Friday, 11 October 2013

ਕੁਲ ਹਿੰਦ ਲੈਫਟ ਕੋਆਰਡੀਨੇਸ਼ਨ (AILC) ਦੇ ਸੱਦੇ 'ਤੇ ਪ੍ਰਭਾਵਸ਼ਾਲੀ ਗ਼ਦਰ ਸ਼ਤਾਬਦੀ ਕਨਵੈਨਸ਼ਨ

ਦੁਨੀਆਂ ਭਰ ਵਿਚ, ਵੱਖ-ਵੱਖ ਥਾਵਾਂ 'ਤੇ ਆਯੋਜਤ ਕੀਤੇ ਜਾ ਰਹੇ ਗ਼ਦਰ ਸ਼ਤਾਬਦੀ ਸਮਾਰੋਹਾਂ ਦੀ ਇਕ ਕੜੀ ਵਜੋਂ, ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ, ਕੁੱਲ ਹਿੰਦ ਲੈਫਟ ਕੋਆਰਡੀਨੇਸ਼ਨ ਦੇ ਸੱਦੇ 'ਤੇ 11 ਅਗਸਤ, 2013 ਨੂੰ ਇਕ ਸਫਲ ਤੇ ਸ਼ਾਨਦਾਰ ਕਨਵੈਨਸ਼ਨ ਕੀਤੀ ਗਈ। ਰਾਜਸੀ ਤੇ ਜਨਤਕ ਜਥੇਬੰਦੀਆਂ ਦੀਆਂ ਕੁਲ ਹਿੰਦ ਪੱਧਰ ਦੀਆਂ ਕਨਵੈਨਸ਼ਨਾਂ ਦੇ ਕੇਂਦਰ ਵਜੋਂ ਪ੍ਰਸਿੱਧ ਮਾਵਲੰਕਰ ਹਾਲ ਵਿਖੇ ਕੀਤੀ ਗਈ ਇਸ ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਸੀ.ਪੀ.ਆਈ.(ਐਮ. ਐਲ.) ਲਿਬਰੇਸ਼ਨ ਦੇ ਪੀ.ਬੀ. ਮੈਂਬਰ ਸਰਵਸਾਥੀ ਸਵਦੇਸ਼ ਭੱਟਾਚਾਰੀਆ, ਸਵਪਨ ਮੁਕਰਜੀ ਤੇ ਕਵਿਤਾ ਕਰਿਸ਼ਨਨ ਅਤੇ ਸੀ.ਪੀ.ਐਮ.ਪੰਜਾਬ ਦੇ ਸੂਬਾਈ ਸਕੱਤਰੇਤ ਦੇ ਮੈਂਬਰ ਸਰਵ ਸਾਥੀ ਹਰਕੰਵਲ ਸਿੰਘ, ਗੁਰਨਾਮ ਸਿੰਘ ਦਾਊਦ ਅਤੇ ਡਾ. ਸਤਨਾਮ ਸਿੰਘ ਸ਼ਾਮਲ ਸਨ। ਪ੍ਰਸਿੱਧ ਮਾਰਕਸਵਾਦੀ ਚਿੰਤਕ ਤੇ ਰਾਜਨੀਤੀ ਸ਼ਾਸਤਰ ਦੇ ਉਘੇ ਵਿਦਵਾਨ ਪ੍ਰੋਫੈਸਰ ਰਣਧੀਰ ਸਿੰਘ ਜੀ ਵੀ, ਸਿਹਤ ਦੀ ਕਮਜ਼ੋਰੀ ਦੇ ਬਾਵਜੂਦ ਪੂਰਾ ਸਮਾਂ ਮੰਚ 'ਤੇ ਸੁਸ਼ੋਭਤ ਰਹੇ। ਉਹਨਾਂ ਤੋਂ ਇਲਾਵਾ ਦਿੱਲੀ ਹਾਈਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਰਾਜਿੰਦਰ ਸੱਚਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋਫੈਸਰ ਡਾ. ਚਮਨ ਲਾਲ, ਉਘੇ ਇਤਹਾਸਕਾਰ ਪ੍ਰੋਫੈਸਰ ਸ਼ਮਸੁਲ ਇਸਲਾਮ, ਗ਼ਦਰ ਪਾਰਟੀ ਦੇ ਮਹਾਨ ਆਗੂ ਡਾ. ਪਾਂਡੂਰੰਗ ਖਾਨਖੋਜੇ ਦੀ ਬੇਟੀ ਡਾ. ਸਵਿੱਤਰੀ ਸਾਹਨੀ, ਗਦਰੀ ਯੋਧੇ ਡਾ. ਮਥਰਾ ਸਿੰਘ ਦੇ ਪੋਤੇ ਕਾਮਰੇਡ ਜੇ.ਪੀ.ਐਲ. ਕੋਹਲੀ, ਸੀ.ਪੀ.ਐਮ. ਪੰਜਾਬ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦਿਪੰਕਰ ਭੱਟਾਚਾਰੀਆ ਵੀ ਸਟੇਜ਼ ਤੇ ਸਸ਼ੋਭਤ ਸਨ। 
ਇਸ ਕਨਵੈਨਸ਼ਨ ਵਿਚ ਦਿੱਲੀ ਸ਼ਹਿਰ ਵਿਚਲੇ ਬਹੁਤ ਸਾਰੇ ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਟਰੇਡ ਯੂਨੀਅਨ ਕਾਰਕੁੰਨਾਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਖਚਾਖਚ ਭਰੇ ਹੋਏ ਹਾਲ ਵਿਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ ਵੀ ਦੋਵਾਂ ਪਾਰਟੀਆਂ ਦੇ ਆਏ ਸਰਗਰਮ ਵਰਕਰਾਂ ਦੀ ਚੋਖੀ ਗਿਣਤੀ ਸੀ। ਹਾਲ ਤੋਂ ਬਾਹਰ ਗ਼ਦਰ ਲਹਿਰ ਨਾਲ ਸਬੰਧਤ ਸ਼ਖਸੀਅਤਾਂ ਤੇ ਘਟਨਾਵਾਂ 'ਤੇ ਆਧਾਰਤ ਇਕ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਲਾਈ ਗਈ ਸੀ। ਕਨਵੈਨਸ਼ਨ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਗ਼ਦਰ ਲਹਿਰ ਦੇ ਸ਼ਹੀਦਾਂ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕੀਤੀ ਗਈ। 
ਕਨਵੈਨਸ਼ਨ ਦੀ ਸ਼ੁਰੂਆਤ ਗੀਤ ਸੰਗੀਤ ਨਾਲ ਕੀਤੀ ਗਈ। ਪੰਜਾਬ ਦੇ ਉਘੇ ਸੰਗੀਤਕਾਰ ਕਾਮਰੇਡ ਦੇਸ਼ ਰਾਜ ਛਾਜਲੀ ਦੇ ਜਥੇ ਨੇ ਢੱਡ ਸਾਰੰਗੀ ਤੇ ਅਲਗੋਜ਼ਿਆਂ ਨਾਲ 'ਕਾਮਾਗਾਟਾਮਾਰੂ ਦੀ ਵਾਰ' ਬੜੇ ਹੀ ਜੋਸ਼ੀਲੇ ਅੰਦਾਜ ਵਿਚ ਪੇਸ਼ ਕਰਕੇ ਹਾਲ ਅੰਦਰ ਇਨਕਲਾਬੀ ਵਾਤਾਵਰਨ ਦਾ ਰੰਗ ਬੰਨ੍ਹਿਆ। ਇਸ ਉਪਰੰਤ, ਕਨਵੈਨਸ਼ਨ ਵਿਚ ਵਿਚਾਰਿਆ ਜਾਣ ਵਾਲਾ ਮਤਾ, ਪ੍ਰਧਾਨਗੀ ਮੰਡਲ ਵਲੋਂ, ਮੰਚ ਸੰਚਾਲਕ ਕਾਮਰੇਡ ਪ੍ਰਨਾਏ ਕਰਿਸ਼ਨਨ ਨੇ ਪੜ੍ਹਿਆ, ਜਿਸ ਨੂੰ ਆਕਾਸ਼ ਗੂੰਜਾਊ ਨਾਅਰਿਆਂ ਨਾਲ ਪ੍ਰਵਾਨ ਕੀਤਾ ਗਿਆ। 
ਕਨਵੈਨਸ਼ਨ ਦੇ ਮੁੱਖ ਬੁਲਾਰੇ ਡਾ. ਚਮਨ ਲਾਲ ਨੇ ਪ੍ਰੋਜੈਕਟਰ ਰਾਹੀਂ ਦਿਖਾਈਆਂ ਗਈਆਂ ਇਤਹਾਸਕ ਤਸਵੀਰਾਂ ਦੀ ਸਹਾਇਤਾ ਨਾਲ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਇਸ ਗੌਰਵਸ਼ਾਲੀ ਗਾਥਾ, ਗ਼ਦਰ ਲਹਿਰ ਦਾ ਪਿਛੋਕੜ, ਗਦਰੀਆਂ ਦੀਆਂ ਜਾਨਹੂਲਵੀਆਂ ਸਰਗਰਮੀਆਂ, ਉਹਨਾਂ ਦੀਆਂ ਅਥਾਹ ਕੁਰਬਾਨੀਆਂ ਅਤੇ ਗ਼ਦਰ ਪਾਰਟੀ ਦੇ ਉਦੇਸ਼ਾਂ ਦੀ ਵਿਸਥਾਰ ਸਹਿਤ ਵਿਆਖਿਆ ਕੀਤੀ। ਉਹਨਾਂ ਦਰਸਾਇਆ ਕਿ ਕਿਸ ਤਰ੍ਹਾਂ 100 ਸਾਲ ਪਹਿਲਾਂ ਉਤਰੀ ਅਮਰੀਕਾ ਅਤੇ ਕਨਾਡਾ ਵਿਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ, ਵਿਸ਼ੇਸ਼ ਤੌਰ 'ਤੇ ਪੰਜਾਬੀਆਂ ਨੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ 1913 ਵਿਚ ਗ਼ਦਰ ਪਾਰਟੀ ਦਾ ਨਿਰਮਾਣ ਕੀਤਾ। ਇਸ ਅੰਦੋਲਨ ਨੇ 1914 ਵਿਚ ਉਦੋਂ ਹੋਰ ਤੇਜ਼ੀ ਫੜ ਲਈ ਜਦੋਂ ਕਨੇਡਾ ਦੀ ਸਰਕਾਰ ਨੇ ਕਾਮਾਗਾਟਾਮਾਰੂ ਜਹਾਜ ਨੂੰ ਆਪਣੇ ਦੇਸ਼ ਵਿਚ ਦਾਖਲ ਨਹੀਂ ਹੋਣ ਦਿੱਤਾ ਅਤੇ ਵਾਪਸ ਭਾਰਤ ਭੇਜ ਦਿੱਤਾ। ਇਸ ਜਹਾਜ਼ ਵਿਚ 300 ਤੋਂ ਵੱਧ ਭਾਰਤੀ ਸਵਾਰ ਸਨ। ਕੋਲਕਾਤਾ ਨੇੜੇ ਬਜਬਜ ਘਾਟ 'ਤੇ ਜਹਾਜ਼ ਦੇ ਵਾਪਸ ਪੁੱਜਣ 'ਤੇ ਅੰਗਰੇਜ਼ਾਂ ਦੀ ਪੁਲਸ ਨੇ ਇਸ ਨੂੰ ਘੇਰ ਲਿਆ। ਬਹੁਤ ਸਾਰੇ ਯਾਤਰੀ ਪੁਲਸ ਦੀਆਂ ਗੋਲੀਆਂ ਨਾਲ ਮਾਰੇ ਗਏ ਅਤੇ ਬਾਕੀ ਗ੍ਰਿਫਤਾਰ ਕਰ ਲਏ ਗਏ। ਇਸ ਉਪਰੰਤ ਗ਼ਦਰ ਪਾਰਟੀ ਨੇ ਅੰਗਰੇਜ਼ੀ ਹਕੂਮਤ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਅਤੇ ਵਿਦੇਸ਼ਾਂ 'ਚ ਵਸੇ ਹੋਏ ਭਾਰਤੀਆਂ ਨੂੰ ਦੇਸ਼ ਨੂੰ ਵਾਪਸ ਪਰਤ ਆਉਣ ਅਤੇ ਅੰਗਰੇਜ਼ੀ ਹਕੂਮਤ ਵਿਰੁੱਧ ਹਥਿਆਰਬੰਦ ਜੰਗ ਕਰਨ ਲਈ ਪ੍ਰੇਰਿਤ ਕੀਤਾ। ਵਿਦੇਸ਼ੀ ਹਾਕਮਾਂ ਨੇ ਇਸ ਅੰਦੋਲਨ ਨੂੰ ਬੇਰਹਿਮੀ ਨਾਲ ਕੁਚਲ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸਿੰਘਾਪੁਰ ਵਿਚ 37 ਗਦਰੀਆਂ ਨੂੰ ਮੌਤ ਦੀ ਸਜ਼ਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ 41 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਹੋਰ ਵੱਖ-ਵੱਖ ਥਾਵਾਂ 'ਤੇ ਮੁਕੱਦਮੇ ਚਲਾਕੇ 45 ਗਦਰੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਅਤੇ ਸੈਂਕੜੇ ਸਾਥੀਆਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ। ਇਸ ਤਰ੍ਹਾਂ ਦੇ ਭਾਰੀ ਜਬਰ ਦੇ ਬਾਵਜੂਦ ਇਸ ਅੰਦੋਲਨ ਨੂੰ ਪੂਰੀ ਤਰ੍ਹਾਂ ਨਹੀਂ ਦਬਾਇਆ ਜਾ ਸਕਿਆ ਅਤੇ ਇਹਨਾਂ ਇਨਕਲਾਬੀ ਯੋਧਿਆਂ ਦੀ ਅਗਲੀ ਪੀੜ੍ਹੀ ਨੇ ਇਸ ਸੰਘਰਸ਼ ਨੂੰ ਅਗਾਂਹ ਵਧਾਇਆ ਅਤੇ ਭਾਰਤ ਵਿਚ ਕਮਿਊਨਿਸਟ ਅੰਦੋਲਨ ਦੀ ਨੀਂਹ ਰੱਖਣ ਵਿਚ ਆਪਣਾ ਯੋਗਦਾਨ ਪਾਇਆ। ਸ਼ਹੀਦ-ਇ-ਆਜ਼ਮ ਭਗਤ ਸਿੰਘ ਨੇ ਵੀ ਗ਼ਦਰ ਅੰਦੋਲਨ ਤੋਂ ਪ੍ਰੇਰਨਾ ਲਈ। ਡਾਕਟਰ ਚਮਨ ਲਾਲ ਨੇ ਇਤਹਾਸਕ ਖੋਜਾਂ ਦੇ ਆਧਾਰ 'ਤੇ ਇਹ ਸਥਾਪਤ ਕੀਤਾ ਕਿ ਭਾਰਤੀ ਪ੍ਰਵਾਸੀਆਂ ਵਲੋਂ ਜਥੇਬੰਦ ਕੀਤੀ ਗਈ ਇਹ ਗ਼ਦਰ ਲਹਿਰ ਦੁਨੀਆਂ ਭਰ ਦੇ ਸਾਮਰਾਜ ਵਿਰੋਧੀ ਵਡੇਰੇ ਅੰਦੋਲਨ ਦਾ ਇਕ ਮਹੱਤਵਪੂਰਨ ਤੇ ਗੌਰਵਸ਼ਾਲੀ ਹਿੱਸਾ ਹੈ, ਜਿਸ ਦੀ ਪ੍ਰਸੰਗਕਤਾ ਅੱਜ ਵੀ ਪੂਰੀ ਤਰ੍ਹਾਂ ਕਾਇਮ ਹੈ। 
ਜਸਟਿਸ ਰਾਜਿੰਦਰ ਸੱਚਰ ਨੇ ਆਪਣੇ ਸੰਖੇਪ ਭਾਸ਼ਨ ਰਾਹੀਂ ਗ਼ਦਰੀ ਯੋਧਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ ਨਾਲ ਉਹਨਾਂ ਦੀ ਦਰਿੜ੍ਹਤਾ ਅਤੇ ਭਾਰੀ ਕੁਰਬਾਨੀਆਂ ਨਾਲ ਜੁੜੀਆਂ ਹੋਈਆਂ ਘਟਨਾਵਾਂ ਦਾ ਭਾਵਪੂਰਤ ਉਲੇਖ ਕੀਤਾ। ਇਤਹਾਸਕਾਰ ਸ਼ਮਸੁਲ ਇਸਲਾਮ ਨੇ ਗਦਰ ਲਹਿਰ ਦੀ ਸਾਮਰਾਜ ਵਿਰੋਧੀ ਤੇ ਧਰਮ ਨਿਰਪੱਖਤਾ ਵਾਲੀ ਵਿਰਾਸਤ ਦੀ ਵਿਆਖਿਆ ਕਰਦਿਆਂ ਦਰਸਾਇਆ ਕਿ ਗ਼ਦਰੀ ਆਗੂਆਂ ਨੇ 'ਹਿੰਦੂ ਰਾਸ਼ਟਰਵਾਦ' ਦੀ ਫਿਰਕੂ ਧਾਰਨਾ ਨੂੰ ਰੱਦ 
ਕਰਦਿਆਂ ਧਰਮ ਨਿਰਪੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਮਜ਼ਬੂਤੀ 
ਨਾਲ ਅੱਗੇ ਵਧਾਇਆ। ਉਹਨਾਂ ਕਿਹਾ ਕਿ ਗ਼ਦਰੀ ਸੂਰਬੀਰਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਸਾਮਰਾਜਵਾਦ ਦਾ ਡਟਵਾਂ ਵਿਰੋਧ ਕਰਨ ਦੇ ਨਾਲ ਨਾਲ ਅਜੋਕੀ ਫਿਰਕੂ ਰਾਜਨੀਤੀ ਨੂੰ ਵੀ ਕਰਾਰੀ ਹਾਰ ਦੇਣ ਦੀ ਜ਼ਰੂਰਤ ਹੈ। 
ਡਾ. ਸਵਿਤਰੀ ਸਾਹਨੀ ਅਤੇ ਸਾਥੀ ਜੇ.ਪੀ.ਐਸ.ਕੋਹਲੀ ਨੇ ਆਪਣੇ ਪਰਿਵਾਰਾਂ ਨਾਲ ਸਬੰਧਤ ਗ਼ਦਰੀ ਯੋਧਿਆਂ, ਦੇ ਜੀਵਨ ਦੀਆਂ ਵੱਡਮੁੱਲੀਆਂ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਡਾ. ਪਾਂਡੂੰਰੰਗ ਖਾਨਖੋਜੇ ਗਦਰੀ ਕਾਰਕੁੰਨਾਂ ਨੂੰ ਬਾਬਾ ਜਵਾਲਾ ਸਿੰਘ ਦੇ ਪੋਰਟਲੈਂਡ ਵਿਚਲੇ ਵਿਸ਼ਾਲ ਫਾਰਮ ਵਿਚ ਹਥਿਆਰਾਂ ਆਦਿ ਦੀ ਟਰੇਨਿੰਗ ਦੇਣ ਦਾ ਮਹੱਤਵਪੂਰਨ ਕਾਰਜ ਕਰਦੇ ਰਹੇ। ਜਦੋਂਕਿ ਡਾ. ਮਥਰਾ ਸਿੰਘ ਨੇ ਦੇਸ਼ਭਗਤ ਭਾਰਤੀਆਂ ਵਲੋਂ ਕਾਬਲ ਵਿਚ ਬਣਾਈ ਗਈ ਪ੍ਰੋਵੀਜਨਲ ਸਰਕਾਰ ਦੇ ਮਹੱਤਵਪੂਰਨ ਮੰਤਰੀ ਵਜੋਂ ਗੁਪਤ ਜ਼ੁੰਮੇਵਾਰੀਆਂ ਨਿਭਾਈਆਂ, ਜਿਸ ਕਾਰਨ ਅੰਗਰੇਜ਼ ਹਾਕਮਾਂ ਨੇ ਉਹਨਾਂ ਨੂੰ ਫਾਂਸੀ ਤੇ ਲਟਕਾ ਕੇ ਸ਼ਹੀਦ ਕੀਤਾ। 
ਕਾਮਰੇਡ ਮੰਗਤ ਰਾਮ ਪਾਸਲਾ ਨੇ ਆਪਣੇ ਭਾਸ਼ਨ ਰਾਹੀਂ ਗ਼ਦਰੀ ਸੂਰਬੀਰਾਂ ਦੇ ਸਾਮਰਾਜ ਵਿਚੋਧੀ ਅਥਾਹ ਜਜ਼ਬੇ, ਧਰਮ ਨਿਰਪੱਖਤਾ 'ਤੇ ਅਧਾਰਤ ਰਾਜਸੀ ਪਹੁੰਚ ਅਤੇ ਸਮਾਜਕ ਤੇ ਆਰਥਕ ਬਰਾਬਰਤਾ 'ਤੇ ਅਧਾਰਤ ਸਮਾਜ ਦੀ ਉਸਾਰੀ ਲਈ ਪ੍ਰਤੀਬੱਧਤਾ ਨੂੰ ਨਿੱਘੀ ਸ਼ਰਧਾਂਜਲੀ  ਭੇਂਟ ਕੀਤੀ। ਉਹਨਾਂ ਕਿਹਾ ਕਿ ਅੱਜ ਜਦੋਂ ਕਿ ਭਾਰਤ ਸਰਕਾਰ ਬਹੁਤ ਹੀ ਸ਼ਰਮਨਾਕ ਢੰਗ ਨਾਲ ਅਮਰੀਕਣ ਸਾਮਰਾਜਵਾਦ ਦੇ ਹਿੱਤਾਂ ਵਿਚ ਕੰਮ ਕਰ ਰਹੀ ਹੈ ਤਾਂ ਗ਼ਦਰ ਅੰਦੋਲਨ ਦੀ ਸਾਮਰਾਜ ਵਿਰੋਧੀ ਵਿਰਾਸਤ ਦਾ ਮਹੱਤਵ ਹੋਰ ਵੀ ਵਧੇਰੇ ਵੱਧ ਜਾਂਦਾ ਹੈ। ਉਹਨਾਂ ਕਿਹਾ ਕਿ ਇਕ ਪਾਸੇ ਸਰਕਾਰ ਸਿੱਧੇ ਵਿਦੇਸ਼ੀ ਨਿਵੇਸ਼ (FDI) ਰਾਹੀਂ ਅਮਰੀਕੀ ਕੰਪਨੀਆਂ ਨੂੰ ਵੱਧ ਤੋਂ ਵੱਧ ਮੁਨਾਫੇ ਕਮਾਉਣ ਦੇ ਸੱਦੇ ਦੇ ਰਹੀ ਹੈ ਅਤੇ ਦੂਜੇ ਪਾਸੇ ਦੇਸ਼ਵਾਸੀਆਂ ਨੂੰ 5 ਰੁਪਏ ਨਾਲ ਪੇਟ ਭਰਨ ਦੀਆਂ ਸਲਾਹਾਂ ਦੇ ਰਹੀ ਹੈ। ਦੇਸ਼ਵਾਸੀਆਂ ਨਾਲ ਇਹ ਸਪੱਸ਼ਟ ਗੱਦਾਰੀ ਹੈ। ਉਹਨਾਂ ਕਿਹਾ ਗ਼ਦਰੀ ਯੋਧਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਨੂੰ ਹਕੀਕੀ ਤੌਰ 'ਤੇ ਆਜ਼ਾਦ ਤੇ ਸਵੈਨਿਰਭਰ ਰਾਸ਼ਟਰ ਦਾ ਨਿਰਮਾਣ ਕਰਨਾ ਪਵੇਗਾ; ਜਿਸ ਵਾਸਤੇ ਸਮੁੱਚੀਆਂ ਦੇਸ਼ ਭਗਤ, ਜਮਹੂਰੀ ਅਤੇ ਅਗਾਂਹਵਧੂ ਸ਼ਕਤੀਆਂ ਨੂੰ ਇਕਜੁਟ ਹੋ ਕੇ ਜਾਨ ਹੂਲਵੇਂ ਉਪਰਾਲੇ ਕਰਨੇ ਪੈਣਗੇ। 
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦਿਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਨੂੰ ਅੱਜ ਆਜ਼ਾਦ ਕਿਵੇਂ ਕਹਿ ਸਕਦੇ ਹਾਂ, ਜਦੋਂਕਿ ਅਮਰੀਕੀ ਸਰਕਾਰ ਵਲੋਂ ਦੇਸ਼ ਦੀ ਸ਼ਰੇਆਮ ਜਾਸੂਸੀ ਕਰਨ ਦੇ ਬਾਵਜੂਦ ਵੀ ਭਾਰਤ ਸਰਕਾਰ ਉਸ ਦੇ ਇਸ ਕੁਕਰਮ ਵਿਰੁੱਧ ਬੋਲਣ ਤੱਕ ਲਈ ਤਿਆਰ ਨਹੀਂ ਹੈ। ਬਲਕਿ ਇਹ ਸਰਕਾਰ ਆਪਣੇ ਅਮਰੀਕੀ ਪ੍ਰਭੂਆਂ ਨੂੰ ਖੁਸ਼ ਕਰਨ ਲਈ ਉਹਨਾਂ ਨੂੰ ਨੇਕ ਚਲਣੀ ਦੇ ਸਰਟੀਫਿਕੇਟ ਦੇ ਰਹੀ ਹੈ। ਉਹਨਾਂ ਕਿਹਾ ਕਿ ਗ਼ਦਰ ਅੰਦੋਲਨ ਦੀ ਵਿਰਾਸਤ ਸਾਨੂੰ ਇਹੋ ਦੱਸਦੀ ਹੈ ਕਿ ਸੱਚੀ ਦੇਸ਼ ਭਗਤੀ ਨਿਸ਼ਚਤ ਤੌਰ 'ਤੇ ਸਾਮਰਾਜਵਾਦ ਵਿਰੋਧੀ ਅਤੇ ਧਰਮ ਨਿਰਪਖਤਾ 'ਤੇ ਅਧਾਰਤ ਹੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਫਿਰਕਾਪ੍ਰਸਤੀ ਅਤੇ ਕਾਰਪੋਰੇਟ ਲੁੱਟ ਨੂੰ ਬੜ੍ਹਾਵਾ ਦੇਣ ਵਾਲਾ ਨਰਿੰਦਰ ਮੋਦੀ ਤੇ ਉਸਦੀ ਪਾਰਟੀ ਭਾਜਪਾ ਅਜੇਹੇ ਵਿਰਸੇ ਦਾ ਅੱਜ ਵੀ ਸਿੱਧਾ ਵਿਰੋਧ ਕਰਦੀ ਹੈ। ਉਹਨਾਂ ਕਿਹਾ ਕਿ ਭਾਰਤੀ ਹਾਕਮਾਂ ਦੀਆਂ ਲੋਕ ਵਿਰੋਧੀ ਤੇ ਗਰੀਬ ਮਾਰੂ ਨੀਤੀਆਂ ਦੇ ਚਲਦਿਆਂ, ਫਿਰਕੂ ਅਨਸਰਾਂ ਦੀ ਦੇਸ਼ ਅੰਦਰ ਬਣ ਰਹੀ ਚੜ੍ਹਤ ਦੇਸ਼ ਦੇ ਕੁਦਰਤੀ ਵਸੀਲਿਆਂ ਦੀ ਲਗਾਤਾਰ ਵੱਧ ਰਹੀ ਲੁੱਟ ਘਸੁੱਟ ਅਤੇ ਲੋਕਾਂ ਉਪਰ ਵੱਧ ਰਹੇ ਸਰਕਾਰੀ ਦਮਨ ਤੋਂ ਇਹ ਸਪੱਸ਼ਟ ਸਿੱਧ ਹੁੰਦਾ ਹੈ ਕਿ ਗ਼ਦਰ ਅੰਦੋਲਨ ਦੇ ਮਹਾਨ ਯੋਧਿਆਂ ਵਲੋਂ ਆਰੰਭੀ ਗਈ ਜੰਗ ਅਜੇ ਜਾਰੀ ਹੈ। ਅਸੀਂ ਇਸ ਅੰਦੋਲਨ ਦੇ ਉਦੇਸ਼ਾਂ ਦੀ ਪੂਰਤੀ ਲਈ ਦਰਿੜਚਿੱਤ ਹਾਂ ਅਤੇ ਇਸ ਮੰਤਵ ਲਈ ਕਿਸੇ ਵੀ ਕੁਰਬਾਨੀ ਤੋਂ ਮੂੰਹ ਨਹੀਂ ਮੋੜਾਂਗੇ। 
ਕਨਵੈਨਸ਼ਨ ਦੇ ਅੰਤ ਵਿਚ ਪ੍ਰਵਾਨ ਕੀਤੇ ਗਏ ਇਕ ਮਤੇ ਰਾਹੀਂ ਉਤਰਾਖੰਡ ਵਿਚ ਹੜ ਪੀੜਤਾਂ ਦੇ ਮੁੜ ਵਸੇਬੇ ਪ੍ਰਤੀ ਕਾਂਗਰਸੀ ਸਰਕਾਰ ਅਤੇ ਭਾਜਪਾ ਦੀ ਸੌੜੀ ਸਿਆਸਤ ਤੋਂ ਪ੍ਰੇਰਿਤ ਨੀਤੀ ਦੀ ਨਿਖੇਧੀ ਕੀਤੀ ਗਈ। ਇਕ ਹੋਰ ਮਤੇ ਰਾਹੀਂ ਦੇਸ਼ ਭਰ ਵਿਚ ਨਵੇਂ ਰਾਜਾਂ ਦੇ ਪੁਨਰਗਠਨ ਲਈ ਉਭਰੇ ਅੰਦੋਲਨਾਂ ਨੂੰ ਮੁੱਖ ਰੱਖਦਿਆਂ 'ਨਵਾਂ ਪੁਨਰਗਠਨ ਕਮਿਸ਼ਨ' ਕਾਇਮ ਕਰਨ ਅਤੇ ਪੱਛਮੀ ਬੰਗਾਲ ਦੇ ਉਤਰੀ ਹਿੱਸੇ ਵਿਚ ਗੋਰਖਾ ਵਸੋਂ ਵਾਲੇ ਇਲਾਕੇ ਨੂੰ ਗੋਰਖਾਲੈਂਡ ਦੇ ਪ੍ਰਾਂਤ ਵਜੋਂ ਸਵੀਕਾਰ ਕਰਨ ਦੀ ਮੰਗ ਕੀਤੀ ਗਈ। 
ਅੰਤ ਵਿਚ ਕਨਵੈਨਸ਼ਨ ਵਿਚ ਹਾਜ਼ਰ ਸਾਥੀਆਂ ਨੂੰ ''ਦੂਜਾ ਗ਼ਦਰ'' ਨਾਂਅ ਦੀ ਲਗਭਗ ਅੱਧੇ ਘੰਟੇ ਦੀ ਫਿਲਮ ਦਿਖਾਈ ਗਈ। ਕਨਵੈਨਸ਼ਨ ਵਿਚ ਪ੍ਰਵਾਨ ਕੀਤਾ ਗਿਆ ਮੁੱਖ ਮਤਾ ਨਿਮਨ ਲਿਖਤ ਅਨੁਸਾਰ ਹੈ। 
ਮੁੱਖ ਮਤਾ 
1.  ਇਹ ਕਨਵੈਨਸ਼ਨ ਸਮੁੱਚੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ 2013 ਨੂੰ ਸਾਡੇ ਆਜ਼ਾਦੀ ਸੰਗਰਾਮ ਦੇ ਮਾਣਮੱਤੇ ਅਧਿਆਏ ਮਹਾਨ ਗ਼ਦਰ ਲਹਿਰ ਦੇ ਸ਼ਤਾਬਦੀ ਵਰ੍ਹੇ ਦੇ ਰੂਪ ਵਿਚ ਮਨਾਉਣ। ਇਹ ਲਹਿਰ ਇਸ ਮਾਮਲੇ ਵਿਚ ਨਵੇਕਲੀ ਸੀ ਕਿ ਉਤਰੀ ਅਮਰੀਕਾ ਵਿਚ ਭਾਰਤੀ ਪਰਵਾਸੀਆਂ, ਖਾਸ ਕਰਕੇ ਪੰਜਾਬੀ ਪਰਵਾਸੀਆਂ ਦਰਮਿਆਨ ਇਹ ਸ਼ੁਰੂ ਹੋਈ ਅਤੇ ਗੁਲਾਮ ਮਾਤਰਭੂਮੀ ਨੂੰ ਆਜ਼ਾਦ ਕਰਵਾਉਣ ਦੀ ਬੇਜੋੜ ਲਾਲਸਾ ਨਾਲ ਵਾਪਸ ਭਾਰਤ ਭਰ ਵਿਚ ਫੈਲ ਗਈ। ਅਜੇ ਵੀ ਸਾਡੇ ਦੇਸ਼ ਵਿਚ ਬਸਤੀਵਾਦੀ ਖੁਮਾਰੀ ਬਚੀ ਹੋਈ ਹੈ ਅਤੇ ਸਾਮਰਾਜਵਾਦ, ਅਜਾਰੇਦਾਰ ਪੂੰਜੀ ਅਤੇ ਸਾਮੰਤੀ ਰਹਿੰਦ-ਖੂੰਹਦ ਦਾ ਗਠਜੋੜ ਇਸਨੂੰ ਹੋਰ ਵਧੇਰੇ ਮਜ਼ਬੂਤ ਕਰ ਰਿਹਾ ਹੈ। ਅਜਿਹੇ ਮਾਹੌਲ ਵਿਚ, ਗ਼ਦਰ ਦੀ ਗੂੰਜ ਅਜੇ ਵੀ ਸਾਡੇ ਕੰਨਾਂ ਵਿਚ ਗੂੰਜਦੀ ਹੈ ਅਤੇ ਮੁਕਤੀ ਦੇ ਸਾਡੇ ਸੰਗਰਾਮ ਨੂੰ ਹੋਰ ਤੇਜ਼ ਕਰਨ ਲਈ ਪ੍ਰੇਰਤ ਕਰਦੀ  ਹੈ। ਇਹ ਕਨਵੈਨਸ਼ਨ ਉਨ੍ਹਾਂ ਸਭ ਲੋਕਾਂ ਅਤੇ ਸਮੂਹਾਂ ਨੂੰ ਸਲਾਮ ਪੇਸ਼ ਕਰਦੀ ਹੈ ਜਿਹੜੇ ਪੰਜਾਬ ਵਿਚ ਅਤੇ ਦੁਨੀਆਂ ਦੇ ਦੂਜੇ ਹਿੱਸਿਆਂ ਵਿਚ ਗ਼ਦਰ ਲਹਿਰ ਦੀ ਇਤਿਹਾਸਕ ਵਿਰਾਸਤ ਨੂੰ ਜਿਉਂਦਾ ਰੱਖੇ ਹੋਏ ਹਨ ਅਤੇ ਅਜਿਹੇ ਯਤਨਾਂ ਨੂੰ ਤੇਜ ਕਰਨ ਦਾ ਅਹਿਦ ਲੈਂਦੀ ਹੈ। 
2. 20ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਬਹੁਤ ਸਾਰੇ ਗਰੀਬ ਪਰ ਮਿਹਨਤੀ ਕਿਸਾਨ, ਖੇਤ ਮਜ਼ਦੂਰ ਤੇ ਕਾਮੇ ਰੋਜੀ ਰੋਟੀ ਦੀ ਭਾਲ ਵਿਚ ਅਮਰੀਕਾ ਅਤੇ ਕਨਾਡਾ ਗਏ। ਬਹੁਤਿਆਂ ਨੂੰ ਤਾਂ ਉਥੇ ਵੜਨ ਹੀ ਨਹੀਂ ਦਿੱਤਾ ਗਿਆ। ਜਿਹੜੇ ਲੋਕ ਉਥੇ ਕਿਸੇ ਤਰ੍ਹਾਂ ਵਸ ਗਏ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਨਸਲੀ ਵਿਤਕਰੇ, ਦਮਨ, ਉਤਪੀੜਨ ਅਤੇ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ। ਅਜਿਹੀਆਂ ਘਟਨਾਵਾਂ ਅੱਜ ਵੀ ਹੁੰਦੀਆਂ ਹਨ, ਉਸ ਸਮੇਂ ਬਹੁਤ ਵੱਡੀ ਪੱਧਰ ਉਤੇ ਹੋਈਆਂ ਸਨ। ਅੰਗਰੇਜ਼ ਅਧਿਕਾਰੀਆਂ ਨੂੰ ਕਈ ਵਾਰ ਅਪੀਲਾਂ ਕੀਤੀਆਂ ਗਈਆਂ ਕਿ ਉਹ ਪਰਵਾਸੀਆਂ ਵਲੋਂ ਇਨ੍ਹਾਂ ਮੁੱਦਿਆਂ ਨੂੰ ਕਨਾਡਾ ਤੇ ਅਮਰੀਕਾ ਦੀਆਂ ਸਰਕਾਰਾਂ ਦੇ ਸਾਹਮਣੇ ਚੁੱਕਣ, ਪਰ ਇਸਦਾ ਕੋਈ ਅਸਰ ਨਹੀਂ ਹੋਇਆ। ਅੰਗਰੇਜ਼ ਅਧਿਕਾਰੀਆਂ ਨੇ ਅਜਿਹੇ ਹਮਲਿਆਂ ਅਤੇ ਪਾਬੰਦੀਆਂ ਨੂੰ ਬੜ੍ਹਾਵਾ ਦਿੱਤਾ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਗੁਲਾਮ ਪਰਜਾ ਯੂਰਪ ਅਤੇ ਅਮਰੀਕਾ ਜਾ ਕੇ ਆਜ਼ਾਦੀ ਅਤੇ ਸਮਾਜਵਾਦ ਦੇ ਵਿਚਾਰਾਂ ਨਾਲ 'ਦੂਸ਼ਿਤ' ਹੋਵੇ। 
3. ਆਪਣੇ ਅਨੁਭਵਾਂ ਤੋਂ ਸਿਖਦੇ ਹੋਏ ਅਤੇ ਦੇਸ਼ ਵਿਚ ਇਨਕਲਾਬੀਆਂ ਦੀਆਂ ਸਰਗਰਮੀਆਂ (ਖਾਸ ਕਰਕੇ 23 ਦਸੰਬਰ 1913 ਨੂੰ ਦਿੱਲੀ ਵਿਚ ਭਾਰਤ ਦੇ ਵਾਇਸਰਾਏ ਲਾਰਡ ਹਾਰਡਿੰਗ ਉਤੇ ਬੰਬ ਸੁੱਟਣ ਦੀ ਘਟਨਾ) ਤੋਂ ਪ੍ਰੇਰਤ ਹੋ ਕੇ ਪਰਵਾਸੀ ਭਾਈਚਾਰਾ ਮਾਤਰਭੂਮੀ ਦੀ ਮੁਕਤੀ ਲਈ ਹਥਿਆਰਬੰਦ ਸੰਘਰਸ਼ ਨੂੰ ਇਕੋ ਇਕ ਰਾਹ ਵਜੋਂ ਮਹਿਸੂਸ ਕਰਨ ਲੱਗਾ ਸੀ। ਭਗਵਾਨ ਸਿੰਘ ਇਸ ਵਿਚਾਰ ਦੇ ਪਹਿਲੇ ਪ੍ਰਚਾਰਕ ਸਨ ਜਿਹੜੇ 1913 ਦੀ ਸ਼ੁਰੂਆਤ ਵਿਚ ਵੈਨਕੂਵਰ ਪਹੁੰਚੇ ਸਨ, ਪਰ ਬਹੁਤ ਛੇਤੀ ਹੀ ਕਨਾਡਾ ਦੀ ਸਰਕਾਰ ਨੇ ਉਨ੍ਹਾਂ ਨੂੰ ਦੇਸ਼ੋਂ ਕੱਢ ਦਿੱਤਾ ਸੀ। 
4. ਵਧੇਰੇ ਸਥਾਈ ਅਤੇ ਵਿਆਪਕ ਆਧਾਰ ਵਾਲੀ ਲਹਿਰ ਅਮਰੀਕਾ ਵਿਚ ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਪੰਡਿਤ ਕਾਂਸ਼ੀ ਰਾਮ ਤੇ ਹੋਰ ਲੋਕਾਂ ਦੀ ਅਗਵਾਈ ਵਿਚ ਸ਼ੁਰੂ ਹੋਈ। ਮਈ 1913 ਵਿਚ ਪੋਰਟਲੈਂਡ ਵਿਚ ਹਿੰਦੀ ਪੈਸਿਫਿਕ ਐਸੋਸੀਏਸ਼ਨ ਦੀ ਸਥਾਪਨਾ ਸਭਾ ਵਿਚ ਲਾਲਾ ਹਰਦਿਆਲ ਨੇ ਇਕ ਕਾਰਵਾਈ ਦੀ ਰੂਪ-ਰੇਖਾ ਪੇਸ਼ ਕੀਤੀ। ਲਾਲਾ ਹਰਦਿਆਲ ਦੁਨੀਆਂ ਦੇ ਸਨਅਤੀ ਮਜ਼ਦੂਰਾਂ ਦੀ ਜਥੇਬੰਦੀ ਦੀ ਸਾਨਫਰਾਂਸਿਸਕੋ ਸ਼ਾਖਾ ਦੇ ਸਕੱਤਰ ਰਹਿ ਚੁੱਕੇ ਸਨ ਅਤੇ ਸ਼ਾਇਦ ਕਾਰਲ ਮਾਰਕਸ ਉਤੇ ਲੇਖ (ਮਾਡਰਨ ਰਿਵਿਊ, ਕਲਕੱਤਾ, ਮਾਰਚ 1912 ਵਿਚ ਪ੍ਰਕਾਸ਼ਤ) ਲਿਖਣ ਵਾਲੇ ਪਹਿਲੇ ਭਾਰਤੀ ਸਨ। ਇਕ ਐਕਸ਼ਨ ਯੋਜਨਾ ਪੇਸ਼ ਕੀਤੀ ਗਈ ਸੀ : ''ਅਮਰੀਕੀਆਂ ਨਾਲ ਨਾ ਲੜੋ, ਪਰ ਅਮਰੀਕਾ ਵਿਚ ਮੌਜੂਦਾ ਆਜ਼ਾਦੀ ਦੀ ਵਰਤੋਂ ਅੰਗਰੇਜ਼ਾਂ ਨਾਲ ਲੜਨ ਲਈ ਕਰੋ। ਅਮਰੀਕਾ ਤੁਹਾਨੂੰ ਤਾਂ ਤੱਕ ਬਰਾਬਰੀ ਦਾ ਦਰਜਾ ਨਹੀਂ ਦੇਵੇਗਾ, ਜਦੋਂ ਤੱਕ ਕਿ ਤੁਸੀਂ ਆਪਣੇ ਦੇਸ਼ ਵਿਚ ਆਜ਼ਾਦ ਨਹੀਂ ਹੋ ਜਾਂਦੇ। ਭਾਰਤੀਆਂ ਦੀ ਗਰੀਬੀ ਅਤੇ ਅਨਪੜ੍ਹਤਾ ਦਾ ਮੂਲ ਕਾਰਨ ਅੰਗਰੇਜ਼ੀ ਹਕੂਮਤ ਹੈ ਅਤੇ ਇਸਨੂੰ ਅਪੀਲਾਂ ਨਾਲ ਨਹੀਂ ਹਥਿਆਰਬੰਦ ਬਗਾਵਤ ਰਾਹੀਂ ਹੀ ਲਾਜ਼ਮੀ ਜੜੋਂ ਪੁਟਿਆ ਜਾਣਾ ਚਾਹੀਦਾ ਹੈ। ਇਸ ਸੁਨੇਹੇ ਨੂੰ ਜਨਤਾ ਅਤੇ ਭਾਰਤੀ ਫੌਜ ਦੇ ਫੌਜੀਆਂ ਤੱਕ ਲੈ ਕੇ ਜਾਓ। ਭਾਰਤ ਵਾਪਸ ਜਾਓ ਅਤੇ ਉਨ੍ਹਾਂ ਦਾ ਸਹਿਯੋਗ ਹਾਸਲ ਕਰੋ।'' ਹਰ ਵਿਅਕਤੀ ਇਸ ਮਤੇ ਨਾਲ ਸਹਿਮਤ ਸੀ ਅਤੇ ਸਾਨਫਰਾਂਸਿਸਕੋ ਵਿਚ ਯੁਗਾਂਤਰ ਆਸ਼ਰਮ ਦੇ ਨਾਂਅ ਨਾਲ ਹੈਡ ਕੁਆਟਰ ਸ਼ੁਰੂ ਕੀਤਾ ਗਿਆ। ਉਸੇ ਸਾਲ ਨਵੰਬਰ ਤੋਂ ਗ਼ਦਰ ਨਾਂਅ ਦੇ ਹਫਤਾਵਾਰੀ ਪਰਚੇ ਦਾ ਪ੍ਰਕਾਸ਼ਨ ਪਹਿਲਾਂ ਉਰਦੂ ਅਤੇ ਗੁਰਮੁਖੀ ਵਿਚ ਸ਼ੁਰੂ ਹੋਇਆ ਅਤੇ ਬਾਅਦ ਵਿਚ ਕੁੱਝ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਨਿਕਲਿਆ। ਛੇਤੀ ਹੀ ਇਹ ਲਹਿਰ ਇਸ ਬਹੁਤ ਹੀ ਹਰਮਨ ਪਿਆਰੇ ਪਰਚੇ ਦੇ ਨਾਂਅ ਨਾਲ ਹੀ ਜਾਣੀ ਜਾਣ ਲੱਗ ਪਈ। 
5. ਗ਼ਦਰ ਪਰਚੇ ਨੇ ਵਿਉਂਤਬੰਧ ਢੰਗ ਨਾਲ ਭਾਰਤ ਵਿਚ ਅੰਗਰੇਜ਼ ਹਕੂਮਤ ਦਾ ਪਰਦਾਚਾਕ ਕੀਤਾ ਅਤੇ ਇਨਕਲਾਬੀ ਕੌਮਪ੍ਰਸਤਾਂ ਦੀਆਂ ਸਰਗਰਮੀਆਂ ਦਾ ਪ੍ਰਚਾਰ ਕੀਤਾ। ਇਸਨੇ ਬੰਗਾਲ ਅਤੇ ਦੇਸ਼ ਦੇ ਦੂਜਿਆਂ ਹਿੱਸਿਆਂ ਵਿਚ ਇਨਕਲਾਬੀਆਂ ਦੀਆਂ ਸਰਗਰਮੀਆਂ ਦਾ ਵੀ ਪ੍ਰਚਾਰ ਕੀਤਾ। ਇਸ ਸਭ ਤੋਂ ਵਧੇਰੇ ਛੱਪਣ ਵਾਲੇ ਲੇਖ ਤੇ ਕਵਿਤਾਵਾਂ (ਜਿਹੜੀਆਂ ਵੱਖਰੀਆਂ ਗ਼ਦਰ ਗੂੰਜ ਵਿਚ ਵੀ ਪ੍ਰਕਾਸ਼ਤ ਹੋਈਆਂ) ਦ੍ਰਿੜ੍ਹ ਧਰਮ ਨਿਰਪੱਖਤਾ ਦੀ ਮਿਸਾਲ ਸਨ ਜਦੋਂਕਿ ਕੌਮਪ੍ਰਸਤ ਸੁਰ ਵਿਚ ਵਧੇਰੇ ਹਿੰਦੂ ਧਾਰਮਕ ਗੂੰਜ ਸੁਣਾਈ ਪੈਂਦੀ ਸੀ। 
6. ਜਦੋਂ 1914 ਵਿਚ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਤਾਂ ਗਦਰੀਆਂ ਨੇ ਇੰਗਲੈਂਡ ਦੀਆਂ ਮੁਸ਼ਕਲਾਂ ਨੂੰ ਭਾਰਤ ਲਈ ਇਕ ਮੌਕੇ ਵਜੋਂ ਵਰਤਣ ਦਾ ਨਿਸ਼ਚਾ ਕੀਤਾ। 1914 ਦੇ ਦਰਮਿਆਨ ਵਿਚ ਕਾਮਾਗਾਟਾਮਾਰੂ ਸਾਕੇ ਨੇ ਉਨ੍ਹਾਂ ਦੇ ਜਨੂੰਨ ਨੂੰ ਹੋਰ ਵੀ ਵਧਾ ਦਿੱਤਾ। ਕਾਮਾਗਾਟਾਮਾਰੂ ਨਾਂਅ ਦੇ ਜਹਾਜ ਵਿਚ 376 ਭਾਰਤੀ (ਵਧੇਰੇ ਪੰਜਾਬੀ ਸਿੱਖ ਤੇ ਮੁਸਲਮਾਨ) ਪਰਵਾਸੀਆਂ ਦੇ ਰੂਪ ਵਿਚ ਕਨਾਡਾ ਪੁੱਜੇ ਪਰ ਉਨ੍ਹਾਂ ਨੂੰ ਵੈਨਕੂਵਰ ਦੇ ਕੰਢੇ ਤੋਂ ਵਾਪਸ ਭੇਜ ਦਿੱਤਾ ਗਿਆ। ਕਨਾਡਾ ਜਾਣ ਅਤੇ ਵਾਪਸ ਆਣ ਦੀ ਮਹੀਨਿਆਂ ਲੰਬੀ ਯਾਤਰਾ ਦੌਰਾਨ ਪੀੜਤ ਯਾਤਰੂਆਂ ਦੇ ਪੱਖ ਵਿਚ ਗ਼ਦਰ ਕਾਰਕੁੰਨਾਂ ਤੇ ਹੋਰ ਲੋਕਾਂ ਨੇ ਅਨੇਕਾਂ ਬੰਦਰਗਾਹਾਂ ਉਤੇ ਰੈਲੀਆਂ ਤੇ ਮੁਜ਼ਾਹਰੇ ਆਯੋਜਤ ਕੀਤੇ। ਮਹੀਨਿਆਂ ਲੰਮੀ ਥਕਾਊ ਯਾਤਰਾ ਤੋਂ ਬਾਅਦ ਜਹਾਜ 29 ਸਤੰਬਰ 1914 ਨੂੰ ਕਲਕੱਤੇ ਦੇ ਕੋਲ ਗੰਗਾ ਵਿਚ ਪੁੱਜ ਗਿਆ। ਪੁਲਸ ਨਾਲ ਝੜਪ ਹੋਣ ਕਰਕੇ ਕਰੀਬ 20 ਯਾਤਰੀ ਮਾਰੇ ਗਏ ਅਤੇ 202 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 
7. ਅਜਿਹੀ ਰੋਹ ਨਾਲ ਭਖੀ ਸਥਿਤੀ ਵਿਚ ਏਲਾਨ-ਏ-ਜੰਗ ਕੀਤਾ ਗਿਆ। ਗ਼ਦਰ ਆਗੂਆਂ ਨੇ ਅਨੇਕਾਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਭਾਰਤ ਵਾਪਸ ਜਾ ਕੇ ਹਥਿਆਰਬੰਦ ਸੰਘਰਸ਼ ਜਥੇਬੰਦ ਕਰਨ ਦੀ ਅਪੀਲ ਕੀਤੀ। ਕਈ ਯੋਗ ਜਥੇਬੰਦਕ ਜਪਾਨ, ਚੀਨ ਅਤੇ ਫਿਲਪੀਂਨਸ ਵਰਗੇ ਦੇਸ਼ਾਂ ਵਿਚ ਵੀ ਭੇਜੇ ਗਏ ਤਾਂਕਿ ਉਥੇ ਰਹਿੰਦੇ ਭਾਰਤੀਆਂ ਨੂੰ ਵੀ ਇਸ ਕੰਮ ਲਈ ਪ੍ਰੇਰਤ ਕੀਤਾ ਜਾ ਸਕੇ। ਇਸ ਸੱਦੇ 'ਤੇ ਅਮਲ ਕਰਦਿਆਂ 8000 ਪਰਵਾਸੀ ਭਾਰਤ ਵਾਪਸ ਪੁੱਜੇ। ਭਾਰਤ ਦੀ ਸਰਕਾਰ ਨੇ ਉਨ੍ਹਾਂ ਵਿਚੋਂ ਵਧੇਰੇ 'ਖਤਰਨਾਕ' ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਵਧੇਰੇ ਨੂੰ ਉਨ੍ਹਾਂ ਦੇ ਪਿੰਡਾਂ ਵਿਚ ਜੂਹਬੰਦ ਕਰ ਦਿੱਤਾ ਗਿਆ। ਬਾਕੀ ਬਚੇ ਲੋਕ ਪਿੰਡ ਪਿੰਡ ਗਏ ਅਤੇ ਭਾਸ਼ਣ ਦਿੱਤੇ ਪਰ ਆਮ ਪੰਜਾਬੀ ਕਿਸਾਨ ਨੇ ਹਥਿਆਰਬੰਦ ਸੰਘਰਸ਼ ਪ੍ਰਤੀ ਕੋਈ ਗਰਮਜੋਸ਼ੀ ਵਾਲੀ ਪ੍ਰਤੀਕਿਰਿਆ ਦਾ ਇਜਹਾਰ ਨਹੀਂ ਕੀਤਾ। ਮਾਮਲੇ ਨੂੰ ਹੋਰ ਬਿਗਾੜਦੇ ਹੋਏ ਚੀਫ ਖਾਲਸਾ ਦੀਵਾਨ ਨੇ ਗ਼ਦਰ ਦੇ ਪੈਰੋਕਾਰਾਂ ਨੂੰ ਪਤਿਤ ਸਿੱਖ ਅਤੇ ਮੁਜਰਮ ਐਲਾਨ ਦਿੱਤਾ ਅਤੇ ਉਨ੍ਹਾਂ ਨੂੰ ਫੜਵਾਉਣ ਵਿਚ ਅਧਿਕਾਰੀਆਂ ਦੀ ਮਦਦ ਕੀਤੀ। 
8. ਉਸ ਵੇਲੇ ਗ਼ਦਰ ਦੇ ਆਗੂਆਂ ਨੇ ਰਾਸ ਬਿਹਾਰੀ ਬੋਸ ਨੂੰ ਪੰਜਾਬ, ਉਤਰ ਪ੍ਰਦੇਸ਼ ਤੇ ਕੁੱਝ ਹੋਰ ਥਾਵਾਂ ਉਤੇ ਫੌਜ ਵਿਚ ਇਕ ਨਿਸ਼ਚਤ ਦਿਨ 'ਤੇ ਇਕਜੁੱਟ ਬਗਾਵਤ ਸੰਗਠਨ ਕਰਨ ਵਿਚ ਸਹਿਯੋਗ ਦੇਣ ਲਈ ਸੱਦਾ ਦਿੱਤਾ। ਪਰ ਯੋਜਨਾ ਦਾ ਭੇਦ ਖੁਲ੍ਹ ਗਿਆ ਅਤੇ ਵਧੇਰੇ ਆਗੂ ਗ੍ਰਿਫਤਾਰ ਕਰ ਲਏ ਗਏ। ਭਾਵੇਂ ਕਿ ਬੋਸ ਜਾਪਾਨ ਚਲੇ ਗਏ। ਇਕਾ ਦੁੱਕਾ ਬਗਾਵਤਾਂ ਨੂੰ ਕੁਚਲ ਦਿੱਤਾ ਗਿਆ। ਸਿੰਗਾਪੁਰ ਵਿਚ 37 ਲੋਕਾਂ ਨੂੰ ਫਾਂਸੀ ਹੋਈ ਅਤੇ 41 ਨੂੰ ਉਮਰ ਭਰ ਦੀ ਕੈਦ ਸੁਣਾਈ ਗਈ। ਸਾਜਿਸ਼ ਦੇ ਮੁਕੱਦਮੇ ਚੱਲੇ ਅਤੇ 45 ਗ਼ਦਰੀ ਆਗੂਆਂ ਨੂੰ ਮੌਤ ਦੀ ਸਜਾ ਦਿੱਤੀ ਗਈ ਜਦੋਂਕਿ 200 ਤੋਂ ਵਧੇਰੇ ਲੋਕਾਂ ਨੂੰ ਲੰਮੀ ਕੈਦ ਦੀਆਂ ਸਜ਼ਾ ਸੁਣਾਈਆਂ ਗਈਆਂ। ਉਸ ਵੇਲੇ ਵਿਦੇਸ਼ਾਂ ਵਿਚ ਮੌਜੂਦ ਭਾਰਤੀ ਸਿਪਾਹੀਆਂ ਦੀ ਬਗਾਵਤ ਜਥੇਬੰਦ ਕਰਨ ਦੇ ਵੀ ਯਤਨ ਹੋਏ ਪਰ ਕੋਈ ਨਤੀਜਾ ਨਹੀਂ ਨਿਕਲਿਆ। 
9. ਬਾਹਰਮੁਖੀ ਰੂਪ ਵਿਚ ਨਾਕਾਮ ਰਹਿਣ ਤੋਂ ਬਾਵਜੂਦ ਗ਼ਦਰ ਲਹਿਰ ਸਿਰਫ ਉਤਰੀ ਅਮਰੀਕਾ ਹੀ ਨਹੀਂ ਬਲਕਿ ਹੋਰ ਦੇਸ਼ਾਂ ਦੇ ਪਰਵਾਸੀ ਭਾਰਤੀਆਂ ਵਿਚ ਦੇਸ਼ਭਗਤੀ ਅਤੇ ਸ਼ਹਾਦਤ ਦੀਆਂ ਭਾਵਨਾਵਾਂ ਜਗਾਉਣ ਦੇ ਮਾਮਲੇ ਵਿਚ ਵੀ ਬੇਹੱਦ ਸਫਲ ਰਹੀ ਸੀ। ਇਹ ਭਾਵਨਾਵਾਂ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਨਿਆਂ ਦੀਆਂ ਬੁਨਿਆਦਾਂ ਉਤੇ ਟਿਕੀਆਂ ਸਨ। ਗ਼ਦਰ ਲਹਿਰ ਦੇ ਸ਼ਹੀਦਾਂ ਵਿਚ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਸਿੱਖ, ਮੁਸਲਮਾਨ ਅਤੇ ਹਿੰਦੂ ਸ਼ਾਮਲ ਸਨ। ਗ਼ਦਰ ਲਹਿਰ ਦੇ ਚੋਟੀ ਦੇ ਆਗੂਆਂ ਵਿਚੋਂ ਇਕ ਸੋਹਣ ਸਿੰਘ ਭਕਨਾ, ਜਿਹੜੇ ਬਾਅਦ ਵਿਚ ਸੀ.ਪੀ.ਆਈ. ਦੇ ਮਹੱਤਵਪੂਰਨ ਆਗੂ ਬਣੇ ਨੇ ਕਿਹਾ ਸੀ ਕਿ ''ਅਸੀਂ ਸਿੱਖ ਜਾਂ ਪੰਜਾਬੀ ਨਹੀਂ ਸਾਂ। ਦੇਸ਼ ਭਗਤੀ ਹੀ ਸਾਡਾ ਧਰਮ ਸੀ।'' ਅੰਬਾਲਾ ਵਿਚ ਫਾਂਸੀ ਚੜ੍ਹਾਏ ਗਏ ਵਿਦਰੋਹੀ ਨੌਜਵਾਨ ਸਿਪਾਹੀ ਅਬਦੁੱਲਾ ਨੇ ਅਜਿਹੀ ਹੀ ਭਾਵਨਾ ਪ੍ਰਗਟ ਕੀਤੀ ਸੀ। ਜਦੋਂ ਅਧਿਕਾਰੀਆਂ ਨੇ ਉਸਨੂੰ ਕਾਫਿਰਾਂ (ਗੈਰ ਮੁਸਲਮਾਨ) ਸਾਥੀਆਂ ਨਾਲ ਗੱਦਾਰੀ ਕਰਨ ਲਈ ਕਿਹਾ ਤਾਂ ਉਸਨੇ ਕਿਹਾ ਸੀ ਕਿ ''ਮੇਰੇ ਲਈ ਸਵਰਗ ਦਾ ਬੂਹਾ ਸਿਰਫ ਇਨ੍ਹਾਂ ਸਾਥੀਆਂ ਦੇ ਨਾਲ ਹੀ ਖੁੱਲ੍ਹੇਗਾ।''
10. ਗ਼ਦਰ ਦੇ ਆਗੂਆਂ ਅਤੇ ਕਾਰਕੁੰਨਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਮਾਣਮੱਤੇ ਢੰਗ ਨਾਲ ਲੜੀ। ਉਨ੍ਹਾਂ ਦਾ ਨਜ਼ਰੀਆ ਵਿਆਪਕ ਅਤੇ ਕੌਮਾਂਤਰੀਵਾਦੀ ਸੀ। ਉਹ ਆਈਰਿਸ਼, ਮੈਕਸੀਕਨ, ਰੂਸੀ ਅਤੇ ਨਾਲ ਦੀ ਨਾਲ ਭਾਰਤੀ ਇਨਕਲਾਬੀਆਂ ਤੋਂ ਪ੍ਰੇਰਣਾ ਲੈਂਦੇ ਸਨ। ਲਹਿਰ ਨੇ ਆਪਣੇ ਆਪ ਨੂੰ ਭਾਰਤੀ ਆਜਾਦੀ ਸੰਗਰਾਮ ਦੀਆਂ ਇਨਕਲਾਬੀ ਪਰੰਪਰਾਵਾਂ ਉਤੇ ਖੜਾ ਕੀਤਾ ਅਤੇ ਦੇਸ਼ ਦੇ ਅੰਦਰ ਅਤੇ ਬਾਹਰ ਭਾਰਤ ਦੀਆਂ ਭਵਿੱਖੀ ਪੀੜ੍ਹੀਆਂ ਲਈ ਬਸਤੀਵਾਦ ਅਤੇ ਸਾਮਰਾਜਵਾਦ ਦੇ ਵਿਰੁੱਧ ਬੇਕਿਰਕ ਸੰਘਰਸ਼ ਦੀ ਅਮੀਰ ਵਿਰਾਸਤ ਛੱਡ ਗਏ। ਲਹਿਰ ਨੂੰ ਕੁਚਲ ਦਿੱਤੇ ਜਾਣ ਤੋਂ ਬਾਅਦ ਕਿਰਤੀ ਕਿਸਾਨ ਪਾਰਟੀ, ਬੱਬਰ ਅਕਾਲੀ ਅੰਦੋਲਨ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਅਗਵਾਈ ਵਾਲੀ ਨੌਜਵਾਨ ਭਾਰਤ ਸਭਾ ਨੇ ਇਸ ਮਸ਼ਾਲ ਨੂੰ ਅੱਗੇ ਵਧਾਇਆ। ਗ਼ਦਰ ਦੇ ਕਈ ਆਗੂ ਬਾਅਦ ਵਿਚ ਕਿਸਾਨ ਜਥੇਬੰਦਕ ਅਤੇ ਕਮਿਊਨਿਸਟ ਬਣ ਗਏ। 
11. ਅੱਜ ਗ਼ਦਰ ਲਹਿਰ ਪਹਿਲਾਂ ਨਾਲੋਂ ਕਿਤੇ ਵਧੇਰੇ ਪ੍ਰਸੰਗਕ ਹੋ ਗਈ ਹੈ ਜਦੋਂ ਭਾਰਤ ਦੀ ਸਰਕਾਰ ਸ਼ਰਮਨਾਕ ਢੰਗ ਨਾਲ ਅਮਰੀਕੀ ਸਾਮਰਾਜ ਦੇ ਹਿੱਤਾਂ ਦੀ ਚਾਕਰ ਬਣੀ ਹੋਈ ਹੈ ਅਤੇ ਇਸਦੇ ਆਗੂ ਭਾਰਤ ਦੀ ਜਨਤਾ ਨੂੰ 5 ਰੁਪਏ ਪ੍ਰਤੀ ਦਿਨ ਵਿਚ ਗੁਜ਼ਾਰਾ ਕਰਨ ਦੀਆਂ ਮੱਤਾਂ ਦਿੰਦੇ ਹਨ। ਸਰਕਾਰ ਹਰ ਖੇਤਰ ਨੂੰ ਐਫ.ਡੀ.ਆਈ. ਲਈ ਖੋਲ੍ਹਣ 'ਤੇ ਬਜਿੱਦ ਹੈ। ਇਸ ਤਰ੍ਹਾਂ ਭਾਰਤੀ ਅਤੇ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਦੇਸ਼ ਦੇ ਵਸੀਲਿਆਂ ਨੂੰ ਲੁੱਟਣ, ਲੋਕਾਂ ਨੂੰ ਉਨ੍ਹਾਂ ਦੇ ਜੰਗਲਾਂ, ਜ਼ਮੀਨਾਂ ਅਤੇ ਰੋਜੀ ਰੋਟੀ ਤੋਂ ਬੇਦਖਲ ਕਰਨ ਅਤੇ ਹਰ ਜਨਤਕ ਅੰਦੋਲਨ ਨੂੰ ਬਰਬਰਤਾ ਨਾਲ ਕੁਚਲਣ ਦੀ ਖੁੱਲ੍ਹੀ ਛੋਟ ਦਿੱਤੀ ਜਾ ਰਹੀ ਹੈ। ਐਡਵਰਡ ਸਨੋਡਨ ਨੇ ਅਮਰੀਕੀ ਸਰਕਾਰ ਦਾ ਪਰਦਾਫਾਸ਼ ਕੀਤਾ ਕਿ ਅਮਰੀਕੀ ਸਰਕਾਰ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਦੀ ਜਸੂਸੀ ਕਰਦੀ ਹੈ। ਪਰ ਇਹ ਸ਼ਰਮਨਾਕ ਹੈ ਕਿ ਸਿਰਫ ਭਾਰਤ ਦੀ ਸਰਕਾਰ ਹੀ ਆਪਣੇ ਅਮਰੀਕੀ ਆਕਿਆਂ ਦੀ ਵਫਾਦਾਰ ਬਣੀ ਹੋਈ ਹੈ ਅਤੇ ਉਨ੍ਹਾਂ ਦੀ ਜਸੂਸੀ ਨੂੰ ਜਾਇਜ਼ ਠਹਿਰਾ ਰਹੀ ਹੈ। ਆਪਣੇ ਸਮੇਂ ਵਿਚ ਅਸੀਂ ਜਾਣਦੇ ਹਾਂ ਕਿ ਗ਼ਦਰ ਦੇ ਨਾਇਕਾਂ ਦਾ ਯੁੱਧ ਅਜੇ ਸਮਾਪਤ ਹੋਣ ਤੋਂ ਕੋਹਾਂ ਦੂਰ ਹੈ। ਇਹ ਕਨਵੈਨਸ਼ਨ ਇਕ ਆਜ਼ਾਦ ਅਤੇ ਆਤਮ ਸਨਮਾਨ ਵਾਲੇ ਭਾਰਤ ਲਈ ਉਨ੍ਹਾਂ ਦੇ ਸੰਘਰਸ਼ ਨੂੰ ਅੱਗੇ ਵਧਾਉਣ ਦਾ ਸੰਕਲਪ ਲੈਂਦੀ ਹੈ। 
12. ਭਾਰਤ ਦੀਆਂ ਹਾਕਮ ਜਮਾਤਾਂ ਦੀਆਂ ਪਾਰਟੀਆਂ ਦੇ ਆਗੂਆਂ ਨੂੰ ਅੱਜ ਅਸੀਂ ਮੁਸਲਮਾਨਾਂ, ਸਿੱਖਾਂ ਤੇ ਇਸਾਈ ਘਟ ਗਿਣਤੀਆਂ ਦੇ ਕਤਲੇਆਮਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਸੁਣ ਸਕਦੇ ਹਾਂ। ਕਤਲੇਆਮ ਅਤੇ ਫਰਜ਼ੀ ਮੁਕਾਬਲਿਆਂ ਵਿਚ ਸਿੱਧੇ ਹਿੱਸੇਦਾਰ ਰਹੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਕਾਰਪੋਰੇਟ ਘਰਾਣੇ ਮੋਦੀ ਦਾ ਸਮਰਥਨ ਕਰ ਰਹੇ ਹਨ ਕਿਉਂਕਿ ਗੁਜ਼ਰਾਤ ਵਿਚ ਉਸਦੀ ਹਕੂਮਤ ਭਰਿਸ਼ਟਾਚਾਰ, ਕਾਰਪੋਰੇਟ ਲੁੱਟ ਅਤੇ ਦਮਨ ਦਾ ਸਫਲ ਮਾਡਲ ਹੈ। ਜਦੋਂਕਿ ਫਿਰਕੂ ਨਫਰਤ ਦੀ ਉਸਦੀ ਹਮਲਾਵਰ ਰਾਜਨੀਤੀ ਨੇ ਕਾਮਯਾਬੀ ਨਾਲ ਉਨ੍ਹਾਂ ਮੁੱਦਿਆਂ ਨੂੰ ਨਹੀਂ ਉਭਰਨ ਦਿੱਤਾ ਹੈ ਜਿਨ੍ਹਾਂ ਕਰਕੇ ਦੂਸਰੀਆਂ ਭਰਿਸ਼ਟ ਅਤੇ ਦਮਨਕਾਰੀ ਸਰਕਾਰਾਂ ਲੋਕ ਰੋਹ ਦਾ ਸਾਹਮਣਾ ਕਰਦੀਆਂ ਹਨ। ਸੰਘ ਪਰਿਵਾਰ ਆਪਣੇ ਆਪ ਨੂੰ ਅਤੇ ਨਰਿੰਦਰ ਮੋਦੀ ਵਰਗੇ ਆਪਣੇ ਪ੍ਰਤਿਨਿਧਾਂ ਨੂੰ ਦੇਸ਼ ਭਗਤ ਨਾਇਕਾਂ ਦੇ ਰੂਪ ਵਿਚ ਪੇਸ਼ ਕਰਦਾ ਹੈ। ਜਦੋਂਕਿ ਸਚਾਈ ਇਹ ਹੈ ਕਿ ਆਰ.ਐਸ.ਐਸ. ਨੇ ਆਜ਼ਾਦੀ ਦੀ ਲੜਾਈ ਵਿਚ ਕੋਈ ਭੂਮਿਕਾ ਨਹੀਂ ਨਿਭਾਈ ਅਤੇ ਗ਼ਦਰ ਲਹਿਰ ਸਮੇਤ ਆਜ਼ਾਦੀ ਅੰਦੋਲਨ ਦੇ ਸਮੁੱਚੇ ਇਨਕਲਾਬੀਆਂ ਨੇ 'ਹਿੰਦੂ ਰਾਸ਼ਟਰਵਾਦ' ਦੇ ਵਿਚਾਰਾਂ ਨੂੰ ਖਾਰਜ ਕੀਤਾ ਅਤੇ ਧਰਮ ਨਿਰਪੱਖ ਕਦਰਾਂ-ਕੀਮਤਾਂ ਦੀ ਰੱਖਿਆ ਕੀਤੀ। ਇਹ ਕਨਵੈਨਸ਼ਨ ਭਾਰਤ ਦੇ ਸਮੁੱਚੇ ਜਮਹੂਰੀਅਤ ਪਸੰਦ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਫਿਰਕੂ ਅਤੇ ਕਾਰਪੋਰੇਟ ਫਾਸ਼ੀਵਾਦ ਦਾ ਵਿਰੋਧ ਕਰਨ ਅਤੇ ਗ਼ਦਰ ਦੇ ਇਨਕਲਾਬੀਆਂ ਤੋਂ ਵਿਰਾਸਤ ਵਿਚ ਮਿਲੀਆਂ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਸਾਮਰਾਜ ਵਿਰੋਧ ਦੀਆਂ ਕਦਰਾਂ-ਕੀਮਤਾਂ ਦਾ ਰੱਖਿਆ ਕਰਨ। 
ਇਸ ਮਹਾਨ ਲਹਿਰ ਦੇ ਸ਼ਤਾਬਦੀ ਵਰ੍ਹੇ ਮੌਕੇ ਅਸੀਂ ਗ਼ਦਰ ਦੇ ਇਨਕਲਾਬੀਆਂ ਦੇ ਸਾਹਸ, ਪ੍ਰਤੀਬੱਧਤਾ ਅਤੇ ਆਤਮ ਬਲਿਦਾਨ ਦੀਆਂ ਭਾਵਨਾਵਾਂ ਨੂੰ ਸਲਾਮ ਕਰਦੇ ਹਾਂ ਅਤੇ ਉਨ੍ਹਾਂ ਨੂੰ ਸੰਘਰਸ਼ ਦੇ ਮਹਾਨ ਨਿਸ਼ਾਨੇ ਦੇ ਪ੍ਰਤੀ ਆਪਣੇ ਆਪ ਨੂੰ ਮੁੜ ਸਮਰਪਤ ਕਰਦੇ ਹਾਂ। 

No comments:

Post a Comment