੈਲ ਗਈ।  
ਅਖੀਰ ਸਰਬਜੀਤ ਤਾਂ ਨਹੀਂ, ਉਸ ਦੀ ਲਾਸ਼ ਜ਼ਰੂਰ ਵਾਹਗੇ ਵਾਲਾ ਬਾਰਡਰ ਟੱਪ ਆਈ। ਲਾਸ਼ ਇੱਧਰ ਆਉਣ ਤੋਂ ਪਹਿਲਾਂ ਹੀ ਮੁਕਾਬਲੇਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ। ਬੁਰਜੁਆ ਸਿਆਸਤ ਹੈ ਹੀ ਇਸ ਤਰ੍ਹਾਂ ਦੀ। ਇਸ ਵਿੱਚ ਸਿਰਫ਼ ਮੁਨਾਫ਼ਾ ਤੇ ਲਾਹਾ ਦੇਖਿਆ ਜਾਂਦਾ ਹੈ, ਕਦਰਾਂ-ਕੀਮਤਾਂ, ਮਿਆਰ ਸਭ ਪਿੱਛੇ ਧੱਕ ਦਿੱਤੇ ਜਾਂਦੇ ਹਨ। ਲਾਸ਼ 'ਤੇ ਸ਼ੁਰੂ ਹੋਈ ਮੁਕਾਬਲੇਬਾਜ਼ੀ 'ਚ ਪਾਕਿਸਤਾਨ ਤੋਂ ਲਾਸ਼ ਲੈਣ ਵਾਸਤੇ ਭਾਰਤ ਸਰਕਾਰ ਵੱਲੋਂ ਇੱਕ ਵਿਸ਼ੇਸ਼ ਜਹਾਜ਼ ਦਾ ਪ੍ਰਬੰਧ ਕੀਤਾ ਗਿਆ। ਪਰਵਾਰ ਵਾਸਤੇ ਕੇਂਦਰ ਸਰਕਾਰ ਨੇ 25 ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕਰ ਦਿੱਤਾ ਤੇ ਪੰਜਾਬ ਸਰਕਾਰ ਨੇ ਇੱਕ ਕਰੋੜ ਰੁਪਏ ਦਾ। ਸਰਬਜੀਤ ਨੂੰ ਪ੍ਰਧਾਨ ਮੰਤਰੀ ਨੇ ਭਾਰਤ ਦਾ ਬਹਾਦਰ ਸਪੂਤ ਕਰਾਰ ਦੇ ਦਿੱਤਾ ਤੇ ਪੰਜਾਬ ਸਰਕਾਰ ਨੇ ਸਰਬਜੀਤ ਨੂੰ ਸ਼ਹੀਦ ਦਾ ਦਰਜਾ ਵੀ ਦੇ ਦਿੱਤਾ। ਤਿੰਨ ਦਿਨ ਦੇ ਸਰਕਾਰੀ ਸੋਗ ਤੇ ਉਸ ਦੀਆਂ ਧੀਆਂ ਵਾਸਤੇ ਨੌਕਰੀ ਦਾ ਐਲਾਨ ਵੀ। ਸਰਬਜੀਤ ਦਾ ਅੰਤਿਮ ਸੰਸਕਾਰ ਸਿਪਾਹੀਆਂ ਦੀਆਂ ਬੰਦੂਕਾਂ ਉਤਾਂਹ ਵੱਲ ਕਰ ਕੇ, ਫਾਇਰ ਕਰਕੇ, ਤੇ ਹੋਰ ਰਸਮਾਂ ਰਾਹੀਂ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸੰਸਕਾਰ ਵਿੱਚ ਸ਼ਾਮਲ ਹੋਣ ਲਈ ਕੇਂਦਰ ਸਰਕਾਰ ਵੱਲੋਂ ਬਦੇਸ਼ ਰਾਜ ਮੰਤਰੀ ਪਰਨੀਤ ਕੌਰ, ਰਾਜ ਕਰਦੀ ਪਾਰਟੀ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ,  ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਸਮੁੱਚੀ ਕੈਬਨਿਟ, ਸੂਬੇ ਦੇ ਸੱਤਾਧਾਰੀ ਗੱਠਜੋੜ ਦੀ ਸਮੁੱਚੀ ਸੀਨੀਅਰ ਪਾਰਟੀ ਲੀਡਰਸ਼ਿਪ ਪਹੁੰਚੀ ਹੋਈ ਸੀ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਆਗੂ ਵੀ ਪਹੁੰਚੇ ਹੋਏ ਸਨ। ਭਿੱਖੀਵਿੰਡ ਸਮੁੱਚੇ ਦੇਸ਼ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਕੋਈ ਵੀ ਸਮਾਚਾਰ ਚੈਨਲ ਅਜਿਹਾ ਨਹੀਂ ਹੋਵੇਗਾ, ਜਿਸ ਨੇ ਸਰਬਜੀਤ ਦੇ ਸਸਕਾਰ ਦਾ ਸਿੱਧਾ ਪ੍ਰਸਾਰਨ ਨਾ ਕੀਤਾ ਹੋਵੇ। 
ਮਨੁੱਖ ਦੀ ਮੌਤ ਹਮੇਸ਼ਾ ਦੁਖਦਾਈ ਹੀ ਹੁੰਦੀ ਹੈ। ਇਸ ਦੁੱਖ ਦਾ ਦਾਇਰਾ ਮਰਨ ਵਾਲੇ ਦੀ ਸ਼ਖਸੀਅਤ ਅਨੁਸਾਰ ਵੱਡਾ ਛੋਟਾ ਹੋ ਸਕਦਾ ਹੈ। ਇਸੇ ਤਰ੍ਹਾਂ ਸਰਬਜੀਤ ਦੀ ਮੌਤ ਕਾਰਨ ਉਸ ਦੇ ਪਰਵਾਰ ਨੂੰ ਜੋ ਦੁੱਖ ਪੁੱਜਾ ਹੈ, ਉਸ ਨੂੰ ਉਹੀ ਮਹਿਸੂਸ ਕਰ ਸਕਦਾ ਹੈ ਜਿਸ ਦੀਆਂ ਅੱਖਾਂ 'ਚ ਨਮੀ ਹੈ, ਜਿਸ ਦੇ ਅੰਦਰਲਾ ਮਨੁੱਖ ਮਰਿਆ ਨਹੀਂ। ਦੁੱਖ ਉਸ ਦੇ ਦੋਸਤਾਂ-ਮਿੱਤਰਾਂ ਨੂੰ, ਉਸ ਦੇ ਪਿੰਡ ਨੂੰ, ਉਸ ਦੇ ਇਲਾਕੇ ਨੂੰ ਵੀ ਪੁੱਜਾ ਹੈ। ਇਹ ਵੀ ਇੱਕ ਤ੍ਰਾਸਦੀ ਹੈ ਕਿ ਸਰਬਜੀਤ ਦੀਆਂ ਧੀਆਂ ਆਪਣੇ ਬਾਪ ਦਾ ਜਿਊਂਦੇ ਜੀਅ ਮੂੰਹ ਵੀ ਨਾ ਦੇਖ ਸਕੀਆਂ। 
ਸਵਾਲ ਪੈਦਾ ਹੁੰਦਾ ਹੈ ਕਿ ਸਰਬਜੀਤ ਹੈ ਕੌਣ ਸੀ, ਜਿਸ ਦੀ ਮੌਤ ਨਾਲ ਪੂਰੇ ਦੇਸ ਦੀ ਸਿਆਸਤ, ਪੂਰਾ ਢਾਂਚਾ ਸਰਗਰਮ ਹੋ ਗਿਆ ਸੀ। ਹਰ ਛੋਟੇ-ਵੱਡੇ ਨੇਤਾ ਵਿੱਚ ਸਰਬਜੀਤ ਦੇ ਪਰਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਘੱਟ, ਪਾਕਿਸਤਾਨ ਨੂੰ ਕੋਸਣ ਵਾਲਾ ਬਿਆਨ ਅਖ਼ਬਾਰਾਂ ਵਿੱਚ ਛਪਵਾਉਣ ਦੀ ਕਾਹਲ ਨਜ਼ਰ ਆਈ। ਸਰਬਜੀਤ ਸਰਹੱਦੀ ਇਲਾਕੇ ਭਿੱਖੀਵਿੰਡ ਦਾ ਰਹਿਣ ਵਾਲਾ ਨੌਜਵਾਨ ਸੀ। ਹੋਰਨਾਂ ਨੌਜੁਆਨਾਂ ਵਾਂਗ ਉਹ ਵੀ ਬੇਰੁਜ਼ਗਾਰ ਸੀ। ਸਰਹੱਦ 'ਤੇ ਵੱਸਦੇ ਵੱਡੀ ਗਿਣਤੀ ਲੋਕਾਂ ਦੀ ਹਾਲਤ ਅਜਿਹੀ ਹੈ ਕਿ ਉਹ ਆਪਣੇ ਪਰਵਾਰ ਦਾ ਪੇਟ ਪਾਲਣ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਅਕਸਰ ਇਸ ਇਲਾਕੇ ਦੀ ਆਪਣੇ ਕਾਲੇ ਧੰਦੇ ਵਾਸਤੇ ਵਰਤੋਂ ਕਰਨ ਵਾਲੇ ਕੌਮਾਂਤਰੀ ਸਮਗਲਰ ਉਠਾਉਂਦੇ ਹਨ। ਆਪਣਾ ਮਾਲ ਦੇ ਕੇ ਉਹ ਅਜਿਹੇ ਲੋਕਾਂ  ਨੂੰ ਸਰਹੱਦ ਪਾਰ ਭੇਜਦੇ ਹਨ ਤੇ ਪਾਰੋਂ ਉਹ ਉਸੇ ਸਮਗਲਰ ਦਾ ਜਾਂ ਕਿਸੇ ਹੋਰ ਦਾ ਮਾਲ ਵਾਪਸ ਲੈ ਆਉਂਦੇ ਹਨ। ਸਰਹੱਦ 'ਤੇ ਦੋਵੇਂ ਪਾਸੇ ਬਹੁਤ ਸਖਤ ਪਹਿਰਾ ਰਹਿੰਦਾ ਹੈ। ਇਧਰਲੇ ਪਾਸੇ ਬੀ ਐੱਸ ਐੱਫ ਤੇ ਉਧਰਲੇ ਪਾਸੇ ਪਾਕਿਸਤਾਨੀ ਰੇਂਜਰਜ ਪੂਰੀ ਮੁਸਤੈਦੀ ਨਾਲ ਸਰਹੱਦ 'ਤੇ ਨਜ਼ਰ ਰੱਖਦੇ ਹਨ। ਇੰਨੀ ਸਖਤ ਨਿਗਰਾਨੀ ਹੇਠ ਕੋਈ ਚਿੜੀ-ਪਰਿੰਦਾ, ਕੋਈ ਜਨੌਰ, ਜਿਨ੍ਹਾ ਵਾਸਤੇ ਧਰਤੀ 'ਤੇ ਵਾਹੀਆਂ ਇਹ ਲਕੀਰਾਂ ਕੋਈ ਮਾਇਨੇ ਨਹੀਂ ਰੱਖਦੀਆਂ; ਤਾਂ ਸਰਹੱਦ ਪਾਰ ਕਰ ਸਕਦਾ ਹੈ ਪਰ ਕੋਈ ਮਨੁੱਖ ਨਹੀਂ। ਇਸ ਸਭ ਕੁਝ ਦੇ  ਬਾਵਜੂਦ ਸਮੱਗਲਰਾਂ ਦੇ ਇਹ 'ਪਾਂਡੀ' ਕਿਸ ਤਰ੍ਹਾਂ ਇਧਰ-ਉਧਰ ਚਲੇ ਜਾਂਦੇ ਹਨ, ਇਹ ਕੋਈ ਜ਼ਿਆਦਾ ਸੋਚਣ ਵਾਲੀ ਗੱਲ ਨਹੀਂ। ਸਭ ਕੁਝ ਮਿਲ-ਮਿਲਾ ਕੇ ਹੁੰਦਾ ਹੈ। ਸਰਹੱਦੀ ਰਾਖਿਆਂ ਦੇ 'ਉਪਰਲਿਆਂ' ਨੂੰ ਸਭ ਪਤਾ ਹੁੰਦਾ ਹੈ ਕਿ ਕਿਹੜਾ ਪਾਂਡੀ ਕਿਸ ਵਕਤ, ਕਿਸ ਥਾਂ ਤੋਂ ਇਧਰ-ਉਧਰ ਜਾ ਰਿਹਾ ਹੈ। ਇਨ੍ਹਾਂ 'ਪਾਂਡੀਆਂ' ਤੋਂ ਦੋਵਾਂ ਦੇਸ਼ਾਂ ਦੀਆਂ ਖੁਫੀਆ ਏਜੰਸੀੇਆਂ ਆਪਣਾ ਕੰਮ ਲੈਂਦੀਆਂ ਹਨ। ਇੱਕ ਦੂਸਰੇ ਦੇ ਭੇਦਾਂ ਦਾ ਪਤਾ ਲਾਉਣ ਲਈ ਇਨ੍ਹਾਂ ਲੋਕਾਂ ਦੀ ਅਕਸਰ ਵਰਤੋਂ ਹੁੰਦੀ ਹੈ, ਪਰ ਮਜਬੂਰੀਆਂ, ਲਾਚਾਰੀਆਂ, ਬੇਕਾਰੀਆਂ ਦੇ ਭੰਨੇ ਇਨ੍ਹਾਂ 'ਪਾਂਡੀਆਂ' ਦੀ ਇਹ ਤਰਾਸਦੀ ਹੀ ਹੈ ਕਿ ਉਨ੍ਹਾਂ ਦਾ ਨਾਂਅ ਕਿਸੇ ਵੀ ਸਰਕਾਰ ਦੇ ਕਾਗਜ਼ਾਂ ਵਿੱਚ, ਉਸ ਦੀ ਸੂਚੀ ਵਿੱਚ ਦਰਜ ਨਹੀਂ ਹੁੰਦਾ। ਜਦ ਇਹ 'ਪਾਂਡੀ' ਆਪਣੀ ਅਣਗਹਿਲੀ ਕਾਰਨ ਸਰਹੱਦੋਂ ਪਾਰ ਫੜੇ ਜਾਂਦੇ ਹਨ ਤਾਂ ਉਹ ਤਾਂ ਆਪਣੇ ਦੇਸ਼ ਦਾ ਜਾਸੂਸ ਹੋ ਜਾਂਦੇ ਹਨ, ਪਰ ਦੇਸ਼ ਦੇ ਕਾਗਜ਼ਾਂ ਪੱਤਰਾਂ ਵਿੱਚ ਉਨ੍ਹਾਂ ਦਾ ਨਾਂਅ ਤੱਕ ਨਹੀਂ ਹੁੰਦਾ। ਇਹ ਕੋਈ ਕਹਾਣੀ ਨਹੀਂ ਹੈ, ਜਾਂ ਵਧਾ ਚੜ੍ਹਾ ਪੇਸ਼ ਕੀਤੀ ਜਾ ਰਹੀ ਗੱਲ ਨਹੀਂ, ਇਹ ਤਾਂ ਬਹੁਤ ਸਾਰੇ 'ਜਾਸੂਸ ਪਾਂਡੀਆਂ' ਦਾ ਹੱਡੀਂ ਹੰਢਾਇਆ ਸੱਚ ਹੈ। ਪਾਕਿਸਤਾਨੀ ਜੇਲ੍ਹਾਂ ਵਿੱਚ ਉਨ੍ਹਾਂ ਦੀਆਂ ਉਮਰਾਂ ਗਲ ਗਈਆਂ, ਪਰ ਉਨ੍ਹਾਂ ਦਾ ਆਪਣਾ ਦੇਸ਼ ਉਨ੍ਹਾਂ ਦੀ ਪਛਾਣ ਕਰਨ ਤੋਂ ਵੀ ਇਨਕਾਰੀ ਹੋ ਜਾਂਦਾ ਰਿਹਾ ਹੈ। ਜੇ ਪਛਾਣ ਕੀਤੀ ਵੀ ਤਾਂ ਉਸ ਨੂੰ ਜ਼ੁਬਾਨ ਖੋਲ੍ਹਣ ਤੋਂ ਅਜਿਹਾ ਵਰਜ ਦਿੱਤਾ ਗਿਆ ਕਿ ਉਹ ਜ਼ਿੰਦਗੀ ਦੇ ਬਾਕੀ ਬਚਦੇ ਦਿਨ ਪਛਤਾਵੇ ਦੀ ਅੱਗ ਵਿੱਚ ਸੜਨ ਲਈ ਮਜਬੂਰ ਹੋ ਗਿਆ। ਸਰਬਜੀਤ ਦੇ ਰਿਹਾਈ ਦੇ ਐਲਾਨ ਤੇ ਫਿਰ ਮੁਕਰ ਜਾਣ ਤੋਂ ਬਾਅਦ, ਉਨ੍ਹਾਂ ਹੀ ਦਿਨਾਂ ਵਿੱਚ ਛੱਡੇ ਗਏ ਸੁਰਜੀਤ ਸਿੰਘ ਦੀ ਹੋਣੀ ਤੋਂ ਕੌਣ ਨਹੀਂ ਵਾਕਿਫ਼। ਅਜਿਹੇ ਕਿੰਨੇ ਹੋਰ ਸਰਬਜੀਤ ਤੇ ਸੁਰਜੀਤ ਪਤਾ ਨਹੀਂ ਕਦੋਂ ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਸੜ ਰਹੇ ਹੋਣਗੇ ਤੇ ਭਾਰਤ ਦੀਆਂ ਜੇਲ੍ਹਾਂ ਵਿੱਚ ਪਤਾ ਨਹੀਂ ਕਿੰਨੇ ਪਾਕਿਸਤਾਨੀ 'ਜਾਸੂਸ ਪਾਂਡੀ' ਰੁਲ ਰਹੇ ਹੋਣਗੇ। ਇਨ੍ਹਾਂ ਦੀ ਹੋਣੀ ਵੀ ਫੰਕਸ਼ਨਾਂ 'ਚ ਵਰਤੇ ਜਾਂਦੇ ਡਿਸਪੋਜੇਬਲ ਗਲਾਸਾਂ ਵਰਗੀ ਹੀ ਹੁੰਦੀ ਹੈ। ਜਿਹੜੇ ਇੱਕ ਵਾਰ ਵਰਤ ਕੇ ਸੁੱਟ ਦਿੱਤੇ ਜਾਂਦੇ ਹਨ। ਇਧਰਲੇ ਪਾਸੇ ਉਨ੍ਹਾਂ ਨੂੰ 'ਰਾਅ' ਵਰਤਦੀ ਹੈ ਤੇ ਉਧਰਲੇ ਪਾਸੇ 'ਆਈ ਐੱਸ ਆਈ'। 
ਕਈ ਵਾਰ ਤਾਂ ਅਜਿਹੇ ਲੋਕ ਦੇਸ ਦੀਆਂ ਖੁਫ਼ੀਆਂ ਏਜੰਸੀਆਂ ਦੇ ਆਪਸੀ ਟਕਰਾਅ ਵਿੱਚ ਹੀ ਦਰੜੇ ਜਾਂਦੇ ਹਨ। ਮਕਬੂਜ਼ਾ ਕਸ਼ਮੀਰ ਤੋਂ ਆਤਮ-ਸਮੱਰਪਣ ਲਈ ਇੱਕ ਤੈਅ-ਸ਼ੁਦਾ ਯੋਜਨਾ ਅਧੀਨ ਇੱਧਰ ਆਏ ਲਿਆਕਤ ਅਲੀ ਨੂੰ ਕੌਣ ਨਹੀਂ ਜਾਣਦਾ। ਨੇਪਾਲ ਬਾਰਡਰ ਰਾਹੀਂ ਪਰਵਾਰ ਸਮੇਤ ਕਸ਼ਮੀਰ ਪਰਤ ਰਹੇ ਲਿਆਕਤ ਅਲੀ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਕਰਾਈਮ ਸੈੱਲ ਨੇ ਇਹ ਕਹਿੰਦੇ ਗ੍ਰਿਫ਼ਤਾਰ ਕਰ ਲਿਆ ਕਿ ਉਹ ਹਿਜ਼ਬੁੱਲ ਦਾ ਖਤਰਨਾਕ ਅੱਤਵਾਦੀ ਹੈ ਤੇ ਉਹ ਦਿੱਲੀ 'ਚ ਅੱਤਵਾਦੀ ਹਮਲੇ ਕਰਨ ਆਇਆ ਸੀ। ਇਸ ਮਾਮਲੇ 'ਚ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਤੱਕ ਨੂੰ ਦਖ਼ਲ ਦੇਣਾ ਪਿਆ ਤੇ ਅੱਤਵਾਦੀ ਸਰਗਰਮੀਆਂ ਦੀ ਜਾਂਚ ਲਈ ਬਣੀ ਏਜੰਸੀ ਐੱਨ ਆਈ ਏ ਨੇ ਵਿਸ਼ੇਸ਼ ਜਾਂਚ ਤੋਂ ਬਾਅਦ ਇਹ ਸਿੱਟਾ ਕੱਢਿਆ ਕਿ ਉਹ ਜੰਮੂ-ਕਸ਼ਮੀਰ ਸਰਕਾਰ ਦੀ ਮੁੜ ਬਸੇਵਾ ਨੀਤੀ ਅਧੀਨ ਹੀ ਵਾਪਸ ਆਇਆ ਸੀ। ਜੇ ਜੰਮੂ-ਕਸ਼ਮੀਰ ਸਰਕਾਰ ਵੇਲੇ ਸਿਰ ਦਖ਼ਲ ਨਾ ਦਿੰਦੀ ਤਾਂ ਉਸ ਨੂੰ ਪਤਾ ਨਹੀਂ ਕਿਹੜੀ ਜੇਲ੍ਹ 'ਚ ਸੁੱਟ ਦਿੱਤਾ ਜਾਣਾ ਸੀ। 
ਸਰਬਜੀਤ ਦੇ ਸਸਕਾਰ ਮੌਕੇ ਦੇਖਣ ਨੂੰ ਇੱਕ ਵੱਡਾ ਹਜ਼ੂਮ ਸੀ, ਪਰ ਇਹ ਇੱਕ ਨਹੀਂ, ਦੋ ਹਜ਼ੂਮ ਸਨ। ਇੱਕ ਹਜ਼ੂਮ ਸੀ ਸਰਹੱਦੀ ਇਲਾਕੇ ਦੇ ਲੋਕਾਂ ਦਾ ਤੇ ਦੂਸਰਾ ਹਜ਼ੂਮ ਸੀ ਸੱਤਾ 'ਤੇ ਬਿਰਾਜਮਾਨ ਤੇ ਸੱਤਾ ਦੀਆਂ ਦਾਅਵੇਦਾਰ ਧਿਰਾਂ ਦੇ ਰਹਿਬਰਾਂ ਤੇ ਉਨ੍ਹਾਂ ਦੇ ਝੋਲੀ ਚੁੱਕਾਂ ਦਾ। ਸਰਹੱਦੀ ਇਲਾਕੇ ਦੇ  ਲੋਕਾਂ ਦਾ ਹਜ਼ੂਮ ਸਰਬਜੀਤ ਦੇ ਅੰਤ 'ਚੋਂ ਆਪਣੀ ਹੋਣੀ ਭਾਲ ਰਿਹਾ ਸੀ। ਇਹ ਉਹ ਲੋਕ ਸਨ ਜਿਹੜੇ ਸਰਬਜੀਤ ਦੀਆਂ ਧੀਆਂ, ਉਸ ਦੀ ਪਤਨੀ ਤੇ ਭੈਣ ਦੇ ਦੁੱਖ 'ਚ ਦਿਲ ਦੀਆਂ ਗਹਿਰਾਈਆਂ ਤੋਂ ਸ਼ਾਮਲ ਹੋਣ ਆਏ ਸਨ। ਉਹ ਸਰਬਜੀਤ ਦੇ ਪਰਵਾਰ ਦੇ ਮੱਥੇ ਦੀਆਂ ਲਕੀਰਾਂ 'ਚੋਂ ਆਪਣੇ ਪਰਵਾਰਾਂ ਦਾ ਭਵਿੱਖ ਭਾਲਣ ਆਏ ਸਨ। ਦੂਸਰਾ ਹਜ਼ੂਮ ਸਰਬਜੀਤ ਦੇ ਪਰਵਾਰ ਦੇ ਗਮ 'ਚ ਸ਼ਰੀਕ ਹੋਣ ਨਹੀਂ ਸਗੋਂ  ਆਪਣੀਆਂ ਵੋਟਾਂ ਦੀ ਫਸਲ ਦੀ ਸੇਵਾ ਲਈ ਆਇਆ ਸੀ। 
 ਸਰਬਜੀਤ ਦੇ ਪਰਵਾਰ ਨੂੰ ਸਰਕਾਰੀ ਖਾਤਿਆਂ ਤੋਂ ਮਿਲੀ ਇਮਦਾਦ ਹੁਕਮਰਾਨਾਂ ਵੱਲੋਂ ਕੀਤਾ ਕੋਈ ਅਹਿਸਾਨ ਨਹੀਂ ਹੈ, ਇਹ ਤਾਂ ਸਗੋਂ ਉਨ੍ਹਾਂ ਵੱਲੋਂ ਆਪਣੇ ਗੁਨਾਹ 'ਤੇ ਕੀਤੀ ਗਈ ਸ਼ਾਨਦਾਰ ਪਰਦਾਪੋਸ਼ੀ ਹੈ। ਜੇ ਉਹ ਏਨੇ ਹੀ ਫਿਰਾਖ਼ ਦਿਲ ਹਨ ਤਾਂ ਪੰਜਾਬ ਦੀਆਂ ਹੋਰਨਾਂ ਧੀਆਂ ਨੂੰ ਰੁਜ਼ਗਾਰ ਦੇਣ ਦੀ ਥਾਂ ਉਨ੍ਹਾਂ ਦੀਆਂ ਗੁੱਤਾਂ ਕਿਉਂ ਪੁੱਟਦੇ ਹਨ, ਉਨ੍ਹਾਂ ਦੀਆਂ ਚੁੰਨੀਆਂ ਪੈਰਾਂ 'ਚ ਕਿਉਂ ਰੋਲਦੇ ਹਨ? ਉਨ੍ਹਾਂ ਨੂੰ ਪਾਣੀ ਵਾਲੀਆਂ ਟੈਂਕੀਆਂ 'ਤੇ ਚੜ੍ਹ ਕੇ ਆਤਮਦਾਹ ਕਰਨ ਲਈ ਮਜਬੂਰ ਕਿਉਂ ਕੀਤਾ ਜਾਂਦਾ ਹੈ? 
'ਸ਼ਹਾਦਤ' ਦੇ ਅਰਥਾਂ, ਉਸ ਦੀ ਪ੍ਰੀਭਾਸ਼ਾ ਨੂੰ ਭੁੱਲ ਕੇ ਸਰਬਜੀਤ ਨੂੰ 'ਸ਼ਹੀਦ' ਦੇ ਦਿੱਤੇ ਗਏ ਦਰਜੇ  ਨਾਲ ਸੌਰਿਆ ਕੀ ਹੈ ? ਕੁਝ ਵੀ ਤਾਂ ਨਹੀਂ, ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਅੰਧ-ਰਾਸ਼ਟਰਵਾਦ ਦਾ ਇੱਕ ਜਨੂੰਨ ਜ਼ਰੂਰ ਪੈਦਾ ਕਰ ਦਿੱਤਾ ਗਿਆ। ਥਾਂ-ਥਾਂ ਪਾਕਿਸਤਾਨ ਦੇ ਝੰਡੇ ਸਾੜ ਕੇ, ਮੁਜ਼ਾਹਰੇ ਕਰ ਕੇ ਇੱਥੋਂ ਤੱਕ ਕਿ ਸਰਹੱਦ, ਜਿੱਥੇ ਦੇਸ਼ ਦੇ ਰਹਿਬਰ ਦਾਅਵਾ ਕਰਦੇ ਨਹੀਂ ਥੱਕਦੇ ਕਿ ਅਸੀਂ ਤਾਂ ਅਮਨ ਚਾਹੁੰਦੇ ਹਾਂ, ਖਰੂਦ ਦੀ ਇਜਾਜ਼ਤ ਦੇ ਕੇ ਸਾਡੇ ਹੁਕਮਰਾਨਾਂ ਨੇ ਕੇਵਲ ਸੀਮਾ ਪਾਰ ਲੋਕਾਂ ਵਿੱਚ ਭਾਰਤ ਵਿਰੁੱਧ ਨਫ਼ਰਤ ਦਾ ਜਵਾਦ ਪੈਂਦਾ ਹੀ ਨਹੀਂ ਕੀਤਾ, ਸਗੋਂ ਇੱਧਰ ਵੀ ਬਲਦੀ 'ਤੇ ਤੇਲ ਹੀ ਪਾਇਆ ਹੈ। ਇਸ ਅੰਧ ਰਾਸ਼ਟਰਵਾਦ ਦਾ ਹੀ ਸਿੱਟਾ ਸੀ ਕਿ ਜੰਮੂ ਦੀ ਜੇਲ੍ਹ 'ਚ ਕੈਦ ਕੱਟ ਰਹੇ ਪਾਕਿ ਨਾਗਰਿਕ ਸਨਾਉਲਾ ਨੂੰ ਬਿਲਕੁਲ ਸਰਬਜੀਤ ਵਾਂਗ ਹੀ ਜਾਨ ਗੁਆਉਣੀ ਪਈ। ਜੇ ਸਰਬਜੀਤ ਨੂੰ ਅਫ਼ਜਲ ਗੁਰੂ ਨੂੰ ਦਿੱਤੀ ਗਈ ਫ਼ਾਂਸੀ ਕਾਰਨ ਆਪਣੀ ਜਾਨ 'ਤੋਂ ਹੱਥ ਧੋਣੇ ਪਏ ਤਾਂ ਸਨਾਉਲਾ ਨੂੰ ਸਰਬਜੀਤ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ ਗਿਆ । 
ਸ਼ਹੀਦ ਤਾਂ ਉਹ ਹੁੰਦਾ ਹੈ ਜੋ ਆਪਣੇ ਕਿਸੇ ਉਚੇਚੇ ਤੇ ਮਾਨਵਤਾ ਦੇ ਹਿੱਤਾਂ ਲਈ ਮਰ ਮਿੱਟਣ ਵਾਲੇ ਅਕੀਦੇ ਤੋਂ ਨਾ ਭਟਕੇ, ਉਸ ਅਕੀਦੇ ਵਾਸਤੇ ਆਪਣੀ ਜਾਨ ਕੁਰਬਾਨ ਕਰ ਕੇ ਲੋਕਾਂ ਵਿੱਚ ਉਸ ਅਕੀਦੇ ਲਈ, ਉਸ ਕਾਜ ਲਈ ਲੜਨ ਮਰਨ ਦਾ ਜਜ਼ਬਾ ਪੈਦਾ ਕਰ ਜਾਵੇ। ਸਾਡੇ ਕੋਲ ਅਜਿਹੇ ਸ਼ਹੀਦਾਂ ਦੀ ਇੱਕ ਅਜਿਹੀ ਵਿਰਾਸਤ ਹੈ ਜਿਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਕੀਨੀ ਤੌਰ 'ਤੇ ਸਿਜਦਾ ਕਰਦੀਆਂ ਰਹਿਣਗੀਆਂ। ਇਹਨਾਂ ਵਿੱਚ ਜਿੱਥੇ ਤੱਤੀ ਤਵੀ 'ਤੇ ਬੈਠ ਕੇ ਜ਼ੁਲਮ ਦਾ ਟਾਕਰਾ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਹਨ, ਉੱਥੇ ਬਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਹਿਲਾਉਣ ਵਾਲੇ ਸ਼ਹੀਦੇ-ਆਜ਼ਮ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਸੁਨਾਮ ਅਤੇ ਅਜਿਹੇ ਹੀ ਕਈ ਹੋਰ ਵੀ ਹਨ।  ਉਨ੍ਹਾਂ ਮੌਤ ਸਾਹਮਣੇ ਦੇਖ ਕੇ ਕਦੇ ਸਿਰ ਨੀਵਾਂ ਨਹੀਂ ਸੀ ਕੀਤਾ, ਹੱਥ ਨਹੀਂ ਸਨ ਜੋੜੇ, ਜਾਨ ਬਖਸ਼ੀ ਲਈ ਹਾੜ੍ਹੇ ਨਹੀਂ ਸਨ ਕੱਢੇ। ਇਸ ਸਭ ਕੁਝ ਦੇ ਬਾਵਜੂਦ ਸਾਡੇ ਹੁਕਮਰਾਨਾਂ ਦੇ 'ਸ਼ਹੀਦ' ਸਰਬਜੀਤ ਨੇ ਤਾਂ ਆਪਣੀ ਜਾਨ ਬਖਸ਼ੀ ਲਈ ਪਾਕਿ ਰਾਸ਼ਟਰਪਤੀ ਕੋਲ ਪਤਾ ਨਹੀਂ ਕਿੰਨੀ ਕੁ ਵਾਰ ਰਹਿਮ ਦੀਆਂ ਅਪੀਲਾਂ ਕੀਤੀਆਂ, ਧਰਮ ਵੀ ਬਦਲਿਆ, ਆਪਣੀ ਗਲਤ ਸ਼ਨਾਖਤ ਦੇ ਸਬੂਤ ਵੀ ਪੇਸ਼ ਕੀਤੇ। ਅਜਿਹੇ ਕਮਜ਼ੋਰ, ਲਾਚਾਰ ਵਿਅਕਤੀ ਨੂੰ ਸ਼ਹੀਦਾਂ ਦੀ ਕਤਾਰ ਵਿੱਚ ਖੜਾ ਕਰਨਾ ਕਿੱਥੋਂ ਤੱਕ ਜਾਇਜ਼ ਹੈ। ਜੇ ਸਰਬਜੀਤ ਨੂੰ 'ਸ਼ਹੀਦ' ਮੰਨਣਾ ਹੈ ਤਾਂ ਗੁਰੂ ਅਰਜਨ ਦੇਵ, ਭਗਤ ਸਿੰਘ ਹੁਰਾਂ   ਨੂੰ ਕੀ ਜਵਾਬ ਦਿਓਗੇ। ਅਜਿਹਾ ਕਰਨਾ ਇਹਨਾਂ ਸ਼ਹੀਦਾਂ ਦਾ ਅਪਮਾਨ ਹੈ, ਜਿਸ ਨੂੰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 
ਜੇ 'ਸ਼ਹੀਦ' ਦਾ ਇਹ ਖਿਤਾਬ ਦੇਣ ਵਾਲੇ ਸਰਬਜੀਤ ਪ੍ਰਤੀ ਸੁੱਚਮੁੱਚ ਹੀ ਸੁਹਿਰਦ ਹਨ ਤਾਂ ਇਹ ਸੁਹਿਰਦਤਾ ਸਰਹੱਦੀ ਇਲਾਕੇ ਦੀ ਉਸ ਕਿਸਾਨੀ ਪ੍ਰਤੀ ਕਿਉਂ ਨਹੀਂ ਹੈ, ਜਿਸ ਨੂੰ ਆਪਣੇ ਹੀ ਮੁਲਕ ਦੀਆਂ ਸੰਗੀਨਾਂ ਨੇ ਰੋਜ਼ੀ ਰੋਟੀ ਤੋਂ ਵਿਰਵੇ ਕੀਤਾ ਹੋਇਆ ਹੈ। ਸਰਹੱਦ ਦੇ ਨਾਲ-ਨਾਲ ਕੰਡਿਆਲੀ ਤਾਰ ਨੇ ਹਜ਼ਾਰਾਂ ਏਕੜ ਜ਼ਮੀਨ 'ਤੇ ਹੀ ਨਹੀਂ, ਸਗੋਂ ਉਨ੍ਹਾਂ ਸੈਂਕੜੇ ਪਰਵਾਰਾਂ ਦੇ ਸੀਨਿਆਂ ਵਿੱਚ ਕੰਡੇ ਚੁਭੋਏ ਹੋਏ ਹਨ, ਜਿਨ੍ਹਾਂ ਦੀਆਂ ਜ਼ਮੀਨਾਂ ਇਸ ਕੁਲਹਿਣੀ ਵਾੜ ਤੋਂ ਪਾਰ ਪੈਂਦੀਆਂ ਹਨ। 
ਇਸ ਇਲਾਕੇ ਦੀ ਕਿਸਾਨੀ ਦੀਆਂ ਸਮਸਿਆਵਾਂ ਵੱਲ ਕਦੇ ਕਿਸੇ ਹੁਕਮਰਾਨ ਦਾ ਧਿਆਨ ਨਹੀਂ ਗਿਆ। ਇਹ ਲੋਕ ਆਪਣੇ ਹੀ ਖੇਤਾਂ ਵਿੱਚ ਗੁਲਾਮਾਂ ਵਾਂਗ ਕੰਮ ਕਰਨ ਲਈ ਮਜਬੂਰ ਹਨ। ਤੈਅ ਸਮੇਂ ਤੋਂ ਪਹਿਲਾਂ ਉਹ ਕੰਡਿਆਲੀ ਵਾੜ ਤੋਂ ਪਾਰ ਨਹੀਂ ਜਾ ਸਕਦੇ ਤੇ ਇੱਕ ਮਿੱਥੇ ਸਮੇਂ ਤੋਂ ਵੱਧ ਉਹ ਆਪਣੇ ਖੇਤਾਂ ਵਿੱਚ ਕੰਮ ਨਹੀਂ ਕਰ ਸਕਦੇ। ਉਨ੍ਹਾਂ 'ਤੇ ਆਪਣੇ ਖੇਤਾਂ ਵਿੱਚ ਕਮਾਦ, ਕਪਾਹ, ਅਰਹਰ, ਬਾਸਮਤੀ, ਤਿਲ, ਮਿਰਚਾਂ ਤੇ ਇਥੋਂ ਤੱਕ ਕਿ ਆਲੂ ਬੀਜਣ ਦੀ ਮਨਾਹੀ ਹੈ। ਕੰਡਿਆਲੀ ਵਾੜ ਪਾਰ ਕਰਨ ਲਈ ਪਾਸ ਲੈਣ ਵਾਸਤੇ ਉਡੀਕ ਕਰਨੀ ਪੈਂਦੀ ਹੈ। ਦੋ-ਦੋ ਘੰਟੇ ਸਮਾਂ ਬਰਬਾਦ ਹੋ ਜਾਂਦਾ ਹੈ। ਵਾੜ ਪਾਰ ਕਰ ਗਏ ਤਾਂ ਅੱਗੇ ਪਤਾ ਨਹੀਂ ਬਿਜਲੀ ਹੋਵੇ ਕਿ ਨਾ। ਉਹ ਤਾਂ ਆਪਣੀ ਜ਼ਮੀਨ 'ਤੇ ਰੂਹ ਨਾਲ ਖੇਤੀ ਕਰਨ ਨੂੰ ਤਰਸੇ ਪਏ ਹਨ। ਖੇਤੀ ਵਾਸਤੇ ਤਾਂ ਦਿਨ ਰਾਤ ਜ਼ਮੀਨ ਨਾਲ ਘੁਲਣਾ ਪੈਂਦਾ ਹੈ, ਤਾਂ ਜਾ ਕੇ ਕੁਝ ਪੱਲੇ ਪੈਂਦਾ ਹੈ ਪਰ ਇਹ ਲੋਕ ਤਾਂ ਚਾਰ ਜਾ ਪੰਜ ਘੰਟੇ ਹੀ ਕੰਮ ਕਰ ਪਾਉਂਦੇ ਹਨ। ਅਜਿਹੀ ਹਾਲਤ ਵਿੱਚ ਜਿੱਥੇ ਕਿਸਾਨ ਦੇ ਪੱਲੇ ਕੁਝ ਨਹੀਂ ਪੈ ਰਿਹਾ, ਖੇਤ ਮਜ਼ਦੂਰ ਦੀ ਤਾਂ ਗੱਲ ਹੀ ਕੀ ਕਰਨੀ ਹੈ। ਪੀਣ ਵਾਲੇ ਸਾਫ਼ ਪਾਣੀ ਨੂੰ ਇਹ ਲੋਕ ਤਰਸੇ ਪਏ ਹਨ, ਸਰਕਾਰੀ ਡਿਸਪੈਂਸਰੀਆਂ, ਜੇ ਕਿਤੇ ਹੈਨ ਵੀ ਤਾਂ ਉਥੇ ਕੋਈ ਡਾਕਟਰ ਨਹੀਂ, ਇਸ ਇਲਾਕੇ ਦੇ ਸਕੂਲਾਂ 'ਚ ਕੋਈ ਅਧਿਆਪਕ ਡਿਊਟੀ ਕਰਨ ਲਈ ਤਿਆਰ ਨਹੀਂ ਹੁੰਦਾ। ਜਿਊਣਯੋਗ ਹਾਲਤਾਂ ਦੀ ਅਣਹੋਂਦ ਦੇ ਬਾਵਜੂਦ ਇਹ ਲੋਕ ਸਰਹੱਦ 'ਤੇ ਡਟੇ ਹੋਏ ਹਨ। ਇਹ ਤਾਂ 'ਜ਼ਿੰਦਾ ਸ਼ਹੀਦ' ਹਨ, ਆਪਾ ਵਾਰ ਕੇ ਫਰਜ਼ ਨਿਭਾ ਰਹੇ ਹਨ। ਸਰਬਜੀਤ ਨੂੰ 'ਸ਼ਹੀਦ' ਕਰਾਰ ਦੇ ਕੇ ਹੀ ਸੁਰਖ਼ਰੂ ਨਹੀਂ ਹੋਇਆ ਜਾ ਸਕਦਾ। ਇਨ੍ਹਾਂ ਜਿੰਦਾ ਸ਼ਹੀਦਾਂ ਦੀ ਫੌਜ ਬਾਰੇ ਵੀ ਸੋਚਣਾ ਪਵੇਗਾ। ਇਹਨਾ ਪ੍ਰਤੀ ਵੀ ਸੁਹਿਰਦਤਾ ਦਿਖਾਉਣੀ ਹੋਵੇਗੀ।
ਲੋੜ ਹੈ ਅਜਿਹੇ ਹਾਲਾਤ ਸਿਰਜਣ ਦੀ ਕਿ ਕਿਸੇ ਸਰਬਜੀਤ ਨੂੰ ਸਰਹੱਦ ਪਾਰ ਕਰਨ ਦੀ ਲੋੜ ਨਾ ਪਵੇ ਤੇ ਜਿਹੜਾ ਵੀ ਸਰਹੱਦ ਪਾਰ ਕਰ ਕੇ ਜਾਵੇ, ਉਸ ਦੀ ਜਿੰਮੇਵਾਰੀ ਲੈਣ ਤੋਂ ਨਾ ਭੱਜਿਆ ਜਾਵੇ। ਭਾਰਤ ਤੇ ਪਾਕਿਸਤਾਨ, ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਦੂਸਰੇ ਦੇ ਇਲਾਕੇ 'ਚ ਫੜੇ ਗਏ ਅਜਿਹੇ ਬੰਦਿਆਂ ਨੂੰ 'ਜੰਗੀ ਕੈਦੀ' ਦਾ ਰੁਤਬਾ ਜ਼ਰੂਰ ਦੇਣ। ਇੰਜ ਕਰਨ ਨਾਲ ਅਜਿਹੇ ਵਿਅਕਤੀਆਂ ਦੇ ਪਰਵਾਰਾਂ ਦੀ ਜਿੰਮੇਵਾਰੀ ਸੰਬੰਧਤ ਸਰਕਾਰ ਦੀ ਹੋ ਜਾਵੇਗੀ। 
ਕੀ ਦੇਸ਼ ਦੇ ਅਜੋਕੇ 'ਰਹਿਬਰਾਂ' ਤੋਂ ਅਜਿਹੀ ਸੁਹਿਰਦਤਾ ਦੀ ਆਸ ਕੀਤੀ ਜਾ ਸਕਦੀ ਹੈ? ਸਾਡਾ ਉੱਤਰ ਸਪੱਸ਼ਟ ਨਾਂਹ ਵਿਚ ਹੈ। ਜਦ ਤੱਕ  ਇਹ ਮਾਨਵੀ ਸੁਹਿਰਦਤਾ ਗਾਇਬ ਰਹੇਗੀ, ਉਦੋਂ ਤੱਕ ਹਾਲਾਤ ਵਿੱਚ ਕੋਈ ਸਿਫਤੀ ਤਬਦੀਲੀ ਨਹੀਂ ਆਉਣ ਲੱਗੀ। ਅਨੇਕਾਂ ਸਰਬਜੀਤ ਸਰਹੱਦ ਪਾਰ ਕਰਦੇ ਰਹਿਣਗੇ ਪਰ ਉਨ੍ਹਾਂ 'ਚੋਂ ਸ਼ਾਇਦ ਹੀ ਕਿਸੇ ਦਾ ਟਕਾ ਮੁੱਲ ਵੀ ਪੈ ਸਕੇ।
(ਸੰਗਰਾਮੀ ਲਹਿਰ - ਜੂਨ 2013)

No comments:

Post a Comment