ਮਹਾਨ ਕਮਿਊਨਿਸਟ ਨੇਤਾ, ਮਜ਼ਦੂਰਾਂ-ਕਿਸਾਨਾਂ ਦੇ ਕਲਿਆਣ ਲਈ ਸਾਰਾ ਜੀਵਨ ਸਮਰਪਤ ਕਰਨ ਵਾਲੇ ਤੇ ਸਾਦਗੀ ਤੇ ਉਚੇ ਆਦਰਸ਼ਾਂ ਭਰਿਆ ਸੰਘਰਸ਼ਸ਼ੀਲ ਜੀਵਨ ਲੋਕਾਂ ਦੇ ਲੇਖੇ ਲਗਾਉਣ ਵਾਲੇ, ਸਾਥੀ ਸਤਪਾਲ ਡਾਂਗ ਜੀ ਦਾ ਸਦਾ ਲਈ ਤੁਰ ਜਾਣਾ ਕਮਿਊਨਿਸਟ ਲਹਿਰ ਤੇ ਸਮੁੱਚੇ ਸਮਾਜ ਲਈ ਵੱਡਾ ਘਾਟਾ ਹੈ। ਸਾਥੀ ਡਾਂਗ ਜੀ 15 ਜੂਨ ਨੂੰ 93 ਵਰ੍ਹਿਆਂ ਦੀ ਉਮਰ ਭੋਗ ਕੇ ਸਦੀਵੀਂ ਵਿਛੋੜਾ ਦੇ ਗਏ ਹਨ। ਉਂਝ ਪਿਛਲੇ ਕੁਝ ਸਾਲਾਂ ਤੋਂ ਜਿਸ ਤਰ੍ਹਾਂ ਦੀ ਖਰਾਬ ਸਿਹਤ ਨਾਲ ਉਹ ਜੀਅ ਰਹੇ ਸਨ, ਉਸ ਜੀਵਨ ਤੋਂ ਰੁਕਸਤ ਲੈ ਕੇ ਵਿਛੜਨ ਦਾ ਇਹ ਯੋਗ ਮੌਕਾ ਹੀ ਕਿਹਾ ਜਾਣਾ ਚਾਹੀਦਾ ਹੈ। ਮਿਲ ਗੇਟਾਂ, ਸੜਕਾਂ, ਜਨਤਕ ਇਕੱਠਾਂ, ਦੁਸ਼ਮਣਾਂ ਦੇ ਗੜ੍ਹਾਂ ਅਤੇ ਵਿਧਾਨ ਸਭਾ ਵਿਚ ਗਰਜਣ ਵਾਲਾ ਸਾਥੀ ਡਾਂਗ ਕੁੱਝ ਸਮੇਂ ਤੋਂ ਚੁਪ ਤੇ ਸ਼ਾਂਤ ਸੀ, ਅਜਿਹਾ ਦੇਖਣਾ ਡਾਢਾ ਦੁਖਦਾਈ ਜਾਪਦਾ ਸੀ।
ਸਾਥੀ ਸਤਪਾਲ ਡਾਂਗ ਜੀ ਆਜ਼ਾਦੀ ਅੰਦੋਲਨ ਦੌਰਾਨ ਹੀ ਰਾਜਨੀਤੀ ਵਿਚ ਕੁੱਦ ਪਏ ਸਨ। ਉਨਾਂ ਨੇ ਧੁਰ ਪੱਛਮ ਵਿਚ ਆਂਧਰਾ ਪ੍ਰਦੇਸ਼ ਦੇ ਜੰਗਲਾਂ ਵਿਚ ਰਿਆਸਤੀ ਰਾਜਿਆਂ ਵਿਰੁੱਧ ਲੜੀ ਜਾ ਰਹੀ ਹਥਿਆਰਬੰਦ ਜੰਗ (ਤਿਲੰਗਾਨਾ ਦਾ ਹਥਿਆਬੰਦ ਘੋਲ) ਵਿਚ ਆਪਣਾ ਬਣਦਾ ਹਿੱਸਾ ਵੀ ਪਾਇਆ ਤੇ ਭੁੱਖੇ ਤਿਰਹਾਏ ਪ੍ਰੰਤੂ ਸਵੈਮਾਨ ਤੇ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਗਰਾਮ ਵਿਚ ਕੁੱਦੇ ਧਰਤੀ ਦੇ ਪੁੱਤਰਾਂ ਨਾਲ ਮੋਢੇ ਨਾਲ ਮੋਢਾ ਜੋੜਕੇ ਲੜੇ। ਸਾਥੀ ਪੀ. ਸੁੰਦਰਈਆ, ਜੋ ਤਿਲੰਗਾਨਾ ਦੀ ਜੱਦੋ ਜਹਿਦ ਦੇ ਮੋਢੀ ਆਗੂਆਂ ਵਿਚੋਂ ਇਕ ਸਨ, ਨਾਲ ਬਾਹਾਂ ਵਿਚ ਬਾਹਾਂ ਪਾ ਕੇ ਜੰਗਲਾਂ ਵਿਚ ਜ਼ਬਰ ਦੀ ਤਪਸ਼ ਝੇਲਣ ਅਤੇ ਭੁੱਖੇ ਪੇਟ ਰਹਿ ਕੇ ਇੰਨਕਲਾਬ ਪ੍ਰਤੀ ਆਪਣੇ ਫਰਜ਼ਾਂ ਨੂੰ ਅਦਾ ਕਰਨ ਦਾ ਮਾਣ ਵੀ ਸਾਥੀ ਸਤਪਾਲ ਡਾਂਗ ਜੀ ਨੂੰ ਹਾਸਲ ਹੈ।
ਰਾਵਲ ਪਿੰਡੀ (ਹੁਣ ਪਾਕਿਸਤਾਨ ਵਿਚ) ਵਿਚ ਜਨਮਿਆ ਇਹ ਯੋਧਾ ਬੰਬਈ ਵਿਚਲੇ ਕਮਿਊਨਿਸਟ ਦਫਤਰ 'ਚੋਂ ਵਿਦਿਆਰਥੀ ਲਹਿਰ ਦੇ ਆਗੂ ਦੀ ਭੂਮਿਕਾ ਅਦਾ ਕਰਦਾ ਹੋਇਆ ਪੰਜ ਪਾਣੀਆਂ ਦੀ ਧਰਤੀ ਪੰਜਾਬ ਪੁੱਜਿਆ ਜਿੱਥੇ ਆ ਕੇ ਉਸਨੇ ਮਿਲਾਂ ਦੀ ਚਿੰਮਨੀਆਂ ਦੇ ਧੂੰਏ ਨਾਲ ਧੁਆਂਖੇ ਚਿਹਰਿਆਂ ਤੇ ਗੈਰ-ਮਨੁੱਖੀ ਹਾਲਤਾਂ ਵਿਚ ਜੀਵਨ ਬਸਰ ਕਰ ਰਹੇ ਕਿਰਤੀਆਂ ਦੇ ਵੱਡੇ ਕੇਂਦਰ ਛੇਹਰਟੇ (ਅੰਮ੍ਰਿਤਸਰ) ਨੂੰ ਆਪਣੀ ਕਰਮ-ਭੂਮੀ ਬਣਾਇਆ। ਕਾਮਰੇਡ ਬਿਮਲਾ ਡਾਂਗ ਜੀ ਨਾਲ ਵਿਆਹ ਕਰਾ ਕੇ ਇਹ ਜੋੜੀ ਸਮਾਜਿਕ ਤਬਦੀਲੀ ਦੇ ਜਰਨੈਲੀ ਰਾਹ ਉਤੇ ਇੰਜ ਤੁਰੀ ਕਿ ਝੱਟ ਹੀ ਆਪਣੇ ਅਮਲਾਂ ਰਾਹੀਂ ਇਹ ਸਮੂਹ ਕਿਰਤੀਆਂ ਦੀ ਅੱਖ ਦਾ ਤਾਰਾ ਬਣ ਗਈ। ਕਿਰਾਏ ਤੇ ਇਕ ਛੋਟੇ ਕਮਰੇ ਵਿਚ ਵਾਸਾ, ਖੁਰਾਕ ਉਹੀ ਜੋ ਇਕ ਔਸਤਨ ਮਿਲ ਮਜ਼ਦੂਰ ਖਾ ਸਕਦਾ ਹੈ, ਸਧਾਰਣ ਪਹਿਰਾਵਾ ਤੇ ਇਸ ਤੋਂ ਵੀ ਵੱਧ ਮਜ਼ਦੂਰਾਂ ਨਾਲ ਇਸ ਕਦਰ ਇਕਮੁਕ ਹੋ ਗਈ ਇਹ ਆਦਰਸ਼ਕ ਤੇ ਸਮਾਜਕ ਤਬਦੀਲੀ ਲਈ ਪ੍ਰਤੀਬੱਧ ਜੋੜੀ, ਜਿਵੇਂ ਪਾਣੀ ਸੰਗ ਪਾਣੀ ਮਿਲਦਾ ਹੈ। ਇਕ ਕਮਿਊਨਿਸਟ ਦੇ ਸ਼ਰੇਸ਼ਟ ਗੁਣਾਂ ਵਿਚ ਕਹਿਣੀ ਤੇ ਕਰਨੀ ਦਾ ਸੁਮੇਲ ਹੋਣਾ ਸ਼ਾਮਲ ਹੈ ਅਤੇ ਸਾਥੀ ਡਾਂਗ ਦੇ ਲੰਬੇ ਰਾਜਨੀਤਕ ਜੀਵਨ ਵਿਚੋਂ ਇਸ ਦੇ ਪਾੜੇ ਦੀ ਇਕ ਵੀ ਮਿਸਾਲ ਨਹੀਂ ਮਿਲਦੀ। ਇਥੇ ਹੀ ਮੈਨੂੰ ਟਰੇਡ ਯੂਨੀਅਨ ਵਿਚ ਆ ਸਰਗਰਮੀ ਕਰਦਿਆਂ ਹੋਇਆਂ ਸਾਥੀ ਡਾਂਗ ਜੀ ਦੇ ਜੀਵਨ ਤੇ ਅਮਲਾਂ ਨੂੰ ਨੇੜਿਓਂ ਹੋ ਕੇ ਦੇਖਣ ਦਾ ਮੌਕਾ ਮਿਲਿਆ, ਜੋ ਸੱਚਮੁੱਚ ਹੀ ਇਕ ਕਮਿਊਨਿਸਟ ਮਿਸਾਲੀ ਜੀਵਨ ਸੀ।
ਸਾਥੀ ਡਾਂਗ ਜੀ 1964 ਦੀ ਕਮਿਊਨਿਸਟ ਪਾਰਟੀ ਦੀ ਵੰਡ ਸਮੇਂ ਸੀ.ਪੀ.ਆਈ. ਨਾਲ ਰਹੇ ਤੇ ਪਾਰਟੀ ਦੀਆਂ ਉਚ ਕਮੇਟੀਆਂ ਵਿਚ ਚੁਣੇ ਗਏ। ਉਹ ਏਟਕ ਦੇ ਵੀ ਵੱਡੇ ਆਗੂ ਸਨ। ਮੈਂ ਸੀ.ਪੀ.ਆਈ.(ਐਮ) ਵਿਚ ਕੁਲ ਵਕਤੀ ਸਾਂ ਤੇ ਛੇਹਰਟੇ ਵਿਚ ਟਰੇਡ ਯੂਨੀਅਨ (ਸੀਟੂ) ਨੂੰ ਮਜ਼ਬੂਤ ਕਰਨ ਲਈ ਸਰਗਰਮ ਸਾਂ। ਸਾਡੇ ਸੀ.ਪੀ.ਆਈ. ਨਾਲ ਡੂੰਘੇ ਮਤਭੇਦ ਸਨ। ਪ੍ਰੰਤੂ ਜਿਸ ਤਰ੍ਹਾਂ ਟਰੇਡ ਯੂਨੀਅਨਾਂ ਅਤੇ ਦੋਨਾਂ ਪਾਰਟੀਆਂ ਦੇ ਸਾਂਝੇ ਘੋਲਾਂ ਦੌਰਾਨ ਸਾਥੀ ਡਾਂਗ ਜੀ ਨੇ ਸੁਹਿਰਦਤਾ, ਦਲੇਰੀ ਤੇ ਇਮਾਨਦਾਰੀ ਨਾਲ ਆਗੂ ਰੋਲ ਅਦਾ ਕੀਤਾ, ਉਹ ਬਹੁਤ ਹੀ ਨਿਵੇਕਲਾ ਤੇ ਪ੍ਰਭਾਵਿਤ ਕਰਨ ਵਾਲਾ ਸੀ।
ਸਾਥੀ ਸਤਪਾਲ ਡਾਂਗ ਨੇ ਪੰਜਾਬ ਅੰਦਰ ਅੱਤਵਾਦ ਦੇ ਖਤਰੇ ਦਾ ਆਪ ਤੇ ਦੂਸਰੀਆਂ ਦੇਸ਼ ਭਗਤਕ ਸ਼ਕਤੀਆਂ ਨਾਲ ਮਿਲ ਕੇ ਸਿਧਾਂਤਕ ਤੇ ਅਮਲੀ ਰੂਪ ਵਿਚ ਮੁਕਾਬਲਾ ਹੀ ਨਹੀਂ ਕੀਤਾ ਸਗੋਂ ਜਨ ਸਮੂਹਾਂ ਨੂੰ ਇਸ ਖਤਰੇ ਵਿਰੁੱਧ ਖੜੇ ਹੋਣ ਲਈ ਪ੍ਰੇਰਨਾ ਸਰੋਤ ਦਾ ਕੰਮ ਵੀ ਕੀਤਾ। ਡਾਂਗ ਜੀ ਜਲ੍ਹਿਆਂ ਵਾਲੇ ਬਾਗ ਦੀ ਮਹਾਨ ਵਿਰਾਸਤ ਨੂੰ ਕਾਇਮ ਰੱਖਣਾ ਚਾਹੁੰਦੇ ਸਨ ਜਿਥੇ ਅੰਗਰੇਜ਼ੀ ਸਾਮਰਾਜ ਵਿਰੁੱਧ ਆਜ਼ਾਦੀ ਦੀ ਲੜਾਈ ਲੜਦਿਆਂ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਸਾਂਝਾ ਖੂਨ ਡੋਲਿਆ ਸੀ ਤੇ ਦਹਿਸ਼ਤਗਰਦਾਂ ਦੇ ਰੂਪ ਵਿਚ ਦੇਸ਼ ਧਰੋਹੀ ਸ਼ਕਤੀਆਂ ਉਸ ਵਿਰਾਸਤ ਨੂੰ ਤਬਾਹ ਕਰਨ ਤੇ ਤੁਲੀਆਂ ਹੋਈਆਂ ਸਨ।
ਅੱਜ ਜਦੋਂ ਭਾਰਤੀ ਰਾਜਸੀ-ਆਰਥਿਕ ਪ੍ਰਬੰਧ ਨੇ ਨਵਉਦਾਰਵਾਦੀ ਨੀਤੀਆਂ ਅਪਣਾ ਕੇ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ, ਜਿਥੇ ਭਰਿਸ਼ਟਾਚਾਰ, ਪੂੰਜੀ ਇਕੱਤਰ ਕਰਨ ਦੀ ਹੋੜ ਤੇ ਹਰ ਬੇਅਸੂਲੇ ਢੰਗ ਨਾਲ ਸੱਤਾ ਉਪਰ ਕਬਜ਼ਾ ਕਰਨ ਦੀ ਦੌੜ ਲੱਗੀ ਹੋਈ ਹੈ, ਉਸ ਸਮੇਂ ਸਾਥੀ ਸਤਪਾਲ ਡਾਂਗ ਦੇ ਅਗਾਂਹਵਧੂ ਰਾਜਨੀਤੀ ਨੂੰ ਚਾਰ ਚੰਦ ਲਾਉਣ ਵਾਲੇ ਅਮਲਾਂ ਅਤੇ ਕਾਰਨਾਮਿਆਂ ਦੀਆਂ ਰਵਾਇਤਾਂ ਨੂੰ ਭਾਰੀ ਢਾਅ ਲੱਗੀ ਹੋਈ ਹੈ। ਲੁਟੇਰੇ ਰਾਜਨੀਤੀਵਾਨਾਂ ਨੇ ਰਾਜਨੀਤੀ ਸ਼ਬਦ ਨੂੰ ਹੀ ''ਲੁੱਟ ਖਸੁੱਟ ਤੇ ਬੇਅਸੂਲੇਪਨ'' ਵਿਚ ਤਬਦੀਲ ਕਰ ਦਿੱਤਾ ਹੈ ਜਦਕਿ ਸਾਥੀ ਡਾਂਗ ਦੇਸ਼ ਤੇ ਦੁਨੀਆਂ ਭਰ ਵਿਚ ਅੱਜ ਤੱਕ ਮਾਨਵਤਾ ਦੇ ਕਲਿਆਣ ਕਰਨ ਹਿੱਤ ਚੱਲੀਆਂ ਸਮੁੱਚੀਆਂ ਰਾਜਸੀ ਲਹਿਰਾਂ ਦੇ ਅੰਗ ਵਜੋਂ ਇਕ ਐਸੀ ਮਨੁੱਖੀ ਤਸਵੀਰ ਸੀ ਜਿਸ ਨੇ ਆਪਣੀ ਜ਼ਿੰਦਗੀ ਵਿਚ ਰਾਜਨੀਤੀ ਨੂੰ ਸਹੀ ਅਰਥਾਂ ਵਿਚ ਸਮਾਜਿਕ ਤਬਦੀਲੀ ਦੇ ਸਾਧਨ ਵਜੋਂ ਅਪਣਾ ਕੇ ਇਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਜਦੋਂ ਕੋਈ ਸਵਾਲ ਕਰਦਾ ਹੈ ਕਿ ਦੇਸ਼ ਵਿਚ ਇਨਕਲਾਬੀ ਲਹਿਰ ਦਾ ਭਵਿੱਖ ਕਿਵੇਂ ਉਜਲ ਹੋਵੇ, ਜਿਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇਂ ਵਾਲਾ ਸਮਾਜ ਸਿਰਜਿਆ ਜਾ ਸਕੇ ਤਦ ਮੂੰਹੋਂ ਸਹਿਜੇ ਹੀ ਨਿਕਲ ਜਾਂਦਾ ਹੈ ਕਿ ਜੇਕਰ ਅਸੀਂ ਕਮਿਊਨਿਸਟ ਲਹਿਰ ਰਾਜਨੀਤਕ ਸੇਧਾਂ ਤੇ ਸਿਧਾਂਤਾਂ ਦੇ ਇਨਕਲਾਬੀ ਅਮਲਾਂ ਦਾ ਸੁਮੇਲ ਸਾਥੀ ਪੀ. ਸੁੰਦਰਈਆ ਅਤੇ ਸਾਥੀ ਸਤਪਾਲ ਡਾਂਗ ਦੀਆਂ ਅਮਲੀ ਜ਼ਿੰਦਗੀਆਂ ਦੇ ਰੂਪ ਵਿਚ ਉਭਾਰ ਸਕੀਏ ਤਦ ਸਹਿਜੇ ਹੀ ਇਕ ਮਜ਼ਬੂਤ ਇਨਕਲਾਬੀ ਧਾਰਾ ਸਿਰਜ ਕੇ ਸੰਪੂਰਨ ਸਮਾਜਿਕ ਤਬਦੀਲੀ ਦਾ ਟੀਚਾ ਬਿਨਾਂ ਸ਼ੱਕ ਹਾਸਲ ਕੀਤਾ ਜਾ ਸਕਦਾ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਇਕ ਇਨਕਲਾਬੀ ਪਾਰਟੀ ਦੀ ਉਸਾਰੀ ਕਰਕੇ ਅਤੇ ਜਨਤਕ ਲੀਹਾਂ 'ਤੇ ਪ੍ਰਤੀਰੋਧ ਕਰਨਾ ਹੀ ਸਾਥੀ ਸਤਪਾਲ ਡਾਂਗ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
- ਮੰਗਤ ਰਾਮ ਪਾਸਲਾ
No comments:
Post a Comment