ਬੋਧ ਸਿੰਘ ਘੁੰਮਣ
ਸਾਡਾ ਦੇਸ਼ ਬਹੁਕੌਮੀ, ਬਹੁਧਰਮੀ ਹੋਣ ਤੋਂ ਇਲਾਵਾ ਬਹੁਭਾਸ਼ਾਈ ਵੀ ਹੈ। ਦੇਸ਼ ਦੀ ਏਕਤਾ ਇਹਨਾਂ ਧਰਮਾਂ ਅਤੇ ਕੌਮੀਅਤਾਂ ਵਿਚ ਆਪਸੀ ਪਿਆਰ, ਇਕਮੁੱਠਤਾ, ਸਤਿਕਾਰ ਤੇ ਬਰਾਬਰੀ ਦੇ ਸਬੰਧ ਪੈਦਾ ਤੇ ਪ੍ਰਫੂਲਤ ਕਰਕੇ ਹੀ ਸੁਨਿਸ਼ਚਿਤ ਕੀਤੀ ਜਾ ਸਕਦੀ ਹੈ। ਇਸ ਨੂੰ ਮੱਦੇਨਜ਼ਰ ਰੱਖ ਕੇ ਹੀ ਸੰਵਿਧਾਨ ਵਿਚ ਧਰਮ ਨਿਰਪੱਖਤਾ (Secularism) ਦਾ ਸੰਕਲਪ ਉਭਾਰਿਆ ਗਿਆ ਸੀ ਅਤੇ ਦੇਸ਼ ਦੀ ਏਕਤਾ ਅਖੰਡਤਾ ਲਈ ਧਰਮ ਨਿਰਪੱਖਤਾ ਦਾ ਇਹ ਸਿਧਾਂਤ ਲਾਜ਼ਮੀ ਮੰਨਿਆ ਗਿਆ ਸੀ। ਇਸ ਦੇ ਅਰਥ ਹਨ, ਦੇਸ਼ ਦੇ ਹਰ ਨਾਗਰਿਕ ਨੂੰ ਕਿਸੇ ਵੀ ਧਰਮ ਨੂੰ ਅਪਨਾਉਣ ਤੇ ਮੰਨਣ ਦੀ ਆਜ਼ਾਦੀ ਹੈ ਅਤੇ ਜੇਕਰ ਕੋਈ ਨਾਸਤਿਕ ਹੈ ਤਾਂ ਉਸ ਨੂੰ ਵੀ ਆਪਣੇ ਅਜਿਹੇ ਵਿਚਾਰ ਰੱਖਣ ਦੀ ਆਜ਼ਾਦੀ ਹੈ। ਰਾਜਨੀਤੀ ਦਾ ਧਰਮ ਵਿਚ ਕੋਈ ਦਖ਼ਲ ਨਹੀਂ ਹੋਵੇਗਾ। ਐਪਰ, ਹਾਕਮ ਜਮਾਤਾਂ ਦੀਆਂ ਲਗਭਗ ਸਾਰੀਆਂ ਹੀ ਪਾਰਟੀਆਂ ਧਰਮ ਨਿਰਪੱਖਤਾ ਦੇ ਇਸ ਸਿਧਾਂਤ ਨੂੰ ਆਪਣੇ ਸੌੜੇ ਸਿਆਸੀ ਤੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਿਰ ਪਰਨੇ ਖੜਾ ਕਰਨ 'ਚ ਉਕਾ ਹੀ ਕੋਈ ਦਰੇਗ਼ ਨਹੀਂ ਕਰਦੀਆਂ ਅਤੇ ਉਹ ਆਪਣੀ ਇਸ ਸਹੂਲਤ ਲਈ ਇਸ ਸਿਧਾਂਤ ਦੇ ਇਹ ਅਰਥ ਕੱਢਦੀਆਂ ਹਨ ਕਿ ਹਰ ਸਿਆਸੀ ਪਾਰਟੀ, ਧਰਮ ਵਿਚ ਦਖ਼ਲ ਦੇ ਸਕਦੀ ਹੈ ਅਤੇ ਧਰਮ ਤੇ ਸਿਆਸਤ ਵੱਖ ਵੱਖ ਨਹੀਂ ਹਨ। ਇਸ ਨਾਲ ਸਾਡੇ ਦੇਸ਼ ਵਿਚ ਬਹੁਤ ਹੀ ਵਿਗਾੜ ਪੈਦਾ ਹੁੰਦੇ ਆਏ ਹਨ ਅਤੇ ਧਰਮ ਤੇ ਸਿਆਸਤ ਦੇ ਅਪਵਿੱਤਰ ਤੇ ਵਰਜਿਤ ਗਠਜੋੜ ਕਾਰਨ ਫਿਰਕਾਪ੍ਰਸਤ ਦੰਗੇ ਫਸਾਦ ਹੁੰਦੇ ਆ ਰਹੇ ਹਨ ਤੇ ਹੁਣ ਵੀ ਹੁੰਦੇ ਹਨ। ਲੋਕਾਂ ਦੀ ਏਕਤਾ ਅਤੇ ਦੇਸ਼ ਦੀ ਇਕਮੁਠਤਾ ਲਈ ਧਰਮ ਨਿਰਪੱਖਤਾ ਦੇ ਸਿਧਾਂਤ ਨੂੰ ਸਖਤੀ, ਇਮਾਨਦਾਰੀ ਤੇ ਸਹੀ ਭਾਵਨਾ ਵਿਚ ਪੂਰੀ ਤਰ੍ਹਾਂ ਲਾਗੂ ਕਰਨਾ ਜ਼ਰੂਰੀ ਹੈ। ਪ੍ਰੰਤੂ ਮੌਕਾ ਵਿਹਾਜ ਚੁੱਕੀਆਂ ਤੇ ਲੋਕ ਵਿਰੋਧੀ ਹਾਕਮ ਜਮਾਤਾਂ ਨੂੰ ਆਪਣੇ ਜਮਾਤੀ ਸ਼ਾਸਨ ਦੀ ਉਮਰ ਲੰਮੀ ਕਰਨ ਲਈ ਲੋਕਾਂ ਦੀ ਏਕਤਾ ਨਹੀਂ ਭਾਉਂਦੀ ਅਤੇ ਉਹ ਇਸ ਨੂੰ ਤੋੜਨ ਲਈ ਸਦਾ ਹੀ ਯਤਨਸ਼ੀਲ ਰਹਿੰਦੇ ਹਨ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਨੇ ਆਪਣੀ ਇਕ ਕਵਿਤਾ ਵਿਚ ਲਿਖਿਆ ਹੈ :
''ਪਾਟੀ ਕਿਰਤ ਗੁਲਾਮੀ ਕਟਦੀ,
ਜੁੜੀ ਜਿੱਤੇ ਬ੍ਰਹਿਮੰਡ ਓ ਯਾਰ।''
ਇਸ ਤੱਥ ਨੂੰ ਹਾਕਮ ਜਮਾਤਾਂ ਵੀ ਸਮਝਦੀਆਂ ਹਨ, ਅਤੇ ਕਿਰਤੀ ਜਮਾਤ ਨੂੰ ਰਾਜਨੀਤਕ, ਆਰਥਿਕ ਤੇ ਹਰ ਤਰ੍ਹਾਂ ਦੀ ਗੁਲਾਮੀ ਵਿਚ ਰੱਖਣ ਲਈ ਉਹ ਉਹਨਾਂ ਨੂੰ ਇਕਮੁੱਠ ਨਹੀਂ ਰਹਿਣ ਦਿੰਦੀਆਂ।
ਚੋਣਾਂ ਦੇ ਮੌਸਮ ਦੌਰਾਨ ਹਾਕਮ ਪਾਰਟੀਆਂ ਦੇ ਹੱਥਕੰਡੇ
ਉਂਝ ਤਾਂ ਇਹ ਲੋਕ ਵਿਰੋਧੀ ਹਾਕਮ ਜਮਾਤਾਂ ਲਗਾਤਾਰ ਹੀ ਅਜਿਹੇ ਕਾਲੇ ਕਾਰੇ ਕਰਦੀਆਂ ਰਹਿੰਦੀਆਂ ਹਨ ਕਿ ਲੋਕ ਆਪਸ ਵਿਚ ਫਟੇ ਰਹਿਣ। ਧਰਮ, ਫਿਰਕੇ, ਬੋਲੀ, ਜਾਤ, ਇਲਾਕਾ, ਖਿੱਤਾ, ਧਰਤੀ ਦੇ ਲਾਲ ਆਦਿ ਵਰਗੇ ਮੁੱਦੇ ਉਠਾ ਕੇ ਉਹ ਆਪਣੀ ਇਸ 'ਪਾੜੋ ਤੇ ਰਾਜ ਕਰੋ' ਨੀਤੀ ਵਿਚ ਸਫਲ ਹੁੰਦੀਆਂ ਰਹਿੰਦੀਆਂ ਹਨ। ਪਰ ਚੋਣਾਂ ਦੇ ਨੇੜੇ ਜਾਂ ਚੋਣਾਂ ਦੇ ਦੌਰਾਨ ਉਹ ਆਪਣੀਆਂ ਇਹਨਾਂ ਕੁਚਾਲਾਂ/ਸਾਜਿਸ਼ਾਂ ਨੂੰ ਸਿਖ਼ਰ 'ਤੇ ਲੈ ਜਾਂਦੀਆਂ ਹਨ। ਹਾਕਮ ਪਾਰਟੀਆਂ ਆਪਣੇ ਜਮਾਤੀ ਰਾਜ ਦੀ ਉਮਰ ਲੰਮੀ ਕਰਨ ਲਈ ਆਮ ਕਰਕੇ ਤਿੰਨ ਹਥਿਆਰ ਵਰਤਦੀਆਂ ਹਨ : ਕਪਟ, ਛਲ਼ (deception)। ਫੁੱਟ, ਤੋੜਫੋੜ (disruption) ਅਤੇ ਜਬਰ (repression) ਪ੍ਰੰਤੂ ਚੋਣਾਂ ਦੌਰਾਨ ਉਹ ਕਪਟ, ਛਲ ਅਤੇ ਫੁੱਟ ਪਾਉਣ ਤੇ ਤੋੜਫੋੜ ਕਰਨ ਦੇ ਹੱਥਿਆਰ ਵਰਤਦੀਆਂ ਹਨ। ਉਹ ਚੋਣਾਂ ਜਿੱਤਣ ਲਈ ਹਰ ਸਾਜਿਸ਼ ਤੇ ਨਜਾਇਜ਼ ਢੰਗ ਖੁਲ੍ਹ ਕੇ ਵਰਤਦੀਆਂ ਹਨ ਤੇ ਲੋਕਾਂ ਨੂੰ ਵਰਗਲਾਉਣ ਲਈ ਵੱਡੇ ਵੱਡੇ ਵਾਅਦੇ ਕਰਦੀਆਂ ਹਨ ਜਿਹੜੇ ਕਦੇ ਵੀ ਵਫਾ ਨਹੀਂ ਕਰਨੇ ਹੁੰਦੇ। ਉਹ ਲੋਕਾਂ 'ਚ ਫੁੱਟ ਪਾ ਕੇ ਵੋਟ ਬੈਂਕ ਵਧਾਉਣ ਲਈ ਦੰਗੇ ਫਸਾਦ ਕਰਵਾਉਣ ਤੋਂ ਰਤਾ ਭਰ ਵੀ ਗੁਰੇਜ਼ ਨਹੀਂ ਕਰਦੀਆਂ ਅਤੇ ਮਾਸੂਮ ਤੇ ਭੋਲੇ ਭਾਲੇ ਲੋਕਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਵੋਟਾਂ ਵਟੋਰਨ ਤੱਕ ਚਲੇ ਜਾਂਦੇ ਹਨ।
ਮੁੱਜਫਰਨਗਰ (ਯੂ.ਪੀ.) 'ਚ ਦੰਗੇ
ਪੱਛਮੀ ਯੂ.ਪੀ. ਦੇ ਸ਼ਹਿਰ ਮੁਜਫ਼ਰਨਗਰ ਵਿਚ ਸਤੰਬਰ ਦੇ ਪਹਿਲੇ ਹਫਤੇ ਵਿਚ ਇਕ ਲੜਕੀ ਦੀ ਛੇੜਛਾੜ ਕਰਨ ਦੀ ਘਟਨਾ ਕਾਰਨ, ਦੋ ਧਿਰਾਂ ਵਿਚ ਲੜਾਈ ਹੋਈ ਜਿਸ ਦੇ ਸਿੱਟੇ ਵਜੋਂ ਦੋ ਧਰਮਾਂ ਨਾਲ ਸਬੰਧ ਰੱਖਦੇ ਤਿੰਨ ਵਿਅਕਤੀ ਮਾਰੇ ਗਏ। ਬਸ ਫਿਰ ਕੀ ਸੀ, ਆ ਗਏ ਇਸ ਅਖਾੜੇ ਵਿਚ ਜ਼ਹਿਰ ਤੇ ਮੌਤ ਦੇ ਵਪਾਰੀ। ਇਸ ਨੂੰ ਧਰਮ ਤੇ ਬਰਾਦਰੀ ਦੀ ਰੰਗਤ ਚਾੜ੍ਹ ਕੇ ਐਸੀ ਪਾਨ ਚੜ੍ਹਾਈ ਤੇ ਚੁਆਤੀ ਲਾਈ ਕਿ ਦੋ ਧਰਮਾਂ ਦੇ ਅਨੁਆਈਆਂ ਦਰਮਿਆਨ ਚਿੱਟੇ ਦਿਨ, ਗਲੀਆਂ-ਬਜਾਰਾਂ ਵਿਚ ਦੰਗੇ ਹੋਏ ਜਿਸ ਵਿਚ 51 ਜਾਨਾਂ ਚਲੀਆਂ ਗਈਆਂ ਤੇ ਸੈਂਕੜੇ ਫੱਟੜ ਹੋ ਗਏ। ਸਾੜਫੂਕ ਵਿਚ ਅਨੇਕਾਂ ਘਰ ਜਲਾ ਦਿੱਤੇ ਗਏ ਤੇ ਭਾਰੀ ਮਾਲੀ ਨੁਕਸਾਨ ਹੋਇਆ। ਇਸ ਦੇਸ਼ ਦੀ ਸਭ ਤੋਂ ਵੱਡੀ ਫਿਰਕੂ ਪਾਰਟੀ ਬੀ.ਜੇ.ਪੀ., ਜੋ ਸ਼ਰੇਆਮ ਫਿਰਕਾਪ੍ਰਸਤ ਮੁੱਦੇ ਉਭਾਰ ਕੇ ਇਹਨਾਂ ਚੋਣਾਂ ਦੌਰਾਨ ਧਰਮ/ਜਾਤ ਬਰਾਦਰੀਆਂ ਦੇ ਆਧਾਰ 'ਤੇ ਮੁਕੰਮਲ ਧਰੁਵੀਕਰਨ (Polarisation) ਕਰਨ ਲਈ ਕੋਈ ਵੀ ਹਥਕੰਡਾ ਵਰਤਣ 'ਤੇ ਉਤਾਰੂ ਹੈ, ਸਮੇਤ ਕਾਂਗਰਸ, ਸਮਾਜਵਾਦੀ ਪਾਰਟੀ ਤੇ ਇੰਡੀਅਨ ਨੈਸ਼ਨਲ (ਅਸਲ 'ਚ ਐਂਟੀ ਨੈਸ਼ਨਲ) ਲੋਕ ਦਲ ਤੇ ਬੀ.ਐਸ.ਪੀ. ਵੀ ਆਪਣੇ ਆਪਣੇ ਦਾਅਪੇਚਾਂ ਤੇ ਢੰਗਾਂ ਨਾਲ ਆ ਕੁੱਦੀਆਂ ਤੇ ਇਕ ਲੜਕੀ ਨਾਲ ਛੇੜ-ਛਾੜ ਦੇ ਬਦਕਿਸਮਤ ਮੁੱਦੇ ਨੂੰ ਧਰਮਾਂ/ਬਰਾਦਰੀਆਂ/ਜਾਤਾਂ ਪਾਤਾਂ ਤੱਕ ਖਿੱਚ ਕੇ ਲੈ ਗਈਆਂ ਤਾਂ ਜੋ ਇਸ ਸਥਿਤੀ ਵਿਚ ਵੱਧ ਵੋਟਾਂ ਹਥਿਆਈਆਂ ਜਾ ਸਕਣ। ਇਕ ਦੂਜੇ ਧਰਮਾਂ ਵਿਰੁੱਧ ਨਫਰਤ ਪੈਦਾ ਕਰਨ ਵਾਲੇ ਬਿਆਨ ਦਾਗੇ ਗਏ ਤਾਂ ਜੋ ਇਸ ਲਾਂਬੂ ਨੂੰ ਵੱਧ ਤੋਂ ਵੱਧ ਭੜਕਾਇਆ ਜਾ ਸਕੇ। ਜੇਕਰ ਫੌਜ ਤੇ ਪੁਲਿਸ ਦੀਆਂ ਟੂਕੜੀਆਂ ਵੱਡੀ ਮਾਤਰਾ ਵਿਚ ਉਥੇ ਨਾ ਪੁੱਜਦੀਆਂ ਤਾਂ ਹੋਰ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਣਾ ਸੀ। ਫਿਰਕਾਪ੍ਰਸਤੀ ਦੀਆਂ ਹਲਕਾਈਆਂ ਸ਼ਕਤੀਆਂ ਵਲੋਂ ਇਹਨਾਂ ਦੰਗਿਆਂ ਦੌਰਾਨ ਇਹ ਨਾਅਰਾ ਬੜੀ ਬੇਸ਼ਰਮੀ ਨਾਲ ਬੁਲੰਦ ਕੀਤਾ ਗਿਆ ਕਿ, ''ਦੇਸ਼ ਬਹੂ ਔਰ ਗਾਏ ਕੋ ਬਚਾਨਾ ਹੈ, ਤੋ ਨਰਿੰਦਰ ਮੋਦੀ ਕੋ ਲਾਨਾ ਹੈ।'' ਇਸ ਨਾਅਰੇ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਨੀਤੀਆਂ ਦੀ ਸਾਜਸ਼ ਕਿਨ੍ਹਾਂ ਵਲੋਂ ਘੜੀ ਗਈ, ਲਾਗੂ ਕੀਤੀ ਗਈ ਅਤੇ ਇਹਨਾਂ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਣੀ ਹੈ।
ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਚੋਣਾਂ ਦੇ ਨੇੜੇ ਫਿਰਕੂ ਜ਼ਹਿਰ ਫੈਲਾਇਆ ਗਿਆ ਹੋਵੇ ਤੇ ਮਹੌਲ ਤੀਲੀ ਲਾ ਕੇ ਭੜਕਾਇਆ ਗਿਆ ਹੋਵੇ। 1992 'ਚ ਬੀ.ਜੇ.ਪੀ. ਵਲੋਂ ਬਾਬਰੀ ਮਸਜਿੱਦ ਨੂੰ ਢਾਹੁਣਾ ਅਤੇ 2002 ਵਿਚ ਹਜ਼ਾਰਾਂ ਨਿਰਦੋਸ਼ ਮੁਸਲਮਾਨਾਂ ਦੇ ਕਤਲ ਵੀ ਵੋਟਾਂ ਹਾਸਲ ਕਰਨ ਲਈ ਹੀ, ਦੋ ਧਰਮਾਂ ਦੇ ਲੋਕਾਂ ਵਿਚ ਦੁਫੇੜ ਪਾ ਕੇ ਫਿਰਕੂ ਲੀਹਾਂ 'ਤੇ ਧਰੁਵੀਕਰਨ ਦੀ ਗੰਦੀ ਤੇ ਘਿਨਾਉਣੀ ਚਾਲ ਦੀ ਹੀ ਸਾਜਸ਼ ਸਨ।
ਜੇਕਰ ਇਕ ਸਰਸਰੀ ਨਜ਼ਰ ਵੀ ਮਾਰੀ ਜਾਵੇ ਤਾਂ ਨੇੜਲੇ ਭਵਿੱਖ ਵਿਚ ਪਾਰਲੀਮਾਨੀ ਚੋਣਾਂ ਹੋਣ ਤੋਂ ਪਹਿਲਾਂ 2013 ਦੇ ਇਸ ਵਰ੍ਹੇ ਦੌਰਾਨ ਹੀ ਹੁਣ ਤੱਕ ਦੇਸ਼ ਅੰਦਰ ਕਈ ਥਾਵਾਂ 'ਤੇ ਫਿਰਕੂ ਦੰਗੇ ਕਰਵਾਏ ਗਏ ਹਨ ਜਿਸ ਦੇ ਸਿੱਟੇ ਵਜੋਂ ਤਨਾਅ ਦੇ ਵੱਧਣ ਤੋਂ ਇਲਾਵਾ ਬਹੁਤ ਸਾਰੀਆਂ ਜਾਨਾਂ ਅਨਿਆਈ ਮੌਤ ਦੀ ਭੇਟ ਚਾੜ੍ਹ ਦਿੱਤੀਆਂ ਗਈਆਂ ਹਨ।
ਜਨਵਰੀ ਤੋਂ ਮਈ 2013 ਦੌਰਾਨ ਅਸਾਮ 'ਚ 'ਰੱਭਾ ਹਸੋਂਗਾ' ਆਟੋਨਾਮਸ ਕੌਂਸਲ ਇਲਾਕੇ 'ਚ ਚੋਣਾਂ ਦੇ ਸਬੰਧ ਵਿਚ ਦੰਗੇ ਹੋਏ ਜਿੱਥੇ 31 ਮੌਤਾਂ ਹੋਈਆਂ।
ਉਤਰ ਪ੍ਰਦੇਸ਼ ਵਿਚ ਹੀ ਮੇਰਠ ਅੰਦਰ 6 ਅਪ੍ਰੈਲ ਨੂੰ ਇਕ ਧਰਮ ਦੀ ਭੰਡੀ ਕਰਦਾ ਸੰਦੇਸ਼ ਫੇਸਬੁੱਕ 'ਤੇ ਪੈਣ ਕਾਰਨ ਦੰਗਾ ਹੋਇਆ ਜਿਸ ਵਿਚ ਦੋ ਮੌਤਾਂ ਹੋ ਗਈਆਂ ਤੇ 60 ਜਖ਼ਮੀ ਹੋਏ।
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ 9 ਅਗਸਤ ਨੂੰ 'ਈਦ' ਪ੍ਰਾਥਨਾ, ਪਿਛੋਂ, ਪਾਕਿਸਤਾਨੀ ਪੱਖੀ ਅਖੌਤੀ ਨਾਅਰੇ ਦੇਣ ਦੇ ਬਹਾਨੇ ਹੇਠ, ਹਿੰਸਾ ਭੜਕਾਈ ਗਈ ਜਿਸ 'ਚ 3 ਮੌਤਾਂ ਤੇ 60 ਜਖ਼ਮੀ ਹੋ ਗਏ।
ਬਿਹਾਰ 'ਚ 10 ਅਗਸਤ ਨੂੰ ਨਵਾਦਾ ਵਿਖੇ ਦੋ ਗੁੱਟਾਂ ਵਿਚਾਲੇ ਹੋਈ ਫਿਰਕੂ ਲੜਾਈ 'ਚ 2 ਮੌਤਾਂ ਹੋ ਗਈਆਂ।
ਮੱਧ ਪ੍ਰਦੇਸ਼ ਵਿਚ ਇੰਦੌਰ ਵਿਖੇ 20 ਅਗਸਤ ਨੂੰ ਹੋਏ ਫਿਰਕੂ ਦੰਗੇ ਵਿਚ 35 ਲੋਕ ਜਖ਼ਮੀ ਹੋ ਗਏ। ਇਹ ਝਗੜਾ ਇਕ ਗਊ ਦਾ ਕਰੰਗ ਨਦੀ ਕਿਨਾਰੇ ਮਿਲਣ ਤੋਂ ਪਿਛੋਂ ਹੋਇਆ।
ਅਸਾਮ ਵਿਚ ਸਿਲਚਰ ਵਿਖੇ 25 ਅਗਸਤ ਨੂੰ ਇਕ ਅਫਵਾਹ ਫੈਲਾ ਦਿੱਤੀ ਗਈ ਕਿ ਇਕ ਮੰਦਰ ਵਿਚ ਕਿਸੇ ਨੇ ਗਉ ਦਾ ਮਾਸ ਰੱਖ ਦਿੱਤਾ ਹੈ, ਜਿਸ ਦੇ ਸਿੱਟੇ ਵਜੋਂ ਦੋ ਫਿਰਕਿਆਂ ਵਿਚ ਝੜਪ ਹੋਈ। ਇਸ ਦੌਰਾਨ 30 ਵਿਅਕਤੀ ਬੁਰੀ ਤਰ੍ਹਾਂ ਫੱਟੜ ਹੋ ਗਏ।
ਇਹ ਸਭ ਕੁੱਝ ਪਾਰਲੀਮੈਂਟ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖ ਕੇ, ਇਕ ਸੋਚੀ ਸਮਝੀ ਚਾਲ ਅਧੀਨ ਹੀ ਕਰਵਾਇਆ ਜਾ ਰਿਹਾ ਹੈ। ਜਦੋਂ ਤੱਕ ਚੋਣਾਂ ਆਉਣੀਆਂ ਹਨ, ਉਦੋਂ ਤੱਕ ਪਤਾ ਨਹੀਂ ਇਹਨਾਂ ਆਦਮ-ਖਾਣੀਆਂ ਤੇ ਅੱਤ ਕਾਲੀਆਂ ਫਿਰਕੂ ਤਾਕਤਾਂ ਨੇ ਹੋਰ ਕਿੰਨਾ ਲਹੂ ਇਸ ਧਰਤੀ 'ਤੇ ਵਹਾਉਣ ਦੇ ਕਾਰੇ ਕਰਨੇ ਹਨ।
ਧਰਮ ਨੂੰ ਕੁਕਰਮ ਵਜੋਂ ਵਰਤਣ ਦੀ ਸਾਜ਼ਸ਼
ਲੋਕ ਵਿਰੋਧੀ ਸ਼ਕਤੀਆਂ ਧਰਮਾਂ ਨੂੰ ਆਪਣੇ ਜਮਾਤੀ ਤੇ ਨਿੱਜੀ ਹਿੱਤਾਂ ਲਈ ਵਰਤਣ ਦਾ ਕੁਕਰਮ ਕਰਨ ਤੋਂ ਕਦੇ ਵੀ ਨਹੀਂ ਹਿਚਕਚਾਂਦੀਆਂ। 1947 'ਚ ਦੇਸ਼ ਦੀ ਵੰਡ ਦੌਰਾਨ ਜਿਹੜੀ ਹਿੰਸਾ ਦੋਹਾਂ ਧਰਮਾਂ ਦੇ ਫਿਰਕਾਪ੍ਰਸਤਾਂ ਨੇ ਧਰਮ ਦੇ ਨਾਂਅ ਹੇਠ ਭੜਕਾਈ, ਉਹ ਪੰਜਾਬੀ ਕੌਮੀਅਤ ਦੇ ਮੱਥੇ 'ਤੇ ਇਕ ਐਸਾ ਕਲੰਕ ਹੈ ਜੋ ਕਦੇ ਵੀ ਨਹੀਂ ਲੱਥਣ ਵਾਲਾ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਨੇ ਆਪਣੀ ਸ਼ਾਹਕਾਰ ਰਚਨਾ 'ਲੂਣਾ' ਵਿਚ ਧਰਮ ਨੂੰ ਇਸ ਮਾਨਵ ਵਿਰੋਧੀ ਕਾਰਜ ਵਜੋਂ ਵਰਤਣ ਵਾਲਿਆਂ ਨੂੰ ਲੰਮੇ ਹੱਥੀਂ ਲੈਂਦੇ ਹੋਏ ਬਹੁਤ ਹੀ ਜ਼ੋਰਦਾਰ ਢੰਗ ਨਾਲ ਕਿਹਾ ਹੈ :
ਧਰਮ,
ਜੋ ਸਾਨੂੰ ਇਹ ਕਹਿੰਦੇ ਨੇ :
ਮੰਦਰ ਦੇ ਵਿਚ ਸੰਖ ਵਜਾਵੋ
ਵਟਿੱਆਂ ਦੇ ਵਿਚ ਸ਼ਰਧਾ ਰੱਖੋ
ਪੱਥਰਾਂ ਅੱਗੇ ਧੂਫ ਧੁਖਾਵੋ
ਪਰ ਜੇ ਮਾਨਵ ਮਰਦਾ ਹੋਵੇ
ਮਰਦੇ ਮੂੰਹ ਵਿਚ ਬੂੰਦ ਨਾ ਪਾਵੋ
ਇਕ ਦੂਜੇ ਦੇ ਲਹੂਆਂ ਦੇ ਵਿਚ
ਆਪਣੇ ਆਪਣੇ ਹੱਥ ਡੁਬਾਵੋ
ਆਉਂਦੇ ਮਾਨਵ ਜੋਗਾ ਰਲ ਕੇ
ਖੇਤੀਂ ਰੱਜ ਕੇ ਕੋਹਝ ਉਗਾਵੋ
ਤਵਾਰੀਖ ਦੀ ਛਾਤੀ ਉਤੇ
ਰੰਗਾਂ ਵਾਲੇ ਨਾਗ ਲੜਾਵੋ
ਸਮਿਆਂ ਦੇ ਸਮਸ਼ਾਨ ਘਾਟ 'ਤੇ
ਆਪਣੀ ਆਪਣੀ ਮੜ੍ਹੀ ਬਣਾਵੋ
ਕਿਹੜਾ ਧਰਮ ਤੇ ਕਿਹੜਾ ਰੰਗ ਹੈ
ਸੰਗਮਰਮਰ ਦੇ ਖ਼ੁਤਵੇ ਲਾਵੋ।
ਧਰਮ ਨੂੰ ਇਹਨਾਂ ਮਾਨਵ ਵਿਰੋਧੀ ਕਾਰਿਆਂ ਲਈ ਵਰਤਣ ਵਾਲੀਆਂ ਸ਼ਕਤੀਆਂ ਨੂੰ ਉਹ ਧਰਮ ਦੇ ਬਣਦੇ ਰੋਲ ਬਾਰੇ ਵੀ ਯਾਦ ਕਰਵਾਉਂਦਾ ਹੋਇਆ ਲਿਖਦਾ ਹੈ :
ਧਰਮ ਤਾਂ ਮੇਰੇ ਮਿੱਤਰ ਉਹ ਹੈ
ਜੋ ਨਾ ਲਹੂ ਦਾ ਰੰਗ ਪਛਾਣੇ
ਜੋ ਸਭਨਾਂ ਨੂੰ ਇਕ ਕਰ ਜਾਣੇ
ਮਾਨਵ ਦੀ ਪੀੜਾ ਨੂੰ ਸਮਝੇ
ਮਾਨਵ ਦੀ ਪੀੜਾ ਨੂੰ ਜਾਣੇ।
ਪਰ ਸੱਤਾ ਤੇ ਕਾਬਜ਼ ਹੋਣ ਲਈ ਹਰ ਹੀਲੇ ਤੇ ਹਰ ਤਰ੍ਹਾਂ ਦਾ ਲੋਕ ਵਿਰੋਧੀ ਕੰਮ ਕਰਨ 'ਤੇ ਉਤਾਰੂ ਕਾਲੀਆਂ ਤਾਕਤਾਂ ਨੂੰ ਸ਼ਿਵ ਦੀ ਇਹ ਸਲਾਹ ਕੱਤਈ ਮਨਜੂਰ ਨਹੀਂ ਹੋਵੇਗੀ।
ਖੱਬੇ ਪੱਖੀਆਂ ਤੇ ਜਮਹੂਰੀ ਸ਼ਕਤੀਆਂ ਦਾ ਰੋਲ
ਫਿਰਕੂ ਤਾਕਤਾਂ ਵਲੋਂ ਦੇਸ਼ ਅੰਦਰ ਫੈਲਾਈ ਜਾ ਰਹੀ ਇਸ ਫਿਰਕੂ ਤੇ ਜ਼ਹਿਰੀਲੀ ਗੈਸ ਦੇ ਮੱਦੇਨਜ਼ਰ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦਾ ਇਹ ਰੋਲ ਬਣਦਾ ਹੈ ਕਿ ਉਹ ਆਰਥਕ ਸੰਘਰਸ਼ਾਂ ਤੇ ਰਾਜਨੀਤਕ ਸੰਘਰਸ਼ਾਂ ਦੇ ਨਾਲ ਨਾਲ ਵਿਚਾਰਧਾਰਕ ਸੰਘਰਸ਼ ਦੇ ਹਥਿਆਰ ਨੂੰ ਵੀ ਪੂਰੀ ਸ਼ਕਤੀ ਤੇ ਪਰਬੀਨਤਾ ਨਾਲ ਵਰਤਣ। ਇਸ ਸਮੇਂ ਵਿਚਾਰਧਾਰਕ ਸੰਘਰਸ਼ ਕਈ ਥਾਵਾਂ 'ਤੇ ਸਭ ਤੋਂ ਪਹਿਲੀ ਲੋੜ ਬਣ ਗਿਆ ਹੈ। ਇਸ ਦੀ ਸਹਾਇਤਾ ਨਾਲ ਫਿਰਕੂ ਤਾਕਤਾਂ ਨੂੰ ਬੇਨਕਾਬ ਕਰਕੇ, ਇਹਨਾਂ ਨੂੰ ਨਿਖੇੜਿਆ ਜਾਣਾ ਜ਼ਰੂਰੀ ਹੈ ਤਾਂ ਜੋ ਉਹਨਾਂ ਦੀਆਂ ਕਰਤੂਤਾਂ ਨੂੰ ਦੇਸ਼ ਦੇ ਜਨਸਮੂਹਾਂ ਸਾਹਮਣੇ ਸਾਖਸ਼ਾਤ ਰੂਪ ਵਿਚ ਪੇਸ਼ ਕਰਕੇ ਉਹਨਾਂ ਦੇ ਗੰਦੇ ਮਨਸੂਬਿਆਂ ਨੂੰ ਰੋਕਿਆ ਜਾ ਸਕੇ। ਅੱਜ ਇਹ ਇਕ ਇਤਹਾਸਕ ਕਾਰਜ ਹੈ ਅਤੇ ਚੇਤਨ ਜਨਸਮੂਹਾਂ ਦੀ ਇਕਜੁਟਤਾ ਰਾਹੀਂ ਹੀ ਇਸਨੂੰ ਨੇਪਰੇ ਚਾੜ੍ਹਿਆ ਜਾ ਸਕਦਾ ਹੈ।
No comments:
Post a Comment