ਚਾਨਣ, ਚੇਤਨਾ ਤੇ ਚਿੰਤਨ ਦਾ ਵਣਜਾਰਾ
ਬੀਤੇ 20 ਅਗਸਤ ਨੂੰ ਮਹਾਰਾਸ਼ਟਰ ਦੇ ਸ਼ਹਿਰ ਪੂਨੇ ਵਿਖੇ ਇਕ ਅਠਾਹਠ ਸਾਲਾ ਐਮ.ਬੀ.ਬੀ.ਐੱਸ. ਡਾਕਟਰ, ਤਰਕਸ਼ੀਲ ਵਿਚਾਰਧਾਰਕ, ਮਰਾਠੀ ਹਫਤਾਵਾਰੀ 'ਸਾਧਨਾ' ਦੇ ਸੰਪਾਦਕ ਅਤੇ ਕੁਲ ਵਕਤੀ ਸਮਾਜਕ ਕਾਰਜਕਰਤਾ ਡਾ. ਨਰੇਂਦਰ ਦਾਬਹੋਲਕਰ ਨੂੰ ਕਾਲਖ ਦੇ ਵਣਜਾਰਿਆਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । ਡਾ. ਦਾਬਹੋਲਕਰ ਨੂੰ ਇੰਝ ਦਿਨ-ਦਿਹਾੜੇ ਗੋਲੀਆਂ ਮਾਰਨ ਵਾਲੇ ਕੌਣ ਸਨ ? ਕੁਦਰਤੀ ਤੌਰ ਤੇ ਇਹ ਉਹ ਲੋਕ ਸਨ ਜਿਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਪਾਸਾਰ ਲਈ ਲੋਕਾਂ ਦੀ ਅਗਿਆਨਤਾ ਦੀ ਧੁੰਦ ਚਾਹੀਦੀ ਹੈ। ਅਗਿਆਨਤਾ ਦੀ ਇਹ ਧੁੰਦ ਉਹਨਾਂ ਸਭਨਾਂ ਬਾਬਿਆਂ, ਰਾਮਦੇਵਾਂ, ਆਸਾ ਰਾਮਾਂ, ਅਖੌਤੀ 'ਕਾਲੇ ਇਲਮ' ਦੇ ਮਾਹਰ ਪਖੰਡੀਆਂ ਅਤੇ ਜੋਤਸ਼ੀਆਂ ਆਦਿ ਨੂੰ ਬੜੀ ਰਾਸ ਆਉਂਦੀ ਹੈ ਜਿਹੜੇ ਪ੍ਰਚਾਰ ਤਾਂ ਮਾਇਆ ਦੇ ਨਾਗਣੀ ਹੋਣ ਦਾ ਕਰਦੇ ਹਨ, ਪਰ ਖ਼ੁਦ ਮਾਇਆ ਹਾਸਲ ਕਰਨ ਤੇ ਮਾਇਆ ਨਾਲ ਖਰੀਦੀਆਂ ਜਾ ਸਕਣ ਵਾਲੀਆਂ ਸੁੱਖ ਸਹੂਲਤਾਂ ਲਈ ਮਨੁੱਖਤਾ ਦਾ ਕਤਲ ਕਰਨ ਤੱਕ ਚਲੇ ਜਾਂਦੇ ਹਨ।
ਡਾ. ਦਾਬਹੋਲਕਰ ਦਾ ਕਸੂਰ ਸਿਰਫ ਏਨਾ ਸੀ ਕਿ ਉਹ ਮਹਾਰਾਸ਼ਟਰ ਵਿਧਾਨ ਸਭਾ ਵਿਚ 1995 ਤੋਂ ਲਟਕਦੇ ਆ ਰਹੇ 'ਜਾਦੂ ਟੂਣਾ ਅਤੇ ਅੰਧ-ਵਿਸ਼ਵਾਸ ਵਿਰੋਧੀ ਬਿਲ' ਨੂੰ ਪਾਸ ਕਰਨ ਲਈ ਅੰਦੋਲਨ ਚਲਾ ਰਿਹਾ ਸੀ, ਪਰ ਸਰਕਾਰ ਇਸ ਨੂੰ ਕਿਸੇ ਨਾ ਕਿਸੇ ਬਹਾਨੇ ਲਟਕਾਈ ਰੱਖਣਾ ਚਾਹੁੰਦੀ ਸੀ। ਇਸ ਦਾ ਪਾਸ ਹੋਣਾ ਮੂਲਵਾਦੀ ਤੇ ਸਨਾਤਨੀ ਸੰਸਥਾਵਾਂ ਨੂੰ ਵਾਰਾ ਨਹੀਂ ਸੀ ਖਾਂਦਾ । ਉਹ ਇਸ ਨੂੰ ਧਾਰਮਕ ਰੀਤਾਂ ਰਿਵਾਜਾਂ ਵਿਚ ਸਰਕਾਰੀ ਦਖ਼ਲ ਗਰਦਾਨਦੇ ਸਨ । ਡਾ. ਦਾਬਹੋਲਕਰ ਦੇ ਕਤਲ ਤੋਂ ਬਾਅਦ ਮੀਡੀਆ ਰਾਹੀਂ ਬਣੇ ਦਬਾਅ ਕਾਰਨ ਮਹਾਰਾਸ਼ਟਰ ਦੇ ਮੁਖ ਮੰਤਰੀ ਪ੍ਰਿਥਵੀ ਰਾਜ ਚੌਹਾਨ ਨੇ ਭਾਵੇਂ ਅਗਲੇ ਦਿਨ ਇਸ ਬਿੱਲ ਨੂੰ ਆਰਡੀਨੈਂਸ ਜਾਰੀ ਕਰਕੇ ਲਾਗੂ ਕਰ ਦਿੱਤਾ ਹੈ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਲੋਕਪੱਖੀ ਬਿੱਲ ਨੂੰ ਅਠਾਰਾਂ ਸਾਲਾਂ ਦੇ ਲੰਮੇ ਸਮੇਂ ਤਕ ਲਟਕਾਈ ਰੱਖਣਾ, ਉਹਨਾਂ ਦੀ ਦੰਭੀ ਮਾਨਸਿਕਤਾ ਦੇ ਦਰਸ਼ਨ ਜ਼ਰੂਰ ਕਰਵਾਉਂਦਾ ਹੈ । ਹੈਰਾਨੀ ਹੁੰਦੀ ਹੈ ਕਿ ਵਿਗਿਆਨ ਦੀਆਂ ਕਾਢਾਂ ਦਾ ਆਨੰਦ ਮਾਣ ਰਹੇ ਸਭਿਅਕ ਸਮਾਜ ਵਿਚ ਇਹਨਾਂ ਲੋਕਾਂ ਨੂੰ ਵਿਗਿਆਨਕ ਸੋਚ ਏਨੀ ਖ਼ਤਰਨਾਕ ਕਿਉਂ ਲਗਦੀ ਹੈ । ਵਿਗਿਆਨ ਦਾ ਪਾਸਾਰ ਕਰਨ ਵਾਲਿਆਂ ਨਾਲ ਸੰਵਾਦ ਰਚਾਉਣ ਦੀ ਥਾਂ ਉਨ੍ਹਾਂ ਨੂੰ ਤਾਕਤ ਨਾਲ ਚੁੱਪ ਕਰਵਾਉਣ ਦੀ ਲੋੜ ਕਿਉਂ ਪੈਂਦੀ ਹੈ । ਅਸਲ ਵਿਚ ਵਿਗਿਆਨ ਅਤੇ ਅੰਧ-ਵਿਸ਼ਵਾਸ ਦੇ ਸਹਾਰੇ ਆਪਣਾ ਤੋਰੀ ਫੁਲਕਾ ਚਲਾ ਰਹੇ ਮੱਠਾਂ ਦੀ ਚਾਨਣ ਦੇ ਵਣਜਾਰਿਆਂ ਨਾਲ ਦੁਸ਼ਮਣੀ ਅੱਜ ਦੀ ਨਹੀਂ ਸਗੋਂ ਸਦੀਆਂ ਪੁਰਾਣੀ ਹੈ । ਇਤਿਹਾਸ ਗਵਾਹ ਹੈ ਕਿ ਧਰਤੀ ਦੇ ਗੋਲ ਹੋਣ ਤੇ ਇਸ ਵਲੋਂ ਸੂਰਜ ਦੁਆਲੇ ਚੱਕਰ ਲਗਾਉਣ ਵਾਲੇ ਸਦੀਵੀ ਸੱਚ ਦੀ ਗੱਲ ਕਹਿਣ ਕਾਰਨ ਗਲੀਲੀਓ ਨੂੰ ਵੀ ਮੂਲਵਾਦੀਆਂ ਦੇ ਵਹਿਸ਼ੀਆਨਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਪਹਿਲੀ ਨਵੰਬਰ, 1945 ਨੂੰ ਜਨਮੇ ਆਪਣੇ ਦਸਾਂ ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟੇ ਦਾਬਹੋਲਕਰ ਨੇ ਮਿਰਾਜ ਦੇ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. ਦੀ ਡਿਗਰੀ ਕੀਤੀ ਸੀ। ਉਸ ਦਾ ਵਿਆਹ ਵੀ ਇਕ ਐਮ.ਬੀ.ਬੀ.ਐੱਸ. ਪਾਸ ਡਾਕਟਰ ਨਾਲ ਹੋਇਆ। ਉਹਦਾ ਵੱਡਾ ਭਰਾ ਦੇਵਦੱਤਾ ਦਾਬਹੋਲਕਰ ਸਮਾਜਵਾਦੀ ਗਾਂਧੀਵਾਦੀ ਸਿੱਖਿਆ ਸ਼ਾਸਤਰੀ ਸੀ, ਜੋ ਪੂਣੇ ਯੂਨੀਵਰਸਿਟੀ ਦਾ ਉਪਕੁਲਪਤੀ ਵੀ ਰਿਹਾ । ਡਾ. ਨਰੇਂਦਰ ਦਾਬਹੋਲਕਰ ਕਬੱਡੀ ਦਾ ਵੀ ਵਧੀਆ ਖਿਡਾਰੀ ਸੀ । ਉਸ ਨੇ ਯੂਨੀਵਰਸਿਟੀ ਵੱਲੋਂ ਬੰਗਲਾਦੇਸ਼ ਖ਼ਿਲਾਫ ਭਾਰਤ ਦੀ ਨੁਮਾਇੰਦਗੀ ਕੀਤੀ । ਉਸ ਨੂੰ ਸਰਕਾਰ ਵੱਲੋਂ ਸ਼ਿਵਾਜੀ ਛੱਤਰਪਤੀ ਯੂਥ ਅਵਾਰਡ ਨਾਲ ਵੀ ਨਿਵਾਜਿਆ ਗਿਆ । ਇਸ ਜ਼ਹੀਨ ਮਨੁੱਖ ਨੇ ਮਨੁੱਖ ਨਾਲ ਮਨੁੱਖ ਦੀ ਬਰਾਬਰੀ ਲਈ ਛੂਆ-ਛੂਤ ਵਿਰੋਧੀ ਲਹਿਰ -'ਇਕ ਪਿੰਡ-ਇਕ ਖੂਹ' ਵਿਚ ਵੀ ਡਟਕੇ ਕੰਮ ਕੀਤਾ । ਇਹ ਮੁਹਿੰਮ ਪਾਣੀ ਉਤੇ ਹਰ ਮਨੁੱਖ ਦੇ ਹੱਕ ਦੀ ਗੱਲ ਅਤੇ ਕਿਸੇ ਦੂਸਰੀ ਜਾਤੀ ਦੇ ਮਨੁੱਖ ਵੱਲੋਂ ਪਾਣੀ ਪੀਣ ਨਾਲ ਪਾਣੀ ਭਿੱਟਿਆ ਨਹੀਂ ਜਾਂਦਾ ਦੇ ਵਿਗਿਆਨਕ ਸਿਧਾਂਤ ਅਤੇ ਮਨੁੱਖੀ ਬਰਾਬਰੀ ਦਾ ਹੋਕਾ ਦਿੰਦੀ ਸੀ। ਇਸੇ ਤਰ੍ਹਾਂ ਡਾ. ਦਾਬਹੋਲਕਰ ਨੂੰ ਮੰਦਰਾਂ ਵਿਚ ਔਰਤਾਂ ਦੇ ਦਾਖ਼ਲ ਹੋਣ, ਪਾਠ ਪੂਜਾ ਕਰਨ ਦੇ ਹੱਕ ਦਿਵਾਉਣ ਵਾਲੀ ਮੁਹਿੰਮ ਦਾ ਵੀ ਮੋਹਰੀ ਹੋਣ ਦਾ ਮਾਣ ਹਾਸਲ ਹੈ । ਇਸ ਤੋਂ ਸਪਸ਼ਟ ਹੈ ਕਿ ਉਹ ਧਰਮ ਦਾ ਕੱਟੜ ਵਿਰੋਧੀ ਨਹੀਂ ਸੀ, ਸਗੋਂ ਧਾਰਮਕ ਰੀਤੀ ਰਿਵਾਜਾਂ ਕਾਰਨ ਲੋਕਾਂ ਦੇ ਹੁੰਦੇ ਆਰਥਿਕ ਸ਼ੋਸ਼ਣ, ਅੰਧਵਿਸ਼ਵਾਸੀ ਸਮਾਜਕ ਜਬਰ ਦਾ ਵਿਰੋਧੀ ਸੀ। ਉਸਨੇ ਅਖਿਲ ਭਾਰਤੀ ਅੰਧ-ਸ਼ਰਧਾ ਨਿਰਮੂਲਨ ਸਮਿਤੀ ਨਾਲ ਜੁੜਕੇ 1989 ਵਿਚ ਮਹਾਰਾਸ਼ਟਰ ਅੰਧ-ਸ਼ਰਧਾ ਨਿਰਮੂਲਨ ਸਮਿਤੀ ਬਣਾਈ। ਉਸ ਨੇ ਸਤਾਰਾ ਜ਼ਿਲ੍ਹੇ ਵਿਚ ਚਮਤਕਾਰਾਂ, ਤਾਂਤਰਕਾਂ ਦਾ ਵਿਰੋਧ ਕਰਦੇ ਹੋਏ ਅੰਧ-ਸ਼ਰਧਾ ਦਾ ਸ਼ਿਕਾਰ ਮਨੋਰੋਗੀਆਂ ਵਾਸਤੇ 'ਪਰਿਵਰਤਨ' ਨਾਂ ਦਾ ਮੁੜ ਵਸੇਬਾ ਕੇਂਦਰ ਵੀ ਬਣਾਇਆ। ਉਹ ਸਾਨੇ ਗੁਰੂ ਜੀ ਵੱਲੋਂ ਸ਼ੁਰੂ ਕੀਤੇ ਗਏ ਹਫਤਾਵਾਰੀ ਮਰਾਠੀ ਅਖ਼ਬਾਰ 'ਸਾਧਨਾ' ਦਾ ਸੰਪਾਦਕ ਵੀ ਰਿਹਾ। ਉਹ ਫੈਡਰੇਸ਼ਨ ਆਫ ਇੰਡੀਅਨ ਰੈਸ਼ਨਲਿਸਟ ਐਸ਼ੋਸੀਏਸ਼ਨ ਦਾ ਉਪ ਪ੍ਰਧਾਨ ਵੀ ਰਿਹਾ।
ਡਾ. ਨਰੇਂਦਰ ਦਾਬਹੋਲਕਰ ਉਹਨਾਂ ਲੋਕਾਂ ਵਿਚੋਂ ਨਹੀਂ ਸੀ, ਜੋ ਤਰਨਾ ਸਿੱਖਣ ਵਾਲਿਆਂ ਅਤੇ ਤਰਨ ਵਾਲਿਆਂ ਨੂੰ ਛੱਪੜ ਜਾਂ ਤਲਾਅ ਦੇ ਬਾਹਰ ਕਿਨਾਰੇ ਉਪਰ ਖਲੋਕੇ ਸਲਾਹਾਂ ਦੇਣ ਤਕ ਸੀਮਤ ਰਹਿੰਦੇ ਹਨ। ਉਸਨੇ ਡੂੰਘੇ ਪਾਣੀਆਂ ਵਿਚ ਡੁੱਬਣ ਦਾ ਡਰ ਲਾਹਕੇ ਤਰਕਸ਼ੀਲ ਲਹਿਰ ਦੇ ਡੂੰਘੇ ਛੱਪੜ 'ਚ ਤਾਰੀਆਂ ਲਾਈਆਂ। ਪਰਿਵਾਰ ਦੇ ਰੋਟੀ ਪਾਣੀ ਦੇ ਜੁਗਾੜ ਦਾ ਜ਼ਿੰਮਾ ਆਪਣੀ ਜੀਵਨ ਸਾਥਣ ਉਪਰ ਸੁੱਟ ਉਹ 12 ਸਾਲ ਦੀ ਸਰਕਾਰੀ ਡਾਕਟਰੀ ਦੀ ਨੌਕਰੀ ਨੂੰ ਲੱਤ ਮਾਰ ਕੇ ਕੁਲਵਕਤੀ ਸਮਾਜਕ ਕਾਰਕੁਨ ਬਣਿਆ। ਉਸ ਨੇ ਆਪਣੀ ਜ਼ਿੰਦਗੀ ਉਚੇਰੇ ਆਦਰਸ਼ਾਂ ਦੇ ਲੇਖੇ ਲਾਈ ਅਤੇ ਧਰਮ ਦੇ ਨਾਂ ਉਤੇ ਕੀਤੇ ਜਾਂਦੇ ਆਡੰਬਰਾਂ, ਅਖੌਤੀ ਚਮਤਕਾਰਾਂ ਦਾ ਗੋਰਖ ਧੰਦਾ ਕਰਨ ਵਾਲੇ ਬਾਬਿਆਂ, ਤਾਂਤਰਿਕਾਂ ਅਤੇ ਗੈਬੀ ਸ਼ਕਤੀਆਂ ਦੇ ਨਾਂ ਉਤੇ ਲੁੱਟਣ ਵਾਲੇ ਧਰਮ ਗੁਰੂਆਂ ਦੀ ਅਸਲੀਅਤ ਲੋਕਾਂ ਸਾਹਮਣੇ ਰੱਖਣ ਦਾ ਕਾਰਜ ਕੀਤਾ। ਉਸ ਨੇ 15 ਸਾਲਾਂ ਵਿਚ 10 ਹਜ਼ਾਰ ਅਧਿਆਪਕਾਂ ਨੂੰ ਸਿੱਖਿਅਤ ਕੀਤਾ। ਉਸ ਨੇ ''ਵਿਗਿਆਨ ਬੋਧ ਵਾਹਿਨੀ'' ਨਾਂ ਦੀ ਚਲਦੀ ਫਿਰਦੀ ਪ੍ਰਯੋਗਸ਼ਾਲਾ ਵੀ ਬਣਾਈ। ਉਸ ਨੇ ਮਰਾਠੀ ਵਿਚ 12 ਪੁਸਤਕਾਂ ਦੀ ਰਚਨਾ ਕੀਤੀ।
ਕੈਸੀ ਵਿਡੰਬਨਾ ਹੈ ਕਿ ਪਾਣੀ ਦੇ ਹੱਕਾਂ ਦੀ ਮੁਹਿੰਮ ਨਾਲ ਆਪਣੀ ਸਮਾਜਕ ਜ਼ਿੰਦਗੀ ਸ਼ੁਰੂ ਕਰਨ ਵਾਲੇ ਡਾ. ਨਰੇਂਦਰ ਦਾਬਹੋਲਕਰ ਦੀ ਜ਼ਿੰਦਗੀ ਦੀ ਆਖਰੀ ਮੁਹਿੰਮ ਵੀ ਬੇਸ਼ਕੀਮਤੀ ਪਾਣੀ ਬਚਾਉਣ ਦੀ ਹੀ ਸੀ । 'ਬਾਪੂ' ਆਸਾਰਾਮ ਨਾਗਪੁਰ ਦੇ ਕਸਤੂਰ ਚੰਦ ਪਾਰਕ ਵਿਚ ਰੋਜ਼ਾਨਾ ਪੰਜਾਹ ਹਜ਼ਾਰ ਲਿਟਰ ਪਾਣੀ ਹੋਲੀ ਦੇ ਜ਼ਸ਼ਨਾਂ ਦੇ ਨਾਂ ਉਪਰ ਵਹਾ ਰਿਹਾ ਸੀ । ਮਹਾਂਰਾਸ਼ਟਰ ਅੰਧ ਸ਼ਰਧਾ ਨਿਰਮੂਲਨ ਸਮਿਤੀ ਨੇ ਡਾ. ਦਾਬਹੋਲਕਰ ਦੀ ਅਗਵਾਈ ਵਿਚ, ਇਸ ਦਾ ਡਟਕੇ ਵਿਰੋਧ ਕੀਤਾ। ਕਿਉਂਕਿ ਇਸ ਸਮੇਂ ਮਹਾਂਰਾਸ਼ਟਰ ਵਿਚ ਪਿਛਲੇ 40 ਸਾਲਾਂ ਦਾ ਸਭ ਤੋਂ ਭਿਆਨਕ ਸੋਕਾ ਪਿਆ ਸੀ । ਲੋਕਾਂ ਦੀਆਂ ਫਸਲਾਂ ਸੁੱਕ-ਸੜ ਗਈਆਂ ਸਨ। ਪਸ਼ੂ, ਪ੍ਰਾਣੀ ਪਾਣੀ ਅਤੇ ਚਾਰੇ ਖੁਣੋਂ ਮਰ ਰਹੇ ਸਨ। ਨਾਗਪੁਰ ਨਗਰ ਨਿਗਮ ਵੱਲੋਂ ਪਾਣੀ ਦੀ ਬਰਬਾਦੀ ਰੋਕਣ ਦੇ ਹੁਕਮਾਂ ਦੇ ਬਾਵਜੂਦ, ਆਸਾਰਾਮ ਦੇ ਸ਼ਰਧਾਲੂਆਂ ਨੇ ਨਿੱਜੀ ਸਰੋਤਾਂ ਤੋਂ ਪਾਣੀ ਦਾ ਬੰਦੋਬਸਤ ਕਰਕੇ ਨਿਗਮ ਦੇ ਹੁਕਮਾਂ ਨੂੰ ਟਿੱਚ ਜਾਣਿਆ । ਉਹਨਾਂ ਨੇ ਵਿਰੋਧ ਕਰਨ ਵਾਲਿਆਂ ਉਪਰ ਪਥਰਾਉ ਵੀ ਕੀਤਾ ਅਤੇ ਪੱਤਰਕਾਰਾਂ ਉਪਰ ਮਾਰੂ ਹਮਲਾ ਵੀ, ਪਰ ਸਰਕਾਰ ਵੋਟਾਂ ਬੈਂਕ ਦੀਆਂ ਗਿਣਤੀਆਂ ਮਿਣਤੀਆਂ ਕਾਰਨ ਚੂੱਪ ਰਹੀ।
ਚਿੰਤਨ, ਚੇਤਨਾ ਤੇ ਚਾਨਣ ਦੇ ਵਣਜਾਰੇ ਡਾ. ਦਾਬਹੋਲਕਰ ਨੂੰ ਸੱਚੀ ਸ਼ਰਧਾਂਜ਼ਲੀ ਇਹ ਹੋਵੇਗੀ ਕਿ ਜਾਗਦੇ ਸਿਰਾਂ ਵਾਲੇ ਉਨਾਂ ਚਿਰ ਚੈਨ ਨਾਲ ਨਾ ਬੈਠਣ, ਜਿੰਨਾ ਚਿਰ ਉਸ ਦੇ ਕਾਤਲਾਂ ਨੂੰ ਲੱਭ ਕੇ ਸਜ਼ਾਵਾਂ ਨਾ ਦਿੱਤੀਆਂ ਜਾਣ, ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਸਮੁੱਚੇ ਭਾਰਤ ਵਿਚ ਲਾਗੂ ਨਾ ਹੋ ਜਾਵੇ, ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਅਖੌਤੀ ਬਾਬਿਆਂ, ਤਾਂਤਰਿਕਾਂ ਖਿਲਾਫ ਕਾਰਵਾਈ ਯਕੀਨੀ ਨਾ ਬਣੇ, ਧਰਮ ਦੀ ਆੜ ਹੇਠ ਜਮਹੂਰੀ ਹੱਕਾਂ ਦਾ ਘਾਣ ਕਰਨ ਵਾਲੀਆਂ ਫਿਰਕਾਪ੍ਰਸਤ ਤਾਕਤਾਂ ਨੂੰ ਨੱਥ ਨਾ ਪੈ ਜਾਵੇ।
- ਡਾ. ਹਜ਼ਾਰਾ ਸਿੰਘ ਚੀਮਾ
(ਸੰਗਰਾਮੀ ਲਹਿਰ - ਅਕਤੂਬਰ 2013)
- ਡਾ. ਹਜ਼ਾਰਾ ਸਿੰਘ ਚੀਮਾ
(ਸੰਗਰਾਮੀ ਲਹਿਰ - ਅਕਤੂਬਰ 2013)
No comments:
Post a Comment