ਲਾਲ ਸਲਾਮ! ਕਾਮਰੇਡ ਮੋਦਨ ਸਿੰਘ ਦੂਲੋਵਾਲ
1990 ਦੀ ਗੱਲ ਹੈ ਜਦੋਂ ਮੈਂ ਪਹਿਲੀ ਵਾਰ ਸਾਥੀ ਮੋਦਨ ਸਿੰਘ ਦੂਲੋਵਾਲ ਨੂੰ ਮਿਲਿਆ। ਉਨ੍ਹਾਂ ਦੇ ਪੁਰਾਣੇ ਮਿੱਤਰ ਸਾਥੀ ਦਰਸ਼ਨ ਮਹਿਰਾਜ ਨੇ ਮੇਰੀ ਜਾਣ ਪਛਾਣ ਕਰਾਈ। ਰਸਮੀਂ ਗੱਲਾਂ ਤੋਂ ਬਿਨਾਂ ਬੇਲਾਗ ਰਾਜਸੀ ਵਿਚਾਰ ਚਰਚਾ ਵੀ ਹੋਈ ਅਤੇ ਖੱਬੀ ਲਹਿਰ ਦੇ ਭਵਿੱਖ ਬਾਰੇ ਵੀ ਗੱਲਾਂ-ਬਾਤਾਂ ਹੋਈਆਂ। ਸਾਥੀ ਮੋਦਨ ਸਿੰਘ ਦੀ ਲਿਆਕਤ ਅਤੇ ਅੱਪਣਤ ਭਰੇ ਵਿਹਾਰ ਤੋਂ ਪ੍ਰਭਾਵਿਤ ਹੁੰਦਿਆਂ ਉਸਦੇ ਬਸ ਚੜ੍ਹਨ ਪਿਛੋਂ ਮੈਂ ਸਾਥੀ ਮਹਿਰਾਜ ਨੂੰ ਕਿਹਾ ''ਬੰਦਾ ਬੜਾ ਵਧੀਐ।'' ਅੱਗੋਂ ਉਨ੍ਹਾਂ ਜਵਾਬ ਦਿੱਤਾ ''ਇਹ ਯਾਰਾਂ ਦਾ ਯਾਰ ਹੈ, ਤੰਗਨਜ਼ਰੀ ਅਤੇ ਗਰੁਪ ਫੋਬੀਏ ਤੋਂ ਕੋਹਾਂ ਦੂਰ।'' ਇਸ ਪਹਿਲੀ ਮਿਲਣੀ ਸਮੇਂ ਮੇਰੇ 'ਤੇ ਬਣਿਆ ਸਾਥੀ ਮੋਦਨ ਸਿੰਘ ਦੀ ਸ਼ਖਸ਼ੀਅਤ ਦਾ ਹਾਂ ਪੱਖੀ ਪ੍ਰਭਾਵ ਅੱਜ ਵੀ ਕਾਇਮ ਹੈ ਅਤੇ ਸਦਾ ਰਹੇਗਾ। ਅੱਗੋਂ ਉਸ ਨਾਲ ਵਿਚਰਦਿਆਂ ਮੈਂ ਦੇਖਿਆ ਕਿ ਖੱਬੀ ਲਹਿਰ ਵਿਚਲੇ ਵੱਖੋ ਵੱਖ ਗਰੁੱਪਾਂ ਦੇ ਅਨੇਕਾਂ ਕਾਰਕੁੰਨ ਸਾਥੀ ਮੋਦਨ ਸਿੰਘ ਬਾਰੇ ਮੇਰੇ ਵਰਗੀ ਹੀ ਰਾਇ ਰੱਖਦੇ ਹਨ ਜੋ 1974 ਤੋਂ ਸ਼ੁਰੂ ਹੋਏ ਉਸ ਦੇ ਲਗਭਗ ਚਾਲੀ ਸਾਲ ਦੇ ਲੰਮੇ ਰਾਜਸੀ ਜੀਵਨ 'ਚ ਉਸਦੇ ਸੰਪਰਕ 'ਚ ਆਏ। ਉਸ ਵਿਚਾਰ ਚਰਚਾ ਤੋਂ ਪਿਛੋਂ ਮੁਲਾਕਾਤਾਂ/ਮੀਟਿੰਗਾਂ ਹੁੰਦੀਆਂ ਰਹੀਆਂ। ਪਿਛੋਂ ਸਾਥੀ ਮੋਦਨ ਸਿੰਘ ਸਾਡੇ ਨਾਲ ਹੀ ਸੀ.ਪੀ.ਆਈ. (ਐਮ) ਵਿਚ ਸ਼ਾਮਲ ਹੋ ਕੇ ਕੰਮ ਕਰਨ ਲੱਗੇ। ਵਿਚਾਰਧਾਰਕ ਅਤੇ ਬੁਨਿਆਦੀ ਪ੍ਰੋਗਰਾਮਾਤਮਕ ਮਤਭੇਦਾਂ ਦੇ ਚਲਦਿਆਂ ਜਦੋਂ ਸੀ.ਪੀ.ਐਮ. ਪੰਜਾਬ ਕਾਇਮ ਹੋਈ ਤਾਂ ਸਾਥੀ ਮੋਦਨ ਸਿੰਘ ਇਸ ਦੇ ਸਿਰਕੱਢ ਆਗੂਆਂ 'ਚ ਸ਼ੁਮਾਰ ਹੋਏ। ਹਥਲੇ ਲੇਖ ਵਿਚ ਉਸ ਨਾਲ ਕਰੀਬ 23 ਸਾਲ ਵਿਚਰਣ ਦੇ ਆਪਣੇ ਸਾਰੇ ਅਨੁਭਵ ਤਾਂ ਨਹੀਂ ਵੰਡਾ ਸਕਾਂਗਾ ਪਰ ਕੁੱਝ ਕੁ ਉਘੇ ਪੱਖ ਉਸ ਦੀ ਸ਼ਖਸ਼ੀਅਤ ਦੇ ਸੁਹਿਰਦ ਪਾਠਕਾਂ ਨਾਲ ਜ਼ਰੂਰ ਸਾਂਝੇ ਕਰਨੇ ਚਾਹਾਂਗਾ।
ਆਪਣੇ ਜਨਤਕ ਜੀਵਨ ਦੌਰਾਨ ਮੈਂ ਬਹੁਤ ਸਾਥੀਆਂ (ਮੇਰੇ ਸਮੇਤ) ਨੂੂੰੰ ਪਰਵਾਰਕ ਦੁਸ਼ਵਾਰੀਆਂ ਦਾ ਹਵਾਲਾ ਕੇ ਕੇ ਪਾਰਟੀ ਕੰਮ ਘਟਾ ਦੇਣ ਜਾਂ ਬਿਲਕੁਲ ਹੀ ਛੱਡ ਦੇਣ ਦੀ ਹੱਦ ਤੱਕ ਜਾਂਦਿਆਂ ਵੀ ਦੇਖਿਆ ਹੈ। ਇਥੇ ਮੈਨੂੰ ਇਹ ਕਹਿਣ 'ਚ ਵੀ ਕੋਈ ਝਿਜਕ ਨਹੀਂ ਕਿ ਕਈ ਵਾਰ ਪਰਵਾਰਕ ਮੁਸ਼ਕਲਾਂ ਹਕੀਕੀ ਵੀ ਹੁੰਦੀਆਂ ਹਨ; ਕਈ ਵਾਰ ਵਧਾਅ-ਚੜ੍ਹਾਅ ਕੇ ਵੀ ਦੱਸੀਆਂ ਗਈਆਂ ਹੁੰਦੀਆਂ ਹਨ। ਇਸ ਸੰਦਰਭ ਵਿਚ ਮੈਂ ਸਾਥੀ ਮੋਦਨ ਦੀਆਂ ਪਰਵਾਰਕ ਹਾਲਤਾਂ ਦਾ ਸੰਖੇਪ ਜਿਕਰ ਕਰਨਾ ਜ਼ਰੂਰੀ ਸਮਝਦਾ ਹਾਂ। ਮੋਦਨ ਸਿੰਘ ਹੁਰੀਂ ਤਿੰਨ ਭੈਣਾਂ ਅਤੇ ਦੋ ਭਰਾ ਸਨ। ਕਿਸੇ ਕਾਰਨਵਸ ਇਨ੍ਹਾਂ ਦੀ ਰੋੜਕੀ ਨੇੜੇ ਸਰਦੂਲਗੜ੍ਹ ਵਿਖੇ ਵਿਆਹੀ ਭੈਣ ਦੇ ਪਤੀ ਦਾ ਕਤਲ ਹੋ ਗਿਆ। ਪਰਵਾਰਕ ਫ਼ੈਸਲੇ ਤਹਿਤ ਭੈਣ ਦੀ ਕਬੀਲਦਾਰੀ ਨੂੰ ਸਹਾਰਾ ਦੇਣ ਅਤੇ ਭਾਣਜੇ ਭਾਣਜੀਆਂ ਦੇ ਯੋਗ ਪਾਲਣ ਪੋਸ਼ਣ ਲਈ ਸਾਥੀ ਮੋਦਨ ਸਿੰਘ ਜੱਦੀ ਪਿੰਡ ਦੂਲੋਵਾਲ ਛੱਡ ਕੇ ਰੋੜਕੀ ਚਲੇ ਗਏ। ਪਿਛੋਂ ਇਨ੍ਹਾਂ ਦੇ ਪਿਤਾ ਸ. ਜੁਗਰਾਜ ਸਿੰਘ ਨੂੰ ਇਕ ਕਤਲ ਕੇਸ ਵਿਚ ਜੇਲ੍ਹ ਜਾਣਾ ਪਿਆ ਤਾਂ ਲੰਮੇ ਅਰਸੇ ਪਿਛੋਂ ਆਪ ਫਿਰ ਪਿੰਡ ਆ ਗਏ। ਇਸ ਤੋਂ ਬਾਅਦ ਇਕ ਹੋਰ ਦੁਖਦਾਈ ਭਾਣਾ ਇਹ ਵਾਪਰਿਆ ਕਿ ਉਨ੍ਹਾ ਦਾ ਇਕਲੋਤਾ ਛੋਟਾ ਭਰਾ ਪਤਨੀ ਅਤੇ ਦੋ ਮਾਸੂਮ ਬਾਲਾਂ ਸਮੇਤ ਪਰਵਾਰ ਨੂੰ ਵਿਲਖਦਾ ਛੱਡ ਅਕਾਲ ਚਲਾਣਾ ਕਰ ਗਿਆ। ਇਸ ਹਾਦਸੇ ਵੇਲੇ ਸਾਥੀ ਮੋਦਨ ਸਿੰਘ ਦੇ ਮੋਢਿਆਂ 'ਤੇ ਤੇਰਾਂ ਜੀਆਂ ਦੇ ਸਾਂਝੇ ਪਰਵਾਰ ਨੂੰ ਪਾਲਣ ਦੀ ਜ਼ਿੰਮੇਵਾਰੀ ਸੀ। ਪਰ ਮਾਅਰਕੇ ਦੀ ਗੱਲ ਇਹ ਹੈ ਕਿ ਪਰਵਾਰਕ ਮੁਸ਼ਕਲਾਂ ਦਾ ਸਾਹਮਣੇ ਕਰਦੇ ਹੋਏ ਸਾਥੀ ਮੋਦਨ ਸਿੰਘ ਨੇ ਲਹਿਰ ਵਲੋਂ ਲਾਈ ਹਰੇਕ ਡਿਊਟੀ ਨਿਭਾਉਂਦੇ ਹੋਏ ਪਰਵਾਰ ਅਤੇ ਜਨਤਕ ਜੀਵਨ 'ਚ ਗਜ਼ਬ ਦੇ ਤਾਲਮੇਲ ਦਾ ਸਬੂਤ ਦਿੱਤਾ ਜੋ ਕੋਈ ਵਿਰਲਾ ਸਾਥੀ ਹੀ ਕਰ ਸਕਦਾ ਹੈ। ਰੋੜਕੀ ਰਹਿਣ ਸਮੇਂ ਦੇ ਉਸ ਦੇ ਬਣਾਏ ਰਾਜਸੀ ਅਤੇ ਸਮਾਜਕ ਸੰਪਰਕ ਪਿਛੋਂ ਜਾ ਕੇ ਜਮਹੂਰੀ ਕਿਸਾਨ ਸਭਾ ਵਲੋਂ ਭਾਖੜਾ ਨਹਿਰ ਦੀ ਕਾਣੀ ਵੰਡ ਵਿਰੁੱਧ ਚੱਲੇ ਜੇਤੂ ਘੋਲ ਵਿਚ ਬੇਮਿਸਾਲ ਸਹਾਈ ਹੋਏ ਅਤੇ ਬਹੁਤੇ ਅੱਜ ਵੀ ਪਾਰਟੀ ਘੋਲਾਂ ਵਿਚ ਸ਼ਾਮਲ ਹਨ। ਪਰਵਾਰਕ ਜਿੰਮੇਵਾਰੀਆਂ ਨਿਭਾਉਂਦਿਆਂ ਮੁਕੱਦਮੇਂ ਦੇ ਖਰਚੇ ਝਲਦਿਆਂ ਜੇਲ੍ਹ ਬੈਠੇ ਪਿਤਾ ਦੀਆਂ ਲੋੜਾਂ ਦੀ ਪੂਰਤੀ ਕਰਨਾ ਅਤੇ ਨਾਲ ਹੀ ਲਹਿਰ ਦੇ ਕੰਮ 'ਚ ਵੀ ਕਮੀ ਨਾ ਆਉਣ ਦੇਣਾ ਸਾਥੀ ਮੋਦਨ ਸਿੰਘ ਤੋਂ ਸਿੱਖਣ ਦੀ ਲੋੜ ਹੈ।
ਵੱਖੋ ਵੱਖ ਸਮੇਂ ਤੇ ਚੱਲੇ ਬੱਸ ਕਿਰਾਇਆ ਘੋਲਾਂ, ਕਿਸਾਨ-ਮਜ਼ਦੂਰ ਸੰਘਰਸ਼ਾਂ, ਮੁਲਾਜ਼ਮ ਐਜੀਟੇਸ਼ਨਾਂ ਜਾਂ ਕੁਲ ਹਿੰਦ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਹੋਈਆਂ ਸਨਅੱਤੀ ਜਾਂ ਆਮ ਹੜਤਾਲਾਂ ਵਿਚ ਸਰਗਰਮੀ ਨਾਲ ਕੰਮ ਕਰਦੇ ਸਮੇਂ ਅਨੇਕਾਂ ਲੋਕ ਉਨ੍ਹਾਂ ਦੇ ਪ੍ਰਭਾਵ ਹੇਠ ਆਏ। ਪਰ ਕਿਸੇ 'ਤੇ ਵੀ ਉਨ੍ਹਾਂ ਬਾਰੇ ਨਾਕਾਰਾਤਮਕ ਪ੍ਰਭਾਵ ਨਹੀਂ। ਅਹੁਦਿਆਂ ਲਈ ਲੜਨ ਦੀ ਕੋਝੀ ਮਿਸਾਲ ਨਹੀਂ ਮਿਲਦੀ ਪਰ ਮਿਲੇ ਅਹੁਦਿਆਂ ਨਾਲ ਇਨਸਾਫ ਕਰਨ ਦੇ ਯਤਨਾਂ ਦੀਆਂ ਮਿਸਾਲਾਂ ਬਹੁਤ ਹਨ। ਸਾਰੇ ਜਨਤਕ ਜੀਵਨ ਵਿਚ ਕਦੀ ਵੀ ਫੰਡਾਂ ਦੇ ਹੇਰਫੇਰ ਜਾਂ ਅਨੈਤਿਕ ਵਿਹਾਰ ਦੀਆਂ ਗੱਲਾਂ ਉਸ ਵਿਰੁੱਧ ਕਿਸੇ ਨਹੀਂ ਸੁਣੀਆਂ। ਉਕਤ ਗੁਣਾਂ ਤੋਂ ਛੁਟ ਉਸਦੀ ਜੋ ਖੂਬੀ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਰਹੀ ਉਹ ਸੀ ਉਸਦਾ ਮਿੱਤਰਾਂ-ਸਨੇਹੀਆਂ ਹਮਦਰਦਾਂ ਦਾ ਘੇਰਾ ਵਿਸ਼ਾਲ ਕਰਨ ਦੀ ਸਮਰੱਥਾ ਅਤੇ ਖੁਲਦਿਲੀ, ਨਕਸਲਬਾੜੀ ਵਿਚਾਰਧਾਰਾ ਵਾਲੀ ਪਾਰਟੀ 'ਚ ਦੂਜੇ ਦਲਾਂ ਦੇ ਸਾਥੀਆਂ ਪ੍ਰਤੀ ਕਦੀ ਕੁੜੱਤਣ ਭਰਿਆ ਵਤੀਰਾ ਨਹੀਂ ਰੱਖਿਆ। ਇਹ ਕਾਰਨ ਸੀ ਕਿ ਪਿੰਡ ਦੇ ਬਜ਼ੁਰਗ ਕਮਿਊਨਿਸਟ ਸਾਥੀ ਬਖਤੌਰ ਸਿੰਘ ਦੂਲੋਵਾਲ ਅਤੇ ਮਰਹੂਮ ਸਾਥੀ ਹਰਨੇਕ ਸਿੰਘ ਦੂਲੋਵਾਲ ਨਾਲ ਉਨ੍ਹਾਂ ਵਿਚਾਰਧਾਰਕ ਮਤਭੇਦਾਂ ਦੇ ਬਾਵਜੂਦ ਸਤਿਕਾਰ ਅਤੇ ਮੋਹ ਵਾਲਾ ਰਿਸ਼ਤਾ ਕਾਇਮ ਰੱਖਿਆ। ਥੋੜ੍ਹੇ ਦਿਨ ਪਹਿਲਾਂ ਸੀ.ਪੀ.ਆਈ. ਆਗੂ ਸਾਥੀ ਬੂਟਾ ਸਿੰਘ ਮਾਨਸਾ ਬਾਰੇ ਸਤਪਾਲ ਭੀਖੀ ਵਲੋਂ ਸੰਪਾਦਿਤ ਕਿਤਾਬ ਦਾ ਜ਼ਿਕਰ ਆਉਣ 'ਤੇ ਸਾਥੀ ਮੋਦਨ ਸਿੰਘ ਦੀ ਇਹ ਟਿਪਣੀ ਕਿ ''ਜਿਸ ਨੂੰ ਸੀਮਤ ਸਾਧਨਾਂ ਦੇ ਬਾਵਜੂਦ ਲੋਕਾਂ ਨੇ ਤਿੰਨ ਵਾਰੀ ਵਿਧਾਇਕ ਬਣਾਇਆ ਉਸ ਦੀਆਂ ਖੂਬੀਆਂ ਦੀ ਕਦਰ ਤਾਂ ਹੋਣੀ ਚਾਹੀਦੀ ਹੈ'', ਸਾਥੀ ਮੋਦਨ ਦੀ ਖੁਲ੍ਹੱਦਿਲੀ ਦਾ ਵੱਡਾ ਸਬੂਤ ਹੈ। ਤਸਵੀਰ ਦਾ ਦੂਜਾ ਪੱਖ ਇਹ ਹੈ ਕਿ ਜਦੋਂ ਸਾਥੀ ਨਕਸਲੀ ਵਿਚਾਰਾਂ ਵਾਲੀ ਪਾਰਟੀ ਛੱਡ ਕੇ ਸੀ.ਪੀ.ਐਮ. ਪੰਜਾਬ ਦਾ ਮਿਸਾਲੀ ਆਗੂ ਬਣ ਗਿਆ ਤਾਂ ਉਸ ਦੇ ਆਪਣੇ ਪੁਰਾਣੇ ਸਾਥੀਆਂ 'ਚੋਂ ਬਹੁਤਿਆਂ ਖਾਸ ਕਰ ਸਿਕੰਦਰ ਸਿੰਘ ਘਰਾਂਗਣਾ ਹੁਰਾਂ ਨੇ ਸਾਥੀ ਮੋਦਨ ਦੀ ਲਾਇਲਾਜ ਬਿਮਾਰੀ ਦੇ ਮੁਸ਼ਕਿਲ ਦੌਰ ਵਿਚ ਪਾਰਟੀ ਅਤੇ ਪਰਵਾਰ ਦੀ ਹਰ ਪੱਖੋਂ ਇਮਦਾਦ ਕੀਤੀ। ਸੀ.ਪੀ.ਐਮ. ਪੰਜਾਬ ਦੀ ਇਹ ਪੱਕੀ ਸਮਝਦਾਰੀ ਹੈ ਕਿ ਖੱਬੇ ਪੱਖੀ ਪਾਰਟੀਆਂ/ਗਰੁੱਪਾਂ ਵਿਚ ਮਤਭੇਦ ਦੇ ਅਨੇਕਾਂ ਮੁੱਦੇ ਹਨ ਜਿਨ੍ਹਾਂ ਨੂੰ ਸੁਲਝਾਉਣਾ ਸਹਿਜ ਅਤੇ ਛੇਤੀ ਕੀਤਿਆਂ ਨਿਬੜਣ ਵਾਲਾ ਕੰਮ ਨਹੀਂ; ਐਪਰ ਅਨੇਕਾਂ ਅਜਿਹੇ ਵੀ ਮੁੱਦੇ ਹਨ ਜਿਨ੍ਹਾਂ ਨੂੰ ਅਧਾਰ ਮੰਨਦਿਆਂ ਵਿਸ਼ਾਲ ਲੋਕ ਭਾਗੀਦਾਰ ਵਾਲਾ ਖੱਬੇ ਪੱਖ ਦਾ ਸਾਂਝਾ ਅੰਦੋਲਨ ਵੀ ਖੜ੍ਹਾ ਕੀਤਾ ਜਾ ਸਕਦਾ ਹੈ ਜਿਸ ਦੇ ਸਿੱਟੇ ਵਜੋਂ ਲੋਕਾਂ 'ਚ ਖੱਬੇ ਪੱਖ ਦਾ ਭਰੋਸਾ ਵੀ ਵੱਧ ਸਕਦਾ ਹੈ ਅਤੇ ਹਕੀਕੀ ਲੋਕ ਪੱਖੀ ਨੀਤੀਗਤ ਬਦਲ ਵੀ ਖੱਬੇ ਪੱਖ ਦੇ ਰੂਪ ਵਿਚ ਲੋਕਾਂ 'ਚ ਪੇਸ਼ ਹੋ ਸਕਦਾ ਹੈ। ਸਾਥੀ ਮੋਦਨ ਸਿੰਘ ਦੀ ਜਥੇਬੰਦਕ ਸਮਰਥਾ ਅਤੇ ਉਸ ਦੇ ਸੁਭਾਅ ਦਾ ਉਪਰੋਕਤ ਪੱਖ ਸਾਂਝੇ ਘੋਲਾਂ ਖਾਸਕਰ ਮਜ਼ਦੂਰ ਕਿਸਾਨ ਜਥੇਬੰਦੀਆਂ ਦੇ ਸਾਂਝੇ ਘੋਲਾਂ ਅਤੇ ਕੁਲ ਹਿੰਦ ਲੈਫਟ ਕੋਆਰਡੀਨੇਸ਼ਨ ਦੇ ਐਕਸ਼ਨਾਂ ਵਿਚ ਪਾਰਟੀ ਲਾਇਨ ਲਾਗੂ ਕਰਨ ਵੇਲੇ ਬਹੁਤ ਸਹਾਈ ਹੋਇਆ।
ਬੁਨਿਆਦੀ ਜਮਾਤਾਂ ਵਿਚ ਪਾਰਟੀ ਦੇ ਪ੍ਰਚਾਰ-ਪ੍ਰਸਾਰ ਦੀ ਉਸ ਦੀ ਤੀਵਰ ਭਾਵਨਾ ਦੀ ਇਕ ਮਿਸਾਲ ਇਸ ਵੇਲੇ ਮੈਂ ਜ਼ਰੂਰ ਨੋਟ ਕਰਨੀ ਚਾਹਾਂਗਾ। 2012 ਵਿਚ ਫੰਡ ਉਗਰਾਹੀ ਮੁਹਿੰਮ ਵੇਲੇ ਸਾਥੀ ਮੋਦਨ ਨੇ ਇਹ ਤਜ਼ਵੀਜ਼ ਰੱਖੀ ਕਿ ਕੋਟਾ ਪੂਰਾ ਕਰਨ ਹਿੱਤ ਫੰਡ ਇਕੱਤਰ ਕਰਨ ਤੋਂ ਬਾਅਦ ਕੇਵਲ ਮਜ਼ਦੂਰਾਂ 'ਚ ਜਾਇਆ ਜਾਵੇ ਅਤੇ ਮਜ਼ਦੂਰ ਬਸਤੀ ਵਿਚ ਮਜ਼ਦੂਰਾਂ ਦੇ ਸਰਗਰਮ ਸਹਿਯੋਗ ਰਾਹੀਂ ਪਾਰਟੀ ਦਾ ਸਲਾਨਾ ਜਲਸਾ ਉਥੇ ਹੀ ਕੀਤਾ ਜਾਵੇ। ਕੀਤੇ ਯਤਨਾਂ ਦੇ ਸਿੱਟੇ ਵਜੋਂ ਸੈਮੂਅਲਜ਼ ਜੋਹਨ ਦੀ ਟੀਮ ਦੇ ਪ੍ਰੋਗਰਾਮ ਸਮੇਤ ਜਲਸਾ ਕੀਤਾ ਗਿਆ ਅਤੇ ਇਸ ਦੇ ਪ੍ਰਭਾਵ ਤਹਿਤ ਹੀ ਪਿੰਡਾਂ ਅਤੇ ਇਲਾਕੇ ਵਿਚ ਨਿਰਮਾਣ ਮਜ਼ਦੂਰ ਯੂਨੀਅਨ ਦੀਆਂ ਇਕਾਈਆਂ ਕਾਇਮ ਹੋਈਆਂ। ਅੱਗੋਂ ਜਾ ਕੇ ਮਜ਼ਦੂਰ ਪਰਵਾਰਾਂ ਦੇ ਮੁੰਡਿਆਂ ਰਾਹੀਂ ਹੀ ਪਿੰਡ ਵਿਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸਥਾਪਨਾ ਹੋਈ।
ਸਾਰਥਕ ਵਿਚਾਰ ਚਰਚਾ ਪਿਛੋਂ ਲਏ ਗਏ ਫੈਸਲਿਆਂ ਨੂੰ ਗੰਭੀਰਤਾ ਨਾਲ ਲੈਣ ਅਤੇ ਲਾਗੂ ਕਰਨ ਦੀਆਂ ਅਨੇਕਾਂ ਮਿਸਾਲਾਂ ਹਨ ਪਰ ਇਕ ਦਾ ਜ਼ਿਕਰ ਮੈਂ ਵਿਸ਼ੇਸ਼ ਕਰਨਾ ਚਾਹਾਂਗਾ। ਲੰਘੇ ਜੂਨ ਵਿਚ ਅਸੀਂ ਮਾਨਸਾ ਵਿਖੇ ਹੋਈ ਮੀਟਿੰਗ ਵਿਚ ਫੈਸਲਾ ਲਿਆ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਮਨਦੀਪ ਰਤੀਆ ਨੂੰ ਬੁਲਾ ਕੇ ਇਕ ਨੌਜਵਾਨ ਮੀਟਿੰਗ ਕੀਤੀ ਜਾਵੇ ਤਾਂ ਕਿ ਜ਼ਿਲ੍ਹੇ ਅੰਦਰ ਨੌਜਵਾਨਾਂ ਨੂੰ ਭਵਿੱਖ ਵਿਚ ਯੋਗ ਲੀਹਾਂ 'ਤੇ ਸੰਗਠਤ ਕੀਤਾ ਜਾ ਸਕੇ। ਮੀਟਿੰਗ ਜਥੇਬੰਦ ਕਰਨ ਦੀ ਡਿਊਟੀ ਸਾਥੀ ਮੋਦਨ ਸਿੰਘ ਅਤੇ ਰਜਿੰਦਰ ਕਲੈਹਰੀ ਦੀ ਲਾਈ ਗਈ। ਨਾ ਕੇਵਲ ਸਫਲ ਮੀਟਿੰਗ ਹੋਈ ਬਲਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਸਫਲ ਅਜਲਾਸ ਅਤੇ ਨੌਜਵਾਨ ਮੰਗਾਂ ਦਾ ਮਾਰਚ/ਰੈਲੀ ਵੀ ਜਥੇਬੰਦ ਕੀਤੇ ਗਏ ਅਤੇ 30 ਜੁਲਾਈ ਨੂੰ ਸੁਨਾਮ ਊਧਮ ਸਿੰਘ ਵਾਲਾ ਵਿਖੇ ਹੋਈ ਸ਼ਹੀਦ ਊਧਮ ਸਿੰਘ ਨੂੰ ਸਮਰਪਤ ਸਾਂਝੀ ਨੌਜਵਾਨ-ਵਿਦਿਆਰਥੀ ਕਨਵੈਨਸ਼ਨ ਵਿਚ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਿਰਕਤ ਵੀ ਕੀਤੀ। ਇਹ ਸੀ ਕੀਤੇ ਫੈਸਲਿਆਂ ਨੂੰ ਸਿੱਟੇ ਕੱਢਣ ਤੱਕ ਲੈ ਕੇ ਜਾਣ ਦੀ ਸਾਥੀ ਮੋਦਨ ਦੀ ਖੂਬੀ। ਇਸੇ ਤਰ੍ਹਾਂ ਇਕ ਵਾਰ ਇਹ ਤਜ਼ਵੀਜ਼ ਆਈ ਕਿ ਪਾਰਟੀ ਅਤੇ ਜਨਤਕ ਕੰਮਾਂ ਨੂੰ ਤੇਜੀ ਪ੍ਰਦਾਨ ਕਰਨ ਲਈ ਇਕ ਚਲਦੀ ਗੱਡੀ ਖਰੀਦੀ ਜਾਵੇ। ਮੇਰੇ ਸਮੇਤ ਕਈ ਸਾਥੀਆਂ ਨੂੰ ਇਹ ਕੰਮ ਨੇਪੜੇ ਚੜ੍ਹਣ ਦਾ ਬਹੁਤ ਭਰੋਸਾ ਨਹੀਂ ਸੀ। ਪਰ ਸਾਥੀ ਮੋਦਨ ਸਿੰਘ ਅਤੇ ਦੁਜੇ ਸਾਥੀਆਂ ਵਲੋਂ ਕੀਤੀ ਗਈ ਦਿਨ-ਰਾਤ ਦੀ ਭੱਜਦੌੜ ਪਿਛੋਂ ਅਗਲੀ ਮੀਟਿੰਗ ਤੋਂ ਪਹਿਲਾਂ-ਪਹਿਲਾਂ ਗੱਡੀ ਖਰੀਦ ਲਈ ਗਈ।
ਇਥੇ ਮੈਂ ਇਹ ਕਹਿਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਸਾਥੀ ਮੋਦਨ ਸਿੰਘ ਇਕ ਮੁਕੰਮਲ ਦੋਸ਼ਰਹਿਤ ਵਿਅਕਤੀ ਸਨ। ਪ੍ਰੰਤੂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਲੋਕ ਮੁਕਤੀ ਦੀ ਲਹਿਰ 'ਚ ਸ਼ਾਮਲ ਹੋਣ ਪਿਛੋਂ ਨਿੱਜ ਦੇ ਹਿੱਤਾਂ ਤੋਂ ਜਨਤਕ ਹਿੱਤਾਂ ਨੂੰ ਪਹਿਲ ਦੇਣ, ਉਚੇ ਸੁੱਚੇ ਕਮਿਊਨਿਸਟ ਆਦਰਸ਼ਾਂ ਨੂੰ ਜੀਵਨ ਸ਼ੈਲੀ ਵਿਚ ਢਾਲਣ, ਪਾਰਟੀ ਫੈਸਲਿਆਂ ਨੂੰ ਲਾਗੂ ਕਰਨ ਹਿੱਤ ਤਾਣ ਲਾ ਦੇਣ, ਪਾਰਟੀ ਅਤੇ ਆਮ ਜਨਤਾ ਦੇ ਰੋਜਮਰਾ ਦੇ ਘੋਲਾਂ ਵਿਚ ਖੁੱਭ ਜਾਣ ਆਦਿ ਵਰਗੇ ਗੁਣਾਂ ਕਾਰਨ ਹੀ ਸਾਥੀ ਮੋਦਨ ਸਾਡੀ ਟੀਮ ਲਈ ਪ੍ਰੇਰਣਾ ਸਰੋਤ ਬਣਿਆ ਰਿਹਾ ਅਤੇ ਰਹੇਗਾ।
ਬੀਤੇ ਦਿਨੀਂ ਜਦੋਂ ਮੈਂ ਸਾਥੀ ਮੋਦਨ ਸਿੰਘ ਦੇ ਫ਼ੁਲ ਚੁਗਣ ਲਈ ਦੂਲੋਵਾਲ ਦੇ ਅੱਡੇ 'ਤੇ ਬੱਸੋਂ ਉਤਰਿਆ ਤਾਂ ਅੰਦਰੋਂ ਅੰਦਰੀ ਮੇਰੀਆਂ ਭੁੱਬਾਂ ਨਿਕਲ ਰਹੀਆਂ ਸਨ। ਅੱਗੋਂ ਸਾਥੀ ਬਖਤੌਰ ਸਿੰਘ ਦੂਲੋਵਾਲ, ਲਾਲ ਚੰਦ ਅਤੇ ਟੀਮ ਦੇ ਹੋਰਨਾਂ ਸਾਥੀਆਂ ਦੀਆਂ ਅੱਖਾਂ ਵਿਚ ਪਸਰੇ ਖਲਾਅ ਅਤੇ ਗਮ ਨੇ ਮੈਨੂੰ ਹੋਰ ਵੀ ਉਦਾਸ ਕਰ ਦਿੱਤਾ। ਇਸ ਪਿਛੋਂ ਸੱਥਰ 'ਤੇ ਬੈਠੇ ਉਸ ਦੇ ਬਜ਼ੁਰਗ ਪਿਤਾ ਦਾ ਚਿਹਰਾ ਨਜ਼ਰੀ ਪਿਆ ਤਾਂ ਮੇਰੀ ਦੇਖਣ ਦੀ ਹਿੰਮਤ ਹੀ ਨਾ ਪਈ ਅਤੇ ਮੈਂ ਨੀਵੀਂ ਪਾ ਲਈ ਤਾਂਕਿ ਕੋਈ ਮੇਰੀਆਂ ਗਿੱਲੀਆਂ ਅੱਖਾਂ ਨਾ ਦੇਖ ਸਕੇ। ਅੰਦਰੋਂ ਸਾਥੀ ਮੋਦਨ ਦੀਆਂ ਭੈਣਾਂ-ਪਤਨੀ-ਨੂੰਹ ਅਤੇ ਬੇਟੀਆਂ ਦੇ ਰੁਦਨ ਨੇ ਮੇਰਾ ਸਾਰਾ ਅੰਤਰਮਨ ਜ਼ਖ਼ਮੀ ਕਰ ਦਿੱਤਾ। ਠੀਕ ਇਸੇ ਸਮੇਂ ਨਿਰਾਸ਼ਾ ਦੇ ਇਸ ਆਲਮ ਵਿਚ ਮੇਰੀ ਨਜ਼ਰ ਲੋਕਾਂ ਨੂੰ ਬਿਠਾਉਂਦੇ ਅਤੇ ਲੰਗਰ ਪਾਣੀ ਛਕਾਉਂਦੇ ਮੋਦਨ ਦੇ ਬੇਟੇ ਅਤੇ ਭਤੀਜੇ 'ਤੇ ਪਈ; ਪਿਛਲੀ ਦਿਨੀਂ ਸੁਨਾਮ ਜਾ ਕੇ ਪਰਤੇ ਮਜ਼ਦੂਰ ਪਰਵਾਰਾਂ ਦੇ ਨੌਜਵਾਨ ਦਿਸੇ ਜਿਨ੍ਹਾਂ ਨੂੰ ਸਾਥੀ ਮੋਦਨ ਨੇ ਚੰਗੇ ਵਿਚਾਰਾਂ ਦੀ ਚੇਟਕ ਲਾਈ ਸੀ; ਸਾਥੀ ਮੋਦਨ ਦੇ ਸ਼ਰਧਾਂਜਲੀ ਸਮਾਗਮ ਨੂੰ ਸੁਚਾਰੂ ਰੂਪ ਨਾਲ ਸਫਲ ਕਰਨ ਦੀ ਵਿਉਂਤ ਬਣਾਉਂਦੇ ਗਹਿਰ ਗੰਭੀਰ ਪਾਰਟੀ ਆਗੂ ਅਤੇ ਭਰਾਤਰੀ ਸਾਥੀ ਨਜ਼ਰੀ ਪਏ। ਉਥੇ ਬੈਠਿਆਂ ਹੀ ਕੁੱਲ ਹਿੰਦ ਲੈਫਟ ਕੋਆਰਡੀਨੇਸ਼ਨ ਵਲੋਂ 11 ਅਗਸਤ 2013 ਨੂੰ ''ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਸਮਾਰੋਹਾਂ'' ਦੀ ਲੜੀ ਵਜੋਂ ਦਿੱਲੀ ਵਿਖੇ ਹੋ ਰਹੇ ਪ੍ਰੋਗਰਾਮ 'ਚ ਸ਼ਾਮਲ ਹੋਣ ਸਬੰਧੀ ਕਾਮਰੇਡ ਪਾਸਲਾ ਦਾ ਸੁਨੇਹਾ ਆ ਗਿਆ। ਅਸੀਂ ਸਾਰੇ ਇਕ ਪਾਸੇ ਪਲੜ ਵਿਛਾ ਕੇ ਬੈਠ ਗਏ ਅਤੇ ਵੱਖੋ ਵੱਖ ਡਿਊਟੀਆਂ ਲਾਉਣ ਲੱਗ ਪਏ। ਤੁਰੰਤ ਹੀ ਇਕ ਪਾਸੇ ਪਲੜ ਦੇ ਨਾਲ ਡਾਹੇ ਤਖਤਪੋਸ਼ 'ਤੇ ਬੈਠੇ ਫੈਸਲਿਆਂ ਨੂੰ ਲਾਗੂ ਕਰਨ ਵਾਲੇ ਦ੍ਰਿੜ੍ਹ ਚਿਹਰੇ ਵਾਲੇ ਜੋ ਲੁੱਟ ਤਹਿਤ ਸਮਾਜ ਦੀ ਕਾਇਮੀ ਲਈ ਸਾਢੇ ਛੇ ਦਹਾਕੇ ਅਰਪਣ ਕਰ ਚੁੱਕੇ ਹਨ, ਸਾਥੀ ਬਖਤੌਰ ਸਿੰਘ ਦੂਲੋਵਾਲ ਨਜ਼ਰੀ ਪਏ। ਦੂਜੇ ਪਾਸਿਓਂ ਸਾਡੇ ਲਈ ਚਾਹ ਅਤੇ ਪਾਣੀ ਲੈ ਕੇ ਆਏ ਨੌਜਵਾਨ ਵਲੰਟੀਅਰ ਨਜ਼ਰੀ ਪਏ। ਜਿਵੇਂ ਕਿ ਝਟਕੇ ਵਿਚ ਹੀ ਧੂੰਆਂ ਗੁਬਾਰ ਉਡ ਗਿਆ ਅਤੇ ਮੈਂ ਸਾਥੀ ਮੋਦਨ ਸਿੰਘ ਦੂਲੋਵਾਲ ਦੇ ਜਿੰਮੇ ਲੱਗੀਆਂ ਪਾਰਟੀ ਡਿਊਟੀਆਂ ਦੀਆਂ ਨਵੇਂ ਸਿਰਿਉਂ ਵੰਡ ਬਾਰੇ ਸੋਚਣ ਲੱਗ ਪਿਆ। ਹਾਂ ਮੈਂ ਉਦਾਸ ਜ਼ਰੂਰ ਹਾਂ; ਭਰੇ ਮਨ ਨਾਲ ਪਰ ਮਾਣ ਨਾਲ ਯਾਦ ਕਰਦਿਆਂ ਮੈਂ ਆਪਣੇ ਵਿਛੜੇ ਸਾਥੀ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਦਾ ਹਾਂ ਪਰ ਅਲਵਿਦਾ ਹਰਗਿਜ਼ ਨਹੀਂ ਕਹਾਂਗਾ। ਹਰ ਵੇਲੇ ਨਾਲ ਰਹਿੰਦੇ ਰਹੇ ਅਤੇ ਹਮੇਸ਼ਾਂ ਰਹਿਣ ਵਾਲੇ ਸਾਥੀ ਮੋਦਨ ਸਿੰਘ ਦੂਲੋਵਾਲ ਨੂੰ ਲਾਲ ਸਲਾਮ!
- ਮਹੀਪਾਲ
ਕਾਮਰੇਡ ਗੁਰਤੇਜ ਸਿੰਘ ਗੁਰਨੇ ਖੁਰਦ ਨਹੀਂ ਰਹੇ
ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਕਮਿਊਨਿਸਟ ਲਹਿਰ ਨਾਲ ਜੁੜੇ ਕਾਮਰੇਡ ਗੁਰਤੇਜ ਸਿੰਘ ਗੁਰਨੇ ਖੁਰਦ (ਸੰਗਰੂਰ) ਲੰਬੀ ਬਿਮਾਰੀ ਤੋਂ ਬਾਅਦ ਪਰਿਵਾਰ ਅਤੇ ਖੱਖੀ ਲਹਿਰ ਦੇ ਸਾਥੀਆਂ ਨੂੰ ਵਿਛੋੜਾ ਦੇ ਗਏ। ਉਹ ਤਿੰਨ ਚਾਰ ਸਾਲਾਂ ਤੋਂ ਜਿਗਰ ਦੀ ਬਿਮਾਰੀ ਨਾਲ ਪੀੜਤ ਸਨ। ਸਾਥੀ ਗੁਰਤੇਜ਼ ਸਿੰਘ ਲਗਭਗ 30 ਸਾਲ ਪਹਿਲਾਂ ਕਾਮਰੇਡ ਭੀਮ ਸਿੰਘ ਆਲਮਪੁਰ ਦੀ ਪ੍ਰੇਰਨਾ ਸਦਕਾ ਪਾਰਟੀ ਨਾਲ ਜੁੜੇ ਅਤੇ ਪਿੰਡ ਵਿਚ ਪਾਰਟੀ ਦਾ ਯੂਨਿਟ ਕਾਇਮ ਕਰਕੇ ਇਲਾਕੇ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ। ਪੰਜਾਬ ਦੇ ਕਾਲੇ ਦੌਰ ਸਮੇਂ ਉਹ ਲੋਕਾਂ ਵਿਚ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਆਵਾਜ਼ ਬੁਲੰਦ ਕਰਦੇ ਰਹੇ ਅਤੇ ਆਪਣੇ ਘਰ ਮੋਰਚਾ ਬਣਾ ਕੇ ਵੱਖਵਾਦੀ ਅਨਸਰਾਂ ਦੀ ਵੰਗਾਰ ਦਾ ਚੈਲੰਜ ਕਬੂਲਦੇ ਹੋਏ ਸਮੁੱਚੇ ਪਰਿਵਾਰ ਸਮੇਤ ਔਖੀਆਂ ਹਾਲਤਾਂ ਵਿਚ ਵੀ ਆਪਣੀ ਪਾਰਟੀ ਲਾਇਨ ਤੋਂ ਨਹੀਂ ਥਿੜਕੇ। ਸੀ.ਪੀ.ਆਈ.(ਐਮ) ਵਿਚ ਸਿਧਾਂਤਕ ਮਦਭੇਦ ਹੋਣ ਪਿਛੋਂ ਉਹ ਸੀ.ਪੀ.ਐਮ. ਪੰਜਾਬ ਨਾਲ ਜੁੜੇ ਰਹੇ। ਜਿਗਰ ਦੀ ਬਿਮਾਰੀ ਉਹਨਾਂ ਦੀ ਮੌਤ ਦਾ ਕਾਰਨ ਬਣੀ। ਦੋ ਸਾਲ ਪਹਿਲਾਂ ਉਹਨਾਂ ਦੇ ਨੌਜਵਾਨ ਪੁੱਤਰ ਦਾ ਵੀ ਵਿਛੋੜਾ ਉਹਨਾਂ ਲਈ ਬਹੁਤ ਵੱਡਾ ਮਾਨਸਿਕ ਸਦਮਾ ਹੋ ਨਿਬੜਿਆ। ਫਿਰ ਵੀ ਉਹ ਆਖੀਰ ਸਮੇਂ ਤੱਕ ਪਿੰਡ ਪੱਧਰ 'ਤੇ ਸਰਗਰਮ ਰਹੇ ਅਤੇ ਉਹ ਕਹਿੰਦੇ ਹੁੰਦੇ ਸਨ ਕਿ ਕਮਿਊਨਿਸਟ ਵੱਖਰੀ ਮਿੱਟੀ ਦੇ ਬਣੇ ਹੁੰਦੇ ਹਨ, ਜਿਸ ਕਰਕੇ ਉਹ ਮੌਤ ਤੋਂ ਹਾਰ ਨਹੀਂ ਮੰਨਣਗੇ।
ਉਹਨਾਂ ਦੀ ਨਮਿਤ ਸ਼ਰਧਾਂਜਲੀ ਸਮਾਗਮ 4 ਅਗਸਤ ਵਿਚ ਉਹਨਾਂ ਦੇ ਪਿੰਡ ਵਿਚ ਸਾਥੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰ ਹੋ ਕੇ
ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ਼ਰਧਾਂਜਲੀ ਦੇਣ ਵਾਲਿਆਂ ਵਿਚ ਮੁੱਖ ਤੌਰ 'ਤੇ ਕਾਮਰੇਡ ਭੀਮ ਸਿੰਘ ਆਲਮਪੁਰ, ਕਾਮਰੇਡ ਗੱਜਣ
ਸਿੰਘ ਦੁੱਗਾਂ, ਹਰੀ ਸਿੰਘ ਕੋਟੜਾ, ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਸਤਵੰਤ ਸਿੰਘ ਖੰਡੇਬਾਦ, ਬੀ.ਕੇ.ਯੂ. ਉਗਰਾਹਾਂ ਦੇ ਜਨਕ ਸਿੰਘ
ਭੁਟਾਲ, ਸੀ.ਪੀ.ਆਈ.(ਐਮ) ਦੇ ਕਾਮਰੇਡ ਸੁਰਿੰਦਰ ਗਰਗ ਅਤੇ ਰਵਿੰਦਰ ਕੁਮਾਰ, ਰਿੰਕੂ ਪ੍ਰਧਾਨ ਪੰਚਾਇਤ ਯੂਨੀਅਨ ਸੰਗਰੂਰ ਮੁੱਖ ਤੌਰ 'ਤੇ ਸ਼ਾਮਿਲ ਸਨ।
ਸਾਥੀ ਮੋਦਨ ਸਿੰਘ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ
ਸੀ. ਪੀ. ਐਮ. ਪੰਜਾਬ ਬਠਿੰਡਾ ਮਾਨਸਾ ਜਿਲ੍ਹਾ ਕਮੇਟੀ ਦੇ ਮੈਂਬਰ ਅਤੇ ਜਮਹੂਰੀ ਕਿਸਾਨ ਸਭਾ ਮਾਨਸਾ ਦੇ ਪ੍ਰਧਾਨ ਸਾਥੀ ਮੋਦਨ ਸਿੰਘ ਦੂਲੋਵਾਲ ਨੂੰ ਅੱਜ ਵਿਸ਼ਾਲ ਕਮਿਊਨਿਸਟ ਆਧਾਰ ਵਾਲੇ ਉਹਨਾਂ ਦੇ ਜੱਦੀ ਪਿੰਡ ਦੂਲੋਵਾਲ ਵਿੱਚ ਵਰ੍ਹਦੇ ਮੀਂਹ ਦੇ ਬਾਵਜੂਦ ਹਜ਼ਾਰਾਂ ਦੇ ਵੱਡੇ ਇਕੱਠ ਨੇ ਸਰਧਾਂਜ਼ਲੀਆਂ ਭੇਂਟ ਕੀਤੀਆਂ। ਲੰਘੀ 7 ਅਗਸਤ ਨੂੰ ਲੰਬੀ ਬਿਮਾਰੀ ਮਗਰੋਂ ਸਦੀਵੀ ਵਿਛੋੜਾ ਦੇ ਗਏ ਸਾਥੀ ਮੋਦਨ ਸਿੰਘ ਨੂੰ ਸਰਧਾਂਜਲੀ ਭੇਂਟ ਕਰਨ ਵਾਲੀਆਂ ਪ੍ਰਮੁੱਖ਼ ਸਖ਼ਸੀਅਤਾਂ ਵਿੱਚ ਸੀ. ਪੀ. ਐਮ. ਪੰਜਾਬ ਦੇ ਸੂਬਾ ਸਕੱਤਰ ਕਾ. ਮੰਗਤ ਰਾਮ ਪਾਸਲਾ ਤੋਂ ਇਲਾਵਾ ਪਾਰਟੀ ਦੇ ਬਠਿੰਡਾ-ਮਾਨਸਾ ਇਕਾਈ ਦੇ ਸਕੱਤਰ ਸਾਥੀ ਲਾਲ ਚੰਦ, ਸੀ. ਪੀ. ਆਈ. ਦੇ ਬਜ਼ੁਰਗ ਆਗੂ ਸਾਥੀ ਬੂਟਾ ਸਿੰਘ ਸਾਬਕਾ ਵਿਧਾਇਕ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਮਹੀਂਪਾਲ, ਸੀ. ਪੀ. ਆਈ. (ਐਮ) ਮਾਨਸਾ ਦੇ ਸਕੱਤਰ ਐਡਵੋਕੇਟ ਕੁਲਵਿੰਦਰ ਉੱਡਤ, ਕਿਸਾਨ ਜਥੇਬੰਦੀਆਂ ਦੇ ਆਗੂ ਰੂਲਦੁ ਸਿੰਘ ਮਾਨਸਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਇੰਦਰਜੀਤ ਝੱਬਰ, ਟਰੇਡ ਯੂਨੀਅਨ ਦੇ ਆਗੂ ਸਾਥੀ ਆਤਮਾ ਰਾਮ, ਨਿਰਮਾਣ ਮਜਦੂਰਾਂ ਦੇ ਆਗੂ ਰਾਜਿੰਦਰ ਕਲੈਹਰੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਕੱਤਰ ਮਨਦੀਪ ਸਿੰਘ ਰਤੀਆ, ਸੀ. ਪੀ. ਐਮ. ਹਰਿਆਣਾ ਦੇ ਆਗੂ ਤਜਿੰਦਰ ਥਿੰਦ, ਬਿਜਲੀ ਮੁਲਾਜ਼ਮ ਆਗੂ ਮੇਜਰ ਸਿੰਘ ਦੂਲੋਵਾਲ, ਸਾਥੀ ਬਖਤੌਰ ਸਿੰਘ ਦੂਲੋਵਾਲ, ਸੀ. ਪੀ. ਆਈ. (ਮ.ਲ.) ਲਿਬਰੇਸ਼ਨ ਦੇ ਆਗੂ ਗੁਰਸੇਵਕ ਮਾਨ, ਆਈ. ਡੀ. ਪੀ. ਆਗੂ ਕਰਨੈਲ ਸਿੰਘ ਜਖੇਪਲ, ਸਿਕੰਦਰ ਸਿੰਘ ਧਰਾਂਗਣਾ ਪੈਰਾ ਮੈਡੀਕਲ ਆਗੂ ਆਦਿ ਸ਼ਾਮਲ ਸਨ।
ਲੋਕ ਮੁਕਤੀ ਦੇ ਫ਼ਲਸਫੇ ਵਿੱਚ ਅਟੁੱਟ ਵਿਸ਼ਵਾਸ ਤੇ ਕਮਿਊਨਿਸਟ ਵਿਚਾਰਾਂ ਦੇ ਸਾਂਚੇ ਵਿੱਚ ਢਲੀ ਆਦਰਸ਼ ਅਤੇ ਸਾਦੀ ਜੀਵਨ ਸ਼ੈਲੀ ਤੇ ਆਪਣੀ ਗੱਲ ਬਾਦਲੀਲ ਅਤੇ ਜੁਰੱਅਤ ਨਾਲ ਕਹਿਣ ਦੀ ਦਲੇਰੀ ਅਤੇ ਪਾਰਟੀ, ਜਥੇਬੰਦੀਆਂ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਪੂਰਾ ਤਾਣ ਲਾ ਦੇਣ ਆਦਿ ਕਾ. ਮੋਦਨ ਸਿੰਘ ਦੂਲੋਵਾਲ ਦੇ ਗੁਣਾਂ ਤੋਂ ਪ੍ਰੇਰਣਾ ਲੈਂਦਿਆ ਕਾਰਕੂੰਨਾਂ ਨੂੰ ਸਾਥੀ ਦੇ ਪੂਰਨਿਆਂ 'ਤੇ ਚੱਲਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੇ ਸੂਬਾਈ ਸਕੱਤਰ ਕਾ. ਮੰਗਤ ਰਾਮ ਪਾਸਲਾ ਨੇ ਮਰਹੂਮ ਸਾਥੀ ਕਾ. ਮੋਦਨ ਸਿੰਘ ਦੂਲੋਵਾਲ ਨੂੰ ਉਹਨਾਂ ਦੇ ਜੱਦੀ ਪਿੰਡ ਦੂਲੋਵਾਲ ਵਿੱਚ ਸਰਧਾਂਜਲੀ ਭੇਂਟ ਕਰਦਿਆਂ ਕੀਤਾ। ਉਹਨਾਂ ਵੱਡੀ ਗਿਣਤੀ ਵਿੱਚ ਸ਼ਾਮਲ ਪਿੰਡ ਅਤੇ ਇਲਾਕਾ ਨਿਵਾਸੀਆਂ ਨੂੰ ਸੱਦਾ ਦਿੱਤਾ ਕਿ ਰਾਜਨੀਤੀ ਨੂੰ ਬਦਨਾਮ ਕਰਨ ਵਾਲੇ ਹਾਕਮ ਜਮਾਤਾਂ ਦੀਆਂ ਪਾਰਟੀਆਂ ਦੇ ਵੱਖੋ-ਵੱਖ ਰੰਗਾਂ ਦੇ ਆਗੂਆਂ ਨੂੰ ਰੱਦ ਕਰਦੇ ਹੋਏ ਲੋਕ ਲਹਿਰਾਂ ਨੂੰ ਪਰਣਾਏ ਮੋਦਨ ਸਿੰਘ ਵਰਗੇ ਕੁਰਬਾਨੀ ਵਾਲੇ ਸਾਥੀਆਂ ਦਾ ਸਾਥ ਦੇਣਾ ਚਾਹੀਦਾ ਹੈ।
ਸਾਥੀ ਮੋਦਨ ਸਿੰਘ ਦੇ ਵੱਖੋ ਵੱਖ ਸਮੇਂ ਦੌਰਾਨ ਨੌਜਵਾਨ ਵਿਦਿਆਰਥੀਆਂ ਦੇ ਬੱਸ ਕਿਰਾਏ ਦੇ ਵਾਧੇ ਵਿਰੋਧੀ ਘੋਲਾਂ, ਕਿਸਾਨਾਂ-ਮਜ਼ਦੂਰਾਂ ਦੇ ਅੰਦੋਲਨ, ਮੁਲਾਜ਼ਮ ਸੰਘਰਸ਼ਾਂ ਅਤੇ ਕੁਲ ਹਿੰਦ ਸਨਅਤੀ ਅਤੇ ਆਮ ਹੜ੍ਹਤਾਲਾਂ ਵਿੱਚ ਸਰਗਰਮ ਸਮੂਲੀਅਤ 'ਤੇ ਅਧਾਰਤ ਸਾਥੀ ਮੋਦਨ ਸਿੰਘ ਦੇ ਮੁਕੱਦਮਿਆਂ/ਰੂਪੋਸ਼ ਰਹਿੰਦੀਆਂ ਸਰਗਰਮੀਆਂ ਅਤੇ ਜੇਲ੍ਹ ਯਾਤਰਾਵਾਂ ਨਾਲ ਸਿੰਗਾਰੇ 1974 ਤੋਂ ਸ਼ੁਰੂ ਹੋਏ ਕਰੀਬ 39 ਸਾਲਾਂ ਦੇ ਰਾਜਸੀ ਜੀਵਨ ਦੌਰਾਨ ਵੱਖ-ਵੱਖ ਸਮਿਆਂ ਦੇ ਉਹਨਾਂ ਦੇ ਸੰਪਰਕ ਵਿੱਚ ਆਏ ਖੱਬੇ ਪੱਖੀ-ਜਨਤਕ ਆਗੂ ਅਤੇ ਕਾਰਕੁੰਨ ਪੰਜਾਬ ਭਰ ਵਿੱਚੋਂ ਉਹਨਾਂ ਦੀ ਯਾਦ ਵਿੱਚ ਨਤਮਸਤਕ ਹੋਣ ਲਈ ਪੁੱਜੇ ਸਾਰੇ ਬੁਲਾਰਿਆਂ ਨੇ ਉਹਨਾਂ ਦੇ ਪਿਤਾ ਜੁਗਰਾਜ ਸਿੰਘ, ਪਤਨੀ ਮਨਜੀਤ ਕੌਰ ਅਤੇ ਪਰਿਵਾਰ ਨਾਲ ਸੰਵੇਦਨਾਵਾਂ ਪ੍ਰਗਟ ਕੀਤੀਆਂ। ਜ਼ਿਕਰਯੋਗ ਹੈ ਕਿ ਵਰ੍ਹਦੇ ਮੀਂਹ ਕਾਰਨ ਪੈਦਾ ਹੋਈ ਅਫ਼ਰਾ ਤਫਰੀ ਦੇ ਬਾਵਜੂਦ ਸਰਧਾਂਜਲੀ ਸਮਾਗਮ ਸੂਚਾਰੂ ਢੰਗ ਨਾਲ ਚੱਲਿਆ ਅਤੇ ਹਾਜ਼ਰੀਨ ਨੇ ਬੁਲਾਰਿਆਂ ਦੇ ਵਿਚਾਰਾਂ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ। ਸ਼ਹੀਦ ਭਗਤ ਸਿੰਘ ਨੌਜਵਾਨ ਦੇ ਵਲੰਟੀਅਰਾਂ ਅਤੇ ਪਿੰਡ ਵਾਸੀਆਂ ਨੇ ਸਾਦੇ ਲੰਗਰ ਦਾ ਸ਼ਾਨਦਾਰ ਪ੍ਰਬੰਧ ਕੀਤਾ। ਸਰਵ ਹਿੱਤਕਾਰੀ ਸਕੂਲ, ਜਿਸ ਦੀ ਕਮੇਟੀ ਦੇ ਸਾਥੀ ਮੋਦਨ ਸਿੰਘ ਮੈਂਬਰ ਸਨ ਨੇ ਸਰਧਾਂਜਲੀ ਸਮਾਗਮ ਦੇ ਪ੍ਰਬੰਧਾਂ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਸਾਥੀ ਰਾਮ ਸਿੰਘ ਰੱਲਾ ਨੇ ਸਾਥੀ ਮੋਦਨ ਸਿੰਘ ਦੀ ਜੀਵਨੀ ਛਪਵਾਕੇ ਇਸ ਮੌਕੇ ਵੰਡੀ। ਸਟੇਜ ਸਕੱਤਰ ਦੀ ਭੂਮਿਕਾ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਸਾਥੀ ਛੱਜੂ ਰਾਮ ਰਿਸ਼ੀ ਨੇ ਨਿਭਾਈ।

No comments:
Post a Comment