''ਸਹੁੰ ਗੁਰੂ ਦੀ.....!''
9 ਅਗਸਤ ਨੂੰ ਮੈਂ ਗੁਰਦਾਸਪੁਰ ਤੋਂ ਇਕ ਜਰੂਰੀ ਕੰਮ ਲਈ ਜਲੰਧਰ ਪਾਰਟੀ ਦਫਤਰ ਵਿਚ ਆਉਣਾ ਸੀ ਤੇ ਸਿੱਧੀ ਜਲੰਧਰ ਜਾਣ ਵਾਲੀ ਬਸ 'ਤੇ ਰਵਾਨਾ ਹੋ ਗਿਆ। ਬਸ ਪੂਰੀ ਭਰੀ ਹੋਈ ਸੀ ਤੇ ਕੰਡਕਟਰ ਵਲੋਂ ਟਿਕਟ ਕੱਟਦੇ ਕੱਟਦੇ ਇਹ ਸ਼ਹਿਰ ਤੋਂ 8-10 ਕਿਲੋਮੀਟਰ ਬਾਹਰ ਆ ਗਈ ਸੀ। ਮੇਰੇ ਨਾਲ ਬੈਠੀ ਇਕ 70 ਕੁ ਵਰ੍ਹਿਆਂ ਦੀ ਬਜੁਰਗ ਔਰਤ ਨੇ ਜਲੰਧਰ ਦੀ ਟਿਕਟ ਲੈਣ ਲਈ 100 ਰੁਪਏ ਕੰਡਕਟਰ ਨੂੰ ਦਿੱਤੇ ਤੇ ਉਸ ਨੇ ਟਿਕਟ ਦੇ ਨਾਲ 10 ਰੁਪਏ ਉਸ ਔਰਤ ਨੂੰ ਮੋੜ ਦਿੱਤੇ। ਔਰਤ ਨੇ ਕੰਡਕਟਰ ਨੂੰ ਕਿਹਾ ਕਿ 5 ਰੁਪਏ ਹੋਰ ਮੋੜੇ ਕਿਉਂਕਿ ਕਿਰਾਇਆ 85 ਰੁਪਏ ਲੱਗਦਾ ਹੈ। ਇਸ ਦੀ ਮੈਂ ਵੀ ਹਾਮੀ ਭਰ ਦਿੱਤੀ। ਪਰ ਕੰਡਕਟਰ ਨੇ ਕਿਹਾ ਕਿ ਕਿਰਾਇਆ 5 ਰੁਪਏ ਵੱਧ ਗਿਆ ਹੈ। ਉਸ ਔਰਤ ਨੇ ਕਿਹਾ ਕਿ ਹਨੇਰ ਸਾਂਈ ਦਾ ਮੈਂ ਅਜੇ ਕੱਲ ਹੀ ਜਲੰਧਰ ਤੋਂ ਇੱਥੇ ਆਪਣੀ ਬਿਮਾਰ ਭੈਣ ਦੀ ਖਬਰ ਸਾਰ ਲੈਣ ਆਈ ਸੀ ਤੇ 85 ਰੁਪਏ ਦਿੱਤੇ ਸਨ। ਕੰਡਕਟਰ ਨੇ ਫਿਰ ਕਿਹਾ ਕਿ ਮਾਤਾ ਸਰਕਾਰ ਨੇ ਪਿਛਲੀ ਰਾਤ ਦੇ ਕਿਰਾਏ ਵਧਾ ਦਿੱਤੇ ਹਨ ਤੇ ਹੁਣ 85 ਨਹੀਂ 90 ਰੁਪਏ ਕਿਰਾਇਆ ਹੋ ਗਿਆ ਹੈ। ਉਸ ਔਰਤ ਨੇ ਐਤਕੀ ਕਿਹਾ ਕਿ 'ਸਹੁੰ ਗੁਰੂ ਦੀ' ਮੈਂ ਕੱਲ 85 ਰੁਪਏ ਦੇ ਕੇ ਆਈ ਸੀ ਤੇ ਰਾਤ ਨੂੰ ਕਿਰਾਏ ਕਿਵੇਂ ਵੱਧ ਗਏ, ਲੋਹੜਾ ਆ ਗਿਆ, ਹਨੇਰ ਹੀ ਪੈ ਗਿਆ, ਜੇ ਤੂੰ 5 ਰੁਪਏ ਖਾਣੇ ਹਨ ਤਾਂ ਖਾ ਲੈ, ਤੇਰਾ ਢਿੱਡ ਭਰ ਜਾਏ, ਪਰ ਹੈ ਇਹ ਅਨੱਰਥ। ਸਵਾਰੀਆਂ ਵਿਚ ਹਾਸਾ ਪੈ ਗਿਆ ਤੇ ਇਕ ਜਾਣਕਾਰ ਗਭਰੂ ਬੋਲਿਆ, ਮਾਤਾ 'ਸਹੁੰ ਗੁਰੂ ਦੀ' ਸੱਚੀਂ ਰਾਤ ਦੇ ਕਿਰਾਏ ਵੱਧ ਗਏ ਹਨ। ਮਾਤਾ ਕੁਝ ਕੁ ਸਹਿਮਤ ਤਾਂ ਹੋ ਗਈ ਪਰ ਫਿਰ ਵੀ ਮੂੰਹ 'ਚ ਹੀ ਕਈ ਚਿਰ ਸਰਕਾਰ ਨੂੰ ਗਾਲਾਂ ਕੱਢਦੀ ਗਈ। ਇਸ ਪਿਛੋਂ ਕਿਰਾਏ ਦੇ ਵਾਧੇ ਬਾਰੇ ਚਰਚਾ ਚਲ ਪਈ ਤੇ ਕਾਫੀ ਦੇਰ ਤੱਕ ਚਲਦੀ ਰਹੀ।
ਪੰਜਾਬ ਸਰਕਾਰ ਕਿੰਨੀ ਵਾਰੀ ਬਸ ਕਿਰਾਏ ਵਿਚ ਵਾਧਾ ਕਰ ਚੁੱਕੀ ਹੈ, ਹੁਣ ਤਾਂ ਲੋਕਾਂ ਨੇ ਇਹ ਹਿਸਾਬ ਕਿਤਾਬ ਰੱਖਣਾ ਹੀ ਛੱਡ ਦਿੱਤਾ ਹੈ। ਇਹੋ ਹਾਲ, ਪੈਟਰੋਲ, ਡੀਜ਼ਲ ਤੇ ਬਿਜਲੀ ਦੀਆਂ ਦਰਾਂ ਵਿਚ ਵਾਧਾ ਕਰਨ ਦਾ ਹੈ। ਖਰੀਦਣ ਵੇਲੇ ਜਾਂ ਬਿੱਲ ਤਾਰਨ ਵੇਲੇ ਹੀ ਪਤਾ ਚਲਦਾ ਹੈ ਕਿ ਵਾਧਾ ਹੋ ਗਿਆ ਹੈ। ਹਰ ਸੰਭਵ ਢੰਗ ਨਾਲ ਲੋਕਾਂ ਦੀ ਚਮੜੀ ਲਾਹੀ ਜਾਂਦੀ ਹੈ ਤੇ ਇਹ ਸਰਕਾਰਾਂ ਖੂਨ ਦਾ ਆਖਰੀ ਤੁਪਕਾ ਤੱਕ ਵੀ ਪੀ ਜਾਣਾ ਚਾਹੁੰਦੀਆਂ ਹਨ। ਪੰਜਾਬ ਸਰਕਾਰ ਨੇ 8 ਅਗਸਤ ਨੂੰ ਇਕ ਹੁਕਮ ਜਾਰੀ ਕਰ ਕੇ ਬਸ ਕਿਰਾਏ ਵਿਚ ਵਾਧਾ ਕਰ ਦਿੱਤਾ। ਇਹ ਵਾਧਾ 5% ਦਾ ਕੀਤਾ ਗਿਆ ਅਤੇ ਇਸ ਅਨੁਸਾਰ ਹੁਣ ਆਮ ਬੱਸਾਂ ਵਿਚ ਕਿਰਾਇਆ 83 ਪੈਸੇ ਪ੍ਰਤੀ ਕਿਲੋਮੀਟਰ ਅਤੇ ਏ.ਸੀ. ਬੱਸਾਂ ਲਈ ਇਹ ਹੁਣ 99.60 ਪੈਸੇ, ਲਗਭਗ 1 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਬਹਾਨਾ ਇਹ ਹੈ ਕਿ ਪੰਜਾਬ ਦਾ ਟਰਾਂਸਪੋਰਟ ਵਿਭਾਗ ਤੇ ਪਰਾਈਵੇਟ ਬਸ ਟਰਾਂਸਪੋਰਟ, ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੂੰ ਮੁੱਖ ਰੱਖ ਕੇ ਪਿਛਲੇ ਸਮੇਂ ਤੋਂ ਬਸ ਕਿਰਾਏ ਵਿਚ ਵਾਧੇ ਦੀ ਮੰਗ ਕਰ ਰਹੇ ਸਨ। ਕਿਰਾਏ 'ਚ ਇਸ ਵਾਧੇ ਨਾਲ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੂੰ 58 ਕਰੋੜ ਰੁਪਏ ਵੱਧ ਪ੍ਰਾਪਤ ਹੋਣਗੇ। ਪ੍ਰਾਈਵੇਟ ਬਸ ਟਰਾਂਸਪੋਰਟ ਦੀ ਜਥੇਬੰਦੀ, 'ਦੀ ਪੰਜਾਬ ਮੋਟਰਜ਼ ਟਰਾਂਸਪੋਰਟ ਐਸੋਸੀਏਸ਼ਨ' ਨੇ ਇਸ 'ਤੇ ਪ੍ਰਤੀਕਰਮ ਕਰਦੇ ਕਿਹਾ ਹੈ ਕਿ ਉਹਨਾਂ ਦੀ ਮੰਗ ਪ੍ਰਤੀ ਕਿਲੋਮੀਟਰ ਲਈ 9 ਪੈਸੇ ਦੇ ਵਾਧੇ ਦੀ ਸੀ ਅਤੇ ਉਹ ਸੰਤੁਸ਼ਟ ਨਹੀਂ ਹਨ।
ਅਸਲ ਗੱਲ ਇਹ ਹੈ ਕਿ ਸਰਕਾਰ ਲੋਕਾਂ ਨੂੰ ਦੋਹੀਂ ਹੱਥੀਂ ਲੁੱਟਣ 'ਤੇ ਉਤਾਰੂ ਹੈ। ਜੇਕਰ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਬਸ ਕਿਰਾਏ 'ਚ ਵਾਧੇ ਦਾ ਅਧਾਰ ਮੰਨਿਆ ਜਾ ਰਿਹਾ ਹੈ ਤਾਂ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਲਈ ਕੌਣ ਜ਼ੁੰਮੇਵਾਰ ਹੈ? ਸਪੱਸ਼ਟ ਹੈ ਕਿ ਸਰਕਾਰਾਂ ਹੀ ਜੁੰਮੇਵਾਰ ਹਨ। ਪੰਜਾਬ ਸਰਕਾਰ ਵਿੱਤੀ ਸੰਕਟ ਦੇ ਬਹਾਨੇ ਹੇਠ ਸਰਕਾਰੀ ਜਾਇਦਾਦਾਂ ਧੜਾਧੜ ਵੇਚ ਰਹੀ ਹੈ ਜਿਸ ਵਿਚ ਸਿਆਸਤਦਾਨ, ਅਫਸਰਸ਼ਾਹੀ ਤੇ ਠੇਕੇਦਾਰਾਂ ਦੀ ਤ੍ਰਿਕੜੀ ਚੰਗੀ ਤਰ੍ਹਾਂ ਹੱਥ ਰੰਗ ਰਹੀ ਹੈ। ਲੋਕਾਂ ਨੂੰ ਮਿਲਦੀਆਂ ਰਿਆਇਤਾਂ ਇਕ ਇਕ ਕਰਕੇ ਖੋਹੀਆਂ ਜਾ ਰਹੀਆਂ ਹਨ। ਵਿਦਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਸਿਹਤ ਸਹੂਲਤਾਂ ਦਾ ਤਾਂ ਫਸਤਾ ਹੀ ਵੱਢਿਆ ਜਾ ਰਿਹਾ ਹੈ।
ਹਸਪਤਾਲਾਂ ਵਿਚ ਦਵਾਈਆਂ ਨਹੀਂ ਹਨ ਅਤੇ ਹਰ ਕੰਮ ਲਈ ਕਟਵਾਈ ਜਾਣ ਵਾਲੀ ਪਰਚੀ ਫੀਸ ਵਿਚ ਅਜੇ ਕੁਝ ਸਮਾਂ ਪਹਿਲਾਂ ਹੀ ਢੇਰ ਵਾਧਾ ਕਰ ਦਿੱਤਾ ਗਿਆ ਸੀ।
ਸਟੇਟ ਟਰਾਂਸਪੋਰਟ ਵਿਭਾਗ, ਜਿਸ ਕੋਲ ਕਹਿਣ ਨੂੰ ਤਾਂ 2400 ਬੱਸਾਂ ਦੀ ਫਲੀਟ ਹੈ, ਦਾ ਵੀ ਅੱਤ ਮੰਦਾ ਹਾਲ ਹੈ। ਹਰ ਬਸ ਸਟੈਂਡ 'ਤੇ ਲੱਗੇ ਟਾਈਮ ਟੇਬਲ 'ਤੇ ਮਾਮੂਲੀ ਨਜ਼ਰ ਮਾਰਨ 'ਤੇ ਹੀ ਲੁੱਟ ਤੇ ਹੇਰਾਫੇਰੀ ਸਾਹਮਣੇ ਆ ਜਾਂਦੀ ਹੈ। ਸਾਰੇ ਪਰਾਈਮ ਟਾਈਮ (ਜਦੋਂ ਰਸ਼ ਹੁੰਦਾ ਹੈ) ਪ੍ਰਾਈਵੇਟ ਟਰਾਂਸਪੋਰਟਾਂ ਨੂੰ ਅਲਾਟ ਕੀਤੇ ਜਾਂਦੇ ਹਨ ਤੇ ਵਿਹਲੇ ਟਾਈਮ ਵੇਲੇ ਪੰਜਾਬ ਰੋਡਵੇਜ਼ ਦੀਆਂ ਖਾਲੀ ਬੱਸਾਂ, ਸੜਕਾਂ 'ਤੇ ਦੌੜਾ ਦਿੱਤੀਆਂ ਜਾਂਦੀਆਂ ਹਨ। ਚੋਰ ਤੇ ਕੁੱਤੀ ਰਲ ਗਏ ਹਨ ਅਤੇ ਸਿੱਟੇ ਵਜੋਂ ਸਟੇਟ ਦਾ ਟਰਾਂਸਪੋਰਟ ਵਿਭਾਗ ਹਮੇਸ਼ਾਂ ਹੀ ਸੰਕਟ 'ਤੇ ਘਾਟੇ ਦਾ ਸ਼ਿਕਾਰ ਰਹਿੰਦਾ ਹੈ। ਸਰਕਾਰ ਅਸਲ ਵਿਚ ਇਸ ਵਿਭਾਗ ਨੂੰ ਬਦਨਾਮ ਕਰਕੇ ਤੇ ਘਾਟੇ ਵਿਚ ਵਿਖਾ ਕੇ ਇਸ ਨੂੰ ਸੰਤੋਖ ਦੇਣਾ ਚਾਹੁੰਦੀ ਹੈ। ਹਕੀਕਤ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਐਮ.ਐਲ.ਏਜ਼ ਤੱਕ ਅਤੇ ਕਈ ਹੋਰ ਸਿਆਸਤਦਾਨ ਆਪ ਹੀ ਬਸ ਟਰਾਂਸਪੋਰਟਰ ਬਣ ਗਏ ਹਨ ਅਤੇ ਬਿਨਾਂ ਪਰਮਿਟਾਂ ਦੇ ਧੱਕੇ ਨਾਲ ਹੀ ਬੱਸਾਂ ਚਲਾ ਰਹੇ ਹਨ ਤੇ ਅੰਨ੍ਹੀ ਕਮਾਈ ਕਰ ਰਹੇ ਹਨ। ਉਹ ਇਸ ਕਮਾਈ ਨੂੰ ਬਸ ਕਿਰਾਏ ਵਿਚ ਵਾਧਾ ਕਰਕੇ ਹੋਰ ਵਧਾਉਣਾ ਚਾਹੁੰਦੇ ਹਨ ਕਿਉਂਕਿ ਲਾਲਚ ਤੇ ਲੁੱਟ ਦੀ ਕੋਈ ਸੀਮਾ ਨਹੀਂ ਹੁੰਦੀ। ਹੁਣ ਸਰਕਾਰ ਤੇ ਪ੍ਰਾਈਵੇਟ ਬਸ ਟਰਾਂਸਪੋਰਟਰ, ਅਸਲ ਵਿਚ ਇਕੋ ਹੀ ਬਲਾਅ ਦਾ ਨਾਂਅ ਹਨ। ਉਹ ਰਾਤ ਨੂੰ ਬਸ ਕਿਰਾਏ ਵਿਚ ਵਾਧਾ ਕਰਕੇ, ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕੱਢਕੇ ਆਪਣੀਆਂ ਤਿਜੌਰੀਆਂ ਭਰਦੇ ਹਨ। ਜਿਹਨਾਂ ਨੂੰ ਲੋਕ ਵਾੜ ਸਮਝਦੇ ਹਨ, ਉਹ ਵਾੜਾਂ ਹੀ ਹੁਣ ਖੇਤ ਉਜਾੜ ਰਹੀਆਂ ਹਨ। ਫਿਰ ਕਿਤੇ ਟਿਕਾਅ ਨਹੀਂ ਹੋਣ ਲੱਗਾ। ਜਿਸ ਢੰਗ/ਵਿਧੀ ਨਾਲ ਇਹ ਠੱਗੀਆਂ, ਲੁੱਟ ਤੇ ਬੇਲੋੜੇ ਵਾਧੇ ਰੋਕੇ ਜਾ ਸਕਦੇ ਹਨ, ਉਸ ਦੀ ਹਾਲਤ ਪਤਲੀ ਹੈ। ਲੋਕ ਅਜੇ ਸੰਗਠਿਤ ਨਹੀਂ ਹਨ ਅਤੇ ਰੱਬ ਦੇ ਭਾਣੇ 'ਤੇ ਹੀ ਭਰੋਸਾ ਕਰਦੇ ਹਨ। ਇਸ ਲਈ ਹੀ ਇਹ ਹਨੇਰ ਵੱਧਦਾ ਹੀ ਜਾ ਰਿਹਾ ਹੈ।
- ਬੀ.ਐਸ.ਘੁੰਮਣ (23.8.2013)
''ਡੇਰੇ, ਠੇਕੇ, ਠਾਣੇ ਜਿੰਨੇ ਉਸਰਨਗੇ.... !''
22 ਅਗਸਤ ਦੀਆਂ ਅਖਬਾਰਾਂ 'ਚ ਇਕ ਖ਼ਬਰ ਛਪੀ ਹੈ ਕਿ ਆਸਾ ਰਾਮ (ਜਿਸ ਨੂੰ ਕਈ ਲੋਕ 'ਬਾਪੂ' ਵੀ ਆਖਦੇ ਹਨ) ਨੇ ਉਸ ਦੇ ਹੀ ਇਕ ਆਸ਼ਰਮ ਵਿਚ ਪੜ੍ਹ ਰਹੀ 15 ਵਰ੍ਹਿਆਂ ਦੀ ਨਾਬਾਲਗ ਲੜਕੀ ਦਾ ਮਣਈ ਸਥਿਤ ਆਸ਼ਰਮ ਵਿਖੇ ਸੈਕਸ ਸ਼ੋਸ਼ਣ ਕੀਤਾ ਹੈ। ਇਹ ਸ਼ੋਸ਼ਣ ਉਸ ਦੀ ਬਿਮਾਰੀ ਨੂੰ ਤੰਤਰ-ਮੰਤਰ ਨਾਲ ਠੀਕ ਕਰਨ ਦੇ ਬਹਾਨੇ ਹੇਠ ਕੀਤਾ ਗਿਆ। ਇਸ ਖਬਰ ਨੇ ਇਕ ਤਰ੍ਹਾਂ ਨਾਲ ਤਰਥੱਲੀ ਮਚਾ ਦਿੱਤੀ ਹੈ। ਆਸਾ ਰਾਮ ਦੇ ਦੇਸ਼ ਅੰਦਰ ਕਈ ਆਸ਼ਰਮ ਹਨ ਅਤੇ ਉਹ ਲਗਾਤਾਰ ਵਾਦ ਵਿਵਾਦ ਵਿਚ ਰਹਿੰਦਾ ਹੈ। ਉਸ ਨਾਲ ਸਬੰਧਤ ਕਈ ਹੋਰ ਕਿੱਸੇ ਵੀ ਅਖਬਾਰਾਂ ਵਿਚ ਛਪਦੇ ਰਹੇ ਹਨ, ਐਪਰ ਉਹ ਆਪਣੇ ਧਾਰਮਕ ਬਾਣੇ ਦੀ ਹੈਸੀਅਤ, ਅਤੇ ਇਕ ਰਾਜਨੀਤਕ ਪਾਰਟੀ ਨਾਲ ਅੱਤ ਨੇੜਲੇ ਸਬੰਧ ਹੋਣ ਕਰਕੇ ਸਦਾ ਹੀ ਬਚ ਕੇ ਨਿਕਲ ਜਾਂਦਾ ਰਿਹਾ ਹੈ। ਉਸ ਕੋਲ ਕਰੋੜਾਂ ਰੁਪਇਆਂ ਦੀ ਜਾਇਦਾਦ ਹੈ। ਇਸ ਨਾਬਾਲਗ ਲੜਕੀ ਦਾ ਮੈਡੀਕਲ ਮੁਆਇਨਾ ਹੋ ਗਿਆ ਹੈ ਅਤੇ ਦਿੱਲੀ ਵਿਖੇ ਇਕ ਮੈਜਿਸਟਰੇਟ ਸਾਹਮਣੇ ਬਿਆਨ ਦੇਣ ਪਿਛੋਂ ਆਸਾ ਰਾਮ ਵਿਰੁੱਧ ਪੁਲਸ ਨੇ ਐਫ.ਆਈ.ਆਰ. ਵੀ ਦਰਜ ਕਰ ਲਈ ਹੈ। ਇਸ ਦਿਲ ਹਿਲਾਊ ਖਬਰ ਨੇ ਦੇਸ਼ ਅੰਦਰ ਫੈਲੇ ਸਾਰੇ ਹੀ ਧਰਮਾਂ ਨਾਲ ਸਬੰਧਤ ਹਜ਼ਾਰਾਂ ਡੇਰਿਆਂ ਦੇ ਸੁਆਲ 'ਤੇ ਹਕੀਕਤ ਨੂੰ ਇਕ ਵਾਰੀ ਫਿਰ ਉਭਾਰ ਕੇ ਸਾਹਮਣੇ ਲੈ ਆਂਦਾ ਹੈ ਕਿਉਂਕਿ ਇਹਨਾਂ ਡੇਰਿਆਂ ਦੇ ਸਬੰਧ ਵਿਚ ਅਜਿਹੀਆਂ ਮੰਦੀਆਂ ਖਬਰਾਂ ਆਮ ਹੀ ਛਪਦੀਆਂ ਰਹਿੰਦੀਆਂ ਹਨ ਤੇ ਫਿਰ ਲੰਮਾ ਸਮਾਂ ਪ੍ਰੈਸ ਅਤੇ ਕੋਰਟਾਂ 'ਚ ਭਟਕਣ ਪਿਛੋਂ ਇਹ ਖਬਰਾਂ ਦਮ ਤੋੜ ਜਾਂਦੀਆਂ ਹਨ।
ਡੇਰਾਵਾਦ ਦਾ ਵਿਸ਼ਾਲ ਜਾਲ
ਸਾਡੇ ਸਾਰੇ ਦੇਸ਼ ਅੰਦਰ ਹੀ, ਲਗਭਗ ਸਾਰੇ ਹੀ ਧਰਮਾਂ ਨਾਲ ਸਬੰਧਤ ਕੁਝ ਅਖੌਤੀ ਬਾਬਿਆਂ ਤੇ ਸੰਤਾਂ ਨੇ ਧਰਮ ਤੇ ਰੱਬ ਦਾ ਪ੍ਰਚਾਰ ਕਰਨ ਦੇ ਨਾਂਅ ਹੇਠ ਵੱਡੇ ਵੱਡੇ ਡੇਰੇ ਖੋਲ੍ਹੇ ਹੋਏ ਹਨ। ਇਹਨਾਂ ਵਿਚੋਂ ਕਈ ਆਸਾ ਰਾਮ ਵਰਗੇ, ਅਜਿਹੇ ਹਨ ਜਿਨ੍ਹਾਂ ਦੇ ਇਕ ਨਹੀਂ ਕਈ ਕਈ ਡੇਰੇ/ਆਸ਼ਰਮ ਹਨ। ਕਰੋੜਾਂ ਰੁਪਿਆਂ ਦੀ ਚਲ ਤੇ ਅਚੱਲ ਸੰਪਤੀ ਦੇ ਮਾਲਕ ਹਨ। ਇਹ ਡੇਰੇ ਵੱਖ ਵੱਖ ਢੌਂਗ ਰਚ ਕੇ ਤੇ ਬਾਣੇ ਪਾ ਕੇ ਭੋਲੇ ਭਾਲੇ ਲੋਕਾਂ ਤੋਂ ਪੈਸਾ ਠੱਗ ਕੇ ਅਤੇ ਰਾਜਨੀਤਕ ਨੇਤਾਵਾਂ ਤੇ ਪੂੰਜੀਪਤੀਆਂ ਤੋਂ ਵੱਡੀਆਂ ਰਾਸ਼ੀਆਂ ਇਕੱਤਰ ਕਰ ਕੇ ਉਸਾਰੇ ਗਏ ਸਨ। ਐਪਰ ਧਾਰਮਿਕ ਪ੍ਰਚਾਰ ਕਰਨ ਦਾ ਨਿਸ਼ਚਿਤ ਉਦੇਸ਼ ਤਿਆਗ ਕੇ, ਅਖੌਤੀ ਬਾਬੇ, ਸੰਤ ਖ਼ੁਦ ਹੀ ਰੱਬ ਸੱਜ ਜਾਂਦੇ ਹਨ ਅਤੇ ਫਿਰ ਇਹਨਾਂ ਚੋਂ ਵੱਡੀ ਬਹੁਗਿਣਤੀ ਛਡਯੰਤਰਾਂ/ਚਾਲਾਂ ਨਾਲ ਭੋਲੇ ਭਾਲੇ ਅਤੇ ਅਚੇਤ ਜਨਸਮੂਹਾਂ ਦਾ ਵਿੱਤੀ, ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਦੀ ਹੈ। ਅਜਿਹੇ ਸ਼ੋਸ਼ਣ ਦੀਆਂ ਖਬਰਾਂ ਪ੍ਰਿੰਟ ਤੇ ਇਲੈਕਟਰਾਨਿਕ ਮੀਡੀਏ ਵਿਚ ਆਮ ਹੀ ਛਪਦੀਆਂ ਤੇ ਵਿਖਾਈਆਂ ਜਾਂਦੀਆਂ ਹਨ। ਕਈ ਟੀ.ਵੀ. ਚੈਨਲ, ਇਹਨਾਂ ਸਵੈ-ਸਜੇ ਪ੍ਰਭੂਆਂ ਦੀਆਂ ਖਬਰਾਂ ਵਿਖਾਉਂਦੇ ਹਨ ਜਿਥੋਂ ਸਪੱਸ਼ਟ ਦਿਸਦਾ ਹੈ ਕਿ ਇਹਾਂ ਠੱਗਾਂ ਵਲੋਂ ਕਿਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਪਰ ਸਰਕਾਰ ਇਸ ਦਾ ਉੱਕਾ ਹੀ ਨੋਟਿਸ ਨਹੀਂ ਲੈਂਦੀ। ਆਮ ਲੋਕਾਂ ਦਾ ਸ਼ੋਸ਼ਣ ਨਿਰੰਤਰ ਤੇ ਸਦੀਵੀ ਕਾਇਮ ਰੱਖਣ ਲਈ ਇਹ ਲੋਕਾਂ ਨੂੰ ਗਿਆਨ ਤੇ ਵਿਗਿਆਨ ਤੋਂ ਦੂਰ ਰੱਖਣ ਲਈ, ਉਪਦੇਸ਼ ਦਿੰਦੇ ਹਨ। ਇਹਨਾਂ ਦੇ ਉਪਦੇਸ਼ਾਂ ਅਨੁਸਾਰ ਜੀਵਨ ਇਕ ਮਿੱਥ ਹੈ, ਇਥੇ ਇਨਸਾਨ ਬੀਤੇ ਕਰਮਾਂ ਦਾ ਫਲ ਭੋਗਦਾ ਹੈ, ਗਰੀਬੀ ਅਮੀਰੀ ਰੱਬੀ ਦੇਣ ਹੈ, ਮਨੁੱਖ ਦੇ ਹੱਥ ਵਸ ਕੁੱਝ ਨਹੀਂ ਹੈ, ਭਾਣਾ ਤੇ ਕਿਸਮਤ ਹੀ ਸਭ ਕੁੱਝ ਹਨ ਅਤੇ ਸਾਧੂਆਂ/ਸੰਤਾਂ/ਬਾਬਿਆਂ ਦੀ ਕਿਰਪਾ ਸੇਵਾ ਨਾਲ ਹੀ ਸਭ ਕੁੱਝ ਪ੍ਰਾਪਤ ਕੀਤਾ ਜਾ ਸਕਦਾ ਹੈ। ਹਰ ਤਰ੍ਹਾਂ ਦੇ ਮੋਹ ਇਥੋਂ ਤੱਕ ਕਿ ਮਾਇਆ ਦਾ ਤਿਆਗ ਕਰਨ ਦਾ ਉਪਦੇਸ਼ ਦਿੰਦੇ ਹਨ। ਭਿਆਨਕ ਤੋਂ ਭਿਆਨਕ ਬਿਮਾਰੀ, ਤੰਤਰ-ਮੰਤਰ ਅਤੇ ਸੰਤਾਂ/ਬਾਬਿਆਂ ਦੀ ਕਿਰਪਾ/ਫੂਕ/ਜੱਪ-ਤੱਪ ਨਾਲ ਦੂਰ ਹੋ ਸਕਦੀ ਹੈ। ਲੋਕਾਂ ਨੂੰ ਪੂਰੇ ਤਿਆਗ ਦਾ ਉਪਦੇਸ਼ ਪਰ ਆਪ ਹਰ ਤਰ੍ਹਾਂ ਦੀ ਐਸ਼ ਕਰਦੇ ਹਨ, ਕਰੋੜਾਂ ਰੁਪਏ ਇਕੱਠੇ ਕਰ ਰਹੇ ਹਨ। ਦੱਸਦੇ ਹਨ ਕਿ ਭਾਰਤ ਵਿਚ ਸਭ ਤੋਂ ਮਹਿੰਗਾ ਮੋਬਾਇਲ ਬਾਬਿਆਂ ਵਿਚੋਂ ਹੀ ਇਕ ਕੋਲ ਹੈ। ਅਜਿਹੇ ਪ੍ਰਚਾਰ ਨਾਲ ਲੋਕ ਨਿੱਸਲ ਹੋ ਜਾਂਦੇ ਹਨ, ਮੁਰਦਾ ਸ਼ਾਂਤੀ ਨਲ ਭਰ ਜਾਂਦੇ ਹਨ ਅਤੇ ਉਹਨਾਂ ਦੀ ਲੜ ਕੇ ਚੰਗਾ ਜੀਵਨ ਬਨਾਉਣ ਦੀ ਭਾਵਨਾ ਮੱਧਮ ਪੈ ਜਾਂਦੀ ਹੈ। ਲੋਕਾਂ ਦਾ ਅਜਿਹਾ ਹੋ ਜਾਣਾ ਲੋਕ ਵਿਰੋਧੀ ਹਾਕਮਾਂ ਦੇ ਰਾਜ ਦੀ ਉਮਰ ਲੰਮੀ ਕਰਨ ਵਿਚ ਸਹਾਇਕ ਕਾਰਕ ਬਣਦਾ ਹੈ।
ਹਾਕਮਾਂ ਦਾ ਡੇਰਿਆਂ ਪ੍ਰਤੀ ਵਤੀਰਾ
ਇਹਨਾਂ ਡੇਰਿਆਂ ਵਿਚ ਹੋ ਰਿਹਾ ਪ੍ਰਚਾਰ ਲੁਟੇਰੀਆਂ ਹਾਕਮ ਜਮਾਤਾਂ ਲਈ ਬੇਹੱਦ ਲਾਹੇਵੰਦ ਹੈ। ਇਹ ਡੇਰੇ ਸਰਮਾਏਦਾਰ ਸਿਆਸਤਦਾਨਾਂ ਨੂੰ ਵੱਡੀਆਂ ਰਕਮਾਂ ਚੰਦਿਆਂ ਵਜੋਂ ਦਿੰਦੇ ਹਨ ਅਤੇ ਆਪਣੇ ਗੁੰਮਰਾਹ ਕੀਤੇ ਸੇਵਕਾਂ ਰਾਹੀਂ ਇਹਨਾਂ ਪਾਰਟੀਆਂ ਨੂੰ ਵੋਟਾਂ ਵੀ ਭੁਗਤਾਂਦੇ ਹਨ। ਹਰ ਕੋਈ ਜਾਣਦਾ ਹੈ ਕਿ ਲਗਭਗ ਹਰ ਡੇਰੇ ਦੇ ਬਾਬਿਆਂ ਤੇ ਸੰਤਾਂ ਦੇ ਸਰਮਾਏਦਾਰ ਹਾਕਮਾਂ ਅਤੇ ਨੇਤਾਵਾਂ ਨਾਲ ਨੇੜਲੇ ਸਬੰਧ ਹੁੰਦੇ ਹਨ ਅਤੇ ਇਹ ਲੀਡਰ ਇਹਨਾਂ ਡੇਰਿਆਂ ਨੂੰ ਉਭਾਰਨ ਵਿਚ 'ਤੇ ਇਹਨਾਂ ਦੀ ਸ਼ਰਧਾ ਵਧਾਉਣ ਲਈ ਉਚੇਚੇ ਯਤਨ ਕਰਦੇ ਹਨ। ਇਸ ਤੱਥ ਬਾਰੇ ਵੀ ਸਭ ਨੂੰ ਪਤਾ ਹੀ ਹੈ ਕਿ ਇਸ ਆਸਾ ਰਾਮ ਦੇ ਨਰਿੰਦਰ ਮੋਦੀ ਨਾਲ ਅਤੇ ਬੀ.ਜੇ.ਪੀ. ਨਾਲ ਨੇੜਲੇ ਸਬੰਧ ਹਨ। ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਈ ਕਿ ਪਰਚਾ ਦਰਜ ਹੋਣ ਤੋਂ ਤੁਰੰਤ ਬਾਅਦ ਹੀ ਬੀ.ਜੇ.ਪੀ. ਦੀ ਇਕ ਸੀਨੀਅਰ ਲੀਡਰ ਉਮਾ ਭਾਰਤੀ ਆਸਾ ਰਾਮ ਦੇ ਹੱਕ ਵਿਚ ਆ ਡਟੀ ਤੇ ਉਸ ਨੂੰ ਇਕਦਮ ਨਿਡਰਦੋਸ਼ ਕਰਾਰ ਦੇ ਦਿੱਤਾ। ਇਹ ਬੇਹੱਦ ਸ਼ਰਮ ਵਾਲੀ ਗੱਲ ਜ਼ਰੂਰ ਹੈ ਕਿ ਇਕ ਸੀਨੀਅਰ ਨੇਤਾ ਤੇ ਔਰਤ ਹੋ ਕੇ ਵੀ ਉਹ ਜਬਰ ਦਾ ਸ਼ਿਕਾਰ ਹੋਈ ਕੁੜੀ ਨੂੰ ਬਿਨਾਂ ਮਿਲੇ ਤੇ ਪੂਰੀ ਸਚਾਈ ਜਾਨਣ ਤੋਂ ਬਿਨਾਂ ਹੀ ਇਕ ਕੁਕਰਮੀ ਦੇ ਹੱਕ ਵਿਚ ਡਟ ਗਈ।
ਇਕ ਹੋਰ ਦੁਖਾਂਤ ਹੈ ਕਿ ਵੱਖ ਵੱਖ ਧਰਮਾਂ ਦੇ ਬਾਬਿਆਂ/ਸੰਤਾਂ ਦੇ ਡੇਰਿਆਂ ਨੂੰ, ਦੂਜੇ ਧਰਮ ਵਾਲੇ ਤਾਂ ਨਿੰਦਦੇ ਹਨ ਪਰ ਉਸੇ ਤਰ੍ਹਾਂ ਦੇ ਆਪਣੇ ਧਰਮ ਨਾਲ ਸਬੰਧਤ ਡੇਰੇ ਵਿਰੁੱਧ ਸ਼ਬਦ ਤੱਕ ਨਹੀਂ ਬੋਲਦੇ। ਇਸ ਨੂੰ ਫੌਰਨ ਤਿਆਗਣ ਦੀ ਲੋੜ ਹੈ। ਇਹ ਬਹੁਤ ਹੀ ਖਤਰਨਾਕ ਰੁਝਾਨ ਹੈ। ਸਾਨੂੰ ਇਹ ਫਿਰਕੂ ਪਹੁੰਚ ਤਿਆਗ ਕੇ ਇਸ ਡੇਰਾਵਾਦ ਵਿਰੁੱਧ ਇਕੱਠੇ ਹੋ ਕੇ ਇਕ ਅਵਾਜ਼ ਨਾਲ ਵਿਰੋਧ ਕਰਨਾ ਤੇ ਲੜਾਈ ਦੇਣੀ ਚਾਹੀਦੀ ਹੈ। ਇਹਨਾਂ ਡੇਰਿਆਂ ਵਿਚ ਕਈ ਥਾਵਾਂ 'ਤੇ ਜਦੋਂ ਫੰਕਸ਼ਨ ਕਰਵਾਏ ਜਾਂਦੇ ਹਨ ਤਾਂ ਲਚਰ ਗੀਤਾਂ ਤੋਂ ਇਲਾਵਾ ਨਸ਼ਿਆਂ ਦਾ ਖੁੱਲ੍ਹਾ ਸੇਵਨ ਵੀ ਹੁੰਦਾ ਹੈ, ਜਿਸ ਨਾਲ ਜੁਆਨ ਨਸ਼ਿਆਂ ਦਾ ਸ਼ਿਕਾਰ ਹੋ ਕੇ ਤਬਾਹ ਹੋ ਰਹੇ ਹਨ। ਭਾਵੇਂ ਇਹਨਾਂ ਡੇਰਿਆਂ ਦਾ ਕਾਫੀ ਗੰਦਮੰਦ ਬਾਹਰ ਆ ਰਿਹਾ ਹੈ ਪਰ ਇਕ ਜਾਣਕਾਰ ਦਾ ਕਹਿਣਾ ਹੈ ਕਿ ਜੋ ਕੁੱਝ ਬਾਹਰ ਆ ਰਿਹਾ ਹੈ, ਇਹ ਤਾਂ ਪਾਸਕੂ ਵੀ ਨਹੀਂ ਹੈ। ਇਹਨਾਂ ਵਿਚ ਬਹੁਤ ਕੁਕਰਮ ਹੋ ਰਹੇ ਹਨ ਅਤੇ ਇਹ ਇਕ ਸੋਚੀ ਸਮਝੀ ਨੀਤੀ ਤੇ ਚਾਲ ਹੇਠ ਹੋ ਰਹੇ ਹਨ। ਹੁਣ ਸਮਾਂ ਆ ਗਿਆ ਹੈ ਕਿ ਜਦੋਂ ਇਹ ਸਮਝ ਲਿਆ ਜਾਵੇ ਕਿ ਇਹਨਾਂ ਡੇਰਿਆਂ ਵਿਰੁੱਧ ਕਦੀ ਕਦਾਈਂ ਆਵਾਜ਼ ਉਠਾਉਣ ਨਾਲ ਕੁੱਝ ਨਹੀਂ ਬਣਨਾ। ਹੁਣ ਤਾਂ ਇਹਨਾਂ ਵਿਰੁੱਧ ਆਮ ਲੋਕਾਂ ਨੂੰ ਉਠਣਾ ਹੋਵੇਗਾ ਤੇ ਲੜਾਈ ਦੇ ਕੇ ਇਹਨਾਂ ਦੀਆਂ ਸਫਾਂ ਵਲੇਟਣੀਆਂ ਹੋਣਗੀਆਂ। ਇਸ ਕੰਮ ਲਈ ਚੇਤਨ ਵਿਅਕਤੀਆਂ ਅਤੇ ਦੇਸ਼ ਭਗਤ ਸ਼ਕਤੀਆਂ ਦਾ ਰੋਲ ਬਹੁਤ ਨਿਰਣਾਇਕ ਸਿੱਧ ਹੋ ਸਕਦਾ ਹੈ। ਉਹ ਆਮ ਲੋਕਾਂ ਨੂੰ ਸੁਸਿੱਖਿਅਤ ਕਰਨ ਅਤੇ ਇਹਨਾਂ ਪਾਖੰਡੀਆਂ ਵਿਰੁੱਧ ਲੜਾਈ ਦੇਣ ਲਈ ਆਮ ਲੋਕਾਂ ਨੂੰ ਨਾਲ ਲੈਣ। ਸਾਡੇ ਇਕ ਦੋਸਤ ਨੇ ਕੋਈ ਦੋ ਦਹਾਕੇ ਪਹਿਲਾਂ ਇਕ ਸ਼ੇਅਰ ਲਿਖਿਆ ਸੀ :
''ਡੇਰੇ, ਠੇਕੇ, ਠਾਣੇ ਜਿੰਨੇ ਉਸਰਨਗੇ
ਓਨੀਆਂ ਹੀ ਨਿੱਤ ਭੈੜੀਆਂ ਖਬਰਾਂ ਆਉਣਗੀਆਂ।''
ਅਤੇ ਇਹ ਖਬਰਾਂ ਨਿਰੰਤਰ ਵੱਧ ਰਹੀਆਂ ਹਨ। ਇਸ ਲਈ ਅਸੀਂ ਆਮ ਜਨਸਮੂਹਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਦੀ ਸਿਹਤ, ਨੈਤਿਕਤਾ ਤੇ ਬਿਹਤਰ ਭਵਿੱਖ ਨੂੰ ਸੁਨਿਸ਼ਚਿਤ ਕਰਨ ਲਈ ਉਹ ਇਹਨਾਂ ਠੱਗਾਂ ਨੂੰ ਸਮਝਣ ਅਤੇ ਇਹਨਾਂ ਕੁਕਰਮੀ ਠੱਗਾਂ ਵਿਰੁੱਧ ਜ਼ੋਰਦਾਰ ਲੜਾਈ ਦੇਣ ਅਤੇ ਇਹਨਾਂ ਦੀਆਂ ਸਫਾਂ ਵਲੇਟ ਦੇਣ।
-ਬੋਧ ਸਿੰਘ ਘੁੰਮਣ
No comments:
Post a Comment