Friday, 6 September 2013

ਸੰਪਾਦਕੀ (ਸੰਗਰਾਮੀ ਲਹਿਰ - ਸਤੰਬਰ 2013)

ਗ਼ਦਰ ਪਾਰਟੀ ਸਮਾਰੋਹਾਂ ਦਾ ਮਹੱਤਵ

ਮੰਗਤ ਰਾਮ ਪਾਸਲਾ
ਗ਼ਦਰ ਪਾਰਟੀ ਭਾਰਤ ਨੂੰ ਬਸਤੀਵਾਦੀ ਗੁਲਾਮੀ ਤੋਂ ਮੁਕਤ ਕਰਾਉਣ ਵਾਸਤੇ ਸਾਲ 1913 ਵਿਚ ਅਮਰੀਕਾ ਦੀ ਧਰਤੀ 'ਤੇ ਸ਼ਹਿਰ ਸਾਨਫਰਾਂਸਿਸਕੋ ਵਿਖੇ ਪ੍ਰਵਾਸੀ ਭਾਰਤੀਆਂ, ਜਿਹਨਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਸ਼ਾਮਲ ਸਨ, ਵਲੋਂ ਸਥਾਪਤ ਕੀਤੀ ਗਈ ਸੀ।  ਇਸ ਪਾਰਟੀ ਦੇ ਸ਼ਤਾਬਦੀ ਵਰ੍ਹੇ 2013 ਨੂੰ ਭਾਰਤ ਜਾਂ ਪੰਜਾਬ ਵਿਚ ਹੀ ਨਹੀਂ, ਬਲਕਿ ਦੂਜੇ ਦੇਸ਼ਾਂ ਵਿਚ ਵੀ ਪ੍ਰਵਾਸੀ ਭਾਰਤੀਆਂ ਵਲੋਂ ਉਚੇਚੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੰਤਵ ਲਈ ਥਾਂ ਪੁਰ ਥਾਂ ਪ੍ਰਭਾਵਸ਼ਾਲੀ ਸਮਾਗਮ ਕੀਤੇ ਜਾ ਰਹੇ ਹਨ, ਜਿਥੇ ਗ਼ਦਰੀ ਯੋਧਿਆਂ ਦੇ ਸਿਆਸੀ ਉਦੇਸ਼ਾਂ ਅਤੇ ਉਹਨਾਂ ਦੀਆਂ ਲਾਮਿਸਾਲ ਕੁਰਬਾਨੀਆਂ ਦੀ ਗਾਥਾ ਦਾ ਗੁਣਗਾਣ ਕੀਤਾ ਜਾਂਦਾ ਹੈ। ਇਸ ਮੰਤਵ ਲਈ ਦੇਸ਼ ਭਗਤ ਯਾਦਗਾਰ ਟਰੱਸਟ ਜਲੰਧਰ ਵਲੋਂ ਵੀ ਕਈ ਉਚੇਚੇ ਪ੍ਰੋਗਰਾਮ ਉਲੀਕੇ ਗਏ ਹਨ। ਜਿਹਨਾਂ ਅਧੀਨ ਸਥਾਨਕ ਲੋਕਾਂ ਦੀ ਮਦਦ ਨਾਲ ਗ਼ਦਰੀ ਬਾਬਿਆਂ ਤੇ ਸ਼ਹੀਦਾਂ ਨਾਲ ਜੁੜੀਆਂ ਹੋਈਆਂ ਇਤਿਹਾਸਕ ਥਾਵਾਂ 'ਤੇ ਕਾਨਫਰੰਸਾਂ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਅਗਲੇ ਦਿਨਾਂ ਵਿਚ ਨੌਜਵਾਨਾਂ ਵਲੋਂ ਕੀਤੇ ਜਾਣ ਵਾਲੇ ਇਕ ਵੱਡੇ ਜਥਾ ਮਾਰਚ ਦੇ ਰੂਪ ਵਿਚ ਸਮੁੱਚੇ ਪ੍ਰਾਂਤ ਨੂੰ ਗ਼ਦਰ ਲਹਿਰ ਦੇ ਮਹਾਨ ਵਿਰਸੇ ਨਾਲ ਜੋੜਨ ਦਾ ਉਪਰਾਲਾ ਵੀ ਕੀਤਾ ਜਾਵੇਗਾ। 28 ਅਕਤੂਬਰ ਤੋਂ ਪਹਿਲੀ ਨਵੰਬਰ ਤੱਕ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿਖੇ ਮਨਾਇਆ ਜਾਂਦਾ 'ਗ਼ਦਰੀ ਬਾਬਿਆਂ ਦਾ ਸਾਲਾਨਾ ਮੇਲਾ' ਵੀ ਇਸ ਵਾਰ ਲੋਕਾਂ ਦੀ ਉਚੇਚੀ ਖਿੱਚ ਦਾ ਕੇਂਦਰ ਬਣੇਗਾ। 
ਇਸ ਮੌਕੇ 'ਤੇ ਗ਼ਦਰ ਲਹਿਰ ਦੇ ਕੁਝ ਇਕ ਸ਼ਾਨਾਮਤੇ ਪੱਖ ਅਸੀਂ 'ਸੰਗਰਾਮੀ ਲਹਿਰ' ਦੇ ਪਾਠਕਾਂ ਨਾਲ ਸਾਂਝੇ ਕਰਨ ਲਈ ਹਥਲੇ ਅੰਕ ਦੀ ਵਿਸ਼ੇਸ਼ ਰੂਪ ਵਿਚ ਵਰਤੋਂ ਕਰ ਰਹੇ ਹਾਂ। ਸਾਡਾ ਇਹ ਵੀ ਮੱਤ ਹੈ ਕਿ ਗ਼ਦਰ ਪਾਰਟੀ ਦੇ ਸ਼ਤਾਬਦੀ ਵਰ੍ਹੇ ਨੂੰ ਮਨਾਉਂਦਿਆਂ ਹੋਇਆਂ ਇਸ ਇਨਕਲਾਬੀ ਜਥੇਬੰਦੀ ਨਾਲ ਸਬੰਧਤ ਹੇਠ ਲਿਖੇ ਕੁੱਝ ਉਭਰਵੇਂ ਤੇ ਮਹੱਤਵਪੂਰਨ ਨੁਕਤੇ ਅਤੇ ਪ੍ਰਸੰਗ ਉਚੇਚਾ ਧਿਆਨ ਮੰਗਦੇ ਹਨ। 
(1) ਗ਼ਦਰ ਪਾਰਟੀ ਦੀ ਸਥਾਪਨਾ ਰੋਟੀ-ਰੋਜ਼ੀ ਖਾਤਰ ਵਿਦੇਸ਼ਾਂ, ਖਾਸਕਰ ਅਮਰੀਕਾ, ਕੈਨੇਡਾ, ਸਿੰਘਾਪੁਰ ਆਦਿ, ਵਿਚ ਪਰਵਾਸ ਕਰਕੇ  ਗਏ ਭਾਰਤੀਆਂ ਵਲੋਂ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬੀਆਂ ਦੇ ਨਾਲ ਨਾਲ ਭਾਰਤ ਦੇ ਦੂਸਰੇ ਪ੍ਰਾਂਤਾਂ ਦੇ ਲੋਕ ਵੀ ਸ਼ਾਮਲ ਸਨ। ਇਸ ਪਾਰਟੀ ਦਾ ਗਠਨ ਕਰਨ ਵਾਲੇ ਆਗੂਆਂ ਨੂੰ ਵਿਦੇਸ਼ਾਂ ਵਿਚ ਜਾ ਕੇ ਅੰਗਰੇਜ਼ ਸਾਮਰਾਜ ਦੀ ਗੁਲਾਮੀ ਦਾ ਅਹਿਸਾਸ ਉਦੋਂ ਹੋਇਆ, ਜਦੋਂ ਉਨ੍ਹਾਂ ਨਾਲ ਹਰ ਖੇਤਰ ਵਿਚ ਵਿਤਕਰਾ ਕੀਤਾ ਜਾਂਦਾ ਸੀ ਅਤੇ ਉਹਨਾਂ ਨੂੰ ਤਰਿਸਕਾਰ ਦੀਆਂ ਨਜ਼ਰਾਂ ਨਾਲ ਦੇਖਿਆ ਤੇ ਸੰਬੋਧਿਤ ਕੀਤਾ ਜਾਂਦਾ ਸੀ। ਇਸ ਤਰ੍ਹਾਂ ਗ਼ਦਰ ਪਾਰਟੀ ਦਾ ਜਨਮ ਸਾਮਰਾਜੀ ਜ਼ਾਲਮਾਂ ਦੀ ਗੁਲਾਮੀ ਨੂੰ ਖਤਮ ਕਰਕੇ ਸੰਪੂਰਨ ਆਜ਼ਾਦੀ, ਬਰਾਬਰਤਾ ਅਤੇ ਲੁੱਟ ਖਸੁੱਟ ਦਾ ਮੁਕੰਮਲ ਫਸਤਾ ਵੱਢ ਕੇ ਸਰਬਤ ਦੇ ਭਲੇ ਵਾਲਾ ਸਮਾਜ ਸਿਰਜਣ ਦੇ ਮਹਾਨ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਲਈ ਕੀਤਾ ਗਿਆ ਸੀ। 
(2) ਇਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਗ਼ਦਰ ਪਾਰਟੀ ਨੇ ਸਪੱਸ਼ਟ ਰੂਪ ਵਿਚ ਧਰਮ ਨਿਰਪੱਖਤਾ ਦੇ ਸਿਧਾਂਤ ਨੂੰ ਬੁਨਿਆਦੀ ਅਸੂਲਾਂ ਵਿਚ ਸ਼ਾਮਲ ਕੀਤਾ। ਗ਼ਦਰ ਪਾਰਟੀ ਵਿਚ ਕਿਸੇ ਵੀ ਧਾਰਮਕ ਵਿਵਾਦ ਜਾਂ ਫਿਰਕਾਪ੍ਰਸਤੀ ਲਈ ਕੋਈ ਜਗ੍ਹਾ ਨਹੀਂ ਸੀ। ਇਸ ਦੇ ਹਰ ਮੈਂਬਰ ਨੇ ਦੇਸ਼ ਦੀ ਆਜ਼ਾਦੀ ਹਾਸਲ ਕਰਨ ਲਈ ਹਰ ਕੁਰਬਾਨੀ ਕਰਨ ਦੀ ਪ੍ਰਤਿਗਿਆ ਕੀਤੀ ਹੋਈ ਸੀ। ਗ਼ਦਰ ਪਾਰਟੀ ਨੇ ਹਥਿਆਰਬੰਦ ਘੋਲ ਰਾਹੀਂ ਜਿਸ ਵਿਚ ਭਾਰਤੀ ਫੌਜੀਆਂ ਅਤੇ ਆਮ ਲੋਕਾਂ ਦੀ ਸ਼ਮੂਲੀਅਤ ਨਾਲ ਆਜ਼ਾਦੀ ਪ੍ਰਾਪਤ ਕਰਨ ਦਾ ਪ੍ਰੋਗਰਾਮ ਉਲੀਕਿਆ, ਜਿਸ ਵਾਸਤੇ ਸਿਖਰਲੇ ਦਰਜ਼ੇ ਦੇ ਬਲਿਦਾਨ ਦੀ ਲੋੜ ਸੀ। ਇਨ੍ਹਾਂ ਮਿਆਰਾਂ ਉਪਰ ਇਮਤਿਹਾਨ ਦੀ ਘੜੀ ਸਮੇਂ ਗ਼ਦਰੀ ਬਾਬੇ ਸ਼ਤ ਪ੍ਰਤੀਸ਼ਤ ਖਰੇ ਉਤਰੇ। 
(3) ਭਾਵੇਂ ਗ਼ਦਰ ਪਾਰਟੀ ਦਾ ਹਥਿਆਰਬੰਦ ਸੰਘਰਸ਼ ਰਾਹੀਂ ਸਾਮਰਾਜੀ ਗੁਲਾਮੀ ਦਾ ਜੂਲਾ ਉਤਾਰ ਕੇ ਆਜ਼ਾਦੀ ਹਾਸਲ ਕਰਨ ਦਾ ਨਿਸ਼ਾਨਾ ਤਾਂ ਮਿਥੀ ਯੋਜਨਾ ਮੁਤਾਬਕ ਅਸਫਲ ਹੋ ਗਿਆ ਅਤੇ ਅੰਗਰੇਜ਼ਾਂ ਨੇ ਅੰਨ੍ਹੇ ਜਬਰ ਨਾਲ ਇਸ ਨੂੰ ਦਬਾ ਦਿੱਤਾ, ਪ੍ਰੰਤੂ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿਚ ਗ਼ਦਰੀ ਲਹਿਰ ਤੋਂ ਬਾਅਦ ਪੰਜਾਬ ਦੀ ਧਰਤੀ ਉਪਰ ਕੋਈ ਵੀ ਐਸੀ ਅਗਾਂਹਵਧੂ ਲਹਿਰ ਨਹੀਂ ਹੈ ਜਿਸ ਉਪਰ ਗ਼ਦਰ ਪਾਰਟੀ ਦੇ ਸਿਧਾਂਤਾਂ ਅਤੇ ਕੁਰਬਾਨੀਆਂ ਦੀ ਛਾਪ ਨਾ ਦਿਸਦੀ ਹੋਵੇ। ਬੱਬਰ ਅਕਾਲੀ ਲਹਿਰ, ਕਿਰਤੀ ਕਿਸਾਨ ਪਾਰਟੀ, ਸ਼ਹੀਦ-ਇ-ਆਜ਼ਮ ਭਗਤ ਸਿੰਘ ਦੀ ਨੌਜਵਾਨ ਭਾਰਤ ਸਭਾ ਆਦਿ ਮਹਾਨ ਕਰਾਂਤੀਕਾਰੀ ਲਹਿਰਾਂ ਦੇ ਆਗੂ ਗ਼ਦਰ ਪਾਰਟੀ ਦੀ ਹੱਕ ਸੱਚ ਦੀ ਲੜਾਈ ਤੋਂ ਅਤਿਅੰਤ ਪ੍ਰਭਾਵਿਤ ਹੋਏ। ਇਥੋਂ ਤੱਕ ਕਿ ਜਿੰਨੇ ਗ਼ਦਰੀ ਫਾਂਸੀਆਂ ਤੋਂ ਬਚੇ ਤੇ ਲੰਬੀਆਂ ਉਮਰ-ਕੈਦਾਂ ਕੱਟ ਕੇ ਜੇਲ੍ਹੋਂ ਬਾਹਰ ਆਏ, ਉਹਨਾਂ 'ਚੋਂ ਬਹੁਤ ਵੱਡੀ ਗਿਣਤੀ ਮਾਰਕਸਵਾਦ-ਲੈਨਿਨਵਾਦ ਦੀ ਅਨੁਇਆਈ ਬਣੀ ਅਤੇ ਉਨ੍ਹਾਂ ਨੇ ਆਜ਼ਾਦੀ ਪ੍ਰਾਪਤੀ ਤੋਂ ਪਹਿਲਾਂ ਤੇ ਬਾਅਦ ਵਿਚ ਵੀ ਮਜ਼ਦੂਰਾਂ ਕਿਸਾਨਾਂ ਦੀ ਲਹਿਰ, ਭਾਵ ਕਮਿਊਨਿਸਟ ਪਾਰਟੀ ਵਿਚ ਸ਼ਮੂਲੀਅਤ ਕੀਤੀ ਅਤੇ ਬਰਾਬਰਤਾ ਤੇ ਜਮਹੂਰੀਅਤ ਦੀ ਜੰਗ ਜਾਰੀ ਰੱਖੀ। 
(4) ਅਜੋਕੇ ਸਮਿਆਂ ਵਿਚ ਵੀ ਗ਼ਦਰ ਪਾਰਟੀ ਦੇ ਮਿਥੇ ਨਿਸ਼ਾਨਿਆਂ ਅਤੇ ਅਦਰਸ਼ਾਂ ਦੀ ਪੂਰੀ ਤਰ੍ਹਾਂ ਪ੍ਰਸੰਗਕਤਾ ਹੈ ਅਤੇ ਜੇਕਰ ਅਸੀਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਖਾਤਮਾ ਕਰਕੇ ਸਮਾਜਵਾਦ ਦੀ ਪ੍ਰਾਪਤੀ ਦਾ ਮੰਤਵ ਪੂਰਾ ਕਰਨਾ ਚਾਹੁੰਦੇ ਹਾਂ ਤਦ ਸਾਨੂੰ ਗ਼ਦਰ ਪਾਰਟੀ ਦੇ ਆਗੂਆਂ ਦੇ ਮਿਸ਼ਨਰੀ, ਸਾਦਾ ਅਤੇ ਕੁਰਬਾਨੀਆਂ ਭਰਪੂਰ ਜੀਵਨ ਤੋਂ ਸੇਧ ਤੇ ਪ੍ਰੇਰਨਾ ਲੈਣ ਦੀ ਜ਼ਰੂਰਤ ਅੱਜ ਪਿਛਲੇ ਕਿਸੇ ਵੀ ਸਮਿਆਂ ਨਾਲੋਂ ਜ਼ਿਆਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਾਰਨਾਂ ਅਤੇ ਕਮਜ਼ੋਰੀਆਂ ਨੂੰ ਵੀ ਖੋਜਣਾ, ਸਮਝਣਾ ਅਤੇ ਦੂਰ ਕਰਨਾ ਹੋਵੇਗਾ, ਜਿਨ੍ਹਾਂ ਦੇ ਹੁੰਦਿਆਂ ਗ਼ਦਰ ਪਾਰਟੀ ਵਲੋਂ ਹਥਿਆਰਬੰਦ ਘੋਲ ਰਾਹੀਂ ਗ਼ਦਰ ਕਰਕੇ ਅਜ਼ਾਦੀ ਪ੍ਰਾਪਤ ਕਰਨ ਅਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਦਾ ਨਿਸ਼ਾਨਾ ਅਸਫਲ ਰਿਹਾ, ਭਾਵੇਂ ਕਿ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਅਤੇ ਸਾਹਸ ਲਾਮਿਸਾਲ ਤੇ ਅਦੁੱਤੀ ਸੀ। ਮਕਾਨਕੀ ਢੰਗ ਨਾਲ, 100 ਸਾਲ ਪਹਿਲਾਂ ਦੀਆਂ ਹਾਲਤਾਂ ਵਿਚ ਅਪਣਾਏ ਗਏ ਦਾਅਪੇਚਾਂ ਨੂੰ ਮੌਜੂਦਾ ਅਵਸਥਾਵਾਂ ਵਿਚ ਅੰਤਰਮੁਖੀ ਸੋਚ ਅਧੀਨ ਹੂਬਹੂ ਲਾਗੂ ਕਰਨ ਅਤੇ ਉਸ ਸਮੇਂ ਦੀਆਂ ਗ਼ਦਰ ਪਾਰਟੀ ਵਿਚਲੀਆਂ ਰਾਜਸੀ ਤੇ ਜਥੇਬੰਦਕ ਘਾਟਾਂ ਨੂੰ ਦੂਰ ਕੀਤੇ ਬਿਨਾਂ ਪੂੰਜੀਵਾਦੀ ਨਿਜ਼ਾਮ ਨੂੰ ਢਾਹ ਢੇਰੀ ਕਰਕੇ ਸਮਾਜਿਕ ਪਰਿਵਰਤਨ (ਸਮਾਜਵਾਦੀ ਪ੍ਰਬੰਧ ਦੀ ਸਥਾਪਤੀ) ਦੇ ਕਾਰਜ ਨੂੰ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ। 
(5) ਗ਼ਦਰ ਪਾਰਟੀ ਦੇ ਮਹਾਨ ਕਰਾਂਤੀਕਾਰੀਆਂ ਵਾਂਗ, ਸਾਨੂੰ ਵੀ ਮੌਜੂਦਾ ਹੁਕਮਰਾਨਾਂ ਤੇ ਸਾਮਰਾਜੀ ਲੁਟੇਰਿਆਂ ਨਾਲ ਯੁਧ ਕਰਨ ਲਈ ਮਾਰਕਸਵਾਦ-ਲੈਨਿਨਵਾਦ ਦੀ ਵਿਗਿਆਨਕ ਵਿਚਾਰਧਾਰਾ ਤੋਂ ਸੇਧ ਲੈਂਦਿਆਂ ਹੋਇਆਂ ਆਪਣੇ ਖਿੱਤੇ ਅਤੇ ਦੇਸ਼ ਦੇ ਇਤਿਹਾਸਕ ਪਿਛੋਕੜ ਨੂੰ, ਇਤਿਹਾਸ ਦੇ ਪੰਨਿਆਂ ਉਪਰ ਉਕਰੀਆਂ ਹੋਈਆਂ ਹਰ ਕਿਸਮ ਦੀਆਂ ਬੇਇਨਸਾਫੀਆਂ ਵਿਰੁੱਧ ਲੜੀਆਂ ਗਈਆਂ ਮਹਾਨ ਲੜਾਈਆਂ ਦੇ ਸਬਕਾਂ ਤੇ ਕੁਰਬਾਨੀਆਂ ਨੂੰ ਅਤੇ ਇਥੋਂ ਦੇ ਸਮਾਜ ਵਿਚਲੀਆਂ ਸਮਾਜਿਕ ਤੇ ਸਭਿਆਚਾਰਕ ਪਰਤਾਂ ਨੂੰ ਸਾਹਮਣੇ ਰੱਖਣਾ ਹੋਵੇਗਾ ਅਤੇ ਅਜੇਹੇ ਗਿਆਨ ਦਾ ਪ੍ਰਯੋਗ ਆਪਣੀ ਲਹਿਰ ਦੇ ਵਾਧੇ ਹਿੱਤ ਕਰਨਾ ਹੋਵੇਗਾ। ਕੋਈ ਵੀ ਇਨਕਲਾਬੀ ਲਹਿਰ ਆਪਣੇ ਧਰਾਤਲ ਤੋਂ ਟੁੱਟ ਕੇ ਨਹੀਂ ਉਸਾਰੀ ਜਾ ਸਕਦੀ। ਗ਼ਦਰ ਪਾਰਟੀ ਦੇ ਆਗੂਆਂ ਨੇ ਇਸ ਵਿਧੀ ਨੂੰ ਪੂਰੀ ਯੋਗਤਾ ਨਾਲ ਵਰਤਿਆ। 
(6) ਅੱਜ ਦੇ ਸਮੇਂ ਵਿਚ ਸਾਮਰਾਜ, ਵੱਡੀ ਸਰਮਾਏਦਾਰੀ ਤੇ ਜਗੀਰਦਾਰੀ ਦੇ ਜਮਾਤੀ ਰਾਜ ਵਿਰੁੱਧ ਦ੍ਰਿੜ, ਲਹੂ ਵੀਟਵੇਂ ਤੇ ਵਿਸ਼ਾਲ ਖਾੜਕੂ ਸੰਘਰਸ਼ ਕਰਦਿਆਂ ਹੋਇਆਂ ਫਿਰਕਾਪ੍ਰਸਤੀ, ਜਾਤੀਵਾਦ, ਇਲਾਕਾਵਾਦ, ਹਰ ਕਿਸਮ ਦੇ ਕੌਮੀ ਛਾਵਨਵਾਦ ਤੇ ਪਿਛਾਖੜੀ ਵਿਚਾਰਾਂ ਵਿਰੁੱਧ ਬੇਕਿਰਕ ਵਿਚਾਰਧਾਰਕ ਸੰਘਰਸ਼ ਨੂੰ ਤੇਜ਼ ਕਰਨ ਦੇ ਯਤਨ ਹਕੀਕੀ ਤੌਰ 'ਤੇ ਗ਼ਦਰ ਪਾਰਟੀ ਦੀ ਸ਼ਤਾਬਦੀ ਮਨਾਉਣ ਦਾ ਢੁਕਵਾਂ ਤਰੀਕਾ ਹੋਵੇਗਾ। 
ਆਓ ਸਾਰੇ ਖੱਬੇ ਪੱਖੀ, ਅਗਾਂਹਵਧੂ ਤੇ ਜਮਹੂਰੀ ਵਿਚਾਰਾਂ ਦੇ  ਸੰਗਠਨ, ਇਕੱਠੇ ਹੋ ਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਉਲੀਕੇ ਗਏ ਪ੍ਰੋਗਰਾਮਾਂ ਅਨੁਸਾਰ ਗ਼ਦਰ ਪਾਰਟੀ ਦੀ ਸ਼ਤਾਬਦੀ ਦੇ ਜਸ਼ਨਾਂ ਨੂੰ, ਇਸਦੇ ਵਿਚਾਰਾਂ ਅਤੇ ਅਮਲਾਂ ਦੀ ਭਾਵਨਾਂ ਵਿਚ, ਪੂਰੀ ਤਾਕਤ ਨਾਲ ਮਨਾਉਣ ਦਾ ਕੰਮ ਹੋਰ ਤੇਜ਼ ਕਰੀਏ।

No comments:

Post a Comment