Thursday, 10 October 2013

ਹਾਕਮਾਂ ਦੇ ਗਰੀਬੀ ਰੇਖਾ ਬਾਰੇ ਬਿਆਨਾਂ ਦਾ ਜਥੇਬੰਦ ਹੋ ਕੇ ਜਵਾਬ ਦਿਓ!

ਗੁਰਨਾਮ ਸਿੰਘ ਦਾਊਦ

ਪਿਛਲੇ ਸਮੇਂ ਤੋਂ ਦੇਸ਼ ਅੰਦਰ ਗਰੀਬੀ ਰੇਖਾ ਤਹਿ ਕਰਨ ਸਬੰਧੀ ਚਰਚਾ ਚਲ ਰਹੀ ਹੈ। ਇਸ ਬਾਰੇ ਬਦਲ ਬਦਲ ਕੇ ਰਾਵਾਂ ਅਤੇ ਬਿਆਨ ਨਿੱਤ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਰਹਿੇੰਦੇ ਹਨ। ਪਰ ਇਹ ਬਿਆਨ ਅਤੇ ਰਾਵਾਂ ਧਰਾਤਲ ਤੇ ਵੱਸਦੇ ਗਰੀਬ ਲੋਕਾਂ ਦੀ ਅਸਲੀ ਹਾਲਤ ਤੋਂ ਕੋਹਾਂ ਦੂਰ ਹੁੰਦੇ ਹਨ। ਗਰੀਬ ਆਪਣੀ ਜਿੰਦਗੀ ਅੱਤ ਦੀ ਗਰੀਬ ਅਵਸਥਾ ਵਿਚ ਕਿਵੇਂ ਬਸਰ ਕਰ ਰਿਹਾ ਹੈ ਇਸ ਦਾ ਸਾਡੇ ਹਾਕਮਾਂ ਅਤੇ ਨੀਤੀ ਘਾੜਿਆਂ ਨੂੰ ਭੋਰਾ ਵੀ ਅਹਿਸਾਸ ਨਹੀਂ ਹੈ। ਜਦੋਂ ਅਸੀਂ ਇਸ ਦੇ ਕਾਰਨ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਹਮਣੇ ਆਉਂਦਾ ਹੈ ਕਿ ਗਰੀਬ ਦੀ ਜ਼ਿੰਦਗੀ ਨੂੰ ਅਸਲ ਵਿਚ ਤਾਂ ਉਹ ਲੋਕ ਹੀ ਸਮਝ ਸਕਦੇ ਹਨ ਜਿਨ੍ਹਾ ਨੇ ਇਹ ਜ਼ਿੰਦਗੀ ਆਪ ਹੰਢਾਈ ਹੈ ਤੇ ਹੰਢਾਅ ਰਹੇ ਹਨ ਜਾਂ ਫਿਰ ਕੁੱਝ ਹੱਦ ਤੱਕ ਉਹ ਲੋਕ ਵੀ ਜਾਣ ਸਕਦੇ ਹਨ ਜਿੰਨਾਂ ਦੀ ਇਹਨਾਂ ਗਰੀਬ ਲੋਕਾਂ ਨਾਲ ਦਿਲੋਂ ਹਮਦਰਦੀ ਹੋਵੇ ਭਾਵੇਂ ਉਹ ਆਪ ਗਰੀਬ ਨਾ ਵੀ ਹੋਣ। ਪਰ ਸਾਡੇ ਦੇਸ਼ ਦੀ ਅਸਲ ਸਥਿਤੀ ਕੀ ਹੈ, ਆਓ ਜ਼ਰਾ ਗੌਰ ਨਾਲ ਜਾਨਣ ਦੀ ਕੋਸ਼ਿਸ਼ ਕਰੀਏ। 
ਅਸਲ ਕਾਰਨ ਜਾਨਣ ਲਈ ਸਾਨੂੰ ਸਮਝਣਾ ਪਵੇਗਾ ਕਿ ਸਾਡੇ ਹਾਕਮ ਤੇ ਨੀਤੀ ਘਾੜੇ ਕੌਣ ਹਨ। ਸਾਡੇ ਦੇਸ਼ ਵਿਚ ਵੀ ਦੁਨੀਆਂ ਦੇ ਬਾਕੀ ਦੇਸ਼ਾਂ ਵਾਂਗ ਦੋ ਤਰ੍ਹਾਂ ਦੇ ਲੋਕ ਰਹਿੰਦੇ ਹਨ। ਇਕ ਉਹ ਲੋਕ ਹਨ ਜੋ ਹੱਥੀਂ ਮਿਹਨਤ, ਮਜ਼ਦੂਰੀ ਕਰਦੇ ਹਨ। ਭਾਵ ਹੱਥੀਂ ਕਿਰਤ ਕਰਦੇ ਹਨ, ਜਿਨ੍ਹਾਂ ਵਿਚ ਖੇਤਾਂ 'ਚ ਕੰਮ ਕਰਦੇ ਮਜ਼ਦੂਰ, ਰਿਕਸ਼ਾ ਚਾਲਕ, ਪੱਲੇਦਾਰ, ਭੱਠਾ ਮਜ਼ਦੂਰ, ਛੋਟੇ ਦੁਕਾਨਦਾਰ, ਰਾਜ ਮਿਸਤਰੀ ਤੇ ਉਹਨਾਂ ਦੇ ਨਾਲ ਕੰਮ ਕਰਦੇ ਮਜ਼ਦੂਰ, ਰੇਹੜੀ-ਫੜ੍ਹੀ ਵਾਲੇ ਛੋਟੇ ਛੋਟੇ ਸਮਾਨ ਵਿਕਰੇਤਾ, ਰੂੜੀਆਂ ਤੋਂ ਲਿਫਾਫੇ ਤੇ ਬੋਤਲਾਂ ਚੁੱਗਦੇ ਲੋਕ, ਸੜਕਾਂ ਦੇ ਕੰਢਿਆਂ ਤੋਂ ਚੁੰਬਕ ਦੀ ਸਹਾਇਤਾ ਨਾਲ ਡਿਗਾ ਢੱਠਾ ਲੋਹਾ ਤੇ ਕਚਰਾ ਇਕੱਠਾ ਕਰਦੇ ਲੋਕ, ਫੇਰੀ ਵਾਲੇ, ਰੇਹੜਾ-ਘੋੜਾ ਬਣਾ ਕੇ ਕੰਮ ਕਰਨ ਵਾਲੇ, ਆਟੋ ਰਿਕਸ਼ਾ ਚਲਾਉਣ ਵਾਲੇ ਲੋਕ, ਹਰ ਪ੍ਰਕਾਰ ਦੇ ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਮਜ਼ਦੂਰ, ਹੱਥੀਂ ਕੰਮ ਕਰਨ ਵਾਲੇ ਕਿਸਾਨ ਹਨ। ਜੋ ਕੰਮ ਕਰਕੇ ਜਾਂ ਇਉਂ ਕਹਿ ਲਓ ਕਿ ਦਸਾਂ ਨਹੂਆਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਦੇ ਮਿੱਤਰ ਹਨ। ਅੱਖੀਂ ਦਿਸਣ ਵਾਲੀ ਸੂਈ ਧਾਗੇ ਤੋਂ ਲੈ ਕੇ ਸਮੁੰਦਰੀ ਜਹਾਜ਼ ਤਕ ਦੀ ਵੱਡੀ ਤੋਂ ਵੱਡੀ ਚੀਜ਼ ਇਹਨਾਂ ਲੋਕਾਂ ਦੀ ਹੀ ਮਿਹਨਤ ਦੀ ਪੈਦਾਵਾਰ ਹਨ। ਭਾਵ ਹਰੇਕ ਵਰਤੋਂ ਵਿਚ ਆਉਣ ਵਾਲੀ ਚੀਜ਼ ਇਹੋ ਲੋਕ ਬਣਾਉਂਦੇ ਹਨ ਤੇ ਇਹੋ ਹੀ ਦੇਸ਼ ਦੇ ਅਸਲ ਉਸਰੱਈਏ ਹਨ। ਇਹਨਾਂ ਲੋਕਾਂ ਨੂੰ ਹੀ ਕਿਰਤੀ ਜਮਾਤ ਕਿਹਾ ਜਾਂਦਾ ਹੈ। ਦੂਸਰੇ ਪਾਸੇ ਕੁਝ ਗਿਣਤੀ ਦੇ ਲੋਕ ਐਸੇ ਹਨ ਜੋ ਹੱਥੀਂ ਕਿਰਤ ਨਹੀਂ ਕਰਦੇ ਸਗੋਂ ਕਿਰਤੀਆਂ ਦੀ ਪੈਦਾਵਾਰ ਨੂੰ ਆਪਣੇ ਘੜੇ ਹੋਏ ਵੱਖ ਵੱਖ ਤਰੀਕਿਆਂ ਨਾਲ ਲੁੱਟ ਲੈਂਦੇ ਹਨ ਅਤੇ ਸਾਰੀ ਪੈਦਾਵਾਰ ਦੇ ਆਪ ਮਾਲਕ ਬਣ ਬੈਠਦੇ ਹਨ। ਫਿਰ ਇਸੇ ਪੈਦਾਵਾਰ ਜਾਂ ਪੈਦਾ ਕੀਤੇ ਸਮਾਨ ਨੂੰ ਆਪਣੀ ਮਰਜ਼ੀ ਨਾਲ ਵੇਚ ਕੇ ਅਥਾਹ ਪੈਸਾ ਇਕੱਠਾ ਕਰ ਲੈਂਦੇ ਹਨ ਜਿਸ ਦੇ ਜੋਰ ਨਾਲ ਇਹੀ ਲੋਕ ਰਾਜ ਭਾਗ ਤੇ ਚਲੇ ਜਾਂਦੇ ਹਨ ਤੇ ਸਾਡੇ ਹਾਕਮ ਅਤੇ ਨੀਤੀ ਘਾੜੇ ਹਨ। ਇਹ ਲੁਟੇਰੀ ਜਮਾਤ ਹੈ ਤੇ ਮਲਕ ਭਾਗੋ ਦੇ ਮਿੱਤਰ ਹਨ। 
ਜੇਕਰ ਰਾਜ ਸੱਤਾ ਉਤੇ ਕਿਰਤੀ ਜਮਾਤ ਦੇ ਲੋਕ ਜਾਂ ਨੁਮਾਇੰਦੇ ਹੋਣਗੇ ਤਾਂ ਉਹ ਕਿਰਤੀਆਂ ਦੇ ਭਲੇ ਦੀ ਗੱਲ ਕਰਨਗੇ ਅਤੇ ਪੈਦਾਵਾਰ ਉਤੇ ਲੱਗੀ ਕਿਰਤ ਤੋਂ ਜਾਣੂ ਹੋਣ ਕਰਕੇ ਕਿਰਤ ਦਾ ਅਸਲੀ ਮੁੱਲ ਪਾਉਣਗੇ ਤੇ ਕਿਰਤ ਦੀ ਲੁੱਟ ਬੰਦ ਹੋਵੇਗੀ। ਅਤੇ ਜੇਕਰ ਰਾਜਸੱਤਾ ਉਪਰ ਲੁਟੇਰੀ ਜਮਾਤ ਦੇ ਲੋਕ ਕਾਬਜ਼ ਹੋਣਗੇ ਤਾਂ ਉਹ ਐਸਾ ਸਿਸਟਮ ਸਿਰਜਦੇ ਰਹਿਣਗੇ ਜਿਸ ਨਾਲ ਸਾਰੀ ਪੈਦਾਵਾਰ ਉਹਨਾਂ ਦੇ ਹੀ ਕਬਜ਼ੇ ਵਿਚ ਆਉਂਦੀ ਰਹੇ ਤੇ ਉਹ ਇਸ ਲੁੱਟ ਦੇ ਮਾਲ ਰਾਹੀਂ ਐਸ਼ੋ ਅਰਾਮ ਦੀ ਜ਼ਿੰਦਗੀ ਜਿਉਂਦੇ ਰਹਿਣ। ਸੋ ਇਹਨਾਂ ਹਾਲਤਾਂ ਨੂੰ ਕਾਇਮ ਰੱਖਣ ਲਈ ਇਹ ਲੁਟੇਰੀ ਜਮਾਤ ਹਰ ਹੀਲਾ ਵਰਤਦੀ ਰਹਿੰਦੀ ਹੈ। ਇਹਨਾਂ ਦੀ ਲੋੜ ਹੈ ਕਿ ਲੋਕ ਗਰੀਬ ਰਹਿਣ ਅਤੇ ਚੋਣਾਂ ਸਮੇਂ ਉਹਨਾਂ ਨੂੰ ਲੁਭਾਉਣੇ ਨਾਹਰਿਆਂ ਨਾਲ ਭਰਮਾਇਆ ਜਾ ਸਕੇ, ਖਰੀਦਿਆ ਜਾ ਸਕੇ। ਉਹਨਾਂ ਦੀ ਲੋੜ ਹੈ ਕਿ ਲੋਕ ਅਨਪੜ੍ਹ ਤੇ ਬੇਸਮਝ ਰਹਿਣ ਤਾਂ ਕਿ ਉਹਨਾਂ ਨੂੰ ਆਪਣੀ ਗਰੀਬੀ ਤੇ ਭੁਖਮਰੀ ਦੇ ਅਸਲ ਕਾਰਨ ਸਮਝ ਨਾ ਆ ਸਕਣ। ਉਹਨਾਂ ਦੀ ਲੋੜ ਹੈ ਕਿ ਲੋਕ ਨਸ਼ੱਈ ਬਣਦੇ ਰਹਿਣ ਤਾਂ ਕਿ ਆਪਣੀ ਮੰਦਹਾਲੀ ਦੇ ਅਸਲ ਕਾਰਨਾਂ ਬਾਰੇ ਸੋਚ ਨਾ ਸਕਣ। ਉਹਨਾਂ ਦੀ ਲੋੜ ਹੈ ਕਿ ਉਹ ਅੰਧ ਵਿਸ਼ਵਾਸ ਪੈਦਾ ਕਰਨ ਤਾਂ ਕਿ ਲੋਕ ਇਹਨਾਂ ਅੰਧ ਵਿਸ਼ਵਾਸਾਂ ਵਿਚ ਫਸ ਕੇ ਪਾਖੰਡੀ ਸਾਧਾਂ ਦੇ ਡੇਰਿਆਂ 'ਤੇ ਜਾ ਕੇ ਆਪਣੀ ਗਰੀਬੀ ਨੂੰ ਕਿਸਮਤ ਦਾ ਨਤੀਜਾ ਸਮਝਦੇ ਰਹਿਣ ਤੇ ਉਸ ਤੋਂ ਛੁਟਕਾਰਾ ਪਾਉਣ ਲਈ ਲੋਕ ਲਹਿਰਾਂ ਤੇ ਸੰਘਰਸ਼ਾਂ ਤੋਂ ਪਾਸਾ ਵੱਟਦੇ ਰਹਿਣ ਅਤੇ ਜੇਕਰ ਫੇਰ ਵੀ ਕੁੱਝ ਲੋਕ ਅਸਲੀ ਕਾਰਨਾਂ ਨੂੰ ਸਮਝ ਕੇ ਸੰਘਰਸ਼ ਦੇ ਰਾਹੇ ਪੈਣ ਤਾਂ ਪੁਲਸ ਤੇ ਹੋਰ ਫੋਰਸਾਂ ਦੇ ਡੰਡੇ ਨਾਲ ਉਹਨਾਂ ਨੂੰ ਦਬਾਉਣ ਸਮੇਂ ਵਧੇਰੇ ਲੋਕ ਸ਼ਕਤੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਅਸਾਨੀ ਨਾਲ ਉਹਨਾਂ ਨੂੰ ਦਬਾਇਆ ਜਾ ਸਕੇ। 
ਸਾਡੇ ਦੇਸ਼ ਅੰਦਰ ਆਜ਼ਾਦੀ ਤੋਂ ਬਾਅਦ ਇਹ ਲੁਟੇਰੀ ਜਮਾਤ ਹੀ ਰਾਜ ਸੱਤਾ ਉਤੇ ਕਾਬਜ਼ ਰਹੀ ਹੈ। ਇਸੇ ਕਰਕੇ ਆਜ਼ਾਦੀ ਦੇ 66 ਸਾਲ ਬੀਤ ਜਾਣ 'ਤੇ ਵੀ ਗਰੀਬੀ ਤੇ ਅਮੀਰੀ ਦਾ ਪਾੜਾ ਲਗਾਤਾਰ ਵੱਧ ਰਿਹਾ ਹੈ। ਕੁਝ ਮੁੱਠੀ ਭਰ ਅਮੀਰ ਘਰਾਣਿਆਂ ਨੇ ਕਿਰਤੀ ਜਮਾਤ ਦੀ ਲੁੱਟ ਰਾਹੀਂ ਅਰਬਾਂ ਖਰਬਾਂ ਰੁਪਏ ਇਕੱਠੇ ਕਰ ਲਏ ਹਨ ਅਤੇ ਕੁਝ ਨੇ ਤਾਂ ਇਹ ਵਾਧੂ ਪੈਸਾ ਵਿਦੇਸ਼ਾਂ ਦੀਆਂ ਬੈਂਕਾਂ ਵਿਚ ਸੁਰੱਖਿਅਤ ਰੱਖਿਆ ਹੋਇਆ ਹੈ। ਅੱਗੇ ਵੀ ਇਹ ਲੁੱਟ ਲਗਾਤਾਰ ਜਾਰੀ ਹੈ। ਦੇਸ਼ ਦੇ ਕੁਦਰਤੀ ਖਜ਼ਾਨੇ ਜਲ, ਜੰਗਲ, ਜਮੀਨ, ਧਾਤਾਂ ਆਦਿ ਇਹ ਹਾਕਮ ਆਪਣੀ ਜਮਾਤ ਦੇ ਲੋਕਾਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਆਪ ਵੀ ਕਮਿਸ਼ਨ ਦੇ ਰੂਪ ਵਿਚ ਅਰਬਾਂ ਰੁਪਏ ਕਮਾਉਂਦੇ ਹਨ ਤੇ ਧਨ ਦੌਲਤ ਦੇ ਭੰਡਾਰਾਂ ਸਦਕਾ ਰਾਜ ਸੱਤਾ 'ਤੇ ਵਾਰ ਵਾਰ ਕਾਬਜ਼ ਹੋਈ ਜਾ ਰਹੇ ਹਨ। 
ਆਪਣੀ ਇਸ ਲੁੱਟ ਨੂੰ ਕਾਇਮ ਰੱਖਦਿਆਂ ਹੀ ਇਹ ਲੁਟੇਰੀ ਜਮਾਤ ਸਾਮਰਾਜ ਨਾਲ ਭਿਆਲੀ ਵਧਾ ਕੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੀਤੀਆਂ ਘੜ ਕੇ ਦੇਸ਼ ਦੀ ਕਿਰਤੀ ਜਮਾਤ ਦੀ ਲੁੱਟ ਜਾਰੀ ਰੱਖ ਰਹੀ ਹੈ। ਇਸ ਲੁੱਟ ਨੂੰ ਹੋਰ ਤੇਜ਼ ਕਰਦਿਆਂ ਹੀ ਦੇਸ਼ ਅੰਦਰ ਸਬਸਿਡੀਆਂ ਦੀ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। ਪੈਟਰੋਲ, ਡੀਜ਼ਲ ਤੇ ਚੀਨੀ ਵਰਗੀਆਂ ਅੱਤ ਲੋੜੀਂਦੀਆਂ ਚੀਜਾਂ ਦੀ ਕੀਮਤਾਂ ਨੂੰ ਕੰਟਰੋਲ ਮੁਕਤ ਕਰਕੇ ਲੋਕਾਂ ਉਤੇ ਹੋਰ ਭਾਰ ਪਾਇਆ ਜਾ ਰਿਹਾ ਹੈ। ਇਹਨਾਂ ਨੀਤੀਆਂ ਦੇ ਸਿੱਟੇ ਵਜੋਂ ਹੀ ਮਹਿੰਗਾਈ ਸਿਖਰਾਂ ਛੋਹ ਰਹੀ ਹੈ। ਹਰ ਚੀਜ਼ ਗਰੀਬ ਦੀ ਪਹੁੰਚ ਤੋਂ ਬਾਹਰ ਹੋਈ ਜਾ ਰਹੀ ਹੈ। ਢਿੱਡ ਭਰਨ ਦੀ ਹੀ ਗੱਲ ਕਰੀਏ ਤਾਂ ਦੇਸ਼ ਅੰਦਰ ਸਰਕਾਰੀ ਅੰਕੜਿਆਂ ਮੁਤਾਬਕ 23 ਕਰੋੜ 70 ਲੱਖ ਲੋਕ ਭੁੱਖੇ ਸੌਂਅ ਜਾਂਦੇ ਹਨ। ਖੁਰਾਕ ਦੀ ਘਾਟ ਕਾਰਨ ਦੇਸ਼ ਅੰਦਰ 59%  ਬੱਚਿਆਂ ਦੀ ਲੰਬਾਈ ਉਹਨਾਂ ਦੀ ਉਮਰ ਮੁਤਾਬਕ ਨਹੀਂ ਹੈ ਭਾਵ ਘੱਟ ਹੈ ਅਤੇ 42% ਬੱਚਿਆਂ ਦਾ ਭਾਰ ਉਹਨਾਂ ਦੇ ਕੱਦ ਅਨੁਸਾਰ ਨਹੀਂ ਹੈ। ਇਹ ਬੱਚੇ ਉਸ ਜਮਾਤ ਦੇ ਲੋਕਾਂ ਦੇ ਹਨ ਜੋ ਅੰਨ ਸਮੇਤ ਸਾਰਾ ਕੁਝ ਆਪ ਪੈਦਾ ਕਰਦੇ ਹਨ। ਇਕ ਰਿਪੋਰਟ ਅਨੁਸਾਰ ਭਾਰਤ ਦੇ 64 ਕਰੋੜ ਲੋਕ ਐਸੇ ਹਨ ਜਿਨ੍ਹਾਂ ਦੇ ਘਰ ਲੈਟਰੀਨਾਂ ਅਜੇ ਤੱਕ ਨਹੀਂ ਹਨ ਤੇ ਉਹ ਖੁੱਲ੍ਹੇ ਅਸਮਾਨ ਹੇਠ ਟੱਟੀ ਪਿਸ਼ਾਬ ਕਰਨ ਜਾਂਦੇ ਹਨ। ਦੇਸ਼ ਦੀ ਅਬਾਦੀ ਦਾ ਕਰੀਬ 10% ਹਿੱਸਾ ਐਸੇ ਲੋਕ ਹਨ ਜਿਨਾਂ ਕੋਲ ਆਜ਼ਾਦੀ ਦੇ 66 ਸਾਲ ਬੀਤਣ ਤੋਂ ਬਾਅਦ ਵੀ ਆਪਣੇ ਘਰ ਨਹੀਂ ਹਨ। 
ਇਹਨਾਂ ਉਪਰੋਕਤ ਥੁੜ੍ਹਾਂ ਦਾ ਕਾਰਨ ਸਾਡੇ ਦੇਸ਼ ਅੰਦਰ ਨਾ ਤਾਂ ਸਾਧਨਾਂ ਤੇ ਸਮਾਨ ਦੀ ਘਾਟ ਹੈ ਨਾ ਅਨਾਜ ਦੀ ਘਾਟ ਹੈ ਅਤੇ ਨਾ ਹੀ ਕੋਈ ਕਿਸਮਤ ਵਗੈਰਾ ਦਾ ਚੱਕਰ ਹੈ, ਸਗੋਂ ਇਸ ਦਾ ਵੱਡਾ ਤੇ ਮੁੱਖ ਕਾਰਨ ਸਾਡੇ ਦੇਸ਼ ਦੀ ਰਾਜ ਸੱਤਾ ਉਤੇ ਲੁਟੇਰੀ ਜਮਾਤ ਦਾ ਕਾਬਜ਼ ਹੋਣਾ ਅਤੇ ਸਾਮਰਾਜ ਦਾ ਲਗਾਤਾਰ ਵੱਧਦਾ ਦਖਲ ਹੈ। ਜਿਸ ਕਾਰਨ ਸਾਡੀ ਹਾਕਮ ਜਮਾਤ ਇਸ ਭਾਰੀ ਬਹੁਗਿਣਤੀ ਆਬਾਦੀ ਵੱਲ ਬੇਰੁਖੀ ਵਾਲਾ ਵਤੀਰਾ ਅਖਤਿਆਰ ਕਰਦੀ ਹੈ। ਦੇਸ਼ ਅੰਦਰ ਕਰੋੜਾਂ ਟਨ ਅਨਾਜ ਜਮ੍ਹਾ ਹੁੰਦਿਆਂ ਹੋਇਆਂ ਲੋਕ ਭੁੱਖੇ ਮਰਨ ਲਈ ਮਜ਼ਬੂਰ ਹਨ। ਇਕ ਰਿਪੋਰਟ ਅਨੁਸਾਰ ਪੰਜਾਬ ਦੀਆਂ ਵੱਖ ਵੱਖ ਏਜੰਸੀਆਂ ਨੇ ਕੇਂਦਰੀ ਅਨਾਜ ਭੰਡਾਰ ਵਾਸਤੇ ਜੋ ਕਣਕ 2012 ਤੱਕ ਖਰੀਦੀ ਹੈ ਉਹਨਾਂ ਵਿਚੋਂ ਕੁਲ 1,45,63,483 ਟਨ ਕਣਕ ਨੂੰ ਪੰਜਾਬ ਦੇ ਗੁਦਾਮਾਂ ਵਿਚ ਰੱਖਿਆ ਗਿਆ ਹੈ। ਇਸ ਵਿਚੋਂ 30,52,650 ਟਨ ਕਣਕ ਗੁਦਾਮਾਂ ਦੇ ਅੰਦਰ ਰੱਖੀ ਗਈ ਹੈ ਜੋ ਕਿ ਢੱਕੀ ਹੋਈ ਹੈ ਅਤੇ ਬਾਕੀ 1,15,04,833 ਟਨ ਕਣਕ ਖੁੱਲ੍ਹੇ ਅਸਮਾਨ ਹੇਠ ਰੱਖੀ ਗਈ ਹੈ। ਜੋ ਗਲ ਸੜ ਰਹੀ ਹੈ ਤੇ ਚੂਹੇ, ਚਿੜੀਆਂ, ਗਟਾਰਾਂ ਆਦਿ ਖਾਂਦੀਆਂ ਹਨ ਤੇ ਉਸ ਵਿਚ ਕੀੜੇ ਵੀ ਪੈ ਗਏ ਜਾਂਦੇ ਹਨ। ਇਸੇ ਤਰ੍ਹਾਂ ਹੀ ਬਾਕੀ ਥਾਵਾਂ 'ਤੇ ਰੱਖੀ ਗਈ ਕਣਕ ਦਾ ਹਾਲ ਹੋਵੇਗਾ। ਪਰ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਰਾ ਕੁੱਝ ਹੁੰਦਿਆਂ ਹੋਇਆਂ ਵੀ ਸਾਡੇ ਦੇਸ਼ ਦੇ ਗਰੀਬ ਕਿਰਤੀ ਲੋਕ ਸਰਕਾਰ ਦੀਆਂ ਅਮੀਰ ਪੱਖੀ ਨੀਤੀਆਂ ਕਾਰਨ ਭੁਖੇ ਨੰਗੇ ਤੇ ਕੰਗਾਲ ਹਨ। 
ਦੇਸ਼ ਦੇ ਹਾਕਮਾਂ ਦੀ ਗਰੀਬਾਂ ਪ੍ਰਤੀ ਪਹੁੰਚ ਦਾ ਪਿਛਲੇ ਦਿਨੀਂ ਫੇਰ ਖੁਲਾਸਾ ਹੋਇਆ ਹੈ। ਸਾਡੇ ਦੇਸ਼ ਦੇ ਸਾਮਰਾਜ ਪੱਖੀ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਸ. ਮੋਨਟੇਕ ਸਿੰਘ ਆਹਲੂਵਾਲੀਆ ਨੇ ਜੋ ਗਰੀਬੀ ਦੀ ਰੇਖਾ ਦਾ ਪੈਮਾਨਾ ਤਹਿ ਕੀਤਾ ਹੈ ਉਸ ਅਨੁਸਾਰ ਸ਼ਹਿਰ ਵਿਚ ਰਹਿਣ ਵਾਲਾ ਜੋ ਵਿਅਕਤੀ 32 ਰੁਪਏ ਰੋਜ਼ਾਨਾ ਤੇ ਪਿੰਡ ਵਿਚ ਰਹਿਣ ਵਾਲਾ 28 ਰੁਪਏ ਰੋਜ਼ਾਨਾ ਖਰਚ ਕਰਕੇ ਆਪਣਾ ਰੋਟੀ ਪਾਣੀ ਆਦਿ ਦਾ ਗੁਜ਼ਾਰਾ ਕਰਦਾ ਹੈ ਉਹ ਗਰੀਬ ਨਹੀਂ ਹੈ। ਕੈਸਾ ਪੈਮਾਨਾ ਹੈ ਇਹਨਾਂ ਹਾਕਮਾਂ ਦਾ। ਇਕ ਪਾਸੇ ਪਿਛਲੇ ਸਮੇਂ ਵਿਚ ਜਦੋਂ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੇ ਸੰਸਦ ਮੈਂਬਰਾਂ ਨੂੰ ਖਾਣੇ ਦੀ ਦਾਵਤ 'ਤੇ ਸੱਦ ਕੇ ਰੋਟੀ ਖੁਆਈ ਸੀ ਤਾਂ ਪ੍ਰਤੀ ਵਿਅਕਤੀ ਇਕ ਸਮੇਂ ਦੀ ਰੋਟੀ ਦਾ ਖਰਚ 7,721 ਰੁਪਏ ਦਰਸਾਇਆ ਗਿਆ ਸੀ। ਕਿੰਨਾ ਫਰਕ ਹੈ ਇਹਨਾਂ ਦੀ ਸੋਚ ਵਿਚ ਜੇਕਰ ਕਿਰਤੀ ਜਮਾਤ ਨੇ ਇਕ ਦਿਨ ਦਾ ਗੁਜ਼ਾਰਾ ਕਰਨਾ ਹੈ ਤਾਂ ਉਹ 32 ਰੁਪਏ ਜਾਂ 28 ਰੁਪਏ ਵਿਚ ਸਾਰਾ ਦਿਨ ਗੁਜ਼ਾਰਾ ਕਰੇ ਅਤੇ ਜੇਕਰ ਸਰਕਾਰ ਜਾਂ ਲੁਟੇਰੀ ਜਮਾਤ ਦੇ ਕਿਸੇ ਵਿਅਕਤੀ ਨੇ ਇਕ ਸਮੇਂ ਰੋਟੀ ਖਾਣੀ ਹੈ ਤਾਂ ਉਹ 7,721 ਰੁਪਏ ਖਰਚ ਲਵੇ। ਇਹ ਹੈ ਇਹਨਾਂ ਹਾਕਮਾਂ ਦਾ ਸਾਡੇ ਲੋਕਾਂ ਪ੍ਰਤੀ ਰਵੱਈਆ। 
ਇਕ ਹੋਰ ਚਰਚਾ ਵੀ ਪਿਛਲੇ ਦਿਨੀਂ ਸਾਹਮਣੇ ਆਈ ਹੈ ਕਿ ਇਕ ਫਿਲਮੀ ਕਲਾਕਾਰ ਤੋਂ ਕਾਂਗਰਸ ਦੀ ਟਿਕਟ ਤੇ ਸੰਸਦ ਮੈਂਬਰ ਬਣੇ ਰਾਜ ਬੱਬਰ ਨਾਂਅ ਦੇ ਮੌਜੂਦਾ ਸੰਸਦ ਮੈਂਬਰ ਨੇ ਆਪਣੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਇਹ ਕਹਿ ਦਿੱਤਾ ਕਿ ਬੰਬਈ ਵਿਚ ਇਕ ਬੰਦਾ 12 ਰੁਪਏ ਵਿਚ ਰੱਜਵੀਂ ਰੋਟੀ ਖਾ ਸਕਦਾ ਹੈ। ਇਸ ਤੋਂ ਵੀ ਅੱਗੇ ਜਾਂਦਿਆਂ ਇਕ ਹੋਰ ਸੰਸਦ ਮੈਂਬਰ ਰਸ਼ੀਦ ਮਸੂਦ ਨੇ ਕਹਿ ਮਾਰਿਆ ਕਿ ਦਿੱਲੀ ਵਿਚ 5 ਰੁਪਏ ਨਾਲ ਪੇਟ ਭਰ ਕੇ ਰੋਟੀ ਖਾਧੀ ਜਾ ਸਕਦੀ ਹੈ ਅਤੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਜੰਮੂ ਕਸ਼ਮੀਰ ਵਾਲੇ ਫਾਰੂਕ ਅਬਦੁਲਾ ਨੇ ਕਹਿ ਦਿੱਤਾ ਕਿ 1 ਰੁਪਏ ਵਿਚ ਵੀ ਢਿਡ ਭਰ ਕੇ ਰੋਟੀ ਖਾਧੀ ਜਾ ਸਕਦੀ ਹੈ। ਇਹਨਾਂ ਤੋਂ ਬਾਅਦ ਕਾਂਗਰਸ ਵਲੋਂ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਤੇ ਨਹਿਰੂ ਪਰਿਵਾਰ ਦੇ ਫਰਜੰਦ ਰਾਹੁਲ ਗਾਂਧੀ ਨੇ ਤਾਂ ਗੱਲ ਨੂੰ ਬਿਲਕੁਲ ਸਿਰੇ ਲਾ ਦਿੱਤਾ ਜਦੋਂ ਉਸ ਨੇ ਕਿਹਾ ਕਿ ਗਰੀਬੀ ਕੋਈ ਚੀਜ਼ ਹੀ ਨਹੀਂ ਹੈ ਸਿਰਫ ਇਹ ਤਾਂ ਮਾਨਸਿਕ ਅਵੱਸਥਾ ਹੀ ਹੁੰਦੀ ਹੈ। ਜੇਕਰ ਬੰਦਾ ਮਾਨਸਿਕ ਤੌਰ 'ਤੇ ਅਮੀਰ ਹੈ ਤਾਂ ਗਰੀਬੀ ਕੁਝ ਵੀ ਨਹੀਂ ਹੈ। ਇਹ ਹੈ ਸਾਡੇ ਹਾਕਮਾਂ ਦੀ ਗਰੀਬਾਂ ਤੇ ਕਿਰਤੀਆਂ ਪ੍ਰਤੀ ਸੋਚ। ਇਸ ਸਾਰੀ ਚਰਚਾ ਤੋਂ ਸਿੱਖਿਆ ਜਾ ਸਕਦਾ ਹੈ ਕਿ ਅਮੀਰ ਘਰਾਣਿਆਂ ਵਿਚ ਪੈਦਾ ਹੋਏ ਮਹਿਲਾਂ ਵਿਚ ਰਹਿਣ ਵਾਲੇ ਇਹ ਲੋਕ ਗਰੀਬਾਂ ਦੀ ਜ਼ਿੰਦਗੀ ਨੂੰ ਨਹੀਂ ਸਮਝ ਸਕਦੇ ਤੇ ਨਾ ਹੀ ਉਹਨਾਂ ਨਾਲ ਹਮਦਰਦੀ ਰੱਖਦੇ ਹਨ। ਗਰੀਬ ਦੀ ਜ਼ਿੰਦਗੀ ਨੂੰ ਸਿਰਫ ਗਰੀਬ ਜਾਂ ਫਿਰ ਗਰੀਬ ਪੱਖੀ ਲੋਕ ਹੀ ਸਮਝ ਸਕਦੇ ਹਨ। 
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਸਾਰਾ ਕੁੱਝ ਮੌਜੂਦ ਹੁੰਦਿਆਂ ਹੋਇਆਂ ਵੀ ਦੇਸ਼ ਦੀ 90% ਦੇ ਕਰੀਬ ਅਬਾਦੀ (ਜੋ ਕਿਰਤੀ ਜਮਾਤ ਨਾਲ ਸਬੰਧਤ ਹੈ) ਗਰੀਬ ਹੈ। ਉਹਨਾਂ ਕੋਲ ਖਾਣ ਲਈ ਰੋਟੀ ਨਹੀਂ, ਪਹਿਨਣ ਲਈ ਕੱਪੜਾ ਨਹੀਂ ਤਾਂ ਫਿਰ 66 ਸਾਲ ਦੀ ਆਜ਼ਾਦੀ ਵਿਚ ਸਾਨੂੰ ਕੀ ਮਿਲਿਆ। ਕੀ ਅਸੀਂ ਅਜੇ ਹੋਰ ਉਡੀਕ ਕਰਨੀ ਹੈ? ਨਹੀਂ ਹੁਣ ਹੋਰ ਉਡੀਕਿਆ ਨਹੀਂ ਜਾ ਸਕਦਾ ਸਗੋਂ 90% ਜਨਤਾ ਨੂੰ ਉਠਾਉਣਾ ਪਵੇਗਾ। ਹਾਕਮਾਂ ਦੀ ਨੀਤ ਤੋਂ ਜਾਣੂ ਕਰਾ ਕੇ ਸੰਘਰਸ਼ਾਂ ਦੇ ਰਾਹ 'ਤੇ ਤੁਰਨਾ ਹੋਵੇਗਾ ਅਤੇ ਆਪਣੀਆਂ ਜ਼ਰੂਰੀ ਲੋੜਾਂ ਦੀ ਪ੍ਰਾਪਤੀ ਲਈ ਲੜਨਾ ਹੋਵੇਗਾ ਤੇ ਪ੍ਰਾਪਤੀਆਂ ਕਰਦਿਆਂ ਹੋਇਆਂ ਇਕ ਐਸੀ ਜਮਾਤ ਦੀ ਉਸਾਰੀ ਕਰਨੀ ਹੋਵੇਗੀ ਜੋ ਇਹਨਾਂ ਮੁੱਠੀ ਭਰ ਸਰਮਾਏਦਾਰ, ਜਗੀਰਦਾਰ ਪੱਖੀ ਹਾਕਮਾਂ ਨੂੰ ਗੱਦੀਆਂ ਤੋਂ ਪਾਸੇ ਕਰਕੇ ਕਿਰਤੀ ਜਮਾਤ ਲਈ ਰਾਜ ਸੱਤਾ ਉਪਰ ਕਾਬਜ਼ ਹੋਣ ਲਈ ਰਾਹ ਪੱਧਰਾ ਕਰੇ। ਆਓ ਸਾਰੇ ਸੂਝਵਾਨ ਤੇ ਅਗਾਂਹਵਧੂ ਲੋਕੋ ਇਸ ਕੰਮ ਵਿਚ ਜੁੱਟ ਜਾਈਏ।

No comments:

Post a Comment