ਗਰੀਬਾਂ ਨਾਲ ਕੋਝਾ ਮਜ਼ਾਕ ਕਰਨ ਵਾਲੇ ਮੌਨਟੇਕ ਆਹਲੂਵਾਲੀਆ ਦੇ ਪੁਤਲੇ ਫੂਕੇ ਗਏ
ਬੁਤਾਲਾ : ਗਰੀਬਾਂ ਨਾਲ ਕੋਝਾ ਮਜ਼ਾਕ ਕਰਨ ਵਾਲੇ ਮੌਨਟੇਕ ਸਿੰਘ ਆਲੂਵਾਲੀਆ ਦਾ ਬੁਤਾਲਾ ਵਿਖੇ ਪੁਤਲਾ ਫੂਕਿਆ ਗਿਆ। ਦਿਹਾਤੀ ਮਜ਼ਦੂਰ ਸਭਾ ਵੱਲੋਂ ਬੁਤਾਲਾ ਦੇ ਮੇਨ ਬਜ਼ਾਰ ਵਿੱਚ ਰੋਸ ਮਾਰਚ ਕਰਦਿਆਂ ਸ਼ਿੰਗਾਰਾ ਸਿੰਘ ਸੁਧਾਰ, ਨਰਿੰਦਰ ਸਿੰਘ ਵਡਾਲਾ ਕਲਾਂ, ਸਵਰਨ ਕੌਰ, ਗੁਰਦੇਵ ਸਿੰਘ ਭੱਟੀ ਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਦਾਉਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਵਿੱਚ 28 ਰੁਪਏ ਤੇ ਸ਼ਹਿਰ ਵਿੱਚ 32 ਰੁਪਏ ਖਰਚਣ ਵਾਲਾ ਗਰੀਬੀ ਰੇਖਾ ਤੋਂ ਉਪਰ ਕਰਾਰ ਦੇਣ ਵਾਲੀ ਕਾਂਗਰਸ ਸਰਕਾਰ ਦੇ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਮੌਨਟੇਕ ਸਿੰਘ ਆਹਲੂਵਾਲੀਆ ਗਰੀਬਾਂ ਨਾਲ ਭੱਦੇ ਮਜ਼ਾਕ ਕਰ ਰਿਹਾ ਹੈ। ਇਥੇ ਹੀ ਬਸ ਨਹੀਂ, ਇੱਕ ਸੰਸਦ ਮੈਂਬਰ ਨੇ ਕਿਹਾ ਕਿ ਪੰਜ ਰੁਪਏ ਵਿੱਚ ਗਰੀਬ ਰੋਟੀ ਖਾ ਸਕਦਾ ਹੈ। ਇਨ੍ਹਾਂ ਬੇਹੂਦਾ ਟਿੱਪਣੀਆਂ ਖਿਲਾਫ ਦਿਹਾਤੀ ਮਜ਼ਦੂਰ ਸਭਾ ਵੱਲੋਂ ਪੰਜਾਬ ਭਰ ਵਿੱਚ ਪੁਤਲੇ ਫੂਕੇ ਗਏ। ਇਸੇ ਕੜੀ ਵਜੋਂ ਬੁਤਾਲਾ ਦੇ ਮੇਨ ਬਜ਼ਾਰ ਵਿੱਚ ਮੌਨਟੇਕ ਸਿੰਘ ਆਹਲੂਵਾਲੀਆ ਖਿਲਾਫ ਰੋਸ ਮੁਜ਼ਾਹਰਾ ਕੀਤਾ ਅਤੇ ਕੇਂਦਰ ਸਰਕਾਰ ਖਿਲਾਫ ਨਾਹਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਗਰੀਬਾਂ ਨਾਲ ਮਜ਼ਾਕ ਕਰਨ ਵਾਲੀ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਸਸਤੇ ਰਾਸ਼ਨ ਤੇ ਜ਼ਰੂਰੀ ਵਸਤਾਂ ਜਨਤਕ ਵੰਡ ਪ੍ਰਣਾਲੀ ਰਾਹੀਂ ਸਬਸਿਡੀ 'ਤੇ ਦਿੱਤੀਆਂ ਜਾਣ। ਇਸ ਮੌਕੇ ਨਿਰਮਲ ਸਿੰਘ, ਬਲਬੀਰ ਸਿੰਘ, ਸਤਨਾਮ ਸਿੰਘ ਬੁਤਾਲਾ, ਲਖਵਿੰਦਰ ਸਿੰਘ ਖਾਸ਼ੀ, ਅਮਨ ਕੌਰ ਖਾਸ਼ੀ, ਗੁਰਨਾਮ ਸਿੰਘ ਜਮਾਲਪੁਰ, ਬਲਵਿੰਦਰ ਸਿਘ ਟਕਾਪੁਰ, ਨਿਰਮਲ ਸਿੰਘ ਜੋਧੇ, ਸਤਨਾਮ ਸਿੰਘ ਜੋਧੇ, ਹਰਪਾਲ ਸਿੰਘ, ਸੁਖਦੇਵ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।
ਘੁੱਦਾ : ਪਿੰਡ ਘੁੱਦਾ ਵਿਖੇ ਦਿਹਾਤੀ ਮਜ਼ਦੂਰ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਭਾਰਤ ਦੇ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਮੌਂਨਟੇਕ ਸਿੰਘ ਆਹਲੂਵਾਲੀਆ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬੋਲਦਿਆਂ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਮਿੱਠੂ ਸਿੰਘ ਨੇ ਕਿਹਾ ਕਿ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਨੇ ਦੇਸ਼ ਦੇ ਲੋਕਾਂ ਲਈ ਗਰੀਬੀ ਰੇਖਾ ਬਾਰੇ ਜੋ ਅੰਕੜੇ ਪੇਸ਼ ਕੀਤੇ ਹਨ ਕਿ ਸ਼ਹਿਰ 'ਚ ਜਿਹੜਾ ਵਿਅਕਤੀ 33 ਰੁਪਏ ਪ੍ਰਤੀ ਦਿਨ ਕਮਾਉਂਦਾ ਹੈ ਅਤੇ ਪਿੰਡ 'ਚ ਜਿਹੜਾ 27 ਰੁਪਏ ਪ੍ਰਤੀ ਦਿਨ ਕਮਾਉਂਦਾ ਹੈ, ਉਹ ਗਰੀਬ ਨਹੀਂ ਹਨ, ਬਹੁਤ ਹੀ ਬੇਹੂਦਾ ਹਨ। ਉਹਨਾ ਕਿਹਾ ਕਿ ਜੇਕਰ ਡਿਪਟੀ ਚੇਅਰਮੈਨ ਨੂੰ ਯਕੀਨ ਨਹੀਂ ਆਉਦਾ ਤਾਂ ਉਹ ਸਾਡੇ ਨਾਲ ਇੱਕ ਦਿਨ ਰਹਿ ਕੇ 27 ਰੁਪਏ ਵਿੱਚ ਇੱਕ ਟਾਈਮ ਆਪਣਾ ਪੇਟ ਭਰ ਕੇ ਦਿਖਾਉਣ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਮਿੱਠੂ ਸਿੰਘ ਘੁੱਦਾ, ਦਰਸ਼ਨ ਸਿੰਘ ਬਾਜਕ, ਮਨੋਹਰ ਸਿੰਘ, ਰਾਮ ਦਾਸ, ਰਾਜਪਾਲ ਸਿੰਘ, ਗੁਰਜੰਟ ਸਿੰਘ ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਸਪਾਲ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ ਕੋਟ ਗੁਰੂ, ਗੁਲਾਬ ਸਿੰਘ, ਮਿੱਠੂ ਸਿੰਘ ਜੰਗੀਰਾਣਾ, ਗੁਰਜੰਟ ਸਿੰਘ ਜੈ ਸਿੰਘ ਵਾਲਾ ਅਤੇ ਗੁਰਮੇਲ ਸਿੰਘ ਫੁੱਲੋ ਮਿੱਠੀ ਨੇ ਵੀ ਇਸ ਅਰਥੀ ਫੂਕ ਮੁਜ਼ਾਹਰੇ ਨੂੰ ਸੰਬੋਧਨ ਕੀਤਾ।
ਮਾਹਿਲਪੁਰ : ਬਲਾਕ ਮਾਹਿਲਪੁਰ ਦੇ ਪਿਡ ਖੈਰੜ ਅੱਛਰਵਾਲ ਵਿਖੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਨਵੀਨਰ ਕਾਮਰੇਡ ਮਹਿੰਦਰ ਸਿੰਘ ਖੈਰੜ ਦੀ ਅਗਵਾਈ ਹੇਠ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਾਮਰੇਡ ਮਹਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਮੰਤਰੀ ਗਰੀਬਾਂ ਦਾ ਵਾਰ ਵਾਰ ਮਜ਼ਾਕ ਉਡਾ ਰਹੇ ਹਨ ਤੇ ਬਿਆਨ ਦਿੰਦੇ ਹਨ ਕਿ ਪਿੰਡ ਵਿਚ 28 ਰੁਪਏ ਪ੍ਰਤੀ ਮਹੀਨਾ ਤੇ ਸ਼ਹਿਰਾਂ ਵਿਚ 32 ਰੁਪਏ ਖਰਚ ਕਰਨ ਵਾਲੇ ਗਰੀਬੀ ਰੇਖਾ ਤੋਂ ਉਪਰ ਹਨ। ਇਕ ਹੋਰ ਸੰਸਦ ਵਲੋਂ ਪੰਜ ਰੁਪਏ ਨਾਲ ਰੱਜਵੀਂ ਰੋਟੀ ਖਾਣ, ਫਾਰੁਖ ਅਬਦੁਲਾ ਵਲੋਂ ਇਕ ਰੁਪਏ ਵਿਚ ਰੱਜਵੀਂ ਰੋਟੀ ਖਾਣ ਅਤੇ ਦਿੱਲੀ ਦੀ ਕਾਂਗਰਸ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਵਲੋਂ 600 ਰੁਪਏ ਨਾਲ ਘਰ ਦਾ ਗੁਜਾਰਾ ਚਲ ਜਾਣ ਦੇ ਬਿਆਨ ਗਰੀਬਾਂ ਦਾ ਮਜ਼ਾਕ ਉਡਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੀਡਰ ਵਾਰ ਵਾਰ ਗਰੀਬਾਂ ਪ੍ਰਤੀ ਅਜਿਹੀ ਬਿਆਨਬਾਜ਼ੀ ਤੁਰੰਤ ਬੰਦ ਕਰਨ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਅੱਛਰਵਾਲ ਦੀ ਪ੍ਰਧਾਨ ਸੱਤਿਆ ਦੇਵੀ, ਸ਼ੰਕੁਤਲਾ ਦੇਵੀ, ਜਸਵਿੰਦਰ ਪਾਲ, ਭੁਪਿੰਦਰ ਸਿੰਘ, ਸੁਰਿੰਦਰ ਸਿੰਘ, ਕਾਮਰੇਡ ਸੁੱਚਾ ਸਿੰਘ, ਗੁਰਨਾਮ ਰਾਮ, ਕਰਮ ਚੰਦ, ਗੁਰਪਾਲ ਸਿੰਘ, ਜਗਦੀਸ਼ ਕੌਰ, ਰੇਸ਼ਮ ਕੌਰ, ਬਿਮਲਾ ਦੇਵੀ, ਮਣਸ ਕੌਰ, ਭਜਨ ਕੌਰ, ਕਾਂਤਾ ਰਾਣੀ, ਕੁਛੱਲਿਆ ਦੇਵੀ, ਸਰੋਜ ਬਾਲਾ, ਜਗੀਰ ਕੌਰ, ਜਸਬੀਰ ਕੌਰ ਆਦਿ ਹਾਜ਼ਰ ਸਨ।
ਰੇਤ ਮਾਫੀਆ ਤੇ ਪੁਲਸ ਵਧੀਕੀਆਂ ਵਿਰੁੱਧ ਸੰਘਰਸ਼
ਫਿਲੌਰ : ਵੱਖ-ਵੱਖ ਜੱਥੇਬੰਦੀਆਂ ਵੱਲੋਂ ਰੇਤ ਮਾਫੀਆ ਅਤੇ ਪੁਲਸ ਵਧੀਕੀਆਂ ਵਿਰੁੱਧ ਫਿਲੌਰ ਵਿਖੇ ਇਕ ਵਿਸ਼ਾਲ ਰੈਲੀ ਕੀਤੀ ਗਈ ਅਤੇ ਆਗੂਆਂ ਨੇ ਬਾਦਲ ਸਰਕਾਰ ਅਤੇ ਉਚੇਚੇ ਤੌਰ 'ਤੇ ਹਲਕਾ ਫਿਲੌਰ ਦੇ ਵਿਧਾਇਕ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾ ਦਿੱਤਾ। ਰੇਤੇ ਦੀ ਹੋ ਰਹੀ ਨਜਾਇਜ਼ ਲੁੱਟ ਖਿਲਾਫ਼ ਕੀਤੀ ਗਈ ਇਸ ਰੈਲੀ ਦੀ ਅਗਵਾਈ ਐਕਸ਼ਨ ਕਮੇਟੀ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਕੀਤੀ ਗਈ ਅਤੇ ਇਸ ਦੀ ਹਮਾਇਤ 'ਚ ਨਿੱਤਰੇ ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ 'ਚ ਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕਾਮਰੇਡ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਲੁੱਟੇ-ਪੁੱਟੇ ਜਾਣ ਵਾਲੇ ਲੋਕਾਂ ਦੀ ਸਿੱਧੀ ਲੜਾਈ ਹਲਕਾ ਫਿਲੌਰ ਦੇ ਵਿਧਾਇਕ ਨਾਲ ਸ਼ੁਰੂ ਹੋ ਗਈ ਹੈ ਜਿਸ ਦੇ ਆਸ਼ੀਰਵਾਦ ਨਾਲ ਰੇਤ ਮਾਫੀਆ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਅਤੇ ਆਪਣੇ ਜਾਲ ਵਿਛਾ ਕੇ ਮਹਿੰਗੇ ਭਾਅ ਰੇਤਾ ਵੇਚ ਰਿਹਾ ਹੈ। ਸਾਥੀ ਸੰਧੂ ਨੇ ਅੱਗੇ ਕਿਹਾ ਕਿ 31 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਨ ਵਾਲਾ ਇਹ ਵਿਧਾਇਕ ਭੁੱਲ ਗਿਆ ਹੈ ਕਿ ਉਸ ਨੂੰ ਕਰਤਾਰਪੁਰ ਦੇ ਲੋਕਾਂ ਨੇ ਪਸੰਦ ਨਹੀਂ ਕੀਤਾ ਅਤੇ ਇਥੇ ਵੀ 16 ਵੋਟਾਂ ਇਧਰੋਂ ਉੱਧਰ ਹੋ ਜਾਂਦੀਆਂ ਤਾਂ ਨਤੀਜੇ ਕੁਝ ਹੋਰ ਹੋਣੇ ਸਨ। ਅਕਾਲੀ ਸਰਕਾਰ 'ਤੇ ਵਰ੍ਹਦਿਆਂ ਸੰਧੂ ਨੇ ਅੱਗੇ ਕਿਹਾ ਕਿ ਇੱਕ ਪਾਸੇ ਪ੍ਰਵਾਸੀ ਭਾਰਤੀਆਂ ਨੂੰ ਕਾਰੋਬਾਰ ਲਈ ਸੱਦਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੀਆਂ ਜ਼ਮੀਨਾਂ 'ਤੋਂ ਧੱਕੇ ਨਾਲ ਰੇਤਾ ਵੇਚਿਆ ਜਾ ਰਿਹਾ ਹੈ। ਸਰਕਾਰ ਦੀ ਪੰਚਾਇਤ ਚੋਣਾਂ 'ਚ ਕੀਤੀ ਧੱਕੇਸ਼ਾਹੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਰੁੜਕਾ ਕਲਾਂ ਦੇ ਸਰਪੰਚ ਨੇ ਹਾਲੇ ਸਹੁੰ ਵੀ ਨਹੀਂ ਚੁੱਕੀ, ਪਰ ਉਸ 'ਤੇ ਸ਼ਾਮਲਾਟ 'ਚੋਂ ਦਰਖਤ ਵੇਚਣ ਦਾ ਦੋਸ਼ ਲਗਾ ਕੇ ਕੇਸ ਦਰਜ ਕਰ ਦਿੱਤਾ ਗਿਆ। ਉਨ੍ਹਾਂ ਐਲਾਨ ਕੀਤਾ ਕਿ ਰੇਤ ਮਾਫੀਏ ਖਿਲਾਫ ਅਗਲੀ ਰਣਨੀਤੀ ਤਹਿ ਕਰਨ ਲਈ ਸਾਰੀਆਂ ਜੱਥੇਬੰਦੀਆਂ ਦੀ ਮੀਟਿੰਗ ਕਰਕੇ ਸੰਘਰਸ਼ ਦੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।
ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਜੱਥੇਬੰਦੀ ਵੱਲੋਂ ਰੇਤ ਮਾਫੀਆ ਦੇ ਵਿਰੁੱਧ ਚਲਾਏ ਜਾ ਰਹੇ ਸੰਘਰਸ਼ਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਰੇਤ ਮਾਫੀਆ ਨੂੰ ਸਰਕਾਰ ਦੀ ਸਰਪ੍ਰਸਤੀ ਸਿਰਫ ਫਿਲੌਰ 'ਚ ਹੀ ਨਹੀਂ, ਸਗੋਂ ਫਾਜਿਲਕਾ, ਅਜਨਾਲਾ, ਹੁਸ਼ਿਆਰਪੁਰ, ਪਠਾਨਕੋਟ ਆਦਿ ਥਾਵਾਂ 'ਤੇ ਵੀ ਹੈ, ਜਿਥੋਂ ਰੇਤਾ ਅਤੇ ਬਜ਼ਰੀ ਕੱਢ ਕੇ ਮਹਿੰਗੇ ਭਾਅ ਵੇਚੇ ਜਾ ਰਹੇ ਹਨ। ਬਹੁਜਨ ਸਮਾਜ ਪਾਰਟੀ ਦਾ ਸੂਬਾਈ ਆਗੂ ਰਾਮ ਸਰੂਪ ਸਰੋਏ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੀ ਸਰਕਾਰ ਰੇਤੇ 'ਤੇ ਟਿਕੀ ਹੋਵੇ, ਉਸ ਤੋਂ ਬਹੁਤੀ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅਜਿਹੀ ਸਰਕਾਰ ਨੂੰ ਚੱਲਦਾ ਕਰ ਦੇਣਾ ਚਾਹੀਦਾ ਹੈ। ਕੁਦਰਤੀ ਸੋਮਿਆਂ ਦੀ ਹੋ ਰਹੀਂ ਲੁੱਟ ਬਾਰੇ ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ 'ਚ ਬਹੁਜਨ ਸਮਾਜ ਪਾਰਟੀ ਇਸ ਸੰਘਰਸ਼ ਵਿੱਚ ਪੂਰੀ ਸਰਗਰਮੀ ਨਾਲ ਕੁੱਦੇਗੀ। ਰੈਲੀ ਨੂੰ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੜ੍ਹਾ, ਹਲਕਾ ਇੰਚਾਰਜ਼ ਅੰਮ੍ਰਿਤ ਭੌਂਸਲੇ, ਜਮਹੂਰੀ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਗੁਰਨਾਮ ਸਿੰਘ ਸੰਘੇੜਾ, ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਸੂਬਾ ਕਮੇਟੀ ਮੈਂਬਰ ਕੁਲਦੀਪ ਫਿਲੌਰ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਆਦਿ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਨੇ ਅੱਜ ਦੇ ਇਸ ਐਕਸ਼ਨ ਨੂੰ ਤਾਰਪੀਡੋ ਕਰਨ ਲਈ ਪੁਲਸ ਵੱਲੋਂ ਝੂਠਾ ਕੇਸ ਦਰਜ ਕਰਨ ਅਤੇ ਕੁਝ ਭਾੜੇ ਦੇ ਲੋਕਾਂ ਵੱਲੋਂ ਮਜ਼ਦੂਰ ਆਗੂਆਂ ਦੇ ਨਾਂਅ 'ਤੇ ਕੀਤੇ ਵਿਖਾਵੇ ਵਾਲੇ ਰੋਸ ਮਾਰਚ ਦੀ ਨਿਖੇਧੀ ਕੀਤੀ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਮੱਖਣ ਸਿੰਘ ਖਹਿਰਾ, ਦੇਸ ਰਾਜ ਮੱਲ, ਪ੍ਰੇਮ ਖਹਿਰਾ, ਲਾਲਾ ਕਿਸ਼ਨ ਲਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੀਤਾ ਸਿੰਘ ਆਦਿ ਨੇ ਵੀ ਹਾਜ਼ਰੀ ਭਰੀ। ਉਪਰੰਤ ਇਕੱਠੇ ਹੋਏ ਸੈਂਕੜਿਆਂ ਦੀ ਗਿਣਤੀ ਵਿੱਚ ਆਗੂਆਂ ਅਤੇ ਪਿੰਡਾਂ ਤੋਂ ਆਏ ਕਿਸਾਨਾਂ ਨੇ ਸ਼ਹਿਰ ਫਿਲੌਰ 'ਚ ਰੋਸ ਮਾਰਚ ਕੀਤਾ ਅਤੇ ਇਥੋਂ ਦੇ ਕੋਰਟ ਕੰਪਲੈਕਸ 'ਚ ਸੰਕੇਤਕ ਧਰਨਾ ਮਾਰ ਕੇ ਰੇਤ ਮਾਫੀਆ ਦਾ ਮਾਮਲਾ ਮੁੜ ਤੋਂ ਐੱਸ ਡੀ ਐੱਮ ਜਸਬੀਰ ਸਿੰਘ ਦੇ ਧਿਆਨ 'ਚ ਲਿਆਂਦਾ।
ਰਮਦਾਸ : ਰੇਤ ਦੇ ਕਾਰੋਬਾਰ ਵਿੱਚ ਹੋ ਰਹੀ ਅੰਨ੍ਹੀ ਲੁੱਟ ਵਿਰੁੱਧ 10 ਜਨਤਕ ਜਥੇਬੰਦੀਆਂ ਵੱਲੋਂ ਵਿੱਢੇ ਗਏ ਜਨਤਕ ਸੰਘਰਸ਼ਾਂ ਦੇ ਮੱਦੇਨਜ਼ਰ ਰੇਤ ਦੇ ਕਾਰੋਬਾਰ ਨੂੰ ਨਿਯਮਤ ਕਰਨ ਅਤੇ ਆਮ ਖਪਤਕਾਰਾਂ ਨੂੰ ਵਿਸ਼ੇਸ਼ ਤੌਰ 'ਤੇ ਗਰੀਬਾਂ ਨੂੰ ਰੇਤ ਸਸਤੀ ਮੁਹੱਈਆ ਕਰਵਾਉਣ ਵਾਸਤੇ ਐੱਸ ਡੀ ਐਮ ਅਜਨਾਲਾ ਸੁਰਿੰਦਰ ਸਿੰਘ ਨਾਲ ਵਿਸ਼ੇਸ਼ ਪ੍ਰਬੰਧਕੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪ੍ਰਸ਼ਾਸਨ ਵੱਲੋਂ ਮਾਈਨਿੰਗ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ ਦੇ ਜਨਰਲ ਮੈਨੇਜਰ ਦਲਜੀਤ ਸਿੰਘ ਤੇ ਪ੍ਰਸ਼ੋਤਮ ਕੁਮਾਰ ਤੇ ਡਰੇਨੇਜ ਵਿਭਾਗ ਵੱਲੋਂ ਹਰਭਿੰਦਰ ਸਿੰਘ ਐਸ ਡੀ ਓ ਅਤੇ ਦੇ ਡੀ ਐੱਸ ਪੀ ਅਜਨਾਲਾ ਤਿਲਕ ਰਾਜ ਸ਼ਾਮਲ ਹੋਏ। ਰੇਤੇ ਦੀ ਗੈਰ ਕਾਨੂੰਨੀ ਹੋ ਰਹੀ ਖੁਦਾਈ, ਗੈਰ ਨਿਯਮਤ ਖੱਡਾਂ ਨੂੰ ਬੰਦ ਕਰਾਉਣ, ਨਿਯਮਤ ਦਰਾਂ ਤੋਂ ਵੱਧ ਲਈ ਜਾ ਰਹੀ ਪਰਚੀ ਫੀਸ ਸਮੇਤ ਰੇਤ ਦੀ ਟਰਾਲੀ ਭਰਨ ਵੇਲੇ ਬਿਲਕੁਲ ਹੀ ਗੈਰ ਕਾਨੂੰਨੀ ਲਿਆ ਜਾ ਰਿਹਾ 1500 ਤੋਂ ਲੈ ਕੇ 2000 ਤੱਕ ਜਜੀਆ ਆਦਿ ਸੰਬੰਧੀ 10 ਜਨਤਕ ਜਥੇਬੰਦੀਆਂ ਦੇ ਅਧਾਰਿਤ ਰੇਤ ਬੱਜਰੀ ਮਾਫੀਆ ਦੀ ਲੁੱਟ ਵਿਰੋਧੀ ਸਾਂਝਾ ਮੋਰਚਾ ਵੱਲੋਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੇ ਅਜਨਾਲਾ ਇਕਾਈ ਦੇ ਪ੍ਰਧਾਨ ਸੀਤਲ ਸਿੰਘ ਤਲਵੰਡੀ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਦੇ ਮੀਤ ਪ੍ਰਧਾਨ ਡਾ. ਬਲਵਿੰਦਰ ਸਿੰਘ ਰੇਤ ਬੱਜਰੀ ਦੀ ਲੁੱਟ ਵਿਰੁੱਧ ਟਰਾਲੀ-ਟਰੱਕ ਯੂਨੀਅਨ ਦੇ ਪ੍ਰਧਾਨ ਕਾਰਜ ਸਿੰਘ ਤੇ ਜਨਰਲ ਸਕੱਤਰ ਜਗੀਰ ਸਿੰਘ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹਰਭਜਨ ਸਿੰਘ ਆਦਿ ਆਗੂਆਂ ਨੇ ਐੱਸ ਡੀ ਐਮ ਨੂੰ ਵੇਰਵੇ ਅਤੇ ਅੰਕੜੇ ਪੇਸ਼ ਕੀਤੇ। ਜਥੇਬੰਦੀਆਂ ਦੇ ਆਗੂਆਂ ਨੇ ਇੰਕਸਾਫ ਕੀਤਾ ਕਿ ਖੱਡਾਂ ਦੀ ਖੁਦਾਈ 10 ਫੁੱਟ ਦੀ ਬਜਾਏ 40-40 ਫੁੱਟ ਡੁੰਘਾਈ ਤੱਕ ਰੇਤ ਪੁੱਟੀ ਜਾ ਰਹੀ ਹੈ ਅਤੇ 8 ਨਿਯਮਤ ਖੱਡਾਂ ਦੀ ਬਜਾਏ ਤਕਰੀਬਨ ਸੈਂਕੜੇ ਤੋਂ ਉਪਰ ਖੱਡਾਂ ਬਣਦੀਆਂ ਹਨ। ਇਸ ਨਾਲ ਵਾਤਾਵਰਨ ਦੀ ਤਬਾਹੀ ਤਾਂ ਹੋ ਹੀ ਰਹੀ ਹੈ, ਉਥੇ ਸਰਹੱਦ 'ਤੇ ਰਾਖੀ ਕਰ ਰਹੇ ਫੌਜ ਦੇ ਜਵਾਨਾਂ ਲਈ ਇਹ ਖਤਰਾ ਬਣ ਗਈ ਹੈ। ਇਲਾਕੇ ਅੰਦਰ ਹੰਗਾਮੀ ਸਥਿਤੀ ਵਿੱਚ ਫੌਜ ਦੀ ਆਵਾਜਾਈ ਸੰਭਵ ਨਹੀਂ। ਐੱਸ ਡੀ ਐਮ ਨੇ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਖੱਡਾਂ ਦੀ ਖੁਦਾਈ 10 ਫੁੱਟ ਤੋਂ ਵੱਧ ਨਹੀਂ ਹੋਵੇਗੀ। ਗੈਰ-ਕਾਨੂੰਨੀ ਖੱਡਾਂ ਬੰਦ ਕੀਤੀਆਂ ਜਾਣਗੀਆਂ, ਰੇਤ ਦੀ ਪਰਚੀ ਫੀਸ ਸੈਂਕੜਾ 357 ਰੁਪਏ ਹੀ ਲਈ ਜਾਵੇਗੀ ਤੇ ਰੇਤ ਦੀ ਭਰਾਈ ਵੇਲੇ ਲਿਆ ਜਾਂਦਾ ਮਾਲਕਾਨਾ ਬੰਦ ਕੀਤਾ ਜਾਵੇਗਾ। ਉਨ੍ਹਾਂ ਸੰਬਧਤ ਵਿਭਾਗ ਤੇ ਪੁਲਸ ਪ੍ਰਸ਼ਾਸਨ ਨੂੰ ਇਸ ਬਾਰੇ ਹਦਾਇਤਾਂ ਵੀ ਜਾਰੀ ਕੀਤੀਆਂ।
ਆਨੰਦਪੁਰ ਸਾਹਿਬ : ਰੇਤ-ਬੱਜਰੀ ਮਾਫੀਆ ਦੀ ਲੁੱਟ ਵਿਰੋਧੀ ਸਾਂਝੇ ਮੋਰਚੇ ਦੀ ਅਗਵਾਈ ਹੇਠ ਆਨੰਦਪੁਰ ਸਾਹਿਬ ਦੇ ਐਸ.ਡੀ.ਐਮ. ਦਫਤਰ ਅੱਗੇ ਧਰਨਾ ਮਾਰਿਆ ਗਿਆ ਅਤੇ ਐਸ.ਡੀ. ਐਮ. ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇਕ ਮੰਗ ਪੱਤਰ ਭੇਜਕੇ ਰੇਤ-ਬੱਜਰੀ ਕਾਰੋਬਾਰ ਨੂੰ ਨੇਮਬੱਧ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਹੋਏ ਇਕੱਠ ਨੂੰ ਜਮਹੂਰੀ ਕਿਸਾਨ ਸਭਾ ਰੋਪੜ ਦੇ ਪ੍ਰਧਾਨ ਸਾਥੀ ਮੋਹਨ ਸਿੰਘ ਧਮਾਣਾ, ਜਨਰਲ ਸਕੱਤਰ ਬਲਵਿੰਦਰ ਸਿੰਘ ਅਸਮਾਨਪੁਰ, ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ ਪਲਾਸੀ, ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਹਵੇਲੀ, ਜਮਹੂਰੀ ਕੰਢੀ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਪੰਨੂੰ, ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਸਾਥੀ ਵਿਜੈ ਕੁਮਾਰ ਨੰਗਲ, ਮੋਹਣ ਸਿੰਘ ਬਹਾਦਰਪੁਰ, ਰਾਮਲੋਕ ਬਹਾਦੁਰ, ਸਾਥੀ ਨਿਰੰਜਨ ਦਾਸ, ਮਜ਼ਦੂਰ ਆਗੂ ਸਾਥੀ ਹਿੰਮਤ ਸਿੰਘ ਨੰਗਲ, ਜਨਵਾਦੀ ਇਸਤਰੀ ਸਭਾ ਦੀ ਆਗੂ ਬੀਬੀ ਪਿਆਰੋ ਦੇਵੀ ਅਤੇ ਸੀਤਾ ਦੇਵੀ ਪਲਾਸੀ ਆਦਿ ਨੇ ਸੰਬੋਧਨ ਕੀਤਾ।
ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਅਜਲਾਸ ਸੰਪੰਨ
ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਭਰਵਾਂ ਅਜਲਾਸ ਸਰਵਸਾਥੀ ਮਹਿੰਦਰ ਸਿੰਘ ਖੈਰੜ, ਪ੍ਰਿੰਸੀਪਲ ਪਿਆਰਾ ਸਿੰਘ, ਬੀਬੀ ਚੰਨਣ ਕੌਰ, ਬੀਬੀ ਸਰਬਜੀਤ ਕੌਰ ਅਤੇ ਗਿਆਨ ਚੰਦ ਹਯਾਤਪੁਰ ਦੀ ਪ੍ਰਧਾਨਗੀ ਹੇਠ ਹੋਇਆ। ਵਿਸ਼ੇਸ਼ ਸੱਦੇ 'ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਗੁਰਨਾਮ ਸਿੰਘ ਦਾਊਦ ਅਤੇ ਮਾਸਟਰ ਹਰਕੰਵਲ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਚਾਰ ਸੌ ਤੋਂ ਵਧੇਰੇ ਮਜ਼ਦੂਰਾਂ, ਜਿਨ੍ਹਾਂ ਵਿੱਚ ਦੋ ਸੌ ਇਸਤ੍ਰੀਆਂ ਵੀ ਸ਼ਾਮਲ ਸਨ, ਨੂੰ ਸੰਬੋਧਨ ਕਰਦੇ ਹੋਏ ਆਰੰਭ ਵਿੱਚ ਸਾਥੀ ਮਹਿੰਦਰ ਸਿੰਘ ਨੇ ਅਜਲਾਸ ਦਾ ਮੰਤਵ ਸ੍ਰੋਤਿਆਂ ਨਾਲ ਸਾਂਝਾ ਕੀਤਾ। ਉਨ੍ਹਾ ਕਿਹਾ ਕਿ ਇਹ ਸਭਾ ਦੇਸ਼ ਦੇ ਬੇਜ਼ਮੀਨੇ ਮਜ਼ਦੂਰਾਂ ਦੀ ਹੈ, ਜਿਨ੍ਹਾਂ ਨੂੰ ਅਤਿ ਕਠਿਨ ਹਾਲਾਤਾਂ ਵਿੱਚ ਜੀਵਨ ਬਸਰ ਕਰਨਾ ਪੈ ਰਿਹਾ ਹੈ। ਜ਼ਿਲ੍ਹੇ ਦੇ ਪਹਿਲੇ ਅਜਲਾਸ ਵਿੱਚ ਆਪਣੀਆਂ ਸਮੱਸਿਆਵਾਂ 'ਤੇ ਵਿਚਾਰਾਂ ਕਰਨ ਤੇ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਜਾਣੀ ਹੈ। ਸਟੇਜ ਸਕੱਤਰ ਦੇ ਫਰਜ਼ ਪਿਆਰਾ ਸਿੰਘ ਪਰਖ ਨੇ ਬਾਖੂਬੀ ਨਿਭਾਏ। ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਸੀ.ਪੀ.ਐਮ.ਪੰਜਾਬ ਦੇ ਸਕੱਤਰੇਤ ਮੈਂਬਰ ਸਾਥੀ ਹਰਕੰਵਲ ਸਿੰਘ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਥੀ ਗੰਗਾ ਪ੍ਰਸ਼ਾਦ, ਰਾਮ ਜੀ ਦਾਸ, ਮਹਿੰਦਰ ਸਿੰਘ ਜੋਸ਼ ਆਦਿ ਨੇ ਦੇਸ਼ ਦੀ ਆਰਥਿਕ ਸਥਿਤੀ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਲੋਕਾਂ ਖਾਸ ਕਰ ਮਜ਼ਦੂਰ ਅਤੇ ਦਲਿਤ ਮਾਰੂ ਨੀਤੀਆਂ ਦਾ ਲੇਖਾ-ਜ਼ੋਖਾ ਕਰਦੇ ਹੋਏ ਦੱਸਿਆ ਕਿ ਇਹ ਸਰਮਾਏਦਾਰ ਹਾਕਮ ਆਮ ਲੋਕਾਂ ਦੇ ਹਾਕਮ ਨਹੀਂ, ਸਗੋਂ ਸਾਮਰਾਜੀ ਅਤੇ ਸਰਮਾਏਦਾਰ ਨਿਰਦੇਸ਼ ਨੀਤੀਆਂ ਨੂੰ ਲਾਗੂ ਕਰਨ ਵਾਲੇ ਰੱਜੇ ਪੁੱਜੇ ਲੋਕਾਂ ਦੇ ਹਾਕਮ ਹਨ। ਚੋਣਾਂ ਵੇਲੇ ਸੇਵਾ ਦੇ ਲਾਰੇ ਅਤੇ ਵਾਅਦੇ ਕਰਕੇ ਜਿੱਤਣ ਪਿੱਛੋਂ ਆਪਣੇ ਘਰ ਭਰਦੇ ਅਤੇ ਸਰਮਾਏਦਾਰਾਂ ਦੇ ਹਿੱਤਾਂ ਦੀ ਰਾਖੀ ਕਰਦੇ ਹਨ। ਇਸ ਲੱਕ-ਤੋੜ ਮਹਿੰਗਾਈ ਦੇ ਦੌਰ ਵਿੱਚ ਲੋਕਾਂ ਦਾ ਕਚੂੰਮਰ ਨਿਕਲ ਰਿਹਾ ਹੈ। ਲੋਕਾਂ ਲਈ ਰੋਟੀ, ਕੱਪੜਾ, ਮਕਾਨ, ਸਿੱਖਿਆ ਅਤੇ ਸਿਹਤ ਸਹੂਲਤਾਂ ਇਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦੀਆਂ। ਇਹ ਸਹੂਲਤਾਂ ਆਮ ਲੋਕਾਂ ਤੋਂ ਬਾਹਰ ਚਲੀਆਂ ਗਈਆਂ ਹਨ। ਅਜਲਾਸ ਵਿੱਚ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਜ਼ਦੂਰਾਂ ਦੇ ਬਿਜਲੀ ਬਿਲ ਮਾਫ ਅਤੇ ਕੁਨੈਕਸ਼ਨ ਕੱਟਣੇ ਬੰਦ ਕੀਤੇ ਜਾਣ, ਮਨਰੇਗਾ ਸਕੀਮ ਅਧੀਨ 350 ਰੁਪਏ ਦਿਹਾੜੀ, ਸ਼ਗਨ ਸਕੀਮ ਅਧੀਨ 5100 ਰੁਪਏ ਦੀ ਸਹਾਇਤਾ ਵਿਆਹ ਤੋਂ ਪਹਿਲਾਂ ਦਿੱਤੀ ਜਾਵੇ, ਬੁਢਾਪਾ ਵਿਧਵਾ ਤੇ ਅੰਗਹੀਣ ਪੈਨਸ਼ਨ 3000 ਰੁਪਏ ਮਹੀਨਾ, ਬੇਜ਼ਮੀਨੇ ਮਜ਼ਦੂਰਾਂ ਨੂੰ ਗਰੀਬੀ ਰੇਖਾ ਤੋਂ ਹੇਠਾਂ ਮੰਨਿਆ ਜਾਵੇ, ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਅਤੇ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ, ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕੀਤੀ ਜਾਵੇ ਅਤੇ ਹਸਪਤਾਲ-ਸਕੂਲ ਵੇਚਣੇ ਬੰਦ ਕੀਤੇ ਜਾਣ ਅਤੇ ਸਮਾਜਿਕ ਵਿਤਕਰਾ ਬੰਦ ਕੀਤਾ ਜਾਵੇ
ਅੰਤ ਵਿੱਚ ਜ਼ਿਲ੍ਹਾ ਪੱਧਰੀ ਅਡਹਾਕ ਕਮੇਟੀ ਬਣਾਈ ਗਈ ਜਿਨ੍ਹਾਂ ਅਨੁਸਾਰ ਸਰਵਸਾਥੀ ਮਹਿੰਦਰ ਸਿੰਘ ਖੈਰੜ, ਪਿਆਰਾ ਸਿੰਘ ਪਰਖ, ਬੀਬੀ ਚੰਨਣ ਕੌਰ, ਬੀਬੀ ਸਰਬਜੀਤ ਕੌਰ, ਗਿਆਨ ਚੰਦ ਹਯਾਤਪੁਰ, ਗਿਆਨੀ ਅਵਤਾਰ ਸਿੰਘ ਰਾਣਾ, ਤਾਰਾ ਚੰਦ ਨਮੋਲੀਆ, ਜਸਵਿੰਦਰ ਕੌਰ ਚੰਦੇਲੀ, ਪ੍ਰੀਤਮ ਦਾਸ ਸਲੇਮ ਪੁਰ, ਰਾਮ ਗੁਣੀ ਸ਼ੰਕਰ ਨਗਰ, ਮੋਹਨ ਲਾਲ ਹੁਕੜਾਂ ਅਤੇ ਗੁਰਦੀਪ ਕੌਰ ਮਹਿਤਪੁਰ ਮੈਂਬਰ ਚੁਣੇ ਗਏ।
No comments:
Post a Comment