Monday, 29 July 2013

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ, ਜੁਲਾਈ 2013)

ਰੂਸੀ ਕਹਾਣੀ 

ਉਹ ਚਲੀ ਗਈ

(ਅਨਤੋਨ ਚੈਖੋਵ (1860-1904) ਦਾ ਨਾਂਅ ਰੂਸੀ ਲੇਖਕਾਂ ਵਿਚ ਲਿਓ ਤਾਲਸਤਾਏ ਤੇ ਫਿਓਦੋਰ ਦਸਤੋਵਸਕੀ ਦੇ ਨਾਵਾਂ ਨਾਲ ਵਾਜਬ ਤੌਰ 'ਤੇ ਇਕੋ ਕਤਾਰ ਵਿਚ ਰੱਖਿਆ ਜਾਂਦਾ ਹੈ। ਉਹ ਇਕ ਵਿਸ਼ਵ ਪ੍ਰਸਿੱਧ ਕਹਾਣੀਕਾਰ ਵਜੋਂ ਜਾਣਿਆ ਜਾਂਦਾ ਹੈ। ਚੈਖੋਵ ਆਪਹੁਦਰਸ਼ਾਹੀ, ਹਨੇਰਗਰਦੀ, ਝੂਠ, ਜਾਬਰਾਂ 'ਤੇ ਤਕੜਿਆਂ ਦੀ ਧੌਂਸ ਤੇ ਮਨਮਰਜ਼ੀ ਅਤੇ ਨਿਰਬਲਾਂ ਦੀ ਦੀਨਤਾ ਨੂੰ ਨਫਰਤ ਕਰਦਾ ਸੀ। ਉਹ ਜਾਬਰਾਂ ਵਿਰੁੱਧ ਸਖਤ ਘੋਲ ਕਰਨ ਅਤੇ ਸਭ ਤੋਂ ਵੱਧ ਕਦਰ ਇਨਸਾਫ, ਸੱਚਾਈ, ਮਨੁੱਖੀ ਗੌਰਵ ਤੇ ਸਦਾਚਾਰਕ ਸੁੰਦਰਤਾ ਦੀ ਕਰਦਾ ਸੀ। ਉਸ ਦਾ ਰੂਸੀ ਕਰਾਂਤੀ ਤੋਂ 13 ਵਰ੍ਹੇ ਪਹਿਲਾਂ ਦਿਹਾਂਤ ਹੋ ਗਿਆ ਸੀ। 
ਉਸਨੇ ਆਪਣੀਆਂ ਲਿਖਤਾਂ ਦੇ ਮੰਤਵ ਨੂੰ ਸਪੱਸ਼ਟ ਕਰਦਿਆਂ ਹੋਇਆਂ ਜਾਰਸ਼ਾਹੀ ਦੇ ਉਸ ਜਾਲਮ ਤੇ ਭਿਆਨਕ ਦੌਰ ਵਿਚ ਹੀ ਕਿਹਾ ਸੀ, ''ਮੈਂ ਲੋਕਾਂ ਨੂੰ ਬਸ ਇਮਾਨਦਾਰੀ ਤੇ ਸਪੱਸ਼ਟ ਰੂਪ ਵਿਚ ਇਹ ਗੱਲ ਕਹਿਣੀ ਚਾਹੁੰਦਾ ਸਾਂ, 'ਵੇਖੋ, ਤੁਸੀਂ ਕਿੰਨੀ ਭੈੜੀ ਤੇ ਬੇਸਵਾਦ ਜ਼ਿੰਦਗੀ ਬਤੀਤ ਕਰ ਰਹੇ ਹੋ! ਸਭ ਤੋਂ ਅਹਿਮ ਗੱਲ ਇਹ ਹੈ ਕਿ ਲੋਕ ਇਹ ਸਮਝ ਲੈਣ; ਤੇ ਜਦੋਂ ਸਮਝ ਲੈਣਗੇ, ਜ਼ਰੂਰ ਹੀ ਆਪਣੀ ਜ਼ਿੰਦਗੀ ਬਦਲ ਲੈਣਗੇ, ਉਸ ਨੂੰ ਸੁਆਰ ਲੈਣਗੇ। ਮੈਂ ਉਸ ਨੂੰ ਨਹੀਂ ਵੇਖਾਂਗਾ, ਪਰ ਮੈਨੂੰ ਪਤਾ ਹੈ ਕਿ ਉਹ ਬਿਲਕੁਲ ਵੱਖਰੀ ਤਰ੍ਹਾਂ ਦੀ ਜ਼ਿੰਦਗੀ ਹੋਵੇਗੀ। ਅਤੇ ਜਦ ਤੱਕ ਉਸ ਤਰ੍ਹਾਂ ਦੀ ਜ਼ਿੰਦਗੀ ਹੋਂਦ ਵਿਚ ਨਹੀਂ ਆਉਂਦੀ, ਮੈਂ ਲੋਕਾਂ ਨੂੰ ਵਾਰ ਵਾਰ ਕਹਾਂਗਾ : ''ਇਹ ਸਮਝ ਲਵੋ ਕਿ ਤੁਸੀਂ ਬੜੀ ਭੈੜੀ ਤੇ ਬੇਸੁਆਦੀ ਜ਼ਿੰਦਗੀ ਬਤੀਤ ਕਰ ਰਹੇ ਹੋ।....''
ਅਸੀਂ ਉਸ ਮਹਾਨ ਲੇਖਕ ਦੀ ਆਪਣੇ ਪਾਠਕਾਂ ਨਾਲ ਸਾਂਝ ਪੁਆਉਣ ਲਈ, ਇਹ ਕਹਾਣੀ ਛਾਪਣ ਦਾ ਮਾਣ ਪ੍ਰਾਪਤ ਕਰ ਰਹੇ ਹਾਂ।      -(ਸੰਪਾਦਕੀ ਮੰਡਲ)

ਭੋਜਨ ਖਤਮ ਹੋਇਆ। ਢਿੱਡ ਨੂੰ ਤ੍ਰਿਪਤੀ ਦਾ ਸੁਖਦਾਈ ਅਹਿਸਾਸ ਹੋਣ ਲੱਗਾ। ਉਬਾਸੀਆਂ ਆਉਣ ਲੱਗੀਆਂ ਅਤੇ ਅੱਖਾਂ 'ਚ ਨੀਂਦ ਦੀ ਮਿੱਠੀ ਖੁਮਾਰੀ ਤੈਰਨ ਲੱਗੀ। ਪਤੀ ਨੇ ਸਿਗਾਰ ਜਲਾ ਲਈ ਅਤੇ ਇਕ ਅੰਗੜਾਈ ਲੈ ਕੇ ਸੋਫ਼ੇ 'ਤੇ ਅੱਧ ਲੇਟਿਆ ਹੋ ਗਿਆ। ਪਤਨੀ ਸਿਰ੍ਹਾਣੇ ਬੈਠ ਗਈ। ਦੋਵੇਂ ਪੂਰਨ ਸੁਖੀ ਸਨ। 
''ਕੋਈ ਗੱਲ ਸੁਣਾਓ'' - ਪਤੀ ਨੇ ਉਬਾਸੀ ਲੈਂਦਿਆਂ ਕਿਹਾ। 
''ਕੀ ਗੱਲ ਸੁਣਾਵਾਂ? ਓ, ਹਾਂ ਸੱਚ, ਕੀ ਤੁਸੀਂ ਸੁਣਿਐ-ਸੋਫ਼ੀਆ ਅਕੁਰੋਵਾ ਨੇ ਸ਼ਾਦੀ ਕਰ ਲਈ ਹੈ? ਕੀ ਨਾਂ ਹੈ ਉਸ ਦਾ... ਹਾਂ, ਯਾਦ ਆਇਆ ਮਿਸਟਰ ਤਰਾਂਬ ਨਾਲ। ਕਿੰਨੀ ਬਦਨਾਮੀ ਹੋ ਰਹੀ ਹੈ, ਉਸ ਦੀ!''
''ਇਸ ਵਿਚ ਬਦਨਾਮੀ ਵਾਲੀ ਕੀ ਗੱਲ ਹੈ ਭਲਾ?'' ਪਤੀ ਨੇ ਸਰਸਰੀ ਪੁੱਛਿਆ।
''ਕਿਉਂ? ਉਹ ਤਰਾਂਬ ਤਾਂ ਪੂਰਾ ਬਦਮਾਸ਼ ਹੈ - ਭ੍ਰਿਸ਼ਟਾਚਾਰੀ ਹੈ। ਕਿਹੋ ਜਿਹਾ ਬੇਈਮਾਨ ਚਲਾਕ ਤੇ ਬੇਸ਼ਰਮ ਆਦਮੀ ਹੈ ਉਹ! ਭੋਰਾ ਭਰ ਵੀ ਇਮਾਨਦਾਰੀ ਨਹੀਂ ਹੈ ਉਸ ਵਿਚ। ਬਿਲਕੁਲ ਭ੍ਰਿਸ਼ਟ ਤੇ ਚਰਿੱਤਰਹੀਣ। ਪਹਿਲਾਂ ਉਹ ਕਾਊਂਟ ਕੋਲ ਮੈਨੇਜ਼ਰ ਸੀ, ਉਥੇ ਖੂਬ ਨਾਜਾਇਜ਼ ਕਮਾਈ ਕੀਤੀ। ਹੁਣ ਰੇਲਵੇ ਦੀ ਨੌਕਰੀ ਕਰ ਰਿਹਾ ਹੈ, ਚੋਰ ਕਿਤੋਂ ਦਾ। ਆਪਣੀ ਭੈਣ ਤੱਕ ਦਾ ਸਾਰਾ ਮਾਲ ਮੱਤਾ ਖਾ ਗਿਆ। ਸਾਫ ਗੱਲ ਹੈ ਕਿ ਉਹ ਚਲਾਕ ਲੁਟੇਰਾ ਹੈ-ਲੁਟੇਰਾ। ਐਸੇ ਆਦਮੀ ਨਾਲ ਸ਼ਾਦੀ ਕਰਨਾ, ਉਸ ਨਾਲ ਬੀਵੀ ਬਣ ਕੇ ਰਹਿਣਾ! ਹੈਰਾਨੀ ਹੁੰਦੀ ਹੈ ਮੈਨੂੰ ਸੋਫ਼ੀਆ 'ਤੇ। ਕਿੱਥੇ ਉਹ ਭਲੀ ਅਤੇ ਸਮਝਦਾਰ ਲੜਕੀ ਅਤੇ ਕਿੱਥੇ ਇਹ ਬੇਈਮਾਨ ਬੰਦਾ। ਮੈਂ ਹੁੰਦੀ ਤਾਂ ਕਦੇ ਵੀ ਅਜਿਹੇ ਬੰਦੇ ਨਾਲ ਸ਼ਾਦੀ ਨਾ ਕਰਦੀ, ਭਾਵੇਂ ਕਰੋੜਪਤੀ ਤੇ ਖੂਬਸੂਰਤ ਹੀ ਕਿਉਂ ਨਾ ਹੁੰਦਾ। ਮੈਂ ਤਾਂ ਐਸੇ ਆਦਮੀ 'ਤੇ ਥੁੱਕਦੀ ਵੀ ਨਾ। ਐਸੇ ਬੇਈਮਾਨ ਪਤੀ ਦੀ ਤਾਂ ਮੈਂ ਕਲਪਨਾ ਵੀ ਨਹੀਂ ਕਰ ਸਕਦੀ।''
ਪਤਨੀ ਜੋਸ਼ ਵਿਚ ਉਠ ਖੜੀ ਹੋਈ। ਉਸ ਦਾ ਚਿਹਰਾ ਗੁੱਸੇ ਵਿਚ ਤਮ-ਤਮਾਉਣ ਲੱਗਿਆ ਅਤੇ ਜੋਸ਼ ਵਿਚ ਉਹ ਕਮਰੇ 'ਚ ਚਹਿਲ ਕਦਮੀ ਕਰਨ ਲੱਗੀ। ਉਸ ਦੀਆਂ ਅੱਖਾਂ ਲਾਲ ਸਨ। ਜਿਸ ਤੋਂ ਉਸ ਦੇ ਕਥਨਾਂ ਦੀ ਸਚਾਈ ਪ੍ਰਤੱਖ ਨਜ਼ਰ ਆ ਰਹੀ ਸੀ। ਉਹ ਮੁੜ ਬੋਲਣ ਲੱਗੀ। 
''ਐਸਾ ਨੀਚ ਹੈ ਉਹ ਤਰਾਂਬ ਅਤੇ ਉਸ ਤੋਂ ਹਜ਼ਾਰ ਗੁਣਾ ਮੂਰਖ ਤੇ ਹੋਛੀਆਂ ਹਨ ਉਹ ਔਰਤਾਂ ਜੋ ਐਸੇ ਬੰਦਿਆਂ ਨਾਲ ਸ਼ਾਦੀ ਕਰ ਲੈਂਦੀਆਂ ਹਨ।''
''ਅੱਛਾ! ਤੂੰ ਹੁੰਦੀ ਤਾਂ ਯਕੀਨਨ ਹੀ ਐਸੇ ਬੰਦੇ ਨਾਲ ਸ਼ਾਦੀ ਨਾ ਕਰਦੀ, ਪਰ ਜੇ ਤੈਨੂੰ ਪਤਾ ਲੱਗੇ ਕਿ ਮੈਂ ਵੀ ਵੈਸਾ ਹੀ ਭ੍ਰਿਸ਼ਟ ਹਾਂ, ਤਾਂ... ? ਤਾਂ ਤੂੰ ਕੀ ਕਰਦੀ?''
''ਮੈਂ! ਮੈਂ ਤੁਹਾਨੂੰ ਉਸੇ ਵਕਤ ਛੱਡ ਕੇ ਚਲੀ ਜਾਂਦੀ। ਤੁਹਾਡੇ ਨਾਲ ਇਕ ਪਲ ਵੀ ਹੋਰ ਨਾ ਠਹਿਰਦੀ। ਮੈਂ ਸਿਰਫ ਇਮਾਨਦਾਰ ਆਦਮੀ ਨੂੰ ਹੀ ਪਸੰਦ ਕਰਦੀ ਹਾਂ। ਜੇਕਰ ਮੈਨੂੰ ਪਤਾ ਲੱਗੇ ਕਿ ਤੁਸੀਂ ਉਸ ਤਰਾਂਬ ਨਾਲੋਂ ਸੌਵਾਂ ਹਿੱਸਾ ਵੀ ਬੇਈਮਾਨੀ ਕੀਤੀ ਹੈ, ਤਾਂ ਮੈਂ...! ਤਾਂ ਮੈਂ ਪਲਕ ਝਪਕਦੇ ਹੀ... ਤੁਹਾਨੂੰ ਗੁੱਡ ਬਾਏ...!''
''ਅੱਛਾ ਇਹ ਗੱਲ ਹੈ? ਹਾ-ਹਾ-ਹਾ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਬੀਵੀ ਐਨੀ ਸਫਾਈ ਨਾਲ ਝੂਠ ਬੋਲ ਲੈਂਦੀ ਹੈ। 
''ਮੈਂ ਕਦੇ ਝੂਠ ਨਹੀਂ ਬੋਲਦੀ। ਤੁਸੀਂ ਜ਼ਰਾ ਕੋਸ਼ਿਸ਼ ਤਾਂ ਕਰੋ ਬੇਈਮਾਨੀ ਕਰਨ ਦੀ... ਤਦ ਦੇਖਣਾ।''
''ਕੋਸ਼ਿਸ਼ ਕਿਸ ਗੱਲ ਦੀ? ਤੈਨੂੰ ਪਤਾ ਹੀ ਹੈ, ਮੈਂ ਤੇਰੇ ਉਸ ਤਰਾਂਬ ਨਾਲੋਂ ਬਹੁਤ ਅੱਗੇ ਲੰਘਿਆ ਹੋਇਆਂ ਹਾਂ। ਤਰਾਂਬ... ਉਹ ਤਾਂ ਬੱਚਾ ਹੈ, ਇਸ ਕੰਮ ਵਿਚ ਮੇਰੇ ਸਾਹਮਣੇ। ਵਿਚਾਰਾ ਨੌ-ਸਿਖੀਆ। ਅੱਖਾਂ ਇੰਝ ਚੌੜੀਆਂ ਕਿਉਂ ਕਰ ਰਹੀ ਹੈਂ? ਅੱਛਾ (ਕੁਝ ਰੁਕ ਕੇ).... ਭਲਾ ਇਹ ਦੱਸ ਕਿ ਮੇਰੀ ਤਨਖਾਹ ਕਿੰਨੀ ਹੈ?''
''ਮੇਰਾ ਖਿਆਲ ਹੈ ਕਿ ਤਿੰਨ ਹਜ਼ਾਰ ਰੂਬਲ।''
''ਹਾਂ!... ਤੇ ਇਸ ਹਾਰ ਦੀ ਕੀਮਤ ਕੀ ਹੈ, ਜਿਹੜਾ ਮੈਂ ਪਿਛਲੇ ਹਫ਼ਤੇ ਹੀ ਤੇਰੇ ਲਈ ਖਰੀਦਿਆ ਸੀ? ਯਾਦ ਹੈ ਨਾ... ਪੂਰੇ ਦੋ ਹਜ਼ਾਰ, ਹੈ ਨਾ ਅਤੇ ਕੱਲ ਖਰੀਦੀ ਤੇਰੀ ਡਰੈਸ... ਪੰਜ ਸੌ ਦੀ। ਪਿੰਡ ਵਿਚਲੀ ਅਰਾਮਗਾਹ ਦਾ ਖ਼ਰਚ ਹੈ, ਦੋ ਹਜ਼ਾਰ। ਕੱਲ ਤੇਰੇ ਪਾਪਾ ਨੇ ਵੀ ਮੈਥੋਂ ਇਕ ਹਜ਼ਾਰ ਮਾਂਜ ਲਏ ਸੀ...।
''ਪਰ ਪਿਆਰੇ, ਇਹ ਤਾਂ ਏਧਰ ਓਧਰ ਦੇ ਖ਼ਰਚੇ ਨੇ...।'' ਪਤਨੀ ਹਲਕਾਹਟ ਨਾਲ ਬੋਲੀ।
''ਫੇਰ ਘੋੜੇ ਦਾ ਖ਼ਰਚ, ਸਾਈਸ ਦਾ, ਡਾਕਟਰ ਦਾ ਖ਼ਰਚ। ਦਰਜੀ ਦਾ ਹਿਸਾਬ ਅਤੇ ਅਜੇ ਪਰਸੋਂ ਹੀ ਤੂੰ ਖੇਡ ਖੇਡ ਵਿਚ ਜਿਹੜਾ ਸੌ ਰੂਬਲ ਹਾਰ ਗਈ ਸੀ...?''
ਪਤੀ ਨੇ ਆਪਣਾ ਧੜ ਸੋਫ਼ੇ ਤੋਂ ਥੋੜ੍ਹਾ ਉਪਰ ਉਠਾਇਆ ਅਤੇ ਸਿਰ ਨੂੰ ਇਕ ਹਥੇਲੀ ਉਤੇ ਟਿਕਾਉਂਦਿਆਂ ਪਰਿਵਾਰ ਦੀ ਪੂਰੀ ਬੈਲੇਂਸ ਸ਼ੀਟ ਹੀ  ਪੜ੍ਹ ਦਿੱਤੀ। ਫੇਰ ਉਠ ਕੇ ਲਿਖਣ ਮੇਜ਼ ਕੋਲ ਗਿਆ ਅਤੇ ਸਬੂਤ ਵਜੋਂ ਕੁਝ ਕਾਗਜ਼ ਵੀ ਪਤਨੀ ਨੂੰ ਵਿਖਾਏ। 
''ਵੇਖਿਆ ਹੁਣ ਸ਼੍ਰੀਮਤੀ ਜੀ ਕਿ ਤੁਹਾਡਾ ਉਹ ਤਰਾਂਬ ਕੁਝ ਵੀ ਨਹੀਂ ਹੈ, ਮੇਰੇ ਸਾਹਮਣੇ! ਮੇਰੀ ਤੁਲਨਾ ਵਿਚ ਉਹ ਕਿਸੇ ਮਾਮੂਲੀ ਜੇਬ ਕਤਰੇ ਤੋਂ ਜ਼ਿਆਦਾ ਨਹੀਂ ਹੈ... ਗੁੱਡ ਬਾਏ! ਜਾਓ... ਹੁਣ ਅੱਗੇ ਤੋਂ ਕਦੇ ਐਸੀ ਚੁੰਝ ਚਰਚਾ ਨਾ ਛੇੜਣਾ...!''
ਮੇਰੀ ਕਹਾਣੀ ਇਥੇ ਹੀ ਸਮਾਪਤ ਹੁੰਦੀ ਹੈ, ਪਰ ਹੋ ਸਕਦਾ ਹੈ ਪਾਠਕ ਪੁੱਛਣ' ''ਤਦ ਕੀ ਉਹ ਸੱਚਮੁੱਚ ਚਲੀ ਗਈ? ਆਪਣੇ ਪਤੀ ਨੂੰ ਛੱਡ ਗਈ?''
ਮੇਰਾ ਜਵਾਬ ਹੈ-''ਜੀ ਹਾਂ, ਉਹ ਬਿਲਕੁਲ ਚਲੀ ਗਈ, ਪਰ ਸਿਰਫ ਦੂਜੇ ਕਮਰੇ ਵਿਚ ਸੌਣ ਲਈ।''
(ਅਨੁਵਾਦ : ਸੁਖਦਰਸ਼ਨ ਨੱਤ)


ਗ਼ਦਰ ਲਹਿਰ ਦੀ ਕਵਿਤਾ 

ਜਦੋਂ ਵੀ ਲਹਿਰਾਂ ਉਠਦੀਆਂ ਹਨ ਤਾਂ ਵੱਖ ਵੱਖ ਜਮਾਤਾਂ ਦੀ ਕਵਿਤਾ ਵੀ ਨਾਲ ਹੀ ਜੰਮਦੀ, ਉਠਦੀ, ਪ੍ਰਵਾਨ ਚੜ੍ਹਦੀ ਤੇ ਲਹਿਰ ਵਿਚ ਆਪਣਾ ਬਣਦਾ ਯੋਗਦਾਨ ਪਾਉਂਦੀ ਹੈ। ਗ਼ਦਰੀਆਂ ਨੂੰ ਉਸ ਗੁਲਾਮੀ ਦੇ ਦੌਰ ਵਿਚ ਇਸ ਗੱਲ ਦਾ ਪੂਰਨ ਗਿਆਨ ਸੀ ਕਿ ਦੇਸ਼ ਦੀ ਆਜ਼ਾਦੀ ਲਈ ਭਾਰਤ ਦੇ ਵਿਸ਼ਾਲ ਜਨਸਮੂਹਾਂ ਦਾ ਏਕਾ ਅਤੇ ਬਰਤਾਨਵੀ ਧਾੜਵੀਆਂ ਵਿਰੁੱਧ ਸੰਘਰਸ਼ ਦੋਵੇਂ ਹੀ ਲਾਜ਼ਮੀ ਹਨ। ਉਸ ਸਮੇਂ ਵੀ ਫਿਰਕਾਪ੍ਰਸਤੀ ਤੇ ਵੱਖ ਵੱਖ ਧਾਰਮਕ ਝਗੜੇ ਮੌਜੂਦ ਸਨ ਜੋ ਆਜ਼ਾਦੀ ਲਈ ਸੰਘਰਸ਼ ਦੇ ਰਾਹ ਵਿਚ ਭਾਰੀ ਰੁਕਾਵਟਾਂ ਸਨ। ਇਸ ਲਈ ਗ਼ਦਰ ਲਹਿਰ ਦੇ ਇਸ ਦੌਰ ਦੌਰਾਨ ਦੀ ਕਵਿਤਾ ਵਿਚ ਹਿੰਦੂ-ਸਿੱਖ-ਮੁਸਲਮਾਨ ਏਕੇ ਅਤੇ ਬਰਤਾਨਵੀ ਸਾਮਰਾਜ ਵਿਰੁੱਧ ਜ਼ੋਰਦਾਰ ਸੰਘਰਸ਼ ਦੇ ਸੁਰ ਦੀ ਗੂੰਜ ਪ੍ਰਧਾਨ ਸੀ। ਇਹ ਹੀ ਲੋਕ-ਪੱਖੀ ਕਵਿਤਾ ਤੇ ਸਾਹਿਤ ਦਾ ਰੋਲ ਹੈ ਕਿ ਉਹ ਸਮਾਜਕ ਯਥਾਰਥ ਨੂੰ ਚਿੱਤਰੇ ਤੇ ਬਾਹਰਮੁਖੀ ਤੇ ਅੰਤਰਮੁਖੀ ਹਾਲਤਾਂ ਅਨੁਸਾਰ ਆਪਣਾ ਰੋਲ ਅਦਾ ਕਰੇ। ਚਿੱਲੀ ਦੇ ਮਹਾਨ ਦੇਸ਼ ਭਗਤ, ਇਨਕਲਾਬੀ ਅਤੇ 1971 ਵਿਚ ਸਾਹਿਤ ਦੇ ਨੋਬਲ ਪੁਰਸਕਾਰ ਨਾਲ ਸਨਮਾਨੇ ਜਾਣ ਵਾਲੇ ਪ੍ਰਤੀਬੱਧ ਲੋਕ ਕਵੀ, ਪਾਬਲੋ ਨੇਰੂਦਾ ਨੇ ਕਵਿਤਾ ਬਾਰੇ ਕਿਹਾ ਹੈ ਕਿ, ''ਕਵਿਤਾ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ ਇਹ ਬਾਹਰ ਗਲੀਆਂ ਵਿਚ ਨਿਕਲ ਆਉਂਦੀ ਹੈ, ਇਸ ਜਾਂ ਉਸ ਹਮਲੇ ਵਿਚ ਹਿੱਸਾ ਲੈਂਦੀ ਹੈ, ਜਦੋਂ ਉਸ ਨੂੰ ਬਾਗੀ ਆਖਦੇ ਹਨ ਤਾਂ ਕਵੀ ਡਰਦਾ ਨਹੀਂ। ਕਵਿਤਾ ਬਗਾਵਤ ਹੈ।'' ਗਦਰ ਲਹਿਰ ਦੀ ਕਵਿਤਾ ਵੀ ਇਸ ਲੀਹ ਤੇ ਲਿਖੀ ਕਵਿਤਾ ਹੈ, ਅਸੀਂ ਇੱਥੇ 'ਸੰਗਰਾਮੀ ਲਹਿਰ' ਦੇ ਪਾਠਕਾਂ ਲਈ ਕੁੱਝ ਕੁ ਨਮੂਨੇ ਪੇਸ਼ ਕਰ ਰਹੇ ਹਾਂ :    
- ਸੰਪਾਦਕੀ ਮੰਡਲ

ਕਿਤਨੇ ਭਗਵੇਂ ਪਹਿਨ ਕਪੜੇ ਕਹਿਨ ਬ੍ਰੰਮ ਗਿਆਨੀ ਹੈਂ,
ਝੁੰਭ ਮਾਰ ਕੇ ਕਾਲਾ ਕੰਬਲ ਆਖਨ ਬੜੇ ਧਿਆਨੀ ਹੈਂ।
ਧਨ ਦੌਲਤ ਅਰ ਦੁਨੀਆਂ ਸਾਰੀ ਰਾਗ-ਰੰਗ ਸਭ ਫਾਨੀ ਹੈਂ,
ਰਾਜ ਕਾਜ ਦੇ ਕਰਨੇ ਵਾਲੇ ਬਹੁਤ ਬੜੇ ਅਭਿਮਾਨੀ ਹੈਂ।
ਕੌਮ ਗਰਕ ਗਈ ਸਾਰੀ ਭਾਵੇਂ ਸੰਤ ਸਵਰਗ ਨੂੰ ਜਾਵਨਗੇ,
ਆਪੇ ਰਲ ਮਿਲ ਬਾਗੀ ਸਾਰੇ ਜਲਦੀ ਗ਼ਦਰ ਮਚਾਵਨਗੇ। 

-----------------
''ਮਿਲ ਕੇ ਸਭ ਗਰੀਬਾਂ ਨੇ ਗਦਰ ਕਰਨਾ, 
ਆਸ ਰੱਖਣੀ ਨਹੀਂ ਸ਼ਾਹੂਕਾਰ ਵਾਲੀ। 
ਛੂਤ ਛਾਤ ਦਾ ਕੋਈ ਖਿਆਲ ਨਾਹੀਂ,
ਸਾਨੂੰ ਪਰਖ ਨਾ ਚੂਹੜੇ ਚਮਾਰ ਵਾਲੀ। 
ਖਾਤਰ ਅਸਾਂ ਆਜ਼ਾਦੀ ਦੀ ਜੰਗ ਕਰਨਾ, 
ਕਰਨੀ ਦੂਰ ਹੁਣ ਰਸਮ ਬੇਗਾਰ ਵਾਲੀ।
ਪਿਛੋਂ ਗਦਰ ਦੇ ਮਾਮਲਾ ਮਾਫ ਸਭ ਨੂੰ,
ਖੇਤੀ ਕਰਾਂਗੇ ਮੌਜ ਬਹਾਰ ਵਾਲੀੇ।''

-----------------

ਸਾਨੂੰ ਲੋੜ ਨਾ ਪੰਡਤਾਂ ਕਾਜੀਆਂ ਦੀ, 
ਨਹੀਂ ਸ਼ੌਕ ਹੈ ਬੇੜਾ ਡੁਬਾਵਨੇ ਦਾ
ਜਪ ਜਾਪ ਦਾ ਵਕਤ ਬਤੀਤ ਹੋਇਆ,
ਵੇਲਾ ਆ ਗਿਆ ਤੇਗ ਉਠਾਵਨੇ ਦਾ।
-----------------

ਪੈਦਾ ਹੋਇਕੇ ਇਕ ਹੀ ਦੇਸ਼ ਅੰਦਰ,
ਭੈੜਾ ਕੰਮ ਫੜਿਆ ਧੜੇਬੰਦੀਆਂ ਦਾ।
ਛੂਤ ਛਾਤ ਅੰਦਰ ਊਚ ਨੀਚ ਬਣਕੇ,
ਉਲਟਾ ਕੰਮ ਕੀਤਾ ਫਿਰਕੇਬੰਦੀਆਂ ਦਾ।
ਗਿਆ ਦੇਸ਼ ਦਾ ਭੁਲ ਪਯਾਰ ਸਾਨੂੰ,
ਹੋਯਾ ਅਸਰ ਜੋ ਸੋਹਬਤਾਂ ਮੰਦੀਆਂ ਦਾ।
-----------------
ਮਜ਼ਹਬੀ ਝਗੜਿਆਂ ਤੇ ਤੁਸੀਂ ਜ਼ੋਰ ਪਾਯਾ,
ਕੀਤੇ ਦੇਸ਼ ਦਾ ਨਹੀਂ ਧਿਆਨ ਵੀਰੋ।
ਤੁਸਾਂ ਭੋਲਿਓ ਮੂਲ ਨਾ ਖ਼ਬਰ ਲੱਗੀ,
ਝਗੜਾ ਘਤਿਆ ਵੇਦ ਕੁਰਾਨ ਵੀਰੋ।
ਦੇਸ਼ ਪੱਟਿਆ ਤੁਸਾਂ ਦੇ ਝਗੜਿਆਂ ਨੇ, 
ਤੁਸੀਂ ਸਮਝਦੇ ਨਹੀਂ ਨਦਾਨ ਵੀਰੋ। 
ਮੰਦਰ ਮਸਜਦਾਂ ਤੁਸਾਂ ਦੇ ਢੈਣ ਲੱਗੇ,
ਕੇਹੜੀ ਗੱਲ ਦਾ ਤੁਸਾਂ ਗੁਮਾਨ ਵੀਰੋ,
-----------------

ਗਊ ਸੂਰ ਦੀ ਤੁਸਾਂ ਨੂੰ ਕਸਮ ਭਾਈ,
ਗੌਰੇ ਰੋਜ਼ ਹੀ ਇਨ੍ਹਾਂ ਨੂੰ ਖਾਣ ਵੀਰੋ।
ਹਿੰਦੂ ਮੁਸਲਮਾਨੋਂ ਝਗੜਾ ਛੱਡ ਦੇਵੋ,
ਲਵੋ ਦੇਸ਼ ਤੇ ਕੌਮ ਨੂੰ ਜਾਨ ਵੀਰੋ। 
-----------------

ਜ਼ਿਮੀਂ ਵੇਹਲ ਦੇਵੇ ਅਸੀਂ ਗਰਕ ਜਾਈਏ,
ਪੈਦਾ ਹੋ ਗਿਆ ਤੀਹ ਕਰੋੜ ਕਾਹਨੂੰ।
ਛੇਤੀ ਮਿਲ ਬੈਠੋ ਹਿੰਦੂ ਮੁਸਲਮਾਨੋ,
ਤੁਸੀਂ ਬੈਠੇ ਹੋ ਵਿਚ ਅਨਜੋੜ ਕਾਹਨੂੰ।
ਛੇਤੀ ਕਰੋ ਤਿਆਰੀਆਂ ਗ਼ਦਰ ਦੀਆਂ,
ਸਿੰਘੋ ਛੱਡਿਆ ਮੁੱਖ ਮਰੋੜ ਕਾਹਨੂੰ।
-----------------

ਤੁਸੀਂ ਦੀਨ ਈਮਾਨ ਦੇ ਪਏ ਪਿੱਛੇ, 
ਫਿਕਰ ਤੁਸਾਂ ਨੂੰ ਗਿਆਨ ਧਿਆਨ ਵਾਲੇ। 
ਆਪਸ ਵਿਚ ਲੜਨਾ ਮੰਦਾ ਕੰਮ ਫੜਿਆ,
ਝਗੜੇ ਝਗੜ ਹਿੰਦੂ ਮੁਸਲਮਾਨ ਵਾਲੇ। 
ਹੀਰਾ ਹਿੰਦ ਹੀਰਾ ਖਾਕ ਰੋਲ ਦਿੱਤਾ,
ਕੌਲੋ ਘਤ ਕੇ ਵੇਦ ਕੁਰਾਨ ਵਾਲੇ। 
ਗਾਈਂ ਸੂਰ ਝਟਕਾ ਜੇਕਰ ਦੁੱਖ ਦਿੰਦਾ, 
ਗੋਰੇ ਹੈਨ ਤਿੰਨੇ ਚੀਜ਼ਾਂ ਖਾਨ ਵਾਲੇ। 


ਨਾਨਕ

- ਜਸਵੰਤ ਜ਼ਫਰ

ਮਾਫ਼ ਕਰਨਾ
ਸਾਡੇ ਲਈ ਬਹੁਤ ਮੁਸ਼ਕਲ ਹੈ
ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ
ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ
ਤਿੜਕੀਆਂ ਅੱਡੀਆਂ
ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ
ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ
ਗੱਲ੍ਹਾਂ ਦਾ ਚਿਪਕਿਆ ਮਾਸ 
ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ 'ਚ
ਦਗਦੀਆਂ ਮਘਦੀਆਂ ਤੇਜ਼ ਅੱਖਾਂ
ਅੱਖਾਂ ਜੋ -
ਪਰਿਵਾਰ ਨੂੰ 
ਸਰਕਾਰ ਨੂੰ
ਤੇ ਹਰ ਸੰਸਕਾਰ ਨੂੰ
ਟਿੱਚ ਜਾਣਦੀਆਂ
ਬਹੁਤ ਖ਼ਤਰਨਾਕ ਸਿੱਧ ਹੋ ਸਕਦੈ
ਸਾਡੇ ਲਈ ਅਸਲੀ ਨਾਨਕ
ਅਜਿਹੇ ਨਾਨਕ ਦਾ ਅਸੀਂ
ਧਿਆਨ ਨਹੀਂ ਧਰ ਸਕਦੇ
ਜੋ ਘਰਾਂ ਨੂੰ ਉਜਾੜ ਸਕਦਾ
ਨਿਆਣੇ ਵਿਗਾੜ ਸਕਦਾ
ਕਿਸੇ ਕਾਅਬੇ ਵੱਲ ਪੈਰ ਕਰਕੇ 
ਪ੍ਰਕਰਮਾ ਵਿਚ ਲੇਟਣ ਲਈ ਉਕਸਾ ਸਕਦਾ
ਲਿਹਾਜ਼ਾ
ਲੱਤਾਂ ਤੁੜਵਾ ਜਾਂ ਲੱਤਾਂ ਵੱਢਵਾ ਸਕਦਾ
ਤੇ ਹੋਰ ਵੀ ਬੜਾ ਕੁੱਝ ਗ਼ਲਤ ਕਰਵਾ ਸਕਦਾ
ਮਸਲਨ 
ਅਸੀਂ ਮਜ਼ਹਬੀ ਚਿੰਨਾ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ
ਵਹਿਣਾਂ ਨੂੰ ਮੋੜਨ ਦਾ
ਮਰਿਯਾਦਾ ਨੂੰ ਤੋੜਨ ਦਾ
ਐਲਾਨਨਾਮਾ ਛਾਪ ਸਕਦੇ ਹਾਂ
ਅਜਿਹੇ ਖ਼ਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ
ਸਾਨੂੰ ਤਾਂ ਚਾਹੀਦੀ ਏ
ਖ਼ੈਰ
ਸੁੱਖ
ਸ਼ਾਂਤੀ
ਸਾਨੂੰ ਤਾਂ ਚਾਹੀਦੀਆਂ ਨੇ ਮਿੱਠੀਆਂ ਦਾਤਾਂ
ਵਧਦੀਆਂ ਵੇਲਾਂ
ਤੇ ਵੇਲਾਂ ਨੂੰ ਲਗਦੇ ਰੁਪੱਈਏ
ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
ਨਾਨਕ ਹੀ ਸੂਟ ਕਰਦਾ
ਸ਼ਾਂਤ
ਲੀਨ
ਲਕਸ਼ਮੀ ਦੇਵੀ ਵਾਂਗ ਉਠਾਇਆ ਆਸ਼ੀਰੀ ਹੱਥ
ਹੱਥ 'ਚੋਂ ਫੁੱਟਦੀ ਮਿਹਰ
ਤੇ ਅੱਖਾਂ 'ਚੋਂ ਡੁੱਲ੍ਹ ਡੁੱਲ੍ਹ ਪੈਂਦੀ ਕੋਮਲਤਾ
ਸੱਨ-ਸਿਲਕੀ ਸ਼ਫ਼ਾਫ ਦਾਹੜੀ
ਗੋਲ਼ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ
ਫੇਅਰ ਐਂਡ ਲਵਲੀ
ਸੁਰਖ਼ ਟਿਪਸੀ ਹੋਂਠ
ਮੁਲਾਇਮ ਜੈਮਿਨੀ ਪੈਰ
ਕੂਲ਼ੇ ਬਾਰਬੀ ਹੱਥ
ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ
ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ 'ਤੇ 
ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ
ਰਾਹਾਂ ਨੂੰ ਰੱਦ ਕੇ ਤੁਰਨ ਵਾਲੇ
'ਖ਼ਤਰਨਾਕ' ਨਾਨਕ ਦੀ ਅਸਲੀ ਤਸਵੀਰ ਦਾ ਭਾਰ
ਸਾਡੀ ਕੋਈ ਕੰਧ ਨਹੀਂ ਝੱਲ ਸਕਦੀ
ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ
ਘਰ ਨਹੀਂ ਢੁਆਉਣੇ
ਮਸਾਂ ਮਸਾਂ ਰੱਬ ਤੋਂ ਲਏ ਨਿਆਣੇ
ਹੱਥੋਂ ਨਹੀਂ ਗੁਆਉਣੇ
ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ ਮਾਫ ਕਰਨਾ। 


कविता
उठो! जाग जाओ

- राजकुमारी राठौड़
मेरे ये गीत सिर्फ सुनाने के लिए नहीं 
ये आह्वान है! उनको जगाने के लिये
कुटिया में बसते जो फुटपाथों पे सोते 
बेबस श्रमिक मकादूरों किसानों के लिए।
रिक्शा चलाते या ख़दानों के शोषित 
ज़मीं पे बसे उन जवानों को अर्पण
क्यों जवानी में बूढ़े हुए जा रहे?
उठो! जाग जाओ! हिम्मत दिखाओ।
कौन देगा तुम्हे पद्मभूषण विभूषण
असल हकदार तुम ही रत्नभारत विभूषण
जिनके कंधों पे निर्माण नींवें डलीं
कौन पोंछेगा आँसू जो रोटी को बेबस।
कौन सत्ता संवारेगा उनको बता दो
ये अफसर सियासत खुदगर्का इतने
घोटालों से इनको फुरसत कहां!
बातें बड़ी बस करते हैं बढक़र।
करना है कुछ तो गरीबी मिटा दो
किसानों की कुटिया में खुशहाली ला दो
किसी बेबस की बिटिया प्रताडि़त न हो
नारी की अस्मत बढक़र बचा लो।
बोझिल बनी है मानवता सारी
आतंकी हमलों का खतरा मिटा दो
करना है कुछ तो उठो! जाग जाओ
जियो तुम भी सबको जीना सिखा दो। 


ਗ਼ਜ਼ਲ

- ਜਗਤਾਰ 
ਮੰਜ਼ਿਲ ਤੇ ਜੋ ਨਾ ਪਹੁੰਚੇ, ਪਰਤੇ ਨਾ ਜੋ ਘਰਾਂ ਨੂੂੰ,
ਰ੍ਹਾਵਾਂ ਨੇ ਖਾ ਲਿਆ ਹੈ, ਉਨ੍ਹਾਂ ਮੁਸਾਫਰਾਂ ਨੂੰ।
ਸੜਦੇ ਹੋਏ ਵਣਾਂ ਨੂੰ ਕੋਈ ਹੀ ਗੌਲਦਾ ਹੈ, 
ਲਗਦੀ ਹੈ ਲਾਸ ਅੱਗ ਦੀ ਆਪਣੇ ਜਦੋਂ ਪਰਾਂ ਨੂੰ।
ਬਰਬਾਦ ਕਰਕੇ ਸਾਨੂੰ, ਜੋ ਝੋਲ ਪਾਉਣ ਘੋਗੇ, 
ਆਓ ਨਕੇਲ ਪਾਈਏ, ਉਨ੍ਹਾਂ ਸਮੁੰਦਰਾਂ ਨੂੰ।
ਤਪਦੇ ਥਲਾਂ 'ਚ ਏਦਾਂ, ਆਈ ਹੈ ਯਾਦ ਤੇਰੀ, 
ਕਮਲਾਂ ਦੇ ਖ਼ਾਬ ਆਵਣ ਜਿਉਂ ਸੁਕ ਗਏ ਸਰਾਂ ਨੂੰ।
ਤਨਹਾਈ ਨੇ ਹੀ ਮੇਰਾ, ਆਖ਼ਰ ਨੂੰ ਹੱਥ ਫੜਿਆ, 
ਸਭ ਲੋਕ, ਆਪਣੇ ਆਪਣੇ ਜਾਂ ਤੁਰ ਗਏ ਘਰਾਂ ਨੂੰ।
ਭੁੱਖਾਂ ਦੇ ਨਾਲ ਹੰਭੇ, ਝਖੜ ਦੇ ਨਾਲ ਝੰਬੇ, 
ਲੋਕੀਂ ਉਡੀਕਦੇ ਨਾ, ਰੁੱਤਾਂ ਨੂੰ ਰਹਿਬਰਾਂ ਨੂੰ।
ਬਾਜ਼ਾਂ ਨੇ ਅੰਤ ਉਡਣਾ, ਅੰਬਰ ਤੋਂ ਵੀ ਅਗੇਰੇ, 
ਪਾਏਗਾ ਡੋਰ ਕੋਈ, ਕਦ ਤੀਕ ਭਲਾ ਪਰਾਂ ਨੂੰ।


ਨਵਾਂ ਸਫ਼ਰ

- ਮਦਨ ਵੀਰਾ
ਸੁਪਨਿਆਂ ਦੀ ਭਾਲ਼ ਵਿਚ ਹੋ
ਚਾਹੁੰਦੇ ਹੋ
ਕਿ ਪਤਝੜ ਦਾ ਇਹ ਪਹਿਰਾ
ਪੁੱਗ ਜਾਵੇ
ਤੇ ਪੀਲੇ ਭੂਕ ਹੋਏ
ਵਸਾਰ ਬੱਗੇ ਚਿਹਰਿਆਂ 'ਤੇ
ਚੜ੍ਹਦੇ ਸੂਰਜ ਦੀ ਲਾਲੀ ਜਿਹਾ ਕੁਝ ਉਗ ਆਵੇ
ਤਾਂ ਕੀਤੇ ਸਫ਼ਰ 'ਤੇ
ਫਿਰ ਝਾਤ ਮਾਰੋ
'ਤੇ ਪੌਣੀ ਸਦੀ ਨੂੰ ਚਿਤਵੋ-ਵਿਚਾਰੋ
ਰਾਹ ਦੇ ਮੀਲ ਪੱਥਰਾਂ ਵੱਲ
ਤੁਰੋ ਤੁਸੀਂ ਪਿੱਠ ਕਰਕੇ
ਖੋਟੇ ਸਫ਼ਰ ਨੂੰ ਅਣਡਿੱਠ ਕਰਕੇ
ਅਖੌਤੀ ਰਹਿਬਰਾਂ ਦੀ ਰਹਿਬਰੀ
ਮਨ ਵਿਚ ਚਿਤਾਰੋ
ਉਨ੍ਹਾਂ ਦੇ ਮੀਸਣੇ ਮੂੰਹ
'ਤੇ ਮਖੌਟੇ-ਰੰਗਲੇ ਬਾਣੇ 
ਦੋ-ਮੂੰਹੇ ਆਖਦੇ ਕਿ ਹੁੰਦਾ ਹੈ ਸਭ ਕੁੱਝ 
ਰੱਬ ਦੇ ਭਾਣੇ
ਤੇ ਭਾਣਾ ਈਨ ਮੰਨਣ ਦਾ
ਡਾਢੇ ਦਾ ਦੀਨ ਮੰਨਣ ਦਾ
ਕੁਦਰਤ ਦੀ ਕਾਦਰੀ ਨੂੰ ਉਸ ਦੇ 
ਅਧੀਨ ਮੰਨਣ ਦਾ
ਆਪਣੇ ਆਪ ਨੂੰ ਬੇਵੱਸ
ਬਹੁਤ ਮਸਕੀਨ ਮੰਨਣ ਦਾ
ਤੁਸੀਂ ਇਨਕਾਰ ਕਰਨਾ ਹੈ
ਫਰੇਬੀ ਇਸ ਬਾਣੇ ਤੋਂ
ਗਿਰਗਟਾਂ ਵਾਂਗ ਬਦਲਦੇ
ਹਰ ਸਾਲ ਤਾਣੇ ਤੋਂ
ਤਿੜਕਦੀ ਛੱਤ
ਸਲ੍ਹਾਬੇ ਘਰ
'ਤੇ ਨ੍ਹੇਰੀ ਗਲ਼ੀ ਦਾ
ਫਿਰ ਮੋਹ ਛੱਡਕੇ
ਦਰਾਂ ਵੱਲ ਪਿੱਠ ਕਰਕੇ
ਚੁਰਾਹੇ ਲੀਕ ਕੱਢਕੇ
ਨਵੀਂ ਕੋਈ ਲੀਕ ਮਾਰੋ
ਪੱਕੀ ਧਾਰੋ
ਨਵੇਂ ਸਫ਼ਰ ਦਾ ਨਕਸ਼ਾ ਵਿਚਾਰੋ। 


ਸੁਕਰਾਤ ਦੀ ਚਰਚਾ ਕਰੋ

- ਸੁਲੱਖਣ ਸਰਹੱਦੀ
ਜ਼ਹਿਰ ਪੌਣੀਂ ਘੁਲ਼ ਗਈ ਸੁਕਰਾਤ ਦਾ ਚਰਚਾ ਕਰੋ।
ਡਾਢੀ ਕਾਲ਼ੀ ਰਾਤ ਹੈ ਇਸ ਰਾਤ ਦਾ ਚਰਚਾ ਕਰੋ।
ਬੰਦ ਬੰਦ ਕਟ ਕੇ ਵੀ ਜਿਹੜਾ ਲੋਕਾਂ ਸੰਗ ਜੁੜਿਆ ਰਿਹਾ,
ਤਾਰੂ ਸਿੰਘ ਦੇ ਸਿਦਕ ਦੀ ਸੌਗਾਤ ਦਾ ਚਰਚਾ ਕਰੋ।
ਬਲਮਾਂ, ਛਵ੍ਹੀਆਂ, ਬਲਵਿਆਂ ਦਾ, ਤਾਂ ਕਿ ਚਰਚਾ ਘਟ ਸਕੇ,
ਫੱਟੀ, ਬਾਲ ਉਪਦੇਸ਼, ਕਲਮ ਦੁਆਤ ਦਾ ਚਰਚਾ ਕਰੋ।
ਕਰ ਨਹੀਂ ਸਕਦੇ ਜੇ ਜੂਹਾਂ ਬਲਦੀਆਂ ਦੀ ਗੱਲ ਤੁਸੀਂ,
ਜੋ ਘਰੀਂ ਅੱਗ ਆ ਵੜੀ ਕਮਜਾਤ ਦਾ ਚਰਚਾ ਕਰੋ।
ਖੰਡਾਂ-ਬ੍ਰਹਿਮੰਡਾਂ ਅਗਾਸਾਂ ਵੱਲ ਵੀ ਜਾਵਾਂਗੇ ਫਿਰ,
ਪਹਿਲਾਂ ਬਲਦੀ ਧਰਤ ਕਾਇਨਾਤ ਦਾ ਚਰਚਾ ਕਰੋ।
ਬਾਜ਼ਾਂ ਦੇ ਮਰਨੇ, ਸਿੰਘਾਸਣ ਡੋਲਣੇ ਹੈ ਸਹਿਜ ਬਾਤ,
ਚਿੜੀਆਂ ਵਲੋਂ ਹੁੰਦੇ ਆਤਮਘਾਤ ਦਾ ਚਰਚਾ ਕਰੋ।
ਸਾਜਿਸ਼ਾਂ ਵਿਚ ਗਰਕੀਆਂ ਸੂਰਤਾਂ ਨੂੰ ਰੱਖੋ ਅੱਖ ਵਿਚ,
ਛਲ ਕਪਟ ਤੋਂ ਰਹਿਤ ਹਰ ਜਜ਼ਬਾਤ ਦਾ ਚਰਚਾ ਕਰੋ। 
ਡਾਢੇ ਨੇਰ੍ਹੇ ਝਾਗ ਕੇ ਸਰਹੱਦੀ ਲੱਭੀ ਜੋ ਅਸਾਂ,
ਇਹ ਧੁਆਂਖੀ ਕਿਉਂ ਗਈ ਪ੍ਰਭਾਤ ਦਾ ਚਰਚਾ ਕਰੋ।


ਗ਼ਜ਼ਲ

- ਜਗਤਾਰ ਸਾਲਮ
ਖ਼ਿਆਲਾਂ ਨੂੰ ਤੂੰ ਏਦਾਂ ਕੈਦ ਨਾ ਕਰਿਆ ਕਰ
ਪੁਸਤਕ ਨੂੰ ਅਲਮਾਰੀ ਵਿਚ ਨਾ ਧਰਿਆ ਕਰ
ਮਨ ਆਖੇ ਮੈਨੂੰ ਭੋਰਾ ਨਾ ਜਰਿਆ ਕਰ
ਅੱਗ ਕਹੇ ਮੈਨੂੰ ਮੇਰੇ ਤੋਂ ਡਰਿਆ ਕਰ
ਜੇਕਰ ਕੋਰਾ ਸੱਚ ਨਹੀਂ ਲਿਖਿਆ ਜਾਂਦਾ
ਫਿਰ ਐਵੇਂ ਨਾ ਕੋਰੇ ਪੰਨੇ ਭਰਿਆ ਕਰ
ਜਦ ਸਭ ਸੜ ਜਾਵੇ ਤਾਂ ਰੌਲਾ ਪਾਉਂਨਾ ਏਂ
ਅੱਗ ਬੁਝਾਉਣ ਲਈ ਵੀ ਤੂੰ ਕੁਝ ਕਰਿਆ ਕਰ
ਆਪਣੇ ਸਿਰ ਵੀ ਦੋਸ਼ ਲਿਆ ਕਰ ਤੂੰ ਕੋਈ
ਹਰ ਵਾਰੀ ਨਾ ਨਾਮ ਹਵਾ ਦਾ ਧਰਿਆ ਕਰ।

No comments:

Post a Comment